Uttam Singh Tej
ਉੱਤਮ ਸਿੰਘ ਤੇਜ

Punjabi Writer
  

Punjabi Poetry Uttam Singh Tej

ਪੰਜਾਬੀ ਰਾਈਟਰ ਉੱਤਮ ਸਿੰਘ ਤੇਜ

1. ਵਾਰ ਬਾਬਾ ਦੀਪ ਸਿੰਘ ਜੀ

ਜਦ ਸੁਣਿਆ ਬਾਬੇ ਦੀਪ ਸਿੰਘ ਦੁਸ਼ਮਣ ਦਾ ਕਾਰਾ
ਉਹਨੇ ਗਲ ਦੇ ਬੀੜੇ ਖੋਲਕੇ ਛੱਡਿਆ ਜੈਕਾਰਾ
ਉਹਨੇ ਹੱਥਾਂ ਉਤੇ ਤੋਲਿਆ ਖੰੜਾ ਦੋਧਾਰਾ
ਉਹ ਕਹਿੰਦਾ ਸਿੰਘੋ ਕਰ ਲੌ, ਛੇਤੀ ਕੋਈ ਚਾਰਾ
ਤੁਸੀਂ ਪਹੁੰਚੋ ਅੰਮ੍ਰਿਤਸਰ ਵਿਚ ਦਲ ਲੈ ਕੇ ਸਾਰਾ
ਮੈਂ ਸੁਣੀ ਬੇਅਦਬੀ ਤਾਲ ਦੀ ਦਿਲ ਫਿਰ ਗਿਆ ਆਰਾ
ਜੇ ਸਾਡੇ ਹੁੰਦੇ ਮਿਟ ਗਿਆ ਕੋਈ ਗੁਰਦਵਾਰਾ
ਫਿਰ ਸਾਨੂੰ ਨਾ ਕੋਈ ਦਏਗਾ ਜਗ ਵਿਚ ਸਹਾਰਾ

ਹੁਣ ਚੁਕੋ ਤੇਗਾਂ ਰਲਕੇ ਤੇ ਚਾਲੇ ਪਾਉ
ਸਭ ਕਠੇ ਕਰੋ ਇਰਾਕੀਏ ਜ਼ੀਨਾਂ ਕਸਵਾਉ
ਹੱਥ ਪਕੜੋ ਬਰਛੇ ਲਿਸ਼ਕਦੇ ਗੁਰਬਾਣੀ ਗਾਉ
ਤੁਸੀਂ ਲੰਘੋ ਪਤਣ ਹੱਸ ਕੇ ਧੂੜਾਂ ਉਡਵਾਉ
ਤੁਸੀਂ ਅੱਖੋਂ ਲਾਟਾਂ ਸੁਟਕੇ ਅੱਗਾਂ ਭੜਕਾਉ
ਤੁਸੀਂ ਨਾਮ ਗੁਰੂ ਦਾ ਲੈ ਕੇ ਹੁਣ ਵਧਦੇ ਜਾਉ
ਤੁਸੀਂ ਫੜ ਲੌ ਖਾਨ ਜਹਾਨ ਨੂੰ ਤੇਗੀਂ ਝਟਕਾਉ
ਤੁਸੀਂ ਚਬੋ ਖਾਨ ਕੰਧਾਰ ਦੇ ਫੜ ਫਕੇ ਲਾਉ

ਉਹ ਤੁਰ ਪਏ ਰਲ ਤਲਵੰਡੀਉਂ ਧੌਂਸੇ ਖੜਕਾਉਂਦੇ
ਉਹਨਾਂ ਹੇਠਾਂ ਘੋੜੇ ਅਥਰੇ ਧਰਤੀ ਧਮਕਾਉਂਦੇ
ਉਹ ਮੌਤ ਵਿਆਵਨ ਚਲ ਪਏ ਅਕਾਲ ਧਿਆਉਂਦੇ
ਉਹ ਜਾਪਨ ਬਦਲ ਸਾਉਣ ਦੇ ਜਿਉਂ ਚੜ੍ਹਕੇ ਆਉਂਦੇ
ਉਹ ਵਾ ਵਰੋਲੇ ਬਣ ਗਏ ਪਏ ਧੂੜ ਉਡਾਉਂਦੇ
ਉਹ ਸੂਰੇ ਸਿਰਲਥ ਸੂਰਮੇ ਪਏ ਜੋਸ਼ ਜਗਾਉਂਦੇ
ਉਹ ਅਠੇ ਪਹਿਰੀ ਰਾਤ ਦਿਨ ਰਹੇ ਚਾਲੇ ਪਾਉਂਦੇ
ਉਹ ਗੋੜਵਾਲ ਵਿਚ ਪਹੁੰਚ ਕੇ ਸਤਿਗੁਰੂ ਧਿਆਉਂਦੇ

ਉਥੇ ਹੋਈਆਂ ਆਮੋ ਸਾਹਮਣੇ ਖੰਡੇ ਤਲਵਾਰਾਂ
ਉਥੇ ਦੀਪ ਸਿੰਘ ਨੇ ਕਢੀਆਂ ਰੜਕਾਂ ਤੇ ਖਾਰਾਂ
ਉਹ ਕਹਿੰਦਾ ਖਾਨ ਜਹਾਨ ਨੂੰ ਰਣ ਵਿਚ ਵੰਗਾਰਾਂ
ਉਥੇ ਜੌਹਰ ਵਖਾਏ ਆਪਣੇ ਦੋਵਾਂ ਸਰਦਾਰਾਂ
ਉਥੇ ਖੰਡਾ ਫੜਕੇ ਮਾਰੀਆਂ ਦੁਸ਼ਮਣ ਨੂੰ ਮਾਰਾਂ
ਉਥੇ ਹੱਥ ਵਖਾਏ ਆਪਣੇ ਦੋ ਸਿਪਾ ਸਲਾਰਾਂ
ਉਥੇ ਦੋਵੇਂ ਮਾਰੇ ਸੂਰਮੇ ਤਿਖਿਆਂ ਹਥਿਆਰਾਂ
ਤਦ ਦੀਪ ਸਿੰਘ ਨੂੰ ਆਖਿਆ ਰਲ ਜਥੇਦਾਰਾਂ

ਤੂੰ ਤੁਰਿਉਂ ਕਰ ਅਰਦਾਸ ਨੂੰ ਹਰਿਮੰਦਰ ਜਾਣਾ
ਮੈਂ ਕੁਨਕਾ ਨਹੀਂ ਇਸ ਸੀਸ ਦਾ ਪਰਸ਼ਾਦ ਚੜਾਣਾ
ਅਜ ਏਥੇ ਲੰਮਾਂ ਪੈ ਗਿਉਂ ਰੱਖ ਬਾਂਹ ਸਰਾਣਾ
ਜੇ ਬਾਬਾ ਤੂੰ ਨਹੀਂ ਆਪਣਾ ਅਜ ਬੋਲ ਪੁਗਾਣਾ
ਤਦ ਦਸ ਤੂੰ ਅਜ ਤੋਂ ਕਿਸੇ ਨੇ ਕੀ ਸਿੰਘ ਅਖਾਣਾ
ਸੁਣ ਉਠਿਆ ਬਾਬਾ ਦੀਪ ਸਿੰਘ ਦੁਸ਼ਮਣ ਨੂੰ ਖਾਹਣਾ
ਉਹ ਕਹਿੰਦਾ ਸਿੰਘ ਨੇ ਆਪਣਾ ਅਜ ਬੋਲ ਪੁਗਾਣਾ
ਮੈਂ ਕਲਗੀਧਰ ਦੀ ਪੌਹਲ ਦਾ ਅਜ ਜੌਹਰ ਵਖਾਣਾ

ਉਹ ਉਠਿਆ ਗੁਸਾ ਖਾ ਕੇ ਸੂਰਾ ਅਨਖੀਲਾ
ਉਹ ਤਲੀ ਟਿਕਾਵੇ ਸੀਸ ਨੂੰ ਯੋਧਾ ਫੁਰਤੀਲਾ
ਉਹ ਮੌਤ ਵਿਆਵਣ ਤੁਰ ਪਿਆ ਬਣ ਮਰਦ ਹਠੀਲਾ
ਉਹ ਕਹਿੰਦਾ ਪੀਤਾ ਅੰਮ੍ਰਿਤ ਮੈਂ ਜਾਮ ਨਸ਼ੀਲਾ
ਉਹਦੇ ਸੱਜੇ ਹੱਥ ਵਿਚ ਲਿਸ਼ਕਦਾ ਖੰਡਾ ਚਮਕੀਲਾ
ਉਹ ਵਧਦਾ ਜਾਏ ਅਗ੍ਹਾਂ ਨੂੰ ਕਰ ਕਰਕੇ ਹੀਲਾ
ਉਹ ਅੰਗ ਅੰਗ ਚਿਨਗਾਂ ਤਿੜਕੀਆਂ ਉਹ ਖੂਨ ਜੁਸ਼ੀਲਾ
ਉਹਨੂੰ ਤਕ ਕੇ ਦੁਸ਼ਮਨ ਹੋ ਗਿਆ ਸਾਵਾ ਤੇ ਪੀਲਾ

ਉਹ ਪਹੁੰਚਿਆ ਵਿਚ ਦਰਬਾਰ ਦੇ ਸਤਿਗਰੂ ਧਿਆਉਂਦਾ
ਉਹ ਪਹਿਲੋਂ ਧੂੜੀ ਚੁਕ ਕੇ ਮਸਤਕ ਤੇ ਲਾਉਂਦਾ
ਉਹ ਦੋਵੇਂ ਹੀ ਹੱਥ ਜੋੜਦਾ ਭੁਲਾਂ ਬਖਸ਼ਾਉਂਦਾ
ਉਹ ਲਾਹ ਕੇ ਸੀਸ ਹਥੇਲੀਉਂ ਪ੍ਰਸ਼ਾਦਿ ਚੜ੍ਹਾਉਂਦਾ
ਉਹ ਹੀਰਾ ਸਿੱਖੀ ਕੌਮ ਦਾ ਜਿੰਦ ਲੇਖੇ ਲਾਉਂਦਾ
ਉਸ ਕੀਤੀ ਜੋ ਅਰਦਾਸ ਸੀ ਅਜ ਪਾਲ ਵਖਾਉਂਦਾ
ਉਹ ਤੇਜ ਵਖਾ ਕੇ ਆਪਣਾ ਗੁਰਪੁਰੀ ਸਧਾਉਂਦਾ।

2. ਜਥੇਦਾਰ

ਡੌਲੇ ਫਰਕ ਉਠਣ ਜੰਗੀ ਬਿਗਲ ਸੁਣ ਕੇ,
ਛਾਤੀ ਜਿਹਦੀ ਫੁਲਾਦ ਦੀ ਬਣੀ ਹੋਵੇ।
ਜਿਸ ਦੇ ਬੋਲ ’ਚੋਂ ਦੀਨਾਂ ਦੀ ਆਹ ਨਿਕਲੇ,
ਤਨੋਂ ਮਨੋਂ ਗਰੀਬਾਂ ਦਾ ਤਣੀ ਹੋਵੇ।
ਜਿਹਨੂੰ ਵੇਖ ਕੇ ਮੌਤ ਨੂੰ ਛਿੜੇ ਕਾਂਬਾ,
ਅਣਖੀ ਸੂਰਮਾ ਤੇਗ ਦਾ ਧਣੀ ਹੋਵੇ।
ਕਰੇ ਸਿਰ ਸਿਰ ਵਾਰਨੇ ਕੌਮ ਉਤੋਂ,
ਜਿਸ ਦੇ ਵਿਚ ਕੋਈ ਕੁਦਰਤੀ ਕਣੀ ਹੋਵੇ।

ਸਾਡੇ ਅੱਥਰੂ ਵੇਖ ਕੇ ਤੜਫ਼ ਉੱਠੇ,
ਹੋਵੇ ਜਿਸ ਨੂੰ ਦਿਲੋਂ ਪਿਆਰ ਸਾਡਾ।
ਜਿਹੜਾ ਪੰਥ ਦੀ ਸ਼ਮ੍ਹਾਂ ਤੋਂ ਜਾਨ ਵਾਰੇ,
ਇਹੋ ਜਿਹਾ ਹੋਵੇ ‘ਜਥੇਦਾਰ’ ਸਾਡਾ।

3. ਇਤਫ਼ਾਕ

ਜਿਹੜਾ ਕੰਨ ਪੜਵਾਉਣ ਤੋਂ ਸ਼ਰਮ ਖਾਵੇ,
ਉਹ ਫਿਰ ਹੀਰ ਸਲੇਟੀ ਦਾ ਚਾਕ ਹੀ ਨਹੀਂ।
ਲੀਡਰ ਕੌਮ ਦਾ ਕਦੇ ਨਹੀਂ ਬਣ ਸਕਦਾ,
ਜਿਸਦਾ ਆਪਣਾ ਉੱਚਾ ਇਖਲਾਕ ਹੀ ਨਹੀਂ।
ਜਿਹੜਾ ਦਰਦ ਵੰਡਾਵੇ ਨਾ ਦੁੱਖ ਵੇਲੇ,
ਸੱਜਣ ਨਹੀਂ, ਉਹ ਵੀਰ ਨਹੀਂ, ਸਾਕ ਹੀ ਨਹੀਂ।
ਉਸ ਕੌਮ ਦਾ ‘ਤੇਜ’ ਫਿਰ ਰੱਬ ਰਾਖਾ,
ਜਿਹੜੀ ਕੌਮ ਦੇ ਵਿਚ ਇਤਫ਼ਾਕ ਹੀ ਨਹੀਂ।

4. ਦੁਨੀਆਂ ਵਸਦੀ, ਉਜੜਦੀ ਜਾਪਦੀ ਏ

ਦੁਨੀਆਂ ਵਸਦੀ, ਉਜੜਦੀ ਜਾਪਦੀ ਏ,
ਕਿਰ ਰਹੇ ਹੰਝੂਆਂ ਵਾਂਗ ਖਿਆਲ ਮੇਰੇ।
ਜੀਵਨ ਰੁੜ੍ਹ ਰਿਹਾ ਗ਼ਮਾਂ ਦੇ ਸ਼ਹੁ ਅੰਦਰ,
ਠੰਢੇ ਹੋ ਰਹੇ ਦਿਲੀ ਉਬਾਲ ਮੇਰੇ।
ਓਹਲੇ ਰੋ ਰੋ ਡੁਸਕੀਆਂ ਲੈ ਰਹੇ ਨੇ,
ਬਾਕੀ ਰਹਿਣ ਜੋ ਜੀਵਨ ਦੇ ਸਾਲ ਮੇਰੇ।
ਡਾਕੇ ਉਨ੍ਹਾਂ ਇਕਰਾਰਾਂ ਨੂੰ ਪੈ ਰਹੇ ਨੇ,
ਜੋ ਹਰਬੰਸ ਨੇ ਰੱਖੇ ਸੰਭਾਲ ਮੇਰੇ।

ਤੋੜੀ ਓਸ ਜੇ ਤੋੜ ਮੈਂ ਚਾੜ੍ਹਨੀ ਏਂ,
ਕੋਈ ਨਹੀਂ ਹੋਰ ਮੇਰੇ ਵੈਣ ਪਾਣ ਵਾਲਾ।
ਮੇਰੀ ਅਰਥੀ ਦੇ ਨਾਲ ਫਿਰ ਕੌਣ ਹੋਸੀ,
ਦਿਲੀ ਦਰਦ ਵਿਚ ਰੋਂਦਿਆਂ ਜਾਣ ਵਾਲਾ।

(੨,੩,੪ ਰਚਨਾਵਾਂ ਅਧੂਰੀਆਂ ਹਨ)