ਪੰਜਾਬੀ ਗ਼ਜ਼ਲਾਂ/ਕਵਿਤਾ ਕਰਮ ਸਿੰਘ ਜ਼ਖ਼ਮੀ
ਜਦ ਜਦ ਗਲਾ ਦਬਾਇਆ, ਸਬਕ ਸਿਖਾਇਆ ਕਲਮਾਂ ਨੇ।
ਤਾਜਾਂ ਅੱਗੇ ਸਿਰ ਨਾ ਕਦੇ ਝੁਕਾਇਆ ਕਲਮਾਂ ਨੇ।
ਗੁਰਬਾਣੀ ਦੇ ਗਿਆਨ ਵਿਹੂਣੀ ਦੁਨੀਆਂ ਰਹਿ ਜਾਂਦੀ,
ਜੇ ਨਾ ਹੁੰਦਾ ਗੁਰੂ ਗ੍ਰੰਥ ਬਣਾਇਆ ਕਲਮਾਂ ਨੇ।
ਦਸਮ ਪਿਤਾ ਨੇ ਕਵੀ ਬਵੰਜਾ ਰੱਖੇ ਐਵੇਂ ਨਾ,
ਮੁਰਦਾ ਹੋਇਆ ਮਾਨਵ ਫੇਰ ਜਿਵਾਇਆ ਕਲਮਾਂ ਨੇ।
ਨਿੱਤ ਨਵੀਂ ਪਾਬੰਦੀ ਦੇਵੇ ਠੋਸ ਲਿਖਾਰੀ ’ਤੇ,
ਲੱਗਦੈ ਜਿੱਦਾਂ ਹਾਕਮ ਖ਼ੂਬ ਡਰਾਇਆ ਕਲਮਾਂ ਨੇ।
ਅੱਜ ਤਿਰੰਗਾ ਝੰਡਾ ਜੋ ਦਿਸਦਾ ਹੈ ਝੂਲ ਰਿਹਾ,
ਲਾਲ ਕਿਲ੍ਹੇ ਦੇ ਉੱਤੇ ਹੈ ਲਹਿਰਾਇਆ ਕਲਮਾਂ ਨੇ।
ਕਲਮਾਂ ਨੇ ਹੀ ਇਨਕਲਾਬ ਦੇ ਬੰਨ੍ਹੇ ਮੁੱਢ ਸਦਾ,
ਲੁੱਟਿਆਂ-ਪੁੱਟਿਆਂ ਤਾਈਂ ਹੱਕ ਦਿਵਾਇਆ ਕਲਮਾਂ ਨੇ।
‘ਜ਼ਖ਼ਮੀ’ ਜੱਗ ’ਤੇ ਇਸ ਤੋਂ ਵੱਡੀ ਤਾਕਤ ਹੋਰ ਨਹੀਂ,
ਜੋ ਵੀ ਕਹਿਆ, ਕਰਕੇ ਸੱਚ ਦਿਖਾਇਆ ਕਲਮਾਂ ਨੇ।
ਪੰਛੀ ਤੇ ਪਰਦੇਸੀ ਦੇ ਵੀ ਘਰ ਹੁੰਦੇ ਨੇ।
ਪਰ ਸਭਨਾਂ ਦੇ ਆਪਣੇ ਆਪਣੇ ਡਰ ਹੁੰਦੇ ਨੇ।
ਖਿੰਡ ਜਾਂਦੇ ਨੇ ਝੂਠੇ ਮੂਠੇ ਯਾਰ ਬਣਾਉਟੀ,
ਸਿਰੜਾਂ ਬਾਝੋਂ ਚੜ੍ਹੇ ਝਨਾਂ ਨਾ ਤਰ ਹੁੰਦੇ ਨੇ।
ਵਿਆਹ ਸ਼ਾਦੀ ਦੇ ਢੰਗ ਪੁਰਾਣੇ ਯਾਦਾਂ ਬਣ ਗਏ,
ਅੱਜਕੱਲ੍ਹ ਦੇ ਤਾਂ ਮੁੱਲ ਖ਼ਰੀਦੇ ਵਰ ਹੁੰਦੇ ਨੇ।
ਦੁਨੀਆਂ ਵਿੱਚ ਗ਼ਰੀਬਾਂ ਦਾ ਹੈ ਕਾਹਦਾ ਜੀਣਾ,
ਮਨ ਦੇ ਸੁਪਨੇ ਮਰਦੇ ਕਾਹਨੂੰ ਜਰ ਹੁੰਦੇ ਨੇ।
ਜ਼ਾਲਮ ਅੱਗੇ ਸੀਨਾ ਤਾਣ ਖਲੋਂਦੇ ਜਿਹੜੇ,
ਮੈਂ ਤਾਂ ਕਹਿੰਦਾਂ ਓਹੀ ਅਸਲੀ ਨਰ ਹੁੰਦੇ ਨੇ।
ਦੁਨੀਆਂ ਟੇਢੀ ਖੀਰ ਦਿਸੇ।
ਹਰ ਬੰਦਾ ਦਿਲਗੀਰ ਦਿਸੇ।
ਵਾਰਿਸ਼ ਸ਼ਾਹ ਦੀ ਹੀਰ ਭਲੀ,
ਘਰ ਵਿੱਚ ਨਾ ਪਰ ਹੀਰ ਦਿਸੇ।
ਐਬ ਗਿਣਾਉਂਦੇ ਸਭਨਾਂ ਦੇ,
ਕੀਹਨੂੰ ਆਪਣਾ ਟੀਰ ਦਿਸੇ।
ਕਿਹੜੇ ਕੰਮ ਆਜ਼ਾਦੀ ਹੈ,
ਜੇਕਰ ਨੈਣੀਂ ਨੀਰ ਦਿਸੇ।
ਬਹੁੜੇ ਅੱਜ ਮੁਰਾਰੀ ਨਾ,
ਥਾਂ-ਥਾਂ ਲਹਿੰਦੇ ਚੀਰ ਦਿਸੇ।
ਰੁਲਦੇ ਸਾਧ ਕਚਹਿਰੀ ਨੇ,
ਜੇਲ੍ਹਾਂ ਵਿੱਚ ਵਜ਼ੀਰ ਦਿਸੇ।
‘ਜ਼ਖ਼ਮੀ’ ਹੁੰਦੀ ਅਤਿ ਬੁਰੀ,
ਮੰਦੜੇ ਹਾਲ ਅਖੀਰ ਦਿਸੇ।
ਤਿੱਪ ਤਿੱਪ ਚੋਂਦੇ, ਠੰਢੇ ਹੌਕੇ ਭਰਦੇ ਨੇ ਬਰਸਾਤਾਂ ਵਿੱਚ।
ਕੱਚੇ ਕੋਠੇ ਡਿਗਜੂੰ ਡਿਗਜੂੰ ਕਰਦੇ ਨੇ ਬਰਸਾਤਾਂ ਵਿੱਚ।
ਵਿਹਲੜ ਦੇ ਘਰ ਵੰਨ ਸੁਵੰਨੇ ਪਕਦੇ ਨੇ ਪਕਵਾਨ ਬੜੇ,
ਕਿਰਤੀ ਕਾਮੇ ਭੁੱਖਾਂ ਤੇਹਾਂ ਜਰਦੇ ਨੇ ਬਰਸਾਤਾਂ ਵਿੱਚ।
ਛੇੜਖਾਨੀਆਂ ਕਰ ਕਰ ਆਪੇ ਵਾਤਾਵਰਨ ਵਿਗਾੜਨ ਜੋ,
ਦੋਸ਼ ਅਜੇ ਵੀ ਰੱਬ ਦੇ ਸਿਰ 'ਤੇ ਧਰਦੇ ਨੇ ਬਰਸਾਤਾਂ ਵਿੱਚ।
ਔੜਾਂ ਦੇ ਵਿੱਚ ਚਾਅ ਜਿਨ੍ਹਾਂ ਦੇ ਸੜਕੇ ਸੋਕੇ ਨਾਲ ਮਰੇ,
ਹੜ੍ਹ ਆਏ ਤਾਂ ਓਹੀ ਡੁੱਬ ਡੁੱਬ ਮਰਦੇ ਨੇ ਬਰਸਾਤਾਂ ਵਿੱਚ।
ਜਿੱਥੇ ਲੁਕ ਕੇ ਜਾਨ ਬਚਾਈ ਭੱਜ ਕੇ ਸ਼ਿਕਰੇ ਬਾਜਾਂ ਤੋਂ,
ਓਹੀ ਆਲ੍ਹਣਿਆਂ ਤੋਂ ਪੰਛੀ ਡਰਦੇ ਨੇ ਬਰਸਾਤਾਂ ਵਿੱਚ।
ਮੀਂਹ, ਨ੍ਹੇਰੀ ਜਾਂ ਆਵੇ ਝੱਖੜ, ਫਰਕ ਉਨ੍ਹਾਂ ਨੂੰ ਕੀ ਪੈਣੈ,
ਬੈਠੇ ਘਰੇ ਜਿਨ੍ਹਾਂ ਦੇ ਬੁੱਤੇ ਸਰਦੇ ਨੇ ਬਰਸਾਤਾਂ ਵਿੱਚ।
'ਜ਼ਖ਼ਮੀ' ਤਾਂਘ ਜਿਨ੍ਹਾਂ ਦੇ ਮਨ ਵਿੱਚ ਅਟਕੇ ਨਾ ਅਟਕਾਏ ਉਹ,
ਚੜ੍ਹੇ ਝਨਾਂ ਵਿੱਚ ਕੱਚਿਆਂ 'ਤੇ ਵੀ ਤਰਦੇ ਨੇ ਬਰਸਾਤਾਂ ਵਿੱਚ।
ਕੋਸ਼ਿਸ਼ ਹੈ ਕਿ ਐਸਾ ਇੱਕ ਸੰਸਾਰ ਬਣੇ।
ਹਰ ਬੰਦਾ ਖ਼ੁਸ਼ਹਾਲੀ ਦਾ ਹੱਕਦਾਰ ਬਣੇ।
ਲੁੱਟ ਕਰੇ ਨਾ ਕੋਈ, ਲੁੱਟਿਆ ਜਾਵੇ ਨਾ,
ਲੋਕਾਂ ਖ਼ਾਤਰ ਲੋਕਾਂ ਦੀ ਸਰਕਾਰ ਬਣੇ।
ਬੇਈਮਾਨੀ, ਠੱਗੀ, ਭ੍ਰਿਸ਼ਟਾਚਾਰ ਮਿਟੇ,
ਉੱਚਾ-ਸੁੱਚਾ ਸਭਨਾਂ ਦਾ ਕਿਰਦਾਰ ਬਣੇ।
ਮਨਾਂ ’ਚੋਂ ਮਿਟੇ ਹਨੇਰਾ ਵਹਿਮਾਂ-ਭਰਮਾਂ ਦਾ,
ਲੋਕਾਂ ਦੀ ਵਿਗਿਆਨਕ ਸੋਚ ਵਿਚਾਰ ਬਣੇ।
ਝਗੜੇ ਝੇੜੇ ਮੁੱਕਣ ਜਾਤਾਂ ਧਰਮਾਂ ਦੇ,
ਮਾਨਵਤਾ ਹੀ ਸਾਰੀ ਇੱਕ ਪਰਿਵਾਰ ਬਣੇ।
ਬਾਲ ਨਿਆਣੇ ਜੂਠ ਕਿਸੇ ਦੀ ਮਾਂਜਣ ਨਾ,
ਬੁੱਢਾ ਬਾਪੂ ਪੁੱਤਾਂ ’ਤੇ ਨਾ ਭਾਰ ਬਣੇ।
ਜ਼ਖ਼ਮੀ ਸੋਹਣਾ ਸੁਰਗ ਬਣੇ ਇਹ ਧਰਤੀ ਹੀ,
ਇੱਕ-ਦੂਜੇ ਵਿੱਚ ਭਾਈਆਂ ਵਰਗਾ ਪਿਆਰ ਬਣੇ।
ਹੱਸਦੇ ਰਹੀਏ ਅਤੇ ਹਸਾਈਏ ਥੋੜ੍ਹਾ ਥੋੜ੍ਹਾ ।
ਇਕ-ਦੂਜੇ ਦਾ ਦਰਦ ਵੰਡਾਈਏ ਥੋੜ੍ਹਾ ਥੋੜ੍ਹਾ ।
ਦਿਲ ਦੀ ਚਾਬੀ, ਹੱਥ ਕਿਸੇ ਦੇ ਫੇਰ ਫੜਾਈਏ,
ਪਹਿਲਾਂ ਦਿਲਬਰ ਨੂੰ ਅਜ਼ਮਾਈਏ ਥੋੜ੍ਹਾ ਥੋੜ੍ਹਾ ।
ਦੁਨੀਆ ਦੇ ਵਿਚ ਕਿਹੜਾ ਵੈਰੀ, ਕੌਣ ਬਿਗਾਨਾ,
ਮਨ ਦੇ ਵਿਚੋਂ ਖੋਟ ਘਟਾਈਏ ਥੋੜ੍ਹਾ ਥੋੜ੍ਹਾ ।
ਆਪਣੇ ਖਾਤਰ ਹੀ ਜੀਣਾ ਹੈ ਕਾਹਦਾ ਜੀਣਾ,
ਕੰਮ ਕਿਸੇ ਦੇ ਵੀ ਆ ਜਾਈਏ, ਥੋੜ੍ਹਾ ਥੋੜ੍ਹਾ ।
ਜਿੱਤ ਕੇ ਚੋਣਾਂ ਸਾਰ ਲਵੇ ਨਾ ਬਸਤੀ ਦੀ ਜੋ,
ਨੇਤਾ ਜੀ ਨੂੰ ਸਬਕ ਸਿਖਾਈਏ ਥੋੜ੍ਹਾ ਥੋੜ੍ਹਾ ।
ਰੁੱਸੇ ਰੱਬ ਨੇ ਆਪੇ ਹੀ ਮੰਨ ਜਾਣੈ, ਜੇਕਰ,
ਬਣ ਕੇ ਸਰਵਣ ਪੁੱਤ ਦਿਖਾਈਏ ਥੋੜ੍ਹਾ ਥੋੜ੍ਹਾ ।
'ਜ਼ਖ਼ਮੀ' ਯੁੱਗ ਪਲਟਾਉਂਦੇ ਨੇ ਸੰਘਰਸ਼ ਹਮੇਸ਼ਾ,
ਆਵੋ ਜਨਤਾ ਨੂੰ ਸਮਝਾਈਏ ਥੋੜ੍ਹਾ ਥੋੜ੍ਹਾ ।
ਤੰਗੀਆਂ ਤੇ ਤੁਰਸ਼ੀਆਂ ਦੀ ਮਾਰ ਝੱਲਦੇ ਆ ਰਹੇ ਹਾਂ।
ਲੁੱਟ ਵੀ ਤਕਦੀਰ ਕਹਿ ਕੇ ਰੱਬ ਦੇ ਗਲ ਪਾ ਰਹੇ ਹਾਂ।
ਜ਼ਿੰਦਗੀ ਦੇ ਅਰਥ ਭਾਵੇਂ ਆਪ ਤਾਂ ਸਮਝੇ ਅਜੇ ਨਾ,
ਪਰ ਜ਼ਮਾਨੇ ਨੂੰ ਅਸੀਂ ਜਿਉਣਾ ਕਿਵੇਂ ਸਮਝਾ ਰਹੇ ਹਾਂ।
ਆਖਿਆ ਬੇਸ਼ੱਕ ਗੁਰਾਂ ਨੇ ਹੱਕ ਖਾਇਓ ਨਾ ਬਿਗਾਨਾ,
ਗੱਲ ਵੀ ਮੰਨਦੇ ਨਹੀਂ ਹਾਂ ਸਿੱਖ ਵੀ ਅਖਵਾ ਰਹੇ ਹਾਂ।
ਜਾਣਦੇ ਹਾਂ ਚੋਰ ਹੈ, ਬਦਮਾਸ਼ ਹੈ, ਬਦਨਾਮ ਨੇਤਾ,
ਚੋਣ ਓਸੇ ਨੂੰ ਜਿਤਾ ਕੇ ਫਿਰ ਧੋਖਾ ਖਾ ਰਹੇ ਹਾਂ।
ਹੱਥ ਦੇ ਵਿੱਚ ਕਲਮ ਵੀ ਹੈ ਮੋਹ ਰਹੇ ਸਨਮਾਨ ਵੀ ਨੇ,
ਰੁੱਸ ਨਾ ਜਾਵੇ ਹਕੂਮਤ ਇਸ ਡਰੋਂ ਘਬਰਾ ਰਹੇ ਹਾਂ।
ਹੋਸ਼ ਵਿੱਚ ਰਹਿ ਕੇ ਕਦੇ ਵੀ ਕੰਮ ਕੀਤਾ ਜੇ ਨਹੀਂ ਹੈ,
ਗਲਤੀਆਂ ਕਰ ਕਰ ਤਦੇ ਹਰ ਵਾਰ ਹੀ ਪਛਤਾ ਰਹੇ ਹਾਂ।
ਭਗਤ, ਊਧਮ ਤੇ ਸਰਾਭਾ ਚਿੱਤ ਚੇਤੇ ਹੀ ਰਹੇ ਨਾ,
ਸੋਚਿਆ ‘ਜ਼ਖ਼ਮੀ’ ਕਦੇ ਭਟਕੇ ਕਿੱਧਰ ਨੂੰ ਜਾ ਰਹੇ ਹਾਂ।
ਹਰ ਥਾਂ ਹੋਈ ਬੇਕਦਰੀ ਬਰਬਾਦੀ ਹੈ।
ਕਿੱਦਾਂ ਇਹਨੂੰ ਆਖ ਦੇਵਾਂ ਆਜ਼ਾਦੀ ਹੈ।
ਹੱਲ ਅਜੇ ਨਾ ਹੋਇਆ ਮਸਲਾ ਰੋਟੀ ਦਾ,
ਹਰ ਬੰਦੇ ਦਾ ਹੱਕ ਇਹੋ ਬੁਨਿਆਦੀ ਹੈ।
ਧੱਕੇਸ਼ਾਹੀ ਦਾ ਜੋ ਸ਼ਖ਼ਸ ਵਿਰੋਧ ਕਰੇ,
ਹਾਕਮ ਝੱਟ ਬਣਾ ਦਿੰਦਾ ਅਤਿਵਾਦੀ ਹੈ।
ਵਹਿਮਾਂ ਭਰਮਾਂ ਦੀ ਹੀ ਟੈਲੀਵਿਜ਼ਨ ਤੋਂ,
ਹੁੰਦੀ ਰਹਿੰਦੀ ਹਰ ਵੇਲੇ ਮੁਨਿਆਦੀ ਹੈ।
ਲਾਠੀਚਾਰਜ ਨਾਲ ਸਵਾਗਤ ਹੋਵੇ ਕਿਉਂ,
ਦਿਲ ਦੇ ਦੁੱਖ ਸੁਣਾਉਂਦਾ ਜੇ ਫਰਿਆਦੀ ਹੈ।
ਪੋਤੀ ਜਿੱਡੀ ਕੁੜੀ ਵਿਆਹ ਕੇ ਲੈ ਤੁਰਿਆ,
ਬੁੜਾ ਵਿਦੇਸ਼ੋਂ ਆਇਆ ਕਹਿੰਦਾ ਸ਼ਾਦੀ ਹੈ।
‘ਜ਼ਖ਼ਮੀ’ ਕੌਣ ਝੰਜੋੜੇਗਾ ਹੁਣ ਸਰਕਾਰਾਂ ਨੂੰ
ਬੱਚਾ ਬੱਚਾ ਤਾਂ ਨਸ਼ਿਆਂ ਦਾ ਆਦੀ ਹੈ।
ਅਸਲ ਵਿੱਚ ਜੋ ਹੈ ਕਦੇ ਦਿਸਦਾ ਨਹੀਂ।
ਦਿਸ ਰਿਹੈ ਜੋ ਆਦਮੀ, ਹੁੰਦਾ ਨਹੀਂ।
ਹੋ ਗਿਐ ਮੁਸ਼ਕਿਲ ਮਨਾਂ ਨੂੰ ਸਮਝਣਾ,
ਆਖਦਾ ਕੋਈ ਨਹੀਂ, ਸੁਣਦਾ ਨਹੀਂ।
ਇੱਧਰ ਵੀ ਪੱਖ ਪੂਰਦੈ ਜੋ ਉੱਧਰ ਵੀ,
ਉਹ ਕਿਸੇ ਦਾ ਵੀ ਕਦੇ ਬਣਦਾ ਨਹੀਂ।
ਦੋਸਤਾਂ ਦੀ ਅੱਖ ਨਾ ਦੇਖੇ ਬੁਰਾ,
ਦੁਸ਼ਮਣਾਂ ਨੂੰ ਜੋ ਭਲਾ ਲੱਗਦਾ ਨਹੀਂ।
ਹਰ ਕਿਸੇ ਦਾ ਸੱਚ ਹੁੰਦੈ ਆਪਣਾ,
ਝੂਠ ਵਿੱਚ ਬੰਦਾ ਤਦੇ ਜਿਉਂਦਾ ਨਹੀਂ।
ਰੱਬ ਦਾ ਘਰ ਨਾ ਕਹੋ, ਵਿਉਪਾਰ ਹੈ,
ਜੇ ਭਲਾ ਸਰਬੱਤ ਦਾ ਮੰਗਦਾ ਨਹੀਂ।
ਜੰਗ ‘ਜ਼ਖ਼ਮੀ’ ਹੈ ਜਿਨ੍ਹਾਂ ਦੀ ਜ਼ਿੰਦਗੀ,
ਲੋਭ ਡਰ ਕੋਈ ਝੁਕਾ ਸਕਦਾ ਨਹੀਂ।
ਮੁਹੱਬਤ ਵੀ ਵਿਸ਼ਾ ਹੈ, ਪਰ ਬਥੇਰੇ ਹੋਰ ਵੀ ਨੇ।
ਵਿਛੋੜੇ ਤੋਂ ਭਿਆਨਕ ਡਰ, ਬਥੇਰੇ ਹੋਰ ਵੀ ਨੇ।
ਪਿਸੇ ਹਾਲਾਤ ਦੀ ਚੱਕੀ ’ਚ ਆਪਾਂ ਹੀ ਨਹੀਂ ਹਾਂ,
ਜਿਨ੍ਹਾਂ ਦਾ ਘਾਟ ਹੈ ਨਾ ਘਰ, ਬਥੇਰੇ ਹੋਰ ਵੀ ਨੇ।
ਜਿਨ੍ਹਾਂ ਨੇ ਖ਼ੁਦਕੁਸ਼ੀ ਕੀਤੀ ਬਣੇ ਨੇ ਖ਼ਬਰ ਓਹੀ,
ਬਿਨਾਂ ਮਰਿਆਂ ਰਹੇ ਜੋ ਮਰ, ਬਥੇਰੇ ਹੋਰ ਵੀ ਨੇ।
ਹਵਾ ਦਾ ਰੁਖ਼ ਜ਼ਮਾਨਾ ਦੇਖਦਾ ਹੈ, ਜਾਣਦੇ ਹਾਂ
ਅਜੇ ਵੀ ਜੋ ਭਿੜੇ ਨਾ ਦਰ, ਬਥੇਰੇ ਹੋਰ ਵੀ ਨੇ।
ਬੜਾ ਬੇਦਰਦ ਹੋ ਕੇ ਤੋੜਿਆ ਕੀ ਸੋਚ ਕੇ ਤੂੰ
ਇਨ੍ਹਾਂ ਦੇ ਬਾਝ ਹੁੰਦੇ ਪਰ, ਬਥੇਰੇ ਹੋਰ ਵੀ ਨੇ।
ਕਦੇ ਨਾ ਦੇਣ ਬੇਦਾਵੇ, ਮੁਕਾਇਆਂ ਮੁੱਕਣੇ ਨਾ
ਤੁਰੇ ਜੋ ਸਿਰ ਤਲੀ ’ਤੇ ਧਰ, ਬਥੇਰੇ ਹੋਰ ਵੀ ਨੇ।
ਹਮੇਸ਼ਾਂ ਜੂਝਦੇ ‘ਜ਼ਖ਼ਮੀ’ ਰਹੇ ਨੇ ਸ਼ਿਅਰ ਮੇਰੇ
ਇਨ੍ਹਾਂ ਨੂੰ ਦੇਖ ਨਾ ਬੁੱਕ ਭਰ, ਬਥੇਰੇ ਹੋਰ ਵੀ ਨੇ।
ਇੱਕ ਦੂਜੇ ਤੋਂ ਬੁਰਾ ਭਲਾ ਅਖਵਾਉਣ ਕਤਾਰਾਂ ਵਿੱਚ ਖੜ੍ਹੇ
ਲੋਕ ਵਿਚਾਰੇ ਕਿੱਦਾਂ ਮਨ ਸਮਝਾਉਣ ਕਤਾਰਾਂ ਵਿੱਚ ਖੜ੍ਹੇ
ਅਸਰ ਰਸੂਖ ਜਿਨ੍ਹਾਂ ਦਾ ਉਹ ਤਾਂ ਨੋਟ ਪਲਾਂ ਵਿੱਚ ਲੈ ਜਾਂਦੇ
ਭੁੱਖੇ ਪਿਆਸੇ ਹੋਸ਼ ਹਵਾਸ਼ ਗਵਾਉਣ ਕਤਾਰਾਂ ਵਿੱਚ ਖੜ੍ਹੇ
ਅੱਖ ਜਦੋਂ ਖੁੱਲ੍ਹ ਜਾਵੇ ਉੱਠ ਕੇ ਬੈਂਕਾਂ ਵੱਲ ਭੱਜ ਲੈਂਦੇ ਨੇ
ਰੋਟੀ ਟੁੱਕ ਵੀ ਓਥੇ ਹੀ ਮੰਗਵਾਉਣ ਕਤਾਰਾਂ ਵਿੱਚ ਖੜ੍ਹੇ
ਅੱਗ ਬਬੂਲੇ ਹੋ ਕੇ ਕੁੱਝ ਤਾਂ ਭੰਡਣ ਖ਼ੂਬ ਹਕੂਮਤ ਨੂੰ
ਕੁੱਝ ਵਿਚਾਰੇ ਹਾਲੇ ਵੀ ਗੁਣ ਗਾਉਣ ਕਤਾਰਾਂ ਵਿੱਚ ਖੜ੍ਹੇ
ਮੋਰਚਿਆਂ ਵਿੱਚ ਜਿਵੇਂ ਲੜਾਈ ਵੇਲ਼ੇ ਫੌਜੀ ਹੋਣ ਡਟੇ
ਭੋਰਾ ਵੀ ਨਾ ਪਿੱਛੇ ਪੈਰ ਹਟਾਉਣ ਕਤਾਰਾਂ ਵਿੱਚ ਖੜ੍ਹੇ
ਕਈਆਂ ਨੂੰ ਤਾਂ ਭਾਰੇ ਭਾਰੇ ਬੈਗ ਫੜਾਏ ਧਨੀਆਂ ਨੇ
ਪੰਜ ਸੌ ਲੈ ਕੇ ਅੱਧਾ ਲੱਖ ਬਚਾਉਣ ਕਤਾਰਾਂ ਵਿੱਚ ਖੜ੍ਹੇ
'ਜ਼ਖ਼ਮੀ' ਘਰ ਦੇ ਸੌਦੇ ਮੁੱਕੇ ਯਾਦ ਰਹਿਣ ਨਾ ਕਵੀਆਂ ਨੂੰ
ਲੱਗ ਜਾਂਦੇ ਨੇ ਗ਼ਜ਼ਲਾਂ ਗੀਤ ਸੁਣਾਉਣ ਕਤਾਰਾਂ ਵਿੱਚ ਖੜ੍ਹੇ
ਆਉਂਦਿਆਂ ਤੇ ਜਾਂਦਿਆਂ ਨੂੰ ਦੇਖਦਾ ਹੈ ਮੀਲ ਪੱਥਰ।
ਖ਼ੁਦ ਕਦੇ ਵੀ ਦੋ ਕਦਮ ਨਾ ਚੱਲਦਾ ਹੈ ਮੀਲ ਪੱਥਰ।
ਉਂਝ ਕੁੱਝ ਵੀ ਬੋਲ ਕੇ ਨਾ ਆਖਦਾ ਹੈ ਮੀਲ ਪੱਥਰ।
ਪਰ ਹਮੇਸ਼ਾ ਰਸਤਿਆਂ 'ਤੇ ਤੋਰਦਾ ਹੈ ਮੀਲ ਪੱਥਰ।
ਅਟਕ ਜਾਂਦੇ ਹਾਰ ਕੇ ਜਦ ਘੂਰਦਾ ਹੈ ਮੀਲ ਪੱਥਰ।
ਹਾਰਿਆਂ ਨੂੰ ਫੇਰ ਹਿੰਮਤ ਬਖ਼ਸ਼ਦਾ ਹੈ ਮੀਲ ਪੱਥਰ।
ਆਸਰਾ ਲੈ ਕੇ ਇਸੇ ਦਾ ਪਹੁੰਚਦੇ ਰਾਹਗੀਰ ਬੇਸ਼ੱਕ,
ਮੰਜ਼ਿਲਾਂ ਨੂੰ ਖ਼ੁਦ ਖੜੋਤਾ ਤਰਸਦਾ ਹੈ ਮੀਲ ਪੱਥਰ।
ਫੜ੍ਹ ਬਥੇਰੀ ਮਾਰਦੇ ਪਰ ਅਮਲ ਤੋਂ ਭੱਜਦੇ ਰਹੇ ਜੋ,
ਹੌਸਲੇ ਹਰਦਮ ਉਨ੍ਹਾਂ ਦੇ ਪਰਖਦਾ ਹੈ ਮੀਲ ਪੱਥਰ।
ਹੋਰ ਦੀ ਥਾਂ ਹੋਰ ਹੀ ਥਾਂ ਪਹੁੰਚ ਜਾਵੇ ਆਦਮੀ ਨਾ,
ਸੈਨਤਾਂ ਕਰ ਕਰ ਤਦੇ ਹੀ ਰੋਕਦਾ ਹੈ ਮੀਲ ਪੱਥਰ।
ਆ ਰਹੇ ਨੇ ਕਿੱਧਰੋਂ ਤੇ ਕਿੱਧਰ 'ਜ਼ਖ਼ਮੀ' ਜਾ ਰਹੇ ਨੇ,
ਮੁੱਦਤਾਂ ਤੋਂ ਬਸ ਇਹੋ ਕੁੱਝ ਸੋਚਦਾ ਹੈ ਮੀਲ ਪੱਥਰ।
ਰੁਕਿਆ ਨਾ ਜੇ ਅੰਦਰਲਾ ਘਮਸਾਨ ਅਜੇ।
ਤਾਂ ਹੀ ਝੁਕ ਝੁਕ ਲੰਘਦੇ ਨੇ ਤੂਫ਼ਾਨ ਅਜੇ।
ਡੰਗ ਰਿਹੈ ਅਰਮਾਨਾਂ ਨੂੰ ਧਨਵਾਨ ਅਜੇ।
ਵੈਰੀ ਬਣਿਐ ਧਰਤੀ ਦਾ ਅਸਮਾਨ ਅਜੇ।
ਆਸ ਕਦੇ ਵੀ ਛੱਡੀਏ ਨਾ ਗੁਲਜ਼ਾਰਾਂ ਦੀ,
ਬੇਸ਼ੱਕ ਮਾਲੀ ਦਿਸਦੈ ਬੇਈਮਾਨ ਅਜੇ।
ਖ਼ੂਬ ਘਰਾਂ ਵਿੱਚ ਪੂਜ ਰਹੇ ਹਾਂ ਕੰਜਕਾਂ ਨੂੰ,
ਨਾਲ਼ੇ ਜਾਰੀ ਔਰਤ ਦਾ ਅਪਮਾਨ ਅਜੇ।
ਇਨਕਲਾਬ ਨੇ ਐਵੇਂ ਕੀਤੀ ਦੇਰ ਨਹੀਂ,
ਮੋਹ ਲੈਂਦੇ ਨੇ ਕਲਮਾਂ ਨੂੰ ਸਨਮਾਨ ਅਜੇ।
ਉੱਚੇ ਲੰਬੇ ਪੁਲ਼ ਤੇ ਚੌੜੀਆਂ ਸੜਕਾਂ ਨੇ,
ਪਰ ਭੁੱਖੇ ਨੇ ਕਿਰਤੀ ਤੇ ਕਿਰਸਾਨ ਅਜੇ।
'ਜ਼ਖ਼ਮੀ' ਜਿੱਦਣ ਆਪ ਲਿਖੋਗੇ ਦੇਖਾਂਗੇ,
ਲੇਖ ਤੁਹਾਡੇ ਲਿਖਦਾ ਹੈ ਭਗਵਾਨ ਅਜੇ।
ਛੰਦਾਂ ਰਾਗਾਂ ਨਾਲ਼ ਸ਼ਿੰਗਾਰੀ, ਮਾਂ ਬੋਲੀ ਪੰਜਾਬੀ।
ਸਾਨੂੰ ਸਾਹਾਂ ਤੋਂ ਵੀ ਪਿਆਰੀ, ਮਾਂ ਬੋਲੀ ਪੰਜਾਬੀ।
ਪੌਣਾਂ ਵਿੱਚ ਸੁਗੰਧਾਂ ਘੋਲ਼ੇ ਮਿਸ਼ਰੀ ਤੋਂ ਵੱਧ ਮਿੱਠੀ,
ਰਣਭੂਮੀ ਵਿੱਚ ਖ਼ੂਬ ਕਰਾਰੀ, ਮਾਂ ਬੋਲੀ ਪੰਜਾਬੀ।
ਰੱਬੀ ਬਾਣੀ ਬਣ ਕੇ ਕਰਦੀ ਦੂਰ ਮਨਾਂ ਦੇ ਨ੍ਹੇਰੇ,
ਨਾਨਕ, ਬੁੱਲੇ ਨੇ ਸਤਿਕਾਰੀ, ਮਾਂ ਬੋਲੀ ਪੰਜਾਬੀ।
ਹਰ ਬੋਲੀ ਹੀ ਸਿੱਖੋ, ਕੋਈ ਮਾੜੀ ਗੱਲ ਨਹੀਂ ਹੈ,
ਜੇ ਨਾ ਹੋਵੇ ਮਨੋਂ ਵਿਸਾਰੀ, ਮਾਂ ਬੋਲੀ ਪੰਜਾਬੀ।
ਚਾਰ ਜਮਾਤਾਂ ਪੜ੍ਹ ਜਾਵੇ ਜੋ ਬੋਲਣ ਤੋਂ ਹੀ ਸੰਗੇ,
ਏਸ ਬਿਮਾਰੀ ਨੇ ਹੀ ਮਾਰੀ, ਮਾਂ ਬੋਲੀ ਪੰਜਾਬੀ।
ਚੁੱਪ ਚੁਪੀਤੇ ਹੀ ਬਣ ਬੈਠੀ ਅੰਗਰੇਜ਼ੀ ਪਟਰਾਣੀ,
ਭੋਗੇ ਹਾਕਮ ਦੀ ਹੁਸ਼ਿਆਰੀ, ਮਾਂ ਬੋਲੀ ਪੰਜਾਬੀ।
ਪੈਰਾਂ ਵਿੱਚ ਰੁਲ਼ੇ ਨਾ ਏਦਾਂ ਸਿਰ ਦਾ ਤਾਜ ਬਣਾਓ,
'ਜ਼ਖ਼ਮੀ' ਫੇਰ ਕਰੇ ਸਰਦਾਰੀ, ਮਾਂ ਬੋਲੀ ਪੰਜਾਬੀ।
ਮੇਰੀ ਗ਼ਜ਼ਲ ਗ਼ੁਲਾਮ ਨਹੀਂ ਹੈ ਬੌਧਿਕਤਾ ਦੀ।
ਸਿੱਧੀ ਸਾਦੀ ਮਿੱਤਰ ਇਹ ਤਾਂ ਮਾਨਵਤਾ ਦੀ।
ਗੱਲ ਕਿਸੇ ਦੇ ਸਮਝ ਨਹੀਂ ਜੇ ਆਉਣੀ ਕੋਈ,
ਲੋੜ ਨਹੀਂ ਫਿਰ ਕਵੀਆ ਤੇਰੀ ਵਿਦਵਤਾ ਦੀ।
ਸੌਖੇ ਸ਼ਬਦਾਂ ਵਿੱਚ ਧਮਾਲਾਂ ਪਾਵੇ ਜਿਹੜੀ,
ਲੋਕ ਮਨਾਂ ਵਿੱਚ ਵਸਦੀ ਬੋਲੀ ਸੁੰਦਰਤਾ ਦੀ।
ਗੋਲ਼ ਮੋਲ਼ ਅਸਪੱਸ਼ਟ ਜਲੇਬੀ ਵਰਗੀ ਭਾਸ਼ਾ,
ਇੱਕੋ ਇੱਕ ਨਿਸ਼ਾਨੀ ਹੁੰਦੀ ਕਾਇਰਤਾ ਦੀ।
ਆਮ ਆਦਮੀ ਨੂੰ ਵੀ ਜਿਸਦਾ ਫ਼ਾਇਦਾ ਹੋਵੇ,
ਆਵੋ ਕਰੀਏ ਚੋਣ ਸੁਨੱਖੀ ਕਾਵਿਕਤਾ ਦੀ।
ਜੇਕਰ ਸੁਣ ਕੇ ਲੋਕ ਘੁਰਾੜੇ ਮਾਰਨ ਲੱਗਣ,
ਉਹ ਰਚਨਾ ਤਾਂ ਘਾੜਤ ਹੁੰਦੀ ਮੂਰਖਤਾ ਦੀ।
'ਜ਼ਖ਼ਮੀ' ਹਾਕਮ ਨੂੰ ਵੀ ਆਈ ਰਾਸ ਬੜੀ ਹੀ,
ਅਰਥਹੀਣ ਬੇਮਤਲਬ ਸ਼ੈਲੀ ਚੰਚਲਤਾ ਦੀ।
ਜਦ ਵੀ ਦੇਖਾਂ ਜੋਤਿਸ਼ੀਆਂ ਨੂੰ ਹੱਥ ਦਿਖਾਉਂਦਾ ਪੜ੍ਹਿਆ ਲਿਖਿਆ।
ਸੱਚ ਕਹਾਂ ਮੈਂ ਸਮਝ ਨਹੀਂ ਬਿਲਕੁਲ ਵੀ ਆਉਂਦਾ ਪੜ੍ਹਿਆ ਲਿਖਿਆ।
ਅੱਖਾਂ ਹੁੰਦਿਆਂ ਵੀ ਨੇ ਅੰਨ੍ਹੇ, ਮਨ ਚਿੱਤ ਲਾ ਕੇ ਪੜ੍ਹੇ ਨਹੀਂ ਜੋ,
ਲੋਕਾਂ ਦੇ ਵਿੱਚ ਮਾਪਿਆਂ ਦਾ ਸਤਿਕਾਰ ਵਧਾਉਂਦਾ ਪੜ੍ਹਿਆ ਲਿਖਿਆ।
ਆਹੋ ਆਹੋ ਆਖਣ ਵਾਲੇ ਦੁਨੀਆ ਵਿੱਚ ਗੰਵਾਰ ਕਹਾਉਂਦੇ,
ਹਾਂ ਜੀ ਹਾਂ ਜੀ ਕਹਿ ਕਹਿ ਕੇ ਪ੍ਰਭਾਵ ਬਣਾਉਂਦਾ ਪੜ੍ਹਿਆ ਲਿਖਿਆ।
ਚਾਰ ਚੁਫੇਰੇ ਬੇਰੁਜ਼ਗਾਰੀ, ਨੌਕਰੀਆਂ ਵਿੱਚ ਚੋਰ-ਬਜ਼ਾਰੀ,
ਢਿੱਡ ਭਰਨ ਲਈ ਬੱਠਲ ਚੁੱਕਦਾ, ਰੇਹੜੀ ਲਾਉਂਦਾ ਪੜ੍ਹਿਆ ਲਿਖਿਆ।
ਅੰਧਵਿਸ਼ਵਾਸ, ਪਖੰਡ, ਭਰਮ ਸਭ ਦੇਖ ਅੰਗੂਠਾ-ਛਾਪਾਂ ਵਾਲੇ,
ਸਿੱਖਿਆ ਬਾਰੇ ਮੇਰੇ ਮਨ 'ਚ ਸੁਆਲ ਉਠਾਉਂਦਾ ਪੜ੍ਹਿਆ ਲਿਖਿਆ।
ਰਾਹ ਦਸੇਰਾ ਬਣ ਕੇ ਇਸਨੇ ਜੱਥੇਬੰਦ ਸੀ ਕਰਨੇ ਕਿਰਤੀ,
ਲੱਗੇ ਨਾ ਹੁਣ ਫ਼ਰਜ਼ ਨਿਭਾਉਂਦਾ, ਦਗ਼ਾ ਕਮਾਉਂਦਾ ਪੜ੍ਹਿਆ ਲਿਖਿਆ।
'ਜ਼ਖ਼ਮੀ' ਅਕਲ ਹਮੇਸ਼ਾ ਆਉਂਦੀ ਜੀਵਨ ਦੇ ਵਿੱਚ ਧੱਕੇ ਖਾ ਕੇ,
ਘੱਟ ਪੜ੍ਹਿਆਂ ਦਾ ਬੇਸ਼ੱਕ ਰਹੇ ਮਜ਼ਾਕ ਉਡਾਉਂਦਾ ਪੜ੍ਹਿਆ ਲਿਖਿਆ।
ਸਦੀਆਂ ਤੋਂ ਜੋ ਬੰਦ ਪਿਆ ਮੂੰਹ ਖੋਲ੍ਹਣ ਨੂੰ ਜੀ ਕਰਦਾ ਹੈ।
'ਰਾਜੇ ਸੀਹ ਮੁਕਦਮ ਕੁਤੇ' ਆਖਣ ਨੂੰ ਜੀ ਕਰਦਾ ਹੈ।
ਨੱਕੋ ਨੱਕ ਪਿਆਲਾ ਭਰਿਐ ਕੀਤੈ ਸਬਰ ਬਥੇਰਾ ਮੈਂ,
ਫਿਰ ਤੋਂ ਸੀਸ ਤਲੀ ਦੇ ਉੱਤੇ ਰੱਖਣ ਨੂੰ ਜੀ ਕਰਦਾ ਹੈ।
ਜਾਤਾਂ ਧਰਮਾਂ ਵਿੱਚ ਸਿਮਟ ਕੇ ਖੂਹ ਦਾ ਡੱਡੂ ਬਣਿਆ ਹਾਂ
ਭੰਨ ਤੋੜ ਹਰ ਵਲਗਣ ਨੂੰ ਹੁਣ ਫੈਲਣ ਨੂੰ ਜੀ ਕਰਦਾ ਹੈ।
ਪਾਗਲ ਕੀਤੈ ਇਸ ਡਰ ਨੇ ਕਿ ਕੀ ਆਖਣਗੇ ਲੋਕ ਭਲਾਂ
ਛੱਡ ਕੇ ਰੋਣੇ ਧੋਣੇ ਖੁੱਲ੍ਹ ਕੇ ਹੱਸਣ ਨੂੰ ਜੀ ਕਰਦਾ ਹੈ।
ਕੱਚਿਆਂ 'ਤੇ ਵੀ ਠਿੱਲ੍ਹ ਪੈਂਦੇ ਨੇ ਤਾਂਘ ਮਿਲਣ ਦੀ ਹੋਵੇ ਜੇ
ਰੋਕ ਸਕੇ ਨਾ ਚੜ੍ਹੇ ਝਨਾਂ ਜਦ ਜੂਝਣ ਨੂੰ ਜੀ ਕਰਦਾ ਹੈ।
ਸ਼ਬਦ ਹਮੇਸ਼ਾ ਮਿਲਣ ਉਦੋਂ ਨਾ ਕਰਨੀ ਪੈਂਦੀ ਸਿਫ਼ਤ ਜਦੋਂ
ਤੋਟ ਕਦੇ ਨਾ ਆਵੇ ਜੇਕਰ ਭੰਡਣ ਨੂੰ ਜੀ ਕਰਦਾ ਹੈ।
ਹਰ ਹਾਲਤ ਵਿੱਚ ਪਰਬਤ ਵਾਂਗ ਅਡੋਲ ਖੜੋਣਾ ਚਾਹੀਦੈ
ਬੇਸ਼ੱਕ ਕਦੇ ਕਦਾਈਂ 'ਜ਼ਖ਼ਮੀ' ਡੋਲਣ ਨੂੰ ਜੀ ਕਰਦਾ ਹੈ।
ਹੁੰਦੇ ਨੇ ਦੋ ਕਿਸਮ ਦੇ, ਲੇਖਕ ਜਾਂ ਵਿਦਵਾਨ।
ਇਕਨਾ ਨੂੰ ਗੋਲ਼ੀ ਮਿਲੇ, ਇਕਨਾ ਨੂੰ ਸਨਮਾਨ।
ਪਸ਼ੂਆਂ ਦੀ ਪੂਜਾ ਕਰੇ, ਭਿੱਟਦਾ ਹੈ ਇਨਸਾਨ,
ਫਿਰ ਵੀ ਕਹਿਣਾ ਪੈ ਰਿਹੈ, ਭਾਰਤ ਦੇਸ਼ ਮਹਾਨ।
ਵੰਡ ਸਹੀ ਜੇ ਕਿਰਤ ਦੀ, ਕਰਦਾ ਨਾ ਸੰਵਿਧਾਨ,
ਤਾਂ ਹੀ ਭੁੱਖੇ ਢਿੱਡ ਨੇ, ਤਾਂ ਹੀ ਨੇ ਪੁੰਨ ਦਾਨ।
ਭਾਵੇਂ ਜੰਗਲੀ ਜਾਨਵਰ, ਬਣੇ ਪਾਖੰਡੀ ਸਾਧ,
ਅੰਨ੍ਹੀ ਭਗਤੀ ਫੇਰ ਵੀ, ਮੰਨਦੀ ਹੈ ਭਗਵਾਨ।
ਪੁੱਟਣ ਲੱਗਿਐ ਬਾਗ਼ 'ਚੋਂ, ਵੰਨ ਸੁਵੰਨੇ ਫੁੱਲ,
ਕਿਉਂਕਿ ਇੱਕੋ ਰੰਗ ਹੀ, ਮਾਲੀ ਨੂੰ ਪਰਵਾਨ।
ਢੰਗ ਕਸੂਤਾ ਜਿਊਣ ਦਾ, ਸਿੱਖ ਗਏ ਨੇ ਲੋਕ,
ਭਾਣਾ ਮੰਨਣ ਜ਼ੁਲਮ ਨੂੰ, ਰੱਖਣ ਬੰਦ ਜ਼ੁਬਾਨ।
'ਜ਼ਖ਼ਮੀ' ਨਾਨਕ, ਬੁੱਧ ਦੇ, ਕੀਤੇ ਜੇ ਉਪਦੇਸ਼,
ਸਿਵਿਆਂ ਵਾਂਗੂੰ ਸੁਲਘਦੇ, ਤਾਂ ਹੀ ਧਰਮ ਸਥਾਨ।
ਰਚਨਾ ਰੱਬ ਦੀ ਬੜੀ ਮਹਾਨ ਔਰਤ।
ਹੁੰਦੀ ਵਸਦੇ ਘਰਾਂ ਦੀ ਸ਼ਾਨ ਔਰਤ।
ਮਿੱਠਤ,ਨਿਮਰਤਾ,ਖਿਮਾਂ ਦੀ ਹੈ ਮੂਰਤ,
ਸੱਭਿਆਚਾਰ ਤੇ ਧਰਮ ਦੀ ਜਾਨ ਔਰਤ।
ਸੱਚਾ-ਸੁੱਚਾ ਪਵਿੱਤਰ ਪ੍ਰੇਮ ਇਸ ਦਾ,
ਜਿੰਦ ਹੱਸ ਕੇ ਕਰੇ ਕੁਰਬਾਨ ਔਰਤ।
ਜਣਨੀ ਜੱਗ ਦੀ ਗੁਰਾਂ ਨੇ ਕਿਹਾ ਇਹਨੂੰ,
ਜੰਮੇ ਸੂਰਮੇ, ਭਗਤ, ਰਾਜਾਨ ਔਰਤ।
ਗਿੱਲੀ ਥਾਂ ‘ਤੇ ਪਵੇ ਖ਼ੁਦ ਖ਼ੁਸ਼ ਹੋ ਕੇ,
ਸੁੱਕੇ ਰੱਖਦੀ ਸਦਾ ਸੰਤਾਨ ਔਰਤ।
ਆਦਰਯੋਗ ਨੇ ਏਸ ਦੇ ਰੂਪ ਸਾਰੇ,
ਬੱਚੀ, ਬੁੱਢੀ ਜਾਂ ਹੋਵੇ ਜਵਾਨ ਔਰਤ।
ਅੱਗੇ ਮਰਦ ਤੋਂ ਨਿਕਲੀ ਹਰ ਪੱਖੋਂ,
ਪਾਵੇ ‘ਜ਼ਖ਼ਮੀ’ ਸਦਾ ਸਨਮਾਨ ਔਰਤ।
ਮੱਥੇ ਵਿਚਲੀ ਮੰਜ਼ਿਲ ਜਦ ਵੰਗਾਰੇ ਬੰਦੇ ਨੂੰ।
ਰੋਕ ਸਕੇ ਨਾ ਚਰਖੜੀਆਂ ਤੇ ਆਰੇ ਬੰਦੇ ਨੂੰ।
ਕਰ ਸਕਦਾ ਨਾ ਦੂਜਾ ਕੋਈ ਵਿੰਗਾ ਵਾਲ਼ ਕਦੇ,
ਲੈ ਬਹਿੰਦੇ ਨੇ ਆਖ਼ਰ ਆਪਣੇ ਕਾਰੇ ਬੰਦੇ ਨੂੰ।
ਲੋਕ ਉਦੋਂ ਤੱਕ ਆਪਣਾ ਉੱਲੂ ਸਿੱਧਾ ਕਰ ਜਾਂਦੇ,
ਜਦ ਤੱਕ ਆਵੇ ਸਮਝ ਉਨ੍ਹਾਂ ਦੇ ਬਾਰੇ ਬੰਦੇ ਨੂੰ।
ਕਰ ਲੈਂਦੇ ਸਮਝੌਤੇ ਜਿਹੜੇ ਨਾਲ਼ ਤੁਫ਼ਾਨਾਂ ਦੇ,
ਉਹ ਬੇੜੇ ਨਾ ਲਾਉਂਦੇ ਕਦੇ ਕਿਨਾਰੇ ਬੰਦੇ ਨੂੰ।
ਮਨ ਦਾ ਮਾਲੀ ਜੇਕਰ ਕੇਰਾਂ ਦੀਦ ਦਿਖਾ ਜਾਵੇ,
ਮਰਦੇ ਮਰਦੇ ਮਿਲਦੇ ਸਾਹ ਉਧਾਰੇ ਬੰਦੇ ਨੂੰ।
ਯਾਰ ਅਜੇਹੇ ਖੜ੍ਹਨ ਕਦੇ ਨਾ ਦਿੰਦੇ ਪੈਰਾਂ 'ਤੇ,
ਪੈਰ ਪੈਰ 'ਤੇ ਜਿਹੜੇ ਦੇਣ ਸਹਾਰੇ ਬੰਦੇ ਨੂੰ।
ਭਾਵੇਂ 'ਜ਼ਖ਼ਮੀ' ਰੱਬ ਹਮੇਸ਼ਾ ਜਾਪੇ ਯੱਭ ਨਿਰਾ,
ਪਰ ਦਿੰਦੈ ਧਰਵਾਸ ਜਿਹਾ ਦੁਖਿਆਰੇ ਬੰਦੇ ਨੂੰ।
ਤੇਰਾ ਮੇਰਾ ਰਿਸ਼ਤਾ ਖੂਬ ਪੁਰਾਣਾ ਹੈ।
ਜੱਗ ਵਿਚਾਰਾ ਇਸ ਗੱਲੋਂ ਅਨਜਾਣਾ ਹੈ।
ਖਿੜੀਆਂ ਤੇਰੇ ਨਾਲ ਸਦਾ ਗੁਲਜ਼ਾਰਾਂ ਨੇ,
ਤੇਰੇ ਬਾਝੋਂ ਦੁਨੀਆਂ ਸੁੰਨਮਸਾਣਾਂ ਹੈ।
ਇਕਨਾਂ ਖਾਤਰ ਬੋਝ ਬਣੀ ਹੈ ਜ਼ਿੰਦਗਾਨੀ,
ਇਕਨਾਂ ਖਾਤਰ ਮਸਤੀ ਭਰਿਆ ਗਾਣਾ ਹੈ।
ਬੋਟਾਂ ਉੱਤੇ ਬਾਜ਼ ਉਦੋਂ ਹੀ ਝਪਟੇ ਨੇ,
ਚਿੜੀਆਂ ਨੇ ਜਦ ਮੰਨਿਆ ਰੱਬ ਦਾ ਭਾਣਾ ਹੈ।
ਨਾਨਕ ਵਰਗਾ ਸੰਤ ਮਿਲੇ ਨਾ ਲਾਲੋ ਨੂੰ,
ਅੱਜ-ਕੱਲ੍ਹ ਹੁੰਦਾ ਭਾਗੋ ਵੱਲ ਟਿਕਾਣਾ ਹੈ।
ਸਾਧ-ਸਿਆਣੇ ਫਿਰ ਨਾ ਠੱਗੀਆਂ ਮਾਰਨਗੇ,
ਬੰਦ ਜਦ ਬਣ ਜਾਣਾ ਆਪ ਸਿਆਣਾ ਹੈ।
‘ਜ਼ਖ਼ਮੀ’ ਜੱਗ਼ ‘ਤੇ ਬੈਠ ਕਿਸੇ ਨੇ ਰਹਿਣਾ ਨਾ,
ਇੱਕ ਦਿਨ ਮਿੱਟੀ ਵਿੱਚ ਮਿੱਟੀ ਹੋ ਜਾਣਾ ਹੈ।
ਹਾਕਾਂ ਮਾਰ ਬੁਲਾਇਆ ਸੂਰਜ।
ਮੇਰੇ ਘਰ ਨਾ ਆਇਆ ਸੂਰਜ।
ਤੱਕ ਕੇ ਮੇਰਾ ਰੋਣਾ ਧੋਣਾ,
ਸ਼ਾਇਦ ਹੈ ਘਬਰਾਇਆ ਸੂਰਜ।
ਗ਼ੈਰਾਂ ਨਾਲ ਨਹੀਂ ਸੀ ਰਲਿਆ,
ਤਦ ਦਾ ਸੀਨੇ ਲਾਇਆ ਸੂਰਜ।
ਸਭਨਾਂ ਨੂੰ ਧੁੱਪ ਵੰਡੇ ਜੇਕਰ,
ਆਖੇ ਕੌਣ ਪਰਾਇਆ ਸੂਰਜ।
ਮੇਰੇ ਵਿਹੜੇ ਘੁੱਪ ਹਨੇਰਾ,
ਕਿਸ ਨੇ ਪਿੰਜਰੇ ਪਾਇਆ ਸੂਰਜ।
ਮੁੱਢੋਂ ਧੁੱਪ ਦੇ ਵੈਰੀ ਜਿਹੜੇ,
ਕਿੰਝ ਉਨ੍ਹਾਂ ਨੂੰ ਭਾਇਆ ਸੂਰਜ।
ਸਾਰੇ ਨਿੱਘ ਮਾਣਨਗੇ ‘ਜ਼ਖ਼ਮੀ’,
ਜਦ ਆਜ਼ਾਦ ਕਰਾਇਆ ਸੂਰਜ।
ਦੁਨੀਆਂ ਵਿੱਚ ਗ਼ਮਖ਼ਾਰ ਦਿਸੇ ਨਾ।
ਤੇਰੇ ਵਰਗਾ ਪਿਆਰ ਦਿਸੇ ਨਾ।
ਕਿਸਨੂੰ ਦਿਲ ਦਾ ਦਰਦ ਸੁਣਾਵਾਂ,
ਦਿਲ ਵਾਲਾ ਦਿਲਦਾਰ ਦਿਸੇ ਨਾ।
ਦੇਖਣ ਨੂੰ ਹੀ ਨੈਣ ਤਰਸਦੇ,
ਹੁਣ ਕੂੰਜਾਂ ਦੀ ਡਾਰ ਦਿਸੇ ਨਾ।
ਜਿਸ ਦੇ ਹੱਥੀਂ ਮਹਿਲ ਬਣੇ ਨੇ,
ਉਸ ਕੋਲੇ ਘਰਬਾਰ ਦਿਸੇ ਨਾ।
ਲੋਕਾਂ ਦੇ ਦੁੱਖ ਦੂਰ ਕਰੋ ਜੋ,
ਲੋਕਾਂ ਦੀ ਸਰਕਾਰ ਦਿਸੇ ਨਾ।
ਬਾਬੇ ਰੁਲਦੇ ਫਿਰਨ ਕਚਹਿਰੀ,
ਪੱਲੇ ਸੱਚ ਆਚਾਰ ਦਿਸੇ ਨਾ।
ਬਣਿਐ ਬੋਝ ਬੁਢਾਪਾ ਜ਼ਖ਼ਮੀ,
ਮਾਪਿਆਂ ਦਾ ਸਤਿਕਾਰ ਦਿਸੇ ਨਾ।
ਉਹ ਮੇਰੇ ਅੰਗ-ਸੰਗ ਰਿਹਾ ਹੈ।
ਬੇਸ਼ੱਕ ਹਰਦਮ ਡੰਗ ਰਿਹਾ ਹੈ।
ਮੌਤੋਂ ਭੈੜਾ ਬਿਰਹਾ ਉਸ ਦਾ,
ਮਿਲਣਾ ਠੰਢੀ ਜੰਗ ਰਿਹਾ ਹੈ।
ਮੌਸਮ ਵਾਂਗੂੰ ਦਿਲਬਰ ਮੇਰਾ,
ਨਿੱਤ ਬਦਲਦਾ ਰੰਗ ਰਿਹਾ ਹੈ।
ਖੂਨ ਪਸੀਨਾ ਇੱਕ ਕਰ ਕੇ ਵੀ,
ਕਿਰਤੀ ਦਾ ਹੱਥ ਤੰਗ ਰਿਹਾ ਹੈ।
ਵੱਡਾ ਅਫ਼ਸਰ ਸੁਣਿਐ ਪੁੱਤਰ,
ਬਾਪੂ ਦਰ ਦਰ ਮੰਗ ਰਿਹਾ ਹੈ।
ਫੁੱਟ ਪਾਓ ਤੇ ਕਰੋ ਹਕੂਮਤ,
ਹਾਕਮ ਦਾ ਇਹ ਢੰਗ ਰਿਹਾ ਹੈ।
ਇਸ ਤੋਂ ਬਚ ਕੇ ਰਹਿਣਾ ‘ਜ਼ਖ਼ਮੀ’
ਬਹੁਤਾ ਹੀ ਜੋ ਸੰਗ ਰਿਹਾ ਹੈ।
ਮੈਂ ਅਜੇ ਹਰਿਆ ਨਹੀਂ।
ਕਿਉਂਕਿ ਮੈਂ ਮਰਿਆ ਨਹੀਂ।
ਨ੍ਹੇਰਿਆਂ ਦੇ ਨਾਲ ਮੈਂ,
ਜੂਝਦਾਂ, ਡਰਿਆ ਨਹੀਂ।
ਮੈਂ ਨਿਭਾਈਆਂ ਯਾਰੀਆਂ,
ਤੂੰ ਵਫ਼ਾ ਕਰਿਆ ਨਹੀਂ।
ਦਰ ਦੁਖੀ ਤੇ ਦੀਨ ਨੂੰ,
ਦੇਖ ਕੇ ਠਰਿਆ ਨਹੀਂ।
ਜ਼ੁਲਮ ਨਾ ਕਰਿਆ ਕਦੇ
ਜ਼ੁਲਮ ਨੂੰ ਜਰਿਆ ਨਹੀਂ।
ਹੈ ਕਰੀ ਮਿਹਨਤ ਬੜੀ,
ਢਿੱਡ ਫਿਰ ਭਰਿਆ ਨਹੀਂ।
ਝੂਠ ‘ਜ਼ਖ਼ਮੀ’ ਡੁੱਬਣੈਂ,
ਇਹ ਕਦੇ ਤਰਿਆ ਨਹੀਂ।
ਨਾ ਮੈਂ ਹਿੰਦੂ, ਸਿੱਖ ਨਾ, ਨਾ ਹੀ ਮੁਸਲਮਾਨ।
ਜਾਇਆ ਹਾਂ ਇਨਸਾਨ ਦਾ, ਮੈਂ ਕੇਵਲ ਇਨਸਾਨ।
ਮਾਨਵਤਾ ਦੇ ਭਲੇ ਦੀ ਸੀ, ਧਰਮਾਂ ਤੋਂ ਆਸ,
ਪਰ ਸਭ ਤੋਂ ਵੱਧ ਇਨ੍ਹਾਂ ਨੇ, ਕੀਤਾ ਹੈ ਨੁਕਸਾਨ।
ਪਾਪ ਕਮਾਓ ਰੱਜ ਕੇ, ਫਿਰ ਕਰਵਾਓ ਮਾਫ,
ਸੁਣਿਆ ਏਸੇ ਵਾਸਤੇ, ਦੁਨੀਆਂ ‘ਤੇ ਪੁੰਨ ਦਾਨ।
ਠੱਗ਼ਾਂ ‘ਚੋਂ ਇੱਕ ਠੱਗ ਦੀ, ਕਰ ਸਕਦੇ ਹਾਂ ਚੋਣ,
ਕਿਉਂਕਿ ਸਾਨੂੰ ਵੋਟ ਦਾ, ਹੱਕ ਦਿੰਦੈ ਸੰਵਿਧਾਨ।
ਵਿਹਲੜ ਖਾਂਦੇ ਚੋਪੜੀ, ਕਰਦੇ ਪੂਰੀ ਐਸ਼,
ਕਿਉਂ ਖ਼ੁਦਕੁਸ਼ੀਆਂ ਕਰ ਰਿਹੈ, ਕਿਰਤੀ ਅਤੇ ਕਿਸਾਨ।
ਭਾਂਤ-ਭਾਂਤ ਦੇ ਕੇਸ ਨੇ, ਚੱਲਦੇ ਕੋਰਟ ਵਿੱਚ,
ਫਿਰ ਵੀ ਸੰਗਤ ਵਾਸਤੇ, ਬਾਬੇ ਬੜੇ ਮਹਾਨ।
‘ਜ਼ਖ਼ਮੀ’ ਜਦ ਤੱਕ ਆਦਮੀ, ਨਹੀਂ ਖੋਲ੍ਹਦਾ ਅੱਖ,
ਤਦ ਤੱਕ ਅੰਧ-ਵਿਸ਼ਵਾਸ ਵਿੱਚ, ਫਸਿਆ ਰਹੂ ਜਹਾਨ।
|