ਪੰਜਾਬੀ ਰਾਈਟਰ ਮਜ਼ਹਰ ਤਿਰਮਜ਼ੀ
ਇਹ ਸੁਫ਼ਨਾ ਮੈਂ ਅੱਜ ਕੋਈ ਪਹਿਲੀ ਵਾਰ ਨਹੀਂ ਤੱਕਿਆ
ਮੈਂ ਇਹ ਸੁਫ਼ਨਾ ਨਿੱਕਾ ਹੁੰਦਾ ਤੱਕਦਾ ਆ ਰਿਹਾ ਹਾਂ
ਇਹ ਸੁਫ਼ਨਾ ਮੇਰੇ ਨਾਲ ਸਕੂਲੇ ਪੜ੍ਹਿਆ
ਸਿਖਰ ਦੁਪਿਹਰੀਂ ਲੁਕਦਾ ਲੁਕਦਾ ਇਸ਼ਕ ਦੀ ਪੌੜੀ ਚੜ੍ਹਿਆ
ਇਸ ਸੁਫ਼ਨੇ ਦੇ ਚਾਨਣ ਕੋਲੋਂ ਘੋਰ ਹਨੇਰਾ ਡਰਿਆ
ਇਸ ਸੁਫ਼ਨੇ ਦੇ ਤਖ਼ਤ ’ਤੇ ਬਹਿ ਕੇ ਚਾਰੇ ਆਲਮ ਫਿਰਿਆ
ਜੋ ਨਹੀਂ ਤੱਕਣਾ ਉਹ ਤੱਕਿਆ
ਜੋ ਨਹੀਂ ਸੁਣਨਾ ਉਹ ਸੁਣਿਆ
ਇਸ ਸੁਫ਼ਨੇ ਦੀ ਰਾਤ ਨਹੀਂ ਮੁੱਕਦੀ
ਦਿਨ ਕੰਧੀਂ ਆ ਚੜ੍ਹਿਆ
ਇਸ ਸੁਫ਼ਨੇ ਦੀ ਰੀਤ ਅਨੋਖੀ
ਜਿਸ ਤੱਕਿਆ ਨਿਤ ਮਰਿਆ
ਵਾਲ ਕਲਾਕ ਦੀ ਟਿਕ ਟਿਕ
ਦੋ ਹੱਥ ਭਿੜਦੇ ਨੇ
ਖੂਹ ਉਮਰਾਂ ਦੇ ਗਿੜਦੇ ਨੇ
ਰਾਤ ਟਿਕੀ ਤੇ ਰੌਲਾ ਮੁੱਕ ਜਾਂਦਾ ਏ
ਚੁੱਪ ਸੜਕਾਂ ਤੋਂ ਖੁਰਦੀ ਏ
ਧੁੱਪ ਬਦਲਾਂ ਦੀ ਅੱਧੀ ਰਾਤੀਂ ਖਿੜਦੀ ਏ
ਛੱਲ ਸਮੁੰਦਰੋਂ ਕੰਢਿਆਂ ਦੇ ਵਲ ਮੁੜਦੀ ਏ
ਵੇਖ ਹਵਾ ਦੀ ਵਗਣੀ
ਕਦ ਤਾਈਂ ਵਗਦੀ ਏ...
ਧਰਤੀ ਦੀ ਗਡ ਅਸਮਾਨਾਂ ਦੇ ਵਿਚ ਫਸ ਗਈ ਏ
ਹਵਾ ਸਮੁੰਦਰਾਂ ਹੇਠਾਂ ਵਗਦੀ ਥਕ ਗਈ ਏ
ਸੂਰਜ ਨੇ ਬਦਲਾਂ ਨਾਲ ਯਾਰੀ ਤੋੜੀ ਏ
ਕਿਨਿਆਂ ਅਪਣੀ ਕਿਸ਼ਤੀ ਘਰ ਦੇ ਵਲ ਮੋੜੀ ਏ
ਆਲੇ ਦੇ ਅੰਦਰ ਦੀਵਾ ਅੱਖ ਝਮਕਾਂਦਾ ਏ
ਨੇਹਰੀ ਰਾਤ ਦੇ ਨੈਣੀਂ ਕੱਜਲ ਪਾਂਦਾ ਏ
ਚਾਰ ਚੁਫ਼ੇਰੇ ਚੁੱਪ, ਬਸ ਸਾਹ ਦਾ ਰੌਲਾ ਏ
ਡੁਬਦੀ ਰਾਤ ਨੂੰ ਕਾਲੀ ਛੱਲ ਦਾ ਝੌਲਾ ਏ
ਮੇਰਾ ਖਾਧਾ, ਮੇਰਾ ਰਿਨ੍ਹਿਆ
ਮੇਰਾ ਖਟਿਆ, ਮੇਰਾ ਪਿਨਿਆ
ਤੁਹਾਡੇ ਕਿਸ ਕੰਮ ਆਉਣਾ
ਚੁੱਪ ਦੇ ਮੌਸਮਾਂ, ਹੁੱਸੜ ਭਰੀਆਂ ਸ਼ਾਮਾਂ ਨੂੰ
ਮੇਰੇ ਗੀਤ ਦਾ ਫੁੱਲ ਖਿੜਣਾ
ਇਹਦੀ ਮਹਿਕ ਤੁਹਾਡਾ ਪਿੱਛਾ ਕਰਣਾ
ਤੁਸਾਂ ਜ਼ਮੀਨ ਤੇ ਟੁਰਦਿਆਂ ਹੋਇਆਂ
ਯਾ ਸਫ਼ਰਾਂ ਤੋਂ ਮੁੜਦਿਆਂ ਹੋਇਆਂ
ਮੈਨੂੰ ਯਾਦ ਨਹੀਂ ਕਰਣਾ
ਕਿਸੇ ਅਨੋਖੀ ਰੁੱਤ ਵਿਚ ਜਿਸ ਪਲ
ਮੇਰੇ ਕਿਸੇ ਖ਼ਿਆਲ ਦੀ ਮੂਰਤ
ਤੁਹਾਡਾ ਮਨ ਤੜਪਾਵਣਾ
ਤੁਸਾਂ ਹਵਾ ਦਾ ਢੋਲਾ ਗਾਵਣਾ...
ਕੋਈ ਗਲ ਭੁਲ੍ਹ ਗਈ ਏ
ਉਹ ਗਲ ਭੁੱਲੀ ਜੋ ਨਾ ਚੇਤੇ ਆਈ
ਰਾਤ ਸਫ਼ਰ ਦੀ ਅੱਖ ਮੀਟੀ ਲੰਘ ਜਾਣੀ
ਅੱਖ ਅਨਜਾਣੀ
ਅਜਬ ਸੁਨੇਹਾ ਦੇ ਗਈ ਏ
ਥੱਲ ਤੇ ਬਦਲੀ
ਵਰ੍ਹਦੀ ਵਰ੍ਹਦੀ ਰਹਿ ਗਈ ਏ
ਕੱਲ੍ਹੇ ਘਰ ਦਾ ਵਿਹੜਾ ਰੁੱਖ ਤੇ ਨਾ ਪੱਥਰ ਨਾ ਚਿੜੀਆਂ
ਅਜਬ ਜਿਹੀ ਇਕ ਹਿਜਰ ਉਦਾਸੀ
ਅਜਬ ਜਿਹੀ ਪਰਭਾਤ
ਕੰਧਾਂ ਤੇ ਅਧਮੋਈਆਂ ਵੇਲਾਂ
ਪੀਲੇ ਜਿਹਨਾਂ ਦੇ ਪਾਤ
ਨਾ ਕੋਈ ਕਰਦਾ ਗਈਆਂ ਦਾ ਕਿੱਸਾ
ਨਾ ਕੋਈ ਪਾਂਦਾ ਬਾਤ
ਰਾਤ ਪਈ ਤੇ ਚੰਨ ਇੰਜ ਚੜ੍ਹਿਆ ਜਿਉਂ ਅੰਬਰਾਂ ਹੱਥ ਦਾਤ
ਚੁੱਪ ਦਾ ਮੈਲਾ ਮੁੱਖ ਸੀ
ਰੋਗ ਜਿਹਾ ਕੋਈ ਸੁੱਖ ਸੀ
ਚਿੱਟੀਆਂ ਪੱਗਾਂ, ਚਿੱਟਾ ਚੰਨ ਦਾ ਚਾਨਣਾਂ
ਝਾੜੀ ਬੂਝੇ ਲੰਘਣਾ ਸੌਖੀ ਕਾਰ ਨਾ
ਗੁਠ ਮੁਸਾਫ਼ਰ ਜਾਗਣ ਜਿਉਂ ਕਾਂ ਆਲ੍ਹਣੇ
ਖੁੱਲ੍ਹੇ ਸਿਰ ਤੇ ਧਰ ਰਾਵੀ ਨੂੰ ਝਾਗਣਾਂ
ਸੁਫ਼ਨੇ ਪਿੱਛੇ ਛੱਡ ਸਫ਼ਰਾਂ ਤੋਂ ਮੁੜਨਾਂ
ਰਾਤ ਅਨ੍ਹੇਰ ਦਾ ਝੁੱਗਾ ਭੰਨ ਪਰਛਾਵੇਂ ਟੁਰਨਾਂ
ਸ਼ੱਕ ਦੇ ਬੂਹੇ ਭਿੜਨਾਂ, ਵੀਣੀ ਤੇ ਰੱਜ ਖਿੜਨਾਂ
ਲਾਮ ਮੁਕਾਅ ਘਰ ਆਇਆ ਢੋਲਾ
ਲੱਖਾਂ ਰਾਤਾਂ ਦਿਨਾਂ ਦੀ ਘੁੰਮਣਘੇਰੀ ਅੰਦਰ
ਮੇਰੀ ਰੂਹ ਸਵਾਲੀ ਬਣਕੇ
ਆਦਮੀਆਂ, ਚੀਜ਼ਾਂ ਤੇ ਸਭ ਮੌਜੂਦ ਹਕੀਕਤਾਂ ਦੀ ਚੱਕੀ ਵਿਚ ਡੋਲਦੀ ਏ
ਮੇਰੇ ਦਿਲ ਦੀ ਅਜ਼ਲਾਂ ਵਾਲੀ ਬੇਖ਼ਬਰੀ ਦੀ ਖ਼ਬਰ ਨਹੀਂ ਆਉਂਦੀ
ਲੱਖਾਂ ਹੱਥਾਂ ਅੱਖੀਆਂ ਦੀ ਇਕੋ ਜਿਹੀ ਪੀਲੀ ਰੰਗਤ
ਰੰਗਾਂ ਖ਼ੁਸ਼ਬੂਆਂ ਦੀ ਵਾਛੜ
ਮੇਰੇ ਪਿੰਡੇ ਦੀ ਮੈਲੀ ਵਰਦੀ ਨੂੰ ਉਜਲਾ ਨਹੀਂ ਕਰ ਸਕਦੀ
ਮੇਰੀ ਬੇਸੁਰਤੀ ਚੁੱਪ ਵਿਚ ਮੌਤ ਗੁਲਾਬਾਂ ਮੌਸਮਾਂ ਵਾਲੀ
ਨ੍ਹੇਰੀਆਂ ਅੰਦਰ ਵਗਦੇ ਸੌ ਰੰਗੀ ਸੋਚਾਂ ਦੇ ਪਾਣੀਆਂ ਵਾਲੀ
ਆਵਣ ਵਾਲੇ ਲੱਖਾਂ ਦਿਨਾਂ ਤੇ ਰਾਤਾਂ ਦਵਾਲੇ
ਮੇਰੀ ਰੂਹ ਸਵਾਲੀ ਬਣਕੇ ਫਿਰਦੀ ਏ...
ਲੁਛ ਲੁਛ ਕਰਦੇ ਮਾਸ ਦੀ ਢੇਰੀ ਕਿਸ ਕਿਸ ਬੰਨ੍ਹੇ ਰੇਸ਼ਮੀ ਲੀੜੇ ਦੀ ਗੰਢੜੀ 'ਚੋਂ
ਹੁਣ ਡਿਗੀ ਕਿ ਡਿਗੀ
ਸਾਹਵਾਂ ਦੀ ਖੁਰਲੀ 'ਚੋਂ ਕਿਰ ਕਿਰ ਜਾਂਦੀ ਰੇਤ ਰਿਆ ਦੀ
ਦਿਲ ਨੂੰ ਖਲੇ ਖਲੋਤੇ ਈਵੇਂ ਝੁਣਝੁਣੀ ਜਿਹੀ ਆ ਜਾਂਦੀ ਏ
ਗੈਬੋਂ ਆਉਂਦੀ ਵਾਅ ਨਾਲ ਪਿੰਡਾ ਇੰਜ ਕੰਬਦਾ ਏ
ਜਿਵੇਂ ਕੱਲਾ ਰੁੱਖ ਮੈਦਾਨੀਂ
ਝੂਠੇ ਜਿਹੇ ਕਿਉਂ ਜਾਪਦੇ ਨੇ ਹਥ ਪੈਰ ਨੀ ਮਾਏ
ਵਗਦੀਏ ਵਾਏ
ਤੂੰ ਇਸ ਮਿੱਟੀ ਨੂੰ ਕਿਸ ਦੇਸ ਉਡਾ ਲੈ ਜਾਸੇਂ ?
ਇਹ ਮਿੱਟੀ ਕਿਸ ਦੇਸ ਦੀ ਏ ?
ਮੇਰੀ ਰੂਹ ਦਵਾਲੇ ਲਟਕੀ ਇਹ ਮਿੱਟੀ ਕਿਸ ਦੇਸ ਦੀ ਏ ?
ਖ਼ਬਰੇ ਕਿਸ ਜੁਗ ਫੇਰ ਅਸਾਡੇ ਤਨ ਨੂੰ ਇਸਦਾ ਸ਼ੋਰ ਸੁਣੇਸੀ ?
ਅਸੀਂ ਯਕੀਨੋਂ ਖੁੰਝ ਕੇ ਹੁਣ ਪਛਤਾਨੇ ਹਾਂ
ਦਿਲ ਤੇ ਐਵੇਂ ਕਾਲਖ ਮਲ ਮਲ ਇਲਮਾਂ ਦੀ
ਹਰਫ਼ਾਂ ਦੀ ਵਡਿਆਈ ਦਾ
ਬੇਮੌਸਮਾਂ ਫਲ ਪਏ ਚਖਨੇ ਹਾਂ
ਅੱਜ ਤੇਰੀ ਮਨਹੂਸ ਅਕਾਈ ਹਰਫ਼ਾਂ ਦੀ ਵਡਿਆਈ
ਲੇਖਾ ਮੰਗਦੀ ਇਕ ਇਕ ਪਲ ਦਾ
ਅੱਜ ਤੇ ਕੱਲ੍ਹ ਦਾ
ਅੱਜ ਜਿਹੜਾ ਸਾਡੇ ਆਵਣ ਵਾਲੇ ਕਲ੍ਹ ਦਾ ਪੱਜ ਏ
ਹਰਫ਼ਾਂ ਦੀ ਵਡਿਆਈ ਦਸਦਾ ਬੇਜੁਰਤਾ ਜੱਜ ਏ
ਸ਼ਕ ਦਾ ਚੋਗਾ ਚੁਗਨੇ ਹਾਂ
ਅਸੀਂ ਯਕੀਨੋਂ ਖੁੰਝ ਕੇ ਹੁਣ ਪਛਤਾਨੇ ਹਾਂ…
ਜਦ ਮੈਂ ਸਫ਼ਰ ਨੂੰ ਜਾਵਾਂ
ਮੈਨੂੰ ਪਿੱਛੋਂ ਹਾਕ ਨਾ ਮਾਰੀਂ
ਮਤਾਂ ਕਿਸੇ ਅਸਮਾਨੀ ਸ਼ੈ ਦਾ ਸਾਇਆ
ਮੇਰੇ ਸਿਰ ਤੇ ਅਪਣੇ ਗੈਬੀ ਪੰਜੇ ਗੱਡ ਖਲੋਵੇ
ਮੈਨੂੰ ਅਪਣੇ ਅਮਲਾਂ ਦੀ ਸਵਾਹ ਨੂੰ ਅਪਣੇ ਵਲ
ਲੁਕ ਲੁਕ ਕੇ ਵੇਖਣ ਆਲਿਆਂ ਦਾ ਡਰ ਰਹਿੰਦਾ ਏ
ਆਪਣੇ ਹਾਸੇ ਅੰਦਰ ਹੋਰ ਕਿਸੇ ਦਾ ਹਾਸਾ
ਆਪਣੇ ਬੋਲਣ ਪਿੱਛੇ ਹੋਰ ਕਿਸੇ ਦੀ ਵਾਜ ਸੁਣੇਂਦੀ ਏ
ਕੰਨਾਂ ਨੂੰ ਨਿੱਤ ਨਵੀਆਂ ਬਿੜਕਾਂ
ਅੱਖੀਆਂ ਨੂੰ ਹਰ ਧੰਮੀ ਨਵੇਂ ਭੁਲੇਖੇ…
ਸੁੱਖ ਦੀ ਗੱਲ ਵੀ ਉਹੋ ਜਿਹੀ ਏ
ਜਿਹੋ ਜਿਹੀ ਏ ਦੁੱਖ ਦੀ ਗੱਲ
ਸੱਤ ਉਨੀਂਦਰੇ ਰਹਿੰਦੇ ਹਾਂ ਅਸੀਂ
ਨਾ ਜਿਉਂਦੇ ਨਾ ਮੋਏ
ਸੂਰਜ ਚੜ੍ਹਦਾ ਲਹਿੰਦਾ ਰਹਿੰਦਾ
ਵੇਲੇ ਦੀ ਕਾਲਖ ਜੁੱਸਿਆਂ ਤੇ ਮਲ ਕੇ
ਵਸਦਿਆਂ ਰਸਦਿਆਂ ਘਰਾਂ ਦੇ ਕੋਲੋਂ ਲੰਘਦਾ ਰਹਿੰਦਾ
ਬਾਲ ਵਲਾਂਦੀਆਂ ਮਾਵਾਂ ਅੱਕੀਆਂ
ਬੰਜਰ ਹੋਈਆਂ ਚਾਨਣ ਅੱਖੀਆਂ
ਤੁਹਾਨੂੰ ਚਾਅ ਸੁਫ਼ਨੇ ਵੇਖਣ ਦਾ
ਸੁਫ਼ਨਿਆਂ ਵਾਲਿਉ ! ਜੇਕਰ ਤੁਹਾਨੂੰ ਚੇਤਾ ਹੋਵੇ
ਪਹਿਲਾ ਸੁਫ਼ਨਾ ਕਿਸ ਨੇ ਡਿੱਠਾ ?
ਪਹਿਲੋਂ' ਕਿਹੜੀ ਅੱਖ ਵਿਚ ਭਾਂਬੜ ਮਚਿਆ
ਕੌਣ ਅਸਮਾਨਾਂ ਵਲ ਮੂੰਹ ਚਾ ਕੇ
ਪਾਗਲਾਂ ਵਾਂਗੂੰ ਹੱਸਿਆ…
|