ਪੰਜਾਬੀ ਰਾਈਟਰ ਮਨਜੀਤ ਕੋਟੜਾ
ਸਮੇਂ ਦੀ ਨਜਾਕਤ ਮਜ਼ਲੂਮਾਂ ਦੀ ਵਫ਼ਾ ਲਿਖ ਰਿਹਾ ਹਾਂ।
ਹਾਸ਼ੀਏ ਤੇ ਚਲੇ ਗਏ ਲੋਕਾਂ ਦੀ ਕਥਾ ਲਿਖ ਰਿਹਾ ਹਾਂ।
ਚੰਨ ਤਾਰਿਆਂ ਦੀਆਂ ਬਾਤਾਂ ਪਾਉਂਦੇ ਰਹੇ ਜੋ ਉਮਰ ਭਰ,
ਉਨ੍ਹਾਂ ਸੂਰਜਾਂ ਦੀ ਬੇਬਸੀ ਦੀ ਸ਼ੋਖ ਅਦਾ ਲਿਖ ਰਿਹਾ ਹਾਂ।
ਤੇਰੇ ਬਿਨ ਵੀ ਤਾਂ ਗੁਜਰ ਗਈ ਹੈ ਮੇਰੀ ਇਹ ਜਿੰਦਗੀ,
ਪਹਿਲੀ ਮਿਲਣੀ ਨੂੰ ਮਹਿਜ ਇੱਕ ਹਾਦਸਾ ਲਿਖ ਰਿਹਾ ਹਾਂ।
ਜਿੰਦਗੀ ਨੇ ਬਣਾ ਦਿੱਤਾ ਹੈ ਜਿਨ੍ਹਾਂ ਨੂੰ ਬੇਜੁਬਾਨ ਹੀਜੜੇ
ਉਨ੍ਹਾਂ ਇੱਜ਼ਤਦਾਰ ਲੋਕਾਂ ਤੋਂ ਹੋ ਕੇ ਖਫ਼ਾ ਲਿਖ ਰਿਹਾ ਹਾਂ।
ਜੰਜੀਰਾਂ ਦੇ ਟੁੱਟਣ ਝਾਂਜਰਾਂ ਦੇ ਸ਼ੋਰ ਤੋਂ ਜੋ ਨੇ ਖੌਫ ਬੜੇ
ਉਹਨਾਂ ਦੇ ਸਿਰ ਉੱਤੇ ਖੜੀ ਬੇਖੌਫ ਕਜਾ ਲਿਖ ਰਿਹਾ ਹਾਂ।
ਸ਼ੋਖ ਅਦਾਵਾਂ ਤੋਂ ਕਦੇ ਵਿਹਲ ਮਿਲੀ ਜੇ ਫੇਰਾ ਪਾ ਜਾਇਓ,
ਸੁਲਘਦੇ ਜੰਗਲ ਤਪਦੇ ਥਲ ਦਾ ਪਤਾ ਲਿਖ ਰਿਹਾ ਹਾਂ ।
ਕਿੰਨਾ ਸੀ ਬੁਜਦਿਲ ਉਹ ਜੋ ਮੇਰੇ ਲਈ ਮਰ ਗਿਆ ਹੈ,
ਜਿਉਂ ਸਕਿਆ ਨਹੀਂ ਇਹੋ ਉਸ ਦੀ ਖਤਾ ਲਿਖ ਰਿਹਾ ਹਾਂ।
ਹੁਕਮਰਾਨਾਂ ਦੀ ਮੱਕਾਰੀ ਮਰਜੀਵੜਿਆਂ ਦੀ ਲਲਕਾਰ,
ਸ਼ਾਜਿਸ ਨੂੰ ਸ਼ਾਜਿਸ ਹਾਦਸੇ ਨੂੰ ਹਾਦਸਾ ਲਿਖ ਰਿਹਾ ਹਾਂ।
ਉਹ ਤਾਂ ਚਾਹੁੰਦੇ ਸੀ ਬੜਾ ਕਿ ਮਹਿਕਦਾਰ ਸ਼ੈਲੀ ਹੀ ਲਿਖਾਂ
ਉਨ੍ਹਾਂ ਦਾ ਹੈ ਗਿਲਾ ਕਿਉਂ ਆਸ਼ਕਾਂ ਦੀ ਵਫ਼ਾ ਲਿਖ ਰਿਹਾ ਹਾਂ?
ਸੂਰਜਾਂ ਦੀ ਤਲਾਸ਼ 'ਚ ਗਏ ਜੋ ਖੁਦ ਹੀ ਤਲਾਸ਼ ਹੋ ਗਏ,
ਐਸੇ ਮੁਸਾਫਿਰਾਂ ਲਈ ਮੁਕੱਰਰ ਸਜਾ ਲਿਖ ਰਿਹਾ ਹਾਂ।
ਗਿਰਝਾਂ, ਕਾਂਵਾਂ ਨੂੰ ਸ਼ਹਿਰ ਮੇਰੇ ਦਾ ਕਿੰਨਾ ਖਿਆਲ ਰਿਹਾ।
ਹੱਥ ਨਸ਼ਤਰ ਲੈ ਹਨੇਰਾ ਨਜ਼ਮਾਂ ਮੇਰੀਆਂ ਭਾਲ ਰਿਹਾ ।
ਮਾਏ ਕਿਉਂ ਸਾਨੂੰ ਰੋਟੀ ਦੇ ਨਾਂ ਤੇ ਰੋਟੀ ਦੀ ਤਸ਼ਵੀਰ ਮਿਲੇ,
ਬੇਵੱਸ ਭੁੱਖੀ ਮਾਂ ਸਿਰਹਾਣੇ ਬੈਠੇ ਵਿਲਕਦੇ ਬਾਲ ਕਿਹਾ ।
ਇਸ ਤਰ੍ਹਾਂ ਤਾਂ ਨਹੀਂ ਕਿ ਤੇਰੇ ਬਿਨ ਗੁਜ਼ਰੇਗੀ ਜ਼ਿੰਦਗੀ,
ਕਿ ਉਮਰ ਭਰ ਦਰਦ ਤੇਰਾ ਲੱਗਿਆ ਕਲੇਜੇ ਨਾਲ ਰਿਹਾ।
ਪੱਗੜੀ ਨੇ ਕੱਜਿਆ ਸਿਰ, ਸਿਰ ‘ਚ ਛੁਪੇ ਵਿਚਾਰ ਬੜੇ,
ਵਿਚਾਰਾਂ ‘ਚ ਕਰਾਂਤੀ, ਕਿਸ ਭਰਮ ‘ਚ ਪੱਗ ਉਛਾਲ ਰਿਹਾ।
ਮੈਂ ਜੇ ਸਾਥ ਨਾ ਹੋਇਆ, ਮੈਨੂੰ ਚੇਤਿਆਂ ਵਿੱਚ ਸੰਭਾਲ ਰੱਖੀਂ,
ਭਲਕੇ ਉਦੇ ਹੋਵਾਂਗਾ, ਮੈਂ ਡੁੱਬ ਇਸ ਵਾਅਦੇ ਨਾਲ ਰਿਹਾ।
ਬੁੱਧ, ਈਸਾ, ਨਾਨਕ, ਲੈਨਿਨ, ਮਾਰਕਸ ਰਹਿਨੁਮਾਂ ਬਣ,
ਕੀ ਦੱਸਾਂ ਹਰ ਯੁੱਗ ‘ਚ ਕੌਣ ਕੌਣ ਤੁਰਦਾ ਨਾਲ ਰਿਹਾ।
ਮੋਮ ਦੇ ਮਖ਼ਮਲੀ ਬੁੱਤਾਂ ਦੀ ਜੀ ਸਦਕੇ ਕਰ ਰਖਵਾਲੀ,
ਯੁੱਗ ਪਲਟਾਉਣ ਲਈ ਮੈਂ ਵੀ ਸੀਨੇ ਭਾਂਬੜ ਬਾਲ਼ ਰਿਹਾ।
ਤੇਰੀ ਬੁਨਿਆਦ ਦਾ ਪੱਥਰ ਹੀ ਬਾਕੀ ਰਹਿ ਗਿਆ।
ਤੂਫ਼ਾਨ ਤਾਂ ਸਾਡੇ ਸ਼ਾਮਿਆਨੇ ਉਡਾ ਕੇ ਲੈ ਗਿਆ ।
ਇਸ ਵਾਰ ਵੀ ਯਾਰ ਮੈਂ ਆਪੇ ਤੋਂ ਹੀ ਗੈਰਹਾਜ਼ਰ ਸਾਂ,
ਝੀਲ ਨੂੰ ਮਿਲਣ ਗਿਆ, ਮਖੌਟਾ ਨਾਲ ਲੈ ਗਿਆ ।
ਆਪਣੇ ਲਫ਼ਜਾਂ ਉੱਤੇ ਤੈਨੂੰ ਵੀ ਨਹੀਂ ਯਕੀਨ ਸੀ,
ਸਜਾ ਮੈਂ ਕਿਉਂ ਤੇਰੇ ਵਾਅਦਿਆਂ ਦੀ ਸਹਿ ਗਿਆ।
ਸਮਿਆਂ ਨੇ ਤਰਕਸ ਮੇਰਾ ਜੰਡ ਉੱਤੇ ਟੰਗਿਆ,
ਸਹਿਬਾਂ ਨੂੰ ਤਾਂ ਐਵੇਂ ਹੀ ਮੈਂ ਬੇਵਫ਼ਾ ਕਹਿ ਗਿਆ ।
ਓਹ ਮੈਨੂੰ ਜਿਸਮ ਦੀਆਂ ਪਰਤਾਂ ’ਚੌਂ ਲੱਭਦੀ ਰਹੀ,
ਮੈਂ ਮੇਰੀਆਂ ਨਜ਼ਮਾਂ ਵਿੱਚ ਹੀ ਛੁਪ ਕੇ ਬਹਿ ਗਿਆ ।
ਕਿੰਨੇ ਰਾਹੀਆਂ ਨੇ ਸਾਖ਼ਾਵਾਂ ਮੇਰੀਆਂ ਤੋਂ ਉਡਾਣ ਭਰੀ,
ਕਿੰਨੇ ਹੀ ਰਾਹੀਆਂ ਦਾ ਮੇਰੀ ਛਾਂਵੇ ਥਕੇਵਾਂ ਲਹਿ ਗਿਆ।
ਹੌਸਲਾ ਮੇਰਾ ਵੀ ਦੇਖ ਕਿ ਜਿੰਨੀ ਵੀ ਵਾਰ ਡਿੱਗਿਆ,
ਓਨੀ ਵਾਰ ਹੋ ਮਜਬੂਤ ਜਿੰਦਗੀ ਦੀ ਰਾਹੇ ਪੈ ਗਿਆ।
ਦੋ ਪਲ ਦੀ ਹੈ ਜ਼ਿੰਦਗੀ, ਮੌਤ ਹਜ਼ਾਰਾਂ ਸਾਲ।
ਮੈਂ ਕਿਉਂ ਨਾ ਸੁਲਝਾਂ ਸਮੇਂ ਦੀਆਂ ਤਾਰਾਂ ਨਾਲ।
ਸੰਵਰਨਾ ਬਿਖਰਨਾ ਕਿਸਮਤ ਦਾ ਹੈ ਖੇਲ,
ਜੋ ਇਹ ਆਖੇ, ਉਸ ਦੀ ਦੇਵਾਂ ਪੱਗ ਉੱਛਾਲ।
ਕੋਈ ਰਾਹ ਵੀ ਰੁਸ਼ਨਾ ਛੱਡ ਬੰਸਰੀ ਦੀ ਕੂਕ,
ਛੇੜ ਮੁਕਤੀ ਦੇ ਗੀਤ, ਤੁਰ ਸੂਰਜਾਂ ਦੇ ਨਾਲ।
ਪੀਲੀਆਂ ਜੋਕਾਂ ਦੇ ਖ਼ੂਨ ਦਾ ਰੰਗ ਪਾਣੀਓਂ ਫਿੱਕਾ,
ਭਵਿੱਖ ਦੇ ਵਾਰਸਾਂ ਦੇ ਪਸੀਨੇ ਦਾ ਰੰਗ ਲਾਲ।
ਅਗਨ ਏਨੀ ਕਿ ਸਾੜ੍ਹ ਦੇਈਏ ਮਹਿਲ ਮੁਨਾਰੇ,
ਪਿਆਸ ਏਨੀ ਕਿ ਬੁਝੇ ਨਾ ਸਮੁੰਦਰਾਂ ਨਾਲ।
ਲੋਕੀਂ ਕਿੰਝ ਨਪੀੜਨੇ ਕਰਨੇ ਕਿੰਝ ਹਲਾਲ,
ਰਲ ਮਿਲ ਕੇ ਵਿੱਚ ਸੰਸਦਾਂ ਖੇਡਣ ਭੇਡੂ ਚਾਲ।
ਚੁੱਲੇ ਠੰਢੇ ਸੌਂ ਗਏ ਅਸਮਾਨੀ ਚੜ ਗਈ ਦਾਲ,
ਛਾਤੀ ਪਿਚਕੀ ਮਾਵਾਂ ਦੀ, ਭੁੱਖੇ ਵਿਲਕਣ ਬਾਲ
ਜੋ ਕਵੀਆਂ ਤੋਂ ਹੰਝੂ ਨਾ ਬਣ ਹੋਵਣ ਲਲਕਾਰ,
ਵਿੱਚ ਦਵਾਤਾਂ ਡੋਬ ਦਿਓ ਕਲਮਾਂ ਦੇਵੋ ਜਾਲ।
ਇੱਕ ਚੰਨ ਰੋਜ਼ ਰਾਤ ਨੂੰ ਅਸਮਾਨੀਂ ਚੜ੍ਹਦਾ।
ਇੱਕ ਚੰਨ ਆ ਮੇਰਿਆਂ ਖਿਆਲਾਂ ਚ ਵੜਦਾ।
ਚੰਨ ਹੀ ਤਾਂ ਚੰਨ ਦੀਆਂ ਸੱਭੇ ਰਮਜ਼ਾਂ ਪਛਾਣੇ,
ਚੰਨ ਹੀ ਤਾਂ ਚੰਨ ਵਾਲੇ ਗੁੱਝੇ ਭੇਦ ਪੜ੍ਹਦਾ।
ਦੋਨੋ ਚੰਨ ਹੀ ਉਦਾਸ ਨੇ, ਇੱਕ ਖਾਮੋਸ਼ ਤੱਕੇ,
ਇੱਕ ਡੁੱਬੇ ਝਨਾਂ ਚ, ਕਦੇ ਥਲਾਂ ਚ ਸੜਦਾ।
ਉਸ ਚੰਨ ਦੀ ਹੋਂਦ ਤੋਂ ਹੋ ਜਾਵਾਂ ਕਿਵੇਂ ਮੁਨਕਰ,
ਜੋ ਜਿੱਤਾਂ ਹਾਰਾਂ ਚ ਸਦਾ ਮੇਰੇ ਨਾਲ ਖੜਦਾ।
ਇੱਕ ਚੰਨ ਦੀਆਂ ਰਿਸ਼ਮਾਂ ਚੋਰੀ ਹੋ ਗਈਆਂ,
ਇੱਕ ਚੰਨ ਸੌਂ ਗਿਆ ਰਾਤੀਂ ਕਰ ਕੇ ਪਰਦਾ।
ਰਾਤ ਦੀ ਬੁੱਕਲ ਹੀ ਰਹਿਣ ਦੇ ਪਨਾਹ ਮੇਰੀ,
ਸੂਰਜਾਂ ਦੀ ਛਾਂਵੇ ਕੌਣ ਮੇਰਾ ਜਿਕਰ ਕਰਦਾ।
ਮਹਿਫ਼ਲ ਚ ਚੰਨ ਬਣਿਆਂ ਹੀ ਮਹਿਫ਼ੂਜ ਹਾਂ,
ਐਵੇਂ ਮੇਰੇ ਟੋਏ ਟਿੱਬਿਆਂ ਦਾ ਫਿਕਰ ਕਰਦਾ।
ਠੰਢੇ ਬੁਰਜ਼ ਦੀ ਨੁੱਕਰੇ ਸੌਂ ਜਾ ਮੇਰੇ ਚੰਨ ਵੇ,
ਖੂਨ ਡੁੱਲਿਆਂ ਤੋਂ ਦੀਵਾਰਾਂ ਦਾ ਸੀਨਾ ਠਰਦਾ।
ਪਤਝੜ ਵੀ ਹੈ, ਹੈ ਸਾਜ਼ਸ਼ਾਂ ਦਾ ਵੀ ਸਿਲਸਿਲਾ ।
ਸੁੱਕੇ ਟਾਹਣੇ, ਜ਼ਰਦ ਪੱਤਿਆਂ ‘ਤੇ ਕਾਹਦਾ ਗਿਲਾ ।
ਬਾਜ਼ਾਰੋਂ ਲੈ ਆਇਉਂ ਕਾਗ਼ਜ਼ਾਂ ਦੀਆਂ ਪੰਖੜੀਆਂ,
ਚਲ ਅੱਜ ਦੀ ਘੜੀ ਤੂੰ ਵੀ ਤਾਂ ਕੋਈ ਗੁਲ ਖਿਲਾ ।
ਉਹ ਵੀ ਤਾਂ ਕਰ ਗਿਆ ਟੁਕੜੇ ਸਾਡੇ ਵਜੂਦ ਦੇ,
ਹੁੰਦਾ ਸੀ ਜਿਸ ਨੂੰ ਸਾਡੇ ਖਿੰਡ ਜਾਣ ਦਾ ਤੌਖਲਾ ।
ਬਣ ਜਾਂਦੀ ਮੇਰੀ ਪਿਆਸ ਮੇਰੇ ਖ਼ਾਬਾਂ ਦੇ ਹਾਣ ਦੀ,
ਜੇ ਹੁੰਦਾ ਨਾਲ ਮੇਰੇ ਦੋ ਕਦਮ ਤੁਰਨ ਦਾ ਹੌਸਲਾ ।
ਕਿੰਨਾ ਸੀ ਬੁਜ਼ਦਿਲ, ਮੇਰੇ ਲਈ ਮਰ ਗਿਆ ਜੋ,
ਜਿਉਂ ਸਕਿਆ ਨਾ ਮੇਰੇ ਲਈ, ਏਹੋ ਰਿਹਾ ਗਿਲਾ।
ਮੇਰੇ ਅੰਦਰ-ਬਾਹਰ, ਚਾਰ -ਚੁਫੇਰੇ ਜ਼ਹਿਰ ਹੈ,
ਜੇ ਮਾਰਨਾ ਚਾਹੇਂ, ਅੰਮ੍ਰਿਤ ਦੀ ਕੋਈ ਬੂੰਦ ਪਿਲਾ ।
ਸ਼ਹਿਰ ‘ਚ ਬਣ ਰਹੀ ਮੁਰਲੀ ਵਾਲੇ ਦੀ ਮੂਰਤੀ,
ਸ਼ਹਿਰ ਚ’ ਵਸਤਰ ਹਰਨ ਹੋ ਰਹੀ ਹੈ ਅਬਲਾ ।
ਸਮੇਂ ਦੇ ਤੁਫ਼ਾਨ ਅੱਗੇ ਚੱਲਿਆ ਕਿਸ ਦਾ ਜ਼ੋਰ ਸੀ,
ਕਿ ਖੋਖਲੇ ਦਰੱਖ਼ਤਾਂ ਨਾਲ ਲਿਪਟ ਗਿਆ ਕਾਫ਼ਲਾ।
ਪੀਲੇ ਭੂਕ ਪੱਤਿਓ ਲੈ ਜਾਓ ਮਾਰੂਥਲ ਦਾ ਸਿਰਨਾਵਾਂ।
ਉਡੀਕਾਂ ਰੁਮਕਦੀ ਬਹਾਰ ਨੂੰ, ਕੋਠਿਉਂ ਕਾਗ ਉਡਾਵਾਂ ।
ਮੋਏ ਤਨ ਦਾ ਮੇਰੇ ਮਹਿਰਮਾਂ ਨੂੰ ਬੜਾ ਫਿਕਰ ਸਤਾਵੇ,
ਮੈਂ ਵੀ ਹਾਂ ਗਮਮੀਨ ਯਾਰੋ, ਮਨ ਮੋਏ ਦਾ ਸੋਗ ਮਨਾਵਾਂ।
ਮਹਿਫਲ ਵਿੱਚ ਭਖਦਾ ਜੋਬਨ, ਛਲਕਦਾ ਜ਼ਾਮ ਵੀ,
ਨੱਚੇ ਲਚਾਰ ਨਰਤਕੀ ਦਿਖਾ ਮਦਮਸਤ ਅਦਾਵਾਂ ।
ਘਰਾਂ ਦੇ ਬੁਝਾ ਚਿਰਾਗ ਸਿਵਿਆਂ ਨੂੰ ਦੇ ਦਿਓ ਰੌਸ਼ਨੀ,
ਭੁੱਲੇ ਭਟਕੇ ਮੋਏ ਨਾ ਲੱਭ ਲੈਣ ਰੌਸ਼ਨੀ ਦੀਆਂ ਰਾਹਵਾਂ।
ਜਦ ਸੜਦਾ ਸੀ ਆਲਮ, ਘਰ ਬਣਿਆ ਪਨਾਹ ਮੇਰੀ,
ਅੱਗ ਦਹਿਲੀਜ਼ਾਂ ਲੰਘ ਆਈ, ਬਚਕੇ ਕਿਸ ਰਾਹੇ ਜਾਵਾਂ।
ਰੰਗਲੀ ਸੱਭਿਅਤਾ ਦੇ ਸਫਰ ਦੀ ਹੈ ਬੇਦਰਦ ਕਹਾਣੀ,
ਇੱਕ ਅਸਮਾਨ ਹੋਇਆ, ਇੱਕ ਨੂੰ ਖਾ ਲਿਆ ਘਟਨਾਵਾਂ।
ਕੈਦ ਕਰ ਰੌਸ਼ਨੀ!ਕੀਤਾ ਐਲਾਨ ਵਿਚਾਰਾਂ ਦੀ ਮੌਤ ਦਾ,
ਉੱਗਦੀ ਸੂਹੀ ਸਵੇਰ, ਆਜਾ ਅਸਮਾਨੀਂ ਸ਼ੇਕ ਦਿਖਾਵਾਂ।
ਮੈ ਮੇਰੇ ਲੋਕਾਂ ਦੀ ਵਿੱਥਿਆ, ਹਾਂ ਅਣਛੂਹਿਆ ਦਰਦ,
ਤੇਰੀ ਹਕੂਮਤ ਦੇ ਸਾਹਵੇਂ ਬਾਗ਼ੀ ਸ਼ਾਇਰ ਸਦਵਾਵਾਂ ।
ਮੈਂ ਖਲਾਅ ਵਿੱਚ ਲਟਕੀ ਬੀਤੇ ਸਮੇਂ ਦੀ ਮੂਰਤ ਨਹੀਂ,
ਮੈਂ ਹਾਂ ਇਨਕਲਾਬ, ਮੁੜ ਮੁੜ ਇਤਿਹਾਸ ਦੁਹਰਾਵਾਂ ।
ਕਮਲਿਆ ਸ਼ਾਇਰਾ ਗੱਲ ਦਿਲ ਤੇ ਨਾ ਲਾਇਆ ਕਰ ।
ਬਦਲੇ ਜਦ ਮੌਸਮ, ਤੂੰ ਵੀ ਬਦਲ ਜਾਇਆ ਕਰ ।
ਪਾਸੇ ਹੋ ਕੇ ਲੋਕਾਂ ਵਾਂਗੂੰ ਦੇਖੀ ਜਾਇਆ ਕਰ ਹਾਦਸੇ,
ਐਵੇਂ ਨਾ ਹਰ ਹਾਦਸੇ ਵਿੱਚੋਂ ਗੁਜ਼ਰ ਜਾਇਆ ਕਰ ।
ਜਦ ਆਪਣੀ ਗੁਲਾਮੀ ਦਾ ਪਰਿੰਦੇ ਨੂੰ ਹੀ ਰੰਜ ਨਹੀਂ,
ਨਾ ਜੰਗਲ ਨੂੰ, ਮੁਕਤੀ ਦੇ ਗੀਤ ਸੁਣਾਇਆ ਕਰ ।
ਹੋਵੇ ਜੇ ਵਖਤ ਬੁਰਾ, ਜਖ਼ਮ ਫੁੱਲ ਵੀ ਦੇ ਜਾਂਦੇ ਨੇ,
ਸੰਭਲ ਕੇ ਮਹਿਕਾਂ ਦੀ ਨਗਰੀ ਪੈਰ ਪਾਇਆ ਕਰ ।
ਜੋ ਠੋਕਰ ਦੇ ਕਾਬਲ ਨਹੀਂ ਸੀ, ਦੇਵਤਾ ਹੋ ਗਿਆ,
ਨਾ ਪੱਥਰ ਤਰਾਸ਼ ਕੇ, ਮੰਦਰੀਂ ਸਜਾਇਆ ਕਰ ।
ਜੋ ਟਿਮਟਿਮਾਵੇ, ਐਵੇਂ ਭੁਲੇਖਾ ਜੁਗਨੂੰਆਂ ਦਾ ਪਾਵੇ,
ਐਸੇ ਖੋਟੇ ਖ਼ਰੇ ਦੀ, ਨਾ ਤਾਸੀਰ ਅਜਮਾਇਆ ਕਰ ।
ਯਾਰ ਤੇਰੇ ਸ਼ਹਿਰ ਵਿੱਚ, ਹੈ ਨਜ਼ਰਬੰਦ ਰੌਸ਼ਨੀ,
ਨਾ ਖੁਦ ਜਲਿਆ ਕਰ, ਨਾ ਦੀਪ ਜਲਾਇਆ ਕਰ ।
ਦੌੜ ਵਿਚ ਹੁੰਦਿਆਂ ਵੀ ਜਿਨ੍ਹਾਂ ਦੀ ਕੋਈ ਮੰਜਿਲ ਨਹੀਂ।
ਇਸ ਤਰਾਂ ਦੇ ਰਾਹੀਆਂ ਨਾਲ ਯਾਰੋ ਮੈ ਸਾਮਿਲ ਨਹੀ।
ਕੁੱਝ ਬੁੱਤ ਇਸ ਤਰ੍ਹਾਂ ਦੇ ਲੱਗ ਗਏ ਨੇ ਸ਼ਹਿਰ ਅੰਦਰ,
ਕਤਲ ਵੀ ਦੇਖਦੇ ਨੇ ਆਖਦੇ ਨੇ ਕੋਈ ਕਾਤਿਲ ਨਹੀਂ।
ਮੇਰੇ ਮਹਿਰਮ ਰਸ਼ਤੇ ਹੀ ਬਣਾਉਂਦੇ ਰਹੇ ਉਮਰ ਸਾਰੀ,
ਪੁਲ ਉਸਾਰਨ ਦੀ ਕਦੇ ਉਹਨਾਂ ਨੇ ਕੀਤੀ ਗੱਲ ਨਹੀਂ।
ਕੀ ਕਹਾਂ ਉਨ੍ਹਾਂ ਦੇ ਉੱਚੀ ਕੂਕਣ ਦੇ ਮਸੀਹੀ ਅੰਦਾਜ਼ ਨੂੰ!
ਸ਼ਲੀਬਾਂ ਤੇ ਚੜ੍ਹ ਕੇ ਹੱਸਣੇ ਦਾ ਜੇ ਆਇਆ ਵੱਲ ਨਹੀਂ।
ਜਿਸ ਪਖੇਰੂ ਦੇ ਜ਼ਹਿਨ ਵਿੱਚ ਤਾਂਘ ਨਹੀਂ ਪਰਵਾਜ਼ ਦੀ,
ਪਿੰਜਰੇ ਬਿਨ ਉਸ ਦੀ ਜਿੰਦ ਦਾ ਕੁੱਝ ਵੀ ਹਾਸਿਲ ਨਹੀਂ।
ਦਿਲ ਨੂੰ ਦਿਲ ਮਿਲੇ, ਲਹਿਰ ਨੂੰ ਲਹਿਰ ਮਿਲੇ।
ਹਰਿੱਕ ਕਲਮ ਨੂੰ, ਸੁਰ ਤਾਲ ਤੇ ਬਹਿਰ ਮਿਲੇ।
ਬੁਰਕੀ ਕੱਪੜੇ ਛੱਤ ਨੂੰ ਨਾ ਤਰਸੇ ਆਦਮੀ,
ਸੁਲਗਦਾ ਧੂਣੀ ਵਾਂਗ ਨਾ ਸ਼ਹਿਰ ਮਿਲੇ।
ਕੰਮ ਚ ਗਿੜਦੇ ਰਹਿਣਾ ਫਿਤਰਤ ਅਪਣੀ,
ਚੈਨ ਅਸਾਂ ਨੂੰ ਘੜੀ ਪਲ ਨਾ ਪਹਿਰ ਮਿਲੇ।
ਅਗਜ਼ਨੀ ਦੰਗੇ ਮੌਤ ਦੇ ਬੱਦਲ਼ ਕਦੇ,
ਸੁਣਨ ਨੂੰ ਨਵਾਂ ਨਿੱਤ ਕੋਈ ਕਹਿਰ ਮਿਲੇ।
ਇਸ ਤਰ੍ਹਾਂ ਮਿਲਦੇ ਮਹਿਰਮ ਕਿ ਨਾ ਪੁੱਛ,
ਹੋਂਠ ਰਸ ਭਰੇ ਦਿਲਾਂ ਵਿੱਚੋਂ ਜ਼ਹਿਰ ਮਿਲੇ।
ਬੰਬ ਛੁਰੀਆਂ ਚਾਕੂ ਜੇ ਉਹ ਬੀਜ ਗਿਆ,
ਕਿਸ ਦਰੋਂ ਉਸ ਨੂੰ ਅਮਨ ਦੀ ਖੈਰ ਮਿਲੇ?
ਰੌਸ਼ਨੀ ਲੱਪ ਕੁ ਦੇ ਦਿੳੋ ਸ਼ਹਿਰ ਤਾਈਂ,
ਭਿੜਜੇਗਾ ਕਿੱਡਾ ਵੀ ਚਾਹੇ ਕਹਿਰ ਮਿਲੇ।
ਝਾਂਜਰ ਮਿੱਤਰਾਂ ਦੇ ਦਰ ਤੇ ਛਣਕਾ ਆਏ ਹਾਂ ।
ਸਾਹਵੇਂ ਦੁਸ਼ਮਣਾ ਦੇ ਤਾਂ ਬੱਕਰੇ ਬੁਲਾ ਆਏ ਹਾਂ ।
ਗੁੜ ਦੀ ਰੋੜੀ ਨਹੀਂ ਵਜੂਦ ਸਾਡਾ, ਪਿੱਪਲ ਹਾਂ,
ਪੱਥਰਾਂ ਚੋਂ ਵੀ ਆਪਣਾ ਆਪ ਉਗਾ ਆਏ ਹਾਂ ।
ਮੋਢਾ ਦੇਣੇ ਨੂੰ ਚਾਰ ਲੋਕਾਂ ਦੀ ਪਰਵਾਹ ਨਹੀਂ,
ਕਲਮ ਸੱਚ ਦੀਆਂ ਰਗਾਂ ਤੇ ਟਿਕਾ ਆਏ ਹਾਂ ।
ਗਾਂਧੀ ਵੀ ਕਿੱਡਾ ਕੁ ਸੱਚ ਏ, ਪਰਖ ਲਵਾਂਗੇ,
ਸੋਚ ਨੂੰ ਤਰਕ ਦੀ ਸਾਣ ਉੱਤੇ ਘਸਾ ਆਏ ਹਾਂ ।
ਗੁਲਾਮੀ ਦੀ ਜ਼ਿੰਦਗੀ ਨਾ ਮਨਜੂਰ ਅਸਾਂ ਨੂੰ,
ਗਲ਼ ਲਾ ਮੌਤ, ਜ਼ਿੰਦਗੀ ਨੂੰ ਰੁਸ਼ਨਾ ਆਏ ਹਾਂ ।
ਕੈਦ ਅਸੀਂ ਸੀ ਕਿ ਹਕੂਮਤ, ਹੈ ਵਕਤ ਗਵਾਹ,
ਜੇਲੋਂ ਰੌਸ਼ਨੀ ਦਾ ਪੈਗਾਮ ਘਰੀਂ ਪਹੁੰਚਾ ਆਏ ਹਾਂ।
ਕਿਸਨੇ ਕਿਹਾ ਕਿ ਤੇਰੀ ਹੋਂਦ ਤੋਂ ਮੁਨਕਰ ਅਸੀਂ,
ਐ ਖੁਦਾ ਤੇਰੀ ਹੋਂਦ ਦੇ ਭਰਮ ਵੀ ਮਿਟਾ ਆਏ ਹਾਂ।
ਜਸ਼ਨ ਤਰੱਕੀ ਦੇ ਲਹੂ ਦੀ ਕੀਮਤ ਉੱਤੇ ਜਰਦਾ ਰਿਹਾ।
ਦੇਸ਼ ਤਾਂ ਖੁਸ਼ਹਾਲ ਹੋਇਆ, ਚੁੱਲਾ ਮੇਰਾ ਠਰ੍ਹਦਾ ਰਿਹਾ।
ਵਸਤੂ ਦੀ ਵਧ ਗਈ ਕਦਰ, ਸਸਤਾ ਹੋ ਗਿਆ ਆਦਮੀ,
ਭੁੱਖ ਸਾਹਵੇਂ ਜੀਣ ਦੀਆਂ ਬਾਜ਼ੀਆਂ ਨਿੱਤ ਹਰਦਾ ਰਿਹਾ।
ਡਾਰ ਚਿਰਾਗਾਂ ਦੀ ਰੱਖ ਆਏ ਜਿਸ ਬਨੇਰੇ 'ਤੇ ਬਾਲ ਕੇ,
ਉੱਲੂਆਂ ਨੂੰ ਹਰਦਮ ਖਿਆਲ ਕਿੰਨਾ ਉਸ ਘਰ ਦਾ ਰਿਹਾ।
ਹੈ ਹਰਿਆਲੀ ਕਿਸੇ ਹੋਰ ਥਾਂ, ਕਿਨਾਰੇ ਕਿਸੇ ਹੋਰ ਦੇ ਖੁਰੇ,
ਆਇਆ ਪਾਣੀ ਹੋਰ ਥਾਵੋਂ, ਮੀਂਹ ਹੋਰ ਥਾਵੇਂ ਵਰ੍ਹਦਾ ਰਿਹਾ।
ਆਖਰ ਲਾ ਮਹਿੰਦੀ, ਵਟਣਾ ਮਲ, ਲਿਆ ਬਦਲ ਪਿੰਜਰਾ,
ਖੰਭ ਵੀ ਸਨ, ਨੈਣੀਂ ਪਰਵਾਜ਼ ਦਾ ਸੁਪਨਾ ਤਰਦਾ ਰਿਹਾ ।
ਕੀ ਦੱਸਾਂ ਹਾਲ-ਏ-ਆਲਮ, ਹਰ ਸਖ਼ਸ ਹਿੱਪੀ ਹੋ ਗਿਆ,
ਨਗਨ ਹੋਣ ਦੀ ਹੈ ਦੌੜ, ਜਿਸਮ ਉੱਤੇ ਨਾ ਪਰਦਾ ਰਿਹਾ।
ਰਹਿਬਰ ਸੀ ਪੱਥਰ, ਮੇਰਾ ਰਹਿਨੁਮਾਂ ਪੁਜਾਰੀ ਹੋ ਗਿਆ,
ਸੰਗ ਹਨੇਰੇ ਹੋ ਚਗਲੇ ਸੱਵਾਦਾਂ ਦੀ ਹਾਮੀ ਭਰਦਾ ਰਿਹਾ।
ਤਿਲਕ, ਟੋਪੀ, ਭਗਵੇਂ ਚੋਲੇ ਵੱਸ ਪਾ ਦਿੱਤਾ ਇਨਸਾਨ,
ਰੋਟੀ ਦੀ ਥਾਂ ਮੰਦਰ, ਮਸਜਿਦ ਦਾ ਫਿਕਰ ਕਰਦਾ ਰਿਹਾ।
ਵਸੀਹਤ ਕਰਾਈ ਨਈਓਂ, ਰੁਕ ਜਾਵੇ ਨਾ ਸਾਹ ਬਾਪੂ ਦਾ,
ਸਿਰਹਾਣੇ ਬੈਠੇ ਵਾਰਸਾਂ ਦਾ ਐਵੇਂ ਨਾ ਦਿਲ ਖ਼ਰਦਾ ਰਿਹਾ!
ਹਨੇਰੇ ਦੀ ਸ਼ਰਤ ਇਹ, ਹੋ ਹਾਵੋ ਕਤਲ ਸ਼ਾਂਤ ਰਹਿ ਕੇ,
ਖਿੱਚ ਲਵੋ ਜ਼ੁਬਾਨ, ਜੋ ਜਿਉਣ ਦੀ ਹਿੰਮਤ ਕਰਦਾ ਰਿਹਾ।
ਹਾਂ ਸੋਚਾਂ ਵਿੱਚ ਸੁਲਗਦੇ, ਵਾਂਗ ਜੁਗਨੂੰਆਂ ਬਲਣਾ ਸਿੱਖੋ,
ਚੀਰ ਦਿਓ ਗਰਦਿਸ਼ਾਂ, ਕਦ ਤਾਈਂ ਚੰਨ 'ਤੇ ਪਰਦਾ ਰਿਹਾ।
ਗਰਦਿਸ਼, ਧੁੰਦੂਕਾਰ ਵਿੱਚ ਘਿਰ ਗਿਆ ਨਗਰ ।
ਉਂਝ ਅਖ਼ਬਾਰ ਵਿੱਚ ਹੀ ਨਾ ਛਪੀ ਕੋਈ ਖ਼ਬਰ ।
ਕੋਈ ਕਾਇਦਾ ਹੁੰਦੈ ਕਤਲ ਤੇ ਕੁੱਟਮਾਰ ਦਾ ਵੀ,
ਦੌੜ ਹੀ ਗਈ, ਕਦ ਤਾਈਂ ਸਹਿੰਦੀ ਲਾਸ਼ ਜਬਰ ।
ਦੇਖ ਨੰਗੀਆਂ ਮਾਡਲਾਂ ਆ ਜਾਵੇ ਮੂੰਹ ‘ਚ ਪਾਣੀ,
ਔੜਾਂ ਮਾਰੇ ਜੰਗਲ ਦੀ ਹੀ ਨਾ ਮਜ਼ਾ ਦੇਵੇ ਖ਼ਬਰ ।
ਕਦੇ ਜੋ ਜਿਸਮ ਦੇ ਬਜ਼ਾਰ ਦਾ ਛਲਕਦਾ ਜ਼ਾਮ ਸੀ,
ਓਹ ਭਿਖਮੰਗੀ ਬੁੱਢੀ ਵੇਸਵਾ ਭਟਕੇ ਦਰ-ਬ-ਦਰ ।
ਪੀ ਲੈ ਭੁੱਖੇ ਲਾਲ ਠੰਢੇ ਚੁੱਲੇ ਦੀ ਤੂੰ ਰਾਖ਼ ਘੋਲਕੇ,
ਤੇਰੇ ਸਿਸਕ ਕੇ ਜਿਉਂਦੇ, ਨਾ ਮੋਏ ਦੀ ਏਥੇ ਕਦਰ ।
ਮੈਂ ਰੀਂਗ ਕੇ ਜੀਅ ਰਿਹਾ ਦੇਸ਼ ਦਾ ਆਮ ਆਦਮੀ,
ਮੈਨੂੰ ਪੋਟਾ ਪੋਟਾ ਪਿੰਜ ਰਹੀ ਜ਼ਿੰਦਗੀ ਦੀ ਡਗਰ ।
ਭੁੱਖ, ਪਿਆਸ, ਤੜਫ, ਬੇਬਸੀ ਉੱਤੇ ਹੱਸਦੇ ਸੀ ਜੋ,
ਮਚਾਵਣ ਸ਼ੋਰ, ਜਦ ਟੁੱਟ ਗਿਆ ਸਾਡਾ ਸਬਰ ।
ਉੱਚੇ ਅੰਬਰੀਂ ਪਰ ਤੋਲਣ ਦਾ ਹੈ ਨਾਂ ਜ਼ਿੰਦਗੀ ।
ਮੌਤ ਦੇ ਸਿਰ ਚੜ੍ਹ ਬੋਲਣ ਦਾ ਹੈ ਨਾਂ ਜ਼ਿੰਦਗੀ ।
ਹਿੱਕਾਂ ਤਣ ਕੇ ਤੁਰਨ ਜੋ, ਇਸ ਦਾ ਸ਼ਿੰਗਾਰ ਨੇ,
ਬੁਜ਼ਦਿਲਾਂ ਨੂੰ ਤਾਂ ਮਾਰਦੀ ਹਰ ਥਾਂ ਜ਼ਿੰਦਗੀ ।
ਵਖਤ ਨਾਲੋਂ ਇੱਕ ਵਾਰੀ ਪਛੜ ਗਿਆਂ ਨੂੰ,
ਫੇਰ ਮੁੜਕੇ ਨਾ ਦੇਵੇ ਜਿਉਣ ਦਾ ਸਮਾਂ ਜ਼ਿੰਦਗੀ।
ਕਦ ਕਿਹਾ ਸੀ ਮੈਂ ਰੁਮਾਂਸ ਦੀ ਗੱਲ ਨਾ ਕਰੋ,
ਕੇਵਲ ਰੁਮਾਂਸ ਦਾ ਹੀ ਤਾਂ ਨਹੀਂ ਹੈ ਨਾਂ ਜ਼ਿੰਦਗੀ ।
ਕਿਸੇ ਯੁੱਗ ‘ਚ ਫਾਂਸੀ, ਕਿਸੇ ‘ਚ ਸਲੀਬ ਮਿਲੀ,
ਅਸਾਂ ਚਰਖੜ੍ਹੀਆਂ ਚੜ੍ਹ ਰੱਖੀ ਰਵਾਂ ਜ਼ਿੰਦਗੀ ।
ਤੱਤੀ ਤਵੀ ਉੱਬਲਦੀ ਦੇਗ਼ ਨੇ ਪਰਖਿਆ ਸਾਨੂੰ,
ਜਰਵਾਣਿਆਂ ਅੱਗੇ ਨਾ ਝੁਕੀ ਕਿਸੇ ਥਾਂ ਜ਼ਿੰਦਗੀ।
ਧੁਪ ਸਾਡੀ, ਛਾਂ ਵੀ ਸਾਡੀ, ਸੰਭਲ ਕੇ ਚੁੱਕੋ ਕਦਮ,
ਕਰ ਦਿਓ ਉੱਗ ਰਹੀ ਰੌਸ਼ਨੀ ਦੇ ਨਾਂ ਜ਼ਿੰਦਗੀ ।
ਅਸੀਂ ਫਿਰ ਮੁੜ ਆਏ ਹਾਂ ਐ ਜ਼ਿੰਦਗੀ ਤੇਰੇ ਕਲਾਵੇ।
ਸਾਜ਼ ਕੋਈ ਐਸਾ ਵਜਾ ਕਿ ਰੂਹ ਤਾਈਂ ਉਤਰ ਜਾਵੇ।
ਨਦੀ ਦੇ ਕਿਨਾਰੇ ਨਾ ਬੁਝੇ ਜੋ, ਐਸੀ ਇਹ ਪਿਆਸ ਹੈ,
ਸਾਨੂੰ ਤਾਂ ਮਹਿਬੂਬ ਦੀ ਬੁੱਕਲ ਚ ਵੀ ਨਾ ਚੈਨ ਆਵੇ।
ਸ਼ੀਸ਼ੇ ਨਾਲ ਮਿਲਾਦੇ, ਸਾਨੂੰ ਆਪਣਾ ਆਪ ਦਿਖਾ ਦੇ,
ਹੁਣ ਤਪਦੀ ਕੋਈ ਰੇਤ ਨਾ ਨਦੀ ਦਾ ਭੁਲੇਖਾ ਪਾਵੇ।
ਸਾਡੇ ਸਾਹਵੇਂ ਹੀ ਤਾਂ ਫਿਜ਼ਾ ਵਿੱਚ ਜ਼ਹਿਰ ਘੁਲਿਆ,
ਤੇਰੇ ਹਰ ਅਪਮਾਨ ਦਾ ਦੋਸ਼ ਸਾਡੇ ਹੀ ਸਿਰ ਆਵੇ।
ਖੋਭਕੇ ਹਿੱਕਾਂ ਚ ਖੰਜ਼ਰ, ਲਾਸ਼ਾਂ ਨਦੀ ਵਿੱਚ ਰੋੜ੍ਹਕੇ,
ਡਾਢਾ!ਡੁੱਬ ਕੇ ਮਰ ਜਾਣ ਦੀ ਖ਼ਬਰ ਨਸ਼ਰ ਕਰਾਵੇ।
ਸੂਹੇ ਦਹਿਕਦੇ ਹਰਫ਼ੋ ਬਹਿ ਜਾਓ ਚੁੱਪ ਕਰਕੇ।
ਇਲਮਾਂ ਵਾਲੇ ਮਾਪਣਗੇ ਬਹਿਰ ਪੈਮਾਨੇ ਫੜਕੇ।
ਆਪੇ ਨੂੰ ਮਿਲਣਾ ਪੈਂਦਾ, ਆਪੇ ਨੂੰ ਹੀ ਤਰਕੇ।
ਵਜੂਦ ਸਾਡੇ ਦੇ ਯਾਰੋ, ਪਏ ਖਿੱਲਰੇ ਨੇ ਵਰਕੇ ।
ਹਾਂ ਕਿਰਤੀ ਮੰਡੀ ਦੇ ਉਜਰਤੀ ਮਜ਼ਦੂਰ ਅਸੀ,
ਰੋਜ਼ ਹੀ ਵਿਕਦੇ ਹਾਂ ਲੇਬਰ ਚੌਂਕ ਵਿੱਚ ਖੜ੍ਹਕੇ ।
ਗੱਲ ਆਪਣੀ ਸੁਣਾ, ਨਾ ਛੇੜ ਸਾਡੇ ਦਰਦਾਂ ਨੂੰ,
ਰੱਖੀਏ ਮਸ਼ੀਨਾਂ ਰਵਾਂ ਖੁਦ ਭੋਰਾ ਭੋਰਾ ਮਰਕੇ ।
ਇਹਨਾਂ ਚਿਮਨੀਆਂ ਦੇ ਧੂਏਂ ਨੂੰ ਪੁਛਿਓ ਜ਼ਰਾ,
ਸਾਡੇ ਸਾਹ ਕਿੰਨੇ ਰਲੇ ਨੇ, ਇਸ ਵਿੱਚ ਖ਼ਰਕੇ।
ਸ਼ੀਸ਼ੇ ਦੇ ਮਹਿਲ ਜਦੋਂ ਵੀਂ ਮੂੰਹ ਚਿੜਾਉਣ ਸਾਡਾ,
ਕੱਢੀਏ ਗਾਲ ਕਰਮਾਂ ਨੂੰ ਲੰਬਾ ਹਉਕਾ ਭਰਕੇ ।
ਹਬਸੀ ਵਿਹੜੇ ਚ, ਭੁੱਖ ਦਾ ਤਾਂਡਵ ਹੋ ਰਿਹਾ,
ਕਦ ਤਾਂਈਂ ਉਹ ਰੱਖਦੀ ਜੋਬਨ ਬਾਹੀਂ ਭਰਕੇ।
ਸਿਰ ਧੌਣੋ ਜੇ ਲਹਿ ਜਾਂਦਾ, ਗੱਲ ਹੋਰ ਹੋਣੀ ਸੀ,
ਇਹ ਤਾਂ ਆ ਗਏ ਨੇ ਸਿਰ ਕਦਮਾਂ ਉੱਤੇ ਧਰਕੇ।
ਲਫ਼ਜਾਂ ਦੇ ਜਾਦੂਗਰ, ਕਵੀ ਬਹੁਤ ਮਸ਼ਹੂਰ ਨੇ,
ਖੁਦ ਨੂੰ ਪਰਚਾਉਂਦੇ, ਖੁਦ ਹੀ ਨਜ਼ਮਾਂ ਪੜ੍ਹਕੇ।
ਧਰਵਾਸ ਦਿੰਦੇ ਨੇ ਦਿਲ ਨੂੰ ਉਜਾਲਿਆਂ ਦਾ,
ਰੋਜ਼ ਰਾਤਾਂ ਨੂੰ ਗੱਲਾਂ ਜੁਗਨੂੰਆਂ ਦੀਆਂ ਕਰਕੇ ।
ਇਨਕਲਾਬਾਂ ਨੂੰ ਮੁੜ ਦੁਹਰਾਏਗਾ ਇਤਿਹਾਸ,
ਅੱਗ ਦੇ ਸਫ਼ਿਆਂ ਉੱਤੇ, ਹਰਫ ਲਹੂ ਦੇ ਧਰਕੇ ।
ਸ਼ੋ ਕੇਸ਼ਾਂ ਵਿੱਚ ਜਿਨ੍ਹਾ ਇਹ ਪਰਿੰਦੇ ਨੇ ਸਜਾਏ ।
ਉੱਡਦੇ ਪਰਿੰਦੇ ਓਨ੍ਹਾ ਨੂੰ ਕਦੇ ਰਾਸ ਨਾ ਆਏ ।
, ਚੋਰੀ ਚੁਪਕੇ ਮਾਪਣ ਉਹ ਸਾਡੇ ਖੰਭਾਂ ਨੂੰ,
ਨਾਪਣ ਉਦ੍ਹਾ ਅੰਬਰ ਅਸੀਂ ਡੰਕਾ ਨਾਲ ਲਿਆਏ।
ਕੱਚੇ ਕੱਚ ਦੀ ਨਾ ਕੀਤੀ ਸੀ ਪਰਖ ਜਿਨ੍ਹਾਂ ਨੇ,
ਹੀਰੇ ਦੀ ਭਾਲ ‘ਚ ਰਾਤੀਂ ਮੇਰੇ ਦਰ ਆਏ ।
ਅਕਸਰ ਡਰ ਜਾਂਦਾ ਹੈ ਓਹ ਚਲਾ ਕੇ ਗੋਲੀ
ਜੋ ਇਮਤਿਹਾਨਾਂ‘ਚ ਸਾਡਾ ਹੌਸਲਾ ਅਜਮਾਏ।
ਵੰਗਾਰ ਹਨੇਰੇ ਨੂੰ, ਸਫ਼ਰਾਂ‘ਚ ਉਮਰ ਬੀਤੀ,
ਤੁਰੇ ਕੰਡਿਆਂ ਤੇ, ਰਹੇ ਤਲਵਾਰਾਂ ਦੇ ਸਿਰ ਛਾਏ ।
ਚੁੱਕ ਦਿਆਂਗੇ ਘੂੰਗਟ ਚੂੜੇ ਵਾਲੀ ਨਾਰ ਦਾ,
ਨਾ ਅਸਾਂ ਸੌਣਾ ਰਾਹਾਂ‘ਚ, ਨਾ ਬੱਕੀ ਅਟਕਾਏ।
ਲਫ਼ਜਾਂ ਦੇ ਜਾਦੂਗਰੋ ਨਾ ਪਾਵੋ ਤਾਰਿਆਂ ਦੀ ਬਾਤ ।
ਸਾਡੀ ਰੋਜ਼ ਗੁਜਰਦੀ ਛਾਵੇਂ ਤਾਰਿਆਂ ਦੇ ਰਾਤ।
ਚਗਲਿਓ ਸਵਾਦੋ ਕੀ ਪਰਖਦੇ ਹੋ ਸਾਡੀ ਜਾਤ ।
ਪਰਖੋ ਕਿ ਜਰਾ, ਦਿਸ ਜਾਵੇਗੀ ਸਾਡੀ ਔਕਾਤ ।
ਚਰਚਿਤ ਨੇ ਤੁਹਾਡੀਆਂ ਅੱਯਾਸ਼ੀਆਂ ਦੇ ਕਿੱਸੇ,
ਨਹੀਂ ਸੋਂਹਦੀ ਮੂਹੋਂ ਤੁਹਾਡੇ ਇਬਾਦਤ ਦੀ ਬਾਤ।
ਤੁਸੀਂ ਰੋਜ ਡਰਾਉਂਦੇ ਹੋ ਸ਼ੂਲਾਂ ਤੇ ਨਸ਼ਤਰਾਂ ਤੋਂ,
ਸਾਡੀ ਰੋਜ਼ ਹੁੰਦੀ ਏ ਸਲੀਬਾਂ ਨਾਲ ਮੁਲਾਕਾਤ।
ਸਾਡੀ ਬੁੱਕਲ ਵਿੱਚ ਸੂਰਜ, ਚਾਰੇ ਪਾਸੇ ਸ਼ੋਰ,
ਖੰਘ ਕੇ ਨਾ ਲੰਘੇ ਸਾਡਿਆਂ ਦਰਾਂ ਤੋਂ ਹੁਣ ਰਾਤ।
ਇੱਕ ਰੁੱਤ ਸੀ ਬਦਲੀ, ਹਰ ਇੱਕ ਨਜ਼ਾਰਾ ਬਦਲ ਗਿਆ।
ਤੇਰੀ ਨਜ਼ਰ ਕੀ ਬਦਲੀ, ਆਲਮ ਸਾਰਾ ਬਦਲ ਗਿਆ।
ਲੱਖ ਛਣਕਾਵੀਂ ਝਾਂਜਰਾਂ, ਦਿਲ ਵਿੱਚ ਹੀ ਕਸਕ ਨਾ ਰਹੀ,
ਹੈ ਬੁਝ ਗਈ ਪਿਆਸ, ਸੰਯੋਗ ਦਾ ਸਿਤਾਰਾ ਬਦਲ ਗਿਆ।
ਕੀ ਕੁਝ ਮਿਟ ਗਿਆ ਸੀ ਯਾਰੋ ਓਥੇ ਬੰਦੇ ਦੀ ਧੌਣ ਨਾਲ,
ਰੂਹ ਦਾ ਸਾਥੀ, ਪਲ ਵਿੱਚ ਯਾਰ ਪਿਆਰਾ ਬਦਲ ਗਿਆ।
ਉਮਰਾਂ ਦੇ ਸਾਥ ਦਾ ਵਾਅਦਾ ! ਛੱਡ ਫੋਕੇ ਧਰਵਾਸ ਨੂੰ,
ਤੇਰੀ ਕਿਸਤੀ ਸੀ ਬਦਲੀ, ਸਾਡਾ ਕਿਨਾਰਾ ਬਦਲ ਗਿਆ।
ਹੈ ਫਿਜ਼ਾ ਇਹ ਐਸੀ ਕਿ ਹੁਣ ਤਾਂ ਬੰਸਰੀ ਵੀ ਖਾਮੋਸ਼ ਹੈ,
ਹੈ ਹਵਾ ਦੀ ਇਹ ਸਾਜ਼ਿਸ, ਸਾਜ਼ ਨਿਆਰਾ ਬਦਲ ਗਿਆ।
ਭੁੱਖੇ ਰਾਂਝੇ ਸੰਗ ਹੀਰ ਨੂੰ ਇਸ਼ਕ ਦਾ ਕੋਈ ਚਾਅ ਨਾ ਰਿਹਾ,
ਗਿਆ ਮੁਰਸ਼ਦ ਬਦਲ, ਤਖ਼ਤ ਹਜ਼ਾਰਾ ਬਦਲ ਗਿਆ ।
ਐ ਰਸਤੇ ਦਿਆ ਜੁਗਨੂੰਆ ਰਾਤ ਭਰ ਟਿਮਟਿਮਾਉਂਦਾ ਰਹਿ।
ਚੰਨ ਗਰਦਿਸ਼ਾਂ ਲੁਕੋ ਲਿਆ,ਮੁਕਤੀ ਦੇ ਖ਼ਾਬ ਦਿਖਾਉਂਦਾ ਰਹਿ।
ਘਰਾਂ ‘ਚ ਬੈਠਣ ਦਾ ਅਰਥ ਅਣਚਾਹੀ ਮੌਤ ਵੱਲ ਸਰਕ ਜਾਣਾ,
ਵਕਤ ਦੇ ਸਵਾਲਾਂ ਨੂੰ ਹੋ ਮੁਖ਼ਾਤਬ,ਨਵੇਂ ਰਾਹ ਬਣਾਉਂਦਾ ਰਹਿ।
ਇਹ ਖਾਮੋਸ਼ ਚਿਹਰੇ ਹਾਦਸੇ ਵਿੰਹਦੇ ਵਿੰਹਦੇ,ਹਾਦਸਾ ਹੋ ਗਏ,
ਇਨ੍ਹਾਂ ਅਣਕਹੇ ਲਫ਼ਜਾਂ ਦੀ ਮੌਤ ਦਾ ਮਰਸੀਆ ਗਾਉਂਦਾ ਰਹਿ।
ਪੈਰੀਂ ਬੇੜੀਆਂ ਪਾਈਆਂ,ਸੈਂਸਰ ਕੀਤੀ ਗੈਰਾਂ ਤੇਰੀ ਸ਼ਬਦਾਬਲੀ,
ਬੇੜੀਆਂ ਨੂੰ ਤੂੰ ਝਾਂਜਰ ਬਣਾ,ਮੁਕਤੀ ਦਾ ਰਾਗ ਸੁਣਾਉਂਦਾ ਰਹਿ।
ਮਾਂ ਧਰਤੀ ਦਾ ਕਰਜ਼ ਚੁਕਾ,ਪੋਟਾ ਪੋਟਾ ਬੀਜ ਕੇ ਆਪਣਾ ਆਪ,
ਵੱਢਿਆਂ ਮੁੱਕ ਨਹੀਂ ਹੋਣੇ,ਹਰ ਮੋੜ ਤੇ ਸੂਰਜ ਉਗਾਉਂਦਾ ਰਹਿ।
ਸ਼ੀਸ਼ਾ ਕੀਤਾ ਹਜ਼ਾਰ ਟੁਕੜੇ,ਹਰ ਟੁਕੜਾ ਨਸ਼ਤਰ ਹੋਇਆ।
ਪੱਥਰਾਂ ਰੁੱਤ ਰੰਗਲੀ ਲਈ,ਨਸ਼ਤਰਾਂ ਦਾ ਹਾਰ ਪਰੋਇਆ।
ਚੁਣ ਚੁਣ ਮਾਰੇ ਗਏ ਸੀ,ਬਸਤੀਆਂ ਚੋਂ ਗੈਰ ਮਜ਼ਹਬੀ ਲੋਕ,
ਖਬਰ ਛਪੀ ਕਿ ਸ਼ਹਿਰ ਅੰਦਰ,ਨਹੀਂ ਕਤਲੇਆਮ ਹੋਇਆ।
ਅੱਧੀ ਰਾਤੀਂ ਪੁਲਸੀਏ ਮਾਰ ਗਏ ਸੀ ਜੰਗਲ ਦਾ ਰਖਵਾਲਾ,
ਮਾਂ ਸਵੇਰ ਕਦ ਹੋਊ,ਗੋਦੀ ਵਿੱਚ ਸਹਮਿਆ ਬਾਲ ਰੋਇਆ।
ਬੇਸ਼ੱਕ ਸ਼ਾਂਤ ਦੌੜ ਰਹੀ,ਚੁੱਪ ਦੀ ਵੀ ਕੋਈ ਭਾਸ਼ਾ ਹੁੰਦੀ ਹੈ,
ਵੰਡੋ ਇਲਮ, ਭੀੜ ਲਵੇਗੀ ਮੁਕਤੀ ਦਾ ਸੁਪਨਾ ਨਰੋਇਆ
ਸਮਿਆਂ ਨੇ ਈਸਾ ਹਾਲੇ ਵੀ ਟੰਗਿਆ ਹੋਇਐ ਸਲੀਬ ਉੱਤੇ,
ਨਾਨਕ ਕਰਦਾ ਫਿਰੇ ਉਦਾਸੀਆਂ,ਮੈਂ ਘਰ ਦਾ ਬੂਹਾ ਢੋਇਆ।
ਇੱਕ ਚੰਨ ਰੋਜ਼ ਰਾਤ ਨੂੰ ਅਸਮਾਨੀਂ ਚੜ੍ਹਦਾ।
ਇੱਕ ਚੰਨ ਆ ਮੇਰਿਆਂ ਖਿਆਲਾਂ ਚ ਵੜਦਾ।
ਚੰਨ ਹੀ ਤਾਂ ਚੰਨ ਦੀਆਂ ਸੱਭੇ ਰਮਜ਼ਾਂ ਪਛਾਣੇ,
ਚੰਨ ਹੀ ਤਾਂ ਚੰਨ ਵਾਲੇ ਗੁੱਝੇ ਭੇਦ ਪੜ੍ਹਦਾ।
ਦੋਨੋ ਚੰਨ ਹੀ ਉਦਾਸ ਨੇ,ਇੱਕ ਖਾਮੋਸ਼ ਤੱਕੇ,
ਇੱਕ ਡੁੱਬੇ ਝਨਾਂ ਚ,ਕਦੇ ਥਲਾਂ ਚ ਸੜਦਾ।
ਉਸ ਚੰਨ ਦੀ ਹੋਂਦ ਤੋਂ ਹੋ ਜਾਵਾਂ ਕਿਵੇਂ ਮੁਨਕਰ,
ਜੋ ਜਿੱਤਾਂ ਹਾਰਾਂ ਚ ਸਦਾ ਮੇਰੇ ਨਾਲ ਖੜਦਾ।
ਇੱਕ ਚੰਨ ਦੀਆਂ ਰਿਸ਼ਮਾਂ ਚੋਰੀ ਹੋ ਗਈਆਂ,
ਇੱਕ ਚੰਨ ਸੌਂ ਗਿਆ ਰਾਤੀਂ ਕਰ ਕੇ ਪਰਦਾ।
ਰਾਤ ਦੀ ਬੁੱਕਲ ਹੀ ਰਹਿਣ ਦੇ ਪਨਾਹ ਮੇਰੀ,
ਸੂਰਜਾਂ ਦੀ ਛਾਂਵੇ ਕੌਣ ਮੇਰਾ ਜਿਕਰ ਕਰਦਾ।
ਮਹਿਫ਼ਲ ਚ ਚੰਨ ਬਣਿਆਂ ਹੀ ਮਹਿਫ਼ੂਜ ਹਾਂ,
ਐਵੇਂ ਮੇਰੇ ਟੋਏ ਟਿੱਬਿਆਂ ਦਾ ਫਿਕਰ ਕਰਦਾ।
ਠੰਢੇ ਬੁਰਜ਼ ਦੀ ਨੁੱਕਰੇ ਸੌਂ ਜਾ ਮੇਰੇ ਚੰਨ ਵੇ,
ਖੂਨ ਡੁੱਲਿਆਂ ਤੋਂ ਦੀਵਾਰਾਂ ਦਾ ਸੀਨਾ ਠਰਦਾ।
ਅਸੀਂ ਲਹਿਰਾਂ ਦੀ ਤਰ੍ਹਾਂ
ਟਕਰਾ ਕੇ ਚੱਟਾਨਾ ਨਾਲ
ਪਰਤ ਜਾਂਦੇ ਰਹੇ ਹਾਂ
ਵਾਰ ਵਾਰ ਵਾਪਿਸ ।
ਤੇ ਉਹ
ਹਾਂ ਉਹ
ਜਸ਼ਨ ਮਨਾ ਲੈਂਦੇ ਰਹੇ ਨੇ
ਸਾਡੀਆਂ ਹਾਰਾਂ ਦੇ ।
ਅੱਜ ਲਹਿਰਾਂ ਨੇ
ਰੂਪ ਧਾਰ ਲਿਆ ਤੁਫ਼ਾਨਾਂ ਦਾ
ਅੱਜ ਅਸੀਂ ਫੇਰ ਆਏ ਹਾਂ
ਚੱਟਾਨਾਂ ਨਾਲ ਟਕਰਾਉਣ ਲਈ।
ਸਾਨੂੰ ਪਤਾ ਹੈ
ਹਾਂ ਪਤਾ ਹੈ
ਚੱਟਾਨਾਂ ਵਿੱਚ ਏਨੀ ਤਾਕਤ ਨਹੀਂ
ਕਿ ਰੋਕ ਸਕਣ ਤੁਫ਼ਾਨਾਂ ਦਾ ਰਸਤਾ।
(ਅੱਜ ਸਾਡੇ ਇਨਕਲਾਬੀ ਕਵੀ ਪਾਸ਼ ਦਾ ਜਨਮ ਦਿਨ । ਇਹ ਰਚਨਾ ਪਾਸ਼ ਨੂੰ ਸਮਰਿਪਤ ਹੈ।
ਤੇ ਅੱਜ ਮਹਾਨ ਇਨਕਲਾਬੀ ਪਥ ਪੱਦਰਸ਼ਕ ਕਾਮਰੇਡ ਮਾਓ ਦਾ ਵੀ ਜਨਮ ਦਿਨ ਤੇ। ਪਾਸ਼ ਦਾ
ਜਨਮ ਵੀ ਇਤਫਾਕਨ ਮਹਾਨ ਕਰਤੀਕਾਰੀ ਮਾਓ ਦੇ ਜਨਮ ਦਿਨ ਨਾਲ ਜੁੜਿਆ ਹੈ ਤੇ ਸ਼ਹੀਦੀ
ਦਿਨ ਵੀ ੨੩ ਮਾਰਚ ਮਹਾਨ ਕ੍ਰਾਂਤੀਕਾਰੀ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸਹੀਦੀ ਦਿਨ ਨਾਲ
ਜੁੜਿਆ ਹੈ । ਸਾਥੀਓ ਸਾਰਿਆਂ ਨੂੰ ਲਾਲ ਸਲਾਮ)
ਮੈਂ ਕਿਸੇ ਵੇਲੇ ਵੀ ਫਟ ਸਕਦਾ ਹਾਂ
ਸ਼ਾਮ-ਸਵੇਰੇ
ਦੁਪਿਹਰੇ
ਅੱਧੀ ਰਾਤ ਨੂੰ ।
ਮੈਂ ਕਿਤੇ ਵੀ ਫਟ ਸਕਦਾ ਹਾਂ
ਰਾਜਧਾਨੀ
ਅਸੀਂ ਬਲੀ ਹਾਲ ਅੰਦਰ
ਕੋਰਟ ਕਚਿਹਰੀ
ਕਿਸੇ ਬਾਬੂ ਦੇ ਦਫ਼ਤਰ ਚ
ਤੁਹਾਡੇ ਅੰਦਰ ਬਾਹਰ
ਚਾਰ ਚੁਫੇਰੇ।
ਮੈਂ ਕਿਤੇ ਵੀ ਫਟ ਸਕਦਾ ਹਾਂ
ਧਰਤੀ
ਅਸਮਾਨ
ਸਮੁੰਦਰ ਚੋਂ
ਮੈਂ ਜਦ ਵੀ ਫਿਟਆ ਹਾਂ
ਕਿਸੇ ਤੋਂ ਇਜਾਜਤ ਨਹੀਂ ਮੰਗੀ
ਫਟਣ ਲਈ ਥਾਂ ਨਹੀਂ ਮੰਗੀ
ਫਟਣ ਦਾ ਵੇਲਾ ਨਹੀਂ ਮੰਗਿਆ
ਮੈਂ ਫਟਿਆ
ਹਕੂਮਤ ਨੰਗੀ ਹੋ ਗਈ
ਲੱਭਦੀ ਰਹੀ ਬਹਾਨਾਂ
ਮੈਨੂੰ ਫਾਹੇ ਲਾਉਣ ਦੇ
ਕੀਤੀਆਂ ਗੋਲ ਮੇਜ਼ ਕਾਨਫਰੰਸਾਂ
ਡੋਲਿਆ ਤਖ਼ਤ ਗਾਂਧੀ ਦਾ
ਡੋਲਿਆ ਤਖ਼ਤ ਅੰਗਰੇਜ਼ ਦਾ।
ਤੁਹਾਨੂੰ ਯਾਦ ਹੋਵੇਗੀ
ਰੋਮ ਦੇ ਗੁਲਾਮਾਂ ਦੀ ਬਗਾਵਤ
ਰੂਸੀ ਇਨਕਲਾਬ
ਅਜਾਦ ਹਿੰਦ ਫੌਜ
ਹਿਮਾਲਿਆ ਮੇਰੇ ਫਟਣ ਦਾ ਨਤੀਜਾ ਹੈ
ਤੇ ਹਿਮਾਲਿਆ ਮੇਰੀ ਸਿਰਜਣਾ ਵੀ ਹੈ।
ਹਾਂ ਮੈਂ ਜਵਾਲਾਮੁਖੀ
ਕਿਤੋ ਵੀ ਫਟ ਸਕਦਾ ਹਾਂ………
ਮਾਏ ਨੀ ਮਾਏ ਨੈਣਾਂ ਮੇਰਿਆਂ ‘ਚ ਰੜ੍ਹਕ ਰਵੇ ।
ਨਿੱਕੀ ਜਿਹੀ ਜਿੰਦ ਨਿਮਾਣੀ ਕੀ ਕੀ ਦਰਦ ਸਵੇ।
ਮਾਏ ਨੀ ਮਾਏ.......
ਮੇਰੇ ਜੰਮਣ ਤੇ ਘਰ ਦੀਆਂ ਨੀਹਾਂ ਕਿਉਂ ਕੰਬੀਆਂ ?
ਬਾਬਲ ਦੇ ਦਿਲ ਉੱਤੇ ਫਿਰ ਗਈਆਂ ਕਿਉਂ ਰੰਬੀਆਂ?
ਹਾਏ!ਟਹਿਣੀਆਂ ਬੂਹੇ ਅੱਗੇ ਨਿਮ ਦੀਆਂ ਨਾ ਟੰਗੀਆਂ,
ਦੱਸ ਨੀ ਤੂੰ ਦੱਸ ਨੀ ਮਾਏ, ਕਿਉਂ ਤੂੰ ਵੰਡੇ ਨਾ ਮੇਵੇ ?
ਮਾਏ ਨੀ ਮਾਏ.......
ਸੱਧਰਾਂ ਤੇ ਚਾਵਾਂ ਨੂੰ ਮੈਂ ਸੀਨੇ ਲਿਆ ਦੱਬ ਸੀ,
ਮੁੱਲ ਦਾ ਜਦ ਮਾਹੀਆ ਲਿਆ ਮੇਰੇ ਲਈ ਲੱਭ ਸੀ,
ਹਾਏ!ਬਾਬਲ ਦੀ ਪੱਗ ਵਾਲੀ ਇਹਦੇ ਸਿਰ ਲੱਜ ਸੀ,
ਤੁਰਦੀ ਹੋਈ ਡੋਲੀ ਨੂੰ, ਘਰ ਵਾਲੀ ਦਹਿਲੀਜ ਕਵੇ।
ਮਾਏ ਨੀ ਮਾਏ.......
ਆਦਮ ਯੁੱਗ ਦੀ ਇੱਕ ਦਿਨ ਮੈਂ ਪਟਰਾਣੀ ਸੀ,
ਰੂਹ ਦਾ ਜਦ ਮਿਲਦਾ ਮੈਨੂੰ ਵੀ ਹਾਣੀ ਸੀ,
ਹਾਏ!ਮੇਰੀ ਗੁਲਾਮੀ ਵਾਲੀ ਅਜਬ ਕਹਾਣੀ ਸੀ,
ਜਦ ਮਰਦ ਬਣਾਈ ਜੁੱਤੀ, ਜੀ ਕੀਤਾ ਭੋਗ ਲਵੇ।
ਮਾਏ ਨੀ ਮਾਏ.......
ਮੰਨਾ ਨਾ ਕਰਮਾਂ ਨੂੰ, ਕਿਸਮਤ ਦੀ ਬਾਤ ਨਾ ਪਾਈਂ,
ਹਰ ਇੱਕ ਸੱਚ ਤੋਂ ਜਾਵਾਂ ਮੈਂ ਪਰਦਾ ਹਟਾਈਂ,
ਹਾਏ!ਚੰਡੀ ਮੈਂ ਬਣ ਜਾਣਾ, ਪੁਟਾਂਗੀ ਜੁਲਮਾਂ ਤਾਈਂ,
ਮੇਰਾ ਅਸਮਾਨ ਹੋਵੇਗਾ, ਉੱਗਦੀ ਹੋਈ ਰੌਸ਼ਨੀ ਕਵੇ।
ਮਾਏ ਨੀ ਮਾਏ.......
ਬਾਬਲ ਦੀ ਪੱਗ ਵਾਲੀ ਮੇਰੇ ਸਿਰ ਲੱਜ ਕਿਉਂ?
ਵੀਰੇ ਮੇਰੇ ਨੂੰ ਕੋਈ ਵੀ ਕਿਉਂ ਕੁਝ ਨਾ ਕਵੇ ।
ਮਾਏ ਨੀ ਮਾਏ ਨੈਣਾਂ ਮੇਰਿਆਂ ‘ਚ ਰੜ੍ਹਕ ਰਵੇ ।
ਨਿੱਕੀ ਜਿਹੀ ਜਿੰਦ ਨਿਮਾਣੀ ਕੀ ਕੀ ਦਰਦ ਸਵੇ।
ਮਾਏ ਨੀ ਮਾਏ.......
ਬੱਦਲੀ ਫੇਰ ਵਰ੍ਹ ਰਹੀ ਹੈ
ਉੱਛਲਦੇ ਸਮੁੰਦਰ ਉੱਤੇ
ਬੱਦਲੀ ਏਸੇ ਭਰਮ ‘ਚ ਹੈ
ਕਿ ਉਹ ਬੁਝਾ ਰਹੀ ਹੈ
ਸਮੁੰਦਰ ਦੀ ਪਿਆਸ
ਰੋਮ ਰੋਮ ਸਮਾ ਰਹੀ ਹੈ
ਸਮੁੰਦਰ ਦੇ ਵਜੂਦ ਅੰਦਰ
ਬੱਦਲੀ ਨੂੰ ਨਹੀਂ ਪਤਾ
ਕਿ ਰੋਜ਼ ਹੀ ਸਮੁੰਦਰ
ਨਿਗਲ਼ ਜਾਂਦਾ ਹੈ ਵਜੂਦ
ਕਿੰਨੀਆਂ ਬੱਦਲੀਆਂ ਦਾ
ਬੱਦਲੀ ਤਾਂ ਏਸੇ ਭਰਮ ‘ਚ ਹੈ
ਕਿ ਸਮੁੰਦਰ ਨੂੰ ਹੈ ਤੜਫ
ਉਸਦੇ ਮਿਲਾਪ ਦੀ
ਬੱਦਲੀ ਤਾਂ ਏਸੇ ਭਰਮ ‘ਚ ਹੈ
ਕਿ ਪਿਆਸ ਬੁਝਾਉਣ ਦਾ ਅਰਥ
ਕਿਸੇ ਤੇ ਬਰਸ ਜਾਣਾ ਹੈ
ਕਾਸ਼ ਬੱਦਲੀ ਵਰ੍ਹ ਜਾਂਦੀ
ਇੱਕ ਵਾਰ ਤਪਦੇ ਮਾਰੂਥਲ ਤੇ
ਜਾਣ ਜਾਂਦੀ ਪਿਆਸ ਦੇ ਅਰਥ
ਬੱਦਲੀ ਜਾਣ ਜਾਂਦੀ
ਕਿ ਪਿਆਸ ਬੁਝਾਉਣ ਲਈ
ਕਿੰਨਾਂ ਜਰੂਰੀ ਹੁੰਦਾ ਹੈ
ਆਪਣੇ ਵਜੂਦ ਦਾ ਕਾਇਮ ਹੋਣਾ
ਤੇ ਬੱਦਲੀ ਇਹ ਵੀ ਜਾਣ ਜਾਂਦੀ
ਕਿ ਹਬਸ ਤੇ ਪਿਆਸ ‘ਚ
ਹੁੰਦੈ ਕਿੰਨਾਂ ਅੰਤਰ ।
ਬੱਦਲੀ ਫੇਰ ਵਰ੍ਹ ਰਹੀ ਹੈ
ਉੱਛਲਦੇ ਸਮੁੰਦਰ ਉੱਤੇ........
ਮਰਿਆਦਾ ਦੇ ਨਾ ਤੇ ਖਾਧੇ ਜੂਠੇ ਬੇਰ
ਕਦੇ ਕਟਵਾ ਦਿੱਤਾ ਨੱਕ ਅਬਲਾ ਦਾ
ਸਵੰਬਰ ਚ ਸੱਦੇ ਸਿਰਫ ਰਾਜਕੁਮਾਰ
ਉਂਝ ਮਿੱਤਰਾਂ ਨੂੰ ਕਿਹੜਾ ਨਹੀਂ ਆਉਂਦੀ
ਪਾਣੀ ਚ ਦੇਖ ਮੱਛੀ ਦੀ ਅੱਖ ਫੁੰਡਣੀ।
ਮਰਿਆਦਾ ਦੇ ਨਾ ਤੇ
ਦੇਖਿਆ ਤਮਾਸ਼ਾ ਭਰੀ ਸਭਾ ਅੰਦਰ
ਦਰੋਪਦੀ ਦੀ ਸਾੜੀ ਉੱਤਰਨ ਦਾ
ਕਿੰਨੀਆਂ ਹੀ ਕਲੀਆਂ ਨਗਨ ਤੱਕੀਆਂ
ਰਾਸ ਲੀਲਾ ਕਾਮ ਮੁਦਰਾਵਾਂ ਚ
ਅਖਵਾਇਆ ਸਭ ਤੋਂ ਵੱਡਾ ਜਤੀ!
ਕਦੇ ਬਣਾ ਦਿੱਤਾ ਕਿਸੇ ਨੂੰ ਦੇਵਤਾ
ਕਦੇ ਬਣ ਗਿਆ ਆਪ
ਦੇਵਤਿਆਂ ਦਾ ਸਰਤਾਜ਼!
ਉਂਝ ਸਾਨੂੰ ਕਿਹੜਾ ਪਤਾ ਨਹੀਂ ਸੀ
ਕਿ ਤੂੰ ਸੀ ਕਿਸ ਕੁਲ ਵਿੱਚੋਂ
ਤੂੰ ਬਣਾਈਆਂ ਸੀ ਕਿੰਝ ਕੁਲਾਂ
ਤੇ ਤੇਰੀ ਕੀ ਸੀ ਔਕਾਤ
ਕਿਵੇਂ ਕੀਤੀ ਸੀ ਮਨੂੰ ਨੇ ਸ਼ੁਰੂਆਤ।
ਮਰਿਯਾਦਾ ਦੇ ਨਾ ਤੇ ਲਿੰਗ ਪੂਜਾ
ਮਸੂਮ ਜਿੰਦ ਦਾ ਗਲਾ ਕੱਟਣਾ
ਤੇ ਲੈ ਆਉਣਾ ਹਾਥੀ ਦਾ ਸਿਰ
ਮਮੂਲੀ ਜਿਹੀ ਤਕਰਾਰ ਤੇ
ਜਿਵੇਂ ਤੂੰ ਸਭ ਤੋਂ ਵੱਡਾ ਡਾਕਟਰ ਹੋਵੇਂ
ਸਿਰਫ ਤੇਰੇ ਹੋਵੇ ਕੋਲ ਮਨੁੱਖ ਦੇ ਗਲ਼ ਤੇ
ਜਾਨਵਰ ਦਾ ਗਲਾ ਲਾਉਣ ਦੀ ਤਕਨੀਕ
ਜਿਵੇਂ ਤੂੰ ਨਾ ਗਿਆ ਹੋਵੇਂ ਸ਼ਿਕਾਰ ਤੇ
ਗਿਆ ਹੋਵੇਂ ਵਿਦੇਸ਼ੀਂ ਪੈਸੇ ਕਮਾਉਣ
ਤੇ ਨਾ ਪਤਾ ਹੋਵੇ ਤੈਨੂੰ
ਕੀ ਜਨਮਿਆ ਏ ਤੇਰੇ ਘਰ ਚ
ਹਾਥੀ ਮਨੂਖ ਜਾਂ ਕੁੱਝ ਹੋਰ ।
ਮਰਿਆਦਾ ਦੇ ਨਾ ਤੇ
ਅਜੰਤਾ ਅਲੋਰਾ ਦੀਆਂ ਮੂਰਤੀਆਂ
ਫੁੱਟਦੀ ਕਲੀ ਦੀ ਪਹਿਲੀ ਰਾਤ
ਪੁਜਾਰੀ ਨੂੰ ਭੇਂਟ ਹੋਣਾ
ਅਸ਼ਲੀਲਤਾ ਦਾ ਸਿਖ਼ਰ
ਕੋਕ ਸ਼ਾਸਤਰ
ਤੱਕਣੀ ਰਿਸ਼ੀ ਕੰਨਿਆ
ਚੰਦਰਮਾ ਨੂੰ ਦਾਗ਼ੀ ਕਰ ਦੇਣਾ
ਕਾਮਧੇਨ ਲਈ ਲੜਾਈਆਂ
ਕਦੇ ਹਾਰਨਾ ਕਦੇ ਜਿੱਤਣਾ!
ਮਰਿਯਾਦਾ ਦੇ ਨਾ ਤੇ ਲਛਮਣ ਰੇਖਾ
ਤੇਰੀ ਕੈਦ ‘ਚ ਵੀ ਮਰਿਯਾਦਾ
ਰਾਵਣ ਦੀ ਕੈਦ ‘ਚ ਵੀ ਮਰਿਯਾਦਾ
ਪੈਰ ਪੈਰ ਤੇ ਮੇਰਾ ਇਮਤਿਹਾਨ
ਮਰਿਯਾਦਾ ਦੇ ਨਾ ਤੇ
ਆਪ ਟੱਪ ਗਿਆ ਸਭ ਰੇਖਾਵਾਂ
ਵਾਹ! ਮਰਿਯਾਦਾ ਪੁਰਸ਼ੋਤਮ……
(ਅਧੂਰੀ ਰਚਨਾ)
|