ਪੰਜਾਬੀ ਗ਼ਜ਼ਲਾਂ ਸੁਹਿੰਦਰ ਬੀਰ ਸਿੰਘ
ਹਵਾ ਬਦਲੀ ਜ਼ਮਾਨੇ ਦੀ, ਰਤਾ-ਮਾਸਾ ਬਦਲ ਤੂੰ ਵੀ!
ਸਮੇਂ ਦੇ ਹਾਣ ਦਾ ਹੋ ਜਾ, ਮਿਲਾ ਕੇ ਕਦਮ ਚਲ ਤੂੰ ਵੀ!
ਹਵਾ ਹੈ ਬਦਲਦੀ ਰਹਿੰਦੀ, ਨਹੀਂ ਇਕਸਾਰ ਇਹ ਵਗਦੀ
ਇਕਹਿਰੇ ਰੁਖ਼ ਕਿਉਂ ਤੁਰਦਾ, ਹਵਾ ਦੇ ਸੰਗ ਰਲ ਤੂੰ ਵੀ!
ਹਵਾ ਦੇ ਬਦਲ ਜਾਵਣ 'ਤੇ, ਸ਼ਖ਼ਸ ਨੇ ਝੂਰਦੇ ਵੇਖੇ
ਨਿਰਾਲੀ ਤੋਰ ਇਸਦੀ ਹੈ, ਨ ਉਹਨਾਂ ਵਾਂਗ ਜਲ ਤੂੰ ਵੀ!
ਜਿਸਮ ਅਪਣੇ ਉਪਰ ਤੂੰ ਵੀ, ਨਵਾਂ ਹੀ ਪਹਿਨ ਲੈ ਬਾਣਾ
ਨਹੀਂ ਜੇ ਪਹਿਨਣਾ ਤਾਂ ਬਣ, ਸਮੇਂ ਬੀਤੇ ਦਾ ਪਲ ਤੂੰ ਵੀ!
ਹਵਾ ਨੇ ਬਦਲਨਾ ਹੁੰਦਾ, ਹਵਾ ਨੂੰ ਬਦਲ ਜਾਵਣ ਦੇ
ਹਵਾ ਸੰਗ ਬਦਲਦੇ ਨ ਜੋ, ਉਨ੍ਹਾਂ ਦੇ ਵਿਚ ਰਲ ਤੂੰ ਵੀ!
ਵਜਾ ਕੇ ਬੰਸਰੀ ਅਪਣੀ, ਸੁਰਾਂ ਨਾ ਮਾਤਮੀ ਹੀ ਕੱਢ
ਹਵਾ ਵਿਚ ਤੁਰਦਿਆਂ ਦੀ ਯਾਦ ਵਿਚ ਆਏਂਗਾ ਕੱਲ ਤੂੰ ਵੀ!
ਜੇ ਜੀਣਾ ਚਾਰ ਦਿਹਾੜੇ ਤਾਂ, ਅੱਖੀਆਂ ਵਿਚ ਖ਼ਾਬ ਸਜਾਉਂਦਾ ਰਹੀ
ਮੰਜ਼ਿਲ ਪਾਵੇਂ ਜਾਂ ਨ ਪਾਵੇਂ, ਰਾਹਾਂ ਤੇ ਕਦਮ ਟਿਕਾਉਂਦਾ ਰਹੀ
ਅੱਜ ਕੱਲ ਤਾਂ ਹਰ ਇਕ ਬੰਦਾ ਹੀ, ਨਿੱਜਤਾ ਦੇ ਖੂਹ ਵਿਚ ਡੁੱਬਿਆ ਹੈ
ਤੂੰ ਦੇਖ ਦੁਖੀ ਹਮਸਾਇਆ ਨੂੰ, ਦੁੱਖ-ਦਰਦ ਹਮੇਸ਼ ਵੰਡਾਉਂਦਾ ਰਹੀ
ਹਰ ਪਾਸੇ ਮਾਰੋ ਮਾਰ ਪਈ, ਇਹ ਕੈਸਾ ਮੌਸਮ ਆਇਆ ਹੈ?
ਇਨ੍ਹਾਂ ਲੋਟੂਆਂ, ਡਾਕੂਆਂ, ਚੋਰਾਂ ਦੇ, ਅਸਲੀ ਕਿਰਦਾਰ ਦਿਖਾਉਂਦਾ ਰਹੀ
ਇਸ ਧਰਤੀ ਤੇ ਕਈ ਜ਼ੋਰਾਵਰ, ਆਏ ਸੀ ਧੌਂਸ ਜਮਾਵਣ ਲਈ
ਇਨ੍ਹਾਂ ਨ੍ਹੇਰੀਆਂ-ਝੱਖੜਾਂ ਲੰਘ ਜਾਣਾ,ਤੂੰ ਸੱਚ ਦੀ ਅਲਖ ਜਗਾਉਂਦਾ ਰਹੀ
ਜਦੋਂ ਫ਼ਰਿਆਦ ਨਹੀਂ ਸੁਣਦਾ , ਝੁਕਾ ਕੇ ਸੀਸ ਕੀ ਕਰਨਾ
ਝੁਕਾਵਣ ਵਾਸਤੇ ਉਸਨੂੰ, ਤਲੀ 'ਤੇ ਸੀਸ ਇਹ ਧਰਨਾ
ਸੁਣਾਵਣ ਵਾਸਤੇ ਦੁੱਖੜਾ, ਗਿਆ ਹਾਂ ਜਦ ਕਦੇ ਵੀ ਮੈਂ
ਹਕੂਮਤ ਨੇ ਬਣਾ ਦਿਤਾ, ਹੈ ਮੈਨੂੰ ਖੇਤ ਦਾ ਡਰਨਾ
ਜਿਦ੍ਹੇ ਸਿਰ 'ਤੇ ਸਜਾਈ ਸੀ, ਕਦੇ ਮੈਂ ਆਪ ਹੀ ਕਲਗ਼ੀ
ਉਹੀ ਹੁਣ ਆਖਦਾ ਮੈਨੂੰ, ਧਰਤ ਤੋਂ ਹੈ ਫ਼ਨਾ ਕਰਨਾ
ਸਜਾ ਕੇ ਦੇਖ ਲਓ ਮੇਰੇ, ਵੀ ਸੀਨੇ ਤੇ ਕਦੇ ਫ਼ੀਤੇ
ਕਰਾਂ ਜੇ ਬੋਲ ਨਾ ਪੂਰੇ, ਜਿਸਮ ਤੋ ਸਿਰ ਜੁਦਾ ਕਰਨਾ
ਦਿਲਾਂ ਵਿਚ ਦਰਦ ਤੇ ਨਾ ਬਦਨ ਦੇ ਵਿਚ ਖ਼ੂਨ ਏਨ੍ਹਾਂ ਦੇ
ਕੁਹਾੜਾ ਬੀਰ ਏਨ੍ਹਾਂ ਦਾ, ਅਸਾਡੇ ਤੇ ਸਦਾ ਵਰ੍ਹਨਾ
ਹਕੂਮਤ ਦਾ ਨਸ਼ਾ ਜਦ ਵੀ, ਲਹੂ ਵਿਚ ਰਕਸ ਕਰਦਾ ਹੈ
ਪਿਆਦਾ ਵੀ ਸਮਝਦਾ ਹੈ, ਖ਼ੁਦਾ ਤੋਂ ਹੁਣ ਨਹੀਂ ਡਰਨਾ
ਜੀਣ ਲਈ ਦੋ ਰੋਟੀਆਂ , ਕੜਛੀ ਦਾਲ ਬੜੇ
ਭੁੱਖਾਂ ਦੇ ਪਰ ਸਾਗਰ ਹੋਣ ਵਿਸ਼ਾਲ ਬੜੇ
ਪੇਟ ਦੀ ਭੁੱਖ ਤਾਂ ਦਹੁੰ-ਚਹੁੰ ਬੁਰਕੀਆਂ ਨਾਲ ਮਿਟੇ
ਜ਼ਿਹਨੀ ਭੁੱਖ ਲਈ ਲੱਗ ਜਾਂਦੇ ਨੇ ਸਾਲ ਬੜੇ
ਛੱਡ ਦੇ ਕੁਝ ਗ਼ਰੀਬ-ਗ਼ੁਰਬਿਆਂ ਦੇ ਲਈ ਵੀ
ਭਰ ਭਰ ਕੇ ਤੂੰ ਕੋੜਮੇ ਲਏ ਨੇ ਗਾਲ ਬੜੇ
ਤੂੰ ਸੋਨੇ ਦੀ ਕੁਟੀਆ ਵਿਚ ਸੌ ਜਾਣਾ ਏ
ਰਹਿ ਜਾਣੇ ਨੇ ਸੋਨ-ਸੁਨਹਿਰੀ ਜਾਲ ਬੜੇ
ਦੇਸ਼ ਦੀ ਗ਼ੁਰਬਤ ਤੋਂ ਜੋ ਉਕਤਾ ਰਹੇ
ਸਾਗਰਾਂ ਤੋਂ ਪਾਰ ਨੇ ਉਹ ਜਾ ਰਹੇ।
ਦੇਸ਼ ਅੰਦਰ ਬਹੁਤ ਨੇ ਦੁਸ਼ਵਾਰੀਆਂ
ਖਾਬ ਪਲਕਾਂ ਵਿਚ ਨਵੇਂ ਲਟਕਾ ਰਹੇ।
ਦੇਸ ਜੈਸਾ ਵੇਸ ਤੈਸਾ ਪਾਵਣਾ
ਸੂਈ ਦੇ ਨਕੇ ‘ਚ ਲੰਘਣ ਜਾ ਰਹੇ।
ਜੋ ਚੁਬਾਰੇ ਸੁਖ ਛਜੂ ਦੇ ਨਾ ਕਿਤੇ
ਕਾਫਲੇ ਪਰ ਫੇਰ ਤੁਰਦੇ ਜਾ ਰਹੇ।
ਪਾਠ ਉਲਟਾ ਪੜ੍ਹ ਲਿਆ ਹੈ ਮਜ਼੍ਹ੍ਹਬ ਦਾ
ਮਸਜਿਦਾਂ ਢਾਹ ਕੇ ਮੰਦਿਰ ਬਣਵਾ ਰਹੇ।
ਕਦਮ ਸਾਬਿਤ ਇਕ ਕਦੇ ਧਰਿਆ ਨਹੀਂ
ਢੋਲ ਰਾਜੇ ਫਿਰ ਕਿਉਂ ਵਜਵਾ ਰਹੇ।
ਜੋ ਕਦੇ ਜਪਦੇ ਗੁਰਾਂ ਦਾ ਨਾਮ ਸੀ
ਹੁਣ ਵਤਨ ਤੋਂ ਬਾਹਰ ਦੀ ਰਟ ਲਾ ਰਹੇ।
ਹੀਰ ਬਦਲੇ ਭੇਸ ਰਾਂਝੇ ਬਦਲਿਆ
ਯੁਵਕ ਅਜ ਪਰਵਾਸ ਬਾਣਾ ਪਾ ਰਹੇ ।
ਵੇਖ ਨੇਕਾਂ ਰੰਗ ਦੇ ਨੇ ਲੋਕ ਇਹ
ਇਕ ਕਿਆਰੀ ਵਿਚ ਖਿੜੇ ਮੁਸਕਾ ਰਹੇ।
ਰਿਹਾ ਰਹਿਬਰ ਨਹੀਂ ਕੋਈ, ਕਿ ਜੋ ਰਸਤਾ ਦਿਖਾ ਦੇਵੇ
ਭਲਾ ਬੰਦਾ ਨਹੀਂ ਦਿਸਦਾ, ਡਿੱਗੇ ਨੂੰ ਜੋ ਉਠਾ ਦੇਵੇ।
ਜ਼ਮਾਨਾ ਜੰਗਲੀ ਹੁੰਦਾ, ਸਬਕ ਤਹਿਜ਼ੀਬ ਦੇ ਦੇਂਦੇ
ਭਲਾ ਆਲਮ ਤੇ ਫ਼ਾਜ਼ਿਲ ਨੂੰ, ਕੋਈ ਕੀਕਣ ਪੜ੍ਹਾ ਦੇਵੇ।
ਬੜੇ ਆਏ ਮੁਹੱਬਤ ਦਾ ਸੁਨੇਹਾ ਲੈ ਕੇ ਧਰਤੀ ‘ਤੇ
ਨਹੀਂ ਮਿਲਿਆ ਰਿਸ਼ੀ ਬੰਦੇ ਨੂੰ ਜੋ ਬੰਦਾ ਬਣਾ ਦੇਵੇ।
ਕਸਾਬ ਆਇਆ ਕਰਾਚੀ ਤੋਂ ਕਸਮ ਖਾ ਕੇ ਤਬਾਹੀ ਦੀ
ਖ਼ਬਰ ਆਪਣੀ ਵਿਰਾਸਤ ਦੀ ਕੋਈ ਉਸ ਨੂੰ ਸੁਣਾ ਦੇਵੇ।
ਜੋ ਲੀਕਾਂ ਨੀਰ ਵਿੱਚ ਪਾਵੇ ਮਜ਼੍ਹਬ ਕੋਈ ਨਹੀਂ ਐਸਾ
ਖ਼ੁਦਾ ਦੇ ਆਦਮੀ ਨੂੰ ਇਹ ਕਿਵੇਂ ਦਾਨਵ ਬਣਾ ਦੇਵੇ।
ਚਲੋ ਐਸੇ ਗੁਰੂ ਦੀ ਰਲਕੇ ਆਪਾਂ ਭਾਲ ਸਭ ਕਰੀਏ
ਜੋ ਕਤਲਗਾਹ ‘ਚ ਵੀ ਸੂਹੇ ਜਿਹੇ ਕੁੱਝ ਫੁੱਲ ਖਿੜਾ ਦੇਵੇ।
‘ਜਹਾਦੋ’ ਕੋਈ ਵੀ ਰਸਤਾ, ਨਹੀਂ ਜੱਨਤ ਵੱਲ ਜਾਂਦਾ
ਕਿਸੇ ਥਾਂ ਇਸ ਤਰ੍ਹਾਂ ਲਿਖਿਆ, ਕੋਈ ਮੈਨੂੰ ਦਿਖਾ ਦੇਵੇ।
ਜੋ ਤਪਦੇ ਰਸਤਿਆਂ ਵਿਚ ਪਾਲ ਬਿਰਖਾਂ ਦੀ ਲਗਾਉਂਦਾ ਹੈ
ਪੈਗੰਬਰ ਵੀ ਉਹਦੇ ਰਾਹਾਂ ‘ਚ ਆ ਕੇ ਸਿਰ ਝੁਕਾਉਂਦਾ ਹੈ।
ਜ਼ਮਾਨਾ ਉਸਦੇ ਰਾਹਾਂ ਵਿਚ ਵਿਛਾ ਕੇ ਨੈਣ ਬਹਿੰਦਾ ਹੈ
ਤਿਹਾਏ ਪੰਛੀਆਂ ਲਈ ਨੀਰ ਦੇ ਜੋ ਸਰ ਲਿਆਉਂਦਾ ਹੈ।
ਲੋਕਾਈ ਕੋਸਦੀ ਰਹਿੰਦੀ ਹੈ ਉਸਨੂੰ ਹਸ਼ਰ ਦੇ ਤੀਕਰ
ਜੋ ਛਾਂਵਾਂ ਵੰਡਦੇ ਬਿਰਖਾਂ ਦੀ ਜੜ੍ਹ ਵਿਚ ਤੇਲ ਪਾਉਂਦਾ ਹੈ।
ਉਹ ਬੰਦੇ ਹੋਰ ਹੋਵਣਗੇ ਜੋ ਰੱਖਦੇ ਬਗਲ ਵਿਚ ਛੁਰੀਆਂ
ਕਵੀ ਐਪਰ ਹਮੇਸ਼ਾਂ ਖ਼ੈਰ ਖਲਕਤ ਦੀ ਮਨਾਉਂਦਾ ਹੈ।
ਇਹ ਪਾਣੀ,ਪੌਣ,ਬੂਟੇ ਜਾਨ-ਸਾਹ-ਸਤ ਧਰਤ ਮਾਤਾ ਦੇ
ਖ਼ੁਦਾ ਇਹਨਾਂ ਲਈ ਅਪਣਾ ਲਹੂ ਪਾਣੀ ਵਹਾਉਂਦਾ ਹੈ
ਉਹਦੇ ਸਿਰ ਨੂੰ ਅਸੀਸਾਂ ਨੇ ਜੋ ਛਾਂਵਾਂ ਪਾਲਦਾ ਰਹਿੰਦਾ
ਖੁਦਾ ਵੀ ਬੰਦਿਆਂ ਦੇ ਭੇਸ ਵਿਚ ਧਰਤੀ ਤੇ ਆਉਂਦਾ ਹੈ।
ਉਹ ਸੂਰਜ ਹੈ ਹਨੇਰੇ ਘੁਰਨਿਆਂ ਵਿਚ ਰੌ ਹੈ
ਕਿਹੜਾ ਆਦਮੀ ਆਪਣੀ ਪਿਆ ਦੌਲਤ ਲਟਾਉਂਦਾ ਹੈ?
ਕਿਸੇ ਦੀ ਸੁਣਕੇ ਮਹਿਮਾਂ ਉਹ ਬਹੁਤ ਬੇਹਾਲ ਹੋ ਜਾਵੇ
ਬੜਾ ਸਨਕੀ ਜਿਹਾ ਬੰਦਾ ਸਦਾ ਦਿਲ ਨੂੰ ਦੁਖਾਉਂਦਾ ਹੈ।
ਮੁਹੱਬਤ ਕਰ ਰਹੇ ਬੰਦੇ, ਉਹਦੇ ਮਨ ਨੂੰ ਨਹੀਂ ਭਾਉਂਦਾ
ਬੜਾ ਹੈ ਨਾਗ ਜ਼ਹਿਰੀਲਾ, ਵਿਹੁ ਆਪਣਾ ਦਿਖਾਉਂਦਾ ਹੈ।
ਉਹ ਵਸਤਰ ਟਾਕੀਆਂ ਵਾਲਾ ਜੋ ਪਾ ਕੇ ਦਰ ਤੇ ਆਉਂਦਾ ਹੈ
ਉਹ ਮੈਨੂੰ ਦੇਸ਼ ਦੀ ਗ਼ੁਰਬਤ ਦਾ ਇਕ ਸ਼ੀਸ਼ਾ ਵਿਖਾਉਂਦਾ ਹੈ।
ਉਹ ਦਰਪਣ ਹੈ ਮੇਰੇ ਸਾਹਵੇਂ ਜੋ ਮੈਨੂੰ ਸੋਚ ਵਿਚ ਪਾਉਂਦਾ
ਕਫ਼ਨ ਵਿਚ ਕਿਸਤਰ੍ਹਾਂ ਬੰਦਾ ਬਦਨ ਆਪਣਾ ਹਢਾਉਂਦਾ ਹੈ।
ਹੈ ਕਿਹੜਾ ਬਸ਼ਰ ਏਥੇ ਯਾਦ ਜੋ ਗ਼ੁਰਬਤ ਨੂੰ ਰੱਖਦਾ ਹੈ
ਜੋ ਰੱਖਦਾ ਚੇਤਿਆਂ ਵਿਚ ਉਹ ਮਹਾ ਮਾਨਵ ਕਹਾਉਂਦਾ ਹੈ।
ਕਿਸੇ ਦੇ ਬਾਲ ਨੂੰ ਜੋ ਪਾਲਦੀ ਹੈ ਮਾਂ ਤੋਂ ਵੀ ਵੱਧ ਕੇ
ਉਹ ਦੇਵੀ ਹੈ, ਨਹੀਂ ਦਲਿਤ, ਉਹਦੇ ‘ਤੇ ਰਸ਼ਕ ਆਉਂਦਾ ਹੈ।
ਬਹੁਤ ਮੁਸ਼ਕਿਲ ਹੈ ਦੂਜੇ ਬਾਲ ਨੂੰ ਮੋਹ ਮਾਂ ਜਿਹਾ ਦੇਣਾ
ਨਗਰ ਵਿਚ ਬਾਲਕਾਂ ਦੀ ਪਿਆਸ ਨੂੰ ਕਿਹੜਾ ਬੁਝਾਉਂਦਾ ਹੈ।
ਨਗਰ ਵਿਚ ਵੇਖਕੇ ਅਨਾਥ ਬੱਚੇ ਪਿਘਲ ਜਾਂਦਾ ਹਾਂ
ਤੜਪ ਸੁਣ ਸੁਣ ਕੇ ਲਗਦਾ ਹੈ ਵਤਨ ਮੈਨੂੰ ਬੁਲ਼ਾਉਂਦਾ ਹੈ।
ਅਜੇ ਉਹ ਨਿਕਲ ਨਹੀਂ ਸਕਿਆ ਉਹਦੇ ਪੈਰਾਂ ‘ਚ ਦਲਦਲ ਹੈ
ਉਹ ਸਾਰੇ ਝੂਠ ਨੇ ਪਰਬਤ ਤੇ ਜੋ ਤੇਵਰ ਦਿਖਾਉਂਦਾ ਹੈ।
ਮੈਂ ਇਕ ਦੋ ਬਾਲ ਕੇ ਦੀਵੇ ਹੀ ਉਥੇ ਰੋਸ਼ਨੀ ਕਰ ਦਾਂ
ਹਨੇਰਾ ਜਿਸ ਜਗ੍ਹਾ ਰਹਿੰਦਾ ਤੇ ਦਿਨ ਦੀਵੀਂ ਡਰਾਉਂਦਾ ਹੈ।
ਮੈਂ ਹਰ ਅੱਖ ਵਿਚ ਵੇਖੇ ਨੇ ਗਹਿਰੇ ਦੁੱਖ ਦੇ ਅੱਥਰੂ
ਬਹੁਤ ਵੱਡਾ ਹੈ ਉਹ ਬੰਦਾ ਜੋ ਫਿਰ ਵੀ ਮੁਸਕਰਾਉਂਦਾ ਹੈ।
ਹਵਾਵਾਂ ਵਿਚ ਮੁਹੱਬਤ ਦਾ ਸੁਨੇਹਾ ਭਰ ਦਵੀਂ ਸ਼ਾਇਰ!
ਦਿਲਾਂ ਨੂੰ ਮੋਕ੍ਹਲਾ ਤੇ ਜੀਣ ਜੋਗਾ ਕਰ ਦਵੀਂ ਸ਼ਾਇਰ!
ਹੱਦਾਂ ਤੇ ਹਾਂ ਵਿਛਾ ਬੈਠੇ, ਅਸੀਂ ਜੋ ਅਗਨ ਇਹ ਤਾਰਾਂ
ਇਨ੍ਹਾਂ ਨੂੰ ਸੀਤ ਕਰਕੇ ਮਹਿਕ ਦੇ ਫੁੱਲ ਧਰ ਦਵੀਂ ਸ਼ਾਇਰ!
ਬਿਗਾਨੀ ਆਸ ਤੇ ਬੈਠੇ ਫੈਲਾ ਕੇ ਝੋਲ ਜੋ ਅਪਣੀ
ਇਨ੍ਹਾਂ ਦੀ ਝੋਲ ਵਿਚ ਵੀ ਰਿਜ਼ਕ ਰਜਵਾਂ ਭਰ ਦਵੀਂ ਸ਼ਾਇਰ!
ਬਹੁਤ ਖ਼ੁਦਗ਼ਰਜ਼ ਹੋਏ ਨੇ, ਅਹਿਲਕਾਰ ਹੁਣ ਜ਼ਮਾਨੇ ਦੇ
ਇਨ੍ਹਾਂ ਦੀ ਅਕਲ ਤੋਂ ਪਰਦੇ, ਉਲਾਂਭੇ ਕਰ ਦਵੀਂ ਸ਼ਾਇਰ!
ਸੜਕ ਤੇ ਰੀਂਘਦੇ ਕੀੜੇ-ਮਕੌੜੇ ਦੀ ਤਰ੍ਹਾਂ ਜਿਹੜੇ
ਉਨ੍ਹਾਂ ਨੂੰ ਆਦਮੀ ਦੀ ਜੂਨ ਦਾ ਵੀ ਵਰ ਦਵੀਂ ਸ਼ਾਇਰ!
ਤਖ਼ਤ ਤੇ ਬੈਠ ਕੇ ਜੋ ਆਪਣੀ ਹੈਂਕੜ ਵਿਖਾਉਂਦੇ ਨੇ
ਉਨ੍ਹਾਂ ਦੀ ਡੁੱਬ ਰਹੇ ਸੂਰਜ ਵਲ ਨਜ਼ਰ ਕਰ ਦਵੀਂ ਸ਼ਾਇਰ!
ਗਏ ਬਨਵਾਸ ਵਿਚ ਜੋ ਯਾਰ ਮੇਰੇ ਦੂਰ ਸਾਗਰ ਤੋਂ
ਉਨ੍ਹਾਂ ਨੂੰ ਵਤਨ ਵਿਚ ਹੀ ਜੀਣ ਦਾ ਅਵਸਰ ਦਵੀਂ ਸ਼ਾਇਰ!
ਪਿਆਰੇ ਬਹੁਤ ਨੇ ਤਾਰੇ, ਹਨੇਰਾ ਹੂੰਝ ਦੇਂਦੇ ਨੇ
ਯੁਗਾਂ ਤਕ ਨੂਰ ਬਰਸਣ ਦਾ ਇਨ੍ਹਾਂ ਨੂੰ ਵਰ ਦਵੀਂ ਸ਼ਾਇਰ!
ਬਹੁਤ ਖੁਸ਼ਕੀ ਮਨਾਂ ਵਿਚ ਆ ਰਹੀ ਹੈ ਦਿਨ-ਬ-ਦਿਨ ਅੱਜ ਕਲ੍ਹ
ਹਵਾ ਵਿਚ ਹੀ ਜ਼ਰਾ-ਮਾਸਾ, ਨਮੀ ਤੂੰ ਭਰ ਦਵੀ ਸ਼ਾਇਰ!
ਜਦੋਂ ਸੂਰਜ ਸੁਨਹਿਰੀ ਜਾਲ ਧਰਤੀ 'ਤੇ ਵਿਛਾਉਂਦਾ ਹੈ
ਉਦੋਂ ਨ੍ਹੇਰਾ ਮਚਾਵਣ ਲਈ ਘਰੋਂ ਉਹ ਨਿਕਲ ਆਉਂਦਾ ਹੈ
ਬਿਰਖ ਖਿੜਿਆ ਬਹਾਰਾਂ ਵਿਚ ਨਹੀਂ ਉਸਨੂੰ ਕਦੇ ਭਾਉਂਦਾ
ਜਦੋਂ ਤਕ ਸੁੱਕ ਨ ਜਾਵੇ ਜੜ੍ਹਾਂ ਵਿਚ ਤੇਲ ਪਾਉਂਦਾ ਹੈ
ਲਿਆਕਤ ਤੋਂ ਵਧੇਰੇ ਮਨ 'ਚ ਉਹ ਹਓਮੈਂ ਵਸਾ ਬੈਠਾ
ਪਹਾੜੀ ਤੋਂ ਜਗਤ ਕੀੜਾ-ਮਕੌੜਾ ਨਜ਼ਰ ਆਉਂਦਾ ਹੈ
ਕਦੇ ਜੇ ਵੱਸ ਚਲੇ ਅਸਮਾਨ ਨੂੰ ਉਹ ਲਾ ਦਵੇ ਟਾਕੀ
ਧਰਤ ਦੇ ਹੇਠ ਬੌਲਦ ਨੂੰ ਸਦਾ ਘੂਰੀ ਦਿਖਾਉਂਦਾ ਹੈ
ਕਦੇ ਤੇਰਾ ਕਦੇ ਮੇਰਾ ਬਦਲਦਾ ਰੰਗ ਗਿਰਗਿਟ ਬਣ
ਵਚਨ 'ਤੇ ਉਮਰ ਭਰ ਰਹਿਣਾ ਨਹੀਂ ਉਸਨੂੰ ਸਿਖਾਉਂਦਾ ਹੈ
ਬਸ਼ਰ ਦਿਸਦਾ ਨਹੀਂ ਬਚਿਆ ਉਦ੍ਹੇ ਜੋ ਡੰਗ ਤੋਂ ਹੋਵੇ
ਜ਼ਹਿਰ ਸੱਪ ਤੋਂ ਵਧੇਰੇ ਉਹ ਨਸਾਂ ਦੇ ਵਿਚ ਫਲਾਉਂਦਾ ਹੈ
ਰਹਿਮ ਦਾ ਹਰਫ਼ ਕੋਈ ਵੀ ਉਦ੍ਹੇ ਨਾ ਕੋਸ਼ ਵਿਚ ਸ਼ਾਮਿਲ
ਸ਼ਿਕਾਰੀ ਜਾਲ ਅੰਦਰ ਨਿਤ ਨਵਾਂ ਮੁਰਗਾ ਫਸਾਉਂਦਾ ਹੈ
ਖ਼ੁਦਾ ਉਸਨੂੰ ਸਿਖਾ ਦੇ ਜੀਣ ਦਾ ਕੋਈ ਭਲਾ ਨੁਸਖਾ
ਸਫ਼ਰ ਅਨਮੋਲ ਜੀਵਨ ਦਾ ਇਹ ਇਕੋ ਵਾਰ ਆਉਂਦਾ ਹੈ
ਖ਼ੁਦਾ ਨੇ ਘਰ 'ਚ ਬਖ਼ਸ਼ੀ ਹੈ ਜਗਤ ਦੀ ਹਰ ਖ਼ੁਸ਼ੀ ਉਸਨੂੰ
ਪਰਾਏ ਘਰ 'ਚ ਤਕ ਕੇ ਪਰ ਬੜਾ ਹੀ ਤੜਫੜਾਉਂਦਾ ਹੈ
ਕਦੇ ਮੈਂ ਸੋਚਦਾ ਹਾਂ ਕਰੜ-ਬਰੜਾ ਬਦਲ ਜਾਵੇਗਾ
ਉਸੇ ਪਲ ਬੋਲ ਵਾਰਿਸ ਦਾ ਸਦੀਵੀ ਯਾਦ ਆਉਂਦਾ ਹੈ
ਨਜ਼ਰ ਤੋਂ ਦੂਰ ਰਹਿ ਕੇ ਵੀ ਜਿਗਰ ਅੰਦਰ ਸਮਾ ਜਾਣਾ
ਮੁਹੱਬਤ ਵਿਚ ਜ਼ਰੂਰੀ ਹੈ ਖ਼ੁਦੀ ਅਪਣੀ ਮਿਟਾ ਜਾਣਾ
ਸਦਾ ਉਪਕਾਰ ਕਰਕੇ ਤੇ ਵਿਚਰ ਕੇ ਸਹਿਜ ਦੇ ਅੰਦਰ
ਕਿਰਤ ਕਰਕੇ ਜਗਤ ਤਾਈਂ ਸਹੀ ਰਸਤਾ ਦਿਖਾ ਜਾਣਾ
ਬਹੁਤ ਵਿਰਲੇ ਤਿਰੇ ਮਾਰਗ 'ਤੇ ਜੋ ਨੇ ਚਲ ਰਹੇ ਬਾਬਾ !
ਤਿਰੇ ਬੇ ਦਾਗ਼ ਬਾਣੇ ਨੂੰ ਇਨ੍ਹਾਂ ਦਾਗ਼ੀ ਬਣਾ ਜਾਣਾ
ਜੜ੍ਹਾਂ ਵਿਚ ਤੇਲ ਦੇਂਦੇ ਨੇ ਜੋ ਵਸਤਰ ਪਹਿਨ ਕੇ ਨੀਲੇ
ਇਨ੍ਹਾਂ ਪੰਜਾਬ ਦਾ ਹਰ ਮੌਲਦਾ ਟਾਣ੍ਹਾ ਸੁਕਾ ਜਾਣਾ
ਸਲੀਬਾਂ ਤਕ ਨਿਭਾਵਣ ਦਾ ਵਚਨ ਤਾਂ ਯਾਦ ਹੈ ਮੈਨੂੰ
ਨਹੀਂ ਸਾਂ ਜਾਣਦਾ ਇਕਰਾਰ ਤੋਂ ਮੈਂ ਹਾਰ ਖਾ ਜਾਣਾ
ਮਿਟਾ ਸਕਿਆ ਨਹੀਂ ਹਸਤੀ ਅਸਾਡੀ ਵੇਖ! ਅਬਦਾਲੀ
ਤਿਰਾ ਜਰਵਾਣਿਆਂ ਵਰਗਾ ਸਮਾਂ ਇਹ ਵੀ ਬਿਤਾ ਜਾਣਾ
ਹਰਫ਼ ਐਵੇਂ ਜ਼ੁਬਾਂ 'ਚੋਂ ਕਿਉਂ ਸਦਾ ਤੂੰ ਕੇਰਦਾ ਰਹਿਨਾ?
ਨਹੀਂ ਰਣਜੀਤ ਵਰਗੇ ਰਾਜ ਦੀ ਝਾਕੀ ਦਿਖਾ ਜਾਣਾ
ਵਕਤ ਦੀ ਵਿਦਵਤਾ ਨੇ ਬਹੁਤ ਹੈ ਸਾਊ ਬਣਾ ਦਿਤਾ
ਬਿਨਾਂ ਬੋਲੇ ਸੁਣੇ ਹੀ ਪੰਧ ਜੀਵਨ ਦਾ ਮੁਕਾ ਜਾਣਾ
ਸੁਪਨ ਦਿਲ ਵਿਚ ਸੁਨਹਿਰੇ ਰਾਜ ਦਾ ਤੂੰ ਰੱਖ ਐ ਸ਼ਾਇਰ!
ਲ਼ਤਾੜੇ ਬੰਦਿਆਂ ਨੇ ਸੁਰਗ ਹੈ ਇਕ ਦਿਨ ਵਸਾ ਜਾਣਾ
ਪੰਜਾਬੀ ਗੀਤ ਤੇ ਕਵਿਤਾਵਾਂ ਸੁਹਿੰਦਰ ਬੀਰ ਸਿੰਘ
ਸੁਪਨਾ ਪੰਜਾਬੀਆਂ ਦਾ ਕਿਤੇ ਟੁੱਟ ਜਾਵੇ ਨਾ
ਪੈਰਾਂ 'ਚ ਗ਼ੁਲਾਮੀ ਦੀ ਜੰਜ਼ੀਰ ਕੋਈ ਪਾਵੇ ਨਾ
ਆਪੋ 'ਚ ਮਾਰ-ਧਾੜ ਜੰਗ ਲੱਗ ਜਾਵੇ ਨਾ
ਉੱਕ ਗਿਆ ਮੰਜ਼ਿਲ ਤੋਂ ਡਾਂਡੇ-ਮੀਂਡੇ ਜਾਂਵਦਾ
ਮਨ ਮੇਰਾ ਵੇਖ ਵੇਖ ਡੂੰਘਾ ਪਛਤਾਂਵਦਾ
ਸੁਪਨੇ ਬਗ਼ੇਰ ਬੜਾ ਕਠਿਨ ਹੁੰਦਾ ਜੀਵਣਾ
ਸੋਨੇ ਜਿਹੀ ਦੇਹੀ ਵਿਚ ਮਿੱਟੀ ਬਣ ਥੀਵਣਾ
ਰਿਜ਼ਕ ਬਿਨਾਂ ਜੀਣ ਹੋਵੇ ਜ਼ਹਿਰ ਜਿਵੇਂ ਪੀਵਣਾ
ਮਲਾਹਾਂ ਦਿਆਂ ਮਨਾਂ ਵਿਚ ਕਿਤੇ ਕੋਈ ਖੋਟ ਹੈ
ਤਾਹੀੳਂ ਤਾਂ ਮਨ-ਮੇਰਾ ਡੱਕੇ-ਡੋਲੇ ਖਾਂਵਦਾ
ਧਰਤੀ ਲਈ ਕਿਸ ਹਿੱਕ ਵਿਚ ਧਰਵਾਸ ਹੈ?
ਪੈਰਾਂ ਅੱਗੇ ਦਿਸ ਰਿਹਾ ਲੰਮਾ ਬਨਵਾਸ ਹੈ
ਮਾਣ ਕਾਹਦਾ ਰਿਹਾ ਜਦੋਂ ਛੱਡ ਦਿੱਤਾ ਵਾਸ ਹੈ
ਪੈੇਰਾਂ ਵਿਚ ਕੰਡਿਆਂ ਵਿਛਾਇਆ ਹੋਵੇ ਜਾਲ ਜਦ
ਧਰਤੀ ਦੇ ਪਿਆਰ ਦੇ ਨਹੀਂ ਗੀਤ ਕੋਈ ਗਾਂਵਦਾ
ਇਕ ਇਕ ਘਰ ਕਈ ਚੁਲ੍ਹਿਆਂ 'ਚ ਵੰਡਿਆ
ਹੱਦਾਂ-ਸਰਹੱਦਾਂ ਦੀਆਂ ਜੇਲ੍ਹਾਂ ਵਿਚ ਡੱਕਿਆ
ਪੇਟ ਦੀ ਮੁਥਾਜੀ ਨੇ ਹੈ ਹੌਲਾ ਕਰ ਛੱਡਿਆ
ਕੂੰਜਾਂ ਦੀਆਂ ਡਾਰਾਂ ਵਾਂਗ ਯਾਰ ਜਦੋਂ ਦੂਰ ਜਾਣ
ਫੇਰ ਕੌਣ ਗਿੱਧੇ ਅਤੇ ਭੰਗਣੇ ਹੈ ਪਾਂਵਦਾ
ਮਨਾਂ ਵਿਚ ਗਹਿਰੇ ਸਰਾਪ ਵੱਸ ਗਏ ਨੇ
ਜਿਸਮਾਂ ਨੂੰ ਹਾਰਾਂ ਦੇ ਨਾਗ਼ ਡੱਸ ਗਏ ਨੇ
ਹੱਡਾਂ 'ਚ ਪੰਜਾਬੀਆਂ ਦੇ ਨਸ਼ੇ ਧਸ ਗਏ ਨੇ
ਸੱਧਰਾਂ-ਇੱਛਾਵਾਂ ਦੇ ਸਿਤਾਰੇ ਟੁੱਟ ਜਾਣ ਜਦੋਂ
ਮੋਰ ਵੀ ਕਲਹਿਰੀ ਨਹੀੳਂ ਤਾਲ ਵਿਚ ਆਂਵਦਾ
ਨੇਕ-ਨੀਤੀ ਵਾਲੇ ਬੰਦੇ ਨਜ਼ਰ ਨਹੀਂ ਆਂਵਦੇ
ਧਨ ਦੇ ਅੰਬਾਰ ਭਲਾ ਬੰਦੇ ਕਿਉਂ ਨੇ ਲਾਂਵਦੇ?
ਥਾਲ ਵਿਚ ਵਸਤਾਂ ਤਾਂ ਤਿਲ ਭਰ ਖਾਂਵਦੇ
ਡੋਬ ਰਹੇ ਬੇੜੇ ਜਦੋਂ ਆਪ ਹੀ ਮਲਾਹ ਹੋਣ
ਉਸ ਵੇਲੇ ਅੱਲਹ ਵੀ ਨਹੀਂ ਆਣਕੇ ਬਚਾਂਵਦਾ
ਸੇਵਾਦਾਰ ਵੇਖ ਬੀਰ ਸੇਵਾ ਨੇ ਨਿਭਾਂਵਦੇ
ਪਲਟਣਾਂ ਦੇ ਵਿਚ ਵੀ ਨੇ ਖ਼ੌਫ਼ ਪਏ ਇਹ ਖਾਂਵਦੇ
ਭਰਮ ਰਣਜੀਤ ਸਿਹੁੰ ਦੇ ਰਾਜ ਦਾ ਵਿਖਾਂਵਦੇ
ਮਰ ਜਾਏ ਜਦੋਂ ਵੀ ਜ਼ਮੀਰ ਕਦੇ ਬੰਦੇ ਦੀ
ਜੀਂਦਾ ਹੋਇਆ ਖਾਕ ਜਿਉਂ ਅਉਧ ਹੇ ਹੰਢਾਂਵਦਾ
ਦੇਸ਼ ਨਹੀਂ ਗ਼ਰੀਬ ਏਹਦੇ ਚੌਧਰੀ ਗ਼ਰੀਬ ਨੇ
ਖਾ ਕੇ ਵੀ ਭੁੱਖੇ ਨੇ ਇਹ ਆਦਮੀ ਅਜੀਬ ਨੇ
ਸਦੀਆਂ ਤੋਂ ਸੜ ਰਹੇ ਇਸਦੇ ਨਸੀਬ ਨੇ
ਫ਼ਸਲ ਕਿਵੇ ਹਰੀ ਹੋਵੇ ਮੈਂਡੜੇ ਪੰਜਾਬ ਦੀ
ਪਹਿਰੇਦਾਰ ਆਪ ਜਦੋਂ ਜੜੀਂ ਤੇਲ ਪਾਂਵਦਾ
(ਪੰਜਾਬ ਸੰਤਾਪ ਦੇ ਸਮਿਆਂ ਵਿਚ ਲਿਖਿਆ ਗੀਤ)
ਕਾਹਨੂੰ ਰੋਲਦੈਂ ਪੰਜਾਬ ਦੇ ਨਸੀਬ ਹਾਣੀਆਂ
ਕਾਹਨੂੰ ਟੰਗਦੇ ਪੰਜਾਬ ਨੂੰ ਸਲੀਬ ਹਾਣੀਆਂ
ਹੀਰਾਂ ਰਾਂਝਿਆਂ ਦੇ ਦੇਸ ਵਿਚ ਖ਼ੈਰ ਰਹਿਣ ਦੇ
ਪੰਜਾਂ ਪਾਣੀਆਂ ਦੇ ਵੇਗ ਨੂੰ ਹੁਲਾਰਾ ਲੈਣ ਦੇ
ਵੇਖ ਵਿਹੜੇ ‘ਚ ਵਿਛਾਈ ਨ ਜਰੀਬ ਹਾਣੀਆਂ
ਡੂੰਘੇ ਪਿਆਰ ਦੇ ਸਰੋਵਰਾਂ ‘ਚ ਵਿਸ ਘੋਲ ਨਾ
ਸੋਨ ਧਰਤੀ ‘ਚ ਆਦਮੀ ਦਾ ਖ਼ੂਨ ਡੋਲ ਨਾ
ਟੁੱਕ ਦੇਵੀਂ ਨਾ ਪਰਿੰਦਿਆਂ ਦੀ ਜੀਭ ਹਾਣੀਆਂ
ਕਾਹਨੂੰ ਜਗਦੇ ਚਿਰਾਗ਼ ਤੂੰ ਬੁਝਾਈ ਜਾ ਰਿਹੈਂ
ਸੋਹਣੇ ਵਸਦੇ ਘਰਾਂ ਦੇ ਵਿਚ ਸੋਗ ਪਾ ਰਿਹੈਂ
ਮਾਪੇ ਪੁੱਤਾਂ ਤੋਂ ਬਗ਼ੈਰ ਨੇ ਗ਼ਰੀਬ ਹਾਣੀਆਂ
ਬੁੱਢੇ ਬਿਰਧ ਹੋਏ ਰੁੱਖਾਂ ਕੋਲ ਛਾਂਵਾਂ ਰਹਿਣ ਦੇ
ਲੂੰਆਂ ਤੱਤੀਆਂ ‘ਚ ਮਿੱਠੀਆਂ ਹਵਾਵਾਂ ਰਹਿਣ ਦੇ
ਕਰ ਦੂਰ ਹੁੰਦੇ ਰਾਹੀਆਂ ਨੂੰ ਕਰੀਬ ਹਾਣੀਆਂ
ਸੋਹਣੇ ਸੂਰਜਾਂ ਦੇ ਮੱਥੇ ਉੱਤੇ ਕਾਲਖਾਂ ਨਾ ਧੂੜ
ਨਿੱਕੀ ਉਮਰਾਂ ‘ਚ ਜ਼ਿੰਦਗੀ ਦਾ ਰਹਿਣ ਦੇ ਸਰੂਰ
ਕਾਹਨੂੰ ਮਿੱਤਰਾਂ ਨੂੰ ਮੰਨਦੈਂ ਰਕੀਬ ਹਾਣੀਆਂ
ਨਿੱਕੀ ਉਮਰੇ ਵੱਡੀਆਂ ਮੱਲਾਂ ਮਾਰ ਗਿਓਂ!
ਰਾਜ ਫ਼ਰੰਗੀਆਂ ਦਾ ਤੂੰ ਜੜ੍ਹੋਂ ਉਖਾੜ ਗਿਓਂ
ਆਜ਼ਾਦੀ ਦੀ ਗੁੜਤੀ ਘਰ 'ਚੋਂ ਪਾਈ ਸੀ
ਸੀਸ ਅਰਪ ਦੇਵਣ ਦੀ ਰੀਤ ਨਿਭਾਈ ਸੀ
ਸੀਤ ਲਹੂ ਭਾਰਤ ਦਾ ਕਰ ਅੰਗਿਆਰ ਗਿਓਂ! . . .
ਦੁਨੀਆ ਵਿਚ ਹੈ ਸਭ ਤੋਂ ਪਿਆਰੀ ਆਪਣੀ ਮਾਂ
ਮਾਂ ਤੋਂ ਵਧ ਕੇ ਹੈ ਵਤਨ ਦੀ ਮਿੱਠੜੀ ਛਾਂ
ਏਸ ਹਕੀਕਤ ਨੂੰ ਕਰਕੇ ਜੱਗ ਜ਼ਾਹਰ ਗਿਓਂ! . . .
ਜਲ੍ਹਿਆਂ ਵਾਲੇ ਬਾਗ਼ 'ਚ ਖ਼ੂਨ ਜੋ ਡੁੱਲ੍ਹਿਆ ਸੀ
ਤੇਰੀ ਅੱਖ ਵਿਚ ਲਾਲੀ ਬਣਕੇ ਘੁਲ੍ਹਿਆ ਸੀ
ਭਾਰਤ ਮਾਂ ਲਈ ਅਪਣਾ ਕਰਜ਼ ਉਤਾਰ ਗਿਓਂ! . . .
ਗੇਰੂ ਰੰਗ ਦੀ ਮਿੱਟੀ ਬਾਗ਼ 'ਚੋਂ ਲੈ ਆਇਓਂ
ਸ਼ਹੀਦ ਹੋਇਆਂ ਨੂੰ ਇੰਤਕਾਮ ਲਈ ਕਹਿ ਆਇਓਂ
ਏਸ ਮਿਸ਼ਨ ਲਈ ਅਪਣਾ ਜੀਵਨ ਵਾਰ ਗਿਓਂ! . . .
ਫਾਹੀ ਨੂੰ ਹੱਸ ਹੱਸ ਕੇ ਗਲ ਵਿਚ ਪਾਇਆ ਤੂੰ
ਇਨਕਲਾਬ ਦਾ ਮਾਰਗ਼ ਠੀਕ ਦਿਖਾਇਆ ਤੂੰ
ਮੌਤ ਨੂੰ ਦੁਲਹਨ ਵਾਂਗੂੰ ਕਰਕੇ ਪਿਆਰ ਗਿਓਂ! . . .
ਪੰਜ-ਆਬ 'ਚੋਂ ਜਿਸਨੇ ਚੂਲੀ ਭਰ ਲਈ ਏ
ਜਾਨ ਤਲੀ 'ਤੇ ਅਪਣੀ ਉਸ ਨੇ ਧਰ ਲਈ ਏ
ਹੱਥ-ਕੜੀਆਂ ਵਿਚ ਰੋਹਲੇ ਬੋਲ ਉਚਾਰ ਗਿਓਂ ! . . .
ਅਸੀਂ ਵੀ ਧਰਤੀ ਮਾਂ ਦੇ ਕੈਸੇ ਪੁੱਤਰ ਹਾਂ?
ਆਪਣੇ ਫਰਜ਼ਾਂ ਤੋਂ ਵੀ ਹੋਏ ਮੁਨਕਰ ਹਾਂ
ਭੁੱਲ ਗਏ ਜੋ ਦੇ ਕੇ ਸੋਚ-ਵਿਚਾਰ ਗਿਓਂ! . . .
ਤੇਰੀ ਦੀਦ ਦੇ ਤਿਹਾਏ ਜੋਗੀ
ਦਰ ਦਰ ਖਾਕ ਛਾਣਦੇ
ਨੀ ਜਿੰਦੇ ਮੇਰੀਏ!
ਸਾਡੇ ਸਾਹਾਂ 'ਚ ਸੁਗੰਧੀਆਂ ਭਰ ਕੇ
ਚੰਨ ਹੁਣ ਪੈਰ ਦਬਦਾ
ਨੀ ਜਿੰਦੇ ਮੇਰੀਏ!
ਸੈਆਂ ਕਲਮਾਂ 'ਚੋਂ ਕਲਾ ਬਣ ਆਵੇ
ਹੁਸਨ ਦੀਏ ਰੂਪ-ਮੱਤੀਏ
ਨੀ ਜਿੰਦੇ ਮੇਰੀਏ !
ਤੇਰੇ ਲਈ ਨ ਉਮਰ ਇਕ ਕਾਫੀ
ਉਮਰਾਂ ਦੇ ਗੇੜ 'ਚ ਰਹਾਂ
ਨੀ ਜਿੰਦੇ ਮੇਰੀਏ !
ਜੋਗੀ ਰਮਤੇ ਪਹਾੜੀ ਬਹਿ ਗਏ
ਅੱਖੀਆਂ ਦੇ ਰੋੜ ਬਣ ਗਏ
ਨੀ ਜਿੰਦੇ ਮੇਰੀਏ !
ਜੋਗੀ ਭੇਤ ਨ ਦਿਲਾਂ ਦੇ ਦਸਦੇ
ਵਹਿਣ ਡੂੰਘੇ ਪਾਣੀਆਂ ਦੇ
ਨੀ ਜਿੰਦੇ ਮੇਰੀਏ !
ਸ਼ਾਹ ਰਗ਼ ਤੋਂ ਕਰੀਬ ਪਿਆ ਵਸਨੈਂ
ਡਾਰ ਵਿਚੋਂ ਦੂਰ ਨਿਖੜੇ
ਨੀ ਜਿੰਦੇ ਮੇਰੀਏ !
ਤਾਲੂ ਲਗ ਗਈ ਜ਼ੁਬਾਨ ਥਲ ਗੌਂਹਦਿਆ
ਬੱਦਲਾਂ ਦੀ ਭੂਰ ਬਣ ਜਾ
ਨੀ ਜਿੰਦੇ ਮੇਰੀਏ !
ਤੇਰੇ ਕਦਮਾਂ 'ਚ ਖਿੱਤੀਆਂ ਸਿਤਾਰੇ
ਸਫ਼ਾਂ ਬਣ ਜਾਣ ਵਿਛਦੇ
ਨੀ ਜਿੰਦੇ ਮੇਰੀਏ !
ਤੈਨੂੰ ਰਾਹਾਂ 'ਚ ਜਦੋਂ ਦਾ ਗਵਾਇਆ
ਉਮਰਾ ਦੇ ਹੋਸ਼ ਨ ਰਹੇ
ਨੀ ਜਿੰਦੇ ਮੇਰੀਏ !
ਤੇਰਾ ਖਿੜਿਆ ਕਪਾਹੀ ਜੋਬਨਾ
ਟਿੱਬਿਆਂ ਦੀ ਰੇਤ ਮਹਿਕ ਪਈ
ਨੀ ਜਿੰਦੇ ਮੇਰੀਏ !
ਤੇਰੇ ਬੋਲ ਮਿੱਠੜੇ ਨੇ ਮੇਵੇ
ਸਾਹਾਂ 'ਚ ਸਰੂਰ ਭਰਦੇ
ਨੀ ਜਿੰਦੇ ਮੇਰੀਏ !
ਤੇਰੇ ਰੂਪ ਦਾ ਭੁਲੇਖਾ ਕੇਹਾ
ਚੰਨ ਨੂੰ ਮੈਂ 'ਵਾਜ਼ਾਂ ਮਾਰਦਾ
ਨੀ ਜਿੰਦੇ ਮੇਰੀਏ !
ਪੰਛੀ ਉਤਰੇ ਬਨੇਰੇ ਭਰ ਗਏ
ਘਰਾਂ ਦੇ ਬਗੀਚੇ ਬਣ ਗਏ
ਨੀ ਜਿੰਦੇ ਮੇਰੀਏ !
ਪੰਛੀ ਕਰ ਗਏ ਬਨੇਰੇ ਖਾਲੀ
ਘਰਾਂ ਵਿਚ ਸੋਗ ਪੈ ਗਿਆ
ਨੀ ਜਿੰਦੇ ਮੇਰੀਏ !
ਯਾਦਾਂ ਤੇਰੀਆਂ ਨੇ ਡਾਰਾਂ ਬੰਨ੍ਹ ਆਉਦੀਆਂ
ਵੇ ਤੇਰੀ ਕੋਈ ਸੋਅ ਨ ਪਵੇ
ਤੂੰ ਤੇ ਬਹਿ ਗਿਓਂ ਦੁਮੇਲਾਂ ਕੋਲ ਜਾ ਕੇ
ਵੇ ਸਾਡੀ ਕਿਹੜਾ ਸਾਰ ਜੋ ਲਵੇ
ਦਮਾਂ ਦੀਆਂ ਚਮਕਾਂ ਨੇ ਤੈਨੂੰ ਭਰਮਾ ਲਿਆ
ਛੱਡ ਗਿਓਂ ਜੀਣ ਦੇ ਵਿਹਾਰ ਵੇ
ਅੱਲੜੀ ਵਰੇਸ ਨੇ ਕਰਾਰ ਜਿਹੜੇ ਕੀਤੜੇ ਸੀ
ਤੋੜ ਗਿਓਂ ਅੱਧ-ਵਿਚਕਾਰ ਵੇ
ਮੋਹ ਦੀਆਂ ਛਿਲਤਾਂ ਕਲੇਜੇ ਧੁਹ ਪਾਉਂਦੀਆਂ
ਜਦ ਤਾਈਂ ਜੂਨ ਇਹ ਰਵ੍ਹੇ
ਸਾਗਰਾਂ ਤੋਂ ਪਾਰ ਦੇ ਸੁਨਹਿਰੀ ਸੋਨ-ਸੁਪਨੇ
ਸੀਨੇ ਵਿਚ ਸੈ ਭਾਵੇਂ ਚਾਅ ਵੇ
ਅੰਮੜੀ ਦੇ ਦੇਸ਼ ਦਾ ਨਹੀਂ ਕਿਤੇ ਵੀ ਮੁਕਾਬਲਾ
ਫ਼ੱਕਰਾਂ ਦੇ ਬੋਲ ਅਜ਼ਮਾ ਵੇ
ਮਾਂ ਤੇ ਮਤੇਈ ਵਿਚੋਂ ਲੀਕ ਜਦੋਂ ਮਿਟ ਜਾਵੇ
ਸੁਰਗਾਂ ਦੀ ਝਾਤ ਵੀ ਪਵੇ
ਮੁੜ ਕੇ ਨਹੀਂ ਆ ਹੋਣਾ ਤੈਥੋਂ ਪਰਦੇਸੀਆ!
ਕੱਚ ਦੀਆਂ ਵੰਗਾਂ ਜਿਹੇ ਕਰਾਰ ਵੇ
ਸੱਧਰਾਂ ਦੇ ਰੰਗ ਸਤਰੰਗੀ ਪੀਂਘ ਵਰਗੇ
ਪਲਕਾਂ 'ਚ ਭਰਦੇ ਖ਼ੁਮਾਰ ਵੇ
ਰੁੱਖਾਂ ਕੋਲ ਛਾਵਾਂ ਚੰਨਾ ਠੰਡੀਆਂ ਤੇ ਮਿਠੀਆਂ ਵੇ!
ਸਿਰਾਂ ਉਤੇ ਤਪਦੇ ਤਵੇ
ਦੁੱਧ-ਚਿੱਟੀ ਚਾਨਣੀ 'ਚ ਚੰਨ ਦਾ ਕਟੋਰਾ ਸਦਾ
ਮਹਿਕ-ਭਿੰਨੀ ਵੰਡਦਾ ਸਰੂਰ ਵੇ
ਪੱਛੋਂ ਦੀਆਂ ਪੌਣਾਂ ਕੋਲੋਂ ਲੰਘ ਲੰਘ ਜਾਂਦੀਆਂ
ਮਿੱਠੀ ਮਿੱਠੀ ਬੱਦਲਾਂ ਦੀ ਭੂਰ ਵੇ
ਸੋਚਾਂ ਦੇ ਸਰਾਣੇ ਬਹਿ ਕੇ ਅਉਧ ਮੁਕ ਚੱਲੀ ਏ
ਮੰਦਾ ਕੀਹਨੂੰ ਜਿੰਦ ਇਹ ਕਵੇ
ਸਵੇਰ ਦੇ ਉਜਾਲੇ ਅਤੇ ਸ਼ਾਮ ਦੇ ਪਿਆਲੇ ਵਿਚ
ਸੱਪਣੀ ਦੀ ਅੱਖ ਦਾ ਸਰੂਰ
ਅੰਬਰਾਂ ਤੋਂ ਪਾਰ ਜੋ ਫ਼ਰਿਸ਼ਤੇ ਵੀ ਵੱਸਦੇ ਨੇ
ਧਰਤੀ ਦਾ ਝਾਕਦੇ ਨੇ ਨੂਰ
ਮਿਹਨਤਾਂ-ਮੁਸ਼ੱਕਤਾਂ 'ਚ ਰੱਤ ਜਿਹੜੇ ਡੋਲ੍ਹਦੇ ਨੇ
ਸ਼ਾਮ ਵੇਲੇ ਪਲ ਵਿਸ਼ਰਾਮ
ਆਲ੍ਹਣੇ 'ਚ ਬੈਠ ਕੇ ਸਕੂਨ ਘੜੀ ਮਾਣਦੇ ਨੇ
ਦੁੱਖਾਂ ਵਾਲੇ ਘੋੜ ਬੇ ਲਗਾਮ
ਦੁਨੀਆ ਹੀ ਘਰ ਭਾਵੇਂ ਬੰਦੇ ਦਾ ਹੈ ਹੋਂਵਦੀ
ਕੁਲੀ ਜੇਹਾ ਕਿਤੇ ਨ ਗ਼ਰੂਰ
ਘੜੀ-ਪਲ ਵਿਹਲ ਜਦੋਂ ਮਿਲਦੀ ਮਜ਼ੂਰੀਆਂ 'ਚੋਂ
ਅੱਖ ਭਰ ਲੈਂਦੇ ਉਦੋਂ ਯਾਰ
ਵਤਨਾਂ ਤੋਂ ਪਾਰ ਗਏ ਯਾਰ ਪਰਦੇਸ ਜਿਹੜੇ
ਸ਼ਾਮ ਵੇਲੇ ਮੋੜਦੇ ਮੁਹਾਰ
ਪੱਤਣਾਂ 'ਤੇ ਬੇੜੀਆਂ 'ਚ ਪੂਰ ਲੱਦੇ ਜਾਂਵਦੇ ਨੇ
ਲੱਦੇ ਅਉਣ ਪਾਰ ਤੋਂ ਵੀ ਪੂਰ
ਪਰਬਤਾਂ-ਪਹਾੜੀਆਂ ਦੀ ਕੁੱਖ ਵਿਚੋਂ ਜਨਮੇ ਜੋ
ਨਾਗ਼ਾਂ ਵਾਂਗੂੰ ਸ਼ੁਕਦੇ ਨੇ ਨੀਰ
ਰਾਹਾਂ ਦੀਆਂ ਰੋਕਾਂ ਵਿਚ ਅਟਕ ਕੇ ਬਹਿੰਦੇ ਨਾਹੀਂ
ਤੁਰੇ ਰਹਿਣ ਰਮਤੇ-ਫ਼ਕੀਰ
ਨੇਮਾਂ ਵਿਚ ਬੱਝੇ ਇਹ ਫ਼ਰਿਸ਼ਤੇ ਨੇ ਧਰਤੀ ਦੇ
ਮੰਜ਼ਿਲਾਂ ਨੂੰ ਮੰਨਦੇ ਨੇ ਹੂਰ
ਸ਼ਾਮਾਂ 'ਤੇ ਸਵੇਰਿਆਂ ਦੇ ਭੇਦ ਜਿਨ੍ਹਾਂ ਮੇਟ ਦਿਤੇ
ਘੜੀ ਦੀਆਂ ਸੂਈਆਂ ਵਿਚ ਜਾਨ
ਅਸਾਂ ਪਰਦੇਸੀਆਂ ਲਈ ਸੁਬਹ ਅਤੇ ਸ਼ਾਮ ਕੀ
ਕੰਮਾਂ ਵਿਚ ਰਹੀਏ ਗ਼ਲਤਾਨ
ਕੈਸੀ ਮਹਾ ਨਗਰਾਂ ਨੇ ਘੜ ਦਿਤੀ ਹੋਣੀ ਹੁਣ
ਰੂਹ ਕੋਲੋਂ ਬੰਦਾ ਕੋਹਾਂ ਦੂਰ
|