ਮੇਰੀ ਪਰਛਾਈ
ਕਿਉਂ ਮੇਰੇ ਨਾਲ ਤੁਰੇ ।
ਉਠੇ ਬੈਠੇ ਨਾਲ ਮੇਰੇ
ਉਹ ਮੇਰੀ ਰੀਸ ਕਰੇ ।
ਮੇਰੀ ਪਰਛਾਈ
ਕਿਉਂ ਮੇਰੇ ਨਾਲ ਤੁਰੇ ।
ਇਕ ਪਲ ਹੋ ਜਾਏ ਮੈਥੋਂ ਛੋਟੀ ।
ਇਕ ਪਲ ਹੋ ਜਾਏ ਟੁਨਟਨ ਮੋਟੀ ।
ਇਕ ਪਲ ਹੋ ਜਾਏ ਕੋਹਾਂ ਲੰਬੀ ।
ਇਕ ਪਲ ਹੋ ਜਾਏ ਪੱਤਲੀ ਡੰਡੀ ।
ਨਾਲ ਸਰੀਰੋਂ ਵਿਛੜੀ ਵਿਛੜੀ,
ਪਲ ਵਿਚ ਆਣ ਜੁੜੇ ।
ਮੇਰੀ ਪਰਛਾਈ
ਕਿਓਂ ਮੇਰੇ ਨਾਲ ਤੁਰੇ ।
ਇਕ ਇਕ ਭੇਦ ਦਿਲਾਂ ਦੇ ਜਾਣੇ ।
ਬਚਪਨ ਗਿਆ ਹੋਏ ਸਿਆਣੇ ।
ਮੈਥੋਂ ਵੱਧ ਮੇਰੀਆਂ ਜਾਣੇ ।
ਬੁੱਤ ਅੰਦਰ ਦਾ ਭੌਰ ਪਛਾਣੇ ।
ਫਿਰ ਮੇਰਾ ਸਾਥ ਨਿਭਾਏ,
ਦਿਨ ਚੰਗੇ ਹੋਣ ਜਾਂ ਬੁਰੇ ।
ਮੇਰੀ ਪਰਛਾਈ
ਕਿਓਂ ਮੇਰੀ ਰੀਸ ਕਰੇ ।
ਪੂਜਾ ਪਾਠ ਕਰੇ ਬਥੇਰੇ ।
ਲੱਖਾਂ ਮੰਤਰ ਮਣਕੇ ਫੇਰੇ ।
ਗਹਿਰੇ ਪਾਣੀ ਗੋਤੇ ਲਾਏ ।
ਫਿਰ ਵੀ ਚੰਦਰੀ ਦੂਰ ਨਾ ਜਾਏ ।
ਇਹ ਨਾ ਹੋਵੇ ਵੱਖ ਸਰੀਰੋਂ,
ਕੀਤੇ ਯਤਨ ਬੜੇ ।
ਮੇਰੀ ਪਰਛਾਈ
ਕਿਉਂ ਮੇਰੇ ਨਾਲ ਤੁਰੇ ।
ਇਕ ਦਿਨ ਪਰਛਾਈ ਨਜ਼ਰੀਂ ਭਰਿਆ ।
ਆਪਣਾ ਆਪ ਦੇਖ ਮੈਂ ਡਰਿਆ ।
ਹੱਥ ਜੋੜ ਤੋਬਾ ਮੈਂ ਕਰਿਆ ।
ਜਾ ਪੱਲਾ ਸੱਜਣਾ ਦਾ ਫੜਿਆ ।
ਸੱਜਣਾ ਦਿੱਤਾ ਸਬਕ ਨਾਮ ਦਾ,
ਬੈਠੀ ਨਾਮ ਪੜ੍ਹੇ ।
ਮੇਰੀ ਪਰਛਾਈ
ਕਿਉਂ ਮੇਰੇ ਨਾਲ ਤੁਰੇ ।
ਭੇਦ ਪਰਛਾਈ ਜਦ ਮੈਂ ਪਾਇਆ ।
ਆਪਣਾ ਆਪ ਮਾਰ ਮੁਕਾਇਆ ।
ਜਾ ਪਰਛਾਈ ਨਾਲ ਮਿਲਾਇਆ ।
ਧੰਨਵਾਦ ਮੈਨੂੰ ਸ਼ਬਦ ਪੜ੍ਹਾਇਆ ।
ਸ਼ਬਦ ਪਾਪ ਦੇ ਕਰੇ ਨਬੇੜੇ,
ਹੋਰ ਵੇ ਆਣ ਜੁੜੇ ।
ਮੇਰੀ ਪਰਛਾਈ
ਕਿਉਂ ਮੇਰੇ ਨਾਲ ਤੁਰੇ ।
ਰੀਸੋ-ਰੀਸ ਫ਼ਕੀਰ ਬਣੇ,
ਦੇਖ ਫ਼ਕੀਰ ਜਸ਼ ਗਾਣ ।।
ਤਨ ਤੇ ਚੋਲ਼ਾ ਹੱਥ ਵਿਚ ਮਾਲਾ,
ਵੰਡਣ ਲੱਗੇ ਗਿਆਨ ।।
ਸੁੱਖ ਆਰਾਮ ਤਿਆਗ ਨਾ ਹੋਏ,
ਕੀਤੀ ਨਾ ਬੰਦ ਦੁਕਾਨ ।।
ਆਲਸ ਮੇਰੇ ਹੱਡੀਂ ਰਚਿਆ,
ਜਿਸਮ 'ਚ ਰਹੀ ਨਾ ਜਾਨ ।।
ਭੁੱਖ ਤਿਆਗ ਰੋਜੇ ਰੱਖੇ,
ਹੋਈ ਨਾ ਬੰਦ ਜ਼ੁਬਾਨ ।।
ਰੱਬ ਮਿਲਣ ਦੇ ਰਾਹ ਦਿਖਾਵਾਂ,
ਆਪ ਨਾ ਮਿਲੇ ਭਗਵਾਨ ।।
ਬੈਠ ਇਕਾਗਰ ਮਣੀ ਫੇਰਾਂ,
ਮਨ ਭੱਟਕੇ ਜਹਾਨ ।।
ਪੰਜ ਵਿਕਾਰ ਮੇਰੇ ਵਸੇ,
ਕਿਵੇਂ ਕਰਾਂ ਕੁਰਬਾਨ ।।
ਬੈਠ ਸਮਾਧੀ ਨਾਮ ਉਚਾਰਾਂ,
ਮਨ ਭਰਿਆ ਅਭਿਮਾਨ ।।
ਜੋ ਕੁੱਝ ਦੇਖਿਆ ਓਹੀ ਕੀਤਾ,
ਫਿਰ ਵੀ ਨਾ ਮਿਲੇ ਭਗਵਾਨ ।।
ਦੱਸ ਰੱਬਾ ਤੇਰੇ ਜਹਾਨ ਵਿਚ
ਚੰਗਿਆਈ ਹੀ ਕਿਉਂ ਮਰਦੀ ਏ ।
ਕੋਲ ਤੇਰੇ ਬੁਰਾਈ ਲਈ
ਕੀ, ਕੋਈ ਮੌਤ ਨਹੀਂ ।।
ਡਰੇ-ਡਰੇ ਸਹਿਮੇ-ਸਹਿਮੇ
ਸੱਚੇ ਹੀ ਕਿਉਂ ਰਹਿੰਦੇ ਨੇ ।
ਕਿਸੇ ਦਾ ਝੂੱਠੇ ਨੂੰ
ਕੀ, ਕੋਈ ਖੌਫ਼ ਨਹੀਂ ।।
ਹੱਸ ਨਾ ਮੇਰੇ ਤੇ
ਨਾ ਉਡਾ ਮਜ਼ਾਕ ।
ਇਹ ਹਕੀਕਤ ਹੈ
ਕੀ, ਕੋਈ ਜੋਕ ਨਹੀਂ ।।
ਇਹ ਗ਼ਲਤ ਇਹ ਨਾ ਕਰ
ਸਭ ਰੋਕਾਂ ਚੰਗੇ ਨੂੰ ਹੈ ।
ਪਰ ਪਾਪ ਲਈ ਤੇਰੇ ਕੋਲ
ਕੀ, ਕੋਈ ਰੋਕ ਨਹੀਂ ।।
ਕਿਸ ਤੋਂ ਕਰੀਏ ਆਸ ਰੱਬਾ
ਕਿਸ ਤੇ ਕਰੀਏ ਵਿਸਵਾਸ਼ ।
ਲੰਕਾ ਢਾਹੁਣ ਵਾਲੇ ਆਪਣੇ ਨੇ
ਕੀ, ਕੋਈ ਲੋਕ ਨਹੀਂ ।।
ਕੌਣ ਹੈ ਮਾਂ ਕੌਣ ਹੈ ਬਾਪ
ਸੱਭ ਨੂੰ ਜਾਪੇ ਆਪਣਾ ਆਪ ।
ਦੂਜਿਆਂ ਲਈ ਕਿਸੇ ਕੋਲ
ਕੀ , ਕੋਈ ਸੋਚ ਨਹੀਂ ।।
ਆਪਣੇ ਦੁੱਖ ਤੇ ਤਾਂ ਕੇਰੇ ਹੰਝੂ
ਹੋਰਾਂ ਦਾ ਦੁੱਖ ਮਜ਼ਾਕ ।
ਕਿਸੇ ਦੇ ਮਰੇ ਤੇ ਕਿਸੇ ਨੂੰ
ਕੀ , ਕੋਈ ਸ਼ੌਕ ਨਹੀਂ ।।
ਬੁਰਾਈ ਨੂੰ ਜੋ ਮਾਰ ਮੁਕਾਏ
ਕਰੇ ਗਿਆਨ ਦਾ ਚਾਨਣ ।
ਦੱਸ ਰੱਬਾ ਤੇਰੇ ਜਹਾਨ ਵਿਚ
ਕੀ , ਅਜਿਹੀ ਕੋਈ ਜੋਤ ਨਹੀਂ ।।
ਕਰੇ ਦੂਰ ਪਾਪ ਹਨੇਰਾ
ਕੱਟ ਦੇਵੇ ਝੂੱਠ ਦੇ ਪੈਰ ।
ਐਸੀ ਸੱਚ ਦੀ ਜਹਾਨ ਵਿਚ
ਕੀ , ਕੋਈ ਨੋਕ ਨਹੀਂ ।।