ਪੰਜਾਬੀ ਰੁਬਾਈਆਂ ਗੁਰਭਜਨ ਗਿੱਲ
ਕੁਰਬਾਨੀ ਦੇ ਨਾਲ ਸਿਰੀਂ,
ਦਸਤਾਰ ਹਮੇਸ਼ਾ ਰੱਖ ਹੁੰਦੀ ਹੈ।
ਬੇਅਣਖੇ ਬੰਦੇ ਦੀ ਜ਼ਿੰਦਗੀ,
ਲੱਖ ਹੁੰਦਿਆਂ ਵੀ ਕੱਖ ਹੁੰਦੀ ਹੈ।
ਦਸ ਗੁਰੁਆਂ ਦੀ ਬਾਣੀ ਨਿਸ ਦਿਨ,
ਸਾਨੂੰ ਇਕੋ ਸਬਕ ਪੜ੍ਹਾਵੇ।
ਅਸਲੀ ਨਕਲੀ ਪਰਖਣ ਵਾਲੀ,
ਤੀਜੀ ਵੱਖਰੀ ਅੱਖ ਹੁੰਦੀ ਹੈ।
ਰੋਜ਼ ਦਿਹਾੜੀ ਟੁੱਟਦਾਂ ਸ਼ਾਮੀਂ
ਸੁਬ੍ਹਾ ਮੁਕੰਮਲ ਬਣ ਜਾਂਦਾ ਹਾਂ।
ਵੇਖਦਿਆਂ ਦੁਸ਼ਮਣ ਨੂੰ ਮੁੜ ਅੱਗੇ
ਵਾਂਗ ਪਹਾੜਾਂ ਤਣ ਜਾਂਦਾ ਹਾਂ।
ਮੈਂ ਸੂਰਜ ਦਾ ਜਾਇਆ ਚਾਨਣ
ਹੋਰ ਨਹੀਂ ਸਿਰਨਾਵਾਂ ਮੇਰਾ,
ਧਰਤੀ ਨੂੰ ਜਦ ਮਿਲਣਾ ਹੋਵੇ
ਬਿਰਖਾਂ ਵਿੱਚ ਦੀ ਛਣ ਜਾਂਦਾ ਹਾਂ।
ਮੌਤ ਬਰਾਬਰ ਹੁੰਦੈ ਅਕਸਰ ਆਸ ਉਮੀਦ ਦਾ ਪੱਲਾ ਛੱਡਣਾ।
ਕਾਲ਼ੀ ਰਾਤ ਨੇ ਬੁੱਕਲ ਵਿੱਚੋਂ ਖੇਡ ਖਿਡਾਵਾ ਸੂਰਜ ਕੱਢਣਾ।
ਵਕਤ ਦੇ ਅੱਥਰੇ ਘੋੜੇ ਉੱਪਰ ਮਾਰ ਪਲਾਕੀ ਚੜ੍ਹ ਚੱਲੇ ਹੋ,
ਸਾਵਧਾਨ ! ਰਹਿਣਾ ਹੋ ਬਹਿਣਾ, ਇਸ ਦੀ ਵਾਗ ਨਾ ਢਿੱਲੀ ਛੱਡਣਾ।
ਕੋਈ ਕਿਸੇ ਤੋਂ ਘੱਟ ਨਹੀਂ ਏਥੇ, ਸਾਰੇ ਹੀ ਸੁਲਤਾਨ ਬਣੇ ਨੇ।
ਇੱਕ ਦੂਜੇ ਦੇ ਅੱਖੀਂ ਘੱਟਾ ਧਰਮ ਤੇ ਦੀਨ ਈਮਾਨ ਬਣੇ ਨੇ।
ਸੱਚ ਪੁੱਛੋ ਤਾਂ ਮੈਂ ਵੀ ਏਸੇ ਦੌੜ ਚ ਸ਼ਾਮਲ ਹੋ ਜਾਣਾ ਸੀ,
ਬੋਲ ਤੇਰੇ ਸ਼ੀਸ਼ਾ ਬਣ ਲਿਸ਼ਕੇ, ਮੇਰੇ ਲਈ ਵਰਦਾਨ ਬਣੇ ਨੇ।
ਖ਼ੁਦ ਨੂੰ ਜਦੋਂ ਸਮੁੰਦਰ ਸਮਝੇ ਤੁਪਕੇ ਦਾ ਇਹ ਭਰਮ ਜਾਲ ਹੈ।
ਤੂੰ ਮੈਂ ਸਾਰਾ ਜਗਤ ਪਸਾਰਾ ਕਰਦਾ ਇੱਕ ਥਾਂ ਕਦਮ ਤਾਲ ਹੈ।
ਜ਼ਿੰਦਗੀ ਇੱਕੋ ਥਾਂ ਤੇ ਠਹਿਰੀਂ ਰੁਕੀ ਰੁਕੀ ਮਹਿਸੂਸ ਕਰਾਂ ਮੈਂ,
ਮਨ ਦੇ ਗੰਧਲੇ ਨੀਰ ਖਲੋਤੇ, ਪਸਰਿਆ ਤਾਂਹੀਓ ਜਿਲਭ ਜਾਲ ਹੈ।
ਖਿੜਨਾ ਚਾਹਾਂ ਸਿਖ਼ਰ ਦੁਪਹਿਰੇ ਇੱਕ ਮੁਸਕਾਨ ਪਿਆਰੀ ਦੇ ਦੇ।
ਕੁਝ ਪਲ ਮੇਰੇ ਸਾਹੀਂ ਰਮ ਜਾ, ਰੰਗਾਂ ਭਰੀ ਪਟਾਰੀ ਦੇ ਦੇ,
ਇਹ ਇਕਰਾਰ ਤੇਰਾ ਤੇ ਮੇਰਾ, ਕਣ ਕਣ ਮਹਿਕਾਂ ਵੰਡ ਦਿਆਂਗਾ,
ਕੁੱਲ ਧਰਤੀ ਤੇ ਫ਼ੈਲਣ ਦੇ ਲਈ ਪੌਣਾਂ ਦੀ ਅਸਵਾਰੀ ਦੇ ਦੇ।
ਧਰਮੀ ਬਾਬਲ ਦੇ ਗਲ਼ ਫਾਹੀਆਂ, ਇੱਲਾਂ ਵੇਖ ਮਕਾਣੇ ਆਈਆਂ।
ਅੰਬਰ ਧਰਤੀ ਅੱਥਰੂ ਅੱਥਰੂ, ਜ਼ਿੰਦਗੀ ਦੇ ਗਈ ਚੋਰ ਭੁਲਾਈਆਂ।
ਉਲਝ ਗਿਆ ਤਾਣਾ ਤੇ ਪੇਟਾ, ਸਭ ਤੰਦਾਂ ਵਿੱਚ ਗੁੰਝਲ ਪੈ ਗਈ,
ਅੰਨਦਾਤੇ ਨੂੰ ਚੂੰਡਣ ਵਾਲੇ ਵਿਹਲੇ ਬਹਿ ਕੇ ਕਰਨ ਕਮਾਈਆਂ।
|