ਪੰਜਾਬੀ ਕਲਾਮ ਸ਼ਾਹਿਦਾ ਦਿਲਾਵਰ ਸ਼ਾਹ
ਚੁੱਪ ਰਹਿ ਕੇ ਉਹ ਭੁਲੇਖਾ ਪਿਆਰ ਦਾ ਪਾਉਂਦਾ ਰਿਹਾ
ਮੇਰੀਆਂ ਸੱਧਰਾਂ ਦਾ ਕਾਤਲ ਬਣ ਕੇ ਪਛਤਾਉਂਦਾ ਰਿਹਾ
ਉਹ ਹੁਸਨ ਦਾ ਬਾਦਸ਼ਾਹ ਬੈਠਾ ਨਾ ਇਕ ਥਾਵੇਂ ਕਦੀ
ਇਕ ਬੂਹੇ ਆਉਂਦਾ ਰਿਹਾ ਦੂਜੇ ਬੂਹੇ ਜਾਂਦਾ ਰਿਹਾ
ਜਦ ਮੈਂ ਆਪਣੇ ਦਰਦ ਦੇ ਹੱਥੋਂ ਬੇਵਸਾ ਹੋ ਗਿਆ
ਉਹ ਮੇਰੇ ਜ਼ਖਮਾਂ ਤੇ ਫਹੇ ਪਿਆਰ ਦੇ ਲਾਉਂਦਾ ਰਿਹਾ
ਢਹਿ ਨਾ ਜਾਵੇ ਭਰਮ ਮੇਰਾ ਅੱਜ ਰਕੀਬਾਂ ਸਾਹਮਣੇ
ਰੋਂਦੀਆਂ ਅੱਖਾਂ ਦੇ ਵਿਚੋਂ ਮੈਂ ਵੀ ਮੁਸਕਾਉਂਦਾ ਰਿਹਾ
ਜਿੰਨ੍ਹੇ ਦਮੜੀ ਵੀ ਗ਼ਰੀਬਾਂ ਨੂੰ ਕਦੀ ਦਿੱਤੀ ਨਾ ਸੀ
ਕੈਮਰੇ ਦੇ ਸਾਹਮਣੇ ਉਹ ਨੋਟ ਵਰਤਾਉਂਦਾ ਰਿਹਾ
'ਸ਼ਾਹਿਦਾ' ਸੀ ਮਾਣ ਜਿਹਨੂੰ ਬਾਜ਼ੂਆਂ ਦੇ ਜ਼ੋਰ ਦਾ
ਉਹ ਕਿਨਾਰੇ ਬਹਿ ਝਨ੍ਹਾਂ ਦੇ ਵਾਸਤੇ ਪਾਉਂਦਾ ਰਿਹਾ
ਕਦੀ ਕਦਾਈਂ ਆ ਜਾਂਦਾ ਏ
ਗ਼ਮ ਦਾ ਭਾਰ ਵਧਾ ਜਾਂਦਾ ਏ
ਦੋ ਕੰਢਿਆਂ ਦਾ ਮੇਲ ਨਹੀਂ ਹੁੰਦਾ
ਮੁੜ ਮੁੜ ਯਾਦ ਕਰਾ ਜਾਂਦਾ ਏ
ਪਿਆਰ ਦਾ ਏ ਰੋਗ ਅਵੱਲਾ
ਅੰਦਰੋਂ ਅੰਦਰੀਂ ਖਾ ਜਾਂਦਾ ਏ
ਪਹਿਲੇ ਨਕਸ਼ ਅਜੇ ਨਹੀਂ ਮਿਟਦੇ
ਰੰਗ ਨਵਾਂ ਉਹ ਲਾ ਜਾਂਦਾ ਏ
ਨਵੀਆਂ ਨਵੀਆਂ ਪੀੜਾਂ ਦੇ ਕੇ
ਉਹ ਮੈਨੂੰ ਅਜ਼ਮਾ ਜਾਂਦਾ ਏ
ਫ਼ਰਜ਼ ਨਿਭਾਵੇ ਪੂਰਾ ਪੂਰਾ
ਆ ਕੇ ਆਪ ਰੁਆ ਜਾਂਦਾ ਏ
ਚੇਤਰ ਰੰਗ ਨਿਰੋਏ ਲੈ ਕੇ
ਨਵਾਂ ਪੁਆੜਾ ਪਾ ਜਾਂਦਾ ਏ
ਉਹਨੂੰ ਲੱਖ ਭੁੱਲਾਣਾ ਚਾਹਵਾਂ
ਫ਼ੇਰ ਵੀ ਚੇਤੇ ਆ ਜਾਂਦਾ ਏ
ਮੇਰੇ ਕੋਲੋਂ ਲੰਘਦਿਆਂ ਹੋਇਆਂ
'ਸ਼ਾਹਿਦਾ' ਮੁੱਖ ਪਰਤਾ ਜਾਂਦਾ ਏ
ਲਾਰੇ ਸਾਨੂੰ ਲਾਓ ਨਾ
ਨਵੇਂ ਸਿਆਪੇ ਪਾਓ ਨਾ
ਅਸਲੀ ਸ਼ੈਅ ਦੀ ਮਾਂਗਤ ਹਾਂ
ਝੂੰਗੇ ਤੇ ਟਰਕਾਓ ਨਾ
ਸਾਨੂੰ ਪਿਆਰ ਦੇ ਪੈਂਡੇ ਪਾ
ਲੀਕਾਂ ਫ਼ੇਰ ਮਿਟਾਓ ਨਾ
ਕਰ ਕੇ ਨੇਕੀ ਭੁੱਲ ਜਾਓ
ਪਿੱਛੋਂ ਕਦੀ ਜਤਾਓ ਨਾ
ਦਰ ਤੇ ਜਿਹੜਾ ਆ ਜਾਵੇ
ਖਾਲੀ ਹੱਥ ਵਲਾਓ ਨਾ
ਉਹਦੇ ਉੱਚ ਚੁਬਾਰੇ ਵੇਖ
ਆਪਣਾ ਜੀ ਤਰਸਾਓ ਨਾ
ਇਕ ਦੂਜੇ ਦੀਆਂ ਨੀਹਾਂ ਉਤੇ
ਆਪਣੀ ਕੰਧ ਬਣਾਓ ਨਾ
ਹਾਸੇ ਵੰਡੋ ਦੁਨੀਆਂ ਤੇ
ਸੁਕੀ ਅੱਖ ਰੁਆਓ ਨਾ
ਜਾ ਕੇ ਵਿਚ ਰਕੀਬਾਂ ਦੇ
ਸੱਜਣਾਂ ਨੂੰ ਅਜ਼ਮਾਓ ਨਾ
ਸੱਪ ਦੇ ਪੁੱਤਰ ਮੀਤ ਨਹੀਂ
ਚੁਲੀਆਂ ਦੁੱਧ ਪਿਆਓ ਨਾ
ਜਾ ਕੇ ਉਹਦੇ ਬੂਹੇ ਤੇ
ਰਹਿੰਦਾ ਭਰਮ ਗੁਵਾਓ ਨਾ
ਜੇ ਤੂੰ ਆਉਣ ਦਾ
ਵਾਅਦਾ ਕਰ ਲੇਂ
ਰੱਬ ਤੋਂ ਲੜ ਕੇ
ਸਾਹ ਮੰਗਾਂਗੀ
ਬਸ ਦੇ ਸ਼ੀਸ਼ੇ ਅੰਦਰ
ਉਹਨੂੰ
ਇਕ ਇਕ ਬੰਦਾ ਲੱਭੇ
ਉਂਝ ਮੁਸਾਫ਼ਰ ਸਮਝੇ
ਹਰ ਇਕ
‘ਉਹ ਮੁਖ਼ਾਤਬ ਉਹਦਾ’
ਜ਼ਖ਼ਮ ਦਿਲ ਦੇ
ਦਿਨੇ ਵੀ
ਰਿਸਦੇ ਨੇ
ਪਰ ਸ਼ਾਮ ਤੋਂ ਮਗਰੋਂ
ਫੱਟ ਪੈਂਦੇ
ਮੈਨੂੰ ਵੇਖ
ਜਿਉਂਦਿਆਂ
ਦੁਨੀਆਂ 'ਤੇ
ਕਿਉਂ ਗ਼ੈਰ ਦੇ ਢਿੱਡੀਂ
ਵੱਟ ਪੈਂਦੇ
ਭੁੱਖੀ ਭਾਣੀ
ਵੇਖ ਨਾ ਹੋਵੇ
ਦੁਨੀਆਂ ਤੇ ਮਖ਼ਲੂਕ
ਨਾ ਮੈਂ ਦਿਲ ਦਾ ਕੋੜ੍ਹ ਮੁੱਕਾਵਾਂ
ਨਾ ਈ ਸਾਹਮਣੇ ਆਵਾਂ
ਇਹ ਅਲਜ਼ਾਮ
ਨਾ ਆਇਆ ਭਾਵੇਂ
ਸੋ ਸੋ ਅੱਤ ਮਚਾਈ
ਇਕ ਮੁੱਠ ਅੰਦਰ
ਦਾਣੇ ਰੱਖੇ
ਦੂਜੀ ਅੰਦਰ ਫਾਈ
ਅੱਖਾਂ ਦੇ ਨਾਲ਼
ਬੰਨ੍ਹੀਆਂ ਹੋਈਆਂ
ਗੰਢਾਂ
ਆਪਣੇ ਇਸ਼ਕ ਦੀਆਂ
ਖੁਲ੍ਹਦੀਆਂ ਨਾਹੀਂ
ਅਕਲਾਂ ਕੋਲੋਂ
ਗੰਢਾਂ ਆਪਣੇ ਇਸ਼ਕ ਦੀਆਂ
ਮਨੋਂ ਮੰਨਾਓ
ਨਹਿਰ, ਸਮੁੰਦਰ
ਦਰਿਆ ਧੋਂਦੇ
ਜੁੱਸੇ ਸਭ ਲੋਕਾਈ ਦੇ
ਤਾਂ ਮੰਨਾਂ
ਜੇ ਦਿਲ ਦੇ ਸ਼ੀਸ਼ੇ
ਧੋਵਣ
ਇਹ ਹਰਜਾਈ
ਸੱਜਣਾ! ਕੁਝ ਤੇ ਕਰ ਲੈਂਦਾ
ਕੋਈ ਦੁੱਖ ਨਹੀਂ ਤੇਰੇ ਵਿਛੜਨ ਦਾ
ਬੱਸ ਇੱਕੋ ਹਿਰਖ ਏ ਸੀਨੇ ’ਚ
ਨਾ ਮਿਲਦਾ ਭਾਵੇਂ ਸਜੱਣਾ ਤੂੰ
ਪਰ ਇਕ ਅਤਬਾਰ ਤੇ ਕਰ ਲੈਂਦਾ
ਮੇਰੇ ਪਿਆਰ ਦੇ ਨਗ਼ਮੇ ਭੁੱਲ ਜਾਂਦਾ
ਮੇਰੇ ਜ਼ਖ਼ਮ ਸ਼ੁਮਾਰ ਈ ਕਰ ਲੈਂਦਾ
ਅਸਮਾਨਾਂ ਤੇ
ਪੰਛੀ ਰਲ ਕੇ
ਰੌਲਾ ਪਾਉਂਦੇ
ਡਿੱਠੇ ਸੀ
ਕੋਈ ਮੁਸੀਬਤ
ਉਸ ਸ਼ਹਿਰ ਤੇ
ਆਵਣ ਵਾਲੀ
ਹੋਣੀ ਏ
ਸਾਰੇ ਫੁੱਲ ਮੁਹੱਬਤ ਦੇ
ਤੇ ਹਰ ਇਕ ਮੋਤੀ ਚਾਹਤ ਦਾ
ਅਸਾਂ ਹੇਠ ਸਮੁੰਦਰ ਲੱਭੇ ਸੀ
ਕਦੀ ਹੱਥਾਂ ਕੰਡੇ ਸੀ ਲੱਭੇ
ਫ਼ੇਰ ਜ਼ੁਲਮ ਹਨੇਰੀ ਝੁਲੀ ਸੀ
ਇਕ ਜ਼ਾਲਮ ਇੱਕੋ ਹੱਲੇ ਵਿਚ
ਕਿਵੇਂ ਪੈਰਾਂ ਹੇਠ ਮਧੋਲ ਗਿਆ
ਸੱਤ ਸਮੁੰਦਰੋਂ
ਬਹੁਤੇ ਹੁੰਦੇ ਜਾਂਦੇ
ਸਾਡੇ ਅੱਥਰੂ
ਅਸੀਂ ਨਾ ਇਕੱਲੇ
ਸਾਡੇ ਨਾਲ਼ ਤੇ
ਰੋਏ ਇੰਜ ਜਹਾਨ
ਧਰਤੀ ਹੁੰਦੀ ਜਾਵੇ
ਸੌੜੀ
ਹੜ੍ਹ ਗ਼ਮਾਂ ਦੇ ਚੋਖੇ
ਰੱਬਾ ਹੁਣ ਤੂੰ
ਹੋਰ ਲੋੜੀਂਦੀ
ਭੋਇੰ ਨਵੀਂ
ਸਾਡੇ ਲਈ ਬਣਾ
|