Kartar Singh Duggal
ਕਰਤਾਰ ਸਿੰਘ ਦੁੱਗਲ

Punjabi Writer
  

Punjabi Poetry Kartar Singh Duggal

ਚੋਣਵੀਂ ਪੰਜਾਬੀ ਰਾਈਟਰ ਕਰਤਾਰ ਸਿੰਘ ਦੁੱਗਲ

1. ਝਿਮ ਝਿਮ ਕਰਦੇ

ਝਿਮ ਝਿਮ ਕਰਦੇ
ਲਿਸ਼ ਲਿਸ਼ ਕਰਦੇ
ਚੜ੍ਹ ਪੈਂਦੇ
ਲਹਿ ਜਾਂਦੇ
ਤਾਰੇ
ਆਪੇ ਸਾਰੇ ।

ਡਲ੍ਹ ਡਲ੍ਹ ਕਰਦੇ
ਡੁਲ੍ਹ ਡੁਲ੍ਹ ਜਾਂਦੇ
ਫੁਲ-ਬੁਕਲਾਂ 'ਚੋਂ
ਤ੍ਰੇਲ-ਤੁਪਕੇ
ਸਾਰੇ
ਆਪ-ਮੁਹਾਰੇ ।

ਝਮਕ ਝਮਕ ਕੇ
ਛੁਲਕ ਛੁਲਕ ਕੇ
ਜਾਗ ਜਾਗ ਕੇ
ਸੌਂ ਸੌਂ ਕੇ
ਹਾਰੇ
ਨੈਨ ਵਿਚਾਰੇ ।

2. ਦੋ ਘੁਘੀਆਂ

ਘਣੀ ਘਣੀ
ਵਿਹੜੇ ਸਾਡੇ ਦੀ
ਹਰੀ ਹਰੀ
ਪਿਪਲੀ ਦੇ ਉੱਤੇ
ਦੋ ਘੁਘੀਆਂ ਇਕ ਘਰ ਬਣਾਇਆ ।
ਕਰ ਕਰ ਟੁਟੇ ਖੰਭ ਇਕੱਠੇ
ਚੁਣ ਚੁਣ ਸੁੱਕੇ ਘਾਹ ਦੇ ਪੱਤੇ
ਖੁੱਥੇ ਕਾਗਤ
ਘਸੀਆਂ ਲੀਰਾਂ
ਨਿਘਾ ਜਿਹਾ ਇਕ ਆਲ੍ਹਣਾ ਪਾਇਆ ।
ਵਿਚ ਘੁਘੀਆਂ ਦੀ ਚੜ੍ਹੀ ਜਵਾਨੀ
ਚੁਪ-ਚੁਪੀਤੀ
ਭੋਲੀ ਭਾਲੀ
ਜਦ ਸਧਰਾਂ ਨੇ ਅਤਿ ਮਚਾਈ
ਦੋ ਚੁੰਝਾਂ ਦੇ ਚੁਹਲਾਂ 'ਚੋਂ ਯਾ
ਕੂਲੀਆਂ ਕੂਲੀਆਂ ਖੰਭਲੀਆਂ ਦੀ
ਪੋਲੀ ਪੋਲੀ ਖਹਿਸਰ ਵਿਚੋਂ
ਦੁੱਧੋਂ ਵਧ
ਇਕ ਚਿੱਟੀ ਚਿੱਟੀ
ਨਿੱਕੀ ਨਿੱਕੀ
ਤਿਲ੍ਹਕ ਅੰਡਿਆਂ ਦੀ ਜੋੜੀ ਆਈ ।

ਡੂੰਘੀਆਂ ਇਕ ਤਰਕਾਲਾਂ ਵੇਲੇ
ਮੁੰਡੂ ਸਾਡਾ
ਅਤਿ ਗ਼ੁਰਬਤ ਨੇ
ਜਿਸਦੇ ਜਜ਼ਬੇ ਕੁਲ ਲਤਾੜੇ
ਜਿਸਦੀ ਜਦੀ ਜਾਇਦਾਦ ਅੰਦਰ
ਸੜੇ ਹੋਏ ਅਹਿਸਾਸ ਨੇ ਸਾਰੇ
ਮਾਰ ਟਪੋਸੀ
ਬਾਂਦਰ ਜਿਉਂ
ਪਿਪਲੀ ਤੇ ਚੜ੍ਹ ਗਿਆ
ਚੜ੍ਹ ਗਿਆ
ਮੇਰੇ ਵਿੰਹਦਿਆਂ ਵਿੰਹਦਿਆਂ
ਕਹਿੰਦਿਆਂ ਕਹਿੰਦਿਆਂ
ਭੰਨ ਆਲ੍ਹਣਾ
ਪਿਆਰੇ ਪਿਆਰੇ
ਅੰਡਿਆਂ ਦੇ ਦੋ ਨਿੱਕੇ ਆਲਮ
ਚੁਕ ਓਸ ਭੁੰਜੇ ਪਟਕਾਰੇ ।

ਘੜੀ ਪਿਛੋਂ
ਘੁਘੀਆਂ ਦਾ ਜੋੜਾ
ਪੋਟੇ ਭਰ ਫ਼ਸਲਾਂ ਤੋਂ ਮੁੜਿਆ
ਭਰੇ ਹੋਏ ਅਰਮਾਨ ਦਿਲਾਂ ਵਿਚ
ਸਧਰਾਂ ਦੇ ਤੂਫ਼ਾਨ ਦਿਲਾਂ ਵਿਚ
ਵੇਖ ਆਪਣਾ ਮਹਿਲ-ਮੁਨਾਰਾ
ਰੁਲਿਆ ਹੋਇਆ
ਗੁਮਿਆ ਹੋਇਆ
ਚੁਪ-ਚੁਪੀਤਾ ਫੜਕਣ ਲਗ ਪਿਆ
ਉਡ ਪਿਪਲੀ ਤੋਂ ਬੂਹੇ ਅਗੇ
ਬੂਹਿਓਂ ਉਡ ਬਨੇਰੇ ਉੱਤੇ
ਫ਼ਰਿਆਦਾਂ ਵਿਚ ਤੜਫ਼ਣ ਲਗ ਪਿਆ
ਪਰ ਸੜਕ ਤੇ ਤੇਜ਼ ਮੋਟਰਾਂ
ਸ਼ੂੰਕ ਸ਼ੂੰਕ ਓਵੇਂ ਹੀ ਜਾਵਣ
ਓਵੇਂ ਦੁੱਧ ਦੀ ਭਰੀ ਗਵਾਲਣ
ਗਾਗਰ ਆ ਹੱਟੀ ਤੇ ਰਖ ਗਈ
ਮੁੜੇ ਮਜ਼ੂਰ ਨੇ ਛੁਟੀ ਕਰਕੇ
ਰੋਜ਼ ਵਾਂਗਰਾਂ
ਲੜਦੇ ਖਹਿੰਦੇ
ਨਾਲੇ ਹੱਸਣ ਨਾਲੇ ਗਾਵਣ ।

3. ਕਿਹੀ ਮਿਠੀ ਮਿਠੀ ਵਗਨੀ ਏ ਵਾ !

ਕਿਹੀ ਮਿਠੀ ਮਿਠੀ ਵਗਨੀ ਏ ਵਾ
ਜਿਸ ਦਿਹਾੜੇ ਨੀਆਂ ਕਲੀਆਂ ਫੁਟੀਆਂ
ਹਭੇ ਸ਼ੈਊ ਨਾਲ ਪ੍ਰੀਤਾਂ ਤਰੁਟੀਆਂ
ਮੈਂਢਾ ਲੱਥ ਗਿਆ ਹੋਛਾ ਚਾ ।
ਕਿਹੀ ਮਿਠੀ ਮਿਠੀ ਵਗਨੀ ਏ ਵਾ !

ਢਲੀ ਗਿਆ ਜੋਬਨਾਂ ਅਥਰੂਆਂ ਕੀ ਡਕੀ ਡਕੀ
ਹੁਣ ਤੈ ਸੂਹੇ ਸੂਹੇ ਫੁੱਲਾਂ ਕੀ ਤਕੀ ਤਕੀ
ਮੈਂਢਾ ਬੰਦ ਬੰਦ ਉਠਣਾ ਏਂ ਗਾ ।
ਕਿਹੀ ਮਿਠੀ ਮਿਠੀ ਵਗਨੀ ਏ ਵਾ !

ਹਿਨ੍ਹਾਂ ਕੋਲ ਬੈਠੀ ਰਹਾਂ ਹਿਨ੍ਹਾਂ ਨਾਲ ਬਾਣੀ ਰਹਾਂ
ਹਿਨ੍ਹਾਂ ਕੀ ਤਕੀ ਤਕੀ ਦਿਲੇ ਕੀ ਭੁਲਾਣੀ ਰਹਾਂ
ਮੈਂ ਤਾਂ ਘੜੀ ਵੀ ਨਾ ਖਾਣੀ ਆਂ ਵਸਾਹ ।
ਕਿਹੀ ਮਿਠੀ ਮਿਠੀ ਵਗਨੀ ਏ ਵਾ !

ਕਿਹੀ ਮਿਠੀ ਮਿਠੀ ਵਗਨੀ ਏ ਵਾ !

4. ਹੁਣ ਤੇ ਜ਼ਮਾਨਾ ਹੋਰ ਹੈ

ਸੀਨੇ 'ਚ ਦਰਦ ?
ਲੁਕਾ ਕੇ ਰਖ ਸੀਨੇ 'ਚ ਦਰਦ ।
ਇਹ ਪੁਛ ਨਾ, ਕਿਥੋਂ ਫੁਟਿਆ ?
ਕਦ ਤੀਰ ਕੀਹਦਾ ਛੁਟਿਆ ?
ਇਹ ਦਰਦ ਬੇ-ਪਨਾਹ ਹੈ
ਇਹ ਦਰਦ ਸਚ ਸੁਦਾ ਹੈ
ਇਹ ਦਰਦ ਬਸ ਬਲਾ ਹੈ
ਹੁਣ ਭੁਲ ਸਕੂ ! ਭੁਲ ਦੇ ਦਰਦ ।
ਰਜ ਰਜ ਕੇ ਹਸ ਗਵਾ ਦੇ ਦਰਦ ।
ਜੇ ਸੌਂ ਸਕੇ ਸਵਾ ਦੇ ਦਰਦ ।
ਲੁਕ ਛਿਪ ਕੇ ਰੋ ਵਗਾ ਦੇ ਦਰਦ ।
ਸੀਨੇ 'ਚ ਦਰਦ !
ਲੁਕਾ ਕੇ ਰਖ ਸੀਨੇ 'ਚ ਦਰਦ ।

ਨਾ ਪਿਆਰ ਕਰ,
ਕਿਸੇ ਨੂੰ ਭੁਲ ਨਾ ਪਿਆਰ ਕਰ ।
ਹੋ ਪਿਆਰ ਵਿਚ ਬੇ-ਹਾਲ ਨਾ
ਅਪਣੇ ਸਿਖਰ ਨੂੰ ਢਾਲ ਨਾ
ਪਿਆਰ ਅੰਧ ਹੈ ਘੋਰ ਹੈ
ਪਿਆਰ ਪੁਰਾਣਾ ਲੋਰ ਹੈ
ਹੁਣ ਤੇ ਜ਼ਮਾਨਾ ਹੋਰ ਹੈ
ਇਹਦੇ ਕੰਡੇ ਦੀ ਪੋੜ ਹੋਰ
ਇਹਦੇ ਫੁਟਣ ਦੀ ਫੋੜ ਹੋਰ
ਇਹਦੇ ਘੁਲਣ ਦੀ ਕੋੜ ਹੋਰ
ਇਹਦੀ ਹੈ ਅਪਣੀ ਲੋੜ ਹੋਰ
ਨਾ ਪਿਆਰ ਕਰ
ਕਿਸੇ ਨੂੰ ਭੁਲ ਨਾ ਪਿਆਰ ਕਰ ।

ਕੋਈ ਦਿਲ 'ਚ ਪੀੜ ?
ਦਬਾ ਦੇ ਦਿਲ ਦੀ ਦਿਲ 'ਚ ਪੀੜ
ਉਠ ਤਕ ਜ਼ਮਾਨੇ ਦਾ ਨਿਖਾਰ
ਕੁਦਰਤ ਦੀ ਛਾਤੀ ਦਾ ਉਭਾਰ
ਬੁਲਬੁਲ ਦੇ ਡੂੰਘੇ ਵੈਣ ਭੁਲ
ਨਰਗਸ ਦੇ ਸਿਕਦੇ ਨੈਣ ਭੁਲ
ਕਾਲੀ ਘਟਾ ਦੀ ਸੈਣ ਭੁਲ
ਤੂੰ ਭੁਲ, ਤੇਰਾ ਬਿਆਨ ਹੈ ਇੰਜ
ਹਰ ਇਕ ਦੀ ਦਾਸਤਾਨ ਹੈ ਇੰਜ
ਨਾ ਕਰ ਗਿਲਾ ਜਹਾਨ ਹੈ ਇੰਜ
ਸਦਾ ਤੋਂ ਆਸਮਾਨ ਹੈ ਇੰਜ
ਕੋਈ ਦਿਲ 'ਚ ਪੀੜ ?
ਦਬਾ ਦੇ ਦਿਲ ਦੀ ਦਿਲ 'ਚ ਪੀੜ !

5. ਚਿਰਕਾ ਸਾਰਾ ਇਕ ਰਾਤ

ਚਿਰਕਾ ਸਾਰਾ
ਇਕ ਰਾਤ ਜਦ
ਚੁਪ-ਚੁਪੀਤੀ ਮਾਸੂਮ ਜਹੀ
ਬੇਮਲੂਮ ਜਹੀ ਚੰਨ-ਚਾਨਣੀ
ਕੁਲ ਆਕਾਸ਼ ਤੇ ਛਾਈ ਹੋਈ ਸੀ,
ਕੋਠੇ ਤੇ ਮੈਂ
ਕਲ-ਮੁਕੱਲਾ ਸੌਣ ਨੂੰ ਚੜ੍ਹਿਆ,
ਓਥੇ ਉਸ ਕੋਨੇ ਵਿਚ ਜਿਥੇ
ਤਿੰਨ ਦਿਨਾਂ ਦੀ ਚਾਦਰ ਅਗੇ
ਅਣ-ਠਪੀ ਹੋਈ, ਅਣ-ਝਾੜੀ ਹੋਈ
ਅਣ-ਛੰਡੀ ਹੋਈ
ਮੰਜੀ ਉਤੇ ਡਾਹੀ ਹੋਈ ਸੀ ।

ਅਠ ਕਦਮ
ਕੋਈ ਦਸ ਕਦਮ
ਹੀ ਦੂਰ ਮੰਜੀ ਤੋਂ
ਹੱਕਾ-ਬੱਕਾ ਘਬਰਾਇਆ ਜਿਹਾ
ਹੁਲਸਾਇਆ ਜਿਹਾ
ਚੁਪ-ਚੁਪੀਤਾ
ਬਿਟ-ਬਿਟ ਤਕਦਾ ਮੈਂ ਖਲੋ ਗਿਆ;
ਚਿਟੀ ਚਿਟੀ ਚਾਦਰ ਉਤੇ
ਚਿਟੀ ਚਿਟੀ ਦੁਧ ਕੁੜੀ ਇਕ
ਅਲਸਾਈ ਹੋਈ
ਲੇਟੀ ਤੱਕ ਕੇ ਸੁਤੀ ਤੱਕ ਕੇ
ਮੁੜ੍ਹਕਾ ਮੇਰੀ ਤ੍ਰੇਲੀ ਦਾ
ਮੱਥੇ ਦੇ ਉਤੋਂ ਗਲ੍ਹਾਂ ਹੇਠੋਂ
ਵਗਦਾ ਵਗਦਾ ਠਿਲ੍ਹਦਾ ਠਿਲ੍ਹਦਾ
ਤੇਜ਼ ਤੇਜ਼ ਤੱਲੇ ਨੂੰ ਚੋ ਗਿਆ ।

ਕੋਮਲ ਕੋਮਲ
ਕੂਲੀਆਂ ਕੂਲੀਆਂ
ਪਤੀਆਂ ਵਾਂਗਰਾਂ ਬੁਲ੍ਹੀਆਂ ਉਸ ਦੀਆਂ
ਅਧ-ਭਿੜੀਆਂ ਅਧ-ਖੁਲ੍ਹੀਆਂ ਉਸ ਦੀਆਂ,
ਉਸ ਦੇ ਮੱਥੇ-ਮੂੰਹ-ਸਿਰ ਉਤੇ
ਅਹਿਲ ਜਵਾਨੀ ਆਈ ਹੋਈ ਸੀ,
ਐਪਰ ਜਦੋਂ ਅਗੇਰੇ ਹੋ ਕੇ
ਤਕਿਆ ਹੋਰ ਪ੍ਰੇਰੇ ਹੋ ਕੇ
ਮੰਜੀ ਉਤੇ ਉਹ ਸੁਹਣੀ ਨਹੀਂ ਸੀ,
ਬਗੀਆਂ ਬਗੀਆਂ ਪੀਲੀਆਂ ਪੀਲੀਆਂ
ਚਾਦਰ ਦੀਆਂ ਘੁਰਜਾਂ ਨਾਲ ਮਿਲ ਕੇ
ਚੰਨ-ਰਿਸ਼ਮਾਂ ਦੇ ਜਾਦੂ ਨੇ
ਮੂਰਤ ਜਹੀ ਉਂਝ ਬਣਾਈ ਹੋਈ ਸੀ ।

ਹੈਰਾਨ
ਹਿਰਸਾਇਆ ਹੋਇਆ
ਮੰਜੀ ਉਤੇ ਮੈਂ ਮੂਧਾ ਢਹਿ ਪਿਆ
ਮੁੜ ਮੁੜ ਚਾਦਰ ਪਿਆ ਫਰੋਲਾਂ
ਉਠ ਉਠ ਏਧਰ-ਓਧਰ ਟੋਲਾਂ,
ਦਿਲ ਕੁਰਝੇ ਕਿ ਛੋਹ ਨ ਸਕਿਆ,
ਠੀਕ ਪਤਾ ਸੀ ਕੁੜੀ ਨਹੀਂ ਸੀ
ਚੰਨ-ਰਿਸ਼ਮਾਂ ਦੀ ਖੇਡ ਬਣੀ ਸੀ
ਤਾਂ ਵੀ ਸਾਰੀ ਰਾਤ ਗੁਜ਼ਰ ਗਈ
ਪਲਸੇਟਿਆਂ ਵਿਚ
ਉਲਸੇਟਿਆਂ ਵਿਚ
ਦਿਲ ਭੋਲਾ ਜਿਹਾ ਦਿਲ ਕਮਲਾ ਜਿਹਾ
ਪਛਤਾਂਦਾ ਰਿਹਾ
ਡੁਸਕਾਂਦਾ ਰਿਹਾ
ਇਕ ਪਲ-ਛਿਨ ਲਈ ਸੌਂ ਨ ਸਕਿਆ ।

6. ਤਾਰੇ, ਲਥ ਜਾਸਣ ਇਹ ਤਾਰੇ

ਤਾਰੇ, ਲਥ ਜਾਸਣ ਇਹ ਤਾਰੇ ।
ਇਨ੍ਹਾਂ ਬੁਚੜੀਆਂ ਹੇਠ;
ਇਨ੍ਹਾਂ ਝਾੜੀਆਂ ਹੇਠ
ਇਕ ਹਨੇਰੀ ਸੁਲਕ ਰਹੀ ਹੈ
ਸਮੁੰਦਰ ਦੀ ਇਸ ਬੇਖਟਕ ਤਹਿ ਦੇ ਤੱਲੇ
ਕੋਈ ਲਹਿਰ ਹੈ ਉਠੀ
ਕੋਈ ਲਹਿਰ ਹੈ ਜਾਗੀ
ਕੋਈ ਲਹਿਰ ਹੈ ਸੰਭਲੀ
ਉਭਰ ਰਹੀ ਹੈ, ਉਛਲ ਰਹੀ ਹੈ, ਛੁਲਕ ਰਹੀ ਹੈ ।
ਤੇ ਉਸ ਪਾਰ ਕਾਲੀ ਘਟਾ ਇਕ ਚੜ੍ਹੀ ਵੇਖ,
ਇਸ ਪਾਰ ਧੁੰਧ ਨੇ ਵੀ ਖੰਭ ਹੁਣ ਸੰਵਾਰੇ ।
ਜ਼ਮਾਨੇ ਦੀ ਅੰਜਾਣਤਾ ਤੇ ਚੜ੍ਹੇ ਹੋਏ ।
ਗ਼ਰੀਬਾਂ ਦੀ ਬੇਸਮਝੀਆਂ ਤੇ ਖੜ੍ਹੇ ਹੋਏ ।
ਕਿਸੇ ਸੀਨਾ-ਜ਼ੋਰੀ ਦੀ ਛਾਤੀ ਜੜੇ ਹੋਏ ।
ਤਾਰੇ, ਲਥ ਜਾਸਣ ਇਹ ਤਾਰੇ ।

ਸਵੇਰੇ ਸਵੇਰੇ
ਅਜ ਮੂੰਹ-ਹਨੇਰੇ
ਕਿਸਾਨ ਇਕ ਦੇ ਪੁਤ੍ਰ ਨੇ
ਫਸਲਾਂ 'ਚ ਖਲਕੇ
ਘੁਮਾਣੀ ਭੰਵਾ ਭੰਵਾ
ਬਦਲਾਂ ਦੇ ਪਿਛੇ
ਚਿਰਾਂ ਦੇ ਸੁਤੇ ਹੋਏ
ਅਣਦਿਸਦੇ ਰੱਬਾਂ ਨੂੰ
ਪੱਥਰ ਨੇ ਮਾਰੇ ।
ਪਰੋਤੀ ਹੋਈ ਇਹ ਲੜੀ ਟੁਟ ਜਾਸੀ
ਅਕਾਸ਼ਾਂ ਦੇ ਵਿਚ ਇਕ ਸ਼ੋਰ ਹੋਰ ਪੈਸੀ
ਸਿਥਲ ਪੈਂਤੜੇ ਦਾ ਗਲਾ ਘੁਟ ਜਾਸੀ
ਤਾਰੇ, ਲਥ ਜਾਸਣ ਇਹ ਤਾਰੇ ।

ਤਾਰੇ, ਲਥ ਜਾਸਣ ਇਹ ਤਾਰੇ ।
ਕੀ ਬ੍ਰਹਮ ਦਾ ਲਭਿਆ ਸੂਰਜ ?
ਇਸਲਾਮ ਦਾ ਦਸਿਆ ਸੂਰਜ ?
ਈਸਾ ਦਾ ਮੰਨਿਆ ਸੂਰਜ ?
ਇਹ ਨਿਤ ਚੜ੍ਹਦਾ ਨਿਤ ਲਹਿੰਦਾ ।
ਇਹ ਨਿਤ ਉਠਦਾ, ਨਿਤ ਢਹਿੰਦਾ ।
ਇਕ ਨਵਾਂ-ਨਰੋਇਆ ਸੂਰਜ
ਇਕ ਦਬਿਆ ਹੋਇਆ ਸੂਰਜ
ਪਿਆ ਭੁੜਕੇ
ਪਿਆ ਵੰਗਾਰੇ
ਹੁਣ ਕਿਥੇ ਖਲੋ ਇਹ ਸਕਸਣ ?
ਕਿੰਝ ਸੁਖੜ ਹੋ ਇਹ ਸਕਸਣ ?
ਤਾਰੇ, ਲਥ ਜਾਸਣ ਇਹ ਤਾਰੇ ।

7. ਚਲੀ ਗਈ

ਚਲੀ ਗਈ
ਚਲੀ ਗਈ
ਅਜ, ਕਲ, ਕਦੀ-ਜਾਣਾ ਹੀ ਸੀ ਉਸ ਇਕ ਦਿਨ ।
ਮੌਤ ਵੀ ਤੇ ਇਕ ਜ਼ਬਰਦਸਤ ਸਚਾਈ ਹੈ;
ਨਾਲੇ ਮੇਰੀ ਚੀਚੀ ਦੇ ਉਰ੍ਹੇ ਕਰਕੇ
ਦੋ ਲਕੀਰਾਂ ਉਘੜ ਆਈਆਂ ਹਨ:
ਇਕ ਜ਼ਰਾ ਨਿਕੇਰੀ ਜਹੀ,
ਇਕ ਜ਼ਰਾ ਲੰਮੇਰੀ ਜਹੀ ।
ਇਕ ਹੈ ਯਾਦ ਉਸਦੀ ਜਿਦ੍ਹੇ
ਗੀਟਿਆਂ ਵਿਚ
ਪਟੋਲਿਆਂ ਵਿਚ
ਖੇਡਦਾ ਸਾਂ ਮੈਂ,
ਤੇ ਦੂਜੀ ਲਈ ਸਮੂਲਾ ਮਰ ਗਿਆਂ ਬੇਸ਼ਕ
ਮੇਰੇ ਲਈ ਹਮੇਸ਼ ਪਰ ਉਹ ਜ਼ਿੰਦਾ ਹੈ
ਮਰ ਕੇ ਵੀ
ਜੀ ਕੇ ਵੀ
ਕਿਸੇ ਦੀ ਹੋ ਕੇ ਵੀ
ਚਲੀ ਗਈ
ਚਲੀ ਗਈ ।

ਚਲੀ ਗਈ
ਕਿ ਭੁਖ ਤੋਂ ਜ਼ਰਾ ਘਬਰਾਂਦੀ ਸੀ ਉਹ
ਇਸ਼ਕ ਕਰਦੀ ਸੀ
ਅਰਾਮ ਨੂੰ ਪਰ ਜ਼ਰਾ ਚਾਂਹਦੀ ਸੀ ਉਹ ।

ਚਲੀ ਗਈ
ਕਿ ਉਸ ਦਾਇਰੇ 'ਚ ਆ ਨਹੀਂ ਸਕਿਆ ਮੈਂ ।
ਉਸਦੇ ਪਧਰ ਤੇ ਅਪੜ
ਸੁਖੜ ਨਹੀਂ ਹੋਇਆ ਮੈਂ
ਖਨੋਚਰਦਾ ਤੇ ਰਿਹਾਂ
ਦੰਦੀਆਂ ਕਰੀਚਦਾ ਵੀ ਰਿਹਾਂ
ਕੁਝ ਇਸ ਤਰ੍ਹਾਂ ਦਾ ਪੈਂਡਾ ਹੈ
ਕਿ ਅੰਦਰ ਜਾ ਨਹੀਂ ਸਕਿਆ ਮੈਂ ।

ਚਲੀ ਗਈ
ਪਰ
ਮੈਂ ਸੋਚਦਾ ਹਾਂ ਕਿੰਝ
ਕਿਸੇ ਦਾ ਹੋ ਕੇ ਕੋਈ ਫਿਰ ਬਦਲ ਸਕਦਾ ਹੈ ?
ਉਨ੍ਹਾਂ ਬੁਲ੍ਹੀਆਂ ਤੇ ਅਜੇ ਚੁਟ ਪਏ ਹੋਣੇ ਹਨ;
ਤੇ ਟੋਹ ਟੋਹ ਕੇ ਜਿਨ੍ਹਾਂ ਟਿਬਿਆਂ ਨੂੰ ਗੁਟਕਦੇ ਸਨ ਜੋ
ਅਜੇ ਪੋਟੇ ਉਹ ਸਹਿਮ ਸਹਿਮ ਕੇ ਸਾਹ ਲੈਂਦੇ ਹਨ ।
ਕੋਈ ਵਡੀ ਗਲ ਨਹੀਂ
ਹੁਣ ਮੈਂ ਮਨਦਾ ਜਾਂਦਾ ਹਾਂ
ਜੂਠੇ ਥਾਲਾਂ ਤੇ ਕਈ ਲੋਕ
ਮਹਿਮਾਨ ਨੂੰ ਸਰਚਾ ਲੈਂਦੇ ਹਨ ।

ਚਲੀ ਗਈ
ਚਲੀ ਗਈ
ਫੇਰ ਆਵੇਗੀ
ਮੇਰਾ ਦਿਲ ਹਮੇਸ਼ ਕਹਿੰਦਾ ਹੈ
ਪਰ ਇਸ ਵਾਰ ਅਸੀਂ ਸ਼ਰਮਾਵਾਂਗੇ ਨਹੀਂ ।
ਜ਼ਰਾ ਹੇਠ ਹੋ ਕੇ ਕੁਝ ਹੋਰ ਵੇਖਾਂਗੇ
ਕੁਝ ਹੋਰ ਝਾਖਾਂਗੇ
ਬਦਲਾਂ ਨੂੰ ਖਘਲਾਂਗੇ
ਅਖਾਂ ਨੂੰ ਨਚੋੜਾਂਗੇ-
-ਗਾਵਾਂਗੇ ਨਹੀਂ ।

ਅਖ਼ੀਰੀ ਵਾਰ
ਇਸ ਵਾਰ
ਕੁਝ ਘੋਲ ਕੇ ਪਲਾ ਦਿਆਂਗਾ ਮੈਂ
"ਮੈਂ ਤੇਰੀ ਹਾਂ
ਮੈਂ ਤੇਰੀ ਹਾਂ
ਤੇਰੀ ਦੁਨੀਆਂ ਸਜਾਵਾਂਗੀ
ਤੇਰੇ ਵਿਹੜੇ ਦੇ ਵਿਚ,
ਤੇਰੇ ਛਤਾਂ ਦੇ ਹੇਠ
ਇਕ ਅਮਾਨਤ ਨੂੰ
ਮੈਂ ਇਕ ਨਿਸ਼ਾਨੀ ਨੂੰ ਖਿਡਾਵਾਂਗੀ ।"
ਕੁਝ ਇਸ ਤਰ੍ਹਾਂ ਇਸ ਤਰ੍ਹਾਂ ਬਦਲ ਦਿਆਂਗਾ ਮੈਂ ।