ਨੀਲਮ ਸੈਣੀ ਪੰਜਾਬੀ ਰਾਈਟਰ
ਮੇਰੇ ਗਲ਼ ਵਿਚ ਅੱਖਰਾਂ ਦੇ ਮੋਤੀਆਂ ਦੀ ਮਾਲਾ।
ਮੇਰੇ ਸਿਰ ਉੱਤੇ ਸ਼ਬਦਾਂ ਦਾ ਸੂਹਾ ਹੈ ਦੁਸ਼ਾਲਾ।
ਪੈਂਦਾ ਗਾਚੀ ਦਾ ਸੀ ਮੁੱਲ ਕਦੀ ਹੱਟੀਆਂ ਦੇ ਉੱਤੇ,
ਲਾ-ਲਾ ਡੋਕ੍ਹੇ ਲਿਖੀ ਜਾਂਦੀ ਸੀ ਮੈਂ ਫੱਟੀਆਂ ਦੇ ਉੱਤੇ।
ਇੰਟਰਨੈਟ ਉੱਤੇ, ਅੱਜ ਮਾਣ ਨਾਲ ਖੜ੍ਹੀ ਹਾਂ,
ਵੱਖ-ਵੱਖ ਫੌਂਟਾਂ ਵਿਚ ਜਾਂਦੀ ਲਿਖੀ-ਪੜ੍ਹੀ ਹਾਂ।
ਦਿੰਦੀ ਨਾ ਅਸੀਸਾਂ ਥੱਕਾਂ, ਪੁੱਤਰਾਂ ਤੇ ਧੀਆਂ ਨੂੰ।
ਬਲੌਗ-ਵੈਬ ਸਾਈਟ ਵਾਲੇ ਸਾਰਿਆਂ ਹੀ ਜੀਆਂ ਨੂੰ।
ਮਹਿਕ ਮੇਰੀ ਜਿਨ੍ਹਾਂ ਨੇ ਵਿਦੇਸ਼ਾਂ ‘ਚ ਫ਼ੈਲਾਈ ਏ,
ਮਾਂ-ਬੋਲੀ, ਮਾਣ ਦੇ ਕੇ, ਤਖ਼ਤ ਬਠਾਈ ਏ।
ਧਰਤੀ ਤੋਂ ਉੱਠ, ਖੁੱਲ੍ਹੇ ਅੰਬਰਾਂ ਤੇ ਚੜ੍ਹੀ ਹਾਂ।
ਵੱਖ-ਵੱਖ ਫੌਂਟਾਂ ਵਿਚ ਜਾਂਦੀ ਲਿਖੀ-ਪੜ੍ਹੀ ਹਾਂ।
ਰੇਡੀਓ, ਰਸਾਲੇ, ਅਖਬਾਰਾਂ ਨੇ ਜੋ ਆਉਂਦੀਆਂ।
ਪਾਠਕਾਂ ਦੇ ਨਾਲ ਮੇਰੀ ਸਾਂਝ ਨੇ ਵਧਾਉਂਦੀਆਂ।
‘ਪੰਜਾਬੀ ਸਾਹਿਤ ਸਭਾ’ ਮੈਨੂੰ ਕਰਦੀ ਹੈ ਸਜਦਾ,
ਆਪਣਾ ਭੱਵਿਖ ਹੁਣ ਚੰਗਾ-ਚੰਗਾ ਲੱਗਦਾ।
ਪੰਜਾਬੀਆਂ ਦੇ ਤਾਜ ਵਿਚ ਹੀਰੇ ਵਾਂਗ ਜੜ੍ਹੀ ਹਾਂ।
ਵੱਖ-ਵੱਖ ਫੌਂਟਾਂ ਵਿਚ ਜਾਂਦੀ ਲਿਖੀ-ਪੜ੍ਹੀ ਹਾਂ।
ਵਧੇ-ਫੁੱਲੇ ਆਪ, ਤੁਸਾਂ ਮੈਨੂੰ ਵੀ ਵਧਾਇਆ ਏ।
ਮਾਂ ਵਾਲਾ ਰੁਤਬਾ ਤੁਹਾਥੋਂ ਸਦਾ ਪਾਇਆ ਏ।
ਦੁੱਖ-ਸੁੱਖ ਸਾਰੇ, ਆਪਾਂ ਰਲ਼ਕੇ ਵੰਡਾਏ ਨੇ,
‘ਨੀਲ਼ਮ’ ਨੇ ‘ਕਾਨੀ ਦੇ ਘੁੰਗਰੂ’ ਲਵਾਏ ਨੇ।
‘ਹਰਫ਼ਾਂ ਦੀ ਸੂਈ’ ਬਣ ਹੱਥੀਂ ਹੁਣ ਫ਼ੜੀ ਹਾਂ।
ਵੱਖ-ਵੱਖ ਫੌਂਟਾਂ ਵਿਚ ਜਾਂਦੀ ਲਿਖੀ-ਪੜ੍ਹੀ ਹਾਂ।
ਦਰਿਆ ਦਾ ਕਿਨਾਰਾ,
ਤੇ ਕਿਸ਼ਤੀਆਂ ਦਾ ਗੜ੍ਹ ।
ਇਉਂ ਤੈਰ ਰਹੀਆਂ,
ਜਿਉਂ ਬਤਖਾਂ ਦੇ ਪਰ ।
ਕੋਈ ਆਉਂਦੀ ਕੋਈ ਜਾਂਦੀ,
ਨਾ ਝਾਤ ਪਿੱਛੇ ਪਾਂਦੀ ।
ਦੂਰ ਤਕ ਤਕਿਆ ਮੈਂ,
ਨਿਗਾਹ ਜਾਂ ਦੁੜਾਕੇ ।
ਰੁਮਕਦੀ ਹਵਾ ਕਹੇ,
ਕੰਨ ਕੋਲ ਆਕੇ ।
ਤੂੰ ਵੀ ਇੰਜ ਤੁਰੀ ਜਾ,
ਨਾ ਤਕ ਪਿੱਛੇ ਖੜ੍ਹਕੇ ।
ਚੱਲਣਾ ਹੀ ਜ਼ਿੰਦਗੀ,
ਜੇ ਪੈੜਾਂ ਦੇਖੇਂ ਪੜ੍ਹਕੇ...।
ਸੁਣ ਇਸ ਦੇਸ ਦਿਆ ਹਾਕਮਾ
ਮਹੀਨਾ ਚੜਿਆ ਪੋਹ ।
ਨਾ ਚੰਦ ਪਕਾਵੇ ਰੋਟੀਆਂ,
ਨਾ ਤਾਰਾ ਕਰੇ ਰਸੋ ।
ਕੁਲ ਆਲਮ ਦੀਆਂ ਨਜ਼ਰਾਂ,
ਤੇਰੇ ਤੇ ਲਗੀਆਂ ਹੋ ।
ਝੱਖੜ ਝੁੱਲ ਲੇਅ ਆਫ਼ ਦਾ,
ਗਿਆ ਮਨ ਦਾ ਚੈਨ ਗਵਾ ।
ਕਿਸ਼ਤਾਂ ਅੱਧ ਵਿਚ ਟੁੱਟੀਆਂ,
ਘਰ ਬੈਂਕਾਂ ਲਏ ਰਖਾ ।
ਅਸੀਂ ਕਰਦੇ ਜਿਹਦਾ ਮਾਣ ਸੀ,
ਉਹ ਕਰੈਡਿਟ ਲਿਆ ਗਵਾ ।
ਜਿਨ੍ਹਾਂ ਸਭ ਕੁਝ ਗਹਿਣੇ ਧਰਿਆ,
ਪੱਲੇ ਨਾ ਰੱਖਿਆ ਕਖ ।
ਰਿਜਕ ਵਿਹੂਣੇ ਪੁਤ ਤਕ,
ਉਹ ਮਾਪੇ ਝੂਰਨ ਵੱਖ ।
ਉਪਰੋਂ ਦੈਂਤ ਮਹਿੰਗਾਈ ਦਾ,
ਖਿੜ-ਖਿੜ ਰਿਹਾ ਏ ਹੱਸ ।
ਸੱਤੇ ਦਿਨ ਕੰਮ ਕਰਦਿਆਂ,
ਦੇਹ ਕੁੰਦਨ ਲਈ ਗਵਾ ।
ਸਾਥੋਂ ਚੁਕ ਨਾ ਹੁੰਦਾ ਹਾਕਮਾਂ,
ਇੰਸ਼ੋਰੈਂਸ ਦਾ ਭਾਅ ।
ਤੋੜ ਗਈ ਹੈ ਲੱਕ ਤੋਂ,
ਐਸੀ ਇਹ ਲਗੀ ਢਾਅ ।
ਦੋ ਪਿੜਾਂ ਵਿਚ ਪਿਸ ਰਹੀ,
ਤਕ ਲੈ ਸਾਡੀ ਜਾਨ ।
ਇਹ ਮੁੜ ਸੁਖਾਲੀ ਹੋ ਜਾਏ,
ਕਰਦੇ ਕੋਈ ਅਹਿਸਾਨ ।
ਨਾ ਛੁੱਟੇ ਕੰਮ ਕਿਸੇ ਦਾ,
ਨਾ ਹੀ ਖੁੱਸਣ ਮਕਾਨ ।
ਸਾਡੀ ਰੂਹ ਤੇ ਕੋੜੇ ਫਿ਼ਕਰ ਦੇ,
ਵੱਜਦੇ ਨੇ ਕੋਹ ਕੋਹ ।
ਅਸੀਂ ਦਿਨ ਲੰਘਾਈਏ ਸਹਿਕਦੇ,
ਸਾਡੀ ਰਾਤ ਕੱਟੇ ਰੋ-ਰੋ ।
ਰਹੇ ਵਾਈਟ ਹਾਊਸ ਵਿਚ ਚਾਨਣਾ,
ਕਦ ਸਾਡੇ ਹੋਣੀ ਲੋਅ ।
ਨਵਿਆਂ ਵਰ੍ਹਿਆ! ਭਾਗਾਂ ਭਰਿਆ!
ਦਿਲ ਦੀ ਆਖ ਸੁਣਾਵਾਂ ਵੇ।
ਲੈ ਕੇ ਆਵੀਂ ਚਾਨਣ ਰਿਸ਼ਮਾਂ,
ਇਹੋ ਅੱਜ ਧਿਆਵਾਂ ਵੇ।
ਰਿਸ਼ਮਾਂ ਤੇਰੀਆਂ ਝਿਲਮਿਲ-ਝਿਲਮਿਲ ,
ਸਾਰਾ ਜੱਗ ਰੁਸ਼ਨਾ ਦੇਵਣ।
ਸੁੱਖ-ਸ਼ਾਂਤੀ ਪਿਆਰ ਸੁਨੇਹਾ,
ਘਰ-ਘਰ ਵਿਚ ਪਹੁੰਚਾ ਦੇਵਣ।
ਪੰਜਾਬ ਮੇਰੇ ਵਿਚ ਚੜ੍ਹੇਂ ਜਦੋਂ ਤੂੰ,
ਸੂਹੀ ਜਿਹੀ ਸਵੇਰ ਹੋਵੇ।
ਮਾਨਵਤਾ ਦੀਆਂ ਗੱਲਾਂ ਚੱਲਣ,
ਨੇਕ ਕੰਮੀਂ ਨਾ ਦੇਰ ਹੋਵੇ।
ਕਿਰਨ ਤੇਰੀ ਜਦ ਪਹਿਲੀ ਅੜਿਆ,
ਮੇਰੇ ਪਿੰਡ ਦੀ ਜੂਹ ਵੜੇ।
ਗੁਰਬਾਣੀ ਦਾ ਕੀਰਤਨ ਹੋਵੇ,
ਅਮਲਾਂ ਦੀ ਤਦਬੀਰ ਘੜ੍ਹੇ।
ਛੋਹਵੇਂ ਜਦ ਮੇਰੇ ਬਾਬਲ ਵਿਹੜਾ,
ਖ਼ੁਸ਼ੀਆਂ ਦੀ ਝਨਕਾਰ ਛਿੜੇ।
ਬੱਚਿਆਂ ਦੀਆਂ ਕਿਲਕਾਰਾਂ ਨਾਲ,
ਘਰ ਦਾ ਅੰਦਰ-ਬਾਹਰ ਖਿੜੇ।
ਪਸਰੇਂ ਜਦ ਮੇਰੇ ਸਹੁਰੇ ਘਰ ਤੂੰ,
ਬਾਗ਼ਾਂ ਵਿਚ ਬਹਾਰ ਹੋਵੇ ।
ਨਵੀਂ ਸੋਚ ਤੇ ਨਵੇਂ ਇਰਾਦੇ,
ਪਿੰਡ ਦੀ ਨਵੀਂ ਨੁਹਾਰ ਹੋਵੇ।
ਪੈਗ਼ਾਮ ਪਿਆਰ ਦੇ ਸਾਰੇ ਵੰਡਦਾ,
ਅਮਰੀਕਾ ਵਿਚ ਤੂੰ ਆਣ ਚੜ੍ਹੀਂ।
ਮੰਦਹਾਲੀ ਦੇ ਨੇਰ੍ਹੇ ਨੂੰ ਤੂੰ,
ਪਲਾਂ-ਛਿਣਾਂ ਵਿਚ ਦੂਰ ਕਰੀਂ ।
ਪਰਦੇਸ ਬੈਠੇ ਮੇਰੇ ਦੇਸ਼ ਦੇ ਵਾਸੀ,
ਸਭ ਦੇ ਚਿਹਰੇ ਹੋਵੇ ਹਾਸਾ।
ਨੈਣਾਂ ਦੇ ਵਿਚ ਸੁੰਦਰ ਸੁਪਨੇ,
ਦਿਲ ਵਿਚ ਸੱਚੇ ਰੱਬ ਦਾ ਵਾਸਾ।
|