Manzoor Wazirabadi
ਮਨਜ਼ੂਰ ਵਜ਼ੀਰਾਬਾਦੀ

Punjabi Writer
  

Punjabi Poetry of Manzoor Wazirabadi

ਪੰਜਾਬੀ ਗ਼ਜ਼ਲਾਂ/ਕਵਿਤਾ ਮਨਜ਼ੂਰ ਵਜ਼ੀਰਾਬਾਦੀ

1. ਮੇਰੇ ਦਿਲ ਵਿੱਚ ਖ਼ੌਫ਼ ਨਈਂ ਕੋਈ, ਤੇਰੇ ਤੀਰ-ਕਮਾਨਾਂ ਦਾ

ਮੇਰੇ ਦਿਲ ਵਿੱਚ ਖ਼ੌਫ਼ ਨਈਂ ਕੋਈ, ਤੇਰੇ ਤੀਰ-ਕਮਾਨਾਂ ਦਾ।
ਮੇਰਾ ਪੱਥਰ ਵਰਗਾ ਜੇਰਾ, ਮੇਰਾ ਦਿਲ ਚੱਟਾਨਾਂ ਦਾ।

ਮੈਂ ਤੇ ਇਕ ਦਿਨ ਅਪਣੇ ਘਰ ਦੀ ਇੱਕ ਇੱਕ ਚੀਜ਼ ਨੂੰ ਤਰਸਾਂਗਾ,
ਇੰਜ ਰਿਹਾ ਜੇ ਆਉਣਾ-ਜਾਣਾ, ਤੇਰੇ ਜਿਹੇ ਮਹਿਮਾਨਾਂ ਦਾ।

ਜੋਸ਼-ਖ਼ਰੋਸ਼ ਨਹੀਂ ਪਹਿਲੇ ਵਰਗੇ, ਅੱਜ-ਕੱਲ੍ਹ ਉਹਦੇ ਆਵਣ 'ਤੇ,
ਜਜ਼ਬਾ ਠੰਢਾ ਪੈ ਗਿਆ ਏ ਯਾ, ਲਹੂ ਸੁੱਕਿਆ ਸ਼ਰਯਾਨਾਂ ਦਾ।

ਮੇਰੇ ਕੋਲ ਹੈ ਸੱੱਚ ਦੀ ਕੁੱਵਤ, ਮੇਰਾ ਕੁੱਝ ਵਿਗੜਨਾ ਨਈਂ,
ਆਉਣਾ ਏ ਤੇ ਬੇਸ਼ੱਕ ਆਵੇ, ਸੱਜਰਾ-ਪੂਰ ਤੂਫ਼ਾਨਾਂ ਦਾ।

ਕਿਸ ਦੇ ਮਾਤਮ ਦੇ ਬਾਰੇ ਅੱਜ, ਦਿਲ ਦੇ ਘਰ ਵਿੱਚ ਫੂਹੜੀ ਏ?
ਘੁੱਟਿਆ ਘੁੱਟਿਆ ਗਲ ਪਿਆ ਜਾਪੇ, ਸੱਧਰਾਂ ਦਾ ਅਰਮਾਨਾਂ ਦਾ।

ਇੱਕ ਵੀ ਜਿਉਂਦੀ-ਜਾਗਦੀ ਸੂਰਤ ਨਜ਼ਰੀਂ ਆਈ ਨਾ 'ਮਨਜ਼ੂਰ',
ਸਾਰੇ ਸ਼ਹਿਰ ਤੇ ਪਰਛਾਵਾਂ ਏ ਖ਼ੌਰੇ ਕਬਰਸਤਾਨਾਂ ਦਾ।

2. ਲੋੜਾਂ ਬਾਰੇ ਸੋਚ ਸੋਚ ਕੇ ਡਰ ਜਾਨੇ ਆਂ

ਲੋੜਾਂ ਬਾਰੇ ਸੋਚ ਸੋਚ ਕੇ ਡਰ ਜਾਨੇ ਆਂ।
ਅੱਜ-ਕੱਲ੍ਹ ਸੋਚ-ਸਮਝ ਕੇ ਅਪਣੇ ਘਰ ਜਾਨੇ ਆਂ।

ਯਾ ਸਰਦੀ ਏ ਯਾ ਲਹੂ 'ਚੋਂ ਸ਼ਿੱਦਤ ਮੁੱਕ ਗਈ?
ਐਵੇਂ ਜਿਹੀ ਹਵਾ ਚੱਲੇ ਤੇ ਠਰ ਜਾਨੇ ਆਂ।

ਕੱਲ੍ਹ ਤੱਕ ਸੀਨਾ ਤਾਣਦੇ ਸਾਂ ਤੂਫ਼ਾਨਾਂ ਅੱਗੇ,
ਅੱਜ ਪੱਤਾ ਜੇਕਰ ਖੜਕੇ ਤਾਂ ਡਰ ਜਾਨੇ ਆਂ।

ਇਸ ਪਾਰੋਂ ਬਦਨਾਮ ਬੜੇ ਹਾਂ ਹਰ ਇੱਕ ਪਾਸੇ,
ਅਸੀਂ ਹਮੇਸ਼ਾ ਆਪਣੀ ਮਰਜ਼ੀ ਕਰ ਜਾਨੇ ਆਂ।

ਹੰਝੂਆਂ ਦੇ ਸੈਲਾਬ 'ਚ ਬਹਿ ਬਹਿ ਤਾਰੂ ਹੋ ਗਏ,
ਭਾਵੇਂ ਕਿਹੋ ਜਿਹਾ ਹੜ੍ਹ ਆਵੇ, ਤਰ ਜਾਨੇ ਆਂ।

ਦੁਨੀਆਂ ਕੋਲੋਂ ਜਿੱਤ ਜਾਨੇ ਆਂ ਪਰ ਕੀ ਕਰੀਏ,
ਉਹਦੇ ਤੋਂ 'ਮਨਜ਼ੂਰ' ਹਮੇਸ਼ਾ ਹਰ ਜਾਨੇ ਆਂ।

3. ਨਫ਼ਰਤਾਂ ਵਿੱਚ ਮੈਂ ਮੁਹੱਬਤ ਲੱਭ ਰਿਹਾਂ

ਨਫ਼ਰਤਾਂ ਵਿੱਚ ਮੈਂ ਮੁਹੱਬਤ ਲੱਭ ਰਿਹਾਂ।
ਰੌਸ਼ਨੀ ਦੀ ਕੋਈ ਸੂਰਤ ਲੱਭ ਰਿਹਾਂ।

ਹਸਦੇ ਮੱਥੇ ਕਰਨ ਜੀਹਨੂੰ ਸਭ ਕਬੂਲ,
ਜ਼ਿੰਦਗੀ ਦੀ ਉਹ ਹਕੀਕਤ ਲੱਭ ਰਿਹਾਂ।

ਉਮਰ ਗੁਜ਼ਰਨ ਨਾਲ ਜੋ ਵਧਦੀ ਰਹਵੇ,
ਏਸ ਦੁਨੀਆਂ ਵਿੱਚ ਉਹ ਚਾਹਤ ਲੱਭ ਰਿਹਾਂ।

ਨਰਮ ਉਹ ਬੋਲੇ ਕਦੇ, ਖਰ੍ਹਵਾ ਕਦੇ,
ਉਹਦੇ ਲਹਿਜੇ ਦੀ ਸਦਾਕਤ ਲੱਭ ਰਿਹਾਂ।

ਦੋਜ਼ਖ਼ਾਂ ਦੇ ਵਾਂਗ ਬਲਦੇ ਸ਼ਹਿਰ ਵਿੱਚ,
ਅਪਣੀ ਠੰਢਕ, ਅਪਣੀ ਜ਼ੰਨਤ ਲੱਭ ਰਿਹਾਂ।

ਪਲ ਦੋ ਪਲ 'ਮਨਜ਼ੂਰ' ਗੁਜ਼ਰਨ ਅਪਣੇ ਨਾਲ,
ਝੰਜਟਾਂ 'ਚੋਂ ਐਨੀ ਫ਼ੁਰਸਤ ਲੱਭ ਰਿਹਾਂ।

4. ਮੈਂ ਅਪਣੇ ਕੋਲ ਅਚਨਚੇਤ ਦੇਖਾਂ ਬੇ-ਵਫ਼ਾ ਖ਼ੌਰੇ

ਮੈਂ ਅਪਣੇ ਕੋਲ ਅਚਨਚੇਤ ਦੇਖਾਂ ਬੇ-ਵਫ਼ਾ ਖ਼ੌਰੇ।
ਹਿਆਤੀ ਵਿੱਚ ਕਦੇ ਹੋਵੇਗਾ ਇਹ ਵੀ ਮੁਅਜਜ਼ਾ ਖ਼ੌਰੇ।

ਨਜ਼ਰ ਆਈ ਹੈ ਮੈਨੂੰ ਸ਼ਹਿਰ ਦੇ ਵਿੱਚ ਇੱਕ ਨਵੀਂ ਭਾਜੜ,
ਨਵਾਂ ਮਹਿਮਾਨ ਕੋਈ ਸ਼ਹਿਰ ਦੇ ਵਿੱਚ ਆ ਗਿਆ ਖ਼ੌਰੇ।

ਕਿਨਾਰੇ ਪਹੁੰਚਦੀ ਬੇੜੀ ਮਿਰੀ ਡੁੱਥਣ 'ਤੇ ਆਈ ਹੈ,
ਮਿਰੇ 'ਤੇ ਮਿਹਰਬਾਂ ਹੋਇਆ ਹੈ ਚੋਖਾ ਨਾ-ਖ਼ੁਦਾ ਖ਼ੌਰੇ।

ਮੈਂ ਅਪਣੇ ਸ਼ਹਿਰ ਜਦ ਜਾਨਾਂ 'ਤੇ ਬੱਸ ਇਸ ਆਸ 'ਤੇ ਜਾਨਾਂ,
ਮਿਲੇ ਉੱਥੇ ਕੋਈ ਮੈਨੂੰ ਪੁਰਾਣਾ ਆਸ਼ਨਾਂ ਖ਼ੌਰੇ।

ਗ਼ਮਾਂ ਨੇ ਦੇਖਕੇ 'ਕੱਲਾ ਮੇਰੇ 'ਤੇ ਪਾ ਲਿਆ ਕਾਬੂ,
ਜੇ ਹੁੰਦਾ ਕੋਲ ਤੂੰ ਵਧਦਾ ਮੇਰਾ ਕੁਝ ਹੌਸਲਾ ਖ਼ੌਰੇ।

ਜਿਹਨੂੰ 'ਮਨਜ਼ੂਰ' ਮਿਲਿਆ ਵਾਂ, ਉਹ ਹੱਸਕੇ ਅੱਜ ਨਹੀਂ ਮਿਲਿਆ,
ਸਵੇਰੇ ਹੀ ਸਵੇਰੇ ਮੂੰਹ ਕੀਹਦਾ ਮੈਂ ਦੇਖਿਆ ਖ਼ੌਰੇ?

5. ਫ਼ਜ਼ਾ ਥਾਂ ਥਾਂ ਤੇ ਅਗ ਬਰਸਾ ਗਈ ਏ

ਫ਼ਜ਼ਾ ਥਾਂ ਥਾਂ ਤੇ ਅਗ ਬਰਸਾ ਗਈ ਏ।
ਇਹ ਲਗਦਾ ਏ ਕਿਆਮਤ ਆ ਗਈ ਏ।

ਘਰਾਂ ਦੇ ਘਰ ਪਏ ਅਜ ਚੀਖ਼ਦੇ ਨੇ,
ਨਜ਼ਰ ਕਿਸਦੀ ਘਰਾਂ ਨੂੰ ਖਾ ਗਈ ਏ।

ਨਾ ਪਹਿਲਾਂ ਵਾਂਗ ਹੋਵੇ ਹਸ਼ਰ ਕਿਧਰੇ,
ਦੁਆ ਅਜ ਫਿਰ ਲਬਾਂ ਤੇ ਆ ਗਈ ਏ।

ਮਿਲੇਗਾ ਹਕ ਕਦੇ ਬੋਲਣ ਦਾ ਮੈਨੂੰ,
ਖ਼ਮੋਸ਼ੀ ਰੋਗ ਮੈਨੂੰ ਲਾ ਗਈ ਏ।

ਮਿਰਾ ਉਹਦਾ ਮਿਲਨ ਹੋਵੇਗਾ ਕਿਸਰਾਂ,
ਮਿਰੀ ਉਹਦੀ ਅਨਾ ਟਕਰਾ ਗਈ ਏ।

ਮਿਰੀ ਹਸਰਤ ਦੇ ਚਾਅ ਟੁੱਟਣ ਤੋਂ ਪਹਿਲਾਂ,
ਉਮੀਦ ਇਕ ਹੋਰ ਲਾਰਾ ਲਾ ਗਈ ਏ।

ਨਾ ਪੁਛ 'ਮਨਜ਼ੂਰ' ਅਜ ਮੁਸਕਾਨ ਉਹਦੀ,
ਭੁਲੇਖੇ 'ਤੇ ਭੁਲੇਖਾ ਪਾ ਗਈ ਏ।

6. ਜ਼ਮੀਨਾਂ ਹੋਰ ਉਹਨਾਂ ਨੂੰ ਭਲਾ ਕਦ ਰਾਸ ਆਈਆਂ ਨੇ

ਜ਼ਮੀਨਾਂ ਹੋਰ ਉਹਨਾਂ ਨੂੰ ਭਲਾ ਕਦ ਰਾਸ ਆਈਆਂ ਨੇ।
ਜਿਨ੍ਹਾਂ ਨੇ ਯਾਰੀਆਂ ਅਪਣੀ ਜ਼ਮੀਂ ਦੇ ਨਾਲ ਲਾਈਆਂ ਨੇ।

ਤਮਾਸ਼ਾ ਵੇਖਿਆ ਏ ਅਜ ਅਸੀਂ ਅਪਣੇ ਗਵਾਚਣ ਦਾ,
ਜਿਨ੍ਹਾਂ ਗਲੀਆਂ 'ਚ ਖੇਡੇ ਉਹ ਪਛਾਨਣ ਵਿਚ ਨਾ ਆਈਆਂ ਨੇ।

ਸਦਾ ਤੇਰੇ ਮਿਲਨ ਵਿਚ ਜੋ ਰੁਕਾਵਟ ਬਣਦੀਆਂ ਰਹੀਆਂ,
ਅਸੀਂ ਅਜ ਆਪਣੇ ਹੱਥਾਂ ਤੋਂ ਸਭ ਲੀਕਾਂ ਮਿਟਾਈਆਂ ਨੇ।

ਇਹ ਸਾਡਾ ਫ਼ਰਜ਼ ਬਣਦਾ ਏ ਬਚਣ ਦਾ ਤੋੜ ਵੀ ਕਰੀਏ,
ਬਲਾਵਾਂ ਆਪ ਅਪਣੇ ਘਰ ਅਸੀਂ ਜੇ ਕਰ ਬੁਲਾਈਆਂ ਨੇ।

ਜਿਨ੍ਹਾਂ ਨੇ ਬੀਤੀਆਂ ਘੜੀਆਂ 'ਤੇ ਕੁਝ ਅਫ਼ਸੋਸ ਨਈਂ ਕੀਤਾ,
ਜ਼ਮਾਨਾ ਜਾਣਦੈ ਉਹਨਾਂ ਈਂ ਤਕਦੀਰਾਂ ਜਗਾਈਆਂ ਨੇ।

ਅਸੀਂ 'ਮਨਜ਼ੂਰ' ਕਿਸ ਗੱਲੋਂ ਯਤਨ ਕਰੀਏ ਰਿਹਾਈ ਦਾ,
ਅਸਾਂ ਜਦ ਆਪ ਜ਼ੰਜੀਰਾਂ ਖ਼ੁਸ਼ੀ ਦੇ ਨਾਲ ਪਾਈਆਂ ਨੇ।

7. ਲਿਆਈ ਨਾਲ ਮੇਰੇ ਆਸ਼ਨਾ ਨੂੰ

ਲਿਆਈ ਨਾਲ ਮੇਰੇ ਆਸ਼ਨਾ ਨੂੰ।
ਖ਼ੁਦਾ ਜਾਣੇ ਕੀ ਹੋਇਆ ਏ ਹਵਾ ਨੂੰ।

ਬਦਲ ਦਿੱਤਾ ਜਿਨ੍ਹੇ ਰੁਖ਼ ਜ਼ਿੰਦਗੀ ਦਾ,
ਮੈਂ ਫਿਰ ਤਰਸਾਂ ਪਿਆ ਓਸੇ ਸਦਾ ਨੂੰ।

ਮੁਕੱਦਰ ਰਾਹ ਤੋਂ ਸੀ ਮੇਰਾ ਭਟਕਣਾ,
ਦਿਆਂ ਇਲਜ਼ਾਮ ਕਾਹਨੂੰ ਰਹਿਨੁਮਾ ਨੂੰ।

ਕਈ ਹਮਦਰਦ ਮੈਨੂੰ ਯਾਦ ਆਏ,
ਜਦੋਂ ਵੀ ਯਾਦ ਕੀਤਾ ਬੇਵਫ਼ਾ ਨੂੰ।

ਸਮੁੰਦਰ ਦੀ ਜੋ ਹਿੱਕ 'ਮਨਜ਼ੂਰ' ਚੀਰਨ,
ਕਦੋਂ ਲਭਦੇ ਉਹ ਲੋਕੀ ਨਾਖ਼ੁਦਾ ਨੂੰ।

8. ਯਕੀਨ ਪੁਖ਼ਤਾ ਅਸਾਸ ਰਖਦਾਂ

ਯਕੀਨ ਪੁਖ਼ਤਾ ਅਸਾਸ ਰਖਦਾਂ।
ਜ਼ਮੀਨ ਬੰਜਰ ਤੋਂ ਆਸ ਰਖਦਾਂ।

ਕਤਾਰ ਬੰਨ੍ਹ ਕੇ ਗ਼ਮ ਆਉਣ ਬੇਸ਼ਕ,
ਮੈਂ ਕੋਲ ਹਿੰਮਤ ਦੀ ਰਾਸ ਰਖਦਾਂ।

ਅਸਰ ਨਾ ਕਰਦੇ ਜਿਦ੍ਹੇ 'ਤੇ ਮੌਸਮ,
ਮੈਂ ਜਿਸਮ 'ਤੇ ਉਹ ਲਿਬਾਸ ਰਖਦਾਂ।

ਉਦਾਸ ਚਿਹਰੇ ਨੇ ਦੂਜਿਆਂ ਦੇ,
ਮੈਂ ਸਿਰਫ਼ ਲਹਿਜਾ ਉਦਾਸ ਰਖਦਾਂ।

ਜ਼ਮਾਨਾ ਜਾਣੇ ਇਹ ਮੇਰੇ ਬਾਰੇ,
ਸਦਾ ਮੈਂ ਵਾਦੇ ਦਾ ਪਾਸ ਰਖਦਾਂ।

ਸਮੁੰਦਰਾਂ ਤੋਂ ਵੀ ਜਿਸ ਨਾ ਬੁਝਣਾ,
ਮੈਂ ਐਸੀ 'ਮਨਜ਼ੂਰ' ਪਿਆਸ ਰਖਦਾਂ।

9. ਮੈਂ ਹੱਕਦਾਰ ਸਾਂ ਜੰਨਤ ਵਰਗੀਆਂ ਥਾਂਵਾਂ ਦਾ

ਮੈਂ ਹੱਕਦਾਰ ਸਾਂ ਜੰਨਤ ਵਰਗੀਆਂ ਥਾਂਵਾਂ ਦਾ।
ਮਿਲਿਆ ਏ ਪਰ ਮੈਨੂੰ ਸ਼ਹਿਰ ਬਲਾਵਾਂ ਦਾ।

ਯਾ ਤੇ ਰੁਖ ਕੁਰਬਾਨ ਕਰੋ ਨਾ ਲੋੜਾਂ 'ਤੇ,
ਯਾ ਫਿਰ ਸ਼ਿਕਵਾ ਕਰਨਾ ਛੱਡੋ ਛਾਂਵਾਂ ਦਾ।

ਪਹਿਲਾਂ ਤੋਂ ਕੁਝ ਜੁਰਮ ਅਨੋਖੇ ਹੋ ਗਏ ਨੇ,
ਬਦਲ ਗਿਆ ਏ ਕੁਝ ਕੁਝ ਰੂਪ ਸਜ਼ਾਵਾਂ ਦਾ।

ਵਕਤੋਂ ਪਹਿਲਾਂ ਉਹਨੂੰ ਹਰ ਪੈਗ਼ਾਮ ਮਿਲੇ,
ਹੋਵੇ ਜਿਸਦੇ ਨਾਲ ਸਲੂਕ ਹਵਾਵਾਂ ਦਾ।

ਨਿੱਕੇ ਬਾਲ ਉਨ੍ਹਾਂ ਦੀ ਹਿੱਕ 'ਤੇ ਨੱਚਦੇ ਨੇ,
ਟੁੱਟ ਜਾਂਦਾ ਏ ਭਰਮ ਜਦੋਂ ਦਰਿਆਵਾਂ ਦਾ।

ਯਾ ਉਹ ਘਰ ਨਹੀਂ, ਯਾ ਮਿਲਣੋਂ ਇਨਕਾਰੀ ਏ,
ਮਿਲਿਆ ਨਹੀਂ 'ਮਨਜ਼ੂਰ' ਜਵਾਬ ਸਦਾਵਾਂ ਦਾ।

10. ਰਲ਼ਕੇ ਟੁਰਾਂਗਾ ਕਿੰਜ ਮੈਂ ਜ਼ੋਰਾਵਰਾਂ ਦੇ ਨਾਲ਼

ਰਲ਼ਕੇ ਟੁਰਾਂਗਾ ਕਿੰਜ ਮੈਂ ਜ਼ੋਰਾਵਰਾਂ ਦੇ ਨਾਲ਼।
ਉਠਣਾ ਤੇ ਬੈਠਣਾ ਏਂ ਮੇਰਾ ਬੇਬਸਾਂ ਨਾਲ਼।

ਜਦ ਦੂਰ ਸਨ ਤਾਂ ਪਿਆਰ ਸੀ ਆਪਸ ਦੇ ਵਿਚ ਬੜਾ,
ਮੁੱਕਿਆ ਏ ਪਿਆਰ ਜਦ ਦੇ ਬਣੇ ਘਰ ਘਰਾਂ ਦੇ ਨਾਲ਼।

ਇਨਸਾਫ਼ ਸਿਰਫ ਓਸਨੂੰ ਮਿਲਦੈ ਜਹਾਨ ʼਤੇ,
ਦਿਨ-ਰਾਤ ਰਾਬਤਾ ਏ ਜਿਦ੍ਹਾ ਮੁਨਸਫ਼ਾਂ ਦੇ ਨਾਲ਼।

ਮੇਰੇ ਪਰਾਂ ਨੂੰ ਕੱਟਕੇ ਉਹ ਕਹਿੰਦੇ ਨੇ “ਉਡ ਕੇ ਦੱਸ”।
ਉਹ ਜਾਣਦੇ ਨੇ ਉਡਦੇ ਪਰਿੰਦੇ ਪਰਾਂ ਦੇ ਨਾਲ਼।

ਨੀਂਦਰ ਨਾ ਆਉਣ ਦੀ ਮੈਂ ਸ਼ਿਕਾਇਤ ਕਰਾਂ ਤਾਂ ਕੀ,
ਨੀਂਦਰ ਤੇ ਰੁਸ ਗਈ ਏ ਮੇਰੀ ਰੁਸ ਗਿਆਂ ਦੇ ਨਾਲ਼।

ਪੈਂਦਾ ਨਹੀਂ ਫ਼ਰਕ ਮੈਨੂੰ ਜੇ ਮੌਸਮ ਬਦਲ ਵੀ ਜਾਣ,
ਕੁਝ ਐਸੀ ਦੋਸਤੀ ਏ ਮੇਰੀ ਮੌਸਮਾਂ ਦੇ ਨਾਲ਼।

ʼਕੱਠੇ ਜੀਆਂਗੇ ਮਰਾਂਗੇ ਇਹ ʼਮਨਜ਼ੂਰʼ ਝੂਠ ਏ,
ਏਥੇ ਕਦਾ ਨਾ ਮਰਦਾ ਕੋਈ ਮਰ ਗਿਆਂ ਦੇ ਨਾਲ਼।

11. ਪੱਥਰਾਂ ਵਿਚ ਦਿਲ ਦਾ ਸ਼ੀਸ਼ਾ ਰਹਿ ਗਿਆ

ਪੱਥਰਾਂ ਵਿਚ ਦਿਲ ਦਾ ਸ਼ੀਸ਼ਾ ਰਹਿ ਗਿਆ
ਦੁਸ਼ਮਣਾਂ ਵਿਚ ਕੋਈ ਅਪਣਾ ਰਹਿ ਗਿਆ

ਭਾਂਡਿਆਂ ਨੂੰ ਅੱਗ ਮਿਲੀ ਇੱਕੋ ਜਿਹੀ
ਕੋਈ ਪੱਕਾ ਕੋਈ ਕੱਚਾ ਰਹਿ ਗਿਆ

ਰੋਸ਼ਨੀ ਤੇ ਚੰਨ ਦੇ ਨਾਵੇਂ ਲਗ ਗਈ
ਦੂਰ ਕਿਧਰੇ ਬਲਦਾ ਦੀਵਾ ਰਹਿ ਗਿਆ

ਸਭ ਭੁਲੇਖੇ ਦਿਲ 'ਚੋਂ ਨਿਕਲੇ ਅਪਣੇ ਆਪ
ਰਹਿ ਗਿਆ ਤੇ ਇਕ ਭੁਲੇਖਾ ਰਹਿ ਗਿਆ

ਹਾਦਸੇ 'ਮਨਜ਼ੂਰ' ਮਿਲਦੇ ਹਰ ਕਦਮ,
ਜ਼ਿੰਦਗ਼ੀ ਦਾ ਕੀ ਭਰੋਸਾ ਰਹਿ ਗਿਆ