ਪੰਜਾਬੀ ਰਾਈਟਰ ਸਾਈਂ ਅਖ਼ਤਰ ਲਹੌਰੀ
ਅੱਲ੍ਹਾ ਮੀਆਂ ਥੱਲੇ ਆ
ਆਪਣੀ ਦੁਨੀਆਂ ਵਿੰਹਦਾ ਜਾ
ਯਾ ਅਸਮਾਨੋਂ ਰਿਜ਼ਕ ਵਰ੍ਹਾ
ਯਾ ਫ਼ਿਰ ਕਰ ਜਾ ਮੁੱਕ ਮੁਕਾ
ਤੈਨੂੰ ਧੀ ਵਿਆਹੁਣੀ ਪੈਂਦੀ
ਨਾਨਕੀ ਛੱਕ ਬਨਾਉਣੀ ਪੈਂਦੀ
ਰੁੱਸੀ ਭੈਣ ਮਨਾਉਣੀ ਪੈਂਦੀ
ਲੱਥ ਜਾਂਦੇ ਸਭ ਤੇਰੇ ਚਾਅ
ਅੱਲ੍ਹਾ ਮੀਆਂ ਥੱਲੇ ਆ
ਧੀਆਂ ਨੂੰ ਤੂੰ ਜੰਮਣੇ ਦਿੰਦੋਂ
ਕੁੜਮਾਂ ਦੇ ਤੂੰ ਤਾਹਨੇ ਸਹਿੰਦੋਂ
ਨਾਲ਼ ਸ਼ਰੀਕਾਂ ਕਦੇ ਨਾ ਬਹਿੰਦੋਂ
ਮਿੱਟੀ ਜਾਂਦੀ ਕੱਪੜੇ ਖਾ
ਅੱਲ੍ਹਾ ਮੀਆਂ ਥੱਲੇ ਆ
ਤੇਰੇ ਘਰ ਨਾ ਦਾਣੇ ਹੁੰਦੇ
ਪਾਟੇ ਲੇਫ਼ ਪੁਰਾਣੇ ਹੁੰਦੇ
ਕਮਲੇ ਲੋਕ ਸਿਆਣੇ ਹੁੰਦੇ
ਪਾ ਦਿੰਦੇ ਤੈਨੂੰ ਘਬਰਾ
ਅੱਲ੍ਹਾ ਮੀਆਂ ਥੱਲੇ ਆ
ਤੇਰਾ ਕੋਠਾ ਚੋਂਦਾ ਰਹਿੰਦਾ
ਭਿੱਜਦਾ ਰਹਿੰਦੋਂ ਉਠਦਾ ਬਹਿੰਦਾ
ਦਿੱਸਦਾ ਨਾ ਤੈਨੂੰ ਚੜ੍ਹਦਾ ਲਹਿੰਦਾ
ਉੱਗ ਪੈਂਦਾ ਹਰ ਪਾਸੇ ਘਾਹ
ਅੱਲ੍ਹਾ ਮੀਆਂ ਥੱਲੇ ਆ
ਤੇਰੀ ਮਾਂ ਤੇ ਪਿਓ ਨਾ ਹੁੰਦਾ
ਘਰ ਵਿਚ ਆਟਾ ਘਿਓ ਨਾ ਹੁੰਦਾ
ਜੋ ਤੂੰ ਚਾਹੁੰਦੋਂ ਸੋ ਨਾ ਹੁੰਦਾ
ਵੇਂਹਦਾ ਵਿਕਦੀ ਕਿਸ ਕਿਸ ਭਾ
ਅੱਲ੍ਹਾ ਮੀਆਂ ਥੱਲੇ ਆ
ਭੁੱਖ ਨੰਗ ਮੈਨੂੰ ਜਿਉਣ ਨਹੀਂ ਦਿੰਦੀ
ਨਿਜੜੀ ਕੱਪੜੇ ਸਿਉਣ ਨਹੀਂ ਦਿੰਦੀ
ਵਹੁਟੀ ਮੈਨੂੰ ਕੂਣ ਨਹੀਂ ਦਿੰਦੀ
ਘਰ ਵਿਚ ਲੱਗ ਗਈ ਮਾਰਸ਼ਲ ਲਾ
ਅੱਲ੍ਹਾ ਮੀਆਂ ਥੱਲੇ ਆ
ਵੇਖ ਸ਼ੀਏ ਤੇ ਵਹਾਬੀ ਲੜ ਪਏ
ਸੁੰਨੀ ਡਾਂਗਾਂ ਲੈ ਕੇ ਚੜ੍ਹ ਪਏ
ਇੱਕ ਦੂਜੇ ਨੂੰ ਕਤਲ ਕਰੇਂਦੇ
ਆਖਣ ਸਾਡਾ ਇੱਕ ਖ਼ੁਦਾ
ਅੱਲ੍ਹਾ ਮੀਆਂ ਥੱਲੇ ਆ
ਸਿੱਧਾ ਸਾਦਾ ਸਾਊ ਹੁੰਦੋਂ
ਮਸਕੀਨਾਂ ਦਾ ਭਾਊ ਹੁੰਦੋਂ
ਦਫ਼ਤਰ ਦੇ ਵਿਚ ਬਾਊ ਹੁੰਦੋਂ
ਅਫ਼ਸਰ ਦਿੰਦੇ ਮਗ਼ਜ਼ ਖਪਾ
ਅੱਲ੍ਹਾ ਮੀਆਂ ਥੱਲੇ ਆ
ਵੇਖ ਧੀਆਂ ਲਈ ਮਾਪੇ ਮਰ ਗਏ
ਜਾਨ ਦੀ ਬਾਜ਼ੀ ਲਾ ਕੇ ਹਰ ਗਏ
ਇੱਜ਼ਤ ਦੇ ਘਰ ਸੁੰਜੇ ਕਰ ਗਏ
ਕਰ ਗਿਆ ਪਹਿਰੇਦਾਰ ਤਬਾਹ
ਅੱਲ੍ਹਾ ਮੀਆਂ ਥੱਲੇ ਆ
ਚੋਰੀ ਦਾ ਇਲਜ਼ਾਮ ਗ਼ਰੀਬੀ
ਰੋਂਦੀ ਫਿਰੇ ਇਨਾਇਤ ਬੀਬੀ
ਪੁੱਤ ਛੁਡਾਵਣ ਲਈ ਗੁਲ ਖ਼ਾਨਾਂ
ਲੈਂਦਾ ਮਰ ਗਿਆ ਉਭੇ ਸਾਹ
ਅੱਲ੍ਹਾ ਮੀਆਂ ਥੱਲੇ ਆ
ਤੇਰੇ ਘਰ ਲਈ ਚੰਦਾ ਮੰਗਦੇ
ਡਰਦੇ ਲੋਕ ਨਾ ਕੋਲੋਂ ਲੰਘਦੇ
ਸਭ ਨੂੰ ਘਰ ਤੇ ਦੇ ਨਹੀਂ ਸਕਿਆ
ਅਪਣਾ ਘਰ ਤੇ ਆਪ ਬਣਾ
ਅੱਲ੍ਹਾ ਮੀਆਂ ਥੱਲੇ ਆ
ਨੇਕ ਮੁਹੰਮਦ ਕਿਧਰ ਜਾਵੇ
ਰੋਟੀ ਰਿਜ਼ਕ ਹਲਾਲ ਕਮਾਵੇ
ਤੇਰਾ ਹੁਕਮ ਤੇ ਤੱਈਬ ਰੋਜ਼ੀ
ਬਣ ਗਿਆ ਉਹਦੇ ਗਲ ਦਾ ਫਾਹ
ਅੱਲ੍ਹਾ ਮੀਆਂ ਥੱਲੇ ਆ
ਸਕੇ ਵੀਰ ਦੇ ਬਲਦ ਵਿਕਾ ਕੇ
ਭੈਣ ਨੇ ਧੀ ਨੂੰ ਸ਼ਗਨ ਲਵਾ ਕੇ
ਉਹਦੇ ਉੱਤੇ ਕਰਜ਼ ਚੜ੍ਹਾ ਕੇ
ਰਿਸ਼ਤਾ ਲਿਆ ਸੂ ਫਿਰ ਪਰਤਾ
ਅੱਲ੍ਹਾ ਮੀਆਂ ਥੱਲੇ ਆ
ਜਾਬਰ ਮਰਦ ਜ਼ਨਾਨੀ ਕੁੱਟਣ
ਬਲਦੇ ਚੁੱਲ੍ਹੇ ਉੱਤੇ ਸੁੱਟਣ
ਨੱਕ ਵੱਢਣ ਤੇ ਗੁੱਤਾਂ ਪੁੱਟਣ
ਮਗਰੋਂ ਲਿਖਤਾਂ ਦੇਣ ਫੜਾ
ਅੱਲ੍ਹਾ ਮੀਆਂ ਥੱਲੇ ਆ
ਲਿਖਤ ਮਿਲੇ ਤੇ ਮੁੱਲਾਂ ਲੇਖੇ
ਪੰਜ ਸ਼ਰੀਅਤ ਪਾਣ ਭੁਲੇਖੇ
ਧੀ ਦਾ ਕੌਣ ਹਲਾਲਾ ਵੇਖੇ
ਅਪਣੇ ਜੁਰਮ ਦੀ ਦੇਣ ਸਜ਼ਾ
ਅੱਲ੍ਹਾ ਮੀਆਂ ਥੱਲੇ ਆ
ਮੁੱਲਾਂ ਕਾਜ਼ੀ ਢਿੱਡੋਂ ਖੋਟੇ
ਵੱਢੀ ਖਾ ਖਾ ਹੋ ਗਏ ਮੋਟੇ
ਸੱਚ ਆਖਾਂ ਤੇ ਮਾਰਨ ਸੋਟੇ
ਮਗਰੋਂ ਦਿੰਦੇ ਫ਼ਤਵਾ ਲਾ
ਅੱਲ੍ਹਾ ਮੀਆਂ ਥੱਲੇ ਆ
ਮਾੜੇ ਦੀ ਧੀ ਕੱਢ ਨਚਾਂਦੇ
ਖ਼ਲਕ ਨੂੰ ਉਸਦਾ ਨੰਗ ਵਿਖਾਂਦੇ
ਘਰ ਵਿਚ ਧੀ ਏ ਖ਼ੌਫ਼ ਨਾ ਖਾਂਦੇ
ਮੂਲ ਨਾ ਕਰਦੇ ਸ਼ਰਮ ਹਯਾ
ਅੱਲ੍ਹਾ ਮੀਆਂ ਥੱਲੇ ਆ
ਆਖਣ ਜ਼ੁਲਮ ਦੀ ਰੱਸੀ ਲੰਮੀ
ਵਿਚ ਬਹਿਸ਼ਤੀਂ ਜਾਣਗੇ ਕੰਮੀ
ਦੇ ਕੇ ਤਗੜੇ ਸੋਚ ਨਿਕੰਮੀ
ਲੁੱਟ ਲੈਂਦੇ ਮਾੜੇ ਦੇ ਚਾ
ਅੱਲ੍ਹਾ ਮੀਆਂ ਥੱਲੇ ਆ
ਰਾਂਝੇ ਚਾਵਾਂ ਨਾਲ਼ ਸਹੇੜੇ
ਮਿਲਿਆ ਦਾਨ ਨਾ ਬਣ ਗਏ ਖੇੜੇ
ਸੁੰਜੇ ਹੋ ਗਏ ਵਸਦੇ ਵਿਹੜੇ
ਜਾਂਦੀ ਵਾਰੀ ਲਾ ਗਏ ਦਾ
ਅੱਲ੍ਹਾ ਮੀਆਂ ਥੱਲੇ ਆ
ਭੁੱਖ ਤੋਂ ਡਰਦੀ ਆਈ ਬੰਗਾਲਣ
ਮੰਗਦੀ ਰੋਟੀ ਕੱਪੜਾ ਸਾਲਣ
ਵੇਚਣ, ਰੰਨ ਬਣਾ ਨਾ ਪਾਲਣ
ਰਕਮਾਂ ਵੱਟ ਕੇ ਦੇਣ ਫੜਾ
ਅੱਲ੍ਹਾ ਮੀਆਂ ਥੱਲੇ ਆ
ਸ਼ਹਿਰਾਂ ਵਿਚ ਹਨੇਰ ਨੇਂ ਝੁੱਲੇ
ਬੱਚਿਆਂ ਦੇ ਲਹੂ ਫ਼ਰਸ਼ੀਂ ਡੁੱਲ੍ਹੇ
ਕਿਥੋਂ ਲਿਆਈਏ ਖਰਲ ਤੇ ਦੁੱਲੇ
ਟੁਰ ਪੈਣ ਜਿਹੜੇ ਮੱਥਾ ਲਾ
ਅੱਲ੍ਹਾ ਮੀਆਂ ਥੱਲੇ ਆ
ਗਲੀਆਂ ਦੇ ਵਿਚ ਫਿਰੇ ਉਦਾਸੀ
ਫੇਰਾ ਲਾ ਗਈ ਮੌਤ ਦੀ ਮਾਸੀ
ਡਰਦੀ ਖ਼ਲਕਤ ਬਣ ਗਈ ਦਾਸੀ
ਵਾਅ ਚੱਲੇ ਤੇ ਨਿਕਲੇ ਤਰਾਹ
ਅੱਲ੍ਹਾ ਮੀਆਂ ਥੱਲੇ ਆ
ਧੀ ਕੰਮੀ ਦੀ ਸੋਹਣੀ ਹੋਵੇ
ਵਹੁਟੀ ਜੇ ਮਨਮੋਹਣੀ ਹੋਵੇ
ਉਹਦੇ ਲਈ ਤੇ ਹੋਣੀ ਹੋਵੇ
ਤਗੜੇ ਲੈਂਦੇ ਚੁੱਕ ਚੁੱਕਾ
ਅੱਲ੍ਹਾ ਮੀਆਂ ਥੱਲੇ ਆ
ਧੀ ਮਾੜੇ ਦੀ ਮਾਰ ਸੁੱਟੀ ਨੇ
ਇੱਜ਼ਤ ਲੁੱਟ, ਵਿਚ ਗ਼ਾਰ ਸੁੱਟੀ ਨੇ
ਰੋਂਦੀ ਤੇ ਕੁਰਲਾਂਦੀ ਰਹਿ ਗਈ
ਕੋਲ਼ ਖਲੋਤੇ ਰਹੇ ਭਰਾ
ਅੱਲ੍ਹਾ ਮੀਆਂ ਥੱਲੇ ਆ
ਸੋਲਾਂ ਸਾਲ ਦੀ ਰੂਪ ਕੁਮਾਰੀ
ਕਿਲੋ ਸੋਨੇ ਨਾਲ਼ ਸਿੰਗਾਰੀ
ਜਬਰਨ ਚਾੜ੍ਹ ਸਤੀ ਤੇ ਮਾਰੀ
ਪੰਡਤ ਲੈ ਗਏ ਨਾਲ਼ ਸੁਆਹ
ਅੱਲ੍ਹਾ ਮੀਆਂ ਥੱਲੇ ਆ
ਗੈਂਗ ਰੇਪ ਨੇ ਥਾਂ ਥਾਂ ਹੁੰਦੇ
ਲਾਹ ਲੈਂਦੇ ਮੋਈਆਂ ਦੇ ਬੁੰਦੇ
ਘਿਓ ਦੀ ਥਾਂ ਤੇ ਵਰਤਣ ਕੁੰਦੇ
ਮਿਰਚੀਂ ਦਿੰਦੇ ਫੱਕ ਮਿਲਾ
ਅੱਲ੍ਹਾ ਮੀਆਂ ਥੱਲੇ ਆ
ਹੱਥੀਂ ਛੁਰੀਆਂ ਜਿਧਰ ਜਾਂਦੇ
ਨੱਕੋਂ ਕੰਨੋਂ ਜ਼ੇਵਰ ਲਾਹੁੰਦੇ
ਨੰਗੀਆਂ ਲਾਸ਼ਾਂ ਨਹੀਂ ਦਫ਼ਨਾਉਂਦੇ
ਹੁਰਮਤ ਦਿੰਦੇ ਹੋ ਵਧਾ
ਅੱਲ੍ਹਾ ਮੀਆਂ ਥੱਲੇ ਆ
ਵੇਖ ਵਡੇਰੇ ਗ਼ਦਰ ਮਚਾਂਦੇ
ਧੀਆਂ ਨਾਲ਼ ਕੁਰਆਨ ਨਿਕਾਂਹਦੇ
ਪੁੱਤਰਾਂ ਲਈ ਜਾਇਦਾਤ ਬਚਾਂਦੇ
ਧੀ ਦਾ ਹਿੱਸਾ ਲੈਣ ਲੁਕਾ
ਅੱਲ੍ਹਾ ਮੀਆਂ ਥੱਲੇ ਆ
ਲੁੱਟਦੇ ਕਈ ਦਸਤੂਰ ਬਣਾ ਕੇ
ਬੰਦਿਆਂ ਨੂੰ ਮਜਬੂਰ ਬਣਾ ਕੇ
ਕੱਪੜੇ ਰੂੰ ਦੀ ਹੂਰ ਬਣਾ ਕੇ
ਉਨ੍ਹਾਂ ਲੈਂਦੇ ਆਹਰੇ ਲਾ
ਅੱਲ੍ਹਾ ਮੀਆਂ ਥੱਲੇ ਆ
ਵੇਖ ਆਪਣੇ ਨੇਕਾਂ ਦਾ ਕਾਰਾ
ਮਾਲ ਯਤੀਮਾਂ ਖਾ ਗਏ ਸਾਰਾ
ਇੱਕ ਬੇਵਾ ਦਾ ਢਾ ਕੇ ਢਾਰਾ
ਦਿੱਤੀ ਇੱਕ ਮਸੀਤ ਬਣਾ
ਅੱਲ੍ਹਾ ਮੀਆਂ ਥੱਲੇ ਆ
ਇੱਕ ਬੇਵਾ ਦਾ ਪੁੱਤਰ ਮੋਇਆ
ਆਣ ਸ਼ਰੀਕਾ ਕੱਠਾ ਹੋਇਆ
ਕੁੱਝ ਤੇ ਲੱਗ ਗਿਆ ਗੋਰ ਕੱਫ਼ਣ ਤੇ
ਬਾਕੀ ਗਿਆ ਸ਼ਰੀਕਾ ਖਾ
ਅੱਲ੍ਹਾ ਮੀਆਂ ਥੱਲੇ ਆ
ਪਿੰਡਾਂ ਦੇ ਪਿੰਡ ਖ਼ਾਲੀ ਹੋ ਗਏ
ਲੱਖਾਂ ਹੱਥ ਸਵਾਲੀ ਹੋ ਗਏ
ਕਾਂ ਬਾਗ਼ਾਂ ਦੇ ਮਾਲੀ ਹੋ ਗਏ
ਬੁਲਬੁਲ ਲਈ ਨੇ ਪਿੰਜਰੇ ਪਾ
ਅੱਲ੍ਹਾ ਮੀਆਂ ਥੱਲੇ ਆ
ਗਰੁੱਪ ਹਥੌੜੇ ਮਾਰ ਕੇ ਚੋਟਾਂ
ਸਿਰੀਆਂ ਫਿੰਹਦੇ ਵਾਂਗ ਅਖ਼ਰੋਟਾਂ
ਫ਼ਿਰ ਵੀ ਦਰਜ ਨਾ ਹੋਣ ਰਿਪੋਟਾਂ
ਨਾਕੇ ਤੋੜ ਕੇ ਹੋਣ ਹਵਾ
ਅੱਲ੍ਹਾ ਮੀਆਂ ਥੱਲੇ ਆ
ਦੇਸ ਦੇ ਵਿਹੜੇ ਹੋ ਗਏ ਸੌੜੇ
ਜਾਬਰ ਫਿਰਦੇ ਹੋ ਹੋ ਚੌੜੇ
ਪੰਡਤ ਮੁੱਲਾਂ ਬੋਲਣ ਕੌੜੇ
ਤੂੰ ਕਿਉਂ ਹੋ ਗਇਓਂ ਬੇਪ੍ਰਵਾਹ
ਅੱਲ੍ਹਾ ਮੀਆਂ ਥੱਲੇ ਆ
ਦੋ ਦੋ ਹੱਥੀਂ ਮਾਇਆ ਹੂੰਝੀ
ਖਾ ਗਏ ਪਾਕ ਕਿਤਾਬ ਦੀ ਪੂੰਜੀ
ਤਾਜ ਕੰਪਨੀ ਹੋਈ ਨਾ ਲੂੰਜੀ
ਤੈਨੂੰ ਵੀ ਲਾ ਗਏ ਨੀ ਦਾ
ਅੱਲ੍ਹਾ ਮੀਆਂ ਥੱਲੇ ਆ
ਹਰ ਵਸਤੀ ਵਿਚ ਬੰਬ ਧਮਾਕੇ
ਉੜਿਆ ਗੋਸ਼ਤ ਤੇ ਮਰ ਗਏ ਕਾਕੇ
ਦਸ ਦਸ ਮਣ ਦੇ ਲੱਗ ਗਏ ਧਾਕੇ
ਬੰਬਾਂ ਦਿੱਤਾ ਮਾਸ ਉਡਾ
ਅੱਲ੍ਹਾ ਮੀਆਂ ਥੱਲੇ ਆ
ਵੇਖ ਕੀ ਪੁੱਤਰਾਂ ਜ਼ੁਲਮ ਕਮਾਇਆ
ਮਾਂ ਮਿਲਤ ਨੂੰ ਆਪ ਹਰਾਇਆ
ਖਾ ਗਏ ਨੇ ਜੰਨਤ ਦਾ ਸਾਇਆ
ਚਿੱਟੇ ਝਾਟੇ ਪਾਈ ਸਵਾਹ
ਅੱਲ੍ਹਾ ਮੀਆਂ ਥੱਲੇ ਆ
ਅਰਬਾਂ ਹੱਥ ਕਰਨ ਮਜ਼ਦੂਰੀ
ਚੰਦ ਖਾਂਦੇ ਨੇ ਘਿਓ ਦੀ ਚੂਰੀ
ਰਿਜ਼ਕ ਹਲਾਲ ਨਾ ਪੈਂਦੀ ਪੂਰੀ
ਔਖੇ ਹੋ ਗਏ ਲੈਣੇ ਸਾਹ
ਅੱਲ੍ਹਾ ਮੀਆਂ ਥੱਲੇ ਆ
ਡਾਕੂ, ਚੋਰਾਂ ਵਿਚ ਯਕਜਹਤੀ
ਰਲ ਕੇ ਚੋਰੀ ਕਰਨ ਡਕੈਤੀ
ਰਕਮਾਂ ਦੱਸਣ ਘਰ ਦੇ ਭੇਤੀ
ਜਾਣ ਮੁਹਾਫ਼ਿਜ਼ ਅੱਖ ਚੁਰਾ
ਅੱਲ੍ਹਾ ਮੀਆਂ ਥੱਲੇ ਆ
ਹੋ ਗਏ ਸਭ ਨਾਕਾਮ ਹਟਾਚੀ
ਵਾਜ਼ਾਂ ਕਰ ਕਰ ਥੱਕ ਗਏ ਬਾਚੀ
ਬੰਦ ਨਾ ਹੋਇਆ ਲਹੂ ਕਰਾਚੀ
ਅਮਨਾਂ ਦੇ ਝੰਡੇ ਲਹਿਰਾ
ਅੱਲ੍ਹਾ ਮੀਆਂ ਥੱਲੇ ਆ
ਕੀ ਪੜ੍ਹਦਾ ਮੈਂ ਸਬਜ਼ ਕਿਤਾਬਾਂ
ਫ਼ਿਰਕਾਬੰਦੀ ਵਿਚ ਨਿਸਾਬਾਂ
ਅਕਲੀਤਾਂ ਨੇ ਵਿਚ ਅਜ਼ਾਬਾਂ
ਮੁੱਲਾਂ, ਫ਼ਾਦਰ ਦੇਣ ਹਵਾ
ਅੱਲ੍ਹਾ ਮੀਆਂ ਥੱਲੇ ਆ
ਜੋ ਕੋਈ ਗੱਲ ਲੋਕਾਈ ਦੀ ਕਰਦਾ
ਫ਼ਾਕੇ ਦੁੱਖ ਹਟਾਈ ਦੀ ਕਰਦਾ
ਜਾਬਰ ਨਾਲ਼ ਡਟਾਈ ਦੀ ਕਰਦਾ
ਉਹਨੂੰ ਦੇਂਦੇ ਦਾਰ ਚੜ੍ਹਾ
ਅੱਲ੍ਹਾ ਮੀਆਂ ਥੱਲੇ ਆ
ਕਿਥੋਂ ਆਉਣ ਇਹ ਦਹਿਸ਼ਤਗਰਦੇ
ਕਿਹੜਾ ਮਾਲਿਕ ਕਿਸ ਦੇ ਬਰਦੇ
ਮਾਰਨ ਲੋਕਾਂ ਆਪ ਨ ਮਰਦੇ
ਨਾਕੇ ਤੋੜ ਕੇ ਹੋਣ ਹਵਾ
ਅੱਲ੍ਹਾ ਮੀਆਂ ਥੱਲੇ ਆ
ਨਸ਼ੇ ਜਵਾਨੀ ਨਸ਼ਿਓਂ ਹਰ ਗਏ
ਮਾਂਵਾਂ ਜ਼ਿੰਦਾ ਪੁੱਤਰ ਮਰ ਗਏ
ਭੈਣਾਂ ਦੇ ਘਰ ਸੁੰਜੇ ਕਰ ਗਏ
ਜੇਬਾਂ ਦੇ ਵਿਚ ਪੁੜੀਆਂ ਪਾ
ਅੱਲ੍ਹਾ ਮੀਆਂ ਥੱਲੇ ਆ
ਮਾੜੇ ਘਰ ਦੀ ਇੱਜ਼ਤ ਲੁੱਟੀ
ਪਰਚਾ ਦਰਜ ਨਾ ਹੋ ਗਈ ਛੁੱਟੀ
ਉਤੋਂ ਪੁਲਸ ਨੇ ਲਾਈ ਝੁੱਟੀ
ਹਬਸ ਬੇਜਾ ਬਣ ਗਿਆ ਲਾ
ਅੱਲ੍ਹਾ ਮੀਆਂ ਥੱਲੇ ਆ
ਮਹਿੰਗਾਈ ਨੇ ਦਿੱਤਾ ਝੂਣਾ
ਚਟਣੀ ਹੋ ਗਈ ਦਾਲ਼ ਸਲੂਣਾ
ਚਲਦਾ ਕੋਈ ਨ ਜਾਦੂ ਟੂਣਾ
ਮਨ ਸਲਵੇ ਨੂੰ ਫ਼ਿਰ ਵਰ੍ਹਾ
ਅੱਲ੍ਹਾ ਮੀਆਂ ਥੱਲੇ ਆ
ਲਾ ਕਾਨੂੰਨ ਦੀ ਬਾਲਾ ਦਸਤੀ
ਬਾਲਾ ਦਸਤਾਂ ਲਈ ਏ ਸਸਤੀ
ਬਣ ਪੈਸੇ ਦੇ ਮਿਟ ਜਾਏ ਹਸਤੀ
ਮਾੜੇ ਨੂੰ ਨਾ ਮਿਲਣ ਗਵਾਹ
ਅੱਲ੍ਹਾ ਮੀਆਂ ਥੱਲੇ ਆ
ਬੁਸ਼ ਬਣਿਆ ਫ਼ਿਰਔਨ ਖ਼ੁਦਾਇਆ
ਖ਼ਲਕ ਦੀ ਨੱਪੀ ਧੌਣ ਖ਼ੁਦਾਇਆ
ਖਾਏ ਇਨਸਾਨੀ ਲੂਣ ਖ਼ੁਦਾਇਆ
ਆ ਕੇ ਸਾਡੀ ਧੌਣ ਛੁਡਾ
ਅੱਲ੍ਹਾ ਮੀਆਂ ਥੱਲੇ ਆ
ਕਿੱਥੋਂ ਆਏ ਕਹਿਤ ਤੂਫ਼ਾਨੀ
ਭੁੱਖਾਂ ਮਾਰੇ ਬਾਲ ਸੂਡਾਨੀ
ਲੈ ਗਏ ਗਿਰਝ ਹਕੂਕ-ਏ-ਇਨਸਾਨੀ
ਖਾਧੇ ਚੀਲਾਂ ਜਸ਼ਨ ਮਨਾ
ਅੱਲ੍ਹਾ ਮੀਆਂ ਥੱਲੇ ਆ
ਫੁੱਲਾਂ ਜਿਹੇ ਕਸ਼ਮੀਰੀ ਬੱਚੇ
ਜਿਵੇਂ ਖੰਡ ਖੰਡ ਖਿਡੌਣੇ ਸੱਚੇ
ਮਾਰਨ ਡੋਬ ਕੇ ਵਿਚ ਚੁਬੱਚੇ
ਚਸ਼ਮੇਂ ਦਿੱਤਾ ਲਹੂ ਰਲ਼ਾ
ਅੱਲ੍ਹਾ ਮੀਆਂ ਥੱਲੇ ਆ
ਹੀਰੋਸ਼ੀਮਾ, ਨਾਗਾਸਾਕੀ
ਕੁਛ ਨਾ ਛੱਡਿਆ ਬੰਬਾਂ ਬਾਕੀ
ਡਟ ਗਏ ਨੇ ਪਰ ਵੇਖ ਇਰਾਕੀ
ਲੱਖਾਂ ਹੱਥ ਪਏ ਕਰਨ ਦੁਆ
ਅੱਲ੍ਹਾ ਮੀਆਂ ਥੱਲੇ ਆ
ਇੱਕ ਵਾਸ਼ਿੰਗਟਨ ਦਾ ਬਾਸ਼ਿੰਦਾ
ਅਜੇ ਤੀਕ ਜੋ ਨਹੀਂ ਸ਼ਰਮਿੰਦਾ
ਜਾਪਾਨੀ ਨੇ ਫ਼ਿਰ ਵੀ ਜ਼ਿੰਦਾ
ਇਹਦੇ ਮੂੰਹ ਵੀ ਜਿੰਦਰੇ ਲਾ
ਅੱਲ੍ਹਾ ਮੀਆਂ ਥੱਲੇ ਆ
ਕਬਜ਼ਾ ਕਰ ਲਿਆ ਗੈਂਗ ਗਰੁੱਪਾਂ
ਮਾਲਿਕ ਵਿਚ ਖਲੋਤੇ ਧੁੱਪਾਂ
ਸਰਕਾਰਾਂ ਨੇ ਵੱਟ ਕੇ ਚੁੱਪਾਂ
ਘਰ ਘਰ ਦਿੱਤੇ ਵੈਣ ਪੁਆ
ਅੱਲ੍ਹਾ ਮੀਆਂ ਥੱਲੇ ਆ
ਮੁਨਾਫ਼ਾਖ਼ੋਰ ਉਜਾੜਣ ਝੋਕਾਂ
ਦੇਸ ਨੂੰ ਚੰਮੜੇ ਵਾਂਗੂੰ ਜੋਕਾਂ
ਖੁੱਲੀ ਲੁੱਟ ਨਾ ਰੋਕਾਂ ਟੋਕਾਂ
ਦੌਲਤ ਯੂਰਪ ਦੇਣ ਪੁਚਾ
ਅੱਲ੍ਹਾ ਮੀਆਂ ਥੱਲੇ ਆ
ਮੰਡੀਆਂ ਗ਼ੈਰਾਂ ਹੱਥ ਫੜਾਈਆਂ
ਉਤੋਂ ਅੱਤ ਚੁੱਕੀ ਧੜਵਾਈਆਂ
ਛੱਡ ਦੇ ਹੁਣ ਤੂੰ ਬੇਪਰਵਾਹੀਆਂ
ਤੀਜਾ ਜੱਗ ਆਜ਼ਾਦ ਕਰਾ
ਅੱਲ੍ਹਾ ਮੀਆਂ ਥੱਲੇ ਆ
'ਗੋਰਬੇ' ਕਰ ਕੇ ਰੂਸ ਦੇ ਟੋਟੇ
ਪੰਧ ਅਵਾਮ ਦੇ ਕੀਤੇ ਖੋਟੇ
ਨਿੱਜਕਾਰਾਂ ਹੱਥ ਦੇ ਕੇ ਸੋਟੇ
ਰੂਸ 'ਚ ਦਿੱਤੀ ਭੁੱਖ ਨਚਾ
ਅੱਲ੍ਹਾ ਮੀਆਂ ਥੱਲੇ ਆ
ਇੱਕ ਦੂਜੇ ਤੇ ਪਾਣ ਲਈ ਗ਼ਲਬਾ
ਕਰ ਛੱਡਿਆ ਨੇ ਕਾਬਲ ਮਲਬਾ
ਬੰਦ ਸਕੂਲ ਤੇ ਮਰ ਗਏ ਤਲਬਾ
ਇਨ੍ਹਾਂ ਤੋਂ ਇਸਲਾਮ ਬਚਾ
ਅੱਲ੍ਹਾ ਮੀਆਂ ਥੱਲੇ ਆ
ਮੁੱਲਾਂ ਪੰਡਤ ਧਰਮ ਲੜਾਇਆ
ਦੋਵਾਂ ਘਰ ਤੇਰਾ ਕਬਜ਼ਾਇਆ
ਪੰਡਤ ਮਸਜਿਦ ਮਲਬਾ ਚਾਇਆ
ਮੁੱਲਾਂ ਦਿੱਤੇ ਮੰਦਰ ਢਾ
ਅੱਲ੍ਹਾ ਮੀਆਂ ਥੱਲੇ ਆ
ਜੰਗ ਅਮਰੀਕੀ ਲੜ ਅਫ਼ਗਾਨਾਂ
ਘਰ ਕੀਤੇ ਬਰਬਾਦ ਨਾਦਾਨਾ
ਮੇਰੇ ਦੇਸ਼ 'ਚ ਖੋਲ ਦੁਕਾਨਾਂ
ਘਰ ਘਰ ਦਿੱਤੇ ਵੈਣ ਪਵਾ
ਅੱਲ੍ਹਾ ਮੀਆਂ ਥੱਲੇ ਆ
ਸੱਤ ਸੱਤ ਸਾਲ ਦੇ ਕਾਕੇ ਮੁੰਨੇ
ਮੁੱਲ ਖ਼ਰੀਦਣ ਅਰਬੀ ਧੰਨੇ
ਊਂਠ ਦੁੜਾਉਣ ਉੱਤੇ ਬੰਨ੍ਹੇ
ਮਾਰਨ ਬੱਚੇ ਸ਼ੁਗ਼ਲ ਮਨਾ
ਅੱਲ੍ਹਾ ਮੀਆਂ ਥੱਲੇ ਆ
ਫ਼ੈਜ਼ ਕਵੀ ਦਾਮਨ ਮੰਡੇਲੇ
ਜਾਲਬ ਨੇ ਦੁੱਖ ਭੁਗਤੇ ਜੇਹਲੇ
ਲੜੇ ਜਮਹੂਰ ਲਈ ਅਲਬੇਲੇ
ਲੱਗਾ ਹੱਕ ਲਈ ਸਾਰੂ ਫਾਹ
ਅੱਲ੍ਹਾ ਮੀਆਂ ਥੱਲੇ ਆ
ਹੈਂ ਤੂੰ ਹਰ ਥਾਂ ਹਾਜ਼ਰ ਨਾਜ਼ਰ
ਫ਼ਿਰ ਵੀ ਤਗੜੇ ਫ਼ਾਸਿਕ ਫ਼ਾਜਰ
ਕਈ ਕਈ ਉਮਰੇ ਕਰ ਕੇ ਤਾਜਰ
ਕਿਵੇਂ ਲੈਂਦੇ ਟੈਕਸ ਲੁਕਾ
ਅੱਲ੍ਹਾ ਮੀਆਂ ਥੱਲੇ ਆ
ਕਿਉਂ ਕੀਤੇ ਨੀ ਮਾੜੇ ਪੈਦਾ
ਕੀ ਸੀ ਤੈਨੂੰ ਇਹਦਾ ਫ਼ਾਇਦਾ
ਨਾ ਕੋਈ ਕੁਲੀਆ ਨਾ ਕੋਈ ਕੈਦਾ
ਤਗੜੇ ਲੈਂਦੇ ਲੁੱਟ ਲੁਟਾ
ਅੱਲ੍ਹਾ ਮੀਆਂ ਥੱਲੇ ਆ
ਤੂੰ ਵਸੇਂ ਸ਼ਾਹ ਰਗ ਤੋਂ ਨੇੜੇ
ਕਿਉਂ ਨੀਂ ਰੰਗ ਨਸਲ ਦੇ ਝੇੜੇ
ਮਜ਼ਹਬਾਂ ਕਿਉਂ ਇਨਸਾਨ ਨਿਖੇੜੇ
ਖ਼ੁਸ਼ ਕਿਉਂ ਹੁੰਦੇ ਲਹੂ ਵਗਾ
ਅੱਲ੍ਹਾ ਮੀਆਂ ਥੱਲੇ ਆ
ਮਾਂ ਮਹਿੱਟਰ ਨੂੰ ਦਰ ਤੋਂ ਮੋੜਨ
ਮਸਕੀਨਾਂ ਦੇ ਦਿਲ ਨੂੰ ਤੋੜਨ
ਜ਼ਰ ਦੀ ਅੱਗ ਨੂੰ ਘਰ ਵਿਚ ਜੋੜਨ
ਹਸ਼ਰ ਦਿਹਾੜਾ ਦੇਣ ਭੁਲਾ
ਅੱਲ੍ਹਾ ਮੀਆਂ ਥੱਲੇ ਆ
ਪਾ ਦੇ ਸਾਨੂੰ ਚੰਗੇ ਰਾਹੇ
ਤੈਥੋਂ ਹੋਏ ਜਿਹੜੇ ਗੁੰਮਰਾਹੇ
ਲਾਏ ਕੁਫ਼ਲ ਤੂੰ ਰੱਖ ਨਿਗਾਹੇ
ਕੁਫ਼ਲ ਤੁੜਾ ਕੇ ਰਾਹੇ ਪਾ
ਅੱਲ੍ਹਾ ਮੀਆਂ ਥੱਲੇ ਆ
ਨਾਲ਼ ਤੇਰੇ ਮੈਂ ਲਾ ਲਈ ਯਾਰੀ
ਮਗਰੋਂ ਲਾਹ ਦੇ ਭੁੱਖ ਬਿਮਾਰੀ
ਲਾਹਨਤ ਹੈ ਸਰਮਾਏਦਾਰੀ
ਆ ਕੇ ਮੇਰੇ ਨਾਲ਼ ਮੁਕਾ
ਅੱਲ੍ਹਾ ਮੀਆਂ ਥੱਲੇ ਆ
ਫ਼ਿਰ ਵੀ ਤੈਨੂੰ ਸਿਜਦੇ ਕਰਨਾਂ
ਅਜ਼ਮਾਇਸ਼ਾਂ ਲਈ ਦੁੱਖੜੇ ਜਰਨਾਂ
ਮਜ਼ਲੂਮਾਂ ਲਈ ਜੀਵਨਾਂ ਮਰਨਾਂ
ਜ਼ਾਲਮ ਮੈਥੋਂ ਰਹਿਣ ਖ਼ਫ਼ਾ
ਅੱਲ੍ਹਾ ਮੀਆਂ ਥੱਲੇ ਆ
(ਇਹ ਰਚਨਾ ਅਜੇ ਅਧੂਰੀ ਹੈ)
ਅੱਲ੍ਹਾ ਮੀਆਂ ਉੱਤੇ ਈ ਰਹੁ
ਕੁਝ ਵੀ ਕਰੀਏ ਕੁਝ ਨਾ ਕਹੁ
ਖੁਲ੍ਹੀ ਵਿਚ ਕਚਹਿਰੀ ਸੜੀਏ
ਫਾਕੇ ਮਰੀਏ ਹੌਕੇ ਭਰੀਏ
ਖੋਹ ਲਈਏ ਹੱਥੋਂ ਨਾ ਸੜੀਏ
ਹਾਕਮ ਨਾਲ ਗਿਲਾ ਜੇ ਕਰੀਏ
ਅੱਗੋਂ ਪੈਂਦੇ ਡੰਡੇ ਸੌ
ਅੱਲ੍ਹਾ ਮੀਆਂ ਉੱਤੇ ਈ ਰਹੁ
ਕੁਝ ਵੀ ਕਰੀਏ ਕੁਝ ਨਾ ਕਹੁ
ਸਾਇਲ ਥੱਕੇ ਘਰ ਨੂੰ ਚੱਲੇ
ਭੁਗਤਣ ਪੇਸ਼ੀ ਹੋ ਗਏ ਝੱਲੇ
ਵਿਚ ਅਦਾਲਤ ਚਲਦੇ ਖੱਲੇ
ਮੁਨਸਿਫ਼ ਵਿਕ ਗਏ ਬੱਲੇ ਬੱਲੇ
ਰਿਹਾ ਨਾ ਕੋਈ ਰੱਖ ਰਖੌ
ਅੱਲ੍ਹਾ ਮੀਆਂ ਉੱਤੇ ਈ ਰਹੁ
ਕੁਝ ਵੀ ਕਰੀਏ ਕੁਝ ਨਾ ਕਹੁ
ਪਹਿਰੇ ਹੇਠ ਅਬਾਦਤ ਗਾਹਵਾਂ
ਸਿਰ ਸਿੱਜਦੇ ਵਿਚ ਮਗਰ ਨਿਗਾਹਵਾਂ
ਡਰ ਜਾਈਏ ਹਿਲਦਾ ਪਰਛਾਵਾਂ
ਵਿਚ ਮਸੀਤ ਨਾ ਘੱਲਣ ਮਾਵਾਂ
ਬੱਚਿਆਂ ਲਈ ਏ ਡਰ ਤੇ ਭਉ
ਅੱਲ੍ਹਾ ਮੀਆਂ ਉੱਤੇ ਈ ਰਹੁ
ਕੁਝ ਵੀ ਕਰੀਏ ਕੁਝ ਨਾ ਕਹੁ
ਤਗੜਾ ਸੱਦੇ ਪੈਰ ਦਬਾਈਏ
ਮਾੜੇ ਦੇ ਕਰ ਹੱਥ ਵਹਾਈਏ
ਜੇ ਬੋਲੇ ਤੇ ਮਾਰ ਭਜਾਈਏ
ਸ਼ੁਗਲਾਂ ਦੇ ਲਈ ਕੰਨ ਫੜਾਈਏ
ਪੰਜ ਸੌ ਮਾਰ ਕੇ ਗਿਣੀਏ ਸੌ
ਅੱਲ੍ਹਾ ਮੀਆਂ ਉੱਤੇ ਈ ਰਹੁ
ਕੁਝ ਵੀ ਕਰੀਏ ਕੁਝ ਨਾ ਕਹੁ
ਥੱਲੇ ਆ ਕੇ ਕੀ ਕਰੇਂਗਾ
ਸਾਡੀ ਹਾਲਤ ਵੇਖ ਸੜੇਂਗਾ
ਜਿੱਥੇ ਹੈਂ ਤੂੰ ਓਥੇ ਈ ਬਹੁ
ਅੱਲ੍ਹਾ ਮੀਆਂ ਉੱਤੇ ਈ ਰਹੁ
ਕੁਝ ਵੀ ਕਰੀਏ ਕੁਝ ਨਾ ਕਹੁ
ਸਾਨੂੰ ਅਪਣੇ ਲੋਕ ਈ ਖਾਂਦੇ ਨੇ
ਥਾਂ ਥਾਂ ਤੇ ਬੰਬ ਚਲਾਂਦੇ ਨੇ
ਫ਼ੇਰ ਮਸਜਿਦ ਆ ਕੇ ਜਾਂਦੇ ਬਹੁ
ਅੱਲ੍ਹਾ ਮੀਆਂ ਉੱਤੇ ਈ ਰਹੁ
ਕੁਝ ਵੀ ਕਰੀਏ ਕੁਝ ਨਾ ਕਹੁ
ਕੋਈ ਮਰਦਾ ਏ ਕੋਈ ਮਾਰਦਾ ਏ
ਕੋਈ ਭੁੱਖ ਨਾਲ ਬੱਚੇ ਸਾੜਦਾ ਏ
ਤੂੰ ਦੇਖਦਾ ਰਹਿ ਤੇ ਹੱਸਦਾ ਰਹੁ
ਅੱਲ੍ਹਾ ਮੀਆਂ ਉੱਤੇ ਈ ਰਹੁ
ਕੁਝ ਵੀ ਕਰੀਏ ਕੁਝ ਨਾ ਕਹੁ
ਇਹਦੇ ਮਨ ਵਿੱਚ ਚੰਗੀ ਗਲ ਕੋਈ ਨਈਂ
ਇਹਨੂੰ ਅਦਬ ਕਰਨ ਦਾ ਵਲ ਕੋਈ ਨਈਂ
ਇਨਸਾਨ ਦਿਆਂ ਇਹ ਖਿੱਚਾਂ ਸਹੁ
ਅੱਲ੍ਹਾ ਮੀਆਂ ਉੱਤੇ ਈ ਰਹੁ
ਜਿਹੜਾ ਮੁੰਡਾ ਘਰ 'ਚੋਂ ਵਿਹਲਾ ਏ
ਉਹ ਸਭ ਤੋਂ ਹੀ ਅਲਬੇਲਾ ਏ
ਲਾਹ ਕੱਪੜੇ ਨੁੱਕਰੀਂ ਸੁੱਟਦਾ ਏ
ਬਾਲਾਂ ਨੂੰ ਫੜ ਫੜ ਕੁੱਟਦਾ ਏ
ਤੜ੍ਹੀਆਂ ਉਹ ਪਿਓ ਨੂੰ ਲਾਂਦਾ ਏ
ਮਾਂ ਦੀ ਉਹ ਗੁਥਲੀ ਲੁਟਦਾ ਏ
ਮਾਂ ਬੱਕਰੀ ਸੀ ਉਹ ਲੇਲਾ ਏ
ਜਿਹੜਾ ਮੁੰਡਾ ਘਰ 'ਚੋਂ ਵਿਹਲਾ ਏ
ਉਹ ਸਭ ਤੋਂ ਹੀ ਅਲਬੇਲਾ ਏ
ਪੈਸੇ ਬਿਨ ਦਿਲ ਨਾ ਲਗਦਾ ਏ
ਹਰ ਵੇਲੇ ਖਰਚਾ ਮੰਗਦਾ ਏ
ਨਾ ਦੇਈਏ ਖ਼ਤਰਾ ਜੱਗ ਦਾ ਏ
ਨਾ ਗਾਲ਼ਾਂ ਕੱਢਣੋਂ ਸੰਗਦਾ ਏ
ਇਹ ਚੜ੍ਹਿਆ ਨਿੰਮ ਕਰੇਲਾ ਏ
ਜਿਹੜਾ ਮੁੰਡਾ ਘਰ 'ਚੋਂ ਵਿਹਲਾ ਏ
ਉਹ ਸਭ ਤੋਂ ਹੀ ਅਲਬੇਲਾ ਏ
ਸਮਝੇ ਕਿ ਰਾਂਝਾ ਝੰਗ ਦਾ ਏ,
ਹਰ ਬੂਹੇ ਅੱਗੇ ਖੰਘਦਾ ਏ
ਸੋਹਣਾ ਜਿਹਾ ਰਿਸ਼ਤਾ ਮੰਗਦਾ ਏ,
ਆਕੜ ਕੇ ਗਲਿਓਂ ਲੰਘਦਾ ਏ
ਪਰ ਰਾਂਝੇ ਵਾਂਗੂੰ ਵਿਹਲਾ ਏ
ਜਿਹੜਾ ਮੁੰਡਾ ਘਰ 'ਚੋਂ ਵਿਹਲਾ ਏ
ਉਹ ਸਭ ਤੋਂ ਹੀ ਅਲਬੇਲਾ ਏ
ਗੱਲ ਕੰਨ ਵਿੱਚ ਦੱਸੇ ਭਾਬੀ ਨੂੰ
ਜਿਵੇਂ ਭੌਰਾ ਫੁੱਲ ਗੁਲਾਬੀ ਨੂੰ
ਪਿਆ ਪੱਕਾ ਕਰਦਾ ਲਾਬੀ ਨੂੰ
ਕੀ ਦੱਸੀਏ ਏਸ ਅਜ਼ਾਬੀ ਨੂੰ
ਅੱਜ ਘਰ ਨਾ ਪੈਸਾ ਧੇਲਾ ਏ
ਜਿਹੜਾ ਮੁੰਡਾ ਘਰ 'ਚੋਂ ਵਿਹਲਾ ਏ
ਉਹ ਸਭ ਤੋਂ ਹੀ ਅਲਬੇਲਾ ਏ
ਇਹ ਸਭ ਤੋਂ ਸ਼ੂਕਾ ਬਾਕਾ ਏ
ਸੱਤ ਲੜੀਆ ਜੰਗ ਪਟਾਕਾ ਏ
ਅਜੇ ਬੇਬੇ ਲਈ ਇਹ ਕਾਕਾ ਏ
ਮਮਨੂਆ ਰੈਡ ਇਲਾਕਾ ਏ
ਇਹ ਮੁੰਡਾ ਨਹੀਂ ਧੜਬੇਲਾ ਏ
ਜਿਹੜਾ ਮੁੰਡਾ ਘਰ 'ਚੋਂ ਵਿਹਲਾ ਏ
ਉਹ ਸਭ ਤੋਂ ਹੀ ਅਲਬੇਲਾ ਏ
ਅੱਖ ਰੱਖੇ ਹਰ ਮੁਟਿਆਰ ਉੱਤੇ,
ਘਰ ਜੀ ਨਾ ਲੱਗੇ ਕਾਰ ਉੱਤੇ
ਰਹਿੰਦਾ ਇਹ ਇਸ਼ਕ ਵੰਗਾਰ ਉੱਤੇ,
ਕੱਟਦਾ ਇਹ ਜਿੰਦੜੀ ਲਾਰ ਉੱਤੇ
ਇਹ ਘਰ ਲਈ ਖੋਟਾ ਧੇਲਾ ਏ
ਜਿਹੜਾ ਮੁੰਡਾ ਘਰ 'ਚੋਂ ਵਿਹਲਾ ਏ
ਉਹ ਸਭ ਤੋਂ ਹੀ ਅਲਬੇਲਾ ਏ
ਹਰ ਕੰਮ 'ਚੋਂ ਕਢਣੇ ਕੀੜੇ ਨੇ,
ਹਰ ਵੇਲੇ ਧੋਤੇ ਲੀੜੇ ਨੇ
ਸੋਨੇ ਦੇ ਲੱਗੇ ਬੇੜੇ ਨੇ,
ਖੀਸੇ ਵਿਚ ਨੋਟ ਨਪੀੜੇ ਨੇ
ਇਹਦੇ ਕਈ ਸਹੇਲੇ ਇਹ ਸਹੇਲਾ ਏ
ਜਿਹੜਾ ਮੁੰਡਾ ਘਰ 'ਚੋਂ ਵਿਹਲਾ ਏ
ਉਹ ਸਭ ਤੋਂ ਹੀ ਅਲਬੇਲਾ ਏ
ਇਹਨੂੰ ਸ਼ੌਕ ਕਬੂਤਰ ਬਾਜ਼ੀ ਏ
ਗੁੱਡੀਆਂ ਪੇਚਾਂ ਦਾ ਗਾਜ਼ੀ ਏ
ਬੜਾ ਰੌਸ਼ਨ ਇਹਦਾ ਮਾਜ਼ੀ ਏ
ਕੋਠੇ ਤੇ ਰਹਿੰਦਾ ਰਾਜ਼ੀ ਏ
ਇਹਨੂੰ ਗਾਮੇ ਬੰਨ੍ਹਿਆ ਸੇਹਲਾ ਏ
ਜਿਹੜਾ ਮੁੰਡਾ ਘਰ 'ਚੋਂ ਵਿਹਲਾ ਏ
ਉਹ ਸਭ ਤੋਂ ਹੀ ਅਲਬੇਲਾ ਏ
ਸੌਦੇ 'ਚੋਂ ਪੈਸੇ ਟੁਕਦਾ ਏ
ਮਨ੍ਹਾ ਕਰੀਏ ਤੇ ਫਿਰ ਰੁਕਦਾ ਏ
ਮੱਥੇ ਤੋਂ ਲਿਟ ਨਾ ਚੁਕਦਾ ਏ
ਮੋਢੇ ਤੋਂ ਥੁੱਕਾਂ ਥੁੱਕਦਾ ਏ
ਇਹ ਘਰ ਲਈ ਖੋਟਾ ਧੇਲਾ ਏ
ਜਿਹੜਾ ਮੁੰਡਾ ਘਰ 'ਚੋਂ ਵਿਹਲਾ ਏ
ਉਹ ਸਭ ਤੋਂ ਹੀ ਅਲਬੇਲਾ ਏ
ਮੂਰਤ ਤੇ ਦਿਲ ਭਰਮਾਉਂਦਾ ਏ,
ਬਾਰੀ ਚੋਂ ਤਾੜੀ ਲਾਉਂਦਾ ਏ
ਇਹ ਗੀਤ ਹਿਜਰ ਦੇ ਗਾਉਂਦਾ ਏ,
ਘਰ ਵਾਂਗ ਤੂਫ਼ਾਨ ਦੇ ਆਉਂਦਾ ਏ
ਇਕ ਤੇਜ਼ ਸੈਲਾਬੀ ਰੇਲਾ ਏ
ਜਿਹੜਾ ਮੁੰਡਾ ਘਰ 'ਚੋਂ ਵਿਹਲਾ ਏ
ਉਹ ਸਭ ਤੋਂ ਹੀ ਅਲਬੇਲਾ ਏ
ਹੱਥ ਫੇਰ ਕੇ ਮੂੰਹ ਇਹ ਧੋ ਲੈਂਦਾ,
ਘਿਓ ਲੱਗੀ ਰੋਟੀ ਖੋਹ ਲੈਂਦਾ
ਭੈਣਾਂ ਨੂੰ ਗੱਲੀਂ ਮੋਹ ਲੈਂਦਾ,
ਚੰਗੀ ਜਿਹੀ ਬੂਟੀ ਟੋਹ ਲੈਂਦਾ
ਇਹ ਮੁੰਡਾ ਨਹੀਂ ਇਕ ਮੇਲਾ ਏ
ਜਿਹੜਾ ਮੁੰਡਾ ਘਰ 'ਚੋਂ ਵਿਹਲਾ ਏ
ਉਹ ਸਭ ਤੋਂ ਹੀ ਅਲਬੇਲਾ ਏ
ਹਰ ਜੀ ਤੋਂ ਦੂਣਾ ਖ਼ਰਚਾ ਸੂ,
ਹਰ ਥਾਣੇ ਦੇ ਵਿਚ ਪਰਚਾ ਸੂ
ਖ਼ੌਰੇ ਕਿੱਥੇ ਕਿੱਥੇ ਯਾਰੀ ਸੂ,
ਹਰ ਗਲੀ ਮੁਹੱਲੇ ਚਰਚਾ ਸੂ
ਹਰ ਕੂਚੇ ਇਹਦਾ ਚੇਲਾ ਏ
ਜਿਹੜਾ ਮੁੰਡਾ ਘਰ 'ਚੋਂ ਵਿਹਲਾ ਏ
ਉਹ ਸਭ ਤੋਂ ਹੀ ਅਲਬੇਲਾ ਏ
ਇੰਗਲਿਸ਼ 'ਚ ਗ਼ਰਾਰੇ ਕਰਦਾ ਏ
ਉਰਦੂ ਚ ਤਰਾਰੇ ਭਰਦਾ ਏ
ਡਿਸਕੋ ਵਿਚ ਡੁੱਬਦਾ ਤਰਦਾ ਏ
ਮਾਂ ਬੋਲੀ ਕੋਲੋਂ ਡਰਦਾ ਏ
ਮਾਂ ਧਰਤੀ ਗੋਦ ਸੌਤੇਲਾ ਏ
ਜਿਹੜਾ ਮੁੰਡਾ ਘਰ 'ਚੋਂ ਵਿਹਲਾ ਏ
ਉਹ ਸਭ ਤੋਂ ਹੀ ਅਲਬੇਲਾ ਏ
ਵੇਲੇ ਸਿਰ ਮਿੱਠਾ ਹੋ ਜਾਵੇ,
ਕੰਮ ਨਿਕਲੇ ਛੱਪ ਖਲੋ ਜਾਵੇ
ਨੈਣਾਂ ਦੇ ਬੂਹੇ ਢੋ ਜਾਵੇ,
ਗ਼ਰਜ਼ਾਂ ਦਾ ਬੰਦਾ ਹੋ ਜਾਵੇ
ਬੰਦ ਹਰੀ ਛੈਲ ਦਾ ਕੇਲਾ ਏ
ਜਿਹੜਾ ਮੁੰਡਾ ਘਰ 'ਚੋਂ ਵਿਹਲਾ ਏ
ਉਹ ਸਭ ਤੋਂ ਹੀ ਅਲਬੇਲਾ ਏ
ਕਾਲ਼ ਘਟਾਵਾਂ, ਅੰਬਰ ਚੜ੍ਹੀਆਂ, ਧਰਤੀ ਖੋਲ੍ਹਿਆ ਸੀਨਾ
ਕੰਮੀਆਂ ਦੇ ਫੁੱਲ ਉੱਠ ਉੱਠ ਵੇਂਹਦੇ, ਆਇਆ ਸਾਉਣ ਮਹੀਨਾ
ਨਾਲ ਕਿੱਕਰ ਦੇ ਬੀਂਡਾ ਬੋਲੇ ਬਰਨੇ ਵਿੱਚ ਪਪੀਹਾ
ਡਾਰੂੰ ਕੂੰਜ ਵਿਛੜ ਕੇ ਨਿਕਲੀ ਜਿਉਂ ਟੱਬਰ 'ਚੋਂ ਧੀਹਾ
ਲਾਲੜੀਆਂ ਨੇ ਰੌਲਾ ਪਾਇਆ, ਘੁੱਗੀਆਂ ਘੂ ਘੂ ਬੋਲਣ
ਅੰਬੀਂ ਤੋਤੇ ਟੈਂ ਟੈਂ ਕਰਦੇ, ਇੱਲਾਂ ਵੀ ਪਰ ਤੋਲਣ
ਸੋਹਣੇ ਆਲ੍ਹਣੇ ਝੂਲਾ ਝੂਲਣ ਬਿਜੜੇ ਅਤਿ ਸਿਆਣੇ
ਖੁੱਡਾਂ ਦੇ ਵੱਲ ਕੀੜੀਆਂ ਤੁਰੀਆਂ ਮੂੰਹ ਵਿਚ ਫੜਕੇ ਦਾਣੇ
ਕਾਲੇ ਮੂੰਹ ਨੇ ਵੱਲਵਰਾਂ ਦੇ ਵਾਲ ਝੜੇ ਤੇ ਨੱਚਦੇ
ਜੱਲੀ ਪਾ ਪਾ ਰੱਬ ਨੂੰ ਆਖਣ ਮੀਂਹ ਵਰ੍ਹਾ ਦੇ ਸੱਚ ਦੇ
ਵਹੁਟੀ ਲਾੜ੍ਹਾ ਘਰ ਬਣਾਕੇ ਖੇਡਣ ਬਾਲ ਅੰਞਾਣੇ
ਕਿਹਨੇ ਕਿਹੜੇ ਦੇਸ ਨੂੰ ਜਾਣਾ, ਇਹ ਤੇ ਕੋਈ ਨਾ ਜਾਣੇ
ਪਾੜਛਿਆਂ ਦਾ ਪਾਣੀ ਰਲਮਿਲ ਗਲੀਆਂ ਬਣ ਗਈਆਂ ਨਾਲੇ
ਨਾਲੇ ਰਲ ਮਿਲ ਛੱਪੜੀਂ ਟੁਰ ਪਏ ਮਿਲ ਗਏ ਦੇਸ ਨਿਕਾਲੇ
ਛੱਪੜ ਪਾਣੀ ਨਾਲ ਭਰੀਜੇ ਡੱਡੀਆਂ ਟਰ ਟਰ ਲਾਈ
ਨਾਹ ਧੋ ਬਗਲੇ ਆਣ ਲੱਥੇ ਨੇ ਮੱਛੀਆਂ ਜਾਨ ਬਚਾਈ
ਨਾਹ ਧੋ ਬੂਟੇ ਪਹਿਨ ਪੁਸ਼ਾਕਾਂ ਇੰਜ ਨੇ ਚੁੱਪ ਖਲੋਤੇ
ਜਿਵੇਂ ਦਾਨਿਸ਼ਵੰਦ ਸਿਆਣੇ ਫ਼ਿਕਰੀਂ ਖਾਂਦੇ ਗੋਤੇ
ਸੋਹਲੇ ਢੋਲੇ ਮਾਹੀਏ ਗਾਵਣ ਬੈਠ ਚੰਬੇ ਦੀਆਂ ਕਲੀਆਂ
ਮਿੱਠੜੇ ਬੋਲ ਲੱਖਾਂ ਵਿਚ ਰਮਜ਼ਾਂ ਹੱਸ ਹੱਸ ਹੋਵਣ ਝੱਲੀਆਂ
ਇਕਨਾਂ ਖ਼ਾਉਂਦ ਕਲਾਵੇ ਰਾਤੀਂ, ਇਕਨਾਂ ਚਿੱਠੀਆਂ ਘੱਲੀਆਂ
ਇਕਨਾਂ ਦੀ ਤਕਦੀਰ ਉਡੀਕਾਂ, ਕੋਠੇ ਤੇ ਚੜ੍ਹ ਖਲ਼ੀਆਂ
ਇਕਨਾਂ ਨੂੰ ਮੂੰਹ ਜੰਦਰੇ ਲੱਗ ਗਏ ਯਾਦ ਆਈਆਂ ਜਦ ਕਸਮਾਂ
ਨੈਣਾਂ ਸਾਵਣ ਝੜੀਆਂ ਲਾਈਆਂ ਤੋੜ ਨਾ ਸਕਦੀਆਂ ਰਸਮਾਂ
ਪਿਪਲਾਂ ਉੱਤੇ ਚਿੱਟੇ ਬਗਲੇ ਖੁੰਬ ਚੜ੍ਹਾਏ ਲੀੜੇ
ਹਾਕਾਂ ਮਾਰ ਉਡਾਵਣ ਪਰੀਆਂ ਖੁਲ੍ਹ ਖੁਲ੍ਹ ਜਾਵਣ ਬੀੜੇ
ਇੰਜ ਲਗਦੇ ਨੇ ਧਰਤੀ ਜਾਏ ਖੁੰਬਾਂ ਤੇ ਪਦਬੇਹੜੇ
ਪੱਗਾਂ ਬੰਨ੍ਹ ਵਿਹਾਵਣ ਚੱਲੇ ਹੀਰ ਤੱਤੀ ਨੂੰ ਖੇੜੇ
ਤਵਿਆਂ ਉੱਤੇ ਪੂੜੇ ਪੱਕਦੇ, ਛਣਕਣ ਚੂੜੇ ਕੱਚ ਦੇ
ਨਣਦ ਭਰਜਾਈ ਨੇੜੇ ਹੋਈਆਂ, ਨਹੀਂ ਸੁਨੇਹੜੇ ਪੱਚਦੇ
ਬਿਜਲੀ ਲਿਸ਼ਕੀ, ਉੱਡੀਆਂ ਚਿੜੀਆਂ, ਤ੍ਰਭਕ ਗਈਆਂ ਮੁਟਿਆਰਾਂ
ਕੋਇਲ ਗ਼ਮ ਦੇ ਗਾਉਣ ਸੁਣਾਵੇ, ਹਿੱਲੀਆਂ ਦਿਲ ਦੀਆਂ ਤਾਰਾਂ
ਸ਼ਾਮ ਪਈ ਅਸਮਾਨਾਂ ਉੱਤੇ ਪੀਂਘ ਪਈ ਸਤਰੰਗੀ
ਰੰਗ ਬਿਰੰਗੀਆਂ ਚੁੰਨੀਆਂ ਵੇਖ ਕੇ ਯਾਦ ਆਵਣ ਪਏ ਸੰਗੀ
ਮੈਂ ਮਰਜਾਂ ਤੇ ਸਣੇ ਲੀਰਾਂ ਹੀ ਮਿੱਟੀ ਵਿਚ ਦਬਾ ਦੇਣਾ
ਕਿਸੇ ਨੰਗੇ ਨੂੰ ਮੇਰੇ ਕਫ਼ਨ ਦੇ ਕੱਪੜੇ ਪੁਆ ਦੇਣਾ
ਨਾ ਕਰਨਾ ਕਰਨਾ ਦਸਵਾਂ ਚਾਲ੍ਹੀਆ ਨਾ ਰੋਟੀਆਂ ਦੇਣਾ
ਕਿਸੇ ਬੇਵਾ ਦਾ ਠੰਡਾ ਹੋ ਗਿਆ ਚੁੱਲ੍ਹਾ ਭਖਾ ਦੇਣਾ
ਇਹ ਧਰਤੀ ਹੋ ਗਈ ਮਹਿੰਗੀ ਬਚਾ ਕੇ ਗੋਰ ਦੇ ਪੈਸੇ
ਕਿਸੇ ਔਤਰ ਨਖੱਤਰ ਨੂੰ ਕੋਈ ਖੋਖਾ ਲਵਾ ਦੇਣਾ
ਨੁਹਾ ਕੇ ਕੀ ਕਰੋਗੇ ਜਦ ਮੈਂ ਖੇਹ ਦੇ ਵਿਚ ਹੈ ਖੇਹ ਹੋਣਾ
ਅਮਨ ਦੀ ਕਲਮ ਲਾ ਕੇ ਉਸ ਨੂੰ ਪਾਣੀ ਇਹ ਲਾ ਦੇਣਾ
ਨਾ ਲੈਣਾ ਕੌੜਾ ਵੱਟਾ ਭੱਤੀਆਂ, ਮਾੜੇ ਸ਼ਰੀਕਾਂ ਤੋਂ
ਦਬਾ ਕੇ ਆਉਂਦਿਆਂ ਈ ਸੋਗ ਦੀ ਫੂੜ੍ਹੀ ਚੁੱਕਾ ਦੇਣਾ
ਜੇ ਮੈਨੂੰ ਕਰਨ ਲਈ ਵੱਡਾ ਤੁਸਾਂ ਕਰਜ਼ਾ ਈ ਚੁਕਣਾ ਐਂ
ਕਿਸੇ ਬਾਬਲ ਦੇ ਵਿਹੜੇ 'ਚੋਂ ਬੱਸ ਇਕ ਡੋਲ਼ਾ ਉਠਾ ਦੇਣਾ
ਲਿਖਣ ਮਿੱਤਰ ਜੇ ਚਿੱਠੀ ਸੋਗ ਦੀ ਦੂਰੋਂ ਤੇ ਮੰਨ ਲੈਣਾ
ਮਰੇ ਦਾ ਮੂੰਹ ਨਾ ਜੇ ਵੇਖਣ, ਨਾ ਗੱਲਾਂ ਨੂੰ ਹਵਾ ਦੇਣਾ
ਮੇਰੇ ਜੁੱਸੇ ਦੇ ਹਿੱਸੇ ਵੰਡ ਦੇਣਾ ਕੰਮ ਜੇ ਆ ਜਾਵਣ
ਕਿਸੇ ਅੰਨ੍ਹੇ ਦੀਆਂ ਅੱਖਾਂ ਨੂੰ ਮੇਰੇ ਨੂਰ ਲਾ ਦੇਣਾ
ਲਿਪਾਈ ਹਰ ਵਰ੍ਹੇ ਕਬਰਾਂ ਦੀ ਕਰ ਕੇ ਵਿਚ ਮੁਹੱਰਮ ਦੇ
ਮੇਰੀ ਧਰਤੀ ਦੀ ਮਿੱਟੀ ਦੀ ਨਾ ਜ਼ਰਖ਼ੇਜ਼ੀ ਮੁਕਾ ਦੇਣਾ
ਕੋਈ ਪੁੱਛੇ ਕੀ ਹੋਇਆ? ਕਿਵੇਂ ਮੋਇਆ ਤੇ ਕਿਉਂ ਮੋਇਆ?
ਮੇਰੀ ਗੰਦੀ ਜਿਹੀ ਕਟੜੀ 'ਚ ਮੇਰਾ ਘਰ ਵਿਖਾ ਦੇਣਾ
ਲੜਾਈ ਕੌਮੀ, ਮਜ਼੍ਹਬੀ, ਰੰਗ ਨਸਲਾਂ ਦੀ ਮੁਕਾਵਣ ਲਈ
ਮੇਰੀ ਮਿੱਟੀ ਦੀ ਮਹਿੰਦੀ ਨੂੰ ਹਵਾਵਾਂ ਵਿਚ ਉਡਾ ਦੇਣਾ
ਕਦੇ ਮਿਹਨਤਕਸ਼ੋ ! ਜੇ ਯਾਦ ਆ ਜਾਵਾਂ ਸਵਾਬਾਂ ਲਈ
ਤੇ ਜ਼ਰਦਾਰਾਂ ਨੂੰ ਮਿਲ ਕੇ ਏਸ ਧਰਤੀ ਤੋਂ ਮੁਕਾ ਦੇਣਾ
ਮੈਂ ਵਾਂ ਇਕ ਫਿਰੰਤੂ ਬਾਲ, ਗੁਜ਼ਰ ਗਏ ਕਈ ਫਿਰਦੇ ਸਾਲ
ਗਲੀ ਗਲੀ ਵਿਚ ਹੌਕੇ ਭਰਨਾਂ, ਹਰ ਸਰਦਲ ਦੀਆਂ ਝਿੜਕਾਂ ਜਰਨਾਂ
ਘਰ ਘਰ 'ਚੋਂ ਮੈਂ ਮੰਗਦਾ ਟੁਕੜੇ, ਨਾ ਕੋਈ ਪੁੱਛੇ ਮੇਰੇ ਦੁੱਖੜੇ
ਤਾਹਨੇ ਦੇ ਦੇ ਛੇਕਣ ਮੈਨੂੰ, ਕਹਿਰ ਨਿਗਾਹੇ ਵੇਖਣ ਮੈਨੂੰ
ਨੰਗੇ ਪੈਰ ਬਿਆਈਆਂ ਫੱਟੀਆਂ, ਭਰਨਾਂ ਵਾਂ ਫ਼ਿਕਰਾਂ ਦੀਆਂ ਚੱਟੀਆਂ
ਸੜਕਾਂ ਮੈਨੂੰ ਲੋਰੀ ਦਿੱਤੀ,ਰੱਬ ਨੇ ਸੌਣ ਲਈ ਬੋਰੀ ਦਿੱਤੀ
ਅੱਧੀ ਥੱਲੇ ਅੱਧੀ ਉੱਤੇ, ਕੰਮ ਆਵੇ ਸਾਵਣ ਦੀ ਰੁੱਤੇ
ਪਾਟਾ ਝੱਗਾ ਲਮਕਣ ਲੀਰਾਂ, ਕਿਸੇ ਨਾ ਪੁੱਛਿਆ ਕਿਉਂ ਦਲਗੀਰ ਆਂ
ਹਰ ਕੋਈ ਮੈਨੂੰ ਮੰਗਤਾ ਆਖੇ, ਲਟਬੌਰਾ ਬੇ ਸੰਗਤਾ ਆਖੇ
ਕਈ ਆਖਣ ਕੋਈ ਜੰਮ ਕੇ ਸੁੱਟ ਗਈ, ਕਿੱਡਾ ਸੋਹਣਾ ਕਿਸਮਤ ਫੁੱਟ ਗਈ
ਕੋਈ ਨਾ ਬਾਪ ਤਸੱਲੀ ਦਿੰਦਾ, ਨਾ ਕੋਈ ਮੁੜਕੇ ਮੈਨੂੰ ਵੇਂਹਦਾ
ਨਾ ਕੋਈ ਵੀਰਨ ਆਖਣ ਵਾਲੀ, ਨਾ ਕੋਈ ਘਰ ਵਿਚ ਝਾਕਣ ਵਾਲੀ
ਰੁੱਖਾ ਸੁੱਖਾ ਖਾ ਲੈਨਾ ਵਾਂ, ਅੱਧੋ ਰਾਣਾ ਪਾ ਲੈਨਾ ਵਾਂ
ਰਾਤੀਂ ਫ਼ੁੱਟਪਾਥਾਂ ਤੇ ਸੌਨਾਂ, ਫ਼ਜਰੇ ਉੱਠ ਕੇ ਗਲੀਆਂ ਭੌਨਾਂ
ਈਦ ਦਾ ਦਿਨ ਵੀ ਮੰਗ ਕੇ ਕੱਟਨਾਂ, ਜੂਠੀ ਥਾਲੀ ਸੇਵੀਆਂ ਚੱਟਨਾਂ
ਪੁੱਤ ਤੋਂ ਜਦ ਕੋਈ ਖ਼ੈਰ ਪਵਾਵੇ, ਅਣਡਿੱਠੀ ਮਾਂ ਯਾਦ ਪਈ ਆਵੇ
ਪਰ ਮੈਨੂੰ ਕੋਈ ਨਾ ਅਪਣਾਵੇ, ਨਾ ਕੋਈ ਮਾਂ ਜੋ ਸਦਕੇ ਜਾਵੇ
ਟੋਲੀ ਕੋਈ ਜ਼ਨ ਦੀ ਲਾਸ਼ ਇਕ ਫ਼ੁੱਟਪਾਥ ਤੇ ਧਰ ਗਈ
ਇੱਜ਼ਤ ਲੁੱਟੀ ਜਾਨ ਆਪਣੀ ਦਾ ਜੁਰਮਾਨਾ ਉਹ ਭਰ ਗਈ
ਜਿਉਂਦੀ ਤਾਂ ਕਾਜ਼ੀ ਆਖਦਾ 'ਝੂਠੀ ਸੀ ਸੋ ਹਰ ਗਈ'
ਚੰਗਾ ਹੋਇਆ ਅੱਧੀ ਗਵਾਹੀ ਆਪੋ ਆਪ ਈ ਮਰ ਗਈ!
ਵਿਆਹ ਦੀ ਜੂਠੀ ਢੇਰੀ 'ਚੋਂ ਦੋ ਬੱਚੇ ਚੌਲ਼ ਪਏ ਖਾਂਦੇ
"ਅੱਜ ਦਿਨ ਕਿੱਡਾ ਚੰਗਾ ਚੜ੍ਹਿਆ!" ਇਕ ਦੂਜੇ ਨੂੰ ਆਂਹਦੇ
"ਘਰੋਂ ਨਿਕਲਦਿਆਂ ਸਾਰ ਐ ਸਾਨੂੰ ਲੱਭ ਗਈ ਜੂਠ ਦੀ ਢੇਰੀ
ਉਂਗਲਾਂ ਭਰੀਆਂ ਹੱਡੀਆਂ ਲੱਭਣ, ਕੁੱਝ ਤੇਰੀ ਕੁੱਝ ਮੇਰੀ"
ਇਕ ਪਾਸੇ ਇਕ ਕੁੱਤਾ ਡਿੱਠਾ, ਭੁੱਖਾ ਖ਼ੌਰੂ ਪਾਵੇ
ਬੱਚੇ ਵੇਖ ਕੇ ਡਰਦਾ ਝਿਕਦਾ, ਨਾ ਪਿਆ ਨੇੜੇ ਜਾਵੇ
ਕਾਂ ਬੂਟੇ ਤੇ ਕਾਂ ਕਾਂ ਕਰਦਾ, ਚੌਲਾਂ ਨੂੰ ਪਿਆ ਵੇਖੇ
ਮਾਰ ਟਪੂਸੀ ਉੱਡਦਾ ਬਹਿੰਦਾ, ਕੀ ਪਏ ਪੈਣ ਭੁਲੇਖੇ
ਇਕ ਬੁੱਢਾ ਖ਼ੁੱਦਾਰ ਸਿਆਣਾ, ਮੂੰਹ ਤੇ ਪੱਗ ਦਾ ਪੱਲਾ
ਆਖੇ "ਜੇ ਪੁੱਤ ਜ਼ਿੰਦਾ ਹੁੰਦਾ ਜੂਠ ਤੇ ਮਾਰਦਾ ਖੱਲਾ"
ਢੇਰੀ ਨੇੜੇ ਇਕ ਬੇਵਾ ਪਈ ਬੇਵਾ ਧੀ ਨੂੰ ਆਖੇ
"ਅੱਜ ਵੀ ਖਾਣ ਨੂੰ ਕੁੱਝ ਨਾ ਲੱਭਾ, ਕਿਹੜੇ ਦੇਸ ਦੇ ਰਾਖੇ
ਤਗੜੇ ਐਥੇ ਈ ਲੁੱਟ ਲੁੱਟ ਖਾਂਦੇ, ਖਾਂਦੇ ਜੂਠ ਨਿਮਾਣੇ
ਕਦ ਚੁੱਕੇਂਗਾ ਰੱਬਾ! ਇਥੋਂ ਖ਼ਾਨ ਤੇ ਨੂਨ ਟਿਵਾਣੇ
ਬਦਬਖ਼ਤਾਂ ਦੀਆਂ ਕੌਣ ਸੰਭਾਲਾਂ ਕਰਦਾ ਏ
ਰੱਬ ਵੀ ਲੋਕਾਂ ਨਾਲ਼ ਕਮਾਲਾਂ ਕਰਦਾ ਏ?
ਜੇ ਧਰਤੀ ਤੇ ਆਸ਼ਿਕ ਦੀ ਕੋਈ ਲੋੜ ਨਹੀਂ
ਪੈਦਾ ਕਿਉਂ ਫਿਰ ਪਰੀ ਜਮਾਲਾਂ ਕਰਦਾ ਏ?
ਜੇ ਰੱਬ ਘੱਲੇ ਰਿਜ਼ਕ 'ਚ ਡੰਡੀ ਵੱਜਦੀ ਨਹੀਂ
ਮਿਹਨਤਕਸ਼ ਫਿਰ ਕਿਉਂ ਹੜਤਾਲਾਂ ਕਰਦਾ ਏ ?
ਜੇ ਨਹੀਂ ਚੰਗਾ ਲਗਦਾ ਮੁਖ਼ਬਰ ਘੱਲ ਘੱਲ ਕੇ
ਹਸਬ ਨਸਬ ਦੀਆਂ ਕਿਉਂ ਪੜਤਾਲਾਂ ਕਰਦਾ ਏ ?
ਤੰਗਦਸਤੀ ਦੀ ਬਾਜ਼ੀ ਜਿਤਣੀ ਸੌਖੀ ਨਹੀਂ
ਵੇਲ਼ਾ ਪੁੱਠੀਆਂ ਸਿੱਧੀਆਂ ਚਾਲਾਂ ਕਰਦਾ ਏ
ਬਾਬੂ ਮੌਤ ਸੁਨੇਹਾ ਦੇਵੇ ਝਿੜਕਾਂ ਨੇ
ਅਫ਼ਸਰ ਰੋਜ਼ ਮਾਸ਼ੂਕ ਨੂੰ ਕਾਲਾਂ ਕਰਦਾ ਏ
ਧੀਆਂ ਨੂੰ ਵਰ ਪੁੱਤਰਾਂ ਨੂੰ ਰੋਜ਼ਗਾਰ ਦਿਉ
ਵਿਹਲੇ ਫਿਰਨ ਨਾ ਸੜਕਾਂ ਤੇ ਕੰਮ ਕਾਰ ਦਿਉ
ਬੇ ਅੰਤਾ ਜ਼ਰ ਦਿੱਤਾ ਜੇ ਲੁੱਟਮਾਰ ਲਈ
ਬੇ-ਜ਼ਰ ਦਾ ਵੀ ਕਰਜ਼ਾ ਕਦੇ ਉਤਾਰ ਦਿਉ
ਫੂਕ ਕਲਾਸ਼ਨਕੋਫ਼ਾਂ ਪੀਣ ਨਾ ਨਸ਼ਿਆਂ ਨੂੰ
ਬਦਲੋ ਏਸ ਸਮਾਜ ਨੂੰ ਕਾਰ ਵਿਹਾਰ ਦਿਉ
ਅੱਗੇ ਪਿੱਛੇ ਜੇ ਨਹੀਂ ਪੁੱਛ ਯਤੀਮਾਂ ਦੀ
ਈਦ ਦੇ ਦਿਨ ਤੇ ਉਨ੍ਹਾਂ ਦੇ ਸਿਰ ਪਿਆਰ ਦਿਉ
ਭੈਣਾਂ ਦਾ ਗ਼ਮ ਵਡਿਆਂ ਕਰੇ ਨਾ ਵੀਰਾਂ ਨੂੰ
ਰਸਮਾਂ ਨੂੰ ਕਬਰਾਂ ਦੇ ਵਿਚ ਉਤਾਰ ਦਿਉ
ਯਾ ਤੇ ਮੌਤ ਨੂੰ ਰੋਕੋ ਘਰ ਘਰ ਜਾਏ ਨਾ
ਯਾ ਫ਼ਿਰ ਸਾਰੇ ਲੋਕਾਂ ਨੂੰ ਹਥਿਆਰ ਦਿਉ
ਹਰ ਵੇਲੇ ਦੁੱਖ ਦਰਦ ਜੋ ਸੋਚੇ ਲੋਕਾਂ ਦੇ
ਕਦੇ ਤੇ ਕੌਮ ਨੂੰ ਐਸਾ ਕੋਈ ਗ਼ਮਖ਼ਾਰ ਦਿਉ
ਦੁਨੀਆਂ ਉੱਤੇ ਲਹਿਰ ਜਮਹੂਰੀ ਆਈ ਏ
ਕੌਮਾਂ ਮੰਗਣ ਆਜ਼ਾਦੀ, ਕਿਉਂ ਮਾਰਦੇ ਓ?
ਇਕ ਇਕ ਕਮਰਾ ਨੌ ਨੌ ਜੀ
ਜਾਈਏ ਕਿਧਰ? ਕਰੀਏ ਕੀ
ਹਾਜਤ ਲਈ ਮੈਂ ਲੈਣ ਬਣਾਈ,ਘੰਟੇ ਮਗਰੋਂ ਵਾਰੀ ਆਈ
ਵਾਰੀ ਮੇਰੀ ਲੇਟ ਲਵਾਈ, ਫ਼ਾਕੇ ਖ਼ੂਨ ਜਿਗਰ ਦਾ ਪੀ
ਇਕ ਇਕ ਕਮਰਾ ਨੌ ਨੌ ਜੀ
ਬਿਜਲੀ ਦਾ ਬਿੱਲ ਦੂਣਾ ਆਇਆ, ਨਲਕੇ ਦਾ ਬਿੱਲ ਦੂਣ ਸਵਾਇਆ
ਬਿਲ ਗੈਸ ਦਾ ਨਾਲ਼ ਕਿਰਾਇਆ, ਇਕ ਮੰਜੀ ਦੀ ਟੁੱਟ ਗਈ ਹੀ
ਇਕ ਇਕ ਕਮਰਾ ਨੌ ਨੌ ਜੀ
ਪਾਉ ਆਲੂ ਤੇ ਲੰਮਾ ਸ਼ੋਰਾ, ਘਰ ਵਾਲੀ ਨੂੰ ਲੱਗਾ ਝੋਰਾ
ਬੁਰਕੀ ਡਿੱਗਦੀ ਭੋਰਾ ਭੋਰਾ, ਬਰਕਤ ਵੇਖੀ ਡੀਪੂ ਦੀ
ਇਕ ਇਕ ਕਮਰਾ ਨੌ ਨੌ ਜੀ
ਭੈਣ ਭਣੇਵੇਂ ਪੈ ਗਈ ਛੱਤੀਂ, ਬਾਊ ਮਾਮੇ ਤੇ ਛਕ ਨਹੀਂ ਦਿੱਤੀ
ਏਸ ਵਰ੍ਹੇ ਵੀ ਸ਼ਰਤ ਨਾ ਜਿੱਤੀ, ਪੁੱਤਰ ਮੰਗਿਆ ਹੋ ਪਈ ਧੀ
ਇਕ ਇਕ ਕਮਰਾ ਨੌ ਨੌ ਜੀ
ਘਿਓ ਮਹਿੰਗਾ ਰਮਜ਼ਾਨ 'ਚ ਆਟਾ, ਆੜ੍ਹਤੀਆਂ ਦਾ ਮੋਟਾ ਗਾਟਾ
ਮਾੜੇ ਨੂੰ ਹਰ ਪਾਸਿਓਂ ਘਾਟਾ, ਦੋ ਈਦਾਂ ਤੇ ਰੋਜ਼ੇ ਤੀਹ
ਇਕ ਇਕ ਕਮਰਾ ਨੌ ਨੌ ਜੀ
ਇਕ ਕਮਰੇ ਵਿਚ ਦਾਜ ਨੂੰਹਾਂ ਦਾ, ਸੌਹਰਾ ਬਾਹਰ ਤੇ ਰਾਜ ਨੂੰਹਾਂ ਦਾ
ਮੁਕਦਾ ਨਹੀਂ ਕੰਮ ਕਾਜ ਨੂੰਹਾਂ ਦਾ, ਤੀਜੀ ਆਈ ਤੇ ਪੈ ਗਈ ਪੀਹ
ਇਕ ਇਕ ਕਮਰਾ ਨੌ ਨੌ ਜੀ
ਇਕ ਕਮਰਾ ਤੇ ਢੇਰ ਪ੍ਰਾਹੁਣੇ, ਸੌਂਦੇ ਹੋ ਕੇ ਔਣੇ ਪੌਣੇ
ਸਿੱਧੇ ਹੋਣ ਤੇ ਹੋ ਜਾਣ ਚੌਣੇ, ਇਕ ਦੂਜੇ ਨਾਲ਼ ਹੋਏ ਫ਼ਰੀ
ਇਕ ਇਕ ਕਮਰਾ ਨੌ ਨੌ ਜੀ
ਇਕ ਕਮਰੇ ਵਿਚ ਸਤਰ ਨਾ ਰਹਿੰਦਾ, ਪਿਓ ਖੰਘੇ ਤੇ ਪੁੱਤ ਉਠ ਬਹਿੰਦਾ
ਪੁੱਤ ਜਾ ਨੂੰਹ ਤੋਂ ਲੇਖਾ ਲੈਂਦਾ, ਉਸਲਵੱਟੇ ਲੈਂਦੀ ਧੀ
ਇਕ ਇਕ ਕਮਰਾ ਨੌ ਨੌ ਜੀ
ਸਭ ਦਾ ਹੋ ਗਿਆ ਪਰਦਾ ਸਾਂਝਾ, ਵਿਚ ਦਹਿਲੀਜਾਂ ਸੌਂ ਗਿਆ ਰਾਂਝਾ
ਪੰਜ ਛੇ ਬਾਲ ਲਿਆਇਆ ਭਾਣਜਾ, ਤੰਗ ਵਿਹੜੇ ਤੇ ਬੰਦੇ ਵੀਹ
ਇਕ ਇਕ ਕਮਰਾ ਨੌ ਨੌ ਜੀ
ਹਰ ਨੁੱਕਰੇ ਇਕ ਸ਼ੋਰ ਸ਼ਰਾਬਾ, ਬਹੁਤੇ ਬਾਲ ਨਾ ਮੰਨਦੇ ਦਾਬਾ
ਹੱਥ ਅਠਾਰਾਂ ਇਕ ਵੇ ਛਾਬਾ, ਤਿੰਨ ਪੁੱਤਰ ਤੇ ਧੀਆਂ ਛੀ
ਇਕ ਇਕ ਕਮਰਾ ਨੌ ਨੌ ਜੀ
ਜੀ ਪੀ ਫ਼ੰਡ ਲੈ ਲੇਫ਼ ਬਣਾਏ, ਅਗਲੇ ਸਾਲ ਉਹ ਕੰਮ ਨਾ ਆਏ
ਅਡਵਾਂਸਾਂ ਨੇ ਦਿਲ ਉਦਰਾਏ, ਬਾਕੀ ਰਹਿ ਗਏ ਅੱਠ ਸੌ ਤੀਹ
ਇਕ ਇਕ ਕਮਰਾ ਨੌ ਨੌ ਜੀ
ਜਾਈਏ ਕਿਧਰ ? ਕਰੀਏ ਕੀ?
ਮੈਂ ਇਕ ਮਿਹਨਤਕਸ਼ ਦਾ ਬੱਚਾ, ਮਨ ਦਾ ਸਾਫ਼ ਤੇ ਦਿਲ ਦਾ ਸੱਚਾ
ਮਾਂ ਦਾ ਪੀਤਾ ਦੁੱਧ ਨਾ ਪੂਰਾ ,ਰਹਿ ਗਿਆ ਮੇਰਾ ਜਿਸਮ ਅਧੂਰਾ
ਥੋੜ੍ਹੇ ਦੁੱਧ ਵਿਚ ਪੱਤੀ ਪਾਵੇ, ਲੋਰੀਆਂ ਦੇ ਦੇ ਆਪ ਪਿਲਾਵੇ
ਉਹ ਵੀ ਸੀ ਮਜਬੂਰ ਵਿਚਾਰੀ, ਫ਼ਾਕੇ ਤੰਗੀਆਂ ਭੁੱਖਾਂ ਮਾਰੀ
ਜਦ ਅਪਣਾ ਸੀ ਦੁੱਧ ਪਿਲਾਂਦੀ, ਮੈਂ ਵਧਦਾ ਉਹ ਘਟਦੀ ਜਾਂਦੀ
ਚਾਰ ਗੈਰਾਂ ਦੇ ਕੰਮ ਸੀ ਕਰਦੀ, ਭਾਂਡੇ ਮਾਂਜੇ ਪਾਣੀ ਭਰ ਦੀ
ਮੈਥੋਂ ਵੱਡੀ ਨਾਲ਼ ਲੈਜਾਵੇ, ਤਾਂ ਜੇ ਛੇਤੀ ਕੰਮ ਮੁਕਾਵੇ
ਨਾਲ਼ ਮੈਨੂੰ ਲੈ ਜਾ ਨਾ ਸਕਦੀ ,ਝਿੜਕਾਂ ਝੰਬਾਂ ਤੋ ਸੀ ਝਕਦੀ
ਉਹਦੇ ਤੋਂ ਭਾਂਡੇ ਮੰਜਵਾਵੇ ,ਆਪੇ ਕੱਪੜੇ ਧੋਂਦੀ ਜਾਵੇ
ਮਿਹਨਤਕਸ਼ ਮਜ਼ਦੂਰ ਪਿਓ ਸੀ,ਘਰ ਤੋਂ ਰਹਿੰਦਾ ਦੂਰ ਪਿਓ ਸੀ
ਗੰਦੀ ਜਿਹੀ ਵਸਤੀ ਵਿਚ ਰਹਿਣਾ, ਨਾਲੀਆਂ ਉੱਤੇ ਉਠਣਾ ਬਹਿਣਾ
ਥਾਂ ਥਾਂ ਤੋਂ ਸੀ ਕੁਰਤਾ ਸੀਤਾ, ਜੁੱਸੇ ਦਾ ਲਹੂ ਮੱਛਰਾਂ ਪੀਤਾ
ਵਿਚ ਜਵਾਨੀ ਚਿੱਟਾ ਝਾਟਾ, ਡੁੱਲ੍ਹਿਆ ਜਾਪੇ ਫ਼ਰਸ਼ ਤੇ ਆਟਾ
ਹਰ ਵੇਲੇ ਸੀ ਖੰਘਦਾ ਰਹਿੰਦਾ, ਕਹਿੰਦਾ ਸੀ ਇਹ ਉਠਦਾ ਬਹਿੰਦਾ
ਦਹਾਂ ਸਾਲਾਂ ਦਾ ਹੋ ਓਏ ਪੁੱਤਰਾ! ਸਾਂਵਾਂ ਨਾਲ਼ ਖਲੋ ਓਏ ਪੁੱਤਰਾ!
ਜਦ ਮੈਂ ਚਹੁੰਆਂ ਸਾਲਾਂ ਦਾ ਹੋਇਆ, ਜਾਣ ਲਈ ਸਕੂਲੇ ਰੋਇਆ
ਅੰਮਾਂ ਬਸਤਾ ਫੱਟੀ ਲੈਦੇ, ਪੜ੍ਹਨਾ ਐਂ ਮੈਂ ਪਿਓ ਨੂੰ ਕਹਿ ਦੇ
ਪਰ ਅਬੇ ਨੇ ਫੜਿਆ ਬਾਂਹੋਂ, ਕੁੱਟਦਾ ਲੈ ਗਿਆ ਕੱਚੀ ਰਾਹੋਂ
ਛੱਡ ਅਸਾਂ ਕਿਆ ਪੜ੍ਹ ਕੇ ਲੈਣਾ, ਮਿਹਨਤਕਸ਼ ਦਾ ਮਿਹਨਤ ਗਹਿਣਾ
ਗਾਹਕਾਂ ਤਾਈਂ ਚਾਹ ਫੜਾਵੀਂ, ਟਿੱਪ ਮਿਲੇ ਤੇ ਖੀਸੇ ਪਾਵੀਂ
ਕੁੱਝ ਤੇ ਮੇਰੀਆਂ ਘਟਣ ਸਜ਼ਾਵਾਂ, ਛੋਟੀ ਉਮਰੇ ਘਟਦਾ ਜਾਵਾਂ
ਹੁੰਦੇ ਭਾਵੇਂ ਸੱਤ ਅੰਞਾਣੇ, ਮੈਂ ਸਨ ਸਾਰੇ ਕੰਮ ਤੇ ਪਾਣੇ
ਵਹੁਟੀ ਅੱਗੇ ਉੱਚੀ ਬੋਲਾਂ ਮੇਰੀ ਕੀਹ ਮਜਾਲ ਏ?
ਥੱਲੇ ਨਹੀਂ ਜੀ ਤੁਸੀਂ ਲੱਗੇ! ਤੁਹਾਡਾ ਕਿਆ ਕਮਾਲ ਏ?
ਕੱਲ੍ਹ ਮੈਨੂੰ ਆਂਹਦੀ ਸੀ ਪਈ ਗੂੰਗਿਆ ਤੇ ਬੋਲਿਆ
ਗੁਆਂਢਣਾਂ ਤੋਂ ਰੋਟੀ ਮੰਗੀ ਇਹ ਕੀ ਗੰਦ ਘੋਲਿਆ
ਏਡਾ ਵੀ ਤੇ ਭੋਲ਼ਾ ਨਹੀਂ ਤੂੰ ਆਲ਼ਿਆ ਤੇ ਭੋਲ਼ਿਆ
ਲਿਫ਼ਟ ਨਹੀਂ ਕਰਾਣੀ ਉਹਨੇ ਮਾਸਿਆ ਤੇ ਤੋਲਿਆ
ਓਥੇ ਵੀ ਜ਼ਨਾਨੀ ਰਹਿੰਦੀ ਉਹ ਵੀ ਮੇਰੇ ਨਾਲ਼ ਏ।
ਥੱਲੇ ਨਹੀਂ ਜੀ ਤੁਸੀ ਲੱਗੇ! ਤੁਹਾਡਾ ਕਿਆ ਕਮਾਲ ਏ ?
ਮਾਪਿਆਂ ਨੇ ਬਣਾ ਟੋਰੀ ਮੈਂ ਤੇ ਮਜਬੂਰ ਸਾਂ
ਗੋਰਾ ਜਹਿਆ ਰੰਗ ਸੀ ਤੇ ਚੰਨ ਦਾ ਮੈਂ ਨੂਰ ਸਾਂ
ਪਾਕ ਸਾਫ਼ ਨ੍ਹਾਤੀ ਧੋਤੀ ਮੱਕੇ ਦੀ ਖਜੂਰ ਸਾਂ
ਕਾਲ਼ਾ ਮੇਰਾ ਰੰਗ ਕੀਤਾ ਈ ਮੈਂ ਤੇ ਪਰੀ ਹੂਰ ਸਾਂ
ਵੇਖ ਕੇ ਤੇ ਚੰਨ ਮੈਨੂੰ ਪਾਂਦਾ ਸੀ ਧਮਾਲ ਏ
ਥੱਲੇ ਨਹੀਂ ਜੀ ਤੁਸੀ ਲੱਗੇ! ਤੁਹਾਡਾ ਕਿਆ ਕਮਾਲ ਏ ?
ਕੁੱਝ ਵੀ ਨਾ ਡਿੱਠਾ ਤੇਰਾ ਜਦੋਂ ਦੀ ਵਿਆਹੀ ਆਂ
ਹਰ ਬਾਰ ਮਾਪਿਆਂ ਤੋਂ ਕੱਪੜੇ ਲਿਆਈ ਆਂ
ਚੌਦਾਂ ਦੀ ਮੈਂ ਮਾਮੀ ਆਂ ਤੇ ਸੋਲਾਂ ਦੀ ਮੈਂ ਤਾਈ ਆਂ
ਫ਼ਿਰਵੀ ਤੂੰ ਆਖੇਂ ਤੇਰੇ ਗਲ ਦੀ ਮੈਂ ਫਾਹੀ ਆਂ
ਸੁਹਾਗ ਵਾਲਾ ਜੋੜਾ ਬੱਸ ਮੇਰੇ ਤੇ ਹਲਾਲ ਏ
ਥੱਲੇ ਨਹੀਂ ਜੀ ਤੁਸੀ ਲੱਗੇ!ਤੁਹਾਡਾ ਕਿਆ ਕਮਾਲ ਏ ?
ਟੂੰਬਾਂ ਛੱਲੇ ਵੇਚ ਕੇ ਤੇ ਬਹਿਰੀਨ ਤੈਨੂੰ ਘੱਲਿਆ
ਵੀਜ਼ਾ ਵੀ ਲਵਾਇਆ ਮੇਰੇ ਅੱਬੇ ਨੇ ਨਗੱਲਿਆ
ਗ਼ਰੀਬੀ ਵਾਲਾ ਹੱਲਾ ਸਾਥੋਂ ਜਾਂਦਾ ਨਹੀਂ ਸੀ ਠੱਲ੍ਹਿਆ
ਡਿੱਗ ਡਿੱਗ ਪੈਨਾ ਏਂ ਉਧਾਰ ਦੇ ਛੱਲਿਆ
ਸੂਟ ਤੇਰਾ ਲੱਠੇ ਦਾ ਤੇ ਖੀਸੇ ਚ ਰੁਮਾਲ ਏ
ਥੱਲੇ ਨਹੀਂ ਜੀ ਤੁਸੀ ਲੱਗੇ! ਤੁਹਾਡਾ ਕਿਆ ਕਮਾਲ ਏ ?
ਚੜ੍ਹਦੀ ਜਵਾਨੀ 'ਚ ਮੈਂ ਇੰਝ ਬੁੱਢੀ ਹੋ ਗਈ
ਸਹੇਲੀ ਕੱਲ੍ਹ ਵੇਖ ਕੇ ਹੈਰਾਨ ਜਿਹੀ ਖਲੋ ਗਈ
ਪੁੱਛੇ ਨਿੱਕੀ ਉਮਰੇ ਤੂੰ ਬੱਗੀ ਪੀਲੀ ਹੋ ਗਈ
ਕੁਆਰਪਣਾ ਯਾਦ ਜਦੋਂ ਆਇਆ ਤੇ ਉਹ ਖੋ ਗਈ
ਪੁੱਛੇ ਮੈਨੂੰ ਬਾਲ ਕਿੰਨੇ? ਜੀਜੇ ਦਾ ਕੀ ਹਾਲ ਏ?
ਥੱਲੇ ਨਹੀਂ ਜੀ ਤੁਸੀ ਲੱਗੇ!ਤੁਹਾਡਾ ਕਿਆ ਕਮਾਲ ਏ ?
ਕੰਨੋਂ ਨੱਕੋਂ ਬੁੱਚੀ ਸਦਾ ਜ਼ੇਵਰਾਂ ਨੂੰ ਸਹਿਕਦੀ
ਰੋਲ਼ੀ ਆ ਜਵਾਨੀ ਮੇਰੀ ਫੁੱਲਾਂ ਵਾਂਗੂੰ ਟਹਿਕਦੀ
ਚਿੱਟੀ ਹੋਈ ਲਿਟ ਮੇਰੀ ਮੱਥੇ ਉੱਤੇ ਮਹਿਕਦੀ
ਤੰਗੀ 'ਚ ਗੁਜ਼ਾਰਾ ਕਰਾਂ ਫ਼ਿਰ ਵੀ ਨਹੀਂ ਬਹਿਕਦੀ
ਕਿਹੜਾ ਮੇਰੇ ਦੇਸ ਵਿਚ ਬੰਦਿਆਂ ਦਾ ਕਾਲ਼ ਏ।
ਥੱਲੇ ਨਹੀਂ ਜੀ ਤੁਸੀ ਲੱਗੇ!ਤੁਹਾਡਾ ਕਿਆ ਕਮਾਲ ਏ ?
ਲਾਮ ਡੋਰੀ ਬੱਚਿਆਂ ਦੀ, ਥਾਂ ਨਹੀਂ ਖਲੋਣ ਨੂੰ
ਬਚੇ ਨਾ ਸਬੁਣ ਗੋਰਾ ਮੁਖੜਾ ਧੋਣ ਨੂੰ
ਭੁੱਖ ਨੰਗ ਵੇਖ ਕੇ ਦਿਲ ਕਰੇ ਰੋਣ ਨੂੰ
ਮੈਲ਼ਾਂ 'ਚ ਗੜੁੱਚੇ ਵਾਲ਼ ਦਿਲ ਕਰੇ ਖੋਹਣ ਨੂੰ
ਲੀਰਾਂ ਲੱਥੇ ਜੁੱਲਿਆਂ 'ਚ ਕੱਟਦਾ ਸਿਆਲ਼ ਏ
ਥੱਲੇ ਨਹੀਂ ਜੀ ਤੁਸੀ ਲੱਗੇ! ਤੁਹਾਡਾ ਕਿਆ ਕਮਾਲ ਏ ?
ਘੱਟ ਪਵੇ ਲੂਣ, ਛੰਨੀ ਵਹੜੇ ਵਿਚ ਸੁੱਟਨੈਂ
ਕੱਚੀ ਰਹਵੇ ਰੋਟੀ ਤੇ ਕਚੀਚੀਆਂ ਤੂੰ ਵੱਟਨੈਂ
ਗਿਣ ਗਿਣ ਦਿਨ ਤੂੰ ਮਹੀਨਾ ਪੂਰਾ ਕੱਟਨੈਂ
ਮਹੀਨੇ ਦਾ ਮਜ਼ਾ ਨਿਆ ਪਹਾੜੇ ਵਾਂਗੂੰ ਰਟਨੈਂ
ਫ਼ਿਰ ਵੀ ਮਹੀਨੇ ਹਰ ਬੁਰਾ ਸਾਡਾ ਹਾਲ ਏ
ਥੱਲੇ ਨਹੀਂ ਜੀ ਤੁਸੀ ਲੱਗੇ!ਤੁਹਾਡਾ ਕਿਆ ਕਮਾਲ ਏ ?
ਬੰਦਾ ਬੜਾ ਖ਼ਾਸ ਆਂ, ਦਾਹ ਜਮਾਤਾਂ ਪਾਸ ਆਂ
ਨੌਕਰੀ ਨਾ ਲੱਭਦੀ, ਏਸ ਲਈ ਉਦਾਸ ਆਂ
ਬੰਦਾ ਬੜਾ ਖ਼ਾਸ ਆਂ
ਨੌਕਰੀ ਨਾ ਲੱਭਦੀ ਮੈਂ ਮਿੰਨਤ ਕੀਤੀ ਸਭ ਦੀ
ਰਿਸ਼ਵਤਾਂ ਸਿਫ਼ਾਰਸ਼ਾਂ ਤੇ ਲੋੜ ਪੈ ਗਈ ਰੱਬ ਦੀ
ਪੈਸੇ ਤੋਂ ਬਗ਼ੈਰ ਹੱਜ ਤਸਬੀਹ ਨਾ ਫੱਬਦੀ
ਰੋਂਦੀ ਏ ਪਰਹੇਜ਼ਗਾਰੀ ਨੇਕੀ ਫਿਰੇ ਯੱਭਦੀ
ਏਸ ਲਈ ਉਦਾਸ ਆਂ
ਬੰਦਾ ਬੜਾ ਖ਼ਾਸ ਆਂ
ਕੈਰੀਅਰ ਬਨਾਣਾ ਏ ਮੈਂ ਭੈਣ ਨੂੰ ਵਿਆਹਣਾ ਏ ਮੈਂ
ਮਿਲ ਜਾਏ ਨੌਕਰੀ ਤੇ ਸੂਟ ਵੀ ਸਿਵਾਣਾ ਏ ਮੈਂ
ਦੇਣੀ ਏ ਨਿਆਜ਼ ਨਾਲੇ ਪੀਰ ਨੂੰ ਮਨਾਣਾ ਏ ਮੈਂ
ਬੜੇ ਮਾਂ ਬਾਪ ਨੂੰ ਹੱਜ ਵੀ ਕਰਾਣਾ ਏ ਮੈਂ
ਏਸ ਲਈ ਉਦਾਸ ਆਂ
ਬੰਦਾ ਬੜਾ ਖ਼ਾਸ ਆਂ
ਗਵਾਂਢੀਆਂ ਦਾ ਮੁੰਡਾ ਕੱਲ੍ਹ ਚਲਿਆ ਬਰ੍ਹੀਨ ਏ
ਇਕ ਦਿਨ ਮੈਂ ਵੀ ਜਾਸਾਂ ਮਾਂ ਨੂੰ ਯਕੀਨ ਏ
ਚੰਗਾ ਤੇਲ ਪਏ ਬੰਦਾ ਰੱਬ ਦੀ ਮਸ਼ੀਨ ਏ
ਬਾਹਰ ਜਾ ਕੇ ਕੁਝ ਕਰਾਂ ਕੇਹੜੀ ਇਹ ਤੌਹੀਨ ਏ
ਏਸ ਲਈ ਉਦਾਸ ਆਂ
ਬੰਦਾ ਬੜਾ ਖ਼ਾਸ ਆਂ
ਲੱਭ ਗਈ ਤਹਿਸੀਲਦਾਰੀ ਲੰਬੜਾਂ ਦੇ ਮੁੰਡੇ ਨੂੰ
ਵੇਚ ਸ਼ਰਾਬ ਲੱਭੀ ਰੋਜ਼ੀ ਸ਼ੀਹਦੇ ਗੁੰਡੇ ਨੂੰ
ਸੋਹਣੀ ਨਾਰ ਲੱਭ ਗਈ ਬਾਹਰੋਂ ਆਏ ਟੁੰਡੇ ਨੂੰ
ਤਾਣ ਦਾ ਏ ਚਾਦਰਾਂ ਲਵਾਂਦਾ ਫਿਰੇ ਕੁੰਡੇ ਨੂੰ
ਏਸ ਲਈ ਉਦਾਸ ਆਂ
ਬੰਦਾ ਬੜਾ ਖ਼ਾਸ ਆਂ
ਨਿੱਕੇ ਭੈਣ ਭਾਈ ਜਦੋਂ ਪੈਸੇ ਮੈਥੋਂ ਮੰਗਦੇ
ਯਾਰ ਤੇ ਭਰਾ ਮੈਥੋਂ ਉਹਲੇ ਹੋ ਕੇ ਲੰਘਦੇ
ਦੁੱਖਾਂ ਦਿੱਤੀ ਕੰਡ ਵੇ ਤੇ ਸੁਖ ਵੀ ਤੇ ਸੰਗਦੇ
ਦਫ਼ਤਰਾਂ ਦੇ ਬੂਹੇ ਮੈਨੂੰ ਸੱਪਾਂ ਵਾਂਗੂੰ ਡੰਗਦੇ
ਏਸ ਲਈ ਉਦਾਸ ਆਂ
ਬੰਦਾ ਬੜਾ ਖ਼ਾਸ ਆਂ
ਰਹਿਨਾਂ ਭਰਾਵਾਂ ਨਾਲ਼ ਆਪ ਮੈਂ ਬੇਕਾਰ ਆਂ
ਨੌਕਰੀ ਦੀ ਲਾਰ ਅਤੇ ਖਾਨਾਂ ਮੈਂ ਉਧਾਰ ਆਂ
ਤੰਗੀ ਦਾ ਗੁਆਂਢੀ ਆਂ ਤੇ ਫ਼ਾਕਿਆਂ ਦਾ ਯਾਰ ਆਂ
ਧਰਤੀ ਲਈ ਬੋਝ ਆਂ ਤੇ ਜ਼ਿੰਦਗੀ ਲਈ ਭਾਰ ਆਂ
ਏਸ ਲਈ ਉਦਾਸ ਆਂ
ਬੰਦਾ ਬੜਾ ਖ਼ਾਸ ਆਂ
ਮਾਂ ਆਖੇ ਪੈਲਾਂ ਪਾਂਦੀ ਘਰ ਤੀਜੀ ਮੋਰਨੀ
ਥੋੜ੍ਹਾ ਦਾਜ ਦੇ ਕੇ ਮੈਂ ਤੇ ਘਰੋਂ ਨਹੀਓਂ ਟੋਰਨੀ
ਤਾਹਨਿਆਂ ਦੇ ਨਾਲ਼ ਉਹਦੀ ਜਿੰਦ ਨਹੀਓਂ ਖੋਰਨੀ
ਪੈਰਾਂ ਥੱਲੇ ਵਾਲ਼ ਹੁੰਦੇ ਸਾਡੇ ਕਿਹੜੇ ਜ਼ੋਰ ਨੀ
ਏਸ ਲਈ ਉਦਾਸ ਆਂ
ਬੰਦਾ ਬੜਾ ਖ਼ਾਸ ਆਂ
ਦਾਉਣੀ ਟਿੱਕਾ, ਸੋਨੇ ਦੀਆਂ ਮੰਗਦੇ ਨੇ ਚੂੜੀਆਂ
ਬੋਤਲਾਂ ਤੇ ਚਾਹ ਨਾਲ਼ ਖਾਂਦੇ ਜਾਂਦੇ ਪੂੜੀਆਂ
ਖਾਂਦੇ ਜਾਂਦੇ ਪੂੜੀਆਂ ਤੇ ਮਿੱਥੇ ਤੇ ਤਿਊੜੀਆਂ
ਬੰਦੇ ਨਾ ਸੰਗੂੜੇ ਗੱਲਾਂ ਕਰਨ ਨਾ ਸੰਗੂੜੀਆਂ
ਏਸ ਲਈ ਉਦਾਸ ਆਂ
ਬੰਦਾ ਬੜਾ ਖ਼ਾਸ ਆਂ
ਬਿੱਟ ਬਿੱਟ ਵੇਂਹਦੇ ਨੇ ਮਕਾਨ ਦੀਆਂ ਬਾਰੀਆਂ
ਵੀ ਸੀ ਆਰ, ਟੀ ਵੀ, ਟੇਪ, ਗਿਣਨ ਅਲਮਾਰੀਆਂ
ਨੱਕਾਂ ਨੂੰ ਚੜ੍ਹਾਣ ਵੇਖ ਸੋਫ਼ੇ ਦੀਆਂ ਧਾਰੀਆਂ
ਖ਼ੈਰ ਰੱਬਾ ਸੋਫ਼ੇ ਦੀ ਜ਼ਨਾਨੀਆਂ ਨੇ ਭਾਰੀਆਂ
ਏਸ ਲਈ ਉਦਾਸ ਆਂ
ਬੰਦਾ ਬੜਾ ਖ਼ਾਸ ਆਂ
ਬੜੇ ਅਤੇ ਬਹੂਆਂ ਮੈਨੂੰ ਹੀਰੋ ਹੀਰੋ ਆਖਦੇ
ਮਿੱਠੀ ਖੀਰ ਖਾਵਾਂ ਮੈਨੂੰ ਖੀਰੋ ਖੀਰੋ ਆਖਦੇ
ਖ਼ਰਚੇ ਦੇ ਵੱਲੋਂ ਮੈਨੂੰ ਜ਼ੀਰੋ ਜ਼ੀਰੋ ਆਖਦੇ
ਨਾਂ ਵੇ ਫ਼ਕੀਰ ਹੁਸੈਨ ਫੀਰੋ ਫੀਰੋ ਆਖਦੇ
ਏਸ ਲਈ ਉਦਾਸ ਆਂ
ਬੰਦਾ ਬੜਾ ਖ਼ਾਸ ਆਂ
(ਇਸ ਰਚਨਾ 'ਤੇ ਕੰਮ ਜਾਰੀ ਹੈ)
|