Pritam Singh Safeer
ਪ੍ਰੀਤਮ ਸਿੰਘ ਸਫ਼ੀਰ

Punjabi Writer
  

Punjabi Poetry Pritam Singh Safeer

ਪੰਜਾਬੀ ਰਾਈਟਰ ਪ੍ਰੀਤਮ ਸਿੰਘ ਸਫ਼ੀਰ

1. ਤਰਨ ਤਾਰਨ ਦੇ ਖੇਤਾਂ ਵਿੱਚ

ਤਰਨਤਾਰਨ ਦੇ ਖੇਤਾਂ ਵਿਚ, ਜਦੋਂ ਮੈਂ ਫਿਰਨ ਜਾਂਦਾ ਜਾਂ,
ਉਹ ਕਾਠੇ ਗੰਨਿਆਂ ਦੇ ਮੁਢ
ਜਿਨ੍ਹਾਂ ਵਿੱਚ ਦਿਨੇ ਦੀਵੀਂ
ਹਨੇਰਾ ਜਿਹਾ ਹੁੰਦਾ ਸੀ, ਉਨ੍ਹਾਂ ਦੇ ਕੋਲ ਬਹਿੰਦਾ ਸਾਂ
ਤਾਂ ਨਿਕੀ ਭੈਣ ਮੋਈ ਹੋਈ ਨੂੰ
ਦਿਲ ਯਾਦ ਕਰਦਾ ਸੀ,
"ਕਿਵੇਂ ਮੋਈ ?
ਉਹ ਕਿਧਰ ਚਲੀ ਗਈ ?
ਕਿਉਂ ਆ ਨਹੀਂ ਸਕਦੀ ?
ਮੈਂ ਦੁਨੀਆਂ ਵਿਚ ਕਰਾਂਗਾ ਕੀ ?
ਤੜਪਦੇ ਦਿਲ ਨੂੰ ਕਹਿੰਦਾ ਸਾਂ;
ਮੈਂ ਸੋਚਾਂ ਵਿੱਚ ਕਈ ਨਕਸ਼ੇ ਬਣਾਦਾ ਸਾਂ ਮੇਟਾਂਦਾ ਸਾਂ,
ਤਰਨ ਤਾਰਨ ਦੇ ਖੇਤਾਂ ਵਿੱਚ……

ਤਰਨ ਤਾਰਨ ਦੇ ਖੇਤਾਂ ਵਿੱਚ, ਜਦੋਂ ਮੈਂ ਫਿਰਨ ਜਾਂਦਾ ਸਾਂ
ਨਾ ਭੁਖ ਦਾ ਫਿਕਰ ਹੁੰਦਾ ਸੀ
ਨਾ ਤ੍ਰੇਹ ਦਾ ਖਿਆਲ ਹੁੰਦਾ ਸੀ,
ਕਿਸੇ ਅਣ ਦਿਸਦੀ ਦੁਨੀਆਂ ਦਾ
ਨਜ਼ਾਰਾ ਭਾਲਦਾ ਸੀ ਦਿਲ,
ਉਹ ਜਜ਼ਬਾ ਜਿਸ ਤੋਂ ਫੈਲੇ
ਆਰੀਆ ਪੂਰਬ ਤੇ ਪੱਛਮ ਵਿੱਚ
ਕੋਈ ਉਸ ਦੇ ਜਿਹਾ ਹੀ ਭਾਵ
ਮੇਰੇ ਨਾਲ ਹੁੰਦਾ ਸੀ ।
ਕਦੇ ਬੇਚੈਨ ਅੱਖਾਂ ਨੂੰ
ਸਾਂ ਸੂਰਜ ਤੇ ਟਿਕਾ ਦਿੰਦਾ,
ਦਿਨੇ ਦੇਖਨ ਲਈ ਤਾਰੇ
ਸਾਂ ਸਾਰਾ ਜ਼ੋਰ ਲਾ ਦਿੰਦਾ,
ਕਦੇ ਜੱਦ ਥਕ ਜਾਂਦਾ ਸਾਂ
ਘਾਹਾਂ ਤੇ ਲੇਟ ਜਾਂਦਾ ਸਾਂ;
ਨਾ ਨਿੱਕੀ ਉਮਰ ਨੂੰ
ਸੁਪਨਾ ਸੀ ਪਰੀਆਂ ਜਾਂ ਪ੍ਰੀਤਾਂ ਦਾ,
ਹਾਂ ਘਰ ਵਿੱਚ ਰੋਜ ਸੁਣਦਾ ਸਾਂ
ਦੇਸ ਦੇ ਦੁਖ ਦੀ ਵਿਥਿਆ,
ਨੀਂਦ ਵਿੱਚ
ਚਮਕਦੀ ਚਾਂਦੀ ਦੇ ਘਰ ਬਣਦੇ ਸੀ ਲੋਕਾਂ ਦੇ
ਉਨ੍ਹਾਂ ਦੇ ਚਿਹਰਿਆਂ ਉਤੇ
ਨਵਾਂ ਇਕ ਨੂਰ ਪਾਂਦਾ ਸਾਂ,
ਉਨ੍ਹਾਂ ਦੀ ਨਵੀਂ ਦੁਨੀਆਂ
ਕਈ ਰੰਗਾਂ ਦੀ ਬਣਾਂਦਾ ਸਾਂ,
ਤਰਨ ਤਾਰਨ ਦੇ ਖੇਤਾਂ ਵਿਚ......

ਤਰਨ ਤਾਰਨ ਦੇ ਖੇਤਾਂ ਵਿਚ, ਜਦੋਂ ਮੈਂ ਫਿਰਨ ਜਾਂਦਾ ਸਾਂ,
ਹਨੇਰਾ ਸ਼ਾਮ ਦਾ
ਹੁੰਦਾ ਸੀ ਮੇਰੇ ਮੁੜਨ ਦਾ ਵੇਲਾ
ਕਈ ਪੰਛੀ ਉਡਾਰਾਂ ਮਾਰਦੇ ਸਨ ਪਰਤਦੇ ਜਿਥੋਂ
ਮੈਂ ਉਸ ਦੁਨੀਆਂ ਨੂੰ ਜਾਂਦਾ ਸਾਂ ।

ਤਰਨ ਤਾਰਨ ਦੇ ਖੇਤਾਂ ਵਿਚ, ਜਦੋਂ ਹੁਣ ਫਿਰਨ ਜਾਵਾਂਗਾ,
ਜਿਸਮ ਨੂੰ 'ਖ਼ਿਆਲ' ਕਰ ਦੇਵਾਂਗਾ
ਇਕ ਲੰਮੀ ਉਡਾਰੀ ਦਾ,
ਇਰਾਦਾ ਹੋਇਗਾ ਦਿਲ ਵਿਚ
ਜ਼ਮਾਨਾ ਛਾਨ ਮਾਰਣ ਦਾ
ਮਕੱਈਆਂ ਨਾਲ ਖਹਿਸਰਦਾ
ਹਵਾਵਾਂ ਨਾਲ ਉੱਲਰਦਾ
ਇਉੱ ਦਿਸਦਾ ਹੈ, ਕਦਮਾਂ ਨੂੰ ਅਗੇਰੇ ਹੀ ਵਧਾਵਾਂਗਾ,
ਤਰਨ ਤਾਰਨ ਦੇ ਖੇਤਾਂ ਵਿਚ
ਮੈਂ ਐਸਾ ਫਿਰਨ ਜਾਵਾਂਗਾ,
ਤਰਨ ਤਾਰਨ ਦੀ ਹੱਦ ਨੂੰ
ਤੋੜ ਲੰਕਾ ਤੱਕ ਪੁਚਾਵਾਂਗਾ ।

2. ਬੰਦੀਵਾਨ

ਚਿੜੀਏ,
ਮੁੜ ਮੁੜ ਬਹਿਨੀ ਏਂ ਸੀਖਾਂ ਉਤੇ !
ਏਨ੍ਹਾਂ ਦੀ ਬੰਦੀ ਵਿਚ ਰੁਲਰੁਲ
ਲਖਾਂ ਜਿੰਦਾਂ ਮੋਈਆਂ;
ਮੇਰੀ ਉਮਰ ਨਿਮਾਣੀ
ਲੰਘਦੀ ਜਾਂਦੀ ਜੀਅ-ਭਿਆਣੀ
ਕਾਹਨੂੰ
ਭਾਵ ਜਗਾਨੀ ਏਂ ਸੁਤੇ ?
ਡੂੰਘੀਆਂ ਸੋਚਾਂ ਦੇ ਵਿਚ ਘੁਲ ਘੁਲ
ਹੋਸ਼ਾਂ ਭੁਲੀਆਂ ਹੋਈਆਂ ।

ਚਿੜੀਏ,
ਨਚ ਨਚ ਕੇ ਬੇਸਬਰਾ ਕਰ ਨਾ
ਸੀਖਾਂ ਵਿਚੋਂ ਮੈਂ ਕਦ ਉਡਣਾ
ਦਿਲ ਵਿਚ ਇਕ ਖ਼ੁਸ਼ਹਾਲੀ;
ਮੇਰੇ ਵਰਗੇ
ਐਵੇਂ ਜਾਂਦੇ ਮਰ ਨਾ,
ਜੰਗ ਗ਼ੁਲਾਮੀ ਨੂੰ ਮੇਟਣ ਦੀ
ਏਦਾਂ ਈ ਜਾਂਦੀ ਪਾਲੀ ।

ਚਿੜੀਏ,
ਜਾਂਣਦੀਉਂ ਜੇ ਮੇਰੀ ਬੋਲੀ
ਜੇ ਕਦੇ ਤੇਰੀਆਂ ਅੱਖਾਂ
ਘੋਖ ਸਕਦੀਆਂ ਹਾਲਤ ਮੇਰੀ;
ਥਾਂ ਥਾਂ,
ਜਾ ਪਾਉਂਦੀਉਂ ਦਰਦਾਂ ਦੀ ਰੌਲੀ,
ਮਚ ਉਠਦੇ ਦਿਲ ਲੱਖਾਂ
ਝੁਲਦੀ ਘੋਰ ਹਨੇਰੀ ।

ਚਿੜੀਏ,
ਜਾਵੀਂ ਤੇ ਮੁੜ ਨਾ ਆਵੀਂ
ਹੋਰ ਮੈਂ ਦੇਖ ਨਾ ਸਕਾਂ
ਤੇਰੀਆਂ ਮਟਕ ਉਡਾਰਾਂ;
ਚੀਂ ਚੀਂ ਆਪਣੀ
ਫੇਰ ਨਾ ਆਣ ਸੁਣਾਵੀਂ,
ਭੋਲੀਏ, ਤਪਦੇ ਦਿਲਾਂ ਤੇ
ਇਉਂ ਨਾ ਪੈਣ ਫੁਹਾਰਾਂ !

3. ਆ ਵੰਞੇ ਜੇ ਢੋਲਾ ਮੈਂਡਾ

ਆ ਵੰਞੇ ਜੇ ਢੋਲਾ ਮੈਂਡਾ
ਨੱਚ ਪਵਾਂ ਮੈਂ ਘੁੰਗਟ ਖੋਲ੍ਹ

ਸੈ ਅੰਬਰਾਂ ਵਿਚ ਘੁੰਮ ਘੁੰਮ ਫਿਰਦਾ
ਲੱਖ ਨੂਰਾਂ ਦੀ ਬੁੱਕਲੀਂ ਘਿਰਦਾ
ਉਹਦੇ ਚਰਨ ਦੀਆਂ ਸੋਹਜਾਂ ਖਾਤਿਰ
ਦਿਆਂ ਡੂੰਘਾਣਾ ਫੋਲ

ਮਸਤ ਹਵਾਵਾਂ ਫਿਰਨ ਸ਼ੁਦਾਈ
ਅੰਮ੍ਰਿਤ ਦੇ ਭੰਡਾਰ ਲੁਕਾਈ
ਉਹਦੇ ਚਰਨ ਪਖਾਲਣ ਖ਼ਾਤਰ
ਦੇਣ ਫੁਹਾਰਾਂ ਡੋਲ੍ਹ

ਲਖ ਬਿਜਲੀ ਉਹਦੇ ਨੈਣੀਂ ਚਮਕੇ
ਡਿਗਦੇ ਨੇ ਤਾਰੇ ਪਲਕ ਦੇ ਝਮਕੇ
ਚਰਨ ਓਸ ਦੇ ਰਹਿਮਤ ਵੱਸਦੀ
ਅੱਡ ਬਵ੍ਹਾਂ ਮੈਂ ਝੋਲ

ਆ ਵੰਞੇ ਜੇ ਢੋਲਾ ਮੈਂਡਾ
ਨੱਚ ਪਵਾਂ ਮੈਂ ਘੁੰਗਟ ਖੋਲ੍ਹ

4. ਨਾ ਛੇੜ ਦਿਲ ਦੀਆਂ ਤਾਰਾਂ

ਨਾ ਛੇੜ ਦਿਲ ਦੀਆਂ ਤਾਰਾਂ,
ਇੱਕ ਨਾ ਕੋਈ ਗੀਤ ਏਨ੍ਹਾਂ ਵਿੱਚ
ਭਰੇ ਹੋਏ ਭਾਵ ਹਜ਼ਾਰਾਂ !

ਇਹੋ ਦਿਲ ਦੀਆ ਤਾਰਾਂ
ਕਦੇ ਵਿਛੋੜੇ ਵਿਚ ਵਿਲਕ ਕੇ
ਬਣਦੀਆਂ ਹਿਜਰ-ਪੁਕਾਰਾਂ,
ਕਦੇ ਏਨ੍ਹਾਂ ਦੀ ਟਿਂਵ ਟਿਂਵ ਰੀਂ ਰੀਂ
ਇਉਂ ਇਕੱਲ ਵਿਚ ਰੌਣਕ ਲਾਵੇ
ਇੱਕ ਪਾਸੇ ਪ੍ਰੇਮੀ ਦੇ ਸਾਂਹਵੇਂ
ਕੁਲ ਸਮਿਆਂ ਦੀਆਂ ਸੋਹਣੀਆਂ ਨੱਚਨ
ਲੈ ਕੇ ਮਸਤ ਨੁਹਾਰਾਂ !

ਏਨ੍ਹਾਂ ਸੂਖ਼ਮ ਤਾਰਾਂ
ਵਿਚੋਂ ਜਾਗ ਅਨੂਪਮ ਹਸਤੀਆਂ
ਲਾਉਣ ਸਦਾ-ਬਹਾਰਾਂ !
ਟੁਟੇ ਕਦੇ ਰਾਗ ਦੀ ਬਿਰਤੀ
ਝੱਖੜ ਬਣ ਕੇ ਝੁਲਣ
ਏਨ੍ਹਾਂ ਦੀ ਇਕ ਇਕ ਲਰਜ਼ਸ਼ 'ਚੋਂ
ਲੱਖਾਂ ਹੂਕਾਂ ਡੁਲ੍ਹਣ !

ਕੂਲੀਆਂ ਚੁੰਮਣ-ਯੋਗ ਉਂਗਲਾਂ
ਕਿਧਰੇ ਬੰਬ ਬਣਾਵਣ
ਹਸਦੀਆਂ ਰਸਦੀਆਂ ਪ੍ਰੀਤਾਂ ਉੱਤੇ
ਗੂੰਜ ਰਹੇ ਅਕਾਸ਼ਾਂ ਵਿਚੋਂ
ਕਹਿਰੀ ਆਫ਼ਤਾਂ ਆਵਣ !
ਬੀਤ ਗਏ ਲਖਾਂ ਚੰਨ ਤਾਰੇ
ਬੀਤੀਆਂ ਗਰਮੀਆਂ, ਸਰਦੀਆਂ
ਲੱਖਾਂ ਜੁਗ ਅਮਨ ਦੇ ਬੀਤੇ,
ਬੀਤੀਆਂ ਕਈ ਜੁਗ-ਗਰਦੀਆਂ !
ਇਨਸਾਨੀ ਦਿਲ ਦੀਆਂ ਤਾਰਾਂ
ਅਜੇ ਤੀਕ ਨਾ ਵਸ ਵਿਚ ਆਈਆਂ
ਸਮੇਂ ਨੇ
ਵੇਖੇ ਵਖ਼ਤ ਹਜ਼ਾਰਾਂ ।

ਨਾ ਛੇੜ
ਦਿਲ ਦੀਆਂ ਤਾਰਾਂ,
ਤੜਪਣ ਏਨ੍ਹਾਂ ਵਿੱਚ ਬਿਜਲੀਆਂ
ਉਂਜ ਠੰਢੀਆਂ ਆਬਸ਼ਾਰਾਂ !

5. ਮਾਵਾਂ

ਕਣੀਆਂ ਵਸ ਰਹੀਆਂ; ਰਿਮ ਝਿਮ, ਰਿਮ ਝਿਮ, ਰਿਮ ਝਿਮ
ਕਣੀਆਂ ਵਸ ਰਹੀਆਂ,
ਕਣਕਾਂ ਹਸ ਰਹੀਆਂ ।

ਅੱਥਰੂ ਕਿਰ ਰਹੀਆਂ; ਰੁਨ ਝੁਨ, ਰੁਨ ਝੁਨ, ਰੁਨ ਝੁਨ
ਅੱਥਰੂ ਕਿਰ ਰਹੀਆਂ,
ਚਾਲ੍ਹੀ ਸਾਵਣ ਰੁਲੀ
ਲੱਖ ਫ਼ਿਕਰਾਂ ਵਿਚ ਘੁਲੀ
ਇਕ ਵਿਧਵਾ ਦੇ ਸਿਰ ਤੇ
ਬਦਲੀਆਂ ਘਿਰ ਰਹੀਆਂ,
ਰੁਨ ਝੁਨ, ਰੁਨ ਝੁਨ, ਰੁਨ ਝੁਨ ਅੱਥਰੂ ਕਿਰ ਰਹੀਆਂ !

ਇਕ ਮਾਂ ਬੋਲ ਰਹੀ:
ਸਾਊ ਹੋਵੀਂ ਬੇਟੀ,
ਸ਼ਰਮ ਲਪੇਟੀ,
ਵਾ ਨਾ ਲੱਗਣ ਦਈਂ !
ਇਕ ਮਾਂ ਬੋਲ ਰਹੀ, ਅੱਖੀਆਂ ਖੋਲ੍ਹ ਰਹੀ ।

ਇੱਕ ਮਾਂ ਬੋਲ ਰਹੀ:
ਹੱਕ ਆਪਣੇ ਜਾਣੀਂ
ਸਮਾਂ ਪਛਾਣੀਂ
ਹਾਰੀਂ ਹੁਟੀਂ ਨਾ !
ਇਕ ਮਾਂ ਬੋਲ ਰਹੀ, ਅੱਖੀਆਂ ਖੋਲ੍ਹ ਰਹੀ ।

ਕਣੀਆਂ ਵੱਸ ਰਹੀਆਂ, ਵਿਧਵਾ ਰੋ ਰਹੀਆਂ,
ਕਣਕਾਂ ਹੱਸ ਰਹੀਆਂ,
ਤੀਵੀਆਂ ਵੱਸ ਰਹੀਆਂ, ਏਸ਼ੀਆ, ਯੂਰਪ, ਵਿਚ,
ਜਾਚਾਂ ਦੱਸ ਰਹੀਆਂ !

6. ਉਫ਼

ਉਫ਼
ਮੇਰੀ ਸੁਚੀ ਵਫ਼ਾ
ਉਫ਼
ਇਹ ਦੁਖ ਦੀ ਇੰਤਹਾ !
ਮੌਤ ਦੀ ਹਾਂ- ਕਿਸੇ ਦੀ ਨਹੀਂ-
ਉਫ਼
ਤੇਰੀ ਐਸੀ ਰਜ਼ਾ !

ਇੱਕ ਨੇ ਤਾਂ ਭੁਗਤ ਲਈ
ਹੋਰ ਦੋ ਪਏ ਭੁਗਤਦੇ
ਏਦਾਂ ਜੰਮਣ ਦੀ ਸਜ਼ਾ !
ਬਹੁਤ ਸੌਖੀ ਥਾਂ ਨੇ ਸ਼ਾਇਦ
ਰਾਵੀ ਦੇ ਪਾਣੀ ਅਥਾਹ,
ਕਿਨਾ ਕੁ ਨਿਪਟੇਗੀ ਪਰ
ਮੌਤ ਦੀ ਥੋਥੀ ਪਨਾਹ ?

ਉਫ਼
ਮੇਰੀ ਸੁਚੀ ਵਫ਼ਾ
ਉਫ਼
ਮੇਰਾ ਕਿਹੜਾ ਗੁਨਾਹ ?

ਮੇਰੇ ਦੋਹਰੇ ਦੁਖ ਨੂੰ
ਸਮਝ ਨਾ ਸਕੇ ਖ਼ੁਦਾ !
ਮੇਰੇ ਹਰ ਇਕ ਸਾਹ ਤੇ
ਮੌਤ ਦੀ ਪੈਂਦੀ ਸ਼ੁਆ !

ਉਫ਼
ਮੇਰੀ ਸੁਚੀ ਵਫ਼ਾ
ਕੱਦ ਸੰਭਲੇਗੀ ਕਦੇ
ਦੁਖ ਦੀ ਇਹ ਇੰਤਹਾ ?

7. ਏਸ ਸ਼ਾਖ਼ ਦੇ ਸੀਨੇ ਅੰਦਰ

ਏਸ ਸ਼ਾਖ ਦੇ ਸੀਨੇ ਅੰਦਰ
ਸੁਤੀਆਂ ਕਈ ਬਹਾਰਾਂ, ਨੀ ਹੋ !

ਅਮਿਓਂ-ਰਸ ਦੀ ਤਾਰ ਨਾ ਟੁਟਦੀ
ਫਿਰ ਜੀਅ ਪੈਂਦੇ ਜਜ਼ਬੇ ਇਸਦੇ
ਖਾ ਖਾ ਖ਼ਿਜ਼ਾਂ ਦੀਆਂ ਮਾਰਾਂ, ਨੀ ਹੋ !
ਏਸ ਸ਼ਾਖ ਦੇ ਸੀਨੇ ਅੰਦਰ
ਸੁਤੀਆਂ ਕਈ ਬਹਾਰਾਂ, ਨੀ ਹੋ !

ਅਸਮਾਨਾਂ 'ਚੋਂ ਵਰ੍ਹ ਵਰ੍ਹ ਜਾਂਦੀਆਂ
ਸੈਆਂ ਵਾਰ ਫੁਹਾਰਾਂ, ਨੀ ਹੋ !
ਬਦਲਾਂ ਪਿਛੋਂ ਫੇਰ ਉਡੰਦੀਆਂ
ਤਾਰਿਆਂ ਦੀਆ ਡਾਰਾਂ, ਨੀ ਹੋ !

ਏਸ ਨਦੀ ਦੇ ਪਾਣੀਆਂ ਅੰਦਰ
ਤਕਣ ਕਈ ਨੁਹਾਰਾਂ, ਨੀ ਹੋ !
ਸ਼ੀਸ਼ੇ ਵਾਂਗ ਅਛੋਹੀਆਂ ਲੰਘਣ
ਲਹਿਰਾਂ ਦੀਆਂ ਕਤਾਰਾਂ, ਨੀ ਹੋ !

ਏਸ ਸ਼ਾਖ ਦੇ ਸੀਨੇ ਅੰਦਰ
ਸੁਤੀਆਂ ਕਈ ਬਹਾਰਾਂ, ਨੀ ਹੋ !
ਦੁਖ ਸੁਖ ਦੇ ਦਸਤੂਰ ਨਿਭਾ ਕੇ
ਆਖ਼ਰ ਰਲਣਾ ਪਿਆਰਾਂ, ਨੀ ਹੋ !