Surjit Kaur Sakhi
ਸੁਰਜੀਤ ਕੌਰ ਸਖੀ

Punjabi Writer
  

Surjit Kaur Sakhi Punjabi Poetry

ਸੁਰਜੀਤ ਕੌਰ ਸਖੀ ਪੰਜਾਬੀ ਰਾਈਟਰ

1. ਭਿਆਨਕ ਰਾਤ ਬੇਸ਼ਕ ਸ਼ੂਕਦੀ

ਭਿਆਨਕ ਰਾਤ ਬੇਸ਼ਕ ਸ਼ੂਕਦੀ
ਕਾਲੀ ਨਜ਼ਰ ਆਏ,
ਪਰ ਇਸ ਦੇ ਨਾਲ ਹੀ,
ਸਰਘੀ ਦੀ ਵੀ ਲਾਲੀ ਨਜ਼ਰ ਆਏ।

ਇਹ ਨਵੀਆਂ ਬਸਤੀਆਂ, ਇੱਟਾਂ,
ਇਹ ਪੱਥਰ, ਦੂਰ ਤੱਕ ਰੇਤਾ,
ਭਲਾ ਏਥੇ ਕਿਵੇਂ, ਸਾਵਣ 'ਚ
ਹਰਿਆਲੀ ਨਜ਼ਰ ਆਏ।

ਇਮਾਰਤ ਖੋਖਲੀ ਹੈ,
ਚਮਕਦੇ ਰੰਗਾਂ ਦਾ ਧੋਖਾ ਹੈ,
ਬੜੀ ਵਕਤੀ ਜਿਹੀ ਹੈ,
ਇਹ ਹੋ ਖੁਸ਼ਹਾਲੀ ਨਜ਼ਰ ਆਏ।

ਮੇਰੇ ਸਾਕੀ, ਮੁਹੱਬਤ ਹੈ,
ਤਿਰੀ ਰਹਿਮਤ ਦਾ ਪੈਮਾਨਾ,
ਸਦਾ ਭਰਿਆ ਰਹੇ ਪਰ
ਦੁਨੀਆਂ ਨੂੰ ਖਾਲੀ ਨਜ਼ਰ ਆਏ।

2. ਸੱਯਾਦ ਜਦ ਵੀ ਗੁਜ਼ਰੇ

ਸੱਯਾਦ ਜਦ ਵੀ ਗੁਜ਼ਰੇ,
ਇਸ ਗੁਲਸਿਤਾਨ ਕੋਲੋਂ,
ਡਰ ਜਾਣ ਸਭ ਪਰਿੰਦੇ,
ਖਾਲੀ ਕਮਾਨ ਕੋਲੋਂ।

ਕੰਧਾਂ ਦੇ ਨਾਲ ਲਗ ਕੇ,
ਰੋਣਾ ਪਿਆ ਹੈ ਮੈਨੂੰ,
ਕੀ ਹਾਲ ਪੁੱਛ ਲਿਆ ਮੈਂ,
ਉਜੜੇ ਮਕਾਨ ਕੋਲੋਂ।

ਕੋਈ ਸੀ ਜਦ ਮੁਖਾਤਿਬ,
ਤਾਂ ਸੌਂ ਗਈ ਸੀ ਦੁਨੀਆਂ,
ਕੀ ਦਾਸਤਾਂ ਸੁਣੋਗੇ,
ਹੁਣ ਬੇਜ਼ੁਬਾਨ ਕੋਲੋਂ।

ਆਪਣੇ ਉਦਾਸ ਘਰ 'ਚੋਂ,
ਮੈਂ ਢੂੰਡਿਆ ਨਾ ਤੈਨੂੰ,
ਪੁੱਛਿਆ ਤਿਰਾ ਪਤਾ ਮੈਂ,
ਨਿੱਤ ਅਸਮਾਨ ਕੋਲੋਂ।

ਚੌਰਾਹਿਆਂ 'ਚ ਇਸ ਨੇ
ਕੀ ਬਾਲਣਾ ਏ ਸੂਰਜ,
ਦੀਵਾ ਤਾਂ ਬਲ ਨਾ ਸਕਿਆ,
ਇਸ ਹੁਕਮਰਾਨ ਕੋਲੋਂ।

3. ਦਿਨ ਰਾਤ ਜਿਨ੍ਹਾਂ ਦੇ ਸਜਦੇ ਵਿਚ

ਦਿਨ ਰਾਤ ਜਿਨ੍ਹਾਂ ਦੇ ਸਜਦੇ ਵਿਚ,
ਇਹ ਕੱਚੀਆਂ ਕੰਧਾਂ ਖੜ੍ਹੀਆਂ ਨੇ,
ਉਹ ਰਿਸ਼ਮਾਂ ਪਹਿਲੇ ਪਹਿਰ ਦੀਆਂ,
ਕਿਸ ਨੂਰਮਹਿਲ ਤੇ ਅੜੀਆਂ ਨੇ।

ਨਿੱਤ ਆਲ੍ਹਣਿਆਂ ਵਿਚ ਖੁਸ਼ ਰਹਿਣਾ,
ਹੁਣ ਚਿੜੀਆਂ ਦੀ ਤਕਦੀਰ ਨਹੀਂ,
ਜੇ ਬਿਜਲੀ ਕੋਲੋਂ ਬਚੀਆਂ ਤਾਂ,
ਸ਼ਿਕਰੇ ਦੀ ਨਜ਼ਰੇ ਚੜ੍ਹੀਆਂ ਨੇ।

ਦਿਨ ਰਾਤ ਅਨਾਹਦ ਨਾਦ ਵੱਜੇ,
ਹਰ ਪਲ ਤਿਆਰੀ ਮਹਿਫਲ ਦੀ,
ਅੰਬਰ ਦਾ ਸਾਏਬਾਨ ਫੜੀ,
ਦਿਨ ਰਾਤ ਦਿਸ਼ਾਵਾਂ ਖੜ੍ਹੀਆਂ ਨੇ।

ਕੁਝ ਰਸਤਾ ਬੀਆਬਾਨ ਜਿਹਾ,
ਕੁਝ ਲੁਕਣਮੀਟੀ ਮੰਜ਼ਲ ਦੀ,
ਫਿਰ ਹੋਈਆਂ ਸਾਡੇ ਰਹਿਬਰ ਤੋਂ,
ਕੁਝ ਬੇਪਰਵਾਹੀਆਂ ਬੜੀਆਂ ਨੇ।

ਪਾਬੰਦ ਫਿਜ਼ਾ ਵਿਚ ਸਾਡੇ ਤੋਂ,
ਪਾਬੰਦ ਇਬਾਦਤ ਨਾ ਹੋਈ,
ਬਿਨ ਈਦ ਨਿਭਾਏ ਨੇ ਰੋਜ਼ੇ,
ਬੇਵਕਤ ਨਮਾਜ਼ਾਂ ਪੜ੍ਹੀਆਂ ਨੇ।

4. ਸਿਤਾਰੇ ਬਣ ਕੇ ਚਮਕਾਂਗੇ

ਸਿਤਾਰੇ ਬਣ ਕੇ ਚਮਕਾਂਗੇ,
ਘਟਾਵਾਂ ਬਣ ਕੇ ਛਾਵਾਂਗੇ,
ਅਸੀਂ ਆਕਾਸ਼ ਤੇਰੇ 'ਤੇ,
ਕਈ ਰੰਗਾਂ 'ਚ ਆਵਾਂਗੇ।

ਸਰੀਰਕ ਸ਼ਾਂਤੀ ਖਾਤਰ,
ਅਸੀਂ ਪੱਛਮ 'ਚ ਆਏ ਹਾਂ,
ਤੇ ਮੁੜ ਕੇ ਆਤਮਕ ਤ੍ਰਿਪਤੀ ਲਈ,
ਪੂਰਬ 'ਚ ਜਾਵਾਂਗੇ।

ਇਹ ਚਾਦਰ ਪਾਰਦਰਸੀ ਹੈ,
ਤੇ ਮੈਲੀ ਗੰਢੜੀ ਸਾਡੀ,
ਸ਼ਰੀਕਾਂ ਦੇ ਮੁਹੱਲੇ ਵਿਚ,
ਇਹਨੂੰ ਕਿੱਥੇ ਲੁਕਾਵਾਂਗੇ।

ਕਰੀਬੀ ਸਾਕ ਨੇ ਸਾਡੇ,
ਇਹ ਕੰਡੇ, ਜ਼ਹਿਰ ਤੇ ਸੂਲੀ,
ਜੇ ਕਿਧਰੇ ਆ ਬਣੀ,
ਤਾਂ ਬੇਧੜਕ ਰਿਸ਼ਤਾ ਨਿਭਾਵਾਂਗੇ।

ਸਨਾਤਨ ਰੂਪ ਚੇਤਨ ਦਾ,
ਸਦੀਵੀ ਨੂਰ ਦੇ ਵੰਸ਼ਜ,
ਅਸੀਂ ਜਿਥੇ ਵੀ ਹੋਵਾਂਗੇ,
ਹਮੇਸ਼ਾ ਜਗਮਗਾਵਾਂਗੇ।

5. ਇਹ ਪੱਤਝੜ ਦੀ ਤੇਜ਼ ਹਵਾ

ਇਹ ਪੱਤਝੜ ਦੀ ਤੇਜ਼ ਹਵਾ,
ਇਹ ਮੌਸਮ ਬੇਇਤਬਾਰੀ ਦਾ,
ਬਿਨ ਦਸਤਕ, ਟੱਪ ਔਣ ਵਰੋਲੇ,
ਬੂਹਾ ਚਾਰਦੀਵਾਰੀ ਦਾ।

ਮੈਂ ਤਾਂ ਆਪਣਾ ਖੂਨ ਵਹਾ ਕੇ,
ਧੋਵਾਂ ਚਿਹਰੇ ਫੁੱਲਾਂ ਦੇ,
ਕੀ ਜਾਣਾਂ, ਬਾਗੀਂ ਲੱਗੀਆਂ,
ਨਜ਼ਰਾਂ ਨੂੰ ਕਿਵੇਂ ਉਤਾਰੀਦਾ।

ਸਿਮ੍ਰਤੀਆਂ ਵਿਚ ਜੰਗਲ ਵੱਸਦਾ,
ਲੋਕੀਂ ਬਣੇ ਮਸ਼ੀਨਾਂ ਵਾਂਗ,
ਜਿਉਂ ਪਿੰਜਰੇ ਦਾ ਪੰਛੀ ਕੋਈ,
ਸੁਪਨਾ ਲਵੇ ਉਡਾਰੀ ਦਾ।

ਮੀਂਹ, ਗਰਦਿਸ਼, ਤੂਫਾਨ ਹਨੇਰੀ,
ਤੇਰੇ ਸਿਰ ਤੋਂ ਗੁਜ਼ਰੇ ਨੇ,
ਮਿੱਤਰਾ। ਫਿਰ ਵੀ ਝਮ ਝਮ ਕਰਦੈ,
ਰੰਗ ਤੇਰੀ ਫੁਲਕਾਰੀ ਦਾ।

ਉਹ ਤੇ ਉਸ ਦੇ ਜੰਗਲ ਪਰਬਤ,
ਦਿਲ ਦੇ ਅੰਬਰ ਰਹਿੰਦੇ ਨੇ,
ਫੁਰਸਤ ਦਾ ਪਲ ਪਲ ਅੱਜ ਕੱਲ੍ਹ,
ਉਸ ਦੇ ਨਾਲ ਗੁਜ਼ਾਰੀਦਾ।

6. ਪਹਿਲੀ ਕਿਰਨ ਦਾ ਨੂਰ ਤਾਂ, ਸੋਨਾ ਜਿਵੇਂ ਬਿਖਰਾ ਗਿਆ

ਪਹਿਲੀ ਕਿਰਨ ਦਾ ਨੂਰ ਤਾਂ, ਸੋਨਾ ਜਿਵੇਂ ਬਿਖਰਾ ਗਿਆ,
ਜਾਗੋ ਵੇ ਬਸਤੀ ਵਾਲਿਉ, ਸੂਰਜ ਸਿਰਾਂ ਤੇ ਆ ਗਿਆ ॥

ਸੁੱਤੇ ਰਹੋ ਦੁਪਹਿਰ ਤੱਕ, ਤਾਂ ਕੀ ਬਣੇਗਾ ਜੇ ਕਦੇ,
ਸੋਹਣਾ ਜਿਹਾ ਸੁਪਨਾ ਕੋਈ, ਅਖਾਂ 'ਚ ਹੀ ਪਥਰਾ ਗਿਆ॥

ਗਰਮੀ 'ਚ ਧੁੱਪੇ ਬੈਠ ਕੇ, ਭਾਸ਼ਣ ਉਨ੍ਹਾਂ ਦਾ ਸੁਣਦਿਆਂ,
ਕਈਆਂ ਦਾ ਸਿਰ ਚਕਰਾ ਗਿਆ, ਕਈਆਂ ਦਾ ਦਿਲ ਘਬਰਾ ਗਿਆ ॥

ਫੁਲਾਂ ਦੇ ਪਾ ਕੇ ਹਾਰ ਗਲ, ਆਏ ਨੇ ਰਾਖੇ ਬਾਗ਼ ਦੇ,
ਲਗਰਾਂ ਨੇ ਨੀਵੀਂ ਪਾ ਲਈ, ਕਲੀਆਂ 'ਚ ਮਾਤਮ ਛਾ ਗਿਆ॥

ਹਰ ਬੂੰਦ ਵਿਚ ਨੇ ਬਿਜਲੀਆਂ, ਹਰ ਲਹਿਰ ਵਿਚ ਤੂਫ਼ਾਨ ਹੈ,
ਚੜ੍ਹਦੀ ਨਦੀ ਨੇ ਖੋਰਨੈ, ਪਰਬਤ ਵੀ ਜੇ ਟਕਰਾ ਗਿਆ ॥

7. ਨਹੀਂ ਜਾਰੀ ਸਫ਼ਰ ਦੀਵੇ ਦਾ ਇਸ ਵਕਤੀ ਉਜਾਲੇ ਤੱਕ

ਨਹੀਂ ਜਾਰੀ ਸਫ਼ਰ ਦੀਵੇ ਦਾ ਇਸ ਵਕਤੀ ਉਜਾਲੇ ਤੱਕ,
ਇਨ੍ਹੇ ਬਲਦੇ ਹੀ ਰਹਿਣਾ ਹੈ, ਨਿਰੰਤਰ ਪਹੁ ਫੁਟਾਲੇ ਤੱਕ।।

ਕੁਰਾਹੇ ਰਹਿਬਰਾਂ ਪਾਇਆ ਯਾ ਮੰਜ਼ਿਲ ਹੀ ਛਲਾਵਾ ਹੈ
ਜ਼ਮਾਨੇ ਤੁਰਦਿਆਂ ਹੋਏ, ਅਧੂਰੀ ਵਾਟ ਹਾਲੇ ਤਕ ॥

ਅਜੋਕੇ ਹਾਦਸੇ ਐਸੇ ਨੇ, ਹਰ ਇਕ ਹਾਦਸੇ ਮਗਰੋਂ,
ਕਈ ਦਿਨ ਡਰ ਜਿਹਾ ਛਾਇਆ ਰਹੇ ਆਲੇ ਦੁਆਲੇ ਤਕ ॥

ਕਈ ਜ਼ਹਿਰੀਲੀਆਂ ਗੈਸਾਂ ਦੇ ਧੂੰਏਂ, ਸੇਕ ਭੱਠੀਆਂ ਦੇ,
ਉਡਾ ਕੇ ਰੰਗ ਧਰਤੀ ਦਾ ਤੇ ਜਾ ਪਹੁੰਚੇ ਹਿਮਾਲੈ ਤਕ ॥

ਕਿਸੇ ਦਿਨ ਹਾਰ ਕੇ ਸਿੱਧੇ ਅਸਿੱਧੇ ਹੱਥ ਪਹੁੰਚਣਗੇ,
ਅਸਾਨੂੰ ਰੋਜ਼ ਨਵੀਆਂ ਉਲਝਣਾਂ ਵਿਚ ਪਾਉਣ ਵਾਲੇ ਤੱਕ ॥

8. ਚੰਚਲ ਨਦੀ ਹੈ ਸ਼ਾਂਤ ਹੁਣ , ਵੇਲਾ ਇਕਾਗਰ ਹੋਣ ਦਾ

ਚੰਚਲ ਨਦੀ ਹੈ ਸ਼ਾਂਤ ਹੁਣ , ਵੇਲਾ ਇਕਾਗਰ ਹੋਣ ਦਾ,
ਹਰ ਬੂੰਦ ਅੰਦਰ ਮਚਲਦਾ, ਸੁਪਨਾ ਸਮੁੰਦਰ ਹੋਣ ਦਾ ॥

ਸਮਝੇ ਬਿਨਾਂ, ਇਕ ਦੂਸਰੇ ਤੋਂ, ਤੇਜ਼ ਦੌੜਨ ਦੀ ਜਗ੍ਹਾ,
ਚੰਗਾ ਸੀ ਕੋਈ ਸ਼ੌਂਕ ਇਕ-ਦੂਜੇ ਤੋਂ ਬਿਹਤਰ ਹੋਣ ਦਾ ।

ਉਸਦੀ ਵਪਾਰਕ ਸੋਚ ਨੇ, ਬੰਦੇ ਤੋਂ ਬੰਦਾ ਤੋੜਿਐ
ਫਿਰ ਕਿਉਂ ਉਦ੍ਹਾ ਦਾਅਵਾ ਵੀ ਹੈ, ਸਭਦੇ ਬਰਾਬਰ ਹੋਣ ਦਾ ॥

ਹਰ ਬੂੰਦ ਪਾਣੀ ਸਾਂਭ ਕੇ, ਮਾਰੂਥਲਾਂ ਵੱਲ ਮੋੜ ਦੇ,
ਧਰਤੀ ਨੂੰ ਕਿਧਰੇ ਨਾ ਰਹੇ, ਅਫਸੋਸ ਬੰਜਰ ਹੋਣ ਦਾ॥

ਲਗਦੈ ਤਿਰੀ, ਦਰਿਆ ਦਿਲੀ, ਕੁਝ ਦੇਰ ਦੀ ਮਹਿਮਾਨ ਹੈ,
ਬਣਦਾ ਹੈ ਹੱਕ, ਲੋਕਾਂ ਦਾ ਹੁਣ, ਤੇਰੇ ਤੋਂ ਮੁਨਕਰ ਹੋਣ ਦਾ।