ਪੰਜਾਬੀ ਕਲਾਮ/ਗ਼ਜ਼ਲਾਂ ਤਜੱਮੁਲ ਕਲੀਮ
ਹੱਥੀਂ ਯਾਦਾਂ ਦੇ ਸ਼ਹਿਰ ਉਜਾੜ ਦਿੱਤੇ
ਖ਼ਤ ਯਾਰ ਦੇ ਚੁੰਮੇ ਤੇ ਪਾੜ ਦਿੱਤੇ
ਸਾਡੇ ਨਾਲ਼ ਦੇ ਵਿਕ ਗਏ ਮਹਿਲ ਲੈ ਕੇ
ਅਸੀਂ ਕੁੱਲੀ ਦੇ ਕੱਖ ਵੀ ਸਾੜ ਦਿੱਤੇ
ਜਿੰਨੇ ਦੁੱਖ ਸੀ ਦਿਲ ਦੀ ਜੇਲ ਅੰਦਰ
ਤਾਲਾ ਸਬਰ ਦਾ ਲਾਇਆ ਤੇ ਤਾੜ ਦਿੱਤੇ
ਕਿਤੇ ਇੱਟਾਂ ਦਾ ਮੀਂਹ ਤੇ ਇਸ਼ਕ ਝੱਲਾ
ਕਿਤੇ ਇਸ਼ਕ ਨੇ ਕੱਟ ਪਹਾੜ ਦਿੱਤੇ
ਏਸ ਨਸ਼ੇ ਦੀ ਧੁੱਪ ਨੂੰ ਕਹਿਰ ਆਖੋ,
ਜਿਨ੍ਹੇਂ ਫੁੱਲਾਂ ਦੇ ਰੰਗ ਵਗਾੜ ਦਿੱਤੇ
ਜੁੱਤੀ ਬਾਲਾਂ ਦੀ ਲੈਣ ਲਈ ਮਾਲ ਵੀ ਦੇਹ,
ਰੱਬਾ ! ਜਿਵੇਂ ਇਹ ਜੇਠ ਤੇ ਹਾੜ ਦਿੱਤੇ
ਰੁੱਖਾਂ ਵਾਂਗ ਉਚੇਰੀ ਉੱਗੇ
ਗਾਟਾ ਬੀਜ ਦਲੇਰੀ ਉੱਗੇ
ਮੇਰੀ ਵਾਰ ਦਾ ਪਾਣੀ ਲਾ ਲੈ
ਮੇਰੀ ਨਈਂ ਤੇ ਤੇਰੀ ਉੱਗੇ
ਮੈਨੂੰ ਪੱਥਰ ਮਾਰਨ ਵਾਲੇ
ਤੇਰੇ ਘਰ ਵਿੱਚ ਬੇਰੀ ਉੱਗੇ
ਡਾਢਾ ਡੰਗਰ ਛੱਡ ਦਿੰਦਾ ਏ
ਨਈਂ ਤੇ ਕਣਕ ਬਥੇਰੀ ਉੱਗੇ
ਇੱਕੋ ਸ਼ਰਤ ਤੇ ਮੌਤ ਕਬੂਲੀ
ਧਰਤੀ ਤੇ ਇੱਕ ਢੇਰੀ ਉੱਗੇ
ਸੋਚਾਂ ਦੀ ਵੱਲ ਕਿੱਧਰ ਗਈ
ਸ਼ਿਅਰਾਂ ਦੀ ਡੱਲ ਕਿੱਧਰ ਗਈ
ਡੁੱਬੀ ਬੇੜੀ ਲਭਦਾ ਨਈਂ
ਵੇਖ ਰਿਹਾਂ ਛੱਲ ਕਿੱਧਰ ਗਈ
ਦਾਰੂ ਪੀ ਕੇ ਪੁੱਛਦੇ ਉਹ
ਕਿੱਕਰਾਂ ਦੀ ਖੱਲ ਕਿੱਧਰ ਗਈ
ਰੈਫ਼ਲ ਤੇ ਮਕਤੂਲ ਦੀ ਏ
ਪਾਗਲ ਜਿਹੀ ਚੱਲ ਕਿੱਧਰ ਗਈ
ਸੱਪ ਲੋਕਾਂ ਨੂੰ ਆਖੇ ਸੱਪ
ਕਿਉਂ ਭਈ ਇਹ ਗੱਲ ਕਿੱਧਰ ਗਈ
ਅੱਖ ਖੋਲ੍ਹੀ ਤੇ ਦੁੱਖਾਂ ਦੇ ਜਾਲ ਵੇਖੇ।
ਉੱਤੋਂ ਹੰਢਦੇ ਜਿੰਦੜੀ ਨਾਲ ਵੇਖੇ।
ਤੂੰ ਕੀੜੇ ਦੇ ਰਿਜ਼ਕ ਦੀ ਸੋਚ ਰਿਹੈਂ,
ਅਸੀਂ ਭੁੱਖਾਂ ਤੋਂ ਵਿਕਦੇ ਬਾਲ ਵੇਖੇ।
ਮੈਂ ਨੱਚਿਆ ਜਗ ਦੇ ਸੁੱਖ ਪਾਰੋਂ,
ਸੱਦ ਬੁੱਲ੍ਹੇ ਨੂੰ ਮੇਰੀ ਧਮਾਲ ਵੇਖੇ।
ਇਕ ਇਕ ਦਿਨ ਸੀ ਹਿਜਰ ਦਾ ਸਾਲ ਵਰਗਾ,
ਅਸੀਂ ਦਿਨ ਨਈਂ ਸਾਲਾਂ ਦੇ ਸਾਲ ਵੇਖੇ।
ਖੜੇ ਰੇਸ਼ਮੀ 'ਬੈਨਰਾਂ' ਹੇਠ ਮੁੜਕੇ,
ਗਲੋਂ ਨੰਗੇ ਸੀ ਜਿੰਨੇ ਵੀ ਬਾਲ ਵੇਖੇ।
ਓਥੇ ਖ਼ੂਨ ਦਾ ਵੇਖਿਐ ਰੰਗ ਚਿੱਟਾ,
ਜਿੱਥੇ ਫੁੱਲ ਕਪਾਹਾਂ ਦੇ ਲਾਲ ਵੇਖੇ।
ਇਹਨੂੰ ਝੱਲੇ 'ਕਲੀਮ' ਨੂੰ ਰੋਕ ਕੇ ਤੇ,
ਇਹਨੂੰ ਆਖ ਕਿ ਵੇਲੇ ਦੀ ਚਾਲ ਵੇਖੇ।
ਅੱਗ ਯਾਦਾਂ ਦੀ ਠਾਰ ਕੇ ਰੋਇਆ।
ਦਿਲ ਅਜ ਸੁਫ਼ਨੇ ਹਾਰ ਕੇ ਰੋਇਆ।
ਸੜਦਾ ਬਲਦਾ ਵੇਖਕੇ ਮੈਨੂੰ,
ਬੱਦਲ ਢਾਹੀਂ ਮਾਰ ਕੇ ਰੋਇਆ।
ਮੈਂ ਤੇ ਹਸਕੇ ਘਾਟੇ ਸਹਿ ਲਏ,
ਚਾਰਨ ਵਾਲਾ ਚਾਰ ਕੇ ਰੋਇਆ।
ਮਹਿੰਦੀ ਵਾਲਾ ਹੱਥ ਸੀ ਉਸਦਾ,
ਜਿਹੜਾ ਪੱਥਰ ਮਾਰਕੇ ਰੋਇਆ।
ਡੁੱਬਿਆਂ ਅਣਖ ਤਾਂ ਜੀਉਂਦੀ ਰਹਿੰਦੀ,
ਦਿਲ ਅਜ ਯਾਰ ਵੰਗਾਰ ਕੇ ਰੋਇਆ।
ਪੱਥਰ ਪਾੜ ਨਿਗ੍ਹਾਵਾਂ ਲਭਦਾ ਫਿਰਦਾ ਵਾਂ।
ਅਜ ਕਲ ਆਪ ਬਲਾਵਾਂ ਲਭਦਾ ਫਿਰਦਾ ਵਾਂ।
ਝੱਲਾ ਨਈਂ ਤਾਂ ਕੀ ਆਂ ਕਾਲੀਆਂ ਰਾਤਾਂ ਵਿਚ,
ਮੈਂ ਅਪਣਾ ਪਰਛਾਵਾਂ ਲਭਦਾ ਫਿਰਦਾ ਵਾਂ।
ਮੈਂ ਤੇ ਅੱਗ ਆਂ ਮੈਂ ਵੇਲੇ ਤੋਂ ਕੀ ਡਰਨਾਂ,
ਜਗ ਲਈ ਠੰਢੀਆਂ ਛਾਵਾਂ ਲਭਦਾ ਫਿਰਦਾ ਵਾਂ।
ਜ਼ਖਮਾਂ ਨੂੰ ਮੰਜ਼ੂਮ ਤੇ ਕੀਤੀ ਬੈਠਾ ਆਂ,
ਹੁਣ ਤੇ ਬਸ ਸਰਨਾਮਾਂ ਲਭਦਾ ਫਿਰਦਾ ਵਾਂ।
ਸੱਜਣੋ ਟੱਕਰੇ ਵੈਰ ਤੇ ਬੱਸ
ਸਾਨੂੰ ਦੁੱਖ ਏ ਗ਼ੈਰ ਤੇ ਬੱਸ
ਸ਼ੀਸ਼ੇ ਸਾਹਵੇਂ ਹੋ ਕੇ ਅੱਜ
ਸਿੱਧਾ ਹੋਣਾ ਫ਼ਿਰ ਤੇ ਬੱਸ
ਜਿਥੇ ਸਾਕੀ ਡੋਲ ਗਿਆ
ਸਾਡੀ ਉਸੇ ਪੈਰ ਤੇ ਬੱਸ
ਜੀਵਨ ਕੀ ਏ ਲੈ ਦੇ ਕੇ
ਚਾਰ ਦਿਨਾਂ ਸੈਰ ਤੇ ਬੱਸ
ਵਕਤ 'ਕਲੀਮਾ' ਭੈੜਾ ਏ
ਆਖ਼ਿਰ ਹੋਵੇ ਖ਼ੈਰ ਤੇ ਬੱਸ
ਟਿੱਬਾ ਟੋਇਆ ਇਕ ਬਰਾਬਰ
ਕਰਿਆਂ ਹੋਇਆ ਇਕ ਬਰਾਬਰ
ਕਸਮ ਏ ਸੁਣ ਕੇ ਨੀਂਦਰ ਉੱਡੀ
ਸੁੱਤਾ ਮੋਇਆ ਇਕ ਬਾਬਰ
ਮਾੜੇ ਘਰ ਨੂੰ ਬੂਹਾ ਕਾਹਦਾ
ਖੁੱਲਾ ਢੋਇਆ ਇਕ ਬਰਾਬਰ
ਰਾਤੀਂ ਅੱਖ ਤੇ ਬਦਲ ਵਸੇ
ਚੋਇਆ ਚੋਇਆ ਇਕ ਬਰਾਬਰ
ਯਾਰ ਕਲੀਮਾ ਜੋਗੀ ਅੱਗੇ
ਸੱਪ ਗੰਡੋਇਆ ਇਕ ਬਰਾਬਰ
ਜਿਹਨੂੰ ਮੇਰੀ ਥੋੜ ਏ ਭਾ ਜੀ।
ਉਹਨੂੰ ਮੇਰੀ ਲੋੜ ਏ ਭਾ ਜੀ।
ਬੁਲ੍ਹ ਸੂ ਜਿਸਰਾਂ ਫੁੱਲ ਗੁਲਾਬੀ
ਅੱਖ ਦਾਰੂ ਦਾ ਤੋੜ ਏ ਭਾ ਜੀ।
ਮਿਸਰੇ ਵਿਚ ਉਸ ਵਾਲ਼ ਨੱਚੋੜੇ
ਮਿਸਰਾ ਆਪ ਨਚੋੜ ਏ ਭਾ ਜੀ।
ਸੱਜੀ ਰੋਂਦੀ ਵੇਖ ਕੇ ਰੋ ਪਈ
ਖੱਬੀ ਅੱਖ ਵਿਚ ਰੋੜ ਏ ਭਾ ਜੀ।
ਹੰਝੂਆਂ ਕਿਸ ਲਈ ਅੱਗਾਂ ਲਾਈਆਂ
ਪਾਣੀ ਅੱਗ ਦਾ ਤੋੜ ਏ ਭਾ ਜੀ।
ਕਿਹੜਾ ਹੱਥ ਨਹੀਂ ਜਰਦਾ ਮੈਂ।
ਕਿਹੜੀ ਸਾਹ ਨਹੀਂ ਮਰਦਾ ਮੈਂ।
ਹੱਸਣ ਵਾਲੀ ਗੱਲ ਤੇ ਵੀ
ਹੱਸ ਨਹੀਂ ਸਕਿਆ ਡਰਦਾ ਮੈਂ।
ਕਿਸਮਤ ਲੁੱਟਣ ਆਈ ਸੀ
ਕਰਦਾ ਤੇ ਕੀ ਕਰਦਾ ਮੈਂ।
ਸਾਰੇ ਭਾਂਡੇ ਖ਼ਾਲੀ ਨੇਂ
ਹੌਕਾ ਵੀ ਨਹੀਂ ਭਰਦਾ ਮੈਂ।
ਖ਼ੁਦ ਮਰਿਆ ਵਾਂ ਤੇਰੇ 'ਤੇ
ਤੈਥੋਂ ਨਹੀ ਸਾਂ ਮਰਦਾ ਮੈਂ।
ਦੋ ਧਾਰੀ ਤਲਵਾਰ ਏ ਭਾ ਜੀ।
ਵੇਲਾ ਇੰਜ ਦਾ ਯਾਰ ਏ ਭਾ ਜੀ।
ਸ਼ਰਮਾਂ ਦੀ ਹੁਣ ਕਿਹੜੀ ਦੱਸਾਂ
ਰੋਟੀ ਪਰਦਾ ਦਾਰ ਏ ਭਾ ਜੀ।
ਧੂੜ 'ਤੇ ਤੁਰ ਕੇ ਖਬਰਾਂ ਹੋਈਆਂ
ਸਾਡਾ ਵੀ ਕੋਈ ਬਾਰ ਏ ਬਾ ਜੀ।
ਚੁੱਪ ਨੂੰ ਚੁੱਪ ਈ ਕੋਹ ਸਕਦੀ ਏ
ਇਹ ਐਸਾ ਹਥਿਆਰ ਏ ਭਾ ਜੀ।
ਨਫਰਤ ਦੀ ਸੂਲ਼ੀ ਨਾ ਚਾੜ੍ਹੋ
ਮੇਰਾ ਜੁਰਮ ਪਿਆਰ ਏ ਭਾ ਜੀ।
ਬੱਦਲਾਂ ਵਾਂਗ ਨੇ ਗੱਜਦੇ ਬੰਦੇ।
ਵੱਸਣ ਕਿੱਸਰਾਂ ਅੱਜ ਦੇ ਬੰਦੇ।
ਤੂੰ ਜੇ ਪੱਲੂ ਕੀਤਾ ਹੁੰਦਾ
ਕੰਧਾਂ ਵਿਚ ਨਾ ਵੱਜਦੇ ਬੰਦੇ।
ਰੱਬਾ ਤੈਨੂੰ ਥੋੜ੍ਹ ਏ ਕਿਹੜੀ
ਤੈਥੋਂ ਵੀ ਨਹੀਂ ਰੱਜਦੇ ਬੰਦੇ।
ਕਸਮੇ ਮੰਜ਼ਿਲ ਮਿਲ ਜਾਣੀ ਸੀ
ਇਕ ਪਾਸੇ ਜੇ ਭੱਜਦੇ ਬੰਦੇ।
ਦੋਹਾਂ ਸਦੀਆਂ ਤੀਕਰ ਜੀਣਾ
ਚੱਜਦੇ ਸ਼ਿਅਰ ਤੇ ਚੱਜ ਦੇ ਬੰਦੇ।
ਮਿੱਟੀ ਵਿਚ ਵੀ ਹਿੰਮਤ ਢਾਲੀ ਜਾਂਦੀ ਨਹੀਂ
ਕੁੱਝ ਵੀ ਕਰ ਲਾਂ ਅੱਖ ਦੀ ਲਾਲੀ ਜਾਂਦੀ ਨਈਂ
ਅੱਜ ਕੱਲ੍ਹ ਵੀ ਇਕ ਯਾਦ ਸੰਭਾਲੀ ਫਿਰਨਾ ਵਾਂ
ਅੱਜ ਕੱਲ੍ਹ ਤੇ ਔਲਾਦ ਸੰਭਾਲੀ ਜਾਂਦੀ ਨਈਂ
ਅੱਥਰੂ ਨਹੀਂ ਪਟ੍ਰੌਲ ਜਿਹੇਆ ਏ ਪਲਕਾਂ ਤੇ
ਡਰਦੇ ਮੈਥੋਂ ਤੀਲੀ ਬਾਲੀ ਜਾਂਦੀ ਨਈਂ
ਜੀਭ ਵਰਗੀ ਕੋਈ ਰੈਫ਼ਲ ਹੈ ਨਾ ਹੋਵੇਗੀ
ਇਹਦੀ ਇਕ ਵੀ ਗੋਲੀ ਖ਼ਾਲੀ ਜਾਂਦੀ ਨਈਂ
ਨੀਂਦਰ ਘੇਰ ਲਿਆ ਤੇ ਡਿੱਗਣਾ ਪੈਣਾ ਏ
ਆਈ ਮੌਤ 'ਕਲੀਮਾ' ਟਾਲੀ ਜਾਂਦੀ ਨਈਂ
ਜੀਵਨ ਰੁੱਖ ਨੂੰ ਹੱਥੀਂ ਟੱਕੇ ਨਾ ਮਾਰੋ
ਸਾਹ ਦੇ ਦਾਣੇ ਚੱਬੋ ਫੱਕੇ ਨਾ ਮਾਰੋ
ਬਾਲ ਖਿਡੌਣੇ ਵੇਂਹਦਾ ਏ ਤੇ ਕੀ ਹੋਇਆ
ਆਪੇ ਟੁਰ ਜਾਵੇਗਾ ਧੱਕੇ ਨਾ ਮਾਰੋ
ਹਿਰਸਾਂ ਅੱਗੇ ਮੌਤ ਦੁਹਾਈਆਂ ਦੇਂਦੀ ਰਹੀ
ਰੈਫ਼ਲ ਅੱਗੇ ਵੀਰ ਜੇ ਸੱਕੇ ਨਾ ਮਾਰੋ
ਜਿੱਤ ਲੈਣਾ ਤੇ ਖੋਹਣਾ ਇਕ ਬਰਾਬਰ ਨਈਂ
ਦੁੱਕੀਆਂ ਨਾਲ ਤੇ ਸਾਡੇ ਯੱਕੇ ਨਾ ਮਾਰੋ
ਸਾਰੇ ਯਾਰ 'ਕਲੀਮ' ਜੀ ਲੋਭੀ ਨਈਂ ਹੁੰਦੇ
ਦਿਲ ਨੂੰ ਜੰਦਰੇ ਪੱਕੇ ਪੱਕੇ ਨਾ ਮਾਰੋ
ਐਨਾ ਰੱਜ ਕੇ ਤੱਕਿਆ ਭੁੱਖਾਂ ਮਰ ਗਈਆਂ
ਅੱਜ ਇੱਕ ਸੂਰਤ ਵੇਖ ਕੇ ਅੱਖਾਂ ਠਰ ਗਈਆਂ
ਜਦ ਇੱਕ ਸੁਫ਼ਨਾ ਕੱਚੀ ਨੀਂਦਰ ਤੋੜ ਗਿਆ
ਕੀ ਦੱਸਾਂ ਫਿਰ ਯਾਦਾਂ ਕਿਹੜੀ ਕਰ ਗਈਆਂ
ਐਨਾ ਖੌਫ਼ ਲੁਟੀਚਣ ਦਾ ਸੀ ਜ਼ਿਹਨਾ ਵਿੱਚ
ਪਿੱਛੇ ਆਉਂਦੇ ਵੀਰ ਤੋਂ ਭੈਣਾਂ ਡਰ ਗਈਆਂ
ਸੁੱਚੇ ਰਿਸ਼ਤੇ ਵੀ ਹੁਣ ਕੂੜੇ ਲੱਗਦੇ ਨੇ
ਮਾਵਾਂ ਜੁ ਰੂੜੀ ਤੇ ਬੱਚੇ ਧਰ ਗਈਆਂ
ਯਾਰ 'ਕਲੀਮਾ' ਮੁੜ ਆਇਆ ਤਾਂ ਇੰਝ ਲੱਗਾ
ਜਿੱਸਰਾਂ ਡੁੱਬੀਆਂ ਹੋਈਆਂ ਰਕਮਾਂ ਤਰ ਗਈਆਂ
ਦਿਨ ਤੇ ਗਿਣ ਮੈਂ ਮਰ ਜਾਣਾ ਈ
ਤੇਰੇ ਬਿਨ ਮੈਂ ਮਰ ਜਾਣਾ ਈ
ਮੈਂ ਗੁੱਡੀ ਦੇ ਕਾਗਜ਼ ਵਰਗਾ
ਤੂੰ ਕਿਣ ਮਿਣ ਮੈਂ ਮਰ ਜਾਣਾ ਈ
ਜਿਹੜੇ ਦਿਨ ਤੂੰ ਕੰਡ ਕਰਨੀ ਏ
ਓਸੇ ਦਿਨ ਮੈਂ ਮਰ ਜਾਣਾ ਈ
ਮੇਰੇ ਕੱਦ ਨੂੰ ਤੋਲ ਰਿਹਾ ਏਂ
ਤੋਲ ਨਾ, ਮਿਣ ਮੈਂ ਮਰ ਜਾਣਾ ਈ
ਜਾਨ ਦੀ ਬੋਲੀ ਲਾ ਦਿੱਤੀ ਊ
ਇੱਕ ਦੋ ਤਿੰਨ ਮੈਂ ਮਰ ਜਾਣਾ ਈ
ਚੁੱਪ ਸਮੁੰਦਰ ਏ,ਉੱਠੀਆਂ ਛੱਲਾਂ ਹਾਜ਼ਿਰ ਨੇ
ਕੰਨ ਜੇ ਵਹਿਲੇ ਹੋਣ ਤੇ ਗੱਲਾਂ ਹਾਜ਼ਿਰ ਨੇ
ਹਾਕਮ ਦੇ ਦਰਬਾਰ ਦਾ ਮੰਜ਼ਰ ਤੱਕਿਆ ਏ
ਬੰਦੇ ਗ਼ੈਰਹਾਜ਼ਿਰ ਤੇ ਖੱਲਾਂ ਹਾਜ਼ਿਰ ਨੇ
ਮੇਰੇ ਕੋਲ ਸਿਵਾਏ ਯਾਦਾਂ ਦੇ ਹੈ ਈ ਕੀ
ਦਿਲ ਕਮਲੇ ਦੀਆਂ ਮਾਰੀਆਂ ਮੱਲਾਂ ਹਾਜ਼ਿਰ ਨੇ
ਸੁੱਕੀ ਗਿੱਲੀ, ਗਿੱਲੀ ਸੁੱਕੀ ਹੋਵੇਗੀ
ਹੁਣ ਇਹ ਬੋਲੀ ਉੱਕੀ ਮੁੱਕੀ ਹੋਵੇਗੀ
ਜੇ ਇਹ ਸੁਰਖ਼ੀ ਚੁੰਮੇ ਕੱਥੇ ਵਾਲੀ ਨਈਂ
ਫੇਰ ਇਹ ਥੁੱਕ ਮਜ਼ਦੂਰ ਨੇ ਥੁੱਕੀ ਹੋਵੇਗੀ
ਬਾਹਵਾਂ ਥੱਕ ਗਈਆਂ ਤੇ ਸਮਿਆਂ ਵੇਖ ਲਵੀਂ
ਮੇਰੀ ਕਲਮ ਨੇ ਰੈਫ਼ਲ ਚੁੱਕੀ ਹੋਵੇਗੀ
ਐਨੀ ਛੇਤੀ ਮੌਤ ਨੇ ਕਿੱਸਰਾਂ ਲੱਭਿਆ ਏ
ਮੇਰੇ ਵਿੱਚ ਈ ਕਿਧਰੇ ਲੁੱਕੀ ਹੋਵੇਗੀ
ਅੱਖਾਂ ਵਿਚ ਮਗ਼ਰੂਰੀ ਪਾ ਕੇ ਵਿੰਹਦਾ ਏ
ਵਿੰਹਦਾ ਏ ਪਰ ਘੂਰੀ ਪਾ ਕੇ ਵਿੰਹਦਾ ਏ
ਮੇਰੇ ਵਰਗੇ ਖੀਸੇ ਪਾਈ ਫਿਰਦੇ ਨੇਂ
ਜੀਵਣ ਜਿਨੂੰ ਪੂਰੀ ਪਾ ਕੇ ਵਿੰਹਦਾ ਏ
ਜਿਹਨੂੰ ਰੱਬ ਨੇ ਨੇੜਿਓਂ ਤੱਕਣਾ ਹੁੰਦਾ ਏ
ਕਿਸਮਤ ਵਿਚ ਮਜ਼ਦੂਰੀ ਪਾ ਕੇ ਵਿੰਹਦਾ ਏ
ਜਿਸਦੇ ਤੋਤੇ ਭੁੱਖ ਤੋਂ ਪਿੰਜਰਾ ਤੋੜ ਗਏ
ਅੱਜ ਕਾਵਾਂ ਨੂੰ ਚੂਰੀ ਪਾ ਕੇ ਵਿੰਹਦਾ ਏ
ਇਹ ਨਈਂ ਕਹਿੰਦਾ ਮੇਰੇ ਵੱਲ ਉਹ ਵਿੰਹਦਾ ਨਈਂ
ਪਰ ਅੱਖਾਂ ਵਿਚ ਦੂਰੀ ਪਾ ਕੇ ਵਿੰਹਦਾ ਏ
ਹੁਣ ਵੀ ਆਸ ਉਮੀਦਾਂ ਰੱਖ
ਪਾਲਣਹਾਰ ਤੇ ਦੀਦਾਂ ਰੱਖ
ਲੇਖਾ ਜੱਗ ਦੀਆਂ ਖ਼ੁਸ਼ੀਆਂ ਮੋੜ
ਇਹ ਲੈ ਮੇਰੀਆਂ ਈਦਾਂ ਰੱਖ
ਰੂਪ ਜ਼ਬਾਨ ਦਾ ਕੱਚਾ ਈ
ਨਾਲੋ ਨਾਲ਼ ਰਸੀਦਾਂ ਰੱਖ
ਤੋਂ ਉਲਿਆਈ ਨਾ ਦੇਵੀਂ
ਸੁਰ ਤੇ ਨਾਲ਼ ਮੁਰੀਦਾਂ ਰੱਖ
ਇਸ਼ਕ ਤਵੀਤ ਨੂੰ ਮੰਨੇ ਸਹੀ
ਸਾਹਵਾਂ ਵੇਚ ਖ਼ਰੀਦਾਂ, ਰੱਖ
ਗੱਲ ਦੇ ਮੂੰਹ ਤੋਂ ਗੱਲ ਲਾਹ ਦਿੱਤੀ
ਮੈਂ ਹਰਫ਼ਾਂ ਦੀ ਖੱਲ ਲਾਹ ਦਿੱਤੀ
ਆਪਣਾ ਆਪ ਤੇ ਕੋਹ ਹੀ ਦਿੱਤਾ
ਵੇਲੇ ਦੀ ਵੀ ਵੱਲ ਲਾਹ ਦਿੱਤੀ
ਦੁੱਖ ਦੀ ਜਿਣਸ ਨਾ ਵੰਡੀ ਵੀਰਾਂ
ਸਾਰੀ ਮੇਰੇ ਵੱਲ ਲਾਹ ਦਿੱਤੀ
ਮੋਢੇ ਸੌੜੇ ਪੈ ਜਾਣੇ ਜੇ
ਜੇ ਹਾਲੀ ਨੇ ਹੱਲ ਲਾਹ ਦਿੱਤੀ
ਕੁਝ ਅੰਝਾਣੇ ਕੁਝ ਸਿਆਣੇ ਹਰਫ਼ ਨੇ
ਕੁਝ ਨਵੇਂ ਤੇ ਕੁਝ ਪੁਰਾਣੇ ਹਰਫ਼ ਨੇ
ਅੱਜ ਹੋ ਸਕਦਾ ਏ ਕੋਈ ਨਾ ਬਚੇ
ਦੋ ਫ਼ਰੀਕਾਂ ਨੇ ਚਲਾਣੇ ਹਰਫ਼ ਨੇ
ਓਹ ਸੀ ਜਿਹੜੀ ਤੇਜ਼ ਜਿਹੀ ਓਹ ਸੋਚ ਸੀ
ਇਹ ਨੇ ਜਿਹੜੇ ਮੂੰਹ ਧਿਆਨੇ ਹਰਫ਼ ਨੇ
ਤੂੰ ਕਿਉਂ ਇਹ ਕਹਿਨਾਂ ਏਂ ਤੂੰ ਵਿਕਿਆ ਨਈਂ
ਤੇਰੀਆਂ ਲਿਖਤਾਂ 'ਚ ਕਾਣੇ ਹਰਫ਼ ਨੇ
ਸ਼ੇਅਰ ਕੀ, ਮਿਸਰਾ ਵੀ ਜੇਕਰ ਡੋਲਿਆ
ਸੋਹਣਿਓਂ! ਹਰਫ਼ਾ ਤੇ ਆਣੇ ਹਰਫ਼ ਨੇ
ਸਾਹਵਾਂ ਦੀ ਇਕ ਗੋਟ ਦੇ ਪਿੱਛੇ
ਸੌ ਚੀਲਾਂ ਨੇ ਬੋਟ ਦੇ ਪਿੱਛੇ
ਐਬਾਂ ਵਾਂਗ ਲੁਕਾਈ ਫਿਰਨਾਂ
ਭੁੱਖੇ ਢਿੱਡ ਨੂੰ ਕੋਟ ਦੇ ਪਿੱਛੇ
ਤੱਕ ਲੈ ਦੋਜ਼ਖ ਭੋਗ ਰਿਹਾ ਏ
ਸੋਨਾ ਰੱਤੀ ਖੋਟ ਦੇ ਪਿੱਛੇ
ਖੁਸ਼ੀਆਂ ਮੈਥੋਂ ਆਸੇ-ਪਾਸੇ
ਨੋਟ ਦੇ ਅੱਗੇ ਨੋਟ ਦੇ ਪਿੱਛੇ
ਵਾਅਦੇ ਪੂਰੇ ਕਰ ਨਈਂ ਜਾਂਦਾ
ਸੋਚ ਰਿਹਾਂ ਕਿਉਂ ਮਰ ਨਈਂ ਜਾਂਦਾ
ਜਿਸ ਦਿਨ ਨਾ ਮਜ਼ਦੂਰੀ ਲੱਭੇ
ਬੂਹੇ ਵੱਲੋਂ ਘਰ ਨਈਂ ਜਾਂਦਾ
ਕਾਵਾਂ ਤੱਕ ਨੂੰ ਜ਼ਾਤ ਪਿਆਰੀ
ਬੰਦਾ ਸੁਣਕੇ ਮਰ ਨਈਂ ਜਾਂਦਾ
ਮੇਰਾ ਸੀਨਾ ਦਮ ਕਰਵਾਓ
ਮੇਰੇ ਅੰਦਰੋਂ ਡਰ ਨਈਂ ਜਾਂਦਾ
ਸਿਰ ਸਾਹਵਾਂ ਦੀ ਪੰਡ ਨੀ ਹੁੰਦੀ
ਮੁਰਦਾ ਐਵੇਂ ਤਰ ਨਈਂ ਜਾਂਦਾ
ਰੂਪ ਕੋਈ ਜਗੀਰ ਨਈਂ ਹੁੰਦੀ
ਹੀਰ ਵੀ ਇਕ ਦਿਨ ਹੀਰ ਨਈਂ ਹੁੰਦੀ
ਸ਼ੀਸ਼ੇ ਸਾਹਵੇਂ ਮੈਂ ਹੀ ਹੁੰਨਾਂ
ਵਿਚ ਮੇਰੀ ਤਸਵੀਰ ਨਈਂ ਹੁੰਦੀ
ਬੰਦੇ ਨੂੰ ਕੁਝ ਕਰ ਦਿੰਦੀ ਏ
ਦੌਲਤ ਆਪ ਅਮੀਰ ਨਈਂ ਹੁੰਦੀ
ਸ਼ੁਕਰ ਏ! ਪਾਟੇ ਝੱਗੇ ਵੇਚਾਂ
ਏਥੇ ਤਨ ਤੇ ਲੀਰ ਨਈਂ ਹੁੰਦੀ
ਹਰ ਇਕ ਹੱਥ ਹੀ ਚੀਕ ਰਿਹਾ ਏ
ਲੀਕਾਂ ਕੌਣ ਉਲੀਕ ਰਿਹਾ ਏ
ਖਾਵਣ ਵਾਲੇ ਸੀ ਨੀ ਕੀਤੀ
ਉਲਟਾ ਪੱਥਰ ਚੀਕ ਰਿਹਾ ਏ
ਮੈਂ ਕਤਰੇ ਤੋਂ ਥੁੜਿਆ ਫਿਰਨਾਂ
ਸਾਹ ਸਾਹ ਮੈਨੂੰ ਡੀਕ ਰਿਹਾ ਏ
ਅੱਜ ਇਮਦਾਦ ਬਣੀ ਫਿਰਦੀ ਏ
ਇਹਦਾ ਨਾਂ ਤੇ ਭੀਖ ਰਿਹਾ ਏ
ਵੇਲਾ ਅੱਜ 'ਕਲੀਮ' ਦਾ ਵੈਰੀ
ਇਹਦਾ ਮਤਲਬ ਠੀਕ ਰਿਹਾ ਏ
ਜਿੱਥੇ ਤਾਲਾ ਲੱਗਦਾ ਏ
ਓਥੇ ਜਾਲਾ ਲੱਗਦਾ ਏ
ਨੀਵੀਂ ਸੁੱਟੀ ਫਿਰਦਾ ਏ
ਇੱਜ਼ਤ ਵਾਲਾ ਲੱਗਦਾ ਏ
ਐਵੇਂ ਪੱਜ ਏ ਮੌਸਮ ਦਾ
ਡਰਿਆਂ ਪਾਲਾ ਲੱਗਦਾ ਏ
ਉਂਝ ਭਾਵੇਂ ਦਰਿਆ ਹੋਵੇ
ਉੱਤੋਂ ਖਾਲ਼ਾ ਲੱਗਦਾ ਏ
ਸ਼ੀਸ਼ੇ ਸਾਹਵੇਂ ਹੋਵਾਂ ਤੇ
ਜਾਨਣ ਵਾਲਾ ਲੱਗਦਾ ਏ
ਬਚਣਗੇ ਓਹੋ ਖ਼ਰੇ ਨੇ ਜਿਹੜੇ
ਉਹ ਮੋਏ ਸਮਝੋ ਡਰੇ ਨੇ ਜਿਹੜੇ
ਕਦੀ ਨਾ ਅੱਖਾਂ 'ਚ ਰੇਤ ਉੱਡਦੀ
ਉਹ ਸੱਤ ਸਮੁੰਦਰ ਭਰੇ ਨੇ ਜਿਹੜੇ
ਤੂੰ ਸਿਰਫ਼ ਲਾਸ਼ਾਂ ਵਿਖਾ ਰਿਹਾ ਏਂ
ਤੇ ਸਾਡੇ ਚੁੱਲ੍ਹੇ ਠਰੇ ਨੇ ਜਿਹੜੇ
ਫੁੱਲ ਨੂੰ ਸੂਲ਼ ਚੁਭੋ ਸਕਦਾ ਏ
ਹੱਸਣ ਵਾਲਾ ਰੋ ਸਕਦਾ ਏ
ਉਹਨੂੰ ਹਾਰ ਦਾ ਡਰ ਈ ਕੀ ਏ
ਜਿਹੜਾ ਹਾਰ ਪਰੋ ਸਕਦਾ ਏ
ਜੋ ਤੂੰ ਮੇਰੇ ਨਾਲ਼ ਏ ਕੀਤਾ
ਤੇਰੇ ਨਾਲ਼ ਵੀ ਹੋ ਸਕਦਾ ਏ
ਨੇੜੇ ਬਹਿਣ ਦਾ ਹੱਕ ਏ ਉਹਨੂੰ
ਜਿਹੜਾ ਨਾਲ਼ ਖਲੋ ਸਕਦਾ ਏ
ਉਹ ਮਿੱਟੀ ਤੇ ਮਿੱਟੀ ਪਾ ਕੇ
ਮਿੱਟੀ ਫ਼ਿਰ ਵੀ ਗੋ ਸਕਦਾ ਏ
ਯਾਰ ਕਲੀਮ ਦੇ ਐਬ ਉਛਾਲਣ
ਹੋ ਸਕਦਾ ਏ, ਹੋ ਸਕਦਾ ਏ
ਮੈਨੂੰ ਪਹਿਚਾਨ, ਮੈਂ ਮੁਹੱਬਤ ਹਾਂ
ਤੂੰ ਤੇ ਸੁਫ਼ਨਾ ਏਂ, ਮੈਂ ਹਕੀਕਤ ਹਾਂ
ਮੈਂ ਤੇ ਇਕ ਸਾਹ ਵੀ ਨਾ ਲਵਾਂ ਏਥੇ
ਮੈਂ ਤੇ ਤਾਂ ਹਾਂ, ਕਿ ਮੈਂ ਜ਼ਰੂਰਤ ਹਾਂ
ਮੈਨੂੰ ਕਮਜ਼ੋਰ ਕਰ ਰਿਹਾ ਏਂ ਤੂੰ
ਜਾਗ ਸਮਿਆਂ ! ਮੈਂ ਤੇਰੀ ਤਾਕਤ ਹਾਂ
ਤੈਨੂੰ ਡਿੱਗਿਆ ਪਿਆ ਜੁ ਲੱਭਿਆ ਵਾਂ
ਤੂੰ ਸਮਝ ਲੈ ਮੈਂ ਤੇਰੀ ਕਿਸਮਤ ਹਾਂ
ਭਾਵੇਂ ਜਿੰਨਾ ਵੀ ਸ਼ਹਿਨਸ਼ਾਹ ਏਂ ਤੂੰ
ਤੂੰ ਈ ਮੰਗੇਂਗਾ, ਮੈਂ ਇਜਾਜ਼ਤ ਹਾਂ
ਖੱੜਕ, ਪਰ ਅੱਗੇ ਖੱੜਕ ਨਾ ਜਾਵੇ
ਇਹ ਸ਼ੋਰ, ਚੁੱਪ ਨੂੰ ਰੱੜਕ ਨਾ ਜਾਵੇ
ਸ਼ੁਕਰ ਕਰੋ ਉਹ ਨਕਾਬ ਵਿੱਚ ਏ
ਨਈਂ ਤੇ ਮਹਿਫਲ ਫੱੜਕ ਨਾ ਜਾਵੇ
ਬਰੂਦ ਸਮਿਆਂ, ਮੈਂ ਇੱਕ ਤੀਲੀ
ਇਹ ਤੀਲੀ ਕਿਧਰੇ ਭੱੜਕ ਨਾ ਜਾਵੇ
ਹਾਰ ਤੇ ਬਸ ਕਮਜ਼ੋਰੀ ਦੀ ਏ,
ਦੁਨੀਆ ਜ਼ੋਰਾ ਜ਼ੋਰੀ ਦੀ ਏ
ਦਿਲ ਨੂੰ ਜੰਦਰੇ ਵਿੱਚ ਹੀ ਰੱਖੀਂ,
ਉਹਨੂੰ ਆਦਤ ਚੋਰੀ ਦੀ ਏ
ਵੇਖੋ ਅੱਖ ਨਾ ਗੂੰਗੀ ਕਰਨਾ,
ਗਲ ਟੁਰੇ ਤਾਂ ਟੋਰੀ ਦੀ ਏ
ਤੇਰੇ ਮੁਸ਼ਕੀ ਰੰਗ ਦੀ ਕਸਮੇ,
ਕਿਸ ਕਾਫਰ ਨੂੰ ਗੋਰੀ ਦੀ ਏ
ਜਿਹੜੀ ਵਾਜ ਨੂੰ ਕੰਨ ਨੇ ਤਰਸੇ,
ਬਾਂਗ ਦੀ ਨਈਂ ਉਹ ਲੋਰੀ ਦੀ ਏ
ਮੁਲਕ ਜਹਾਜ਼ ਏ ਡੱਕੋ ਡੋਲੇ,
ਤੈਨੂੰ ਆਪਣੀ ਬੋਰੀ ਦੀ ਏ
ਕੋਈ ਜਿਉਂਦਾ ਈ ਨੀ ਬਚਿਆ ਕਿਹੜਾ ਮੈਨੂੰ ਵੇਖੇ
ਮੈਂ ਵਿਹੜੇ ਨੂੰ ਵੇਖੀ ਜਾਵਾਂ ਵਿਹੜਾ ਮੈਨੂੰ ਵੇਖੇ
ਸਾਰੇ ਸ਼ਹਿਰ ਦੇ ਠੁੱਡਿਆਂ ਤੇ ਹਾਂ ਰਾਹ ਦੇ ਰੋੜੇ ਵਾਂਗਰ
ਖ਼ੌਰੇ ਅੰਨ੍ਹਾ ਹੋ ਜਾਂਦਾ ਏ ਜਿਹੜਾ ਮੈਨੂੰ ਵੇਖੇ
ਅੱਜ ਉਹ ਵੇਲਾ ਸੱਜਣ ਮੈਥੋਂ ਪਾਸਾ ਵੱਟ ਕੇ ਲੰਘਿਆ
ਮਰ ਜਾਵਾਂ ਤੇ ਖਵਰੇ ਕਿਹੜਾ ਕਿਹੜਾ ਮੇਨੂੰ ਵੇਖੇ
ਜੀਵਨ ਦੀ ਇਕ ਗੋਟ ਦੇ ਪਿੱਛੇ
ਸੌ ਚੀਲ੍ਹਾਂ ਨੇ ਬੋਟ ਦੇ ਪਿੱਛੇ
ਐਬਾਂ ਵਾਂਗ ਲੁਕਾਈ ਫਿਰਨਾਂ
ਭੁੱਖੇ ਢਿੱਡ ਨੂੰ ਕੋਟ ਦੇ ਪਿੱਛੇ
ਤੱਕ ਲੈ ਦੋਜ਼ਖ਼ ਭੋਗ ਰਹਾ ਏ
ਸੋਨਾ ਰੱਤੀ ਖੋਟ ਦੇ ਪਿੱਛੇ
ਖੁਸ਼ੀਆਂ ਮੈਥੋਂ ਆਸੇ ਪਾਸੇ
ਨੋਟ ਦੇ ਅੱਗੇ ਨੋਟ ਦੇ ਪਿੱਛੇ
ਤੇਰੀ ਅੱਖ ਨਈਂ ਚੁਟਿਆ ਮੈਨੂੰ
ਮੇਰਾ ਹੱਥ ਸੀ ਚੋਟ ਦੇ ਪਿੱਛੇ
ਵੱਡਾ ਇੱਕ ਦਿਮਾਗ਼ ਏ ਕੋਈ
ਨਿੱਕੇ ਜਹੇ ਅਖਰੋਟ ਦੇ ਪਿੱਛੇ
ਮਿਲਣੇ-ਗਿਲਣੇ ਓਦੂੰ ਬਾਅਦ ਵਿਛੋੜੇ ਵੀ
ਅਰਸ਼ਾਂ ਤੇ ਜੋ ਬਣ ਜਾਂਦੇ ਨੇ ਜੋੜੇ ਵੀ
ਭੋਰਾ ਵੀ ਅਹਿਸਾਨ ਲਿਆ ਮੈਂ ਜੀਵਨ ਦਾ
ਜਿੰਨੇ ਸਾਹ ਉਸ ਦਿੱਤੇ, ਓਨੇ ਮੋੜੇ ਵੀ
ਪਹਿਲਾਂ ਜੁੱਸਾ ਫੱਟੋ-ਫੱਟ ਚਾ ਕਰਦੇ ਨੇ
ਮੁੜਕੇ ਪੈਰੀਂ ਆ ਪੈਂਦੇ ਨੇ ਰੋੜੇ ਵੀ
ਮੈਨੂੰ ਐਵੇਂ ਆਸ ਦੀ ਸੂਲੀ ਟੰਗਿਆ ਸੂ
ਵਾਅਦਾ ਕੱਚਾ ਧਾਗਾ ਏ, ਤੇ ਤੋੜੇ ਵੀ
ਯਾਰ 'ਕਲੀਮਾ' ਪਿਆਰ ਨਸ਼ਾ ਜੇ ਕੀਤਾ ਈ
ਤਕੜਾ ਹੋ ਕੇ ਸਹਿ ਦੂਰੀ ਦੇ ਕੋੜੇ ਵੀ
ਮਹਿੰਗੀ ਹੋ ਗਈ ਜ਼ਹਿਰ ਦੇ ਰੋਣੇ ਰੋਨਾ ਵਾਂ
ਪਿੰਡ ਚ ਬੈਠਾ ਸ਼ਹਿਰ ਦੇ ਰੋਣੇ ਰੋਨਾ ਵਾਂ
ਇਕ ਵੀ ਅੱਥਰੂ ਸੁੱਕਾ ਨਈਂ ਵਰਤਾਂਦਾ ਮੈਂ
ਸੁੱਕੀ ਨਹਿਰ ਤੇ ਨਹਿਰ ਦੇ ਰੋਣੇ ਰੋਨਾ ਵਾਂ
ਰਾਤਾਂ ਤੇ ਰੋਵਾਂ ਤਾਂ ਹੜ੍ਹ ਨਾ ਆ ਜਾਵੇ
ਹਾਲੇ ਸਿਰਫ਼ ਦੁਪਹਿਰ ਦੇ ਰੋਣੇ ਰੋਨਾ ਵਾਂ
ਦਿਲ ਦਾ ਸ਼ੀਸ਼ਾ ਸੁੱਟਿਆ ਵੀ, ਤੇ ਪੱਥਰ ਤੇ
ਇਸ਼ਕਾ ! ਤੇਰੀ ਲਹਿਰ ਦੇ ਰੋਣੇ ਰੋਨਾ ਵਾਂ
ਰਾਤ ਤੇ ਹਿਜਰਾ ! ਸੂਲੀ ਵਰਗੀ ਹੁੰਦੀ ਏ
ਜਿਸ ਦਿਨ ਤੇਰੇ ਕਹਿਰ ਦੇ ਰੋਣੇ ਰੋਨਾ ਵਾਂ
ਨੈਣ ਘੜੇ ਖੁਦ ਭਰਨਾ ਵਾਂ ਤੇ ਪੀਨਾ ਵਾਂ
ਅੱਖ ਨੂੰ ਬੱਦਲ ਕਰਨਾ ਵਾਂ ਤੇ ਪੀਨਾ ਵਾਂ
ਕਹਿੰਦੇ ਓ ਕਿ ਪੀਣਾ ਮਾਰ ਮੁਕਾਵੇਗਾ
ਖੈਰੀਂ ਵੱਸੋ, ਮਰਨਾ ਵਾਂ ਤੇ ਪੀਨਾ ਵਾਂ
ਡੁੱਬ ਜਾਵਾਂ ਤੇ ਪਾਣੀ ਮੈਨੂੰ ਪੀ ਜਾਵੇ
ਅੱਥਰੂ ਬਣ ਕੇ ਤਰਨਾ ਵਾਂ ਤੇ ਪੀਨਾ ਵਾਂ
ਮੈਨੂੰ ਡਰ ਏ ਡਰ ਨਾ ਅੱਗਾਂ ਲਾ ਦੇਵੇ
ਇਹ ਨਾ ਸਮਝੀਂ ਡਰਨਾ ਵਾਂ ਤੇ ਪੀਨਾ ਵਾਂ
ਤੈਨੂੰ ਭੁੱਲਣ ਲਈ ਵੀ ਪੀਣੀ ਪੈਂਦੀ ਸੀ
ਭੁੱਲ ਨੂੰ ਚੇਤੇ ਕਰਨਾ ਵਾਂ ਤੇ ਪੀਨਾ ਵਾਂ
ਪੀਵਣ ਦੀ ਤੌਫ਼ੀਕ ਏ ਦਰਦਾਂ ਵਾਲੇ ਨੂੰ
ਭਾਅ ਜੀ ਅੱਖਾਂ ਭਰਨਾ ਵਾਂ ਤੇ ਪੀਨਾ ਵਾਂ
ਗਲੇ ਤੇ ਰੱਸੀ ਵਲੀਚ ਜਾਵੇ
ਜੇ ਵਾਜ ਵਿਚਲੀ ਸੁਣੀਚ ਜਾਵੇ
ਉਹੋ ਡਾਂਗ ਮਾਰੇ ਤੇ ਸਿਰ ਵੀ ਡਾਹਵਾਂ
ਜ਼ਬਾਨ ਕਿਸਰਾਂ ਫੜੀਚ ਜਾਵੇ
ਤੇ ਫੇਰ ਰਾਤਾਂ ਤੇ ਕੀ ਉਲ੍ਹਾਮਾ
ਜੇ ਰੋਜ਼ ਸੂਰਜ ਖੜੀਚ ਜਾਵੇ
ਤੂੰ ਮੇਰੇ ਨਾਂ ਨੂੰ ਹਟਾ ਕੇ ਵੇਖੀਂ
ਜੇ ਤੇਰਾ ਧੇਲਾ ਵਟੀਚ ਜਾਵੇ
ਕਲੀਮ ਭੁੱਖਾ ਨ ਸੌਂਵੇਂ ਕੋਈ
ਕਦੀ ਜੇ ਪੱਥਰ ਚਬੀਚ ਜਾਵੇ
ਦਰਦ ਨੂੰ ਅੱਖਾਂ ਦਿਆਂ ਕਿ ਦਿਲ ਦਿਆਂ
ਜੀ ਤੇ ਕਰਦਾ ਏ ਮੈਂ ਦੋਵੇਂ ਛਿਲ ਦਿਆਂ
ਤੇਰੇ ਬੂਹੇ ਤਕ ਤੇ ਜੁੱਸਾ ਲੈ ਗਿਆਂ
ਜ਼ਿੰਦਗੀ ਨੂੰ ਹੋਰ ਕਿੰਨੀ ਢਿਲ ਦਿਆਂ
ਇਹ ਕਹਾਣੀ ਦੂਰ ਤਕ ਹੁਣ ਜਾਏਗੀ
ਚੰਨ ਨੇ ਤੱਕਿਆ ਏ ਸਾਨੂੰ ਮਿਲਦਿਆਂ
ਦੂਰੀਆਂ ਇਕਦਮ ਤੇ ਨਈਂ ਨਾ ਮੁਕਦੀਆਂ
ਟਾਈਮ ਤੇ ਲਗਦਾ ਏ ਫੱਟ ਨੂੰ ਸਿਲਦਿਆਂ
ਪੰਧ ਉਮਰ ਦਾ ਕੀਤੀ ਜਾ ਘਬਰਾ ਨਹੀਂ
ਕਰ ਕਲੀਮਾ ਹੌਲੀ ਹੌਲੀ ਹਿਲਦਿਆਂ
ਜਵਾਬ ਦੇਵਣ ਦੀ ਥਾਂ ਤੇ ਅੱਗੋਂ ਸਵਾਲ ਕਰ ਕੇ
ਉਹ ਆਪਣੇ ਵੱਲੋਂ ਵਿਖਾ ਰਿਹਾ ਸੀ ਕਮਾਲ ਕਰ ਕੇ
ਉਹ ਹਾਲ ਨੇ ਕਿ ਗਲੀ ਚ ਕੁੱਤਾ ਨਾ ਨਜ਼ਰ ਆਉਂਦਾ
ਹਰਾਮ ਸ਼ੈਅ ਜੇ ਹਲਾਲ ਹੁੰਦੀ ਹਲਾਲ ਕਰ ਕੇ
ਇਹ ਜ਼ਿੰਦਗੀ ਨੂੰ ਪਤਾ ਏ ਸਾਰਾ, ਤੂੰ ਜ਼ਿੰਦਗੀ ਏਂ
ਮੈਂ ਜੀ ਰਿਹਾ ਵਾਂ, ਤੇ ਸਿਰਫ਼ ਤੇਰਾ ਖ਼ਿਆਲ ਕਰ ਕੇ
ਭਰਾ ਵੀ ਹੁੰਦਾ ਸੀ, ਅੱਜ ਬਣ ਕੇ ਸ਼ਰੀਕ ਆਇਐ
ਤੇ ਇਹਨੇ ਜਾਣਾ ਏ ਸਾਡੇ ਕੁੱਕੜ ਨੂੰ ਦਾਲ ਕਰ ਕੇ
ਕਲੀਮ ਤਲੀਆਂ ਚ ਸੇਕ ਐਵੇਂ ਤੇ ਨਈਂ ਜਾਂਦਾ
ਕੋਈ ਤੇ ਵੇਂਹਦਾ ਏ ਤੈਨੂੰ ਅੱਖਾਂ ਨੂੰ ਲਾਲ ਕਰ ਕੇ ।
ਸੁੱਤੇ ਫੱਟ ਜਗਾਏ, ਤੇ
ਸੱਜਣ ਚੇਤੇ ਆਏ, ਤੇ
ਬੱਸ ਪਰਛਾਵਾਂ ਭੈੜਾ ਏ
ਚੰਗੇ ਨੇ ਹਮਸਾਏ ਤੇ
ਅੱਕਿਆਂ ਮੈਂ ਵੀ ਦੇ ਦਿੱਤਾ
ਭੁੱਖ ਨੂੰ ਢਿੱਡ ਕਰਾਏ ਤੇ
ਸੱਪ ਆਖਾਂ ਤੇ ਲੜਦੇ ਨੇ
ਬੇਠੇ ਨੇ ਸਰਮਾਏ ਤੇ
ਰੁੱਤਾਂ ਖਿਚ ਲਿਆਵਾਂਗਾ
ਮੈਂ ਜੇ ਬੂਟੇ ਲਾਏ ਤੇ
ਕੁੱਖ ਦੀ ਕੈਦੋਂ ਛੁੱਟ ਕੇ ਰੋਇਆ
ਅੱਜ ਇਕ ਬੂਟਾ ਫੁੱਟ ਕੇ ਰੋਇਆ
ਮੈਂ ਤੇ ਹੱਸ ਕੇ ਘਾਟੇ ਸਿਹ ਲਏ
ਲੁੱਟਣ ਵਾਲਾ ਲੁੱਟ ਕੇ ਰੋਇਆ
ਕੱਚੀ ਵਸਤੀ ਲੰਘਣ ਲੱਗਿਆਂ
ਰਾਤੀਂ ਬਦੱਲ ਟੁੱਟ ਕੇ ਰੋਇਆ
ਲੱਠੇ ਦੀ ਥਾਂ ਪਾਟੇ ਲੀੜੇ
ਚੋਰ ਕਬਰ ਨੂੰ ਪੁੱਟ ਕੇ ਰੋਇਆ
ਘੁੱਟ ਘੁੱਟ ਕਰ ਕੇ ਅੱਥਰੂ ਪੀਤੇ
ਵਾਜ ਗਲੇ ਵਿਚ ਘੁੱਟ ਕੇ ਰੋਇਆ
ਰੂਪ ਕੈਦੀ ਏ ਜਾਲ ਏ ਸ਼ੀਸ਼ੇ ਦਾ
ਕੈਦ ਰੱਖਣਾ ਕਮਾਲ ਏ ਸ਼ੀਸ਼ੇ ਦਾ
ਰੌਸ਼ਨੀ ਨੂੰ ਵੀ ਥਾਂ ਦੇ ਦਿਲ ਅੰਦਰ
ਰੌਸ਼ਨੀ ਵੀ ਖ਼ਿਆਲ ਏ ਸ਼ੀਸ਼ੇ ਦਾ
ਆਸੇ ਪਾਸੇ ਨਾ ਵੇਖ ਸ਼ੀਸ਼ੇ ਦੇ
ਸ਼ੀਸ਼ੇ ਵਿਚ ਈ ਸਵਾਲ ਏ ਸ਼ੀਸ਼ੇ ਦਾ
ਮੇਰੇ ਮੱਥੇ ਦੇ ਵੱਲ ਇਸ਼ਾਰਾ ਕਿਉਂ
ਮੂੰਹ ਤੇ ਅਪਣਾ ਵੀ ਲਾਲ ਏ ਸ਼ੀਸ਼ੇ ਦਾ
ਜ਼ਿੰਦਗੀ ਤਾਂ ਕਲੀਮ ਨੰਗੀ ਏ
ਘਰ ਜੋ ਸ਼ੀਸ਼ੇ ਦੇ ਨਾਲ ਏ ਸ਼ੀਸ਼ੇ ਦਾ
ਅੱਖ ਦਾ ਖਾਧਾ ਤੀਰ ਏ ਭਾ ਜੀ
ਦਿਲ ਤਾਂ ਲੀਰੋ ਓ ਲੀਰ ਏ ਭਾ ਜੀ
ਸਹਿਬਾਂ ਨਾਲ ਏ ਯਾਰੀ ਲੱਗੀ
ਅੱਗੇ ਜੋ ਤਕਦੀਰ ਏ ਭਾ ਜੀ
ਬੰਦਾ ਵੇਖ ਕੇ ਥਾਂ ਮਰ ਜਾਵੇ
ਹਾਲਾਂ ਇਹ ਤਸਵੀਰ ਏ ਭਾ ਜੀ
ਦਿਲ ਤੇ ਐਂਵੇਂ ਡੁੱਬੀ ਜਾਂਦੈ
ਹੜ੍ਹ ਨਹੀਂ ਅੱਖ ਇੱਚ ਨੀਰ ਏ ਭਾ ਜੀ
ਲੱਕ ਸਿਧਾ ਨਹੀਂ ਕੀਤਾ ਜਾਂਦਾ
ਢਿਡ ਦੀ ਮਾਰ ਅਖੀਰ ਏ ਭਾ ਜੀ
ਕਸਮੇ ਸਿਖਰ ਦੁਪਹਿਰ ਨੂੰ ਆਹਰੇ ਲਾ ਦਿੱਤਾ ।
ਹੱਸ ਕੇ ਉਹਨੇ ਕਹਿਰ ਨੂੰ ਆਹਰੇ ਲਾ ਦਿੱਤਾ ।
ਪਹਿਲਾਂ ਸਾਰੇ ਵਿਹਲੇ ਬੈਠੇ ਹੁੰਦੇ ਸੀ
ਉਹਦੇ ਰੂਪ ਨੇ ਸ਼ਹਿਰ ਨੂੰ ਆਹਰੇ ਲਾ ਦਿੱਤਾ ।
ਚੁੱਪ ਕਰਕੇ ਇਸ ਜ਼ਹਿਰ ਨੇ ਚੁੱਪਾਂ ਵੰਡੀਆਂ ਸੀ
ਤਾਂ ਸੁਕਰਾਤ ਨੇ ਜ਼ਹਿਰ ਨੂੰ ਆਹਰੇ ਲਾ ਦਿੱਤਾ ।
ਦਿਲ ਕਰਦਾ ਏ ਸਦਕੇ ਜਾਵਾਂ ਪੋਤੇ ਦੇ
ਮੇਰੇ ਪਿਛਲੇ ਪਹਿਰ ਨੂੰ ਆਹਰੇ ਲਾ ਦਿੱਤਾ ।
ਯਾਰ 'ਕਲੀਮਾ' ਪਾਣੀ ਰੁਕਿਆ ਹੋਇਆ ਸੀ
ਉਹਦੇ ਪੈਰਾਂ ਨਹਿਰ ਨੂੰ ਆਹਰੇ ਲਾ ਦਿੱਤਾ ।
ਯਾਦਾਂ ਦਾ ਘੜਮੱਸ, ਲੈ ਦੱਸ !!
ਉੱਤੋਂ ਕਹਿੰਦੈ ਹੱਸ, ਲੈ ਦੱਸ !!
ਜੀਹਨੇ ਹੁਣ ਤਕ ਹਾਲ ਨਾ ਪੁੱਛਿਆ
ਹੁਣ ਕਹਿੰਦਾ ਏ ਦੱਸ, ਲੈ ਦੱਸ !!
ਅੱਖਾਂ ਨਾਲ ਪਿਆਉਂਦਾ ਹੋਇਆ
ਪੁੱਛਣ ਲੱਗਾ : " ਬੱਸ ?" ਲੈ ਦੱਸ !!
ਅੱਖ ਚੋਂ ਤੀਰ ਚਲਾ ਕੇ, ਮੈਨੂੰ
ਆਖਣ ਲੱਗਾ : "ਨੱਸ", ਲੈ ਦੱਸ !!
ਵੱਸ ਵਿਚ ਕਰ ਕੇ ਆਖਣ ਲੱਗਾ :
"ਕੁਝ ਨਈਂ ਮੇਰੇ ਵੱਸ", ਲੈ ਦੱਸ !!
ਮਰਨ ਤੋਂ ਡਰਦੇਓ ਬਾਦਸ਼ਾਓ?
ਕਮਾਲ ਕਰਦੇਓ ਬਾਦਸ਼ਾਓ।
ਕਿਸੇ ਨੂੰ ਮਾਰਨ ਦੀ ਸੋਚਦੇਓ?
ਕਿਸੇ ਤੇ ਮਰਦੇਓ ਬਾਦਸ਼ਾਓ।
ਤੁਸੀਂ ਨਾ ਪਾਵੋ ਦਿਲਾਂ ਤੇ ਲੋਟੇ,
ਤੁਸੀਂ ਤੇ ਸਰਦੇਓ ਬਾਦਸ਼ਾਓ।
ਇਹ ਮੈਂ ਖਿਡਾਰੀ ਕਮਾਲ ਦਾ ਹਾਂ?
ਕਿ ਆਪ ਹਰਦੇਓ ਬਾਦਸ਼ਾਓ।
ਕਲੀਮ ਕੱਖਾਂ ਤੋਂ ਹੌਲ਼ੇਓ ਨਾ,
ਤਦੇ ਈ ਤਰਦੇ ਓ ਬਾਦਸ਼ਾਓ।
ਕਿਸੇ ਦੇ ਡਰ ਨੂੰ ਕੀ ਆਖਾਂ ?
ਮੈਂ ਕੱਚੇ ਘਰ ਨੂੰ ਕੀ ਆਖਾਂ ?
ਮੈਂ ਅਪਨੀ ਜਾਨ ਕੱਢਣੀ ਏ
ਮੈਂ ਇਸ ਮੰਜ਼ਰ ਨੂੰ ਕੀ ਆਖਾਂ ?
ਜੇ ਸ਼ੀਸ਼ਾ ਆਪ ਟਕਰਾਵੇ
ਤੇ ਫਿਰ ਪੱਥਰ ਨੂੰ ਕੀ ਆਖਾਂ ?
ਇਹ ਕੀ ਕੀ ਡਰ ਬਣਾਏ ਸੂ
ਮੈਂ ਕਾਰੀਗਰ ਨੂੰ ਕੀ ਆਖਾਂ ?
' ਕਲੀਮਾ ' ਵਿੱਚ ਕੰਡੇ ਨੇ
ਤੇ ਫਿਰ ਬਿਸਤਰ ਨੂੰ ਕੀ ਆਖਾਂ ?
ਫੁਟਕਲ
1.
ਸ਼ਰਮਾ ਦੇ ਤਲਵਾਰ ਨਾ ਦੇਵੀਂ,
ਅੱਖਾਂ ਨੂੰ ਹਥਿਆਰ ਨਾ ਦੇਵੀਂ,
ਤੈਨੂੰ ਜੀਵਨ ਕਹਿ ਬੈਠਾ ਵਾਂ,
ਵੇਖੀਂ ਕਿਧਰੇ ਮਾਰ ਨਾ ਦੇਵੀਂ।
2.
ਅੰਦਰ ਅੱਗ ਤੇ ਵਿੱਲੀਆਂ ਅੱਖਾਂ,
ਧੁੱਖ਼ ਧੁੱਖ਼ ਮੋਈਆਂ ਗਿੱਲੀਆਂ ਅੱਖਾਂ,
ਦਿਲ ਪੰਛੀ ਦਾ ਅੱਲ੍ਹਾ ਬੇਲੀ,
ਤਾੜ ਲਿਆਏ ਬਿੱਲੀਆਂ ਅੱਖਾਂ।
3.
ਕੀ ਸੁਣਾਵਾਂ ਬਲੋਰ ਬਰਫਾਂ ਦੀ,
ਇਹ ਹਯਾਤੀ ਏ ਚੋਰ ਬਰਫਾਂ ਦੀ।
ਪਹਿਲਾਂ ਸੂਰਜ਼ ਉਬਾਲ ਕੇ ਪੀਤਾ,
ਫੇਰ ਕੀਤੀ ਟਕੋਰ ਬਰਫਾਂ ਦੀ।
4.
ਅੰਦਰ ਫੇਰ ਕੜੱਚ ਨਾ ਹੋਵੇ
ਗ਼ੈਰ ਦਾ ਦੱਸਿਆ ਸੱਚ ਨਾ ਹੋਵੇ
ਮੌਤ ਤੇ ਵਾਅਦਾ ਕੋਈ ਨਈਂ ਭੁੱਲਦਾ
ਬੰਦਾ ਅਸਲੋਂ ਖੱਚ ਨਾ ਹੋਵੇ
5.
ਪਹਿਲਾਂ ਪਹਿਲਾਂ, ਸ਼ਰਮਾਵੇਗਾ ਥੋੜਾ ਬਹੁਤਾ
ਸੋਹਣਾ ਏ ਨਾ, ਤੱੜਪਾਵੇਗਾ ਥੋੜਾ ਬਹੁਤਾ
ਭੁੱਖੀ ਅੱਖ ਨੂੰ ਰੋਕ ਲਵੋ ਤੇ ਰੱਬ ਦੀ ਕਸਮੇ
ਬਹੁਤਾ ਥੋੜਾ ਹੋ ਜਾਵੇਗਾ, ਥੋੜਾ ਬਹੁਤਾ
|