ਪੰਜਾਬੀ ਗ਼ਜ਼ਲਾਂ ਕ੍ਰਿਸ਼ਨ ਭਨੋਟ
ਅਸੀਂ ਹਸਕੇ ਲੰਘਾ ਦੇਣੀ ਗ਼ਮਾਂ ਦੀ ਰਾਤ ਉੱਪਰ ਦੀ।
ਚੜ੍ਹੀ ਆਉਂਦੀ ਹਨੇਰੇ ਚੀਰਦੀ ਪ੍ਰਭਾਤ ਉੱਪਰ ਦੀ।
ਮੈਂ ਆਖਰ ਜਿੱਤਣਾ ਹੈ ਮਿਲ਼ਣ ਹਾਰਾਂ ਸੈਂਕੜੇ ਵਾਰੀ,
ਯਕੀਨ ਐਨਾ ਕਿ ਹੋ ਸਕਦੀ ਨ ਮੈਥੋਂ ਮਾਤ ਉੱਪਰ ਦੀ।
ਤਿਰੇ ਹਿਜਰਾਂ ਚ ਲਾਈਆਂ ਮੇਰੀਆਂ ਅੱਖੀਆਂ ਨੇ ਉਹ ਝੜੀਆਂ,
ਇਨ੍ਹਾਂ ਝੜੀਆਂ ਤੋਂ ਹੋ ਸਕਦੀ ਨਹੀਂ ਬਰਸਾਤ ਉੱਪਰ ਦੀ।
ਅਨੇਕਾਂ ਮੁਸ਼ਕਲਾਂ ਮੈਂ ਆਪਣੇ ਹੱਥੀਂ ਹੰਢਾਈਆਂ ਨੇ,
ਨ ਮਾਰੀ ਮੁਸ਼ਕਲਾਂ ਤੇ ਓਪਰੀ ਮੈਂ ਝਾਤ ਉੱਪਰ ਦੀ।
ਸ਼ਰੀਫਾਂ ਨੂੰ ਭਲਾ ਹੁਣ ਕੌਣ ਪੁੱਛਦਾ ਹੈ ਤਿਰੀ ਨਗਰੀ,
ਸ਼ਰੀਫਾਂ ਚੋਂ ਤਾਂ ਹਰ ਖੇਤਰ ਚ ਨੇ ਕਮਜ਼ਾਤ ਉੱਪਰ ਦੀ।
ਅਜੇ ਕਿੰਨੀਆਂ ਨਿਵਾਣਾਂ ਵੱਲ ਜਾਣਾ ਹੋਰ ਹੈ ਇਸਨੇ,
ਕਹਾਉਂਦੀ ਸਾਰੀਆਂ ਜ਼ਾਤਾਂ ਚੋਂ ਆਦਮ ਜ਼ਾਤ ਉੱਪਰ ਦੀ।
ਰਹੇ ਹਾਲਾਤ ਵਿਚ ਤੇ ਜਜ਼ਬਿਆਂ ਵਿਚ ਘੋਲ਼ ਤਾਂ ਚਲਦਾ,
ਕਦੇ ਹਾਲਾਤ ਉੱਪਰ ਦੀ, ਕਦੇ ਜਜ਼ਬਾਤ ਉੱਪਰ ਦੀ।
ਕਿਸੇ ਨਿਰਵਾਣ ਦੀ, ਮੁਕਤੀ ਦੀ, ਮੈਨੂੰ ਲੋੜ ਨਾ ਕੋਈ,
ਮਿਲ਼ੀ ਮੁਕਤੀ ਦੇ ਨਾਲ਼ੋਂ ਜ਼ਿੰਦਗੀ ਦੀ ਦਾਤ ਉੱਪਰ ਦੀ।
ਕਹਾਉਨੈਂ ਸੰਤ, ਮਾਇਆ ਨਾਗਣੀ ਨੂੰ ਮਾਰਦੈਂ ਜੱਫ਼ੇ,
ਤਿਰਾ ਕਿਰਦਾਰ ਨੀਵਾਂ 'ਕ੍ਰਿਸ਼ਨ' ਕਰਦੈਂ ਬਾਤ ਉੱਪਰ ਦੀ।
ਇਕ ਇਮਤਿਹਾਨ ਜ਼ਿੰਦਗੀ, ਹਿੰਮਤ ਨਾ ਹਾਰਨਾ।
ਹਿੰਮਤ ਨਾ ਹਾਰਨਾ ਕਦੀ, ਹਿੰਮਤ ਨਾ ਹਾਰਨਾ।
ਤਰਸੀ ਪਈ ਹੈ ਤੇਰਿਆਂ ਪੈਰਾਂ ਦੀ ਧੂੜ ਨੂੰ,
ਮੰਜ਼ਿਲ ਉਡੀਕਦੀ ਖੜ੍ਹੀ, ਹਿੰਮਤ ਨਾ ਹਾਰਨਾ।
ਰੋਕੇਗਾ ਕੌਣ ਜਿੱਤਣੋਂ, ਕਿਸਦੀ ਮਜ਼ਾਲ ਹੈ,
ਇਕ ਸ਼ਰਤ ਹੈ ਕਿ ਆਪਣੀ, ਹਿੰਮਤ ਨਾ ਹਾਰਨਾ।
ਮਿਲਦੇ ਜ਼ਰੂਰ, ਮਿਲਣ ਪਰ ਸਹਿਕੇ ਮੁਸੀਬਤਾਂ,
ਰਸ, ਰਾਗ,ਰੰਗ,ਰੌਸ਼ਨੀ, ਹਿੰਮਤ ਨਾ ਹਾਰਨਾ।
ਛੇਕਾਂ ਦੇ ਨਾਲ ਬਾਂਸ ਜਿਉਂ, ਬਣਦਾ ਹੈ ਬੰਸਰੀ,
ਜ਼ਖ਼ਮਾਂ ਦੇ ਨਾਲ ਜ਼ਿੰਦਗੀ, ਹਿੰਮਤ ਨਾ ਹਾਰਨਾ।
ਹੋ ਕੇ ਨਿਰਾਸ਼ ਝੂਰਨਾ, ਕੁਝ ਨਾ ਸੁਆਰਦਾ,
ਜੀਵਨ ਸੰਘਰਸ਼ ਹੈ ਬਈ, ਹਿੰਮਤ ਨਾ ਹਾਰਨਾ।
ਮਿਲਣੀ, ਵਿਯੋਗ, ਗ਼ਮ,ਖ਼ੁਸ਼ੀ, ਪਤਝੜ ਅਤੇ ਬਹਾਰ,
ਇਹਨਾ ਦਾ ਮੇਲ ਕੁਦਰਤੀ, ਹਿੰਮਤ ਨਾ ਹਾਰਨਾ।
ਛੱਡਣਾ ਨਹੀਂ ਹੈ ਕ੍ਰਿਸ਼ਨ ਤੂੰ ਆਸ਼ਾ ਦਾ ਲੜ ਕਦੀ,
ਆਵੇ ਜਦੋਂ ਔਖੀ ਘੜੀ, ਹਿੰਮਤ ਨਾ ਹਾਰਨਾ।
ਇੱਕ ਦੂਜੇ ਦੀ ਖ਼ੁਸ਼ੀ ਦੇ ਨਾਲ ਏਨਾ ਵੈਰ ਕਿਉਂ,
ਆਦਮੀ ਨੂੰ ਆਦਮੀ ਦੇ ਨਾਲ ਏਨਾ ਵੈਰ ਕਿਉਂ ।
ਬਾਜ ਵਾਂਗੂੰ ਇਹ ਅਚਿੰਤੇ ਝਪਟ ਪੈਂਦੀ ਕਿਉਂ ਸਦਾ,
ਮੌਤ ਨੂੰ ਹੈ ਜ਼ਿੰਦਗੀ ਦੇ ਨਾਲ ਏਨਾ ਵੈਰ ਕਿਉਂ ।
ਕੁੱਖ ਵਿਚ ਹੀ ਮਸਲ ਦਿੰਦੇ ਨੇ ਵਿਚਾਰੀ ਮਹਿਕ ਨੂੰ,
ਮਾਲੀਆਂ ਨੂੰ ਹੈ ਕਲੀ ਦੇ ਨਾਲ ਏਨਾ ਵੈਰ ਕਿਉਂ ।
ਚੰਨ ਮੁਖੜੇ ਨੂੰ ਸੰਵਾਰਨ ਦੀ ਪਈ ਹੈ ਲੋੜ ਕੀ,
ਸੁਹਣਿਆਂ ਦਾ ਸਾਦਗੀ ਦੇ ਨਾਲ਼ ਏਨਾ ਵੈਰ ਕਿਉਂ ।
ਜਦ ਕਿਤੇ ਦੀਵਾ ਜਗੇ, ਦੀਵਾ ਬੁਝਾਉਣਾ ਲੋਚਦੇ,
ਨੇਰ੍ਹਿਆਂ ਦਾ ਰੌਸ਼ਨੀ ਦੇ ਨਾਲ ਏਨਾ ਵੈਰ ਕਿਉਂ ।
ਖਾਣੇ, ਪੀਣੇ, ਲੜਨੇ, ਮਰਨੇ ਨੂੰ ਅਸੀਂ ਮੋਹਰੀ ਸਦਾ,
ਕੌਮ ਦਾ ਹੈ ਸੋਚਣੀ ਦੇ ਨਾਲ ਏਨਾ ਵੈਰ ਕਿਉਂ ।
ਜਦ ਕਦੇ ਮੌਕਾ ਮਿਲੇ, ਪਿੱਠ ਵਿਚ ਛੁਰਾ ਨੇ ਖੋਭਦੇ,
ਦੋਸਤਾਂ ਨੂੰ ਦੋਸਤੀ ਦੇ ਨਾਲ ਏਨਾ ਵੈਰ ਕਿਉਂ ।
ਕਿਉਂ ਰਹੇਂ ਗ਼ਮਗ਼ੀਨ ਹਰ ਪਲ, ਗ਼ਮ ਸਦਾ ਰਹਿਣੇ ਨਹੀਂ,
ਮੁਸਕਰਾ ਤੂੰ, ਮੁਸਕਣੀ ਦੇ ਨਾਲ ਏਨਾ ਵੈਰ ਕਿਉਂ ।
ਘਿਰ ਗਏ ਏਨੇ ਵਿਰੋਧਾ ਵਿੱਚ ਆਪਾਂ ਕ੍ਰਿਸ਼ਨ ਹੁਣ,
ਕੀ ਕਹਾਂ ਕੀਹਦਾ ਹੈ ਕੀਹਦੇ ਨਾਲ ਏਨਾ ਵੈਰ ਕਿਉਂ ।
ਖਿਲਰੇ ਜੁ ਰਾਹਾਂ 'ਚ, ਕੁਝ ਤਾਂ ਕੰਡੇ ਬੁਹਾਰਦੇ।
ਸਿਰ ਆਪਣੇ ਤੋਂ, ਜ਼ਿੰਦਗੀ ਦਾ ਰਿਣ ਉਤਾਰ ਦੇ।
ਓਹੀ ਅਖ਼ੀਰ ਲੁੱਟਦੇ ਬੁੱਲੇ ਬਹਾਰ ਦੇ।
ਜੋ ਲੋਕ ਪਤਝੜਾਂ ਦੀਆਂ ਛਮਕਾਂ ਸਹਾਰਦੇ।
ਕਿੰਨੀ ਵੀ ਤਾਰਨੀ ਪਵੇ, ਕੀਮਤ ਉਹ ਤਾਰਦੇ।
ਪਾਉਣੈ ਜਿਨ੍ਹਾਂ ਨੇ ਲਕਸ਼, ਉਸ ਸੀਅ ਨਾ ਉਚਾਰਦੇ।
ਜਿੰਨਾ ਸਕੇਂ ਸਕਾਰ ਤੂੰ ਸੁਪਨਾ ਸਕਾਰ ਦੇ।
ਜਿੰਨੀ ਸਕੇਂ ਸੰਵਾਰ ਤੂੰ ਦੁਨੀਆਂ ਸੰਵਾਰ ਦੇ।
ਮੈਂ ਤਾਂ ਹਮੇਸ਼ ਹੀ ਖੜ੍ਹਾਂ ਹਾਜ਼ਰ ਤਿਰੇ ਲਈ,
ਤੈਨੂੰ ਜਦੋਂ ਵੀ ਲੋੜ ਹੈ ਤੂੰ ਹਾਕ ਮਾਰ ਦੇ।
ਐਵੇਂ ਨਾ ਹੋ ਉਦਾਸ ਤੂੰ ਕੁਝ ਫੜ ਕਰਾਰ ਹੁਣ,
ਤੂੰ ਉੱਠ, ਚੱਲ, ਢਹਿੰਦੀਆਂ ਸੋਚਾਂ ਨਕਾਰਦੇ।
ਪਤਵੰਤਿਆਂ ਨੂੰ ਸ਼ੋਭਦੈ, ਦੂਹਰਾ ਮਿਆਰ ਤਾਂ,
ਹੁੰਦੀ ਜ਼ਰਾ ਨ ਮੈਲ਼ ਵੀ, ਦਿਲ ਵਿਚ ਗੰਵਾਰ ਦੇ।
ਅਪਣੀ ਜ਼ੁਬਾਨ 'ਕਿਸ਼ਨ' ਦੇਹ, ਤੂੰ ਲੋਕ-ਪੀੜ ਨੂੰ,
ਲੋਕਾਂ ਦਾ ਦਰਦ, ਰੀਝ, ਚਾਅ, ਜਜ਼ਬਾ ਉਭਾਰ ਦੇ।
ਚੱਲੇ ਗ਼ਜ਼ਲ ਦੀ ਗੱਲ ਤਾਂ ਤੇਰੇ 'ਤੇ ਮੁੱਕਦੀ,
ਪਿੱਛੇ ਖੜ੍ਹਾ ਏਂ 'ਕਿਸ਼ਨ' ਤੂੰ ਲੰਮੀ ਕਤਾਰ ਦੇ।
ਗੀਟਾ ਹਾਂ ਵਾਸਤਾ ਰਿਹਾ ਹੈ, ਪੱਥਰਾਂ ਦੇ ਨਾਲ਼।
ਹੋਇਆਂ ਮੈਂ ਗੋਲ਼ ਕਿੰਨੀਆਂ ਹੀ ਠੋਕਰਾਂ ਦੇ ਨਾਲ਼।
ਉਡਣਾ ਨਹੀਂ ਹੈ ਮਾਂਗਵੇਂ ਖੰਭਾਂ ਦੇ ਜ਼ੋਰ 'ਤੇ,
ਮੈਂ ਲੋਚਦਾ ਹਾਂ ਉੱਡਣਾ, ਅਪਣੇ ਪਰਾਂ ਦੇ ਨਾਲ਼।
ਦਿਲ ਤੋੜ ਕੇ ਖ਼ੁਸ਼ ਹੋ ਗਿਉਂ ਹੁਣ ਤਾਂ ਤੂੰ ਬਖ਼ਸ਼ ਦੇਹ,
ਕਿਉਂ ਖੇਡਣਾ ਤੂੰ ਲੋਚਦਾ ਏਂ ਕੰਕਰਾਂ ਦੇ ਨਾਲ਼।
ਸੱਟਾਂ ਪਲ਼ੋਸ ਬੈਠ ਕੇ ਜ਼ਖ਼ਮਾਂ 'ਤੇ ਮਾਣ ਕਰ,
ਪਾ ਲੈ ਤੂੰ ਹੋਰ ਦੋਸਤੀ ਜ਼ੋਰਾਵਰਾਂ ਦੇ ਨਾਲ਼।
ਭੂ-ਹੇਰਵਾ ਮਨੁੱਖ ਦਾ ਘਟਦਾ ਹੈ ਵਕ਼ਤ ਨਾਲ਼,
ਪੈਂਦਾ ਹੈ ਵਕ਼ਤ ਨਾਲ਼ ਮੋਹ ਨਵਿਆਂ ਘਰਾਂ ਦੇ ਨਾਲ਼।
ਜਾਣੈਂ ਵਲੈਤ ਬਣਕੇ ਕਲਾਕਾਰ ਸੋਚ ਲੈ,
ਕੁਝ ਮੇਲ਼ ਜੋਲ਼ ਗੰਢ ਲੈ, ਪਰਮੋਟਰਾਂ ਦੇ ਨਾਲ਼।
ਭਰਦੀ ਹੈ ਜੇਬ ਤਾਂ ਬਿਲੇ ਲ਼ਗਣ ਦੇ ਵਾਸਤੇ,
ਭਰਦੀ ਬਿਲਾਂ ਦੇ ਨਾਲ਼ ਹੈ ਉੱਡਦੀ ਕਰਾਂ ਦੇ ਨਾਲ਼।
ਕੀ ਹੈ ਕਵੀ ਦਾ, ਹੈ ਕਵੀ ਬੱਚੇ ਦੇ ਵਾਂਗਰਾਂ,
ਇਹ ਪਰਚਿਆ ਰਹੇ ਸਦਾ ਹੀ ਅੱਖਰਾਂ ਦੇ ਨਾਲ਼।
ਅੰਬਾਂ ਦੀ ਥਾਂ ਅੰਬਾਕੜੀ ਲਾਹੇ ਨਾ 'ਕਿਸ਼ਨ' ਭੁੱਖ,
ਲਹਿੰਦੀ ਨਾ ਭੁੱਖ ਮੇਲ਼ ਦੀ, ਖ਼ਤ ਪੱਤਰਾਂ ਦੇ ਨਾਲ਼।
ਵਫ਼ਾਦਾਰੀ ਬਦਲ ਜਾਂਦਾ ਏ ਪਲ ਪਲ, ਦਲ-ਬਦਲ ਵਾਂਗੂੰ।
ਮਹਾਂ-ਨਗਰੀ ਤਿਰਾ ਹਰ ਇਕ ਬਸ਼ਰ, ਲੱਗਦਾ ਏ ਛਲ ਵਾਂਗੂੰ।
ਤੂੰ ਚਿੱਕੜ ਵਿਚ ਘਿਰਿਐਂ, ਇਹ ਤਾਂ ਤੇਰੀ, ਖੁ਼ਸ਼ਨਸੀਬੀ ਹੈ,
ਤਿਰੇ ਹਿੱਸੇ 'ਚ ਹੀ ਆਇਐ ਮਨਾ, ਖਿੜਨਾ ਕੰਵਲ ਵਾਂਗੂੰ।
ਰਤਾ ਵੀ ਧੁੱਪ ਜੋ ਸਹਿੰਦੇ ਨ ਕੁਮਲ਼ਾ ਕੇ ਬਿਖ਼ਰ ਜਾਂਦੇ,
ਜੁ ਸਹਿੰਦੇ ਮੌਸਮਾਂ ਦੀ ਮਾਰ,ਉਹ ਰਸ ਜਾਣ ਫ਼ਲ਼ ਵਾਂਗੂੰ।
ਦਿਹਾੜੀ ਵਾਂਗ ਇਕ ਪਲ ਬੀਤਦੈ ਇਹ ਵੀ ਸਮਾਂ ਆਉਂਦੈ,
ਕਦੇ ਉਹ ਵੀ ਸਮਾਂ, ਜਾਂਦੀ ਦਿਹਾੜੀ, ਬੀਤ ਪਲ ਵਾਂਗੂੰ।
ਉਹ ਪੁੰਨੂੰ ਸੁਪਨਿਆਂ ਦਾ ਛਲ ਗਿਆ ਹੈ ਜਿੰਦ ਸੱਸੀ ਨੂੰ,
ਤੇ ਕੋਹਾਂ ਤੀਕ ਸਾਹਵੇਂ-ਜਿ਼ੰਦਗੀ ਪਸਰੀ ਹੈ ਥਲ ਵਾਂਗੂੰ।
ਰਹੇ ਨਾ ਬੇਸੁਰੀ, ਇਹ ਵੀ ਕਿਸੇ ਸੁਰਤਾਲ ਵਿਚ ਬੱਝੇ,
ਅਸੀਂ ਤਾਂ ਲੋਚਦੇ ਹਾਂ ਜਿ਼ੰਦਗੀ ਦੀ ਸੁਰ, ਗ਼ਜ਼ਲ ਵਾਂਗੂੰ।
ਬੁਝੇਗੀ ਪਿਆਸ ਏਸੇ ਆਸ ਦੇ ਵਿਚ ਦੌੜਦੇ ਰਹੀਏ,
ਮਹਾਂ-ਨਗਰੀ, ਤਿਰਾ ਕੈਸਾ ਤਲਿੱਸਮ, ਰੇਤ ਛਲ਼ ਵਾਂਗੂੰ
ਯਥਾਰਥ ਨਾਲ਼ ਵਾਹ ਪੈਂਦੈ, ਤਾਂ ਅਸਲੀ ਰੂਪ ਹੀ ਬਚਦੈ,
ਦਿਖਾਵੇ ਦੀ ਚਮਕ ਸਾਰੀ ਤਾਂ ਲਹਿ ਜਾਂਦੀ ਨਿਕਲ ਵਾਂਗੂੰ।
ਕਿਤੇ ਦਮ ਤੋੜ ਬੈਠੇ, ਕਿਸ਼ਨ ਤੂੰ ਦੇਖੀਂ ਗ਼ਜ਼ਲ ਤੇਰੀ,
ਪੁਆ ਬੈਠੀਂ ਨਾ ਪੈਖੜ ਡਾਲਰਾਂ ਦਾ, ਨਾਗ-ਵਲ਼ ਵਾਂਗੂੰ।
ਵਫ਼ਾਦਾਰੀ, ਮੁਹੱਬਤ, ਜਜ਼ਬਿਆਂ ਨੂੰ ਕੌਣ ਪੁੱਛਦਾ ਹੈ
ਇਹ ਨਗਰੀ ਡਾਲਰਾਂ ਦੀ ਹੈ, ਦਿਲਾਂ ਨੂੰ ਕੌਣ ਪੁੱਛਦਾ ਹੈ।
ਰਿਸ਼ਤਾ ਬੜਾ ਕਰੀਬ ਦਾ, ਦਿਲ ਤੇ ਦਿਮਾਗ ਦਾ
ਮੀਲਾਂ ਦਾ ਫਿਰ ਵੀ ਫ਼ਾਸਲਾ, ਦਿਲ ਤੇ ਦਿਮਾਗ ਦਾ।
ਨਿਰੰਤਰ ਉਗਲਦੇ ਜਜ਼ਬਾਤ ਨੇ ਸ਼ਾਇਰ ਬਣਾ ਦਿੱਤਾ
ਮੈਂ ਔਗੁਣਹਾਰ ਨੂੰ ਹਾਲਾਤ ਨੇ ਸ਼ਾਇਰ ਬਣਾ ਦਿੱਤਾ।
ਨਿਰਾਸ਼ਾ, ਭੁੱਖਮਰੀ, ਚੀਖਾਂ, ਪੁਕਾਰਾਂ, ਬੇਬਸੀ, ਥੋੜ੍ਹਾਂ
ਲਿਖਾਂ ਕੀ ਕੀ, ਮੈਂ ਕੀ ਕੀ ਦੇਖਦਾ, ਲਿਖਿਆ ਨਹੀਂ ਜਾਂਦਾ।
ਹਾਲ ਜਿਸ ਦਾ ਪੁੱਛੀਏ, ਮਿਲਦਾ ਹੈ ਉਹੀ ਪੀੜ ਪੀੜ
ਕਿਉਂ ਖੁਸ਼ੀ ਦੀ ਮਿਹਰ ਕਰਦਾ ਹੈ, ਖ਼ੁਦਾ ਵਿਰਲੇ ਤੇ ਹੀ।
ਮੰਗੇ ਤੋਂ ਮਿਲਦੀ ਨਹੀਂ, ਇਹ ਗੱਲ ਰੱਖੋ ਯਾਦ,
ਆਪ ਮੁਹਾਰੇ ਕ੍ਰਿਸ਼ਨ ਖ਼ੁਦ, ਲੋਕੀ ਦਿੰਦੇ ਦਾਦ ।
ਭਰਿਆ ਭਰਿਆ ਇੱਕ, ਤੇ ਇੱਕ ਖ਼ਾਲੀ ਖ਼ਾਲੀ,
ਕਿੰਨਾ ਅੰਤਰ, ਤੇਰੇ ਮੇਰੇ ਪੱਲੇ ਵਿੱਚ ।
|