ਪੰਜਾਬੀ ਕਲਾਮ/ਗ਼ਜ਼ਲਾਂ ਰਮਜ਼ਾਨ ਸ਼ਾਕਿਰ
1. ਹੁਸਨ ਤੇਰੇ ਦਾ ਬੁੱਲਾ ਏ ਸ਼ਾਹ ਜ਼ੋਰ ਜਿਹਾ
ਹੁਸਨ ਤੇਰੇ ਦਾ ਬੁੱਲਾ ਏ ਸ਼ਾਹ ਜ਼ੋਰ ਜਿਹਾ ।
ਬਚ ਨਈਂ ਸਕਦਾ ਦਿਲ ਹੁਣ ਕੱਚੀ ਡੋਰ ਜਿਹਾ ।
ਤੇਰਾ ਨਾਂ ਲੈ ਲੈ ਕੇ 'ਵਾਜ਼ਾਂ ਦਿੱਤੀਆਂ ਨੇ,
ਹਵਾ ਭੁਲੇਖਾ ਪਾ ਗਈ ਤੇਰੀ ਟੋਰ ਜਿਹਾ ।
ਮਿਲਦੇ ਆਂ ਪਰ ਅੱਖੀਆਂ ਮੇਲ ਨਾ ਸਕਦੇ ਆਂ,
"ਖ਼ਬਰੇ ਕੀ ਏ ਵਿੱਚ ਦਿਲਾਂ ਦੇ ਚੋਰ ਜਿਹਾ ।"
ਪੈਰਾਂ ਹੇਠ ਲਿਤਾੜੇ ਸੁੱਤਿਆਂ ਹੋਇਆਂ ਨੂੰ,
ਇਹ ਵੇਲੇ ਦਾ ਘੋੜਾ ਏ ਮੂੰਹ ਜ਼ੋਰ ਜਿਹਾ ।
ਰੌਲਾ ਵੀ ਸੁਨਸਾਨ ਜਿਹਾ ਹੁਣ ਲਗਦਾ ਏ,
ਚੁਪ ਦੇ ਅੰਦਰ ਲੁਕਿਆ ਜਾਪੇ ਸ਼ੋਰ ਜਿਹਾ ।
ਤੇਰੇ ਨਾਲ ਇਹ ਦਿਲ ਦਾ ਸ਼ਹਿਰ ਵੀ ਵਸਦਾ ਸੀ,
ਹੁਣ ਤੇ ਜਾਪੇ ਢੱਠੀ ਹੋਈ ਗੋਰ ਜਿਹਾ ।
ਇੰਜ ਲਗਦਾ ਏ ਵਸਲ ਮੁਕੱਦਰ ਸਾਡਾ ਨਈਂ,
ਤੇਰਾ ਮੇਰਾ ਪਿਆਰ ਏ ਚੰਨ ਚਕੋਰ ਜਿਹਾ ।
ਰੋ ਕੇ ਰਾਤ ਲੰਘਾਈ ਖਬਰੇ 'ਸ਼ਾਕਿਰ' ਨੇ,
ਅੱਖੀਆਂ ਦਾ ਹੁਲੀਆ ਜਾਪੇ ਕੁਝ ਹੋਰ ਜਿਹਾ ।
2. ਸਾਂਭ ਕੇ ਰੱਖੀਂ ਅੱਖੀਂਆਂ ਦੇ ਵਿਚ ਨੀਰ ਅਜੇ
ਸਾਂਭ ਕੇ ਰੱਖੀਂ ਅੱਖੀਂਆਂ ਦੇ ਵਿਚ ਨੀਰ ਅਜੇ ।
ਦਿਲ ਨੂੰ ਧੋਖੇ ਦੇਂਦੀ ਏ ਤਕਦੀਰ ਅਜੇ ।
ਆਜ਼ਾਦੀ ਦਾ ਸੂਰਜ ਜਸ਼ਨ ਮਨਾਉਂਦਾ ਏ,
ਜਿੰਦੜੀ ਦਰਦ ਗ਼ਮਾਂ ਦੇ ਵਿੱਚ ਅਸੀਰ ਅਜੇ ।
ਹਥਕੜੀਆਂ ਦੇ ਸਾਜ਼ 'ਤੇ ਨਚਣਾ ਪੈਣਾਂ ਏਂ,
ਪੈਰਾਂ ਦੇ ਵਿਚ ਪੈਣੀਂ ਏਂ ਜ਼ੰਜ਼ੀਰ ਅਜੇ ।
ਹਰ ਵੇਲੇ ਕਿਉਂ ਅੱਖ ਫੜਕਦੀ ਰਹਿੰਦੀ ਏ,
ਇੰਜ ਲਗਦੈ ਤੂੰ ! ਬਖ਼ਸ਼ੀ ਨਈਂ ਤਕਸੀਰ ਅਜੇ ।
ਵਖ ਹੋ ਕੇ ਵੀ ਮੈਥੋਂ ਵਖਰਾ ਹੋਇਆ ਨਈਂ,
ਅੱਖੀਆਂ ਦੇ ਵਿਚ ਰਹਿੰਦੀ ਏ ਤਸਵੀਰ ਅਜੇ ।
ਮੇਰੇ ਫ਼ਨ ਦੀ ਨੀਂਹ ਏ ਤੇਰਿਆਂ ਅਖਰਾਂ 'ਤੇ,
ਸਾਂਭ ਕੇ ਰੱਖੀ ਏ ਤੇਰੀ ਤਹਿਰੀਰ ਅਜੇ ।
'ਸ਼ਾਕਿਰ' ਐਵੇਂ ਪਿਆਰ ਦੀ ਬਾਜ਼ੀ ਲਾਵੀਂ ਨਾ,
ਪਿਆਰ ਦੀ ਨਈਂ ਕੋਈ ਹੱਥਾਂ ਵਿੱਚ ਲਕੀਰ ਅਜੇ ।
|