ਦੇਹੁ ਦੀਦਾਰ ਸਿਕ ਲਾਹ ਅਸਾਡੀ, ਅਸੀਂ ਦਰਸ ਤੇਰੇ ਦੇ ਪਿਆਸੇ । ਈਹੋ ਮੰਗਾਂ ਜੇ ਕੁਝ ਨ ਮੰਗਾਂ, ਇਹਾ ਖੈਰ ਪਵੇ ਵਿਚ ਕਾਸੇ । ਢੂੰਢਾਂ ਤੈਨੂੰ ਅਤੇ ਲੱਭਾਂ ਮੈਨੂੰ, ਅਸੀਂ ਅਜਬ ਹੈਰਾਨ ਥੀਆਸੇ । ਸੰਤਰੇਣ ਸੋਈ ਪਿਆਰਾ ਮਿਲਿਆ, ਜੇੜ੍ਹਾ ਅਗੇ ਮਿਲਿਆ ਹੋਇਆਸੇ ।
ਮਿਲਿਆ ਪਿਆਰਾ ਗ਼ਮ ਰਿਹਾ ਨਾ ਕੋਈ, ਮੇਰੇ ਮਨ ਵਿਚ ਭਈ ਖੁਸ਼ਹਾਲੀ । ਜਿਤ ਵਲ ਵੇਖਾਂ ਤਿਤੇ ਵਲ ਦਿਸੇ, ਉਸ ਬਾਝਹੁੰ ਜਾਇ ਨ ਖਾਲੀ । ਆਪੇ ਖਾਵੰਦ ਆਪੇ ਬਰਦਾ, ਉਹ ਆਪਿ ਸਭਸ ਦਾ ਵਾਲੀ । ਸੰਤਰੇਣ ਉਹ ਮਿਲਿਆ ਅਸਾਂ ਨੂੰ, ਜੈਂਦੀ ਵਿਛੜਨ ਦੀ ਨਹੀਂ ਚਾਲੀ ।
ਸ਼ਾਦੀ ਗਮੀ ਦੁਹਾਂ ਥੀਂ ਗੁਜ਼ਰੇ, ਜਦੋਂ ਪਿਆਰਾ ਸਾਨੂੰ ਮਿਲਿਆ । ਸੱਦ ਸੱਦ ਥਕੇ ਅਤੇ ਆਵੈ ਨਾਹੀਂ, ਹੁਣ ਆਪ ਅਸਾਂ ਵਲ ਹਿਲਿਆ । ਮਿਲਣ ਵਿਛੋੜਾ ਮੈਂ ਕੈਨੂੰ ਆਖਾਂ, ਉਹ ਸਭਸੈ ਨਾਲ ਰਲਿ ਮਿਲਿਆ । ਸੰਤਰੇਣ ਪਰ ਮਿਲਸੀ ਓਹੋ, ਜੈਂਦਾ ਕਦਮ ਅਗਾਹਾਂ ਢੁਲਿਆ ।
ਸੁਖਾਂ ਦੀ ਹੁਣ ਆਮਦਨ ਹੋਈ, ਅਤੇ ਦੁਖ ਵਿਦਾ ਕਰ ਚੱਲੇ । ਕੇਹੜੇ ਦੁਖ ਜੋ ਆਪ ਵਿਹਾਝੇ, ਅਸਾਂ ਨੂੰ ਨਾ ਹਨ ਕਿਸੇ ਘੱਲੇ । ਦੁਖਾਂ ਨੂੰ ਅਸਾਂ ਸੁਖ ਕਰ ਜਾਤਾ, ਜੋ ਗਿਣ ਗਿਣ ਬੱਧੇ ਪੱਲੇ । ਸੰਤਰੇਣ ਹੁਣ ਉਹ ਸੁਖ ਲੱਧਾ, ਜੋ ਹੋਵੈ ਸਭਸੈ ਗੱਲੇ ।
ਤੁਧੋਂ ਭੁਲਿਆਂ ਨੂੰ ਦੁਖ ਘਨੇਰੇ, ਤੁਧ ਡਿਠਿਆਂ ਦੁਖ ਨ ਕੋਈ । ਜੇ ਦੁਖ ਹੋਂਦਾ ਤਾਂ ਮਨਸੂਰ ਨ ਰੋਂਦਾ, ਜਿਹਨੂੰ ਸੇਜਾ ਸੂਲੀ ਹੋਈ । ਸ਼ੱਮਸ ਖੱਲ ਅਪੁੱਠੀ ਲੱਥੀ, ਉਹਨੂੰ ਦਰ ਦਰ ਮਿਲੇ ਨ ਢੋਈ । ਸੰਤਰੇਣ ਸੁਖ ਉਹੋ ਜਾਨਣ, ਹੋਰ ਜਾਣੈ ਬਿਆ ਨ ਕੋਈ ।
ਇਨ੍ਹਾਂ ਸੁਖਾਂ ਵਿਚ ਦੁਖ ਘਨੇਰੇ , ਪਰ ਜਾਣ ਨ ਕੋਈ ਸਕੈ । ਬੰਨ ਬੰਨ ਲੋਕ ਤਿਆਰੀ ਕਰਦੇ, ਕੋਈ ਪਹੁੰਚਨ ਵਿਰਲੇ ਪੱਕੈ । ਪਹੁੰਚਨ ਸੋਈ ਜਿਸ ਕਦਮ ਨ ਪਿਛੈ, ਅਤੇ ਬਿਆ ਤਰਫ ਨਹੀਂ ਤੱਕੈ । ਸੰਤਰੇਣ ਭਜ ਮਿਲ ਸਚਿਆਰਾਂ, ਕੀ ਬੈਠੋ ਏਂ ਜਕੋ ਤਕੈ ।
ਦੁਨੀਆਂ ਝੂਠੀ ਤੇ ਸਾਈਂ ਸੱਚਾ, ਪਰ ਦੁਨੀਆਂ ਪਿਆਰੀ ਲਗੈ । ਸਚ ਛਡੇ ਤੇ ਝਿਠ ਵਿਹਾਝੇ, ਇਹ ਨਿਆਉਂ ਪਿਆ ਤੇਰੇ ਅਗੈ । ਘਰ ਜੈਂਦੇ ਵਿਚ ਦੁਸ਼ਮਨ ਹੋਵੈ, ਉਹ ਕਿਚਰਕੁ ਤਾਈਂ ਤਗੈ । ਸੰਤਰੇਣ ਉਹ ਕਦੇ ਨ ਮਿਲਦੇ, ਜੋ ਦੁਨੀਆਂ ਦੇ ਠਗੈ ।
ਇਕੋ ਸਾਈਂ ਤੂੰ ਸਭਨੀ ਜਾਈਂ, ਤੈਨੂੰ ਸਭ ਖਸਮਾਨੇ । ਤੈਨੂੰ ਜਾਣੈ ਸੋ ਤੇਰੇ ਜਿਹਾ, ਨਹੀਂ ਜਾਣੇ ਬਿਨਾਂ ਪਛਾਣੇ । ਛਡੇ ਖੁਦੀ ਤਾਂ ਖੁਦ ਨੂੰ ਪਾਇ, ਹੋਰ ਝੂਠੇ ਲਖ ਬਹਾਨੇ । ਸੰਤਰੇਣ ਕਾਇਰ ਬਹੁਤੇਰੇ, ਕੇਈ ਵਿਰਲੇ ਬੰਨ੍ਹਣ ਗਾਨੇ ।
ਸਿਰ ਦਾ ਸਰਫਾ ਮੂਲ ਨ ਕਰਦੇ, ਸੋ ਸੂਰੇ ਸਨਮੁਖ ਜਾਂਦੇ । ਪਿਛੇ ਪੈਰ ਨ ਹਰਗਿਜ਼ ਫੇਰਨ, ਉਹ ਚੋਟ ਮੁਹੋਂ ਮੁਹ ਖਾਂਦੇ । ਕਾਇਰ ਸੁਣ ਸੁਣ ਘਰ ਵਿਚ ਡਰਦੇ, ਬਿਨ ਘਾਇਲ ਕੁਰਲਾਂਦੇ । ਸੰਤਰੇਣ ਜੋ ਸਿਰ ਤੋਂ ਗੁਜ਼ਰੇ, ਹੱਥ ਲਗੀ ਫਤ੍ਹੇ ਤਿਨ੍ਹਾਂ ਦੇ ।
ਹਿੰਮਤ ਅਗੇ ਫਤਹ ਸੁਖਾਲੀ, ਜੋ ਕੋਈ ਸੂਰਾ ਹੋਵੈ । ਕਾਇਰ ਬਹੁਤਾ ਮੁਹੋਂ ਬਫਾਵੇ, ਅੰਦਰ ਵੜ ਕੈ ਰੋਵੈ । ਸੂਰਾ ਸੋਈ ਜੋ ਮਨ ਨੂੰ ਜਿਤੇ, ਮਨ ਜਿਤ ਜੈ ਹੋਵੈ । ਸੰਤਰੇਣ ਰੱਬ ਮਿਲੇ ਤਿਨਾਂ ਨੂੰ, ਜੋ ਕਰ ਸਾਫੀ ਦਿਲ ਧੋਵੈ ।
ਝੂਠੀ ਦੁਨੀਆਂ ਅਤੇ ਲੋਕ ਵੀ ਝੂਠੇ, ਅਤੇ ਝੂਠੇ ਦਾਵੇ ਕਰਦੇ । ਓਹਾ ਦੁਨੀਆਂ ਜੇੜ੍ਹੀ ਨਾਲ ਨ ਜਾਵੈ, ਤਿਸ ਪਿਛੇ ਲੜ ਲੜ ਮਰਦੇ । ਖਾਸ ਖਜ਼ਾਨਾ ਅੰਦਰ ਤੇਰੇ, ਤੂੰ ਢੂੰਢੇਂ ਦਰਿ ਹਰ ਹਰ ਦੇ । ਸੰਤਰੇਣ ਜਾਂ ਮਹਿਰਮ ਮਿਲਿਆ, ਤਾਂ ਵਾਰਸ ਹੋਏ ਘਰ ਦੇ ।
ਜਿਨ੍ਹਾਂ ਨੂੰ ਲਗੇ ਸ਼ਉਕ ਮੌਲੇ ਦਾ, ਉਹ ਸਭ ਕੁਝ ਸਿਰ ਤੇ ਝਲਦੇ । ਝਖੜ ਝਾਂਝੇ ਅਤੇ ਲਖ ਅਨ੍ਹੇਰੀਆਂ, ਉਹ ਵਾਂਗ ਸੁਮੇਰ ਨ ਹਲਦੇ । ਭੁਖ ਵਿਚ ਰੱਜਣ ਅਤੇ ਨੰਗ ਵਿਚ ਕੱਜਣ, ਉਹ ਭੁਖੇ ਨੀ ਇਕ ਗੱਲ ਦੇ । ਸੰਤਰੇਣ ਜਿਨ੍ਹੀ ਅਖੀਂ ਡਿਠਾ, ਕੀ ਆਖਣ ਸੁਖ ਇਕ ਪਲ ਦੇ ।
ਲਗਾ ਪ੍ਰੇਮ ਤੇ ਨੇਮ ਗਏ ਭਜ, ਜਿਉਂ ਸੂਰਜ ਚੜ੍ਹੇ ਅਨ੍ਹੇਰਾ । ਮਿਲਿਆ ਪਿਆਰਾ ਸਾਡੀ ਹੋਈ ਤਸੱਲਾ, ਸਾਨੂੰ ਕੌਣ ਤੇਰਾ ਕੌਣ ਮੇਰਾ । ਮਿਲਿਆ ਮੁੜ ਕੇ ਵਿਛੜਨ ਨਾਹੀਂ, ਤੋੜੇ ਮਿਲ ਵੇਖੇ ਇਕ ਵੇਰਾ । ਸੰਤਰੇਣ ਇਹ ਵੱਡਾ ਤਮਾਸ਼ਾ, ਪਰ ਵੇਖੇ ਹੋਇ ਕੇ ਤੇਰਾ ।
ਚੰਦ ਚੜ੍ਹਿਆ ਜਗ ਹੋਈ ਸ਼ਾਦੀ, ਅਤੇ ਚੰਦ ਮੁਮਾਰਖ ਮੈਨੂੰ । ਅਜ ਮਿਲਿਆ ਯਾਰ ਪਿਆਰਾ ਸਾਨੂੰ, ਇਹ ਚੰਨ ਮੇਰੇ ਜਿਹਾ ਕੈਨੂੰ । ਅਜਿਹਾ ਮਿਲਿਆ ਜੇਹਾ ਮਿਲਦਾ ਆਇਆ, ਜਾਂ ਦੂਰ ਕੀਤਾ ਵਿਚੋਂ ਮੈਨੂੰ । ਸੰਤਰੇਣ ਇਹ ਚੰਨ ਮੁਮਾਰਖ, ਅਸਾਂ ਨੂਰ ਡਿਠਾ ਹਰ ਸ਼ੈ ਨੂੰ ।
ਅਤੇ ਜੇ ਸਾਈਂ ਨੂੰ ਮਿਲਿਆ ਲੋੜੇਂ, ਤਾਂ ਪੱਲਾ ਪਕੜ ਫ਼ਕੀਰਾਂ । ਛਡੇ ਖਾਹਿਸ਼ ਤਾਂ ਲਹੇਂ ਅਸਾਇਸ਼, ਚੁਕ ਪਵਨੀ ਤਦਬੀਰਾਂ । ਜਿ ਦਿਲ ਖਾਲੀ ਤਾਂ ਹੋਵੀ ਖੁਸ਼ਹਾਲੀ, ਤੇਰੀਆਂ ਮਾਫ ਹੋਵਨ ਤਕਸੀਰਾਂ । ਸੰਤਰੇਣ ਜਿਨ੍ਹਾਂ ਖੁਸ਼ੀ ਰੱਬਾਣੀ, ਉਨ੍ਹਾਂ ਪਾਈਆਂ ਖਾਸ ਜਗੀਰਾਂ ।
ਜ਼ਾਹਰ ਕੂਕ ਸੁਣਾਈ ਤੈਨੂੰ, ਮੇਰਾ ਦਿਲਬਰ ਦਿਲ ਵਿਚ ਵਸੇ । ਦਿਲ ਵਿਚ ਵਸੇ ਭੇਦ ਨ ਦਸੇ, ਉਹ ਦਿਲ ਵਿਚ ਦਿਲ ਨੂੰ ਖਸੇ । ਜਾਂ ਜਾਤਾ ਤਾਂ ਆਪ ਪਛਾਤਾ, ਬਿਨ ਜਾਤੇ ਉਹ ਨਸੇ । ਸੰਤਰੇਣ ਇਹ ਰਮਜ਼ ਅਜਾਇਬ, ਕੋਈ ਆਰਫ ਕਾਮਲ ਦਸੇ ।
ਕੀ ਆਇਓਂ ਜਾਂ ਨੀਅਤ ਖੋਟੀ, ਤੇਰਾ ਆਵਣ ਕਿਤੇ ਨ ਲੇਖੈ । ਅਤੇ ਛਪ ਛਪ ਐਬ ਕਰੇਂ ਬੁਰਿਆਂਈਆਂ, ਉਹ ਜ਼ਾਹਰ ਸਭ ਕੁਝ ਵੇਖੈ । ਆਵਣ ਤਿਸ ਦਾ ਜਿਸ ਸਚ ਪਛਾਤਾ, ਓਹ ਹਰਿ ਵੇਖੈ ਹਰ ਭੇਖੈ । ਏਥੇ ਸੰਤਰੇਣ ਕੋਈ ਇਕ ਅੱਧ ਵਿਰਲਾ, ਜੋ ਹਰਿ ਨੂੰ ਹਰ ਵਿਚ ਵੇਖੈ ।
ਜੇਹੀ ਲਾਵਨ ਤੇਹੀ ਤੋੜ ਨਿਭਾਵਨ, ਤੇ ਮੁਲ ਤਿਨ੍ਹਾਂ ਦਾ ਪਉਂਦਾ । ਜੇ ਲਗੀ ਅਧ ਵਿਚੋਂ ਟੁਟੈ, ਤਾਂ ਫਿਰੈ ਚਉਰਾਸੀ ਭਉਂਦਾ । ਇਕ ਨਿਭਾਹਨ ਇਕ ਤੋੜਨ ਵਾਲੇ, ਇਹ ਸਉਦਾ ਅਪਨੀ ਗਉਂ ਦਾ । ਸੰਤਰੇਣ ਕੰਮ ਜ਼ੋਰ ਦਾ ਨਾਹੀਂ, ਕੰਮ ਇਥੇ ਇਕ ਰਉਂ ਦਾ ।
ਜੋ ਸੁਤੇ ਸੋ ਸਭੇ ਮੁਠੇ, ਜੋ ਜਾਗੇ ਸੋ ਭਾਗੇ । ਸਚ ਨੂੰ ਲਗਾ ਸੋ ਸਚਾ ਹੋਇਆ, ਅਤੇ ਝੂਠਾ ਦੋਜ਼ਕ ਜਾਗੇ (ਝਾਗੇ) । ਜੇ ਆਪ ਪਛਾਣੇ ਤਾਂ ਆਪੈ ਹੋਵੈ, ਛੁਟ ਪਉਨੀ ਲਾਗੇ ਦਾਗੇ । ਸੰਤਰੇਣ ਜਿਨ੍ਹਾਂ ਸਾਈਂ ਪਾਇਆ, ਤੇ ਅਸਲੀ ਓਹਾ ਜਾਗੇ ।
ਕੀਤੇ ਕੰਮ ਸਾਈਂ ਦੇ ਹੋਵਨ, ਕਿਉਂ ਬੰਨ੍ਹਦਾ ਝੂਠੇ ਦਾਵੇ । ਜਾਂ ਉਹ ਦੇਂਦਾ ਤਾਂ ਸਭ ਕੋਈ ਲੈਂਦਾ, ਬਿਨ ਦਿਤੇ ਕੀ ਕੋਈ ਖਾਵੇ । ਅਤੇ ਤੇਰਾ ਕੀਤਾ ਕੁਝ ਨ ਹੋਂਦਾ, ਕਿਉਂ ਮਰਨੈ ਲੈ ਲੈ ਹਾਵੇ । ਸੰਤਰੇਣ ਹੁਣ ਸੌਂਪ ਸਾਈਂ ਨੂੰ, ਉਸ ਭਾਵੈ ਜੋ ਕੁਝ ਭਾਵੇ ।
ਅਤੇ ਹੁੰਡਰੀ ਰੱਬ ਨ ਮਿਲੇ ਕਦਾਂਹੀ, ਜੇ ਲਖ ਜਤਨ ਕਰੀਵਨ । ਮੁਰਸ਼ਦ ਬਿਨ ਕਾਮਲ ਦੇ ਬਾਝੋਂ, ਅਸਮਾਨ ਪਾਟੇ ਕਿਉਂ ਸੀਵਨ । ਸਿਰ ਦੇਵਨ ਤੇ ਮਨ ਨੂੰ ਸੌਂਪਣ, ਉਹ ਆਬਹਯਾਤੀ ਪੀਵਨ । ਸੰਤਰੇਣ ਉਹ ਮਿਲਨ ਅਸਾਨੂੰ, ਸਾਡੀਆਂ ਅੱਖੀਆਂ ਠੰਢੀਆਂ ਥੀਵਨ ।
ਗੱਲ ਸਾਈਂ ਦੀ ਜੈ ਨੂੰ ਪਿਆਰੀ, ਸੋ ਸਾਈਂ ਦਾ ਹੋਵੈ । ਸੁਣ ਸੁਣ ਸੁਖ਼ਨ ਫਕੀਰਾਂ ਵਾਲੇ, ਉਹ ਦਿਲ ਵਿਚ ਪਇਆ ਰੋਵੈ । ਖਿਜਮਤ ਥੀਂ ਉਸ ਅਜ਼ਮਤ ਪਾਈ, ਜੋ ਦਿਲ ਦੀ ਸਾਫੀ ਹੋਵੈ । ਸੰਤਰੇਣ ਜਿਸ ਆਪ ਪਛਾਤਾ, ਉਹ ਸੁਖ ਦੀ ਨੀਂਦਰ ਸੋਵੈ ।
ਸੁਖ ਦੀ ਨੀਂਦਰ ਓਹੋ ਸੌਂਦਾ, ਜੈਨੂੰ ਹੋਰ ਦਲੀਲ ਨ ਆਹੀ । ਤੋੜੇ ਟੁਕੜੇ ਮੰਗ ਕਰ ਖਾਂਦਾ, ਉਸ ਦੇ ਦਿਲ ਵਿਚ ਬੇਪਰਵਾਹੀ । ਦੋਵੇਂ ਜਹਾਨ ਉਸ ਦੇ ਬਰਦੇ, ਜੈਨੂੰ ਖਿਜਮਤ ਖਾਸ ਇਲਾਹੀ । ਸੰਤਰੇਣ ਜੋ ਖੁਦੀ ਤੇ ਗੁਜ਼ਰੇ, ਉਸ ਨੂੰ ਵਿਚ ਦਿਲ ਦੇ ਬਾਦਸ਼ਾਹੀ ।
ਸੁਖ ਦੁਖ ਦੀ ਜਿਨ੍ਹਾਂ ਕਾਰ ਨ ਕਾਈ, ਉਹ ਖਾਸ ਸਾਈਂ ਦੇ ਹੋਏ । ਐਨਲਹਕ ਇਹ ਵਿਰਦ, ਉਨ੍ਹਾਂ ਦਾ, ਉਹ ਸਨਮੁਖ ਸੂਲੀ ਢੋਏ । ਸੂਲੀ ਨੂੰ ਚਾ ਮਿੱਮਰ ਕੀਤਾ, ਚੜ੍ਹਕੇ ਵਾਇਜ਼ ਗੋਏ । ਸੰਤਰੇਣ ਜਿਨ੍ਹਾਂ ਮਨਸਬ ਪਾਇਆ, ਵਿਚ ਪਾਕ ਕਤਾਰ ਪਰੋਏ ।
ਸਭ ਕੁਝ ਬਣਿਆ ਤੇ ਕੁਛ ਨ ਬਣਿਆ, ਅਸੀਂ ਲਧੀ ਢੂੰਢ ਨਿਸ਼ਾਨੀ । ਸਭ ਕੁਛ ਕਰਦੇ ਤੇ ਕੁਝ ਨ ਕਰਦੇ, ਇਥੈ ਚਾਲ ਇਹਾ ਇਨਸਾਨੀ । ਅਤੇ ਜੋ ਬਣਿਆ ਸੋ ਆਪੇ ਬਣਿਆਂ, ਨਹੀਂ ਦੂਜਾ ਜ਼ਿਕਰ ਜ਼ਬਾਨੀ । ਸੰਤਰੇਣ ਅਸਾਂ ਕੀ ਲੈ ਵਾਰਿਆ, ਜੋ ਜੀਉ ਕੀਤਾ ਕੁਰਬਾਨੀ ।
ਸ਼ਾਦੀ ਗਮੀ ਉਨ੍ਹਾਂ ਇਕੋ ਜੇਹੀ, ਜੇੜ੍ਹੇ ਆਪ ਖੁਦੀ ਤੋਂ ਗੁਜ਼ਰੇ । ਅਤੇ ਜੋ ਕੁਝ ਹੋਵੈ ਸੋ ਸਿਰ ਤੇ ਮੰਨਣ, ਉਹ ਹਰਯਕ ਤੇ ਬੇਉਜ਼ਰੇ । ਜੋ ਦਮ ਕਢਣ ਸੋ ਯਾਦ ਸਾਈਂ ਦੀ, ਦਮ ਪਵਨ ਤਿਨ੍ਹਾਂ ਦੇ ਮੁਜਰੇ । ਸੰਤਰੇਣ ਉਨ੍ਹਾਂ ਡਿਠਾ ਤਮਾਸ਼ਾ, ਬੈਠ ਸਾਈਂ ਦੇ ਹੁਜਰੇ ।
ਦਮ ਕਦਮ ਜਿਨ੍ਹਾਂ ਦੇ ਦੋਵੇਂ ਬਰਾਬਰ, ਸੋ ਸਾਈਂ ਵਲ ਆਵਨ । ਅਤੇ ਦਮ ਪਿੱਛੇ ਤੇ ਕਦਮ ਅਗੇਰੇ, ਉਹ ਖਾਸ ਫਕੀਰ ਸਦਾਵਨ । ਕਦਮ ਪਿਛੇ ਦਮ ਅਗੇ ਮਾਰਨ, ਉਹ ਹਰਗਿਜ਼ ਸਾਈਂ ਨ ਭਾਵਨ । ਸੰਤਰੇਣ ਰਬ ਮਿਲੈ ਤਿਨ੍ਹਾਂ ਨੂੰ, ਜੇਹੜੇ ਗ਼ੈਰ ਦਲੀਲ ਨ ਆਵਨ ।
ਆਪੇ ਘਰ ਆਪੇ ਘਰ ਵਾਲਾ, ਕੋਈ ਵਿਰਲੇ ਕਾਮਲ ਜਾਨਣ । ਅਤੇ 'ਐਨਲਹਕ' ਤਹਕੀਕ ਕੀਤਾ, ਓਨਾ ਹੋਰ ਨ ਹਰਫ ਪਛਾਣਨ । ਕੋਈ ਝਿੜਕੇ ਤੇ ਕੋਈ ਮੰਨੇ, ਉਹ ਦਿਲ ਵਿਚ ਗ਼ੈਰ ਨ ਆਣਨ । ਸੰਤਰੇਣ ਜਿਨ੍ਹਾਂ ਖ਼ਾਹਸ਼ ਨ ਕਾਈ, ਉਹ ਲੰਮੈ ਤਾਣ ਕਿਉਂ ਤਾਣਨ ।
ਜੋ ਸੁਖ ਇਕ ਪਲ ਯਾਰ ਵੇਖਦੇ, ਵਿਚ ਸੋ ਜਹਾਨ ਦੁਈਂ ਨ ਦਿਸੇ । ਅਤੇ ਜਿਸ ਦੇ ਉਤੇ ਮਿਹਰ ਫਿਕਰ (ਫਕਰ) ਦੀ, ਸੁਖ ਆਵੈ ਤਿਸ ਦੇ ਹਿਸੇ । ਖੁਦੀ ਬੁਰੀ ਅਤੇ ਖੁਦੀ ਨੂੰ ਛੱਡੇ, ਤਾਂ ਯਾਰ ਤੇਰੇ ਤੇ ਵਿਸੇ । ਸੰਤਰੇਣ ਢੂੰਢਣ ਬਹੁਤੇਰੇ, ਪਰ ਯਾਰ ਲੱਧਾ ਕਿਸੇ ਕਿਸੇ ।
ਤੇ ਅਠੇ ਪਹਿਰ ਉਹ ਖੁਸ਼ੀ ਹਮੇਸ਼ਾਂ, ਜਿਨ੍ਹਾਂ ਰਮਜ਼ ਕਾਮਲ ਦੀ ਪਾਈ । ਖਾਸ ਸਾਈਂ ਦੇ ਉਹ ਨਜ਼ੀਕੀ, ਜੋ ਪਲ ਨਹੀਂ ਸਹਿਣ ਜੁਦਾਈ । ਮਿਲਨ ਸੁਖ ਤੇ ਦੁਖ ਵਿਛੋੜਾ, ਹੋਰ ਸ਼ਾਦੀ ਗ਼ਮੀ ਨ ਕਾਈ । ਸੰਤਰੇਣ ਉਹ ਦੌਲਤ ਲਧੀ, ਜਿਹੜੀ ਨਹੀਂ ਸੀ ਕਦੇ ਗਵਾਈ ।
ਦੁਖ ਛੁਡਾਇ ਤੇ ਸੁਖ ਨੂੰ ਲਾਇ, ਜਾਂ ਕਰਮ ਆਪ ਸਾਈਂ ਕਰਦਾ । ਤੇ ਦੁਖਾਂ ਨੂੰ ਇਹ ਭਜ ਭਜ ਪਉਂਦਾ, ਤੇ ਸਾਈਂ ਦੇ ਸੁਖ ਤੋਂ ਡਰਦਾ । ਮੇਹਰ ਕਰਨ ਜੋ ਸਾਈਂ ਵਾਲੇ, ਤਾਂ ਪੈਰ ਸਾਈਂ ਵਲ ਧਰਦਾ । ਸੰਤਰੇਣ ਅਸਾਂ ਅਖੀਂ ਡਿਠਾ, ਜਾਂ ਦੂਰ ਹੋਇਆ ਵਿਚੋਂ ਪੜਦਾ ।
ਜਿਨ੍ਹਾਂ ਆਪਣੀ ਖੁਦੀ ਗਵਾਈ, ਤੇ ਸਭ ਅਜ਼ਾਬੋਂ ਛੁਟੇ । ਉਨ੍ਹਾਂ ਜਗਾਤ ਕੇਹੀ ਫਿਰ ਲਗੇ, ਜਿਨ੍ਹਾਂ ਪੰਡ ਸਿਰੋਂ ਚਾ ਸੁੱਟੇ । ਖੁਦੀ ਗਵਾਇ ਤਾਂ ਸਭ ਕਿਛ ਪਾਇ, ਇਸ ਖੁਦੀ ਬਹੁਤ ਘਰ ਪੁਟੇ । ਸੰਤਰੇਣ ਰੱਬ ਮਿਲੇ ਤਿਨ੍ਹਾਂ ਨੂੰ, ਜਿਹੜੇ ਦੁਨੀਆਂ ਕੋਲੋਂ ਤੁਟੇ ।
ਤਿਨ੍ਹਾਂ ਖਾਹਸ਼ ਰਹੀ ਨ ਕਾਈ, ਜਿਨ੍ਹਾਂ ਜਗ ਨੂੰ ਜਾਤਾ ਫਾਨੀ । ਬਿਨ ਸਾਈਂ ਉਹ ਹੋਰ ਨ ਵੇਖਣ, ਸੁਣ ਸਮਝਨ ਸੁਖ਼ਨ ਹਕਾਨੀ । ਬੁਰਾ ਭਲਾ ਉਹ ਕਿਸੇ ਨ ਆਖਣ, ਜਿਨ੍ਹਾਂ ਗ਼ੈਰ ਨ ਜ਼ਿਕਰ ਜ਼ਬਾਨੀ । ਸੰਤਰੇਣ ਜੋ ਸਿਰ ਤੇ ਗੁਜ਼ਰੇ, ਸੋ ਮਹਿਰਮ ਹੋਏ ਨਾਲ ਜਾਨੀ ।
ਸਾਈਂ ਸਾਨੂੰ ਮੇਲ ਉਨ੍ਹਾਂ ਨੂੰ, ਜੋ ਤੇਰੇ ਰਹਿਨ ਹਜ਼ੂਰੀ । ਰਹਿਨ ਹਜ਼ੂਰੀ ਤੇ ਬੇਮਗ਼ਰੂਰੀ, ਸੇ ਖਾਸ ਬੰਦੇ ਉਹ ਨੂਰੀ । ਕਰਨ ਕਨਾਇਤ ਤੇ ਪਕੜਨ ਗੋਸ਼ਾ, ਉਥੇ ਕਾਰ ਇਹਾ ਮਨਜ਼ੂਰੀ । ਸੰਤਰੇਣ ਉਹ ਕਾਮਲ ਹੋਏ, ਜਿਨ੍ਹਾਂ ਜ਼ਿਕਰ ਕੀਤਾ ਮਨਸੂਰੀ ।
ਜਿਨ੍ਹਾਂ ਜਗਾਤ ਸਾਈਂ ਦੀ ਕੱਢੀ, ਉਹ ਹੋਰ ਜਗਾਤ ਨ ਕਢਦੇ । ਇਕ ਪਲ ਜੁਦਾ ਨ ਹੋਵਨ ਹਰਗਿਜ਼, ਉਹ ਹਰਫ਼ ਬਿ ਨੁਕਤਾ ਪੜ੍ਹਦੇ । ਖੋਟੇ ਖਰੇ ਤਦਾਹੀਂ ਜਾਪਣ, ਜਾਂ ਨਜ਼ਰ ਸਰਾਫਾਂ ਚੜ੍ਹਦੇ । ਸੰਤਰੇਣ ਜਿਨ੍ਹਾਂ ਸਾਈਂ ਪਛਾਤਾ, ਉਹ ਨਾਲ ਸਾਈਂ ਦੇ ਹੰਢਦੇ ।
ਟੇਢੀਆਂ ਪੱਗਾਂ ਤੇ ਬਾਂਕੀਆਂ ਚਾਲਾਂ, ਤੂੰ ਇਹ ਨ ਛਡੇਂ ਕਦਾਹੀਂ । ਜੇ ਆਪ ਛਡੇ ਤਾਂ ਸਭ ਕਿਛ ਪਾਈ, ਤੇ ਇਨ੍ਹਾਂ ਰਹਿਣਾ ਨਾਹੀਂ । ਅਤੇ ਪਿਛੋਂਦੇ ਤੇ ਪਛੋਤਾਸੇਂ, ਜਦ ਤ੍ਰਾਣ ਨ ਰਹਿਸੀਆ ਬਾਹੀਂ । ਸੰਤਰੇਣ ਹੁਣ ਸਮਝ ਸਵੇਲੇ, ਨਹੀਂ ਰੋਸੇਂ ਦੇ ਦੇ ਢਾਹੀਂ ।
ਇਹ ਜੁਆਨੀ ਤੇਰੀ ਮਸਤ ਦਿਵਾਨੀ, ਕੁਛੁ ਅਗੇ ਦਾ ਕਰ ਤੋਸਾ । ਅਤੇ ਕਈ ਜੁਆਨੀਆਂ ਤੁਧ ਅਗੇ ਛਡੀਆਂ, ਹੁਣ ਇਸ ਦਾ ਕੌਣ ਭਰੋਸਾ । ਮਿਲ ਮੁਰਸ਼ਦ ਕੰਮ ਕਰ ਲੈ ਅਪਣਾ, ਅਤੇ ਪਕੜ ਬਹੋ ਕੋਈ ਗੋਸ਼ਾ । ਸੰਤਰੇਣ ਢਿਲ ਤੇਰੀ ਵਲੋਂ, ਉਸ ਤੇਰੇ ਨਾਲ ਨਹੀਂ ਰੋਸਾ ।
ਜੇਹਾ ਜ਼ਾਹਰ ਤੇ ਅਵੇਹਾ ਛਪਿਆ, ਉਸ ਨੂੰ ਕੀਕਣ ਕੋਈ ਜਾਣੇ । ਸਟੇ ਖ਼ੁਦੀ ਤੇ ਖੁਦ ਨੂੰ ਪਾਏ, ਖੁਦ ਹੋਇ ਕੇ ਖੁਸ਼ੀਆਂ ਮਾਣੇ । ਉਹੋ ਅੱਵਲ ਤੇ ਓਹੋ ਆਖਰ, ਕਹੈ ਵਿਚ ਵਿਚ ਹੋਰ ਧਿੰਗਾਣੇ । ਸੰਤਰੇਣ ਇਹ ਰਮਜ਼ ਕਾਮਲ ਦੀ, ਬਿਨ ਕਾਮਲ ਕੀ ਕੋਈ ਜਾਣੇ ।
ਜਿਥੇ ਮੈਂ ਉਥੇ ਉਹ ਨ ਲਭੇ, ਜਿਥੇ ਉਹ ਤਿਥੇ ਮੈਂ ਨਾਹੀਂ । ਧੁਪ ਛਾਂ ਇਹ ਦੋਵੇਂ ਇਕੱਠੇ, ਇਹ ਡਿਠੇ ਕਿਸੇ ਕਦਾਹੀਂ ? ਜੇ ਭੈਂਗਾ ਇਕ ਨੂੰ ਦੋਇ ਵੇਖੇ, ਕੀ ਡਿਠਿਆਂ ਦੋਇ ਹੋਇ ਜਾਈ ? ਸੰਤਰੇਣ ਉਹ ਇਕ ਦਾ ਏਕੋ, ਖ਼ਤ ਸਚਾ ਨਾਲ ਗੁਆਹੀ ।
ਇਹਾ ਗਵਾਹੀ ਮਨਸੂਰ ਵੀ ਦਿਤੀ, ਅਤੇ ਸ਼ਮਸ ਵਿਚ ਮੁਲਤਾਨੀ । ਬਿਲਾ ਮੀਮ ਪੈਕੰਬਰ ਆਖਿਆ, ਬੁਸਤਾਨੀਆ ਜਸਮਾਨੀ । ਸਭਨਾ ਇਕੋ ਹਰਫ ਪਛਾਤਾ, ਢੂੰਢ ਡਿਠਾ ਵੇਦ ਕੁਰਾਨੀ । ਸੰਤਰੇਣ ਤਹਿਕੀਕ ਇਹਾ ਗੱਲ, ਸਭ ਆਖਣ ਨਾਲ ਜ਼ਬਾਨੀ ।
ਜਿਨ੍ਹਾਂ ਅਪਣਾ ਆਪ ਪਛਾਤਾ, ਉਹ ਸਭ ਦੀ ਖਾਤਰ ਕਰਦੇ । ਹਰ ਹਰ ਦੇ ਵਿਚ ਹਰਿ ਨੂੰ ਦੇਖਣ, ਤੇ ਹਰ ਯਕ ਦੇ ਉਹ ਬਰਦੇ । ਨਾ ਉਹ ਕਰਨ ਬਹਿਸ਼ਤ ਦੀ ਖਾਹਸ਼, ਨਾ ਦੋਜ਼ਕ ਤੋਂ ਡਰਦੇ । ਸੰਤਰੇਣ ਜਿਨ੍ਹਾਂ ਖੁਦੀ ਗਵਾਈ, ਤੇ ਖਾਸ ਸਾਈਂ ਦੇ ਘਰ ਦੇ ।
ਕਰ ਕਨਾਇਤ ਜਿਨ੍ਹਾਂ ਗੋਸ਼ਾ ਪਕੜਿਆ, ਉਹ ਸਭ ਅਜ਼ਾਬੋਂ ਛੁਟੇ । ਦੁਨੀਆਂ ਵਿਚ ਉਹ ਰਹਿਣ ਅਵੇਹੇ, ਜੋ ਨ ਗੰਢੇ ਨ ਤੁਟੇ । ਦੌਲਤ ਦੀ ਉਨ੍ਹਾਂ ਕਮੀ ਨ ਕਾਈ, ਉਹਨਾਂ ਖਾਸ ਖਜ਼ਾਨੇ ਲੁਟੇ । ਸੰਤਰੇਣ ਜਿਨ੍ਹਾਂ ਸਾਈਂ ਦੀ ਦੌਲਤ, ਉਹ ਮੂਲ ਨ ਕਦੇ ਨਿਖੁਟੇ ।
ਇਕ ਝੂਠੇ ਉਹ ਝੂਠ ਨੂੰ ਲੱਗੇ, ਅਤੇ ਸਚੇ ਸਚ ਵਲ ਲਗਦੇ । ਇਕ ਅੰਦਰੋਂ ਝੂਠੇ ਤੇ ਉਤੋਂ ਸੁਚੇ, ਉਹ ਲੋਕਾਂ ਨੂੰ ਲੈ ਠਗਦੇ । ਦਿਲ ਥੀਂ ਸਚੇ ਉਹਨਾਂ ਸਚ ਪਛਾਤਾ, ਉਹ ਵਾਕਫ ਹੋਇ ਰਗ ਰਗ ਦੇ । ਸੰਤਰੇਣ ਜਿਥੇ ਕੰਮ ਸਚਿਆਰਾਂ, ਉਥੇ ਝੂਠੇ ਮੂਲ ਨ ਤਗਦੇ ।
ਇਕ ਆਖਣ ਅਸੀਂ ਸਭ ਤੈ ਉਚੇ, ਇਹ ਗੱਲ ਪਕੜੀ ਕਈਆਂ । ਜਿਉਂ ਚਾਮ-ਚਿਠੀਆਂ ਉਡੀਆਂ ਸੂਰਜ ਨੋ, ਉਹ ਫਿਰ ਕੇ ਟੋਇ ਪਈਆਂ । ਉਹ ਆਖਣ ਸੂਰਜ ਰਿਹਾ ਦੁਰਾਡਾ, ਅਸੀਂ ਸੂਰਜ ਨੂੰ ਲੰਘ ਗਈਆਂ । ਸੰਤਰੇਣ ਪੜ੍ਹ ਅਮਲ ਨ ਕਰਦੇ, ਜਿਨ੍ਹਾਂ ਉਲਟ ਕਲਾਮਾਂ ਪਈਆਂ ।
ਇਕ ਜਾਵਨ ਮੱਕੇ ਤੇ ਹਾਜੀ ਹੁੰਦੇ, ਇਕ ਤੀਰਥ ਕਰ ਕਰ ਮਰਦੇ । ਵਿਚੇ ਮਕਾ ਤੇ ਵਿਚੇ ਕਾਂਸੀ, ਉਹ ਦਿਲ ਦਾ ਹੱਜ ਨ ਕਰਦੇ । ਤੇ ਕਾਠ ਦੀ ਬੇੜੀ ਚੜ੍ਹ ਨਹੀਂ ਲੰਘਦੇ, ਉਹ ਪੱਥਰ ਤੇ ਚੜ੍ਹ ਤਰਦੇ । ਸੰਤਰੇਣ ਬਿਨ ਸਾਈਂ ਲੋਕਾਂ, ਹੋਰ ਪੈਰ ਡਿੰਗੇ ਸਭ ਧਰਦੇ ।
ਜੇ ਸਾਈਂ ਜਾਤਾ ਤਾਂ ਸਭ ਨੂੰ ਜਾਤਾ, ਬਿਨ ਜਾਤੇ ਕੁਝ ਨ ਜਾਤਾ । ਜੇ ਸਾਈਂ ਡਿਠਾ ਤਾਂ ਸਭ ਕੁਝ ਡਿਠਾ, ਬਿਨ ਡਿਠੇ ਅੰਧਰਾਤਾ । ਸਾਈਂ ਮਿਲਿਆ ਤਾਂ ਸਭ ਹੈ ਮਿਲਿਆ, ਬਿਨ ਮਿਲਿਆਂ ਝੂਠਾ ਨਾਤਾ । ਸੰਤਰੇਣ ਜਿਨ੍ਹਾਂ ਇਕ ਸਿਞਾਤਾ, ਓਹਨਾਂ ਸਭ ਕੁਝ ਜਾਤਾ ਪਾਤਾ ।
ਵੈਹਦਤ ਪਈ ਜਿਨ੍ਹਾਂ ਵਾਹਦਤ ਸਾਈਂ ਦੀ, ਉਹ ਵਾਹਦਤ ਨੂੰ ਹੀ ਭਾਲਣ । ਵਾਹਦਤ ਨਾਲ ਉਹ ਵਾਹਦਤ ਵੇਖਣ, ਅਤੇ ਨਾਲ ਵਾਹਦਤ ਦੇ ਜਾਲਣ । ਬਿਨ ਵਾਹਦਤ ਕਛੁ ਹੋਰ ਜੋ ਦਿਸੇ, ਉਹ ਨਾਲ ਵਾਹਦਤ ਦੇ ਟਾਲਣ । ਸੰਤਰੇਣ ਜਿਨ੍ਹਾਂ ਵਾਹਦਤ ਸਮਝੀ, ਉਹ ਵਾਹਦਤ ਨੂੰ ਹੀ ਪਾਲਣ ।
ਜੈਨੂੰ ਮਿਲੇ ਯਾਰ ਪਿਆਰਾ, ਉਸ ਖਾਹਸ਼ ਕੈਂ ਦੀ ਹੋਵੇ । ਤਿਸ ਦੇ ਨਾਲ ਬਰਾਬਰ ਕਾਈ, ਜੈਂਦੇ ਲਗ ਜਾਨੀ ਗਲ ਸੋਵੇ । ਜੇ ਮਿਲਿਆ ਤਿਸ ਖੁਸ਼ੀ ਨ ਮਾਵੇ, ਬਿਨ ਮਿਲਿਆ ਬਹਿ ਬਹਿ ਰੋਵੇ । ਸੰਤਰੇਣ ਲੱਕ ਬੰਨ੍ਹ ਉਤੈ ਵਲ, ਜੋ ਹੋਵੇ ਸੋ ਹੋਵੇ ।
ਜੈਨੂੰ ਲਗੇ ਸਾਈਂ ਪਿਆਰਾ, ਤੇ ਜਗ ਵਿਚ ਸੁਖੀਆ ਸੋਈ । ਅਤੇ ਇਹ ਦੁਨੀਆਂ ਜਿਸ ਮਿਠੀ ਡਿਠੀ, ਉਸ ਦੁਨੀਆਂ ਦੁਸ਼ਮਨ ਹੋਈ । ਇਕਨਾ ਨੂੰ ਲੈ ਦੋਜ਼ਕ ਘਤੇ, ਇਕ ਦਰ ਦਰ ਲੈਨ ਨ ਢੋਈ । ਸੰਤਰੇਣ ਜਿਹੜੇ ਛਡ ਖੜੋਤੇ, ਤਿਨ ਅਗੇ ਮਜਲ ਨ ਕੋਈ ।
ਦਿਲ ਤੇ ਹੋਰ ਦਲੀਲ ਨ ਸਟੇ, ਅਤੇ ਦਰ ਕਾਮਲ ਦੇ ਜਾਵੈ । ਬਰਦਾ ਹੋਵੇ ਉਨ੍ਹਾਂ ਦੇ ਦਰ ਦਾ, ਅਤੇ ਬਿਨ ਮੁਲ ਆਪ ਵਿਕਾਵੈ । ਜੋ ਆਖਣ ਸੋ ਸਿਰ ਤੇ ਮੰਨੇ, ਅਤੇ ਮੁਹੋਂ ਨ ਬਿਆ ਅਲਾਵੈ । ਸੰਤਰੇਣ ਜੋ ਹੋਵੈ ਉਨ੍ਹਾਂ ਦੇ, ਖ਼ੈਰ ਫਕਰ ਦਾ ਪਾਵੈ ।
ਖ਼ੈਰ ਫਕਰ ਦਾ ਉਨ੍ਹਾਂ ਨੂੰ ਮਿਲਯਾ, ਜਿਨ੍ਹਾਂ ਅਪਣੀ ਖੁਦੀ ਗਵਾਈ । ਤੇ ਹਰ ਯਕ ਦੇ ਵਿਚ ਹਰਿ ਨੂੰ ਵੇਖਣ, ਹੋਰ ਖਾਹਿਸ਼ ਉਨ੍ਹਾਂ ਨ ਪਾਈ । ਹਰ ਯਕ ਕਦਮ ਅਗੇਰੇ ਕਰਦੇ, ਜਿਨ੍ਹਾਂ ਪਾਕ ਮੁਹਬਤ ਪਾਈ । ਸੰਤਰੇਣ ਉਹ ਫਿਰਨ ਖੁਸ਼ਹਾਲੀ, ਜਿਨ੍ਹਾਂ ਮਸਤੀ ਅਸਲੀ ਪਾਈ ।
ਜਿਨ੍ਹਾਂ ਜਾਤਾ ਅਸਾਂ ਕੰਮ ਸਾਈਂ ਨਾਲ, ਉਨ੍ਹਾਂ ਛਡੇ ਹੋਰ ਵਿਖਾਲੇ । ਅਤੇ ਜੇਹੀ ਆਵੈ ਉਹ ਸਿਰ ਤੇ ਜਾਲਨ, ਕੰਮ ਕਰਨ ਫ਼ਕੀਰਾਂ ਵਾਲੇ । ਦਮ ਦਮ ਨਾਲ ਸਮਾਲਨ ਦੋਸਤ, ਅਤੇ ਖੁਸ਼ੀ ਰੈਹਨ ਹਰ ਹਾਲੇ । ਸੰਤਰੇਣ ਉਹ ਉਸ ਜਾ ਪਹੁੰਚੇ, ਜਿਥੇ ਪਹੁੰਚੇ ਸਾਈਂ ਵਾਲੇ ।
ਆਪੇ ਜ਼ਾਹਰ ਤੇ ਆਪੇ ਬਾਤਨ, ਹੋਰ ਗ਼ੈਰ ਨਹੀਂ ਬਣ ਆਇਆ । ਜਾਂ ਐਨਲਹਕ ਤਹਕੀਕ ਕਿਤੋ ਨੇ, ਤਾਂ ਇਹ ਸੁਖਨ ਅਲਾਇਆ । ਸਟੇ ਖੁਦੀ ਤਾਂ ਖੁਦ ਨੂੰ ਪਾਏ, ਵਿਚ ਖੁਦੀ ਭੁਲਾਵਾ ਪਾਇਆ । ਸੰਤਰੇਣ ਇਹ ਨੁਕਤਾ ਇਸ ਦਾ, ਇਹ ਕਾਮਲ ਥੀਂ ਹਥ ਆਇਆ ।
ਲਾ ਮਕਾਨ ਵਿਚ ਸੈਰ ਅਸਾਡਾ, ਉਥੇ ਗ਼ੈਰ ਨ ਦਿਸੈ ਕੋਈ । ਓਹੋ ਗ਼ੈਰ ਜੋ ਗ਼ੈਰ ਨੂੰ ਵੇਖੈ, ਓਥੇ ਗ਼ੈਰ ਨ ਲੈਂਦਾ ਢੋਈ । ਜਿਸ ਸਾਈਂ ਮਿਠਾ ਤਿਸ ਗ਼ੈਰ ਨ ਕੋਈ ਡਿਠਾ, ਤਿਸ ਦੀ ਸਾਫੀ ਹੋਈ । ਸੰਤਰੇਣ ਇਹ ਰਾਹ ਫਕਰ ਦਾ, ਮਰ ਪਹੁੰਚੇ ਵਿਰਲਾ ਕੋਈ ।
ਰਾਹ ਫਕਰ ਦਾ ਜਿਨ੍ਹਾਂ ਲਗਾ ਪਿਆਰਾ, ਓਨ੍ਹਾਂ ਕਰਨਾ ਸੀ ਸੋਈ ਕੀਤਾ । ਨਾਲ ਮੁਰਸ਼ਦ ਦੇ ਜਿਨ੍ਹਾਂ ਪਾਕ ਮੁਹੱਬਤ, ਤਿਨ੍ਹਾਂ ਖਾਸ ਪਿਆਲਾ ਪੀਤਾ । ਇਕ ਪਲ ਜੁਦਾ ਨ ਹੋਵਨ ਮੂਲੇ, ਓਨ੍ਹਾਂ ਦਿਲ ਸਾਈਂ ਨਾਲ ਸੀਤਾ । ਸੰਤਰੇਣ ਜੋ ਹਰਿ ਵਲ ਲਗੇ, ਤਿਨ੍ਹਾਂ ਜਨਮ ਅਮੋਲਕ ਜੀਤਾ ।
ਸਾਈਂ ਨਾਲ ਮੁਹਬਤ ਜਿਸਦੀ, ਉਹ ਸਰਫਾ ਕੋਈ ਨ ਕਰਦਾ । ਜੋ ਕੁਝ ਹੋਵੇ ਸੋ ਸਿਰ ਤੇ ਮੰਨੇ, ਓਹ ਮਰਨ ਥੀਂ ਅਗੇ ਮਰਦਾ । ਜੇੜ੍ਹਾ ਸੰਗ ਲਗਾ ਸਚਿਆਰਾਂ, ਓਸ ਰਹਿਆ ਨ ਕੋਈ ਪਰਦਾ । ਸੰਤਰੇਣ ਜਿਸ ਆਪਾ ਛਡਿਆ, ਸੋ ਵਾਰਸ ਹੋਇਆ ਘਰ ਦਾ ।
ਬਿਨ ਸਾਈਂ ਹੋਰ ਜ਼ਿਕਰ ਨ ਕਰਦੇ, ਸੇ ਖਾਸ ਸਾਈਂ ਦੇ ਹੋਵਨ । ਬਿਨ ਸਾਈਂ ਕੁਝ ਹੋਰ ਜੋ ਦਿਸੈ, ਤਾਂ ਢਾਹੀਂ ਦੇ ਦੇ ਰੋਵਨ । ਸੁਣ ਸੁਣ ਸੁਖਨ ਫਕੀਰਾਂ ਵਾਲੇ, ਗ਼ੈਰ ਦਲੀਲਾਂ ਧੋਵਨ । ਸੰਤਰੇਣ ਜਾਂ ਸ਼ੱਕ ਨ ਰਿਹਾ, ਤਾਂ ਸੁਖ ਦੀ ਨੀਂਦਰ ਸੋਵਨ ।
ਜਿਸ ਨੂੰ ਲਗੇ ਸਾਈਂ ਪਿਆਰਾ, ਉਹ ਰਾਹ ਫਕਰ ਦੇ ਚਲਦਾ । ਮੰਨੇ ਹੁਕਮ ਰਜਾਇ ਸਾਈਂ ਦੀ, ਸਭ ਕੁਝ ਸਿਰ ਤੇ ਝਲਦਾ । ਕਾਮਲ ਮੁਰਸ਼ਦ ਜੈਨੂੰ ਮਿਲਿਆ, ਸੋ ਮਹਰਮ ਹੋਇਆ ਦਿਲ ਦਾ । ਸੰਤਰੇਣ ਇਹ ਵਖਤ ਜ਼ਰੂਰੀ, ਕੰਮ ਨਹੀਂ ਇਹ ਕੱਲ ਦਾ ।
ਫਕਰ ਉਹ ਜਿਨ੍ਹਾਂ ਫਿਕਰ ਨ ਕੋਈ, ਜੇੜ੍ਹੇ ਰਬ ਦੇ ਰਾਹ ਵਿਕਾਣੇ । ਦਿਲ ਵਿਚ ਖਾਹਿਸ਼ ਨ ਰਹੀ ਕਾਈ, ਜਗ ਵਿਚ ਰਹਿਣ ਨਿਮਾਣੇ । ਬਾਤਨ ਜ਼ਿਕਰ ਹਮੇਸ਼ਾਂ ਕਰਦੇ, ਜ਼ਾਹਰ ਕੋਈ ਨ ਜਾਣੇ । ਸੰਤਰੇਣ ਉਹ ਸਭ ਤੇ ਡਾਢੇ, ਪਰ ਹੁੰਦੇ ਤਾਣ ਨਿਤਾਣੇ ।
ਅਗੈ ਗ਼ੈਰ ਨ ਰਿਹਾ ਦਿਸੇ ਕੋਈ, ਤੁਧ ਆਪੇ ਗ਼ੈਰ ਬਣਾਇਆ । ਅਵਲ ਆਖਰ ਹੋਰ ਨ ਕੋਈ, ਵਿਚ ਖੁਦੀ ਭੁਲਾਵਾਂ ਪਾਇਆ । ਸਭਨਾ ਰਲ ਕੇ ਇਕੋ ਆਖਿਆ, ਮਨਸੂਰ ਭੀ ਇਹੋ ਅਲਾਇਆ । ਸੰਤਰੇਣ ਤਹਿਕੀਕ ਇਹਾ ਗੱਲ, ਜੋ ਸਭਨਾਂ ਆਖ ਸੁਣਾਇਆ ।
ਲਾ ਮਕਾਨ ਵਿਚ ਸੈਰ ਅਸਾਡਾ, ਉਥੇ ਹੋਰ ਨ ਪਹੁੰਚੇ ਕੋਈ । ਲਖ ਸਿਆਣੇ ਅਤੇ ਇਲਮਾਂ ਵਾਲੇ, ਉਹ ਹਰਗਿਜ਼ ਲਹਿਨ ਨ ਢੋਈ । ਪਹੁੰਚੇ ਸੋਈ ਜੋ ਖੁਦੀ ਤੋਂ ਗੁਜ਼ਰੇ, ਜਿਨ੍ਹਾਂ ਦਿਲ ਦੀ ਸਾਫੀ ਹੋਈ । ਸੰਤਰੇਣ ਕੀ ਸਰਫਾ ਸਿਰ ਦਾ, ਉਥੇ ਬਿਨ ਸਿਰ ਲਖ ਖਲੋਈ ।
ਜੈਨੂੰ ਸਾਈਂ ਅਪਣੇ ਵਲ ਸਦਦਾ, ਉਹ ਨਾਲ ਫਕਰ ਦੇ ਬੈਂਹਦਾ । ਬਿਨਾ ਮੇਹਰ ਸਾਈਂ ਦੇ ਲੋਕਾ, ਵਿਚੋਂ ਨੁਕਤਾ ਮੂਲ ਨ ਢੈਂਹਦਾ । ਛਡੇ ਖੁਦੀ ਤਾਂ ਖੁਦ ਹੋ ਬੈਠੇ, ਜੋ ਆਰਫ ਸੋ ਕਹਿੰਦਾ । ਸੰਤਰੇਣ ਤੂੰ ਆਪਾ ਛਡ, ਬਾਕੀ ਜੋ ਰਹਿੰਦਾ ਸੋ ਰੈਂਹਦਾ ।
ਫਕਰ ਸੋਈ ਜੈ ਨੂੰ ਫਿਕਰ ਨ ਕੋਈ, ਬਿ ਫਿਕਰਾ ਫਕਰ ਕਹਾਵੈ । ਦਿਲ ਥੀਂ ਗ਼ੈਰ ਦਲੀਲ ਨ ਆਣੈ, ਤੇ ਮੂੰਹੋਂ ਨ ਗ਼ੈਰ ਅਲਾਵੈ । ਦਮ ਕਦਮ ਦੋਵੇਂ ਕਰੇ ਬਰਾਬਰ, ਸੋ ਖਾਸ ਫਕੀਰੀ ਪਾਵੈ । ਸੰਤਰੇਣ ਇਹ ਰਾਹ ਫਕਰ ਦਾ, ਬਿਨ ਕਾਮਲ ਹਥ ਨ ਆਵੈ ।
ਜੈ ਨੂੰ ਜਾਗੈ ਚਿਣਗ ਇਸ਼ਕ ਦੀ, ਉਸ ਹੋਰ ਨਹੀਂ ਕੁਛ ਭਾਵੈ । ਸਸੀ ਪੁਨੂੰ ਤੇ ਲੈਲਾ ਮਜਨੂੰ, ਹੀਰ ਰਾਂਝਾ ਸਭ ਕੋਈ ਗਾਵੈ । ਬਾਤਨ ਵਾਲੇ ਮਨਸੂਰ ਜੇਹੇ, ਲੈ ਸਿਰ ਤੋਂ ਪਰੇ ਖਿਡਾਵੈ । ਸੰਤਰੇਣ ਇਹ ਕਰਮ ਸਾਈਂ ਦਾ, ਕੋਈ ਇਸ਼ਕ ਨ ਮੁਲ ਵਿਕਾਵੈ ।
ਜ਼ਾਹਰ ਇਸ਼ਕ ਜਿਨ੍ਹਾਂ ਨੂੰ ਲਗਾ, ਉਨ੍ਹਾਂ ਸਿਰ ਤੋਂ ਕਦਮ ਅਗੇਰੇ । ਤੇ ਸਚੀ ਸੌਂਕ ਸਾਈਂ ਦੀ ਵਾਲੇ, ਸੋ ਕਿਉਂ ਰਹਨ ਪਿਛੇਰੇ । ਵੇਖਨ ਖਾਕ ਤੇ ਨਹੀਂ ਮੂੰਹ ਮੋੜਨ, ਕੋਈ ਨੂਰ ਵਾਲਾ ਮੂੰਹ ਫੇਰੇ । ਸੰਤਰੇਣ ਕੀ ਆਖ ਸੁਣਾਵਾਂ, ਇਹ ਰਾਂਝਨ ਪਰੇ ਪਰੇਰੇ ।
ਕੀ ਆਖਾਂ ਇਕ ਪਲ ਸੁਖ ਦੀ ਗੱਲ, ਮੂੰਹੋਂ ਨ ਆਖੀ ਜਾਵੈ । ਤੇ ਜਿਸ ਨੂੰ ਵਿਥ ਨ ਪਉਂਦੀ ਪਲ ਦੀ, ਉਹ ਕੀ ਆਖ ਸੁਣਾਵੈ । ਜੇ ਲਖ ਬਹਿਸ਼ਤ ਤਿਸ ਅਗੇ ਧਰੀਅਨ, ਬਿਨ ਦਿਲਬਰ ਹੋਰ ਨਾ ਭਾਵੈ । ਸੰਤਰੇਣ ਸੁਖ ਦਾਤ ਖਸਮ ਦੀ, ਸੋ ਜਾਣੇ ਜਿਸ ਨੂੰ ਆਵੈ ।
ਤੇ ਤੁਧ ਸਾਈਂ ਵਿਚ ਫ਼ਰਕ ਨ ਕੋਈ, ਜੇ ਟੁਕ ਦੁਈ ਗਵਾਏਂ । ਅਤੇ ਬਾਹਰ ਢੂੰਡਣ ਥੀਂ ਤੂੰ ਛੁਟੈਂ, ਦਿਲ ਵਿਚ ਦਿਲਬਰ ਪਾਏਂ । ਛਡੇ ਸ਼ੱਕ ਤੇ ਹੱਕ ਪਛਾਣੈਂ, ਜੇ ਨਾਲ ਮੁਰਸ਼ਦ ਦਿਲ ਲਾਏਂ । ਸੰਤਰੇਣ ਸੁਖ ਤਦ ਹਥ ਆਵੀ, ਜੇ ਨ ਵੇਖੇਂ ਦਾਇੰ ਬਾਏਂ ।
ਇਹ ਨੁਕਤਾ ਜਿਸ ਦੇ ਹੱਥ ਆਇਆ, ਤਿਸ ਹੋਰ ਨ ਰਹਿਆ ਕਰਨਾ । ਆਖਣ ਵਿਚ ਇਹ ਬਹੁਤ ਸੁਖਾਲਾ, ਪਰ ਮਰਨ ਥੀਂ ਅਗੇ ਮਰਨਾ । ਨਾ ਕੋਈ ਖ਼ਾਹਿਸ਼ ਬਹਿਸ਼ਤ ਦੀ ਰਖੇ, ਅਤੇ ਨਾ ਦੋਜ਼ਕ ਤੇ ਡਰਨਾ । ਸੰਤਰੇਣ ਇਥੇ ਇਹ ਸਿਆਣਪ, ਲੜ ਲਗ ਕਾਮਲ ਦੇ ਤਰਨਾ ।
ਬਿਨ ਮੁਰਸ਼ਦ ਕਾਮਲ ਦੇ ਬਾਝੋਂ, ਹੋਰ ਰਾਹ ਸਭੋ ਕੋਈ ਭੁਲਦਾ । ਜੈਨੂੰ ਮੁਰਸ਼ਿਦ ਨਾਲ ਮੁਹਬਤ, ਤਿਨ ਸਿਰ ਛਤ੍ਰ ਫਤਹ ਦਾ ਝੁਲਦਾ । ਖੈਰ ਫਕਰ ਦਾ ਤਿਸ ਹਥ ਆਵੈ, ਜੋ ਦਰ ਕਾਮਲ ਦੇ ਰੁਲਦਾ । ਸੰਤਰੇਣ ਚਲ ਮਿਲ ਸਚਿਆਰਾਂ, ਇਹ ਰਾਹ ਵਡਾ ਈ ਪੁਲ ਦਾ ।
ਸੁਖ ਸਾਈਂ ਦਾ ਤਿਸ ਦੇ ਹਿਸੇ, ਜੈ ਨੂੰ ਕੰਮ ਨ ਦੁਨੀਆਂਦਾਰਾਂ । ਲੈਣ ਦੇਣ ਜਿਸ ਨਾਲ ਫ਼ਕੀਰਾਂ, ਉਹ ਕਰਦਾ ਸਦਾ ਬਹਾਰਾਂ । ਕਰੇ ਕਿਨਾਇਤ ਤੇ ਪਕੜੇ ਗੋਸ਼ਾ, ਵਿਚ ਬੈਠਾ ਗੁਲ ਗੁਲਜ਼ਾਰਾਂ । ਸੰਤਰੇਣ ਉਸ ਖੁਸ਼ੀ ਹਮੇਸ਼ਾਂ, ਜਿਸ ਮੁਹਬਤ ਪਾਈ ਯਾਰਾਂ ।
ਅੰਦਰੋਂ ਦੁਨੀਆਂ ਨਾਲ ਮੁਹਬਤ, ਉਤੇ ਜ਼ਿਕਰ ਸਾਈਂ ਦਾ ਕਰਦਾ । ਗੱਲੀਂ ਸੈਰ ਕਰੇ ਅਸਮਾਨੀਂ, ਤੇ ਕੌਡੀ ਤੋਂ ਲੜ ਮਰਦਾ । ਪੈਰੀਂ ਸੰਗਲ ਤੇ ਹਥ ਹਥੌੜੀ, ਓ ਡਿਠੋਈ ਕੋਈ ਤਰਦਾ । ਸੰਤਰੇਣ ਉਹ ਠੱਗ ਸਾਈਂ ਦਾ, ਉਸ ਥੋਂ ਦੋਜ਼ਕ ਭੀ ਪਿਆ ਡਰਦਾ ।
ਦਿਲ ਵਿਚ ਜਿਸ ਨੂੰ ਸਾਈਂ ਪਿਆਰਾ, ਉਹ ਭੀ ਸਭ ਕੁਝ ਕਰਦਾ । ਲੋਕਾਂ ਵਿਚ ਉਹ ਲੋਕਾਂ ਜਿਹਾ, ਅਗੇ ਕਦਮ ਫਕਰਾਂ ਵਿਚ ਧਰਦਾ । ਦਿਲ ਵਿਚ ਹਰਗਿਜ਼ ਗ਼ੈਰ ਨ ਜਾਣੇ, ਜ਼ਾਹਰ ਲੜਦਾ ਮਰਦਾ । ਸੰਤਰੇਣ ਉਹ ਦੋਵੇਂ ਬਰਾਬਰ, ਵਿਚ ਜ਼ਰਾ ਕੁ ਜਿਹਾ ਪੜਦਾ ।
ਜਿਸ ਨੂੰ ਮਿਲਿਆ ਯਾਰ ਪਿਆਰਾ, ਉਸ ਸੁਖ ਨਾਲ ਉਮਰ ਵਿਹਾਣੀ । ਬਿਨ ਦਿਲਬਰ ਹੋਰ ਤਿਸ ਹੋਰ ਨ ਦਿਸੈ, ਮਿਲਣ ਦੀ ਇਹ ਨਿਸਾਣੀ । ਮਿਲਿਆਂ ਜੁਦਾ ਨ ਹੋਵੇ ਹਰਗਿਜ਼, ਜਿਉਂ ਬਰਫ ਮਿਲੀ ਨਾਲ ਪਾਣੀ । ਸੰਤਰੇਣ ਪਰ ਮਿਲਦਾ ਉਹੋ, ਜਿਸ ਕੀਤੀ ਤਬਾ ਨਿਮਾਣੀ ।
ਜਿਸ ਨੂੰ ਮੁਰਸ਼ਦ ਨਾਲ ਮੁਹੱਬਤ, ਸੁਖ ਆਵੈ ਤਿਸੇ ਦੇ ਹਿਸੇ । ਜ਼ਾਹਰ ਨੇਕ ਅਮਲ ਜੋ ਕਰਦਾ, ਉਸ ਬਾਤਨ ਗ਼ੈਰ ਨ ਦਿਸੇ । ਸਚੀ ਸਿਕ ਤੇ ਮੰਗ ਸਚਿਆਰਾਂ, ਏ ਹਥ ਚੜ੍ਹੀ ਦਉਲਤ ਕਿਸੇ । ਸੰਤਰੇਣ ਉਹ ਸਭ ਥੀਂ ਡਾਢੇ, ਪਰ ਦਿਲ ਥੀਂ ਸਭ ਥੀਂ ਲਿਸੇ ।
ਜਿਸ ਨੂੰ ਕੰਮ ਸਾਈਂ ਨਾਲ ਹੋਇਆ, ਉਹ ਲੋਕਾਂ ਵੱਲ ਕੀ ਵੇਖੇ । ਕੋਈ ਨਿੰਦੇ, ਕੋਈ ਬੰਦੇ, ਉਸ ਨੂੰ, ਦੋਵੇਂ ਇਕਤੇ ਲੇਖੇ । ਦਿਲ ਥੀਂ ਹਰਗਿਜ਼ ਗ਼ੈਰ ਨਾ ਜਾਣੈ, ਉਹ ਹਰਿ ਵੇਖੈ ਹਰ ਭੇਖੇ । ਸੰਤਰੇਣ ਜੋ ਖੁਦੀ ਤੋਂ ਗੁਜ਼ਰੇ, ਸੋ ਅਜ਼ਬ ਤਮਾਸ਼ਾ ਵੇਖੇ ।
ਜਿਨ੍ਹਾਂ ਕੰਮਾਂ ਨੂੰ ਭਜ ਭਜਿ ਪਉਂਦੇ, ਸੇ ਕੰਮ ਨ ਕਿਤੇ ਆਵਨ । ਜੇੜ੍ਹਾ ਕੰਮ ਜ਼ਰੂਰੀ ਸਭ ਨੂੰ, ਉਸ ਤੋਂ ਭਜ ਭਜ ਜਾਵਨ । ਛਡਨ ਸੱਚ ਤੇ ਕੱਚ ਵਿਹਾਝਨ, ਸੋ ਆਖਰ ਪਛੋਤਾਵਨ । ਸੰਤਰੇਣ ਜੇੜ੍ਹੇ ਛਡ ਖਲੋਤੇ, ਸੇ ਹਰਗਿਜ਼ ਖ਼ਤਾ ਨ ਖਾਵਨ ।
ਕੰਮ ਜ਼ਰੂਰੀ ਪਏ ਬੇ ਮਕਦੂਰੀ, ਇਹ ਆਖਰ ਕੰਮ ਨ ਕੰਮ ਦੇ । ਹੀਲੇ ਲਖ ਦੁਨੀਆਂ ਦੇ ਕਰਦੇ, ਸਾਰੀ ਉਮਰ ਗਈ ਵਿਚ ਗ਼ਮ ਦੇ । ਹੁਕਮ ਹਕੂਮਤ ਚਾਰ ਦਿਹਾੜੇ, ਇਹ ਦਾਮ ਚਲਾਵਣ ਚੰਮ ਦੇ । ਸੰਤਰੇਣ ਤਿਨ੍ਹਾਂ ਹੋਈ ਖਲਾਸੀ, ਜੇੜ੍ਹੇ ਵਾਕਫ ਹੋਏ ਦਮ ਦੇ ।
ਜੇੜ੍ਹੇ ਦਮ ਦੇ ਵਾਕਫ ਹੋਏ, ਸੇ ਗ਼ੈਰ ਦਲੀਲ ਨ ਕਰਦੇ । ਜੋ ਦਮ ਕੱਢਣ ਸੋ ਯਾਦ ਸਾਈਂ ਦੀ, ਇਕ ਕਦਮ ਨ ਡਿੰਗਾ ਧਰਦੇ । ਇਕ ਪਲ ਜੁਦਾ ਨ ਹੋਵਨ ਹਰਗਿਜ਼, ਜਿਥੋਂ ਤਾਈਂ ਸਰਦੇ । ਸੰਤਰੇਣ ਜੇੜ੍ਹੇ ਵਾਕਫ ਦਮ ਦੇ, ਸੇ ਖਾਸ ਸਾਈਂ ਦੇ ਬਰਦੇ ।
ਜੀਮ ਜ਼ਰੂਰ ਕੰਮਾਂ ਦੀ ਕੇਹੀ, ਜਾਂ ਇਥੇ ਮੂਲ ਨ ਰੈਹਣਾ । ਜਿਸ ਨੂੰ ਰਾਤ ਸਰਾਂ ਵਿਚ ਆਵੇ, ਤਿਸ ਦਾਵਾ ਕੀ ਬੰਨ੍ਹ ਬੈਹਣਾ । ਦਿਨ ਚੜ੍ਹਿਆ ਉਠ ਰਾਹੀ ਹੋਇਆ, ਉਸ ਭਲਾ ਬੁਰਾ ਕੀ ਕੈਹਣਾ । ਸੰਤਰੇਣ ਜੇ ਮਿਲੇ ਫਕੀਰਾਂ, ਤਾਂ ਸਭ ਵਲ ਤੇਰਾ ਲੈਹਣਾ ।
ਕੰਮ ਜ਼ਰੂਰੀ ਤੇਰੇ ਇਥੇ ਰਹਿਸਨ, ਪਉਸੀ ਕੰਮ ਅਗੇਰੇ । ਇਕ ਕਦਮ ਤੇਰੇ ਨਾਲ ਨਾ ਜਾਸਨ, ਜੇੜ੍ਹੇ ਮੰਨ ਬੈਠੋਂ ਤੂੰ ਮੇਰੇ । ਜਿਨ੍ਹਾਂ ਨਾਲ ਮੁਹਬਤ ਤੇਰੀ, ਸੋ ਦੁਸ਼ਮਨ ਹੋਸਨ ਤੇਰੇ । ਸੰਤਰੇਣ ਏਥੇ ਰਹਿਣ ਨ ਹੋਂਦਾ, ਕੁਝ ਕਰ ਲੈ ਕੰਮ ਸਵੇਰੇ ।
ਦਾਲ ਦੀਨ ਨ ਹੋਵੇ ਕਿਸੇ ਦੇ ਅਗੇ, ਜੇ ਲਿਖਯਾ ਸਭ ਦੇ ਨਾਲੇ । ਚਉਰਾਸੀ ਲਖ ਜੋਨ ਉਪਾਈ, ਉਹ ਸਭ ਨੂੰ ਆਪ ਸਮਾਲੇ । ਪਲ ਪਲ ਖਬਰ ਲਏ ਉਹ ਸਭ ਦੀ, ਮਾਤ ਪਿਤਾ ਜਿਉਂ ਪਾਲੇ । ਸੰਤਰੇਣ ਹੁਣ ਚਿੰਤਾ ਕੇਹੀ, ਜਾਂ ਰਾਜ਼ਕ ਡਿਠਾ ਨਾਲੇ ।
ਕੀ ਆਖਾਂ ਇਕ ਪਲ ਸੁਖ ਦੀ ਗਲ, ਮੁਹੋਂ ਨ ਆਖੀ ਜਾਵੇ । ਜਿਸ ਨੂੰ ਵਿਥ ਨ ਪਉਂਦੀ ਪਲ ਦੀ, ਓਹ ਕੀ ਆਖ ਸੁਣਾਵੇ । ਜਿ ਲਖ ਬਹਿਸ਼ਤ ਅਗੇ ਧਰੀਏ, ਬਿਨ ਸਾਈਂ ਬਿਆ ਨ ਭਾਵੇ । ਸੰਤਰੇਣ ਸੁਖ ਦਾਤ ਖਸਮ ਦੀ, ਸੋ ਜਾਣੇ ਜਿਸ ਨੂੰ ਆਵੇ ।
ਜੇਹਾ ਸਾਈਂ ਸੰਤਾਂ ਪਿਆਰਾ, ਹੋਰ ਨਾ ਹੋਂਦਾ ਕਿਸੇ । ਅਤੇ ਜੇਹੜਾ ਕਦਰ ਸਾਈਂ ਦੀ ਜਾਣੈ, ਸੁਖ ਆਵੇ ਤਿਸ ਦੇ ਹਿਸੇ । ਜਿਸ ਦੀ ਲਗਨ ਹੋਵੇ ਦਿਲ ਅੰਦਰ, ਉਸ ਹਰ ਵਲ ਉਹੋ ਦਿਸੇ । ਸੰਤਰੇਣ ਸਾਈਂ ਦਾ ਹੋਵੈਂ, ਤਾਂ ਸਾਈਂ ਤੈਂਥੈ ਵਿਸੇ ।
ਮਹਵ ਜਾਨੀ ਨਾਲ ਓਹੋ ਹੋਇ, ਜਿਨ੍ਹਾਂ ਲੜ ਕਾਮਲ ਦਾ ਫੜਿਆ । ਤੇ ਜਿਸ ਤੇ ਨਜ਼ਰ ਮਿਹਰ ਦੀ ਕਰਦੇ, ਉਹ ਘਰ ਆਪਣੇ ਜਾਇ ਵੜਿਆ । ਬਿਨ ਮੁਰਸ਼ਦ ਕੰਮ ਕੁਝ ਨਾ ਹੋਂਦਾ, ਇਹ ਘਾਟ (ਘਾੜ) ਅਵੇਹਾ ਘੜਿਆ । ਸੰਤਰੇਣੁ ਘਰ ਰਬੁ ਦਾ ਉਚਾ, ਬਿਨ ਪਉੜੀ ਕੋਈ ਨ ਚੜ੍ਹਿਆ ।
ਤੇ ਜੇੜ੍ਹਾ ਉਚੀ ਜਾਹਾਂ ਤੇ ਬਹਿੰਦਾ, ਉਸ ਨੂੰ ਸਭ ਕਿਛ ਦਿਸਦਾ । ਜਿਸ ਵਲ ਵੇਖੇ ਸਾਈਂ ਹੀ ਵੇਖੇ, ਹਥ ਫੜੇ ਮੁਰਸ਼ਦ ਲੈ ਜਿਸ ਦਾ । ਨਜ਼ਰ ਕਾਮਲ ਦੀ ਬਹੁਤੇ ਤਾਰੇ, ਨਾਉਂ ਲਈ ਕਿਸ ਕਿਸ ਦਾ । ਸੰਤਰੇਣ ਜੇ ਕਰਮ ਕਰੇ ਰਬ, ਮੈਂ ਭੀ ਹੋਵਾਂ ਤਿਸ ਦਾ ।
ਹਿੰਦੂ ਤੁਰਕ ਦੁਹੀਂ ਥੀਂ ਨਿਆਰੇ, ਜਾਤ ਫਕਰ ਸਾਈਂ ਹੋਇਆ ਆਪੇ । ਤੇ ਅੱਖੀਂ ਵਾਲਿਆਂ ਨੂੰ ਸਭ ਕਿਛ ਮਾਲੂਮ, ਤੇ ਅੰਨ੍ਹੇ ਨੂੰ ਕੀਕੁਰ ਜਾਪੇ । ਜੇਹੇ ਅਸੀਂ ਤੇਹੇ ਜੇਹੇ ਏ ਭੀ, ਸਭ ਨੂੰ ਜਾਣਦੇ ਮਾਪੇ । ਸੰਤਰੇਣ ਉਹ ਹੋਰ ਅੱਖੀਂ ਨੀ, ਜਿਨ੍ਹੀ ਅੱਖੀਂ ਫਕਰ ਸਿਞਾਪੇ ।
ਕਾਫ ਕਨਾਇਤ ਕਰੇ ਜੇ ਕੋਈ, ਉਸ ਖਾਤਰ ਕੁਝ ਨ ਰੈਂਹਦੀ । ਰਾਜਾ ਰੰਕ ਉਸੇ ਨੂੰ ਦਿਸਦਾ, ਜਿਸ ਨੂੰ ਖਾਹਿਸ਼ ਦਿਲ ਵਿਚ ਬੈਂਹਦੀ । ਕਰਮ ਕਰੇ ਤਾਂ ਖਾਹਿਸ਼ ਛੁਟਦੀ, ਨਹੀਂ ਜਾਂਦੀ ਦੁਨੀਆਂ ਵੈਂਹਦੀ । ਸੰਤਰੇਣ ਕੋਈ ਦਿਲ ਥੀਂ ਛਡਦਾ, ਅਤੇ ਮੂੰਹੋਂ ਸਭਾ ਪਈ ਕੈਂਹਦੀ ।
ਸੇ ਸਾਬਤ ਇਸ਼ਕ ਉਸੇ ਦਾ ਹੋਇਆ, ਜਿਸ ਪਿਛੇ ਕਦਮ ਨ ਧਰਿਆ । ਹਰ ਦਮ ਕਦਮ ਸਵਾਇਆ ਅਗੇ, ਜਿਥੋਂ ਤਾਈਂ ਸਰਿਆ । ਹਿਰਸ ਹਵਾਇ ਦੁਨੀਆਂ ਦੀ ਛਡੀ, ਲੜ ਲਗ ਕਾਮਲ ਦੇ ਤਰਿਆ । ਸੰਤਰੇਣ ਨੁਕਤਾ ਹਥ ਆਇਆ, ਜਾਂ ਇਲਮ ਬੇਨੁਕਤਾ ਪੜ੍ਹਿਆ ।
ਜ਼ੇ ਜ਼ਿਕਰ ਕੀਤਾ ਮਨਸੂਰ ਖੁਦਾਈ, ਉਸ ਐਨਲਹਕ ਸੁਣਾਇਆ । ਤਹਕੀਕ ਕੀਤਾ ਦਿਲ ਨਾਲ ਗੁਆਹੀਆਂ, ਤਾਂ ਇਹ ਸੁਖ਼ਨ ਅਲਾਇਆ । ਲੋਕਾਂ ਫੜ ਕੇ ਸੂਲੀ ਚਾੜ੍ਹਿਆ, ਉਸ ਕਾਮਲ ਦਰਜਾ ਪਾਇਆ । ਸੰਤਰੇਣ ਮਨਸੂਰ ਨ ਰਿਹਾ ਤਾਂ, ਇਹ ਨੁਕਤਾ ਹਥ ਆਇਆ ।
ਏਨਾ ਵਿਖਯਾਂ ਦੇ ਸਵਾਦ ਸਾਰਾ ਜਗ ਠਗਿਆ, ਤੂੰ ਏਹ ਨ ਛਡੇਂ ਕਦਾਹੀਂ । ਤਪੇ ਤਪੀਸਰ ਸਭ ਨੂੰ ਠਗਦੇ, ਜੇੜ੍ਹੇ ਰਹਿੰਦੇ ਉਠ ਸਬਾਹੀਂ । ਸਿਰ ਦੇ ਕੇਸ ਚਿਟੇ ਸਭ ਹੋਇ ਤੇਰੇ, ਤੂੰ ਅਜੇ ਭਿ ਸਮਝੇ ਨਾਹੀਂ । ਸੰਤਰੇਣ ਜੇ ਛਡੇ ਇਨ੍ਹਾਂ ਨੂੰ, ਤਾਂ ਹੋਵੀ ਸੁਖ ਤਦਾਈਂ ।
ਵਿਖਯਾਂ ਦਾ ਸੁਆਦ ਤਾਂਹੀਂ ਏਹ ਛੁਟਤਾ, ਜੇ ਸਾਈਂ ਦਾ ਰਸ ਆਵੈ । ਗੱਲ ਨਾਲ ਫੜਨ ਬਹੁਤੇਰੇ, ਕਰ ਕਰ ਝੂਠੇ ਦਾਵੈ । ਹੋਰ ਕਿਵੇਂ ਸੁਆਦ ਨ ਛੁਟੇ ਇਨ੍ਹਾਂ ਦਾ, ਤੋੜੇ ਅਠਸਠ ਤੀਰਥ ਨ੍ਹਾਵੈ । ਸੰਤਰੇਣ ਜਿਸ ਅੰਮ੍ਰਿਤ ਪੀਤਾ, ਤਿਸ ਹੋਰ ਸੁਆਦ ਨ ਭਾਵੈ ।
ਬਿਨਾ ਦਰਦ ਕੋਈ ਫਕਰ ਨ ਹੋਸੀ, ਅਗੇ ਨ ਕੋਈ ਹੋਇਆ ਨ ਹੋਂਦਾ । ਦਰਦ ਰਫੀਕ ਹਮੇਸ਼ਾ ਫਕਰ ਦਾ, ਉਹ ਨਾਲ ਦਰਦ ਦੇ ਹਸਦਾ ਰੋਂਦਾ । ਜਿਸ ਨੂੰ ਦਰਦ ਸੁ ਹਾਸਲ ਹੋਇਆ, ਬਿਨ ਦਰਦ ਸੁ ਦੂਰ ਖਲੋਂਦਾ । ਸੰਤਰੇਣ ਸੋ ਕਾਮਲ ਹੋਂਦਾ, ਜੋ ਹਥ ਦੁਨੀਆਂ ਤੋਂ ਧੋਂਦਾ ।
ਜੇਹੜੇ ਸਭ ਵਿਚ ਸਾਈਂ ਵੇਖਨ, ਤਿਨ੍ਹਾ ਦਰ ਹਥ ਆਵੇ । ਬਿਨਾ ਦਰਦ ਕੋਈ ਫਕਰ ਨ ਹੋਂਦਾ, ਤੋੜੇ ਬੰਨ੍ਹੇ ਵਡੇ ਦਾਵੇ । ਜਿਸ ਨੂੰ ਸ਼ੌਕ ਫਕਰ ਦਾ ਹੋਵੇ, ਸੋ ਦਰਦਵੰਦਾਂ ਕੋਲ ਜਾਵੇ । ਸੰਤਰੇਣ ਇਹ ਦਰਦ ਫਕਰ ਦਾ, ਲੈ ਸਿਰ ਤੋਂ ਪਰੈ ਖਿਡਾਵੇ ।
ਮਨਸੂਰ ਲੈ ਲੋਕਾਂ ਸੂਲੀ ਚਾੜ੍ਹਿਆ, ਉਸ ਜ਼ਰਾ ਨ ਗੁੱਸਾ ਆਂਦਾ । ਵਿਚ ਦਰੀਆਉ ਦੇ ਜੋ ਬਾਹ ਘਤੋ, ਮਤ ਲੋਕ ਕੋਈ ਕੋਈ ਰੁੜ੍ਹ ਜਾਂਦਾ । ਸਿਰ ਤੋਂ ਪਰੇ ਦਰਦ ਉਸ ਕੀਤਾ, ਮੂੰਹੋਂ ਐਨਲਹਕ ਅਲਾਂਦਾ । ਸੰਤਰੇਣ ਇਹ ਦਰਦ ਅਵੇਹਾ, ਖੁਦ ਹੋਇ ਕੇ ਖੁਦੀ ਨੂੰ ਖਾਂਦਾ ।
ਜਮਾਤ ਬਣਾਇਆਂ ਸਾਧ ਨ ਹੋਂਦਾ, ਨਾਲ ਹੋਵਨ ਊਠ ਨਗਾਰੇ । ਬਿਭੂਤ ਚੜਾਇਆਂ ਸਾਧ ਨ ਹੋਂਦਾ, ਨਹੀਂ ਹੋਂਦਾ ਜਟਾਂ ਸਵਾਰੇ । ਕਠਨ ਵਿਦਿਆ ਪੜ੍ਹ ਸਾਧ ਨ ਹੋਂਦਾ, ਭਾਵੇਂ ਵੇਦ ਪੜ੍ਹੇ ਮੁਖ ਚਾਰੇ । ਸੰਤਰੇਣ ਸਾਧਾਂ ਦੇ ਲੱਖਣ, ਸਾਧ ਹੋਂਦਾ ਮਨ ਦੇ ਮਾਰੇ ।
ਸਾਧ ਨਾਉਂ ਸੂਧੇ ਹੋਵਨ ਦਾ, ਜੋ ਛਲਵਲ ਸਭੇ ਛਡੇ । ਦਿਲ ਥੀਂ ਹੋਰ ਖਿਆਲ ਭੁਲਾਇ, ਮਨ ਇਕਤੇ ਵਲ ਗਡੇ । ਕਰ ਸੰਤੋਖ ਬਹਿ ਰਹੇ ਕਿਨਾਰੇ, ਨ ਹੱਥ ਕਿਸੇ ਅਗੇ ਅਡੇ । ਸੰਤਰੇਣ ਸਾਧ ਵਿਰਲੇ ਹੋਂਦੇ, ਭਾਗ ਜਿਨ੍ਹਾਂ ਦੇ ਵਡੇ ।
ਜਿਨ੍ਹਾਂ ਰਾਜ਼ਕ ਸਾਈਂ ਜਾਤਾ, ਸੇ ਨਾਲ ਤਵੱਕੋ ਬੈਂਹਦੇ । ਮੰਨਨ ਹੁਕਮ ਰਜਾਇ ਸਾਈਂ ਦੀ, ਅਤੇ ਸਭ ਕਿਛ ਸਿਰ ਤੇ ਸੈਂਹਦੇ । ਜੇਹੀ ਆਵੇ ਤੇਹੀ ਜਾਲਨ, ਸੁਆਲ ਨ ਕਿਸੇ ਕੈਂਹਦੇ । ਸੰਤਰੇਣ ਜਿਨ੍ਹਾਂ ਰਾਜ਼ਕ ਜਾਤਾ, ਸੋ ਸਭ ਤਰ੍ਹਾਂ ਰਾਜ਼ੀ ਰੈਂਹਦੇ ।
ਜਿਨ੍ਹਾਂ ਜਾਤਾ ਇਥੋਂ ਸਰਪਰ ਜਾਣਾ, ਅਸੀਂ ਅਗੋਂ ਦਾ ਕੁਝ ਕਰੀਏ । ਜੋ ਦਿਸਦਾ ਸੋ ਨਾਲ ਨ ਨਿਭਦਾ, ਤਿਸ ਪਿਛੇ ਕਿਉਂ ਕਰ ਮਰੀਏ । ਹਰਗਿਜ਼ ਢਿਲ ਨ ਕਰੀਏ ਕੰਮ ਵਿਚ, ਜਿਥੋਂ ਤਾਈਂ ਸਰੀਏ । ਸੰਤਰੇਣ ਸੰਗ ਕਰੀਏ ਤਿਨ੍ਹਾਂ ਦਾ, ਲੜ ਲਗ ਜਿਨ੍ਹਾਂ ਦੇ ਤਰੀਏ ।
ਪੜ੍ਹਿ ਪੜ੍ਹਿ ਵਿਦਿਆ ਲੋਕ ਰਿਝਾਵਣ, ਕਿਈ ਪੰਡਤ ਕਿਈ ਸਿਆਣੇ । ਕਰਨ ਤਪੱਸਿਆ ਕਰਨ ਵਿਖਾਲਾ, ਜਾ ਬਹਿੰਦੇ ਮੜ੍ਹੀ ਮਸਾਣੇ । ਸਾਈਂ ਨਾਲ ਨ ਕੰਮ ਉਨ੍ਹਾਂ ਦਾ, ਉਹ ਮਾਇਆ ਹੱਥ ਵਿਕਾਣੇ । ਸੰਤਰੇਣ ਸਾਰਾ ਜਗ ਮੂਰਖ, ਇਕ ਸਾਹਿਬ ਲੋਕ ਸਿਆਣੇ ।
ਅਜ ਦਾ ਕੰਮ ਨਾ ਘੱਤੀਂ ਕੱਲ ਤੇ, ਕੀ ਜਾਣਾ ਕੱਲ ਕੇਹਾ । ਸੰਤਾਂ ਨਾਲ ਗੁਜ਼ਰਾਨ ਕਰੀਵੇ, ਖਾਇ ਕੇ ਬਿਹਾ ਤ੍ਰੇਹਾ । ਹੁਣ ਦਿਆਂ ਭੁਲਿਆਂ ਠੌਰ ਨ ਕਾਈ, ਨ ਕੋਈ ਸੁਖ ਸਨੇਹਾ । ਸੰਤਰੇਣ ਹੁਣ ਢਿਲ ਨ ਕਰੀਏ, ਲੱਖਾਂ ਦੀ ਗੱਲ ਏਹਾ ।