ਪੰਜਾਬੀ ਰਾਈਟਰ ਸਿਮਰਤ ਸੁਮੈਰਾ
ਉਮੜ ਉਮੜ ਮੇਘ ਆਏ
ਰਾਗ ਜਿਉਂ ਮਲਹਾਰ ਗਾਏ
ਬਾਵਰੀ ਬਿਰਹਣ ਕੋਈ ।
ਕਾਲੇ ਘਣੇ ਕੇਸ ਖੋਲ੍ਹੇ
ਤ੍ਰਿਪ ਤ੍ਰਿਪ ਨੈਣੋਂ ਨੀਰ ਡੋਹਲੇ
ਤੁਰ ਗਿਆ ਕੋਈ ਓਹਲੇ ਓਹਲੇ
ਬਿਰਖ ਟੁੱਟਣ ਟਹਿਣ ਟਹਿਣ
ਢਾਰਿਆਂ ਦੇ ਸੁਆਸ ਸੁਆਸ
ਆਸ ਬਣਕੇ ਸੁਆਂਤ ਬੂੰਦ
ਡਿਗ ਰਹੀ ਏ ਬਿਜਲੀਆਂ ਤੋਂ
ਝਾਕਦੀ ਏ ਖਿੜਕੀਆਂ 'ਚੋਂ
ਘੁੰਮਦੀ ਚੰਨ ਦੇ ਦੁਆਲੇ
ਮੀਂਢੀਆਂ ਤੇ ਡਾਕ ਬੰਗਲੇ
ਆਲੇ ਆਲੇ ਦੀਪ ਬਾਲੇ
ਵਸਲ ਦਾ ਕਰਕੇ ਸ਼ਿੰਗਾਰ
ਰਾਗ ਕੋਈ ਦੀਪਕ ਸੁਣਾਵੇ
ਗੁੰਬਦ ਗੁੰਬਦ ਸੁਰ ਬਹਾਰ
ਮੇਘਲਾ ਤੂੰ ਇੰਝ ਬਰਸੀਂ
ਏਸ ਵਾਰ !
ਇਹ ਇਸ਼ਕ ਦੀ ਇਬਾਰਤ
ਸਾਥੀ ਜਰਾ ਕੁ ਆਉਣਾ
ਹਰ ਸਤਰ ਪੜ੍ਹਕੇ ਜਾਣਾ
ਅੱਖਰ ਨ ਕੋਈ ਮਿਟਾਉਣਾ ।
ਸੱਧਰਾਂ ਦੇ ਟੁੱਟੇ ਖੰਡ੍ਹਰ
ਕਦੇ ਅਟਾਰੀਆਂ ਸਨ
ਏਥੇ ਸੀ ਮਹਿਲ ਰੰਗਲਾ
ਬੂਹੇ ਤੇ ਬਾਰੀਆਂ ਸਨ
ਸ਼ਰੀਹਾਂ ਨੂੰ ਛੁੰਹਦੀਆਂ ਸੀ
ਆ ਕੇ ਰੰਗੀਨ ਪੌਣਾਂ ।
ਚਾਵਾਂ ਦੇ ਬਾਗ ਸਾਵੇ
ਏਥੇ ਵੀ ਝੂਲਦੇ ਸਨ
ਸੁਪਨਿਆਂ ਦੇ ਦਰਿਆ
ਰਾਤਾਂ ਨੂੰ ਸ਼ੂਕਦੇ ਸਨ
ਭੁੱਲਦਾ ਨ ਤਿਤਲੀਆਂ ਨੂੰ
ਫੁੱਲਾਂ ਦੁਆਲੇ ਭਾਉਣਾ ।
ਝੁੱਲੀਆਂ ਹਨੇਰੀਆਂ ਤੇ
ਤੂਫਾਨ ਜਦ ਵੀ ਆਏ
ਝਨ੍ਹਾਂ ਉਦਾਸ ਹੋਈ
ਰਹੇ ਮਾਰੂਥਲ ਧ੍ਰਿਹਾਏ
ਪ੍ਰੀਤਾਂ ਦੇ ਕਾਫਲੇ ਨੂੰ
ਆਵਾਜ ਦੇ ਬੁਲਾਉਣਾ ।
ਸਾਥੀ ਤੂੰ ਸਿਖ ਲੈਣਾ
ਮਰ ਕੇ ਵੀ ਮੁਸਕਾਓਣਾ
ਕੋਈ ਫੁੱਲ ਚਾੜ੍ਹ ਦੇਣਾ
ਜਿੱਤਾਂ 'ਤੇ ਹਾਰ ਪਾਓਣਾ
ਯਾਦਾਂ ਦੇ ਮੰਜ਼ਰ ਸਾਹਵੇਂ
ਮਰਸੀਆ ਵੀ ਗਾਉਣਾ ।
ਮੇਰੀ ਮਜ਼ਾਰ ਉੱਤੇ
ਸਾਥੀ ਜਦੋਂ ਵੀ ਆਓਣਾ
ਹੁਸਨਾਂ ਦੀ ਗੱਲ ਕਰਨਾ
ਇਸ਼ਕੇ ਦੀ ਬਾਤ ਪਾਓਣਾ
ਐਪਰ ਹੈ ਸਹੁੰ ਤੁਹਾਨੂੰ
ਹੰਝੂ ਨ ਕੋਈ ਵਹਾਓਣਾ ।
ਸਾਥੀ ਜਰਾ ਕੁ ਆਓਣਾ
ਸਾਥੀ ਜਰਾ ਕੁ ਆਓਣਾ ।
ਚਿੜੀਆਂ ਦਾ ਚੰਬਾ
ਫੰਭਾ ਫੰਭਾ ਖੰਭ ਖਿਲਰੇ
ਗਲੀ-ਬਜਾਰੀਂ ਰੁਲੰਦਾ ਨੀ ਮਾਂ।
ਚਿੜੀਆਂ ਦਾ ਚੰਬਾ
ਚੀਂ ਚੀਂ ਨਾ ਕਰਦਾ
ਚੋਗ ਨ ਚੁਗਦਾ
ਉਡਣਾ ਨਾ ਜਾਣੇ
ਨਿਮਾਣੇ ਨਿਤਾਣੇ
ਸਮਿਆਂ ’ਚ ਬੱਝਾ
ਗੁੱਝਾ ਗੁੱਝਾ ਰੁੱਝਾ ਨੀ ਮਾਂ।
ਚਿੜੀਆਂ ਦਾ ਚੰਬਾ
ਉੜਿਆ ਤੇ ਜੁੜਿਆ
ਡਾਰਾਂ ਦੀਆਂ ਡਾਰਾਂ
ਖੰਭਾਂ ਦੇ ਤੀਰ
ਤੀਰਾਂ ਦੀਆਂ ਤਾਰਾਂ
ਬਾਜਾਂ ਨੂੰ ਵਿੰਨ੍ਹੇ
ਅੰਗਾਰੇ ਬਰਸਾਉਂਦਾ
ਤਖ਼ਤੇ ਪਲਟਾਉਂਦਾ
ਚਿੜੀਆਂ ਦਾ ਚੰਬਾ
ਗਾਉਂਦਾ ਨੀ ਮਾਂ।
ਆਉਂਦਾ ਨੀ ਮਾਂ
ਨਾਰੀ ਵਿਚਾਰੀ
ਸੰਵਾਰੀ ਗਈ ਨਾ
ਪੱਥਰ ਦੇ ਬੁੱਤ ਵਿਚ
ਸਾਹਾਂ ਦੀ ਰੁੱਤ ਵਿਚ
ਸਮਿਆਂ ਤੋਂ ਰੂਹ ਕੋਈ
ਉਤਾਰੀ ਗਈ ਨਾ ।
ਜਦੋਂ ਈਵ ਬਣਕੇ …
ਧਰਤੀ ‘ਤੇ ਆਈ
ਆਦਮ ਨੇ ਛੁਹਿਆ
ਅਹਿਲਿਆ ਬਣਾਈ
ਓਦੋਂ ਤੋਂ ਹੀ ਇਸਦੀ
ਲਾਚਾਰੀ ਗਈ ਨਾ ।
ਮਹਿਲਾਂ ਦੀ ਰਾਣੀ
ਇਹ ਜੂਏ ‘ਚ ਹਾਰੀ
ਅੱਗਾਂ ‘ਚ ਸਾੜੀ
ਤੇ ਕੁੱਖਾਂ ‘ਚ ਮਾਰੀ
ਕਿਸਮਤ ‘ਚੋਂ ਇਸਦੀ
ਖੁਆਰੀ ਗਈ ਨਾ ।
ਮੁਹੱਬਤ ਦੀ ਦੇਵੀ ਨੇ
ਨਫਰਤ ਹੰਢਾਈ
ਹੱਸਦੀ ਕਿਸਨੇ ਨੂੰ
ਨਹੀਂ ਰਾਸ ਆਈ
ਉਡਦੀ ਵੀ ਸਾਥੋਂ
ਸਹਾਰੀ ਗਈ ਨਾ ।
ਕਦੋਂ ਇਹ ਤੁਰੇਗੀ
ਹਵਾਵਾਂ ਦੇ ਉੱਤੇ
ਕਦੋਂ ਜਾਗ ਜਾਵਣਗੇ
ਸੁਪਨੇ ਜੋ ਸੁੱਤੇ
ਕੋਈ ਬੋਲ ਬਾਣੀ
ਉਚਾਰੀ ਗਈ ਨਾ ।
ਉਹ ਸੋਚਦੇ
ਹਰ ਸਮੱਸਿਆ ਦਾ ਹੱਲ
ਮੰਦਰ ’ਚ ਖੜਕਦਾ ਟੱਲ
ਉਨ੍ਹਾਂ ਹਰ ਸਰਦਲ ’ਤੇ
ਟੱਲ ਲਟਕਾ ਦਿੱਤੇ।
ਭਗਵਾਨ ਬਹਿਰਾ ਹੋ ਗਿਆ।
ਧੂੰਆਂ ਹੋਰ ਗਹਿਰਾ ਹੋ ਗਿਆ।
ਯਾ ਖ਼ੁਦਾ
ਖੰਡਰ ਢਹਿ ਰਹੇ ਨੇ ਦੁਬਾਰਾ
ਬੁਝ ਰਹੇ ਚਾਨਣ ਮੁਨਾਰੇ
ਸਾਰੇ ਦੇ ਸਾਰੇ ਮਹਾਂ ਮੰਦਰ
ਵਿੱਦਿਆ ਦੇ।
ਤੋੜੇ ਜਾ ਰਹੇ ਨੇ
ਬੁੱਧ ਦੇ ਅਮਨਪਸੰਦ ਬੁੱਤ।
ਇਹ ਕੇਹੀ ਰੁੱਤ
ਹਨੇਰ ਸਾਈਂ ਦਾ
ਅੱਜ ਫਿਰ ਕੋਈ ਹੁਨਾ ਆਇਐ
ਤਹਿਸ-ਨਹਿਸ ਕਰਨ
ਤਕਸ਼ਿਲਾ ਨੂੰ।
ਮਗਧ ਦਾ ਸਿੰਘਾਸਨ ਡੋਲਿਆ ਫੇਰ
ਉਹ ਜੁ ਸ਼ੂਕਦੇ ਆ ਰਹੇ ਨੇ
ਹਨੇਰੇ ਸਵੇਰੇ
ਮੂੰਹ ਛੁਪਾ ਕੇ
ਮੇਟਣ ਲਈ ਇਲਮ ਦੇ
ਸਾਰੇ ਨਿਸ਼ਾਨ
ਇਹ ਕੇਹੇ ਤਾਲਿਬਾਨ!
… ਉਸ ਰਾਤ ਆਵਾਜ਼ ਆਈ
ਰੁਕੋ ਠਹਿਰੋ
ਸਾਗਰੀ ਲਹਿਰੋ
ਸੁਕਰਾਤ ਜਾ ਰਿਹਾ ਏ…।
ਮੰਥਨ ਕਰਦੇ ਹੱਥ ਕੰਬੇ
ਸੁਰਾਹੀ ਡੋਲੀ
ਰੂਹ ਬੋਲੀ
ਮੀਰਾ ਦਾ ਪਿਆਲਾ,
ਬਦਲ ਦਿਓ
ਕਿ ਜ਼ਹਿਰ ਨਕਲੀ ਏ।
ਬਜ਼ੁਰਗ ਬੋਲਿਆ
ਫਰਜ਼!
ਲੋਕਾਂ ਕਿਹਾ
ਕਰਜ਼!
ਗੱਭਰ ਗਰਜਿਆ
ਖੁਦਗਰਜ਼!
ਔਰਤ ਕੂਕੀ
ਮਰਜ਼!
ਜਨਮ ਜਨਮ ਗਵਾਹੀ ਦਰਜ ਹੁੰਦੀ ਰਹੀ
ਉਮਰਾਂ ਹਰਜ ਹੋਈਆਂ
ਰਿਸ਼ਤੇ ਹਾਰ ਗਏ।
ਹੇ ਰਾਜਨ !
ਰਿਸ਼ੀ ਕੰਨਿਆਂ ਹਾਂ
ਦੇਖ ਲੈਂਦੀ ਹਾਂ
ਨਕਾਬ ਹੇਠ ਛਿਪੇ
ਚਿਹਰੇ ਦੇ ਤੇਵਰ
ਸ਼ਾਹੀ ਜੇਵਰ
ਤਖਤੋ-ਤਾਜ
ਉਲਟੇ ਰਿਵਾਜ
ਤੇ ਧੁਰ ਅੰਦਰ ਛੁਪੇ ਰਾਜ਼।
ਜਾਣਦੀ ਹਾਂ
ਭੁਲ ਗਿਆ ਹੋਵੇਂਗਾ ਤੂੰ
ਪਾਣੀ 'ਤੇ ਤੈਰਦੀਆਂ
ਸੁਨਹਿਰੀ ਕਿਰਨਾਂ ਨੂੰ
ਚੁੰਗੀਆਂ ਭਰਦੇ ਹਿਰਨਾਂ ਨੂੰ
ਪੌਣਾਂ 'ਚ ਸੁਗੰਧੀ ਘੋਲਦੀ
ਸੁਪਨ-ਸੁੰਦਰੀ ਨੂੰ
ਤੇ ਮਛਲੀ ਦੇ ਪੇਟ 'ਚੋਂ ਨਿਕਲੀ
ਮੁੰਦਰੀ ਨੂੰ ।
ਪਰ ਸੁਣ
ਮੈਂ ਸ਼ਕੁੰਤਲਾ ਹੁਣ
ਤੇਰਾ ਚਿਹਰਾ ਪਛਾਨਣ ਤੋਂ
ਇਨਕਾਰ ਕਰਦੀ ਹਾਂ
ਤੇ
ਸਦੀਆਂ ਤੋਂ ਦੱਬੀ ਨਫਰਤ ਦਾ
ਇਜ਼ਹਾਰ ਕਰਦੀ ਹਾਂ ।
ਘੋੜਿਆਂ ਦੀਆਂ ਟਾਪਾਂ ਨੂੰ
ਪਛਾਣਦੇ ਨੇ
ਮੀਲ ਪੱਥਰ ।
ਤੱਕਦੇ ਨੇ ਰਾਹ ਦਸੇਰੇ
ਪੰਧ ਲਮੇਰੇ
ਹੋਣ ਬਿਖੜੇ ਪੈਂਡਿਆਂ ਦੇ ।
ਜਿੱਤ ਦੇ ਪਰਚਮ ਉਡਾਉਂਦੇ
ਪਰਤ ਆਉਂਦੇ
ਕਾਫ਼ਲੇ ਬਸ ਤੁਰੀ ਜਾਵਣ
ਊਠਾਂ ਵਾਲੇ ਲੱਦ ਜਾਂਦੇ
ਛੱਡ ਜਾਂਦੇ
ਰਾਹਾਂ ਦੇ ਵਿੱਚ
ਕੁਝ ਨਿਸ਼ਾਨ
ਜਾਂਨਸ਼ੀਨ !
ਹੰਝੂਆਂ ਥੀਂ ਨਮ ਜਮੀਨ
ਤੱਕਦੇ ਨੇ ਮੀਲ ਪੱਥਰ
ਥੱਕੇ ਰਾਹੀ
ਹਿੰਮਤ ਅਤੇ ਹੌਸਲੇ ਦੇ
ਟੁੱਟ ਜਾਂਦੇ ਹੱਦ ਬੰਨੇ
ਤਾਂ ਕਿਧਰੇ ਲਿਖੇ ਜਾਂਦੇ
ਬੂੰਦ ਬੂੰਦ ਰਕਤ ਨਾਲ
ਸ਼ਹਾਦਤਾਂ ਦੇ ਸੋਨ -ਪੰਨੇ !
ਊਂਘਦੇ ਨੇ ਅੱਖ਼ਰ
ਪੰਗੂੜੇ 'ਚ ਪਏ
ਬਾਲ ਦੀ ਤਰਾਂ
ਜਦੋਂ ਤੁਸੀਂ ਛੁੰਹਦੇ ਹੋ
ਝਁਟ ਮੁਸਕਾ ਪੈਂਦੇ ਨੇ
ਤੇ ਲੈ ਤੁਰਦੇ ਨੇ ਤੁਹਾਨੂੰ
ਸੈਰਗਾਹਾਂ ਲਈ
ਨਵੇਂ ਰਾਹਾਂ ਲਈ
ਉੜਨ ਖਟੋਲੇ 'ਤੇ ਸਵਾਰ
ਪਰੀ ਲੋਕ ਤੋਂ ਪਾਰ !
ਜਦੋਂ ਹੁੰਦੇ ਹੋ ਉਦਾਸ
ਕਿਤਾਬ ਆਉਂਦੀ ਹੈ ਪਾਸ
ਤੇ ਹੋਲੀ ਜਿਹੀ
ਦੋਸਤੀ ਦਾ ਹੱਥ
ਵਧਾ ਦੇਂਦੀ.ਏ
ਕਿਤਾਬ ! !
ਅਗਲੇ ਸਫ਼ਰ 'ਤੇ
ਜਾਣ ਤੋਂ ਪਹਿਲਾਂ
ਕੋਈ ਨਸੀਹਤ
ਕੋਈ ਵਸੀਹਤ ਨਹੀਂ ਕਰਾਂਗੀ !
ਬਸ ਕੁਝ ਜਗਦੀਆਂ ਕਵਿਤਾਵਾਂ
ਤੁਹਾਡੀ ਤਲੀ 'ਤੇ
ਧਰਾਂਗੀ
ਤੇ ਤੁਰ ਪਵਾਂਗੀ
ਮੁਸਕਾਨਾਂ ਵੰਡਦੀ ਹੋਈ
ਹਨੇਰੇ ਨੂੰ ਛੰਡਦੀ ਹੋਈ
ਦੇ ਜਾਵਾਂਗੀ ਤੁਹਾਨੂੰ
ਸਾਂਭ ਕੇ ਰਖਿਆ
ਆਬਸ਼ਾਰਾਂ ਦਾ ਨੀਰ
ਮਦਮਸਤ ਹਵਾਵਾਂ
ਢੇਰ ਸਾਰੀਆਂ ਦੁਆਵਾਂ !
ਹੋਰ..
ਤੁਸੀਂ ਸਦਾ ਹੀ
ਖ਼ੈਰੀੰ ਵੱਸਣਾ
ਪਰ ਫ਼ਕਰਾਂ ਤੋਂ ਕਦੇ
ਦੁਨਿਆਵੀ ਦੌਲਤਾਂ ਦੀ
ਉਮੀਦ ਨ ਰਖਣਾ
ਆਮੀਨ !!
ਹੁਣ ਤਾਂ ਸਾਡੀਆਂ ਅੱਖਾਂ ਥੱਕੀਆਂ
ਅੰਬਰੀਂ ਉੱਗਿਆ ਤਾਰਾ ਤਾਰਾ
ਆ ਵੀ ਜਾ ਓ ਰਾਂਝਣ ਯਾਰਾ।
ਤੇਰੇ ਬਾਝ ਹਨੇਰਾ ਜਾਪੇ
ਚੰਨ ਚਾਨਣੀ ਬੁੱਝ ਗਈ ਆਪੇ
ਤੱਕਾਂਗੀ ਮੈਂ ਕਿੰਝ ਨਜ਼ਾਰਾ
ਆ ਵੀ ਜਾ ਓ ਰਾਂਝਣ ਯਾਰਾ ।
ਆਲਣਿਆਂ ਨੂੰ ਪੰਛੀ ਆਏ
ਜਿੰਦ ਨਿਮਾਣੀ ਡੁੱਬਦੀ ਜਾਏ
ਟੁੱਟਦਾ ਜਾਏ ਸਾਹ ਵਿਚਾਰਾ
ਆ ਵੀ ਜਾ ਓ ਰਾਂਝਣ ਯਾਰਾ ।
ਘੜੀ ਮੁੜੀ ਮੈਨੂੰ ਚੈਨ ਨਾਂ ਆਵੇ
ਦਿਲ ਦੀ ਬੇੜੀ ਗ਼ੋਤੇ ਖਾਵੇ
ਸਾਗਰ ਤੋਂ ਕਿਉਂ ਦੂਰ ਕਿਨਾਰਾ
ਆ ਵੀ ਜਾ ਓ ਰਾਂਝਣ ਯਾਰਾ ।
ਮਾਰਾਂ ਹੱਥ ਧਤੂਰੇ ਅੱਕੀਂ
ਜੇ ਤੂੰ ਦੇਵੇਂ ਆਪਣੇ ਹੱਥੀਂ
ਜ਼ਹਿਰ ਪਿਆਲਾ ਲੱਗੇ ਖਾਰਾ
ਆ ਵੀ ਜਾ ਓ ਰਾਂਝਣ ਯਾਰਾ ।
ਨੀਲੇ ਨੀਲੇ ਨੈਣਾਂ ਵਿੱਚ ਕਜਲਾ ਮੈਂ ਪਾਵਾਂ
ਜੀਵੇਂ ਪ੍ਰਦੇਸੀਆ ਵੇ ਮੰਗਦੀ ਦੁਆਵਾਂ ।
ਰੇਸ਼ਮੀ ਦੁਪੱਟਾ ਉੱਤੇ ਸਿਲਮ ਸਿਤਾਰੇ
ਮੱਥੇ ਵਾਲਾ ਟਿੱਕਾ ਤੈਨੂੰ ਕਰਦਾ ਇਸ਼ਾਰੇ
ਹੱਥੀਂ ਪਾਏ ਗੋਖੜੂ ਮੈਂ ਕਿਝ ਛਣਕਾਵਾਂ !
ਚੁਪ ਚੁਪ ਤੱਕਦੀਆਂ ਹਾਰ ਤੇ ਹਮੇਲਾਂ
ਬੜੀਆਂ ਉਦਾਸ ਮੇਰੇ ਕੰਨਾਂ ਦੀਆਂ ਰੇਲਾਂ
ਗਲ ਦੀ ਤਵੀਤੜੀ ਨੂੰ ਗਲ ਨਾਲ ਲਾਵਾਂ ।
ਰੇਸ਼ਮੀ ਏ ਕੁੜਤੀ ਤੇ ਕੁੜਤੀ ਨੂੰ ਬੀੜੇ
ਹੰਝੂਆਂ ਥੀਂ ਭਿੱਜੇ ਮੇਰੇ ਸੂਹੇ ਸੂਹੇ ਲੀੜੇ
ਗਮਾਂ ਦੀਆਂ ਚੜ ਆਈਆਂ ਕਾਲੀਆਂ ਘਟਾਵਾਂ
ਲਿਸ਼ ਲਿਸ਼ ਕਰੇ ਮੇਰੇ ਪੈਰਾਂ ਵਾਲਾ ਜੋੜਾ
ਉੱਡੂੰ ਉੱਡੂੰ ਕਰਾਂ, ਭੈੜਾ ਤੁਰੇ ਥੋੜਾ ਥੋੜਾ
ਚਾਂਦੀ ਦੀਆਂ ਝਾਂਜਰਾਂ ਵੀ ਬੰਨ੍ਹ ਕੇ ਬਿਠਾਵਾਂ ।
ਤੁਰ ਗਈਆਂ ਨਾਲ ਤੇਰੇ ਚਾਵਾਂ ਦੀਆਂ ਡਾਚੀਆਂ
ਝਨ੍ਹਾਂ ਦੇ ਪਾਣੀਆਂ 'ਚ ਸੱਧਰਾਂ ਗਵਾਚੀਆਂ
ਯਾਦਾਂ ਵਾਲੇ ਕਾਫ਼ਲੇ ਨੂੰ ਮੁੜ ਕੇ ਬੁਲਾਵਾਂ
ਨੀਲੇ ਨੀਲੇ ਨੈਣਾਂ ਵਿੱਚ ਕਾਲੀਆਂ ਘਟਾਵਾਂ
ਆ ਜਾ ਪ੍ਰਦੇਸੀਆ ਵੇ ਕਹਿੰਦੀਆਂ ਹਵਾਵਾਂ ।
ਹੁਣ ਜਦੋਂ
ਬੱਲਦਾਂ ਦੇ ਗਲ
ਛਣਕਦੀਆਂ ਨਹੀਂ ਟੱਲੀਆਂ
ਮੇਲੇ 'ਚ ਮੁਟਿਆਰ ਦੀ
ਝਾਂਜਰ
ਖੌਰੂੰ ਨਹੀਂ ਪਾਉਂਦੀ
ਸੰਮਾਂ ਵਾਲੀ ਡਾਂਗ
ਮੋਢੇ 'ਤੇ
ਸੋਂਹਦੀ ਨਹੀਂ
ਕਾਮਿਆਂ ਦੇ ਪੁੱਤ
ਬੁੱਤ ਬਣ
ਹਰ ਰੁੱਤ 'ਚ
ਭਟਕਦੇ ਨੇ ਕੰਮਾਂ ਲਈ
ਫਸਲਾਂ 'ਤੇ ਘੁੰਮਦੇ ਨੇ
ਬੱਦਲਾਂ ਦੇ ਸਾਏ
ਸਾਹੂਕਾਰਾਂ ਦੇ ਜਾਏ !
ਪਾਣੀ ਦੀ ਥਾਂ
ਪੀਣੀ ਪੈਂਦੀ ਏ
ਜ਼ਹਿਰ...
ਕਹਿਰ ਸਾਂਈ ਦਾ
ਫਿਰ ਤੁਸੀਂ ਕਿੰਝ
ਆਖ ਦਿੰਦੇ ਹੋ
ਸਭ ਕੁਝ ਮੁਬਾਰਕ ! !
ਹੁਸੀਨ ਖ਼ਾਬਾਂ ਦੀ
ਜਮੀਨ ਵੱਲ
ਜ਼ਹੀਨ ਕੁੜੀਆਂ
ਪੁੱਟਦੀਆਂ ਨੇ ਪੁਲਾਂਘ
ਤਾਂ ਸ਼ਰਬਤੀ ਨੈਣਾਂ 'ਚ
ਤੈਰਦੇ ਨੇ ਸੁਨਹਿਰੇ ਦਰਿਆ
ਤਾਜ ਮਹੱਲ ਦਾ ਪ੍ਰਛਾਵਾਂ
ਤੇ ਚੰਦ੍ਰਮਾਂ ਨਾਲ ਨਾਲ
ਤੁਰ ਰਿਹਾ ਹੁੰਦੈ !
ਅਜੀਬ ਦਸਤੂਰ ਏ
ਹਰ ਵਾਰ ਦਹਿਲੀਜ਼
ਪੈਰਾਂ ਤੋਂ ਦੂਰ ਏ
ਮੁੜ ਕੇ ਦੇਖਦੀਆਂ ਨੇ
ਸਰਦਲ ਨੀਵੀਂ ਨੀਂਵੀਂ
ਅਗਾਂਹ ਤੱਕ ਵਿਛਿਆ
ਰੇਗਿਸਤਾਨ !
ਸਾਹਮਣੇ ਉੱਗ
ਆਂਓਦੀਆਂ ਨੇ ਥੋਹਰਾਂ
ਮ੍ਰਿਗਤ੍ਰਿਸ਼ਨਾਂ .....
ਕਿਰਦੇ ਨੇ ਹੱਥਾਂ 'ਚੋਂ ਖ਼ਾਬ
ਰੇਤ ਦੀ ਤਰਾਂ !
ਵਿਸਰ ਜਾਂਦਾ ਏ
ਮੰਜ਼ਿਲ ਦਾ ਸਿਰਨਾਵਾਂ
ਆਪਣਾ ਹੀ ਪਰਛਾਵਾ
ਤਾਂ ਬਿਨਾਂ ਕਿਸੇ ਦੋਸ਼
ਜ਼ਹੀਨ ਕੁੜੀਆਂ
ਬਣ ਜਾਂਦੀਆਂ ਨੇ
ਖ਼ਾਨਾਬਦੋਸ਼ !
ਅਰਸਤੂ ਦਾ ਤਰਕ
ਨੀਤੀ ਸਾਸ਼ਤਰ
ਧਰਮਾਂ ਦੇ ਕੁਹਰੇ ਹੇਠ
ਦੱਬ ਕੇ
ਹੋ ਜਾਂਦਾ ਬੇਕਾਰ ।
ਭਟਕਦੀ ਏ ਰੂਹ
ਬੇਜ਼ਾਰ !
......ਫਿਰ ਤੁਸੀਂ
ਐਧਰ ਓਧਰ
ਹੱਥ ਮਾਰਦੇ
ਫਿਰਦੇ ਹੇ
ਲਾਚਾਰ !
ਗਿਆਨ ਅਤੇ
ਵਿਗਿਆਨ ਦਾ ਦੀਵਾ
ਕਿੱਥੇ ਰੱਖ ਬਹਿੰਦੇ
ਓ ਯਾਰ
ਵਾਰ ਵਾਰ ! !
ਓ ਖ਼ੁਦਾ
ਓ ਨਾ ਖ਼ੁਦਾ !
ਇਕ ਨੂਰ ਤੇ ਸਰੂਰ
ਹੁਣ ਤਾਂ ਬਖਸ਼ ਦੇ ।
ਪੁਤਲਿਆਂ ਲਈ ਇਕ ਮਿੱਟੀ
ਦੇ ਕੋਈ ਆਬੇ-ਹਯਾਤ
ਮਨ ਸੁਨਹਿਰੇ ਵਰਕ ਉੱਤੇ
ਲਿਖ ਅਲੌਕਿਕ ਕਾਇਨਾਤ
ਸ਼ਬਦ ਰਸ ਦੇ ਵਾਸਤੇ
ਅੱਖਰ ਸਿਆਹੀ ਆਸ ਦੇ
ਅੰਗੂਰ ਹੁਣ ਤਾਂ ਬਖ਼ਸ਼ ਦੇ।
ਝਰਨਿਆਂ ਜਿਹੇ ਗੀਤ ਦੇ
ਗ਼ਜ਼ਲ ਲਈ ਸੰਗੀਤ ਦੇ
ਪਵਨ ਪੁਤਰੀ ਪਰਬਤਾਂ ਤੋਂ
ਨੀਰ ਹੁਣ ਤਾਂ ਦੇ ਜਰਾ
ਜ਼ਹਿਰ ਤੋਂ ਅਮਿਰਤ ਬਣੇ
ਤਹਿਰੀਰ ਹੁਣ ਤਾਂ ਦੇ ਜਰਾ
ਉਰਵੇਲਾ ਜਾਂ ਮੌਲ਼ਸਿਰੀ
ਕੋਹਿਤੂਰ ਹੁਣ ਤਾਂ ਬਖ਼ਸ਼ ਦੇ।
ਸਾਗਰਾਂ ਨੂੰ ਰਿੜਕ ਕੇ
ਬੁੱਤਾਂ ਦੇ ਹਿਰਦੇ ਵਾਸਤੇ
ਕਵਿਤਾ ਦਾ ਮੋਤੀ ਮੰਗਦੀ
ਕੋਹਿਨੂਰ !
ਐ ਹਜ਼ੂਰ
ਇਹ ਜਰੂਰ
ਹੁਣ ਤਾਂ ਬਖ਼ਸ਼ ਦੇ !!
ਚਾਨਣ ਦਾ ਚੁੱਕੀ ਕਟੋਰਾ
ਬੁੱਧ ਦੇਵ ਤੁਰ ਪਿਐ.... !
ਗਿਆਨ ਮੀਮਾਂਸਾ ਵੰਡਦਾ
ਅਸ਼ੋਕ ਕੋਲੋਂ ਲੰਘਦਾ
ਪਿੱਛੇ ਪਿੱਛੇ ਦਾਰਸ਼ਨਿਕ
ਵਿਦਵਾਨ ਨੇ
ਅਹਿੰਸਾ ਪਰਚਮ ਝੂਲਦਾ
ਝੁਕ ਰਹੇ ਅਸਮਾਨ ਨੇ
ਫੈਲਦੇ ਨੇ ਕਾਫ਼ਲੇ
ਚੱਲ ਰਹੇ ਨੇ ਸਿਲਸਿਲੇ
ਜਨ-ਜਨ
ਅੰਤਰ ਧਿਆਨ ਨੇ !
ਬੁੱਧ ਪਰਤ ਵੇਖਦਾ ਏ
ਪੂਰਬ ਦੀ ਇਸ ਧਰਤ ਵੱਲ...
ਸਿਮਟੇ ਜਿਹੇ ਲੋਕ ਨੇ
ਚਿਹਰੇ ਨੇ ਬੁਝੇ ਜਿਹੇ
ਚਾਨਣ ਦੇ
ਛਿੱਟਿਆਂ ਤੋਂ ਡਰਦੇ
ਲੋਕ ਹਰੇ ਹਰੇ ਕਰਦੇ
ਕੁੰਦਰਾਂ ਵਿੱਚ
ਲੁਕ ਰਹੇ ਨੇ
ਛੁਪ ਰਹੇ ਨੇ
ਅਜੇ ਤੱਕ। ! !
ਇੱਕ ਮੂਰਤ
ਜਾਣੀ ਪਹਿਚਾਣੀ
ਆਦਿ ਅਨਾਦੀ
ਪੌਣ ਪੌਣ ਜਿਹੀ
ਆਦਮ ਜੋਤੀ
ਅਗਮ ਅਗੰਮੀ
ਸੀ ਲਾਸਾਨੀ
ਇਕ ਮੂਰਤ
ਜਾਣੀ ਪਹਿਚਾਣੀ ।
ਚੰਨ ਸਿਤਾਰਾ
ਤਾਰਾ ਤਾਰਾ
ਅੰਬਰ ਸਾਰਾ
ਹੈ ਉਜਿਆਰਾ
ਦੇਸ਼ ਦੇਸ਼ ਤੇ
ਦਿਸ਼ਾ ਦਿਸ਼ਾ ਵੀ
ਘਾਟ ਘਾਟ ਤੇ
ਘਟਾ ਘਟਾ ਵੀ
ਘਾਟ ਘਾਟ ਦਾ
ਪਾਣੀ ਪਾਣੀ
ਇੱਕ ਮੂਰਤ
ਜਾਣੀ ਪਹਿਚਾਣੀ ।
ਅਰਸਾ ਵਿਰਸਾ
ਚਰਚਾ ਚਰਚਾ
ਦੰਤ ਕਹਾਣੀ
ਮਿੱਥ ਪੁਰਾਣੀ
ਵਹਿੰਦਾ ਰਹਿੰਦਾ
ਦਹਿਆ ਦਰਿਆ
ਕਤਰਾ ਕਤਰਾ
ਨੈਣਾਂ ਥਾਣੀਂ
ਇੱਕ ਮੂਰਤ
ਜਾਣੀ ਪਹਿਚਾਣੀ ।
ਇਸ ਤੋਂ ਪਹਿਲਾਂ ਕਿ
ਤੁਹਾਡੇ ਪੈਰਾਂ ਹੇਠੋਂ
ਜ਼ਮੀਨ ਖਿਸਕ ਜਾਏ
ਸਿਰ 'ਤੇ
ਅਸਮਾਨ ਆਣ ਡਿੱਗੇ
......
ਆਪਣੇ ਕਦਮਾਂ 'ਚ ਵਿਛੇ
ਲਾਵੇ ਦੀ ਸ਼ਨਾਖ਼ਤ ਕਰ
ਕੁਝ ਇਸ ਤਰਾਂ ਗੁਜ਼ਰੋ
ਕਿ ਹਰ ਹਰਕਤ
ਜ਼ਲਜ਼ਲਾ ਹੋ ਜਾਏ !!!!
ਮੇਰਾ ਹਰ ਸ਼ਬਦ ਕਵਿਤਾ ਹੈ
ਸਮੁੰਦਰ ਮੇਰੀ ਸਿਆਹੀ ਹੈ
ਤੇ ਅੰਬਰ ਮੇਰਾ ਵਰਕਾ ਹੈ
ਮੇਰਾ ਹਰ ਸ਼ਬਦ ਕਵਿਤਾ ਹੈ ।
ਜਦੋਂ ਤੋਂ ਝੀਲ ਨੀਲੀ ਨੇ
ਬਲੌਰੀ ਅੱਖ ਖੋਹਲੀ ਹੈ
ਤੇ ਵਗਦੇ ਪਾਣੀਆਂ ਉੱਤੇ
ਸਮੇਂ ਦੀ ਕਿਸ਼ਤੀ ਡੋਲੀ ਹੈ
ਲਹਿਰ ਲਹਿਰਾ ਕੇ ਉਠਦੀ ਹੈ
ਮਨਾਂ ਵਿਚ ਆਸ ਜਗਦੀ ਹੈ
ਦਿਲਾਂ ਦਾ ਕਮਲ ਖਿੜਦਾ ਹੈ
ਮੇਰਾ ਹਰ ਸ਼ਬਦ ਕਵਿਤਾ ਹੈ ।
ਧਰੂ ਤਾਰੇ ਦੀ ਮੱਧਮ ਲੋਅ
ਜੋ ਸੁਫਨੇ ਵਾਂਗ ਚਲਦੀ ਹੈ
ਮੇਰਾ ਆਕਾਸ਼ ਮੱਲਦੀ ਹੈ
ਇਹ ਰੂਹ ਰੰਗਾਂ 'ਚ ਰਲਦੀ ਹੈ
ਜੋ ਸੁਰਖੀ ਸੋਚ ਬਣਦੀ ਹੈ
ਚੇਤਨਾ ਤਾਣਾ ਤਣਦੀ ਹੈ
ਕਿ ਮੌਲਣਹਾਰ ਪੱਤਾ ਹੈ
ਮੇਰਾ ਹਰ ਸ਼ਬਦ ਕਵਿਤਾ ਹੈ।
ਜਿਵੇਂ ਦਿਓਦਾਰ ਨੂੰ ਦਿੱਤੀ
ਕਿਸੇ ਪਰਬਤ ਨੇ ਆ ਗੁੜਤੀ
ਵਿਸਾਰੇ ਚੇਤਿਆਂ ਵਿਚੋਂ
ਕਦੇ ਘਾਟੀ ਨਹੀਂ ਭੁਲਦੀ
ਕਿ ਝਰਨਾ ਝਰਝਰਾਂਉਂਦਾ ਹੈ
ਪੁਰਾਣੀ ਬਾਤ ਪਾਉਂਦਾ ਹੈ
ਹੁੰਗਾਰਾ ਰੱਤ ਰੱਤਾ ਹੈ
ਮੇਰਾ ਹਰ ਸ਼ਬਦ ਕਵਿਤਾ ਹੈ ।
ਸਰਾਪੀ ਰੁੱਤ ਆਉਂਦੀ ਹੈ
ਸੰਤਾਪੀ ਧਰਤ ਜਾਂਦੀ ਹੈ
ਉਨੀਂਦੇ ਪੱਤਿਆਂ ਉੱਤੇ
ਪਏ ਤੇਜਾਬ ਦੇ ਛਿੱਟੇ
ਤਾਂ ਜੰਗਲ ਸ਼ੂਕ ਉਠਦੇ ਨੇ
ਤੇ ਪੱਥਰ ਕੂਕ ਪੈਂਦੇ ਨੇ
ਹੋ ਜਾਂਦਾ ਸਵਰ ਤੱਤਾ ਹੈ
ਮੇਰਾ ਹਰ ਸ਼ਬਦ ਕਵਿਤਾ ਹੈ ।
ਸਗਲ ਬ੍ਰਹਿਮੰਡ ਹੈ ਇਕ ਘਰ
ਤੇ ਅੰਬਰ ਇਕ ਚੋਬਾਰਾ ਹੈ
ਜੁ ਪਹਿਰੇਦਾਰੀਆਂ ਕਰਦਾ
ਸੂਰਜ ਚੰਨ ਸਿਤਾਰਾ ਹੈ
ਜੁ ਤਾਰਾ ਰਾਹ ਦਸੇਰਾ ਹੈ
ਸਾਰਾ ਆਕਾਸ਼ ਮੇਰਾ ਹੈ
ਤੇ ਹਰ ਕਿਣਕੇ ਦਾ ਨਾਤਾ ਹੈ
ਮੇਰਾ ਹਰ ਸ਼ਬਦ ਕਵਿਤਾ ਹੈ।
ਪਾਣੀਆਂ 'ਤੇ ਨ੍ਰਿਤ ਕਰਦੀ
ਪਾਰਵਤੀ ਦੇ
ਪੈਰਾਂ 'ਚ ਮੰਡਰਾ ਰਿਹਾ ਏ
ਕਾਲ ਚੱਕਰ
ਮਹਾਂਨਾਚ !
ਗੂੰਝ ਰਿਹੈ ਕੋਈ ਮਹਾਨਾਦ !
ਹੁਣ ਸ਼ਾਇਦ
ਬੇਆਬਾਦ
ਰਾਹਾਂ 'ਚ ਫੁੱਲ ਖਿੜਨ
ਤੇ ਲਹੂ ਦੀ
ਤਾਸੀਰ ਬਦਲ ਜਾਏ ।
ਵਾਰ ਵਾਰ
ਸਰੇ ਬਾਜਾਰ
ਬੇਆਬਰੂ ਹੁੰਦੀ
ਦਰੋਪਦੀ ਦੀ
ਤਕਦੀਰ ਬਦਲ ਜਾਵੇ ! !
ਮਿਸਰ ਦੇ ਪਿਰਾਮਿਡ
ਅਲੌਕਿਕ ਅਲੌਕਿਕ
ਅਜੂਬਾ ਅਜੂਬਾ !!
ਅਲੰਕਾਰਾਂ 'ਚ
ਜਿੱਤਾਂ ਹਾਰਾਂ 'ਚ
ਹੀਰਿਆਂ ਥੀਂ ਜੜ੍ਹਤ
ਨਿਢਾਲ ਪਈ
ਰਾਜੇ ਖ਼ੁਫ਼ੂ ਦੀ ਮਮੀ ।
ਅਜ਼ਬ ਸੈਲਾਨੀ
ਗ਼ਜ਼ਬ ਇਮਾਰਤਸਾਜ਼ੀ
ਹੈਰਤ ਹੈਰਾਨੀ
ਅੰਤਰ ਆਤਮਾ 'ਚ ਖ਼ੋਫ਼
ਜਿਓਂ ਅੱਜ ਵੀ
ਰਾਜੇ ਖ਼ੁਫ਼ੂ ਦਾ ਦਿਲ
ਰਾਣੀ ਖ਼ੁਰੀਆ ਦੀ
ਛਾਤੀ ਦੇ
ਐਨ ਖੱਬੇ ਪਾਸੇ
ਧੜਕ ਰਿਹਾ ਹੋਵੇ ! !
ਤਾਰਿਆਂ ਦੀ ਭਰ ਝੋਲ
ਆ ਰਾਤ ਬਹੇਗੀ ਕੋਲ
ਤੇ ਚੰਨ ਕਹੇਗਾ ਬੋਲ
ਮੈਂ ਕਵਿਤਾ ਕਹਾਂਗੀ ।
ਆਹਾਂ ਸੰਗ ਆਸ ਪਰੋਤੀ
ਬਣ ਕਤਰਾ ਕਤਰਾ ਮੋਤੀ
ਜਗੇਗੀ ਜਗਮਗ ਜੋਤੀ
ਮੈਂ ਕਵਿਤਾ ਕਹਾਂਗੀ ।
ਜਦ ਆਣ ਸੰਧੂਰੀ ਸ਼ਾਮ
ਹੱਥਾਂ ਨੂੰ ਕਰੂ ਸਲਾਮ
ਮਿੱਟੀ ਨ ਰਹੂ ਗੁਲਾਮ
ਮੈਂ ਕਵਿਤਾ ਕਹਾਂਗੀ ।
ਉਮਰਾਂ ਦੀ ਸ਼ਿਖ਼ਰ ਦੁਪਹਿਰ
ਜੇ ਹੁਸਨਾਂ ਦਾ ਕੋਈ ਕਹਿਰ
ਜਾਂ ਇਸ਼ਕ ਕਹੇਗਾ ਠਹਿਰ
ਮੈਂ ਕਵਿਤਾ ਕਹਾਂਗੀ ।
ਚੱਕ ਚਰਖਾ ਘੂਕਰ ਪਾਵੇ
ਜੋਗੀ ਉਤਰ ਪਹਾੜੋਂ ਆਵੇ
ਕੋਈ ਰਾਂਝਣ ਮੋੜ ਲਿਆਵੇ
ਮੈਂ ਕਵਿਤਾ ਕਹਾਂਗੀ ।
ਪਰਾਈ ਜ਼ੁਬਾਨ
ਬੇਜਾਨ
ਲੜਖੜਾਂਉਂਦੀ
ਪਿੰਜਰੇ ਵਿੱਚ ਫੜਫੜਾਂਉਂਦੀ !
ਮਾਂ ਬੋਲੀਂ
ਦਿਲਾਂ 'ਚ ਧੜਕਦੀ
ਰੂਹ 'ਚੋਂ ਬੋਲਦੀ
ਸਾਰੇ ਭੇਦ ਖੋਲਦੀ
ਹੱਸਦੀ ਹਸਾਉਂਦੀ
ਉਦਾਸੀ ਗ਼ਲ ਲਾਉਂਦੀ
ਖੰਭ ਖਿਲਾਰਦੀ
ਸਦਕੇ ਜਾਂਦੀ
ਵਿਸ਼ਵ ਨੂੰ ਬੁੱਕਲ 'ਚ ਲੈ
ਮੋਹ ਦੇ ਅੰਬਰ 'ਤੇ ਛਾ ਜਾਂਦੀ
ਜਿਉਂ ਕਿਧਰੋਂ
ਮਾਂ ਹੀ ਆ ਜਾਂਦੀ !
ਮੈਂ ਇਕ ਹਰਨੀ
ਬਾਗੀਂ ਚਰਨੀ
ਨੱਚਾਂ ਜੰਗਲ ਬੇਲੇ
ਗਜ ਗਜ ਲੰਮੀਆਂ
ਪੁਟ ਪੁਲਾਘਾਂ
ਦੌੜਾਂ ਸੰਝ ਸਵੇਲੇ ।
ਮੈਂ ਇਕ ਮਛਲੀ
ਸੋਨ ਸੁਨਹਿਰੀ
ਲਹਿਰ ਲਹਿਰ ਨੂੰ ਚੁੰਮਾਂ
ਮੁੜ ਮੁੜ ਆਵਾਂ
ਮੁੜ ਮੁੜ ਜਾਵਾਂ
ਸੱਤ ਸਮੁੰਦਰ ਘੁੰਮਾਂ ।
ਮੈਂ ਇਕ ਪੌਣ
ਪੁਰੇ ਤੋਂ ਆਈ
ਮੈਨੂੰ ਨ ਕੋਈ ਰੋਕੇ
ਮੈਂ ਤਾਂ ਆਪਣੇ
ਨਾਲ ਲਿਆਈ
ਪ੍ਰੀਤ ਦੇ ਗੀਤ ਪਰੋ ਕੇ ।
ਮੈਂ ਇਕ ਨਦੀ
ਦਿਲਾਂ ਦੀ ਦਰਿਆ
ਮੇਰੀ ਅਜਬ ਕਹਾਣੀ
ਜਿੱਥੇ ਜਾਵਾਂ
ਮੈਂ ਵਿਛਾਵਾਂ
ਅਮ੍ਰਿਤ ਵਰਗਾ ਪਾਣੀ ।
ਮੈਂ ਇਕ ਡਾਲੀ
ਫੁੱਲਾਂ ਲੱਦੀ
ਵੰਡਾਂ ਪਈ ਖੁਸ਼ਬੋਆਂ
ਹਰ ਰਾਹੀ
ਜੋ ਲੰਘੇ, ਸੋਚੇ
ਪਲ ਦੋ ਪਲ ਖਲੋਵਾਂ ।
ਮੈਂ ਇਕ ਤਿਤਲੀ
ਰੂਪ ਦੀ ਰਾਣੀ
ਉੱਡਾਂ ਤੇ ਰੰਗ ਮਾਣਾਂ
ਹਰ ਪੱਤੇ ਤੇ
ਹਰ ਡਾਲੀ 'ਚੋਂ
ਇਕੋ ਜੋਤ ਪਛਾਣਾਂ।
ਅਹਿਮਕ
ਗਲੀ ਮੁਹੱਲਿਆਂ 'ਚ
ਜਾਤਾਂ ਜਮਾਤਾਂ ਅਨੁਸਾਰ
ਸਿਰਜ ਲੈਂਦੇ ਨੇ
ਆਪਣੇ ਆਪਣੇ 'ਰੱਬ' !
ਉਸਾਰ ਕੇ ਦੀਵਾਰਾਂ
ਕੈਦ ਕਰ ਲੈਂਦੇ ਨੇ ਸਭ !!
ਫਿਰ ......
ਜ਼ਾਹਿਰ ਏ
ਗ਼ੁਲਾਮ ਦੀ ਕਦੇ
ਜਮਾਨਤ ਨਹੀਂ ਹੁੰਦੀ !!
ਬੇਲੀਆ ਵੇ ! ਅਸੀਂ ਨੇਹੁੰ ਲਾ ਬੈਠੇ
ਬੇਲੀਆ ਵੇ ! ਨੇਹੁੰ ਲੱਗ ਗਿਆ ਆਪੇ।
ਬੇਲੀਆ ਵੇ ! ਸਾਡੀ ਨੀਂਦ ਗੁਆਚੀ
ਬੇਲੀਆ ਵੇ ! ਅਸੀਂ ਆਪ ਗਵਾਚੇ ।
ਬੇਲੀਆ ਵੇ ! ਰੱਬ ਕੁਝ ਨਾ ਆਂਹਦਾ
ਬੇਲੀਆ ਵੇ ! ਸਾਨੂੰ ਝਿੜਕਣ ਮਾਪੇ।
ਬੇਲੀਆ ਵੇ ! ਸਾਨੂੰ ਦੁਨੀਆਂ ਭੁੱਲੀ
ਬੇਲੀਆ ਵੇ ! ਹੋ ਗਏ ਇਕਲਾਪੇ ।
ਬੇਲੀਆ ਵੇ ! ਨਹੀਂ ਹੱਜ ਜੀਣ ਦਾ
ਬੇਲੀਆ ਵੇ ! ਨਿੱਤ ਹੋਣ ਸਿਆਪੇ।
ਬੇਲੀਆ ਵੇ ! ਅਸਾਂ ਮੋੜੀਆਂ ਵਾਗਾਂ
ਬੇਲੀਆ ਵੇ ! ਰਾਹ ਲੰਮੇ ਜਾਪੇ ।
ਤੁਹਾਨੂੰ ਸਮਝ ਸਕਣਾ
ਬੜਾ ਮੁਸ਼ਕਿਲ ਏ !
ਝਨਾਂ ਦੇ ਕੰਢੇ ਬਹਿ
ਟੋਟੇ ਟੋਟੇ ਕਰ
ਵਹਾ ਦੇਂਦੇ ਓ
ਮੁਹੱਬਤ ਦੇ
ਸਾਰੇ ਪੈਗ਼ਾਮ !
ਫਿਰ ਸ਼ਰੇਆਮ
ਤੁਰ ਪੈਂਦੇ ਓ
ਮਹੀਵਾਲ ਦੇ ਮਜ਼ਾਰ 'ਤੇ
ਦੀਵੇ ਬਾਲਣ
ਵਫ਼ਾ ਪਾਲਣ !!
ਹਰ ਕੋਈ ਨਾਰਾਜ਼ ਸੀ
ਸਭ ਨੂੰ ਇਤਰਾਜ਼ ਸੀ
ਮੇਰੇ ਮੁਸਕਾਉਣ 'ਤੇ
ਸਹਿਜੇ ਸਹਿਜੇ
ਬਸੰਤ ਦਾ ਇਕ ਨਗਮਾ
ਗਾਉਣ 'ਤੇ !
ਉਹਨਾਂ ਦੀ ਖੁਸ਼ੀ ਲਈ
ਮੈਂ ਖੁਦਗਰਜੀਆਂ ਦਾ
ਲਬਾਦਾ ਪਹਿਨ
ਗੁਜਰਦੀ ਰਹੀ ਖ਼ਿਜ਼ਾਵਾਂ 'ਚੋਂ
ਬੇਰੰਗ ਰਾਹਵਾਂ 'ਚੋਂ
ਹਰ ਰੋਜ਼
ਬਿਨਾ ਅਲਾਪ
ਚੁਪ ਚਾਪ !
ਤੇ ਹੁਣ ਉਹ ਮੈਨੂੰ
ਹੈਰਾਨੀ ਨਾਲ ਤੱਕਦੇ ਨੇ
ਉਮੀਦ ਰੱਖਦੇ ਨੇ
ਕਦੇ ਤਾਂ ਹੱਸੇ ਇਹ
ਕਦੇ ਤਾਂ ਰੋਵੇ
ਪਰ ਇਉਂ ਲਗਦੈ
ਜਿਵੇਂ ਮੇਰੇ 'ਚ ਹੀ
ਰੂਹ ਨਾ ਹੋਵੇ !!!
ਚੰਨ ਹੈ ਮੇਰਾ ਬਾਵਰਾ
ਮੈਂ ਹਾਂ ਇਸ ਦੀ ਲੋਅ
ਤੁਰਦੀ ਤੁਰਦੀ ਜਦ ਰੁਕਾਂ
ਸੰਗ ਇਹ ਜਾਏ ਖਲੋਅ ।
ਚੰਨ ਬੜਾ ਸੁਹੇਲੜਾ
ਗਾਵਾਂ ਇਹਦੇ ਗੀਤ
ਪ੍ਰੀਤਾਂ ਦੀ ਜਾਈ ਹਾਂ ਮੈਂ
ਬਣਿਆ ਇਹ ਮਨ ਮੀਤ।
ਸਾਹਵੇਂ ਚੰਨ ਅਲਬੇਲੜੇ
ਚਲਦਾ ਨਾਹੀਂ ਜੋਰ
ਮੈਂ ਹਾਂ ਨਿੰਮੀ ਚਾਨਣੀ
ਸਾਈਂ ਹੈ ਚਿਤਚੋਰ।
ਚੰਨ ਦੀ ਡੋਲੀ ਮੈਂ ਬਹਾਂ
ਸੰਙਦੇ ਸੰਙਦੇ ਨੈਣ
ਮੈਂ ਬਿਰਹੋਂ ਨੂੰ ਤਜ ਕੇ
ਵਸਲੀਂ ਲੱਗੀ ਪੈਣ ।
ਚੰਨਾ ਰੰਗੇ ਰੱਤਿਆ
ਹੁਸਨਾਂ ਦਾ ਜਲੌਅ
ਇਸ਼ਕੇ ਨੂੰ ਪਾ ਪੱਲੜੇ
ਲੈਂ ਕੋਈ ਕੰਨਸੋਅ।
ਮਾਰੂਥਲਾਂ ਵਿਚ
ਡਾਚੀਆਂ ਦੀ
ਪੈੜ ਨਾ ਨੱਪੀਂ ।
ਜਾਹ ਮੁੜ ਜਾ ਸਾਈਂ
ਸ਼ਾਮ ਤਾਈਂ
ਬੇਨਾਮ ਤੇ ਬੇਜਾਨ
ਦਿਲ ਦੀਆਂ
ਬਸਤੀਆਂ ਦੇ
ਦਰਵਾਜੇ ਨਹੀਂਓਂ ਹੁੰਦੇ
ਮੇਰੀ ਜਾਨ !
ਤੇ ਪੁੰਨੂੰ ਕਦੇ
ਪਰਤਦੇ ਨਹੀਓਂ!
ਮੈਨੂੰ ਪੂਰਬ ਦਿਸ਼ਾ 'ਚੋਂ
ਉਗਮਣ ਦਿਓ ਜਰਾ...
ਸਰ ਸਬਜ਼ ਪੱਤੀਆਂ 'ਚੋਂ
ਛਣ ਕੇ
ਕਿਰਨਾਂ ਨੂੰ ਲੈ ਕਲਾਵੇ
ਤੁਹਾਡੀਆਂ ਝੁੱਗੀਆਂ ਤੱਕ
ਪਹੁੰਚ ਜਾਵਾਂ !
ਜਲ ਗਾਹਾਂ ਦੀ ਮਿਠਾਸ
ਤੁਹਾਡੀ ਪਿਆਸ 'ਤੇ
ਛਿੜਕ ਦਿਆਂ
ਤਾਂ ਕਿ ਆਸ
ਮਘਦੀ ਰਹੇ ਸੀਨੇ 'ਚ !
ਹੱਥਾਂ 'ਚ ਲੁਕਾ
ਇਕ ਚਿਰਾਗ
ਬੜੀ ਹਿਫ਼ਾਜਤ ਨਾਲ
ਰੱਖ ਆਵਾਂ ਤੁਹਾਡੇ ਰਾਹਾਂ 'ਚ
ਰਾਤ ਭਰ ਰੋਸ਼ਨੀ ਲਈ !
ਸੋਚਾਂ 'ਚ...
ਬਾਲ ਦਿਆਂ ਭਾਂਬੜ
ਬਸ ਤੁਸੀਂ...
ਕੱਖਾਂ ਤੋਂ
ਬੇਲਿਹਾਜ਼ ਅੱਖਾਂ ਤੋਂ
ਬਚਾ ਕੇ ਰੱਖਣਾ
ਆਪਣਾ ਆਪ
ਮੇਰੇ ਪਰਤਣ ਤੀਕ ! !!
ਆਪਾ - ਹਾਣੀ ਸਾਂਝ ਪੁਰਾਣੀ
ਕਲਮ ਤਾਂ ਮੇਰੀ ਸੂਰਜ ਜਾਈ
ਨਾਲ ਹੀ ਉਗਮੀ ਨਾਲ ਤੁਰੀ ਸੀ
ਕਦਮ ਕਦਮ 'ਤੇ ਨਾਲ ਹੀ ਆਈ।
ਉਗਦੇ ਉਗਦੇ ਕੰਬਦੇ ਕੰਬਦੇ
ਸਮਿਆਂ ਕੋਲੋਂ ਕੁਝ ਸਾਹ ਮੰਗੇ
ਟੂਣੇਹਾਰਾਂ ਟੂਣੇ ਕੀਤੇ
ਮੈਂ ਤੇ ਮੇਰੀ ਕਲਮ ਨੇ ਤੱਕੇ।
ਨ ਹਿਲ ਸਕਦੇ ਨ ਚਲ ਸਕਦੇ
ਹੱਥ ਵੀ ਬੱਝੇ ਪੈਰ ਵੀ ਬੱਝੇ
ਏਨੀ ਧੁੰਦ ਤੇ ਏਨਾ ਧੂੰਆਂ
ਪਿੰਡ ਵੀ ਕੱਜੇ ਸ਼ਹਿਰ ਵੀ ਕੱਜੇ ।
ਦੋਵਾਂ ਰਲ ਇਕੱਠੇ ਹੋ ਕੇ
ਵਾਰੋ ਵਾਰੀ ਸੰਗਲ ਕੱਟੇ
ਫੜੀ ਮਸ਼ਾਲ ਹਨੇਰੇ ਚੀਰੇ
ਇਤਹਾਸਾਂ ਦੇ ਪੰਨੇ ਪਲਟੇ।
ਅੱਜ ਹੈ ਕਲਮ ਦਾ ਹਰ ਇਕ ਅੱਖਰ
ਜਗਦਾ ਮਘਦਾ ਇਕ ਚੰਗਿਆੜਾ
ਸਦੀਆਂ ਦੱਬੀ ਮਿੱਟੀ ਹੇਠੋਂ
ਜੀਂਕਣ ਫੁੱਟਿਆ ਹੈ ਕੋਈ ਲਾਵਾ।
ਸਮਿਆਂ ਦੇ ਸਿਰਨਾਵੇਂ ਲਿਖਦੀ
ਕਲਮ ਤਾਂ ਮੇਰੀ ਤੁਰੀ ਰਹੇਗੀ
ਪੌਣਾੰ ਦਾ ਇਹ ਰੁਖ ਬਦਲੇਗੀ
ਨਵਾਂ ਫਲਸਫਾ ਫੇਰ ਕਹੇਗੀ ।
ਹਮੇਸ਼ਾ ਹੀ ਕੁਦਰਤ ਦੇ
ਅੰਗ ਸੰਗ ਰਹਿੰਦੇ ਨੈ
ਜਿੰਦਗੀ ਖੂਬਸੂਰਤ ਹੈ
ਪਿਤਾ ਜੀ ਕਹਿੰਦੇ ਨੇ ।
ਸਾਗਰ ਕਿਨਾਰੇ
ਉਦਾਸ ਜਦ ਹੁੰਦੀ ਹਾਂ
ਹੱਥਾਂ ਚ ਕਾਗਜ ਦੀ
ਕਿਸ਼ਤੀ ਜੁ ਦੇਂਦੇ ਨੇ
ਹੌਸਲਾ ਨਹੀਂ ਹਾਰੀ ਦਾ
ਪਾਣੀ ਹਮੇਸ਼ਾ
ਤੂਫਾਨਾਂ ਸੰਗ ਰਹਿੰਦੇ ਨੇ
ਪਿਤਾ ਜੀ ਕਹਿੰਦੇ ਨੇ ।
ਕਦੇ ਬੁਝ ਜਾਂਦੀ ਹਾਂ
ਹਨੇਰੇ ਤੋਂ ਡਰਦੀ ਹਾਂ
ਜੁਗਨੂੰ ਦਿਖਾਂਓਦੇ ਨੇ
ਤਾਰੇ ਚਮਕਦੇ ਵੀ
ਗਰਦਿਸ਼ 'ਚ ਰਹਿੰਦੇ ਨੇ
ਪਿਤਾ ਜੀ ਕਹਿੰਦੇ ਨੇ ।
ਸਿੱਪੀਆਂ ਲਿਆਉਂਦੇ ਨੇ
ਮੇਰੇ ਸਾਂਹਵੇ ਰੱਖਦੇ ਨੇ
ਕਈ ਭੇਦ ਦੱਸਦੇ ਨੇ
ਮੋਤੀ ਬਣ ਚਮਕੇ ਤੂੰ
ਫੁੱਲਾਂ ਜਿਹੀ ਮਹਿਕੇਂ ਤੂੰ
ਦੁਆ ਦੈਂਦੇ ਰਹਿੰਦੇ ਨੇ
ਪਿਤਾ ਜੀ ਕਹਿੰਦੇ ਨੇ ।
ਖੌਲਦੇ ਸਮੁੰਦਰ ਨੇ
ਲਹਿਰਾਂ ਦੇ
ਕੰਨਾਂ 'ਚ ਕਿਹਾ
ਗਰਜਨ ਕਰੋ
ਖ਼ਾਮੋਸ਼ ਹਵਾਓ
ਤੂਫਾਨਾਂ ਵਿਚ
ਬਦਲ ਜਾਓ!
ਹੁਣ ਬਰੇਤੇ
ਚਾਂਦੀ ਰੇਤੇ
ਭਰੇ ਪਏ ਸਨ
ਮੋਤੀਆਂ ਸੰਗ !
............
ਤੇ ਸਮੁੰਦਰ ਸ਼ਾਂਤ ਸੀ।
ਹਰੀ ਨੇ
ਬੁੱਤ ਵਿਚ ਜੋਤ ਧਰੀ
ਸ਼ਾਹਕਾਰ ਬਣਾ ਦਿਁਤਾ !
ਬੁੱਤ ਨੇ
ਉਬਾਸੀ ਲਈ
ਪਾਸਾ ਪਰਤਿਆ
ਜੋਤ ਬੁਝਾਈ.. ...
ਤੇ ਸੌਂ ਗਿਆ !!
ਸੱਤ ਨਦੀਆਂ
ਸੱਤ ਸਮੁੰਦਰ
ਪਾਰ ਕਰਕੇ
ਆ ਗਈ ਹਾਂ ਢੋਲਣਾ !
ਤੂੰ ਤਾਂ ਸਾਥੋਂ
ਕੁਝ ਨ ਪੁੱਛਿਆ
ਜਦ ਲੁਗ਼ਾਮਾਂ
ਮੂੰਹ ਨੂੰ ਉੱਛਿਆ
ਪੈ ਗਿਆ ਕੁਝ ਬੋਲਣਾ !
ਨੱਕ ਦੇ ਵਿਚ
ਨੱਥ ਪਾਈ
ਤੂੰ ਤਾਂ ਆਪਣੀ
ਰੀਝ ਲਾਹੀ
ਪਰ ਦੁਹਾਈ
ਪੈਰੀਂ ਸਾਡੇ ਪਾ ਜੰਜ਼ੀਰਾਂ
ਭੁੱਲ ਗਿਉਂ ਤੂੰ ਖੋਲਣਾਂ !
ਸਿਰ ਤੋਂ
ਪੈਰਾਂ ਤੱਕ ਲੁਕਾ
ਚਾਨਣ ਛੁਪਾ
ਘੁੰਢ ਨੂੰ ਕਰਕੇ ਹੇਠਾਂ
ਸੂਰਜ ਸੀ ਕਿੱਥੋਂ ਟੋਲਣਾ ?
ਉਮਰ ਦਾ ਜੋ
ਸਫ਼ਰ ਕੀਤਾ
ਜ਼ਹਿਰ ਪੀਤਾ
ਮੰਜ਼ਲਾਂ ਦੇ ਕੋਲ ਆ ਕੇ
ਇੰਝ ਨਹੀਂ ਸੀ ਡੋਲਣਾ ।
ਜਿੱਤ ਕੇ ਵੀ
ਮੈਂ ਤਾਂ ਹਾਰੀ
ਹਾਂ ਵਿਚਾਰੀ
ਜਿੱਤ ਤੇਰੀ ਜਿੰਦ ਮੇਰੀ
ਪੈਰਾਂ ਥੱਲੇ ਰੋਲਣਾ ।
ਚਾਰੇ ਪਾਸੇ ਕਰ ਉਸਾਰੀ
ਖ਼ਬਰਦਾਰੀ !
ਕਬਰ ਤਾਂ ਆਖ਼ਰ ਸੀ ਮਿੱਟੀ
ਮਿੱਟੀ ਦਾ ਕੀ ਫੋਲਣਾ !
ਸੱਤ ਨਦੀਆਂ
ਸੱਤ ਸਮੁੰਦਰ
ਪਾਰ ਕਰਕੇ
ਆ ਗਈ ਹਾਂ ਢੋਲਣਾ !
ਸਰਦੀਆਂ ਦੀ ਰੁੱਤੇ
ਸੁੱਤੇ ਸੁੱਤੇ
ਦਾਦੀ ਸਵੈਟਰ ਬੁਣਦੀ ਏ
ਤਾਂ ਮੈਂ
ਸੁਪਨੇ ਬੁਣ ਲੈਂਦੀ ਹਾਂ
ਤੇ ਉਸਨੂੰ ਵੇਖਣ ਲਈ
ਕਹਿੰਦੀ ਹਾਂ !
ਦਾਦੀ ਜਦੋਂ
ਕੁਹਰੇ ਤੋਂ ਬਚਣ ਲਈ
ਆਪਣਾ ਆਪ
ਸਮੇਟ ਰਹੀ ਹੁੰਦੀ ਏ
ਤਾਂ ਮੈਂ ਸਾਰਾ
ਅਸਮਾਨ ਮੱਲ ਲੈਂਦੀ ਹਾ
ਤੇ ਉਸ ਨੂੰ ਉੱਡਣ ਲਈ
ਕਹਿੰਦੀ ਹਾਂ ।
ਦਾਦੀ ਹੁਣ
ਘੜਿਆਂ 'ਚੋਂ
ਪਾਣੀ ਟੋਲਦੀ ਏ
ਤਾਂ ਮੈਂ ਚਾਣਚੱਕ
ਨਿੱਕੀ ਜਿਹੀ ਨਦੀ
ਦਰਿਆ ਹੋ ਜਾਂਦੀ ਹਾਂ !
ਦਾਦੀ ਦੀ ਉੰਗਲੀ ਫੜ
ਆਂਹਦੀ ਆਂ
ਦਾਦੀ ਮਾਂ
ਮੇਰੀ ਜਾਨ !
ਰੁੱਤਾਂ ਬਦਲ ਗਈਆਂ ਨੇ !
ਓਮ ਦੇ ਪਰਕਾਸ਼ ਦੀ
ਗਾਥਾ ਕਹੇ ਸੰਸਾਰ ਸਾਰਾ
ਏਕਮ ਦੀ ਕੋਈ ਬਾਤ ਪਾਵੇ
ਓਨਮ ਪਰੇਮ ਦੂਤ ਬਣਕੇ
ਇਕ ਸ਼ਹਿਜ਼ਾਦੀ ਫਿਰ ਆਵੇ ।
ਪਹਿਨ ਕੇ ਦੁਧੀਆ ਲਿਬਾਸ
ਮਸਤਕ 'ਤੇ ਸੂਹੀ ਲਲਾਟ
ਓੜ ਕੇ ਆਕਾਸ਼ ਗੰਗਾ
ਚਿੱਟੇ ਚਿੱਟੇ ਕਈ ਕਬੂਤਰ
ਆ ਉਡਾਵੇ ।
ਬਰਹਮਾ ਬਰਹਿਮੰਡ ਚਿਤਾਰੇ
ਲੀਕ ਲੀਕ ਧਰੂ ਤਾਰੇ
ਦੀਪ ਮਹਾਂਦੀਪ ਮੋਤੀ
ਸੁਪਨ ਜੋਤੀ ਆਸ ਬਣਕੇ
ਪੰਚ ਅਮਰਿਤ ਆ ਮਿਲਾਵੇ
ਹੰਝੂੰਆਂ ਥੀਂ ਟਿਮਟਿਮਾਵੇ !
ਐ ਖ਼ੁਦਾ
ਇਕ ਖ਼ਤਾ
ਮੈਂ ਵੀ ਕਰਾਂ
ਕਿ ਭੁਲਾ ਦਿਆਂ ਤੈਨੂੰ
ਇਸਤਰਾਂ ...
ਜਿਸਤਰਾਂ ਕੋਈ
ਜਾਣਦਾ ਹੀ ਨ ਹੋਵੇ
ਕਿਸੇ ਨੂੰ !
ਤੇ ਫਿਰ ਦੇਖਾਂ
ਮੇਰੀ ਯਾਦ 'ਚ
ਤੂੰ ਕਿਸ ਕੋਲ
ਫਰਿਆਦ ਕਰਦਾ ਏਂ !!
(ਲੰਬੀ ਕਾਵਿ ਕਥਾ)
ਦੂਰੋਂ ਬਾਬਾ ਆ ਗਿਆ
ਕਰਦਾ ਕਰਦਾ ਸੈਰ
ਮੂੰਹ ਹਨੇਰੇ ਤੁਰ ਪਿਆ
ਉੱਤੋਂ ਚੜੀ ਦੁਪਿਹਰ ।
ਮਨ ਵਿਚ ਬੜਾ ਚਾਅ ਸੀ
ਵੇਖਾਂ ਕਿਧਰੇ ਸ਼ਹਿਰ
ਸੁਪਨਾ ਬੜਾ ਸੁਹਾਵਣਾ
ਛੇਤੀ ਪੁੱਟੇ ਪੈਰ ।
ਦੂਰ ਸੀ ਜਿਹੜਾ ਦਿਸਦਾ
ਸ਼ਹਿਰ ਗਿਆ ਫਿਰ ਆ
ਚਮਕ ਦਮਕ ਬਨਾਉਟੀ
ਮਨ ਲਿਆ ਭਰਮਾ ।
ਥਾਂ ਥਾਂ ਬਣੇ ਮਕਾਨ ਸਨ
ਉੱਚੇ ਭਵਨ ਅਪਾਰ
ਘਰ ਸਨ ਸੰਘਣੇ ਸੰਘਣੇ
ਵੱਸੋਂ ਬੇਸ਼ੁਮਾਰ ।
ਭਰੇ ਭਰਾਏ ਦਿਸ ਰਹੇ
ਗਲੀਆਂ ਤੇ ਬਾਜ਼ਾਰ
ਪੈਰ ਪੈਰ 'ਤੇ ਭੀੜ ਸੀ
ਧਰਤੀ ਉੱਤੇ ਭਾਰ ।
ਚਿੰਤਾ ਦੇ ਨਾਲ ਘਾਬਰੇ
ਭੱਜੇ ਫਿਰਦੇ ਲੋਕ
ਪਤਾ ਨਹੀਂ ਕੀ ਟੋਲਦੇ
ਫਿਰਨ ਗੁਆਚੇ ਲੋਕ ।
ਬੱਸਾਂ ਕਾਰਾਂ ਗੱਡੀਆਂ
ਤੇ ਵਾਹਨਾਂ ਦਾ ਸ਼ੋਰ
ਪਲ ਪਲ ਉੱਚਾ ਹੋ ਰਿਹਾ
ਵਧਦਾ ਜੋਰੋ ਜੋਰ ।
ਰੌਲਾ ਸੀ ਬੇਓੜਕਾ
ਭਾਂਤ ਭਾਂਤ ਦੇ ਬੋਲ
ਸੁਣ ਸੁਣ ਕੇ ਮਨ ਕੰਬਦਾ
ਦਿਲ ਜਾਂਦਾ ਸੀ ਡੋਲ ।
ਹਰ ਕੋਈ ਆਖੀ ਜਾਂਵਦਾ
ਆਪਣੀ ਆਪਣੀ ਗੱਲ
ਲਾਊਡ ਸਪੀਕਰ ਬੋਲਦੇ
ਕੋਈ ਨਾ ਪਾਉਂਦਾ ਠੱਲ ।
ਕਾਰਖਾਨੇ ਚਲ ਰਹੇ
ਕਰਨ ਖੜਾਕ ਖੜਾਕ
ਵਾਧੂ ਖੜਕਾ ਕਰਦੀਆ
ਰੇਲਾਂ ਗੱਡੀਆਂ ਡਾਕ ।
ਧੂੰਆਂ ਧੂੰਆਂ ਛੱਡਦੀਆਂ
ਤੇ ਕਾਲਖ ਦੇ ਢੇਰ
ਸਾਰੇ ਪਾਸੇ ਚਿਮਨੀਆਂ
ਹਨੇਰਾ ਲੈਂਦਾ ਘੇਰ ।
ਕਾਲੀ ਕਾਲੀ ਪੌਣ ਸੀ
ਮੱਲਦੀ ਥਾਂ ਮਕਾਨ
ਹਵਾ ਜਹਿਰੀਲੀ ਹੋ ਰਹੀ
ਕਿੰਝ ਜੀਵੇ ਇਨਸਾਨ ।
ਪਾਣੀ ਸਾਫ ਨ ਮਿਲਦਾ
ਸਾਫ ਨ ਮਿਲੇ ਹਵਾ
ਪਾਣੀ ਹੈ ਵਿਚ ਬੋਤਲਾਂ
ਲੈ ਲਓ ਮਹਿੰਗੇ ਭਾਅ ।
ਚੁਪ ਚੁਪੀਤੇ ਬਾਲ ਨੇ
ਬਚਪਨ ਹੈ ਹੈਰਾਨ
ਕਿਹੜਾ ਖੋਹ ਕੇ ਲੈ ਗਿਆ
ਇਹਨਾਂ ਦੀ ਮੁਸਕਾਨ ।
ਨਸ਼ਿਆਂ ਮਾਰੇ ਗੱਭਰੂ
ਗਈ ਜਵਾਨੀ ਰੁੱਲ
ਸੁਰਖੀ ਰੰਗੀਆਂ ਬੁੱਲੀਆਂ
ਹਾਸੇ ਗਈਆਂ ਭੁੱਲ ।
ਦੂਰੋਂ ਸੋਹਣਾ ਸ਼ਹਿਰ ਸੀ
ਅੰਦਰੋਂ ਕੀ ਹੈ ਹਾਲ
ਦੇਖ ਕਬੀਰਾ ਰੋ ਪਿਆ
ਬਾਬਾ ਰੋਇਆ ਨਾਲ ।
ਮੁੜਕੇ ਬਾਬਾ ਆ ਗਿਆ
ਆਇਆ ਓਸੇ ਥਾਂ
ਜਿੱਥੇ ਸੀ ਘੁੱਗ ਵੱਸਦਾ
ਨਿੱਕਾ ਜਿਹਾ ਗਿਰਾਂ।
ਨਿੱਕੇ ਨਿੱਕੇ ਘਰ ਸਨ
ਤੇ ਰੁੱਖਾਂ ਦੀ ਛਾਂ
ਪੰਛੀ ਗਾਉਂਦੇ ਫਿਰ ਰਹੇ
ਚੜ ਕੇ ਹੋਰ ਉਤਾਂਹ।
ਜਾ ਕੇ ਬਾਬਾ ਬਹਿ ਗਿਆ
ਟਿੱਬੇ ਦੇ ਸਿਰ ਕੋਲ
ਦੂਰੋਂ ਕੋਇਲਾਂ ਬੋਲੀਆਂ
ਮਾਖਿਓਂ ਮਿੱਠੇ ਬੋਲ ।
ਹੇਠਾਂ ਬਾਬੇ ਵੇਖਿਆ
ਪਾਣੀ ਦੀ ਇਕ ਝੀਲ
ਨਿਰਮਲ ਜਲ ਦੀ ਨੌਮਣੀ
ਦਿਲ ਨੂੰ ਲੈਂਦੀ ਕੀਲ ।
ਸੱਜੇ ਪਾਸੇ ਝੀਲ ਦੇ
ਫੁੱਲਾਂ ਦਾ ਇਕ ਬਾਗ
ਆਲ ਦੁਆਲੇ ਭੌਰ ਨੇ
ਗਾਂਉਦੇ ਫਿਰਦੇ ਰਾਗ ।
ਰੰਗਦਾਰ ਬਗੀਚਿਆਂ
ਮਹਿਫਲ ਲਈ ਸਜਾਅ
ਸੋਹਣਾ ਵਾਤਾਵਰਣ ਹੈ
ਮਹਿਕੇ ਪਈ ਹਵਾ ।
ਪਾਰ ਝੀਲ ਦੇ ਖੜਾ ਹੈ
ਛੋਟਾ ਜਿਹਾ ਪਹਾੜ
ਕਿਧਰੇ ਕੁਝ ਘਰ ਦਿਸਦੇ
ਕਿਧਰੇ ਦਿਸੇ ਉਜਾੜ ।
ਕਿਧਰੇ ਜੰਗਲ ਘਣਾਂ ਹੈ
ਕਿਧਰੇ ਛੋਟਾ ਘਾਹ
ਕਿਧਰੇ ਕੁਝ ਪਗਡੰਡੀਆਂ
ਕਿਧਰੇ ਚੌੜਾ ਰਾਹ ।
ਕੁਝ ਮੁਟਿਆਰਾਂ ਜਾਂਦੀਆਂ
ਘੜੇ ਢਾਕ ਨੂੰ ਲਾ
ਆਪਣੀ ਬੋਲੀ ਵਿਚ ਓਹ
ਗੀਤ ਰਹੀਆਂ ਕੋਈ ਗਾ ।
ਦੱਖਣੋਂ ਉੱਠੀ ਬੱਦਲੀ
ਪਏ ਪਰਣਾਲੇ ਚੋਅ
ਦੇਖੋ ਸੂਰਜ ਛੁਪ ਗਿਆ
ਬੱਦਲਾਂ ਓਹਲੇ ਹੋ ।
ਪਰਬਤ ਉੱਤੇ ਪੈਲੀਆਂ
ਪੈਦਾ ਕਰਦੀਆਂ ਅੰਨ
ਖਾ ਕੇ ਫਲ ਤੇ ਸਬਜੀਆਂ
ਬਾਬਾ ਰਹੇ ਪਰਸੰਨ ।
ਸੁੰਦਰ ਇਹ ਮਾਹੌਲ ਹੈ
ਕਬੀਰ ਰਿਹਾ ਮੁਸਕਾ
ਸੁੱਖਾਂ ਦੇ ਦਿਨ ਲੰਘਦੇ
ਸੁਖ ਦਾ ਆਉਂਦਾ ਸਾਹ ।
ਸੌਰ ਮੰਡਲ ਵਿਚ
ਅਕਸਰ ਟੁੱਟਦੇ ਨੇ
ਅਨੇਕਾਂ ਤਾਰੇ
ਸਿਤਾਰੇ ਖਿੰਡਦੇ
ਅਕਾਸ਼ੀ ਪਿੰਡ ਫੈਲਦੇ
ਖ਼ਲਾਅ 'ਚ ਵਾਰ ਵਾਰ
ਧਮਾਕੇ ਹੁੰਦੇ
ਨਵੇਂ ਗੑਹਿ ਉਪਜਦੇ
ਬੑਹਿਮੰਡ ਸਿਰਜਦੇ
ਹਾਦਸੇ ਇੰਝ ਹੀ
ਵਾਪਰਦੇ ਨੇ ਅਕਸਰ !
...........
ਫਿਰ ਚਿਰਾਂ ਬਾਦ
ਮਿਲਕੀ ਵੇਅ ਤੈਰਦੇ
ਇੰਝ ਕਦੇ ਕਦਾਈਂ ਹੀ
ਕੋਈ ਬੋਦੀ ਵਾਲਾ ਤਾਰਾ
ਜਨਮ ਲੈਂਦਾ ਏ !
ਅੰਤਰੀਵ ਦੀ
ਯਾਤਰਾ ਕਰਦਿਆਂ
ਮਨ ਗ਼ੁਫਾ 'ਚ
ਸੋਚਾਂ ਦਾ ਘੋੜਾ
ਦੌੜਦਾ ਸਰਪਟ !
ਮਿੱਟੀ ਘੱਟਾ
ਆਤਮਾ ਮਲ਼ੀਨ ਹੁੰਦੀ
ਅੰਦਰੇ ਅੰਦਰ
ਸ਼ੁਧੀਕਰਣ ਦੀ
ਤਰਕੀਬ ਚੱਲਦੀ
ਤਰਤੀਬ ਬਦਲਦੀ
ਸਹਿਜੇ ਹੀ ਬੁੱਤ ਦਾ
ਮਰਮਰੀ ਮਹਿਲ
ਰੇਤ 'ਚ ਬਦਲ ਜਾਂਦਾ ! !
ਝੀਲਾਂ ਦੇ ਕੰਢਿਆਂ ਤੋਂ
ਪਰਵਾਜ਼ ਭਰ
ਸਾਰਾ ਅਸਮਾਨ
ਮੱਲ ਰਹੀਆਂ ਨੇ
ਅਬਾਬੀਲਾਂ !
ਬਲੰਬਰੀ ਆਂਡਿਆਂ 'ਤੇ
ਮੋਰ ਦੇ ਖੰਭਾ ਦਾ
ਲੇਬਲ ਲਗਾ
ਚੁੰਜਾਂ 'ਚ ਨਸ਼ਤਰ ਛੁਪਾ
ਫਸਲੀ ਬਟੇਰਿਆਂ ਤੋਂ
ਬਹੁਤ ਕੁਝ
ਸਿਖ ਗਈਆਂ ਨੇ
ਅਬਾਬੀਲਾਂ !!
ਵਰਿਆਂ ਤੋਂ ਮਛੇਰੇ
ਸਵੇਰੇ ਸਵੇਰੇ
ਕੁੰਡੀ ਨੂੰ ਥੋੜਾ ਜਿਹਾ
ਆਟਾ ਲਗਾ
ਜਾਲ ਸੁਟਦੇ
ਦਰਿਆ ਨੂੰ ਲੁਟਦੇ
ਮਛੀਆਂ ਭਰਮਾਂਉਂਦੇ
ਮੋਢਿਆਂ ਨਾਲ ਤੰਗੜ ਬਂਨ
ਇਊਂ ਸੌਂਦੇ
ਜਿਉਂ ਧੁਪ ਸੇਕ ਰਹੇ ਹੋਣ !
ਕੁਝ ਚਿਰਾਂ ਤੋਂ
ਮਛੀਆਂ
ਜਾਲ ਦੀ ਚਾਲ
ਸਮਝ ਗਈਆਂ ਨੇ
ਇਸੇ ਲਈ
ਦਰਿਆ ,ਚ ਹਲਚਲ ਏ !!
ਆ ਨੀ ਕੁੜੀਏ
ਆ ਨੀ ਚਿੜੀਏ
ਤੈਥੋਂ ਸਦਕੇ ਵਾਰੀ
ਤੇਰੇ ਤੋਂ
ਕਾਇਨਾਤ ਵਾਰ ਦਿਆਂ
ਮੈਂ ਸਾਰੀ ਦੀ ਸਾਰੀ !
ਆ ਨੀ ਧੀਏ
ਆ ਨੀ ਭੈਣੇ
ਤੈਨੂੰ ਰੱਬ ਦੀਆਂ ਰੱਖਾਂ
ਹੌਲੀ ਹੌਲੀ
ਖੋਹਲ ਕੇ ਬਾਰੀ
ਉੱਡਦੀ ਤੈਨੂੰ ਤੱਕਾਂ !
ਆ ਨੀ ਸਾਹਿਬਾਂ
ਆ ਨੀ ਹੀਰੇ
ਹੀਰਿਆਂ ਤੋਂ ਅਨਮੋਲ
ਕਾਫਲਿਆਂ ਨੂੰ
ਮੋੜ ਲਿਆਵਾਂ
ਸੱਸੀਏ ਬਹਿ ਜਾ ਕੋਲ !
ਆ ਨੀ ਮਾਏਂ
ਠੰਡੀਏ ਛਾਂਏਂ
ਰੱਖਾਂ ਤੇਰਾ ਮਾਣ
ਮਮਤਾ ਦਾ ਮੈਂ
ਮੁੱਲ ਤਾਰ ਦਿਆ
ਲਾ ਕੇ ਪੂਰਾ ਤਾਣ !
ਸਿਆਹ ਰਾਤਾਂ 'ਚ
ਚਮਕਦੇ ਨੇ
ਕਈ ਵਾਰ
ਖ਼ਾਬਾਂ ਦੇ ਜੁਗਨੂੰ
ਤੇ ਹੱਥਾਂ ਦੀਆਂ ਲਕੀਰਾਂ
ਕਿਰਮਚੀ ਹੋ ਜਾਂਦੀਆਂ ਨੇ !
ਮਲਕੜੇ ਜਿਹੇ
ਸੁਨਹਿਰਾ ਸੂਰਜ
ਖਿਆਲਾਂ 'ਚ
ਲਹਿਰਾਂਉਂਦੈ....
ਤੇ ਸਾਰਾ ਸੌਰ ਮੰਡਲ
ਨੀਲਾ ਚਮਕੀਲਾ
ਦਿਸ ਆਉਂਦੈ.... !
ਮੱਥੇ ਦੇ ਮੋਰ ਪੰਖ
ਠੀਕ ਕਰੋ
ਤੀਰ ਕਮਾਨ ਹੇਠਾਂ ਧਰੋ
ਸਿਰ ਨਿਵਾਓ
ਬੈਠ ਜਾਓ
ਤੇ ਕਬੀਲੇ ਦੀ
ਧੀ ਦਾ ਨਾਂ
ਅਦਬ ਨਾਲ ਲਵੋ
ਫਿਰ ਸਿਖਾਵਾਂਗਾ
ਧਨੁੱਖ ਵਿੱਦਿਆ !
ਕਿਉਂ ਜੁ ਮੈਂ
ਦ੍ਰੋਣ ਨਹੀ
ਇਕਲਵਯ ਹਾਂ
ਸਾਥੀ... !
ਹੁਸਨ ਦੀ ਧਰਤ
ਮਿੱਟੀ 'ਚ ਦਫ਼ਨ
ਹੀਰਿਆਂ ਦੇ ਕਫ਼ਨ
ਤਾਬੂਤਾਂ ਅੰਦਰ
ਸੁਹਲ ਸੂਰਤਾਂ
ਮਨਾਂ 'ਚ ਦੱਬੇ
ਨਫਰਤ ਦੇ ਅੰਬਾਰ
ਰੂਹਾਂ 'ਤੇ ਪੈਂਦਾ
ਜਿਸਮਾਂ ਦਾ ਭਾਰ
ਜੋ ਰੱਖੇ ਸ਼ਿੰਗਾਰ !
ਏਨਾ ਭਾਰ
ਏਨਾਂ ਹੰਕਾਰ
ਮਰਨ ਤੋਂ ਪਿੱਛੋਂ
ਇਹ ......
ਕਿਵੇਂ ਲੈਂਦੇ ਸਹਾਰ ?
ਸਿਰ ਝੁਕਾਈ
ਖੜੇ ਹੋ
ਮਾਯੂਸ ਬੜੇ ਹੋ
ਰਾਹਗੀਰੋ
ਤੁਹਾਡਾ ਤਾਂ ਇਹ
ਅੰਦਾਜ ਪੁਰਾਣਾ ਏ ।
ਮੇਰਾ ਰਸਤਾ ਛੱਡੋ
ਦਿਲਗ਼ੀਰੋ
ਮੈਂ ਤਾਂ
ਬਹੁਤ ਦੂਰ ਜਾਣਾ ਏ !
ਮਲਾਹਾਂ ਨੂੰ ਕਹੋ
ਚੁਪ ਰਹੋ
ਚੱਪੂ ਲਗਾਓ
ਤੇ ਲੈ ਜਾਓ
ਇਸ਼ਕੇ ਦਾ ਪੂਰ
ਦੂਰ ਕਿਤੇ ਦੂਰ
ਸਾਬਤ ਸਬੂਤ
ਉਲਫ਼ਤ ਦੇ
ਪਾਣੀਆਂ 'ਚ
ਉਛਾਲ
ਆਉਣ ਤੋਂ ਪਹਿਲਾਂ
ਸੰਝ ਢਲਣ ਦਾ
ਖਿਆਲ
ਆਓਣ ਤੋਂ ਪਹਿਲਾਂ !
ਗੰਗਾ ਜਲ ਦੀਆਂ
ਕੁਝ ਬੂੰਦਾਂ
ਮੂੰਹ 'ਚ
ਪਾਓਣ ਤੋਂ ਪਹਿਲਾਂ
ਪੁਣ ਲੈਣਾ
ਛਾਣ ਲੈਣਾ
ਤੇ ਜਾਣ ਲੈਣਾ
ਕਿ ਮੈਨੂੰ ਸਦਾ
ਤਕਲੀਫ ਰਹੀ ਏ
ਗੰਧਲੇ ਪਾਣੀਆਂ ਤੋਂ !
ਰਾਤੋ ਰਾਤ
ਉੱਗ ਆਇਅਆ ਏ
ਨਾਬਾਰਾਂ ਦੀਆਂ
ਮੁੱਠੀਆਂ ਦਾ ਜੰਗਲ !
ਖੇਤਾਂ 'ਚ ਪੁਗੰਰੇ ਨੇ
ਅਹਿਰਣ ਦੇ ਬੋਲ
ਝੁੱਗੀਆਂ 'ਚੋਂ ਉਠ ਰਹੀ
ਰੋਹ ਦੀ ਗੂੰਝ।
ਤੇ.....
ਸਾਰਾ ਅਸਮਾਨ
ਕੰਬ ਰਿਹੈ !
ਤੁਸੀਂ ਜਦ ਤੱਕ
ਜੰਜ਼ੀਰਾਂ ਸੁੱਟੋਗੇ
ਅਸੀਂ
ਹਥਿਆਰ ਬਣਾਓਣ 'ਚ
ਮਾਹਿਰ ਹੋ ਜਾਵਾਂਗੇ !
ਹੱਥਾਂ ਨੇ ਪੌਣਾਂ ਦੀ ਮਾਰਫਤ
ਰੱਬ ਨੂੰ ਖ਼ਤ ਘੱਲਿਆ
ਖੁਸ਼ੀਆਂ ਲਈ-ਖੇੜਿਆਂ ਲਈ।
ਪੌਣਾਂ ਨੇ ਖ਼ਤ ਉਡਾਇਆ
ਖੂਬ ਘੁਮਾਇਆ
ਤੁਫਾਨਾਂ ਦੇ ਹਵਾਲੇ ਕੀਤਾ।
ਹੱਥਾਂ ਵੱਲ ਰਸੀਦ ਸੁੱਟੀ
ਤੇ ਮੁੜ ਗਈਆਂ।
ਬਕਾਇਦਾ ਮੋਹਰ ਲੱਗੀ ਸੀ
ਰੱਬ ਰਾਖ਼ਾ!!
ਤਿਤਲੀਏ ਸੋਹਣੀਏ
ਤਨ ਮਨ ਮੋਹਣੀਏ ।
ਫੁੱਲਾਂ ਉੱਤੇ ਘੁੰਮੇ ਕਿਉਂ
ਪੱਤੀ ਪੱਤੀ ਚੁੰਮੇ ਕਿਉਂ
ਸਾਨੂੰ ਦੱਸ ਸੋਹਣੀਏ
ਤਨ ਮਨ ਮੋਹਣੀਏ ।
ਰੰਗ ਕਿੱਥੋਂ ਲੈਂਦੀ ਏਂ
ਕਿੱਥੋਂ ਆ ਬਹਿੰਦੀ ਏਂ
ਸਾਨੂੰ ਦੱਸ ਸੋਹਣੀਏ
ਤਨ ਮਨ ਮੋਹਣੀਏ ।
ਵਲ ਕਿਵੇਂ ਖਾਂਦੀ ਏਂ
ਕਿਵੇਂ ਉਡ ਜਾਂਦੀ ਏਂ
ਸਾਨੂੰ ਦੱਸ ਸੋਹਣੀਏ
ਤਨ ਮਨ ਮੋਹਣੀਏ ।
ਰਸ ਕਿਵੇਂ ਪੀਂਦੀ ਏ
ਫੇਰ ਕਿਦਾਂ ਜੀਂਦੀ ਏ
ਸਾਨੂੰ ਦੱਸ ਸੋਹਣੀਏ
ਤਨ ਮਨ ਮੋਹਣੀਏ ।
ਸਾਥੋਂ ਸ਼ਰਮਾਂਵੇ ਕਿਉਂ
ਦੂਰ ਦੂਰ ਜਾਵੇਂ ਕਿਉਂ
ਸਾਨੂ ਦੱਸ ਸੋਹਣੀਏਂ
ਤਨ ਮਨ ਮੋਹਣੀਏ ।
ਆਈ ਬਹਾਰ ਹੋ ।
ਆਈ ਬਹਾਰ ਹੋ ।
ਹਰ ਪਾਸੇ ਫੁੱਲਾਂ ਦਾ ਖੇੜਾ
ਹਰ ਪਾਸੇ ਫੁੱਲਾਂ ਦਾ ਡੇਰਾ
ਹਰ ਪਾਸੇ ਖੁਸ਼ਬੋ ।
ਆਈ ਬਹਾਰ ਹੋ ।
ਲਾਲ ਗੁਲਾਬੀ ਚਿੱਟੇ ਨੀਲੇ
ਸੁਰਖ ਜਾਮਨੀ ਖੱਟੇ ਪੀਲੇ
ਰੰਗ ਰਹੇ ਨੇ ਚੋਅ ।
ਆਈ ਬਹਾਰ ਹੋ ।
ਗਾਓਣ ਪਰਿੰਦੇ ਡਾਲੀ ਡਾਲੀ
ਰੁੱਖਾਂ ਨੇ ਵੰਡੀ ਹਰਿਆਲੀ
ਕੁਦਰਤ ਦਾ ਜਲੌਅ ।
ਆਈ ਬਹਾਰ ਹੋ ।
ਇਹ ਰੁੱਤ ਰੰਗਾਂ ਭਰੀ ਪਟਾਰੀ
ਮਹਿਕਾਂ ਨੇ ਆਣ ਸ਼ਿੰਗਾਰੀ
ਸ਼ਾਲਾ ! ਜਾਏ ਖਲੋ ।
ਆਈ ਬਹਾਰ ਹੋ ।
ਸਾਡੇ ਘਰ ਯਾਰੋ ਇਕ
ਰਹਿੰਦਾ ਏ ਬਲੂੰਗੜਾ
ਨਿੱਕਾ ਇਹ ਬਲੂੰਗੜਾ
ਸੋਹਣਾ ਏ ਬਲੂੰਗੜਾ ।
ਚਿੱਟੇ ਕਾਲੇ ਡੱਬ ਨੇ
ਆਪ ਲਾਏ ਰੱਬ ਨੇ
ਬੜਾ ਹੀ ਫੱਬ ਫੱਬ
ਪੈਂਦਾ ਏ ਬਲੂੰਗੜਾ
ਸਾਡੇ ਘਰ ਯਾਰੋ ਇਕ
ਰਹਿੰਦਾ ਏ ਬਲੂੰਗੜਾ ।
ਦੁੱਧ ਪੀਵੇ ਰੱਜ ਕੇ
ਕੋਲ ਆਵੇ ਭੱਜ ਕੇ
ਢੁਕ ਢੁਕ ਸਾਡੇ ਨੇੜੇ
ਬਹਿੰਦਾ ਏ ਬਲੂੰਗੜਾ
ਸਾਡੇ ਘਰ ਯਾਰੋ ਇਕ
ਰਹਿੰਦਾ ਏ ਬਲੂੰਗੜਾ ।
ਮੇਜਾਂ ਥੱਲੇ ਵੜਦਾ ਏ
ਖੂਬ ਖੇਡਾਂ ਕਰਦਾ ਏ
ਡਿੱਗਦਾ ਏ ਉੱਠਦਾ ਏ
ਢਹਿੰਦਾ ਏ ਬਲੂੰਗੜਾ
ਸਾਡੇ ਘਰ ਯਾਰੋ ਇਕ
ਰਹਿੰਦਾ ਏ ਬਲੂੰਗੜਾ।
ਕੁੱਤਿਆਂ ਤੋਂ ਡਰਦਾ ਏ
ਝੱਟ ਘਰ ਵੜਦਾ ਏ
ਮਿਆਂਊਂ ਮਿਆਂਊਂ ਮਿਊਂ
ਕਹਿੰਦਾ ਏ ਬਲੂੰਗੜਾ
ਸਾਡੇ ਘਰ ਯਾਰੋ ਇਕ
ਰਹਿੰਦਾ ਏ ਬਲੂੰਗੜਾ
|