ਪੰਜਾਬੀ ਗੀਤ/ਗ਼ਜ਼ਲਾਂ/ਕਵਿਤਾਵਾਂ ਇੰਦਰਜੀਤ ਹਸਨਪੁਰੀ
ਸਰਹੰਦ ਦੀਏ ਦੀਵਾਰੇ ਨੀ ।
ਤੂੰ ਖ਼ੂਨ ਮਸੂਮਾਂ ਦਾ ਪੀਤਾ ।
ਨਾ ਤਰਸ ਜ਼ਰਾ ਵੀ ਤੂੰ ਕੀਤਾ ।
ਤੂੰ ਇਹ ਕੀ ਕੀਤੇ ਕਾਰੇ ਨੇ ।
ਸਰਹੰਦ ਦੀਏ ਦੀਵਾਰੇ ਨੀ ।
ਇਹ ਮਾਂ ਕਿਸੇ ਦੇ ਜਾਏ ਸੀ ।
ਕਿਸੇ ਪਿਉ ਨੇ ਲਾਡ ਲਡਾਏ ਸੀ ।
ਸੀ ਅੱਖ ਕਿਸੇ ਦੇ ਤਾਰੇ ਨੀ ।
ਸਰਹੰਦ ਦੀਏ ਦੀਵਾਰੇ ਨੀ ।
ਤੈਨੂੰ ਲੋਕੀ ਸਾਰੇ ਕਹਿਣ ਨੀ ।
ਤੂੰ ਖਾ ਗਈ ਬਣ ਕੇ ਡੈਣ ਨੀ ।
ਦਸਮੇਸ਼ ਦੇ ਰਾਜ ਦੁਲਾਰੇ ਨੀ ।
ਸਰਹੰਦ ਦੀਏ ਦੀਵਾਰੇ ਨੀ ।
ਤੂੰ ਡਾਢੇ ਕੀਤੇ ਲੋਹੜੇ ਨੀ ।
ਮਾਤਾ ਤੋਂ ਲਾਲ ਵਿਛੋੜੇ ਨੀ ।
ਤੈਨੂੰ ਲਾਹਨਤ ਪਾਂਦੇ ਸਾਰੇ ਨੀ ।
ਸਰਹੰਦ ਦੀਏ ਦੀਵਾਰੇ ਨੀ ।
ਤੇਰੇ ਮਾੜੇ ਹੈਸਨ ਭਾਗ ਨੀ ।
ਤੂੰ ਲਾਇਆ ਮੱਥੇ 'ਤੇ ਦਾਗ ਨੀ ।
ਜਿਸਨੂੰ ਨਾ ਕੋਈ ਉਤਾਰੇ ਨੀ ।
ਸਰਹੰਦ ਦੀਏ ਦੀਵਾਰੇ ਨੀ ।
ਤੂੰ ਜ਼ੋਰ ਬਥੇਰਾ ਲਾਇਆ ਨੀ ।
ਇਨ੍ਹਾਂ ਨੂੰ ਬਹੁਤ ਡਰਾਇਆ ਨੀ ।
ਪਰ ਇਹ ਨਾ ਬਾਜ਼ੀ ਹਾਰੇ ਨੀ ।
ਸਰਹੰਦ ਦੀਏ ਦੀਵਾਰੇ ਨੀ ।
ਜਿਹਨੂੰ ਸ਼ੀਂਹ ਨਾ ਬੇਲਿਉਂ ਬੁਕਦਾ ਏ ।
ਜਿਹਨੂੰ 'ਹਸਨਪੁਰੀ' ਜੱਗ ਝੁਕਦਾ ਏ ।
ਉਹ ਲਾਲ ਤੈਂ ਮਨੋਂ ਵਿਸਾਰੇ ਨੀ ।
ਸਰਹੰਦ ਦੀਏ ਦੀਵਾਰੇ ਨੀ ।
ਜਦੋਂ ਯਾਦ ਸੱਜਣਾ ਤੇਰੀ ਆਵੇ
ਕੱਤੀਆਂ ਨਾ ਜਾਣ ਪੂਣੀਆਂ ।
ਚਰਖੀ ਦਾ ਗੇੜਾ ਮੈਥੋਂ ਇਕ ਵੀ ਨਾ ਆਂਵਦਾ ।
ਕਿੰਨਾਂ ਹੀ ਬਚਾਵਾਂ ਤੰਦ ਫਿਰ ਟੁੱਟ ਜਾਂਵਦਾ ।
ਟੁੱਟ ਪੈਣਾ ਤੱਕਲਾ ਵਲ ਖਾਵੇ ।
ਕੱਤੀਆਂ ਨਾ ਜਾਣ ਪੂਣੀਆਂ ।
ਜਾਵਾਂ ਹੇ ਤ੍ਰਿੰਜਣਾਂ ਨੂੰ ਛੇੜਨ ਸਹੇਲੀਆਂ ।
ਵੱਢ ਵੱਢ ਖਾਣ ਮੈਨੂੰ ਸੁੰਨੀਆਂ ਹਵੇਲੀਆਂ ।
ਇਨ੍ਹਾਂ ਵੈਰਨਾਂ ਨੂੰ ਕੌਣ ਸਮਝਾਵੇ ।
ਕੱਤੀਆਂ ਨਾ ਜਾਣ ਪੂਣੀਆਂ ।
ਸਖੀਆਂ ਸਹੇਲੀਆਂ ਨੇ ਮੇਰੇ ਨਾਲੋਂ ਦੂਣੀਆਂ ।
ਸੱਪ ਬਣ ਗਈਆਂ ਹਾਏ ਮੇਰੀਆਂ ਇਹ ਪੂਣੀਆਂ ।
ਮੈਨੂੰ ਚਰਖੀ ਦੀ ਗੂੰਜ ਸੁਜਾਵੇ ।
ਕੱਤੀਆਂ ਨਾ ਜਾਣ ਪੂਣੀਆਂ ।
'ਹਸਨਪੁਰੀ' ਜਿੰਨਾਂ ਚਿਰ ਤੂੰ ਏਂ ਮੈਥੋਂ ਦੂਰ ਵੇ ।
ਮੱਛੀ ਵਾਂਗ ਤੜਫਾਂ ਮੈਂ ਹੋ ਕੇ ਮਜ਼ਬੂਰ ਵੇ ।
ਮੇਰਾ ਪਲ ਪਲ ਮਨ ਘਬਰਾਵੇ ।
ਕੱਤੀਆਂ ਨਾ ਜਾਣ ਪੂਣੀਆਂ ।
ਜਦੋਂ ਯਾਦ ਸੱਜਣਾ ਤੇਰੀ ਆਵੇ
ਕੱਤੀਆਂ ਨਾ ਜਾਣ ਪੂਣੀਆਂ ।
ਵਗ ਰਹੀਆ ਨੇ ਤੇਜ਼ ਹਵਾਵਾਂ ਥਾਂ ਥਾਂ ʼਤੇ।
ਬੁਝਦੇ ਦੀਵੇ ਕਿਵੇਂ ਬਚਾਵਾ ਥਾਂ ਥਾਂ ਤੇ।
ਮਾਣ ਅਸਾਨੂੰ ਯਾਰੋ ਜਿਹਨਾਂ ਬਾਹਵਾਂ ਦਾ,
ਭੱਜ ਰਹੀਆਂ ਨੇ ਓਹ ਵੀ ਬਾਹਵਾਂ ਥਾਂ ਥਾਂ ʼਤੇ।
ਰੁੱਖਾਂ ਦੇ ਹਰ ਹੰਝੂ ਅੰਦਰ ਅੱਗ ਬਲ਼ੇ,
ਜਲ਼ ਰਹੀਆਂ ਨੇ ਠੰਡੀਆਂ ਛਾਵਾਂ ਥਾਂ ਥਾਂ ʼਤੇ।
ਧਰਤੀ ਮਾਂ ਦੀ ਝੋਲੀ ਲਾਸ਼ਾਂ ਨਾਲ ਭਰੀ,
ਹੂਕਾਂ ਬਣੀਆਂ ਦਿਸਣ ਦੁਆਵਾਂ ਥਾਂ ਥਾਂ ʼਤੇ।
ਦਿਲ ਸਹਿੰਦਾ ਖੜਕਾਰ ਨਾ ਖ਼ੂਨੀ ਬੂਟਾਂ ਦੀ,
ਸਿਰ ʼਤੇ ਤੁਰੀਆਂ ਫਿਰਨ ਬਲਾਵਾਂ ਥਾਂ ਥਾਂ ʼਤੇ।
ਅਮਨ ਮੁਹੱਬਤ ਹੋਵੇ ਧਰਤੀ ਅੰਬਰ ʼਤੇ,
ਪੰਛੀ ਵਾਗੂੰ ਆਵਾਂ ਜਾਵਾਂ ਥਾਂ ਥਾਂ ʼਤੇ।
ਰਹੇ ਸ਼ਿਕਾਰੀ ਨਾ ਕੋਈ ਵੀ ਦੁਨੀਆਂ ʼਤੇ,
ਘੁੱਗੀਆਂ ਦੀ ਮੈ ਡਾਰ ਉੜਾਵਾਂ ਥਾਂ ਥਾਂ ʼਤੇ।
ਹੱਕ ਦੀ ਖ਼ਾਤਰ ਜਿੰਨ੍ਹਾਂ ਮੌਤ ਵਿਆਹੀ ਏ,
ਕਿਉਂ ਉਹਨਾਂ ਦੇ ਗੀਤ ਨਾ ਗਾਵਾਂ ਥਾਂ ਥਾਂ ʼਤੇ।
ʼਹਸਨਪੁਰੀʼ ਇਹ ਘੁੱਪ ਹਨੇਰਾ ਮੇਟਣ ਨੂੰ,
ਗ਼ਜ਼ਲਾਂ ਦੀ ਮੈ ਸ਼ਮ੍ਹਾ ਜਗਾਵਾਂ ਥਾਂ ਥਾਂ ʼਤੇ।
ਜਾਗਣ ਪੰਜ ਦਰਿਆ
ਬੇਲੀਆ ਜਾਗਣ ਪੰਜ ਦਰਿਆ
ਮੈ ਬਣ ਜਾਵਾਂ ਸੋਨ-ਸਵੇਰਾ
ਤੂੰ ਸੂਰਜ ਬਣ ਜਾ
ਅੱਖਾਂ ਮੀਚ ਕੇ ਤੁਰਦੇ ਜਿਹੜੇ
ਪਾ ਕੰਨਾਂ ਵਿਚ ਰੂੰ
ਆ ਜਾ ਹੇਕ ਪਿਆਰ ਦੀ ਲਾਈਏ
ਮਿੱਤਰਾ ਮੈਂ ਤੇ ਤੂੰ
ਖੁੱਲ੍ਹਣ ਅੱਖਾਂ, ਕੰਨ ਇਹਨਾਂ ਦੇ
ਦੁੱਲਾ ਭੱਟੀ ਗਾ
ਜਾਗਣ ਪੰਜ ਦਰਿਆ…
ਭੁੱਲ ਗਏ ਜੋ ਵਿਰਸਾ ਆਪਣਾ
ਸਭਿਆਚਾਰ ਨੇ ਭੁੱਲੇ
ਆ ਇਹਨਾਂ ਨੂੰ ਯਾਦ ਕਰਾਈਏ
ਨਾਨਕ, ਵਾਰਿਸ, ਬੁੱਲੇ
ਜਿਹਨਾਂ ਸਾਨੂੰ ਸਬਕ ਪੜ੍ਹਾਇਆ
ਪਿਆਰ ਮੁਹੱਬਤ ਦਾ
ਜਾਗਣ ਪੰਜ ਦਰਿਆ…
ਬੜੇ ਚਲਾ ਲਏ ਬੰਬ, ਗੋਲ਼ੀਆਂ
ਬੜੇ ਬਣਾ ਲਏ ਥੇਹ
ਆਪਣੇ ਸਿਰ ਵਿਚ ਆਪੇ ਪਾਈ
ਅਸੀਂ ਬਥੇਰੀ ਖੇਹ
ਹੋਈਆਂ ਬੀਤੀਆਂ ਉੱਤੇ ਆਪਾਂ
ਮਿੱਟੀ ਦੇਈਏ ਪਾ
ਜਾਗਣ ਪੰਜ ਦਰਿਆ…
ਇੱਕ ਦੂਜੇ ਦੇ ਗਲ਼ ਵਿਚ ਪਾਈਏ
ਆ ਬਾਹਵਾਂ ਦੇ ਹਾਰ
ਪਿਆਰ ਦੇ ਅੱਗੇ ਸਦਾ ਹਾਰਦੀ
ਦੇਖੀ ਏ ਤਲਵਾਰ
ਨਫ਼ਰਤ ਦੀ ਅੱਗ ਬੁਝ ਜਾਵੇਗੀ
ਪਿਆਰ ਦਾ ਮੀਂਹ ਬਰਸਾ
ਜਾਗਣ ਪੰਜ ਦਰਿਆ…
ਇਕ ਭਗਵਾਨ ਦੇ ਲੱਖਾਂ ਘਰ ਨੇ
ਰਹੇ ਨਾ ਇਕ ਵਿੱਚ ਵੀ ਭਗਵਾਨ
ਇਕ ਵੀ ਘਰ ਨਾ ਜਿਹਨਾਂ ਕੋਲੇ਼
ਇਥੇ ਲੱਖਾਂ ਹੀ ਇਨਸਾਨ
ਤਾਂ ਵੀ ਭਾਰਤ ਦੇਸ਼ ਮਹਾਨ
ਕਾਣੀ ਵੰਡ ਕਿਓਂ ਇਥੇ ਮੈਨੂੰ
ਰੱਬ ਦੇ ਬੰਦੇ ਦੱਸ ਸਕਦੇ ਨੇ
ਇੱਕ ਇੱਕ ਰੱਬ ਦੇ ਘਰ ਦੇ ਅੰਦਰ
ਪਿੰਡਾਂ ਦੇ ਪਿੰਡ ਵੱਸ ਸਕਦੇ ਨੇ
ਸੋਚੋ ਸਮਝੋ ਅਤੇ ਵਿਚਾਰੋ
ਕੀ ਕਹਿੰਦਾ ਹੈ ਧਰਮ ਇਮਾਨ
ਰੱਬ ਦੇ ਬੰਦਿਓ ਜੋ ਰੁਲਦੇ ਨੇ
ਇਹ ਵੀ ਆਦਮ ਦੀ ਔਲਾਦ
ਕਾਣੀ ਵੰਡ ਨਾ ਰਹਿਣੀ ਜੱਗ ਤੇ
ਇਹ ਗੱਲ ਮੇਰੀ ਰੱਖਣਾ ਯਾਦ
ਉਪਰ ਥੱਲੇ ਹੋ ਕੇ ਰਹਿਣਾ
ਇੱਕ ਦਿਨ ਧਰਤੀ ਤੇ ਅਸਮਾਨ
ਜਿਸ ਨੂੰ ਲੋੜ ਨਹੀਂ ਉਸਨੂੰ ਤਾਂ
ਦਿੰਦੇ ਹੋ ਭਰ ਭਰ ਕੇ ਥਾਲ
ਲੋੜਵੰਦ ਨੂੰ ਧੱਕੇ ਮਾਰੋਂ
ਨਾਲੇ ਕੱਢੋਂ ਸੌ ਸੌ ਗਾਲ਼
‘ਹਸਨਪੁਰੀ’ ਦਿਲ ਪਿਆਰ ਤੋਂ ਖਾਲੀ
ਉਂਜ ਕਹਾਉਂਦੇ ਹੋ ਧਨਵਾਨ
ਨਾ ਬਣਨਾ ਪਟਵਾਰੀ, ਮੁਨਸ਼ੀ
ਨਾ ਚੁਕਣੀ ਨੇਤਾ ਦੀ ਝੋਲੀ
ਮੈਂ ਤਾਂ ਬੇਬੇ ਸਾਧ ਬਣੂੰਗਾ
ਪੜ੍ਹਨ ਪੁੜ੍ਹਨ ਦੇ ਮਾਰ ਤੂੰ ਗੋਲੀ
ਮੈਂ ਤਾਂ ਬੇਬੇ ਸਾਧ …….
ਪੜ੍ਹੇ ਲਿਖੇ ਨੇ ਧੱਕੇ ਖਾਂਦੇ
ਸਾਧ ਪਖੰਡੀ ਮੌਜ ਉੜਾਂਦੇ
ਸਾਧਾਂ ਦੇ ਡੇਰੇ ਵਿੱਚ ਰਹਿੰਦੀ
ਸਦਾ ਦੀਵਾਲੀ ਤੇ ਨਿੱਤ ਹੋਲੀ
ਮੈਂ ਤਾਂ ਬੇਬੇ ਸਾਧ …….
ਕੋਈ ਤਾਂ ਕਿੱਲਾ ਨਾਮ ਲਵਾਊ
ਕੋਈ ਸਰੀਆ, ਸੀਮੇਂਟ ਲਿਆਊ
ਮਹਿਲ ਜਿਹਾ ਬਣ ਜਾਊ ਡੇਰਾ
ਰਾਜ ਕਰੂ ਤੇਰਾ ਪੁੱਤ ‘ਘੋਲੀ’
ਮੈਂ ਤਾਂ ਬੇਬੇ ਸਾਧ ……..
ਪਾਊ ਚਿਲਕਣੇ ਕੱਪੜੇ ਸੋਹਣੇ
ਦੇਖੀਂ ਮੇਰੀ ਟੌਰ ਕੀ ਹੋਣੇ
ਅੱਗੇ ਪਿੱਛੇ ਫਿਰੂਗੀ ਮੇਰੇ
ਫਿਰ ਸੇਵਾਦਾਰਾਂ ਦੀ ਟੋਲੀ
ਮੈਂ ਤਾਂ ਬੇਬੇ ਸਾਧ……..
ਜੋ ਮਨ ਦੇ ਕਮਜ਼ੋਰ ਨੇ ਹੁੰਦੇ
ਬੇਈਮਾਨ ਜਾਂ ਚੋਰ ਨੇ ਹੁੰਦੇ
ਫੜ ਕੇ ਪੈਰ ਸਾਧ ਦੇ ਉਹੀ
ਜਾਂਦੇ ਸੋਨੇ ਦੇ ਵਿੱਚ ਤੋਲੀ
ਮੈਂ ਤਾਂ ਬੇਬੇ ਸਾਧ…….
ਬੁੱਧੂਆਂ ਦਾ ਨਾ ਏਥੇ ਘਾਟਾ
ਚਾਹੇ ਹੋਵੇ ਬਿਰਲਾ, ਟਾਟਾ
ਸਭ ਸਾਧਾਂ ਦੇ ਚਰਨ ਪਕੜ ਕੇ
ਮੰਗਦੇ ਨੇ ਅੱਡ-ਅੱਡ ਕੇ ਝੋਲੀ
ਮੈਂ ਤਾਂ ਬੇਬੇ ਸਾਧ………
ਜ਼ਰਾ ਪਖੰਡ ਕਰਨ ਦੇ ਮੈਨੂੰ
ਚਮਤਕਾਰ ਦਖਲਾਊਂ ਤੈਨੂੰ
ਡੱਕਾ ਤੋੜੇ ਬਿਨਾ ਹੀ ਦੇਖੀਂ
ਨੋਟਾਂ ਨਾਲ ਭਰੂਗੀ ਝੋਲੀ
ਮੈਂ ਤਾਂ ਬੇਬੇ ਸਾਧ……..
ਨੇਤਾ ਚਰਨਾ ਵਿੱਚ ਬ੍ਹੈਣਗੇ
ਆ ਕੇ ਅਸ਼ੀਰਵਾਦ ਲੈਣਗੇ
ਤੇਰੇ ਅਨਪੜ੍ਹੇ ਇਸ ਪੁੱਤ ਦੀ
ਸਿਆਸਤ ਵੀ ਬਣ ਜਾਊ ਗੋਲੀ
ਮੈਂ ਤਾਂ ਬੇਬੇ ਸਾਧ……..
ਦੇਖੀਂ ਕੈਸੀਆਂ ਖੇਡੂੰ ਖੇਡਾਂ
ਦੁਨੀਆ ਵਿੱਚ ਬਥੇਰੀਆਂ ਭੇਡਾਂ
ਪੜ੍ਹੇ ਲਿਖੇ ਵੀ ਚਾਰੂੰਗਾ ਮੈਂ
ਜਬ ਬੋਲੀ ਸਾਧਨ ਕੀ ਬੋਲੀ
ਮੈਂ ਤਾਂ ਬੇਬੇ ਸਾਧ………
ਏਥੇ ਭੋਲੇ ਲੋਕ ਬਥੇਰੇ
ਜਿਹੜੇ ਭਗਤ ਬਣਨਗੇ ਮੇਰੇ
ਅਗਲਾ ਜਨਮ ਸਧਾਰਨ ਲਈ ਜੋ
ਏਸ ਜਨਮ ਨੂੰ ਜਾਂਦੇ ਰੋਲੀ
ਮੈਂ ਤਾਂ ਬੇਬੇ ਸਾਧ……..
ਸੰਗਤ ਕਰਦੀ ਪਿਆਰ ਹੋਊਗੀ
ਮੇਰੇ ਥੱਲੇ ਕਾਰ ਹੋਊਗੀ
ਏਨਾ ਚੜੂ ਚੜ੍ਹਾਵਾ ਚਾਹੇ
ਭਰ ਲਈਂ ਨੋਟਾਂ ਨਾਲ ਭੜੋਲੀ
ਮੈਂ ਤਾਂ ਬੇਬੇ ਸਾਧ………
ਅਮਰੀਕਾ ਇੰਗਲੈਂਡ ਕਨੇਡਾ
ਗੇੜਾ ਲਾਊਂ ਜਹਾਜ਼ ਤੇ ਏਡਾ
ਏਨੀ ਮਾਇਆ ਕੱਠੀ ਕਰ ਲਊਂ
ਬਾਣੀਏ ਤੋਂ ਵੀ ਜਾਏ ਨਾ ਤੋਲੀ
ਮੈਂ ਤਾਂ ਬੇਬੇ ਸਾਧ………
ਮੈਂ ਬਣ ਬੈਠੂੰ ਆਪ ਵਿਧਾਤਾ
ਤੂੰ ਬਣਜੇਂਗੀ ਜਗਤ ਦੀ ਮਾਤਾ
ਬਚੇ ਰਹਾਂਗੇ ‘ਹਸਨਪੁਰੀ’ ਨੇ
ਜੇ ਨਾ ਸਾਡੀ ਪਤਰੀ ਫੋਲੀ
ਮੈਂ ਤਾਂ ਬੇਬੇ ਸਾਧ……..
|