Shiv Kumar Batalvi
ਸ਼ਿਵ ਕੁਮਾਰ ਬਟਾਲਵੀ

Punjabi Writer
  

Raat Gai Kar Tara Tara Shiv Kumar Batalvi

ਰਾਤ ਗਈ ਕਰ ਤਾਰਾ ਤਾਰਾ ਸ਼ਿਵ ਕੁਮਾਰ ਬਟਾਲਵੀ

ਰਾਤ ਗਈ ਕਰ ਤਾਰਾ ਤਾਰਾ

ਰਾਤ ਗਈ ਕਰ ਤਾਰਾ ਤਾਰਾ
ਹੋਇਆ ਦਿਲ ਦਾ ਦਰਦ ਅਧਾਰਾ

ਰਾਤੀਂ ਈਕਣ ਸੜਿਆ ਸੀਨਾ
ਅੰਬਰ ਟੱਪ ਗਿਆ ਚੰਗਿਆੜਾ

ਅੱਖਾਂ ਹੋਈਆਂ ਹੰਝੂ ਹੰਝੂ
ਦਿਲ ਦਾ ਸ਼ੀਸਾ ਪਾਰਾ ਪਾਰਾ

ਹੁਣ ਤਾਂ ਮੇਰੇ ਦੋ ਹੀ ਸਾਥੀ
ਇਕ ਹੌਕਾ ਇਕ ਹੰਝੂ ਖਾਰਾ

ਮੈਂ ਬੁਝੇ ਦੀਵੇ ਦਾ ਧੂੰਆਂ
ਕਿੰਝ ਕਰਾਂ ਤੇਰਾ ਰੌਸ਼ਨ ਦੁਆਰਾ

ਮਰਨਾ ਚਾਹਿਆ ਮੌਤ ਨਾ ਆਈ
ਮੌਤ ਵੀ ਮੈਨੂੰ ਦੇ ਗਈ ਲਾਰਾ

ਨਾ ਛੱਡ ਮੇਰੀ ਨਬਜ਼ ਮਸੀਹਾ
ਗ਼ਮ ਦਾ ਮਗਰੋਂ ਕੌਣ ਸਹਾਰਾ