Harmanjit
ਹਰਮਨਜੀਤ

Punjabi Writer
  

Punjabi Poetry Harmanjit

ਪੰਜਾਬੀ ਰਾਈਟਰ ਹਰਮਨਜੀਤ

1. ਪੰਜਾਬ

ਜਿੱਥੇ ਮੌਸਮਾਂ ਦੇ ਕੰਨ ਪਾਟੇ ਨੇ
ਜਿੱਥੇ ਰੁੱਤਾਂ ਕੱਟਦੀਆਂ ਫਾਕੇ ਨੇ
ਜਿੱਥੇ ਸੱਪਾਂ ਦੇ ਡੰਗ ਠਰ ਜਾਂਦੇ
ਜਿੱਥੇ ਤਿਲੀਅਰ ਆਂਡੇ ਧਰ ਜਾਂਦੇ ।

ਜਿੱਥੇ ਵਣਤਿਣ ਮੇਲਾ ਜੁੜਦਾ ਹੈ
ਕੋਇਲਾਂ ਦੀ ਢਾਣੀ ਗਾਉਂਦੀ ਹੈ
ਇਤ੍ਰੀਲੀਆਂ ਪੌਣਾਂ ਦੀ ਚਰਖੀ
ਤੁੰਗ-ਤੰਦੜੇ ਕੁਦਰਤ ਪਾਉਂਦੀ ਹੈ ।

ਜਿੱਥੇ ਨੀਲਾ ਅੰਬਰ ਝੁਕ ਜਾਂਦਾ
ਸਾਰਾ ਹੀ ਝਮੇਲਾ ਮੁੱਕ ਜਾਂਦਾ
ਜਿੱਥੇ ਪੌਣਾਂ ਗਿੱਧਾ ਪਾਉਂਦੀਆਂ ਨੇ
ਤੇ ਕੇਸ ਰੁੱਖਾਂ ਦੇ ਵਾਹੁੰਦੀਆਂ ਨੇ ।

ਜਿੱਥੇ ਬਾਜ਼ਾਂ ਮੋਰ ਮਮੋਲਿਆਂ 'ਤੇ
ਕਾਵਾਂ 'ਤੇ ਸ਼ਿਕਰਿਆਂ ਗੋਲਿਆਂ 'ਤੇ
ਲੱਖਾਂ ਹੀ ਬਾਤ ਕਹਾਣੀਆਂ ਨੇ
ਇਹ ਗੱਲਾਂ ਯਾਰ ਪੁਰਾਣੀਆਂ ਨੇ ।

ਜਿੱਥੇ ਟਿੱਬੇ ਚੋਆਂ ਵੱਸਦੇ ਨੇ
ਜਿੱਥੇ ਖੇਤ ਸਰ੍ਹੋਂ ਦੇ ਹੱਸਦੇ ਨੇ
ਓਹ ਡਲ੍ਹਕਦਾ ਮੋਤੀ ਮਾਣਕ ਹੈ
ਜਿੱਥੇ ਧੁੱਪੀਂ ਘੁਲਿਆ ਨਾਨਕ ਹੈ

ਜਿੱਥੇ ਪੱਤ ਨੂੰ ਪੱਤ ਵਲ੍ਹੇਟ ਲਵੇ
ਆਪਣਾ ਸਿਰਨਾਵਾਂ ਮੇਟ ਲਵੇ
ਜਿੱਥੇ ਝਾੜ ਬੂਟ ਦੇ ਓਹਲੇ 'ਚੋਂ
ਕੋਈ ਸੁਖ਼ਨ ਆਵਾਜ਼ਾ ਆਉਂਦਾ ਹੈ
ਤੇ ਇਸ਼ਕ ਦੇ ਆੜੂ ਸਿੰਜ ਸਿੰਜ ਕੇ
ਕੋਈ ਆਪਣੀ ਅਉਧ ਮੁਕਾਉਂਦਾ ਹੈ ।

ਤੁਸੀਂ ਝੱਗਾ-ਚੁੰਨੀਆਂ ਲੋਟ ਕਰੋ
ਅੱਜ ਫੁੱਲਾਂ ਦੀ ਨੀਂ ਸੋਟ ਕਰੋ
ਪੈਰਾਂ ਨੂੰ ਕਰ ਕਰ ਨੰਗੇ ਨੀਂ
ਇੱਥੇ ਕਿਸਮਤ ਵਾਲਾ ਆਉਂਦਾ ਹੈ ।

2. ਧਰਤੀ ਹੀਰ

ਅੰਬਰਾਂ ਦੇ ਵਿੱਚ ਉੱਡਣ ਲਗਦਾਂ
ਗੱਲਾਂ ਕਰਕੇ ਜੀਹਦੇ ਨਾਲ਼
ਧਰਤੀ ਹੀਰ ਬਰੋਬਰ ਬੈਠੀ
ਗ਼ਿਲਾ ਕਰਾਂ ਮੈਂ ਕੀਹਦੇ ਨਾਲ਼

ਇਸ ਧਰਤੀ ਦੇ ਨਕਸ਼ ਸੰਵਾਰੇ
ਦੇਸ ਮੇਰੇ ਦਿਆਂ ਜਾਇਆਂ ਨੇ
ਇਸ ਧਰਤੀ ਦਾ ਲੌਂਗ ਸੀ ਘੜਿਆ
ਮੇਰਿਆਂ ਚਾਚਿਆਂ ਤਾਇਆਂ ਨੇ
ਜੁੱਗੋ-ਜੁੱਗ ਅਟੱਲ ਰਹੀ ਹੈ
ਇਸ ਦੀ ਮੱਠੀ-ਮੱਠੀ ਚਾਲ
ਧਰਤੀ ਹੀਰ ਬਰੋਬਰ ਬੈਠੀ
ਗ਼ਿਲਾ ਕਰਾਂ ਮੈਂ ਕੀਹਦੇ ਨਾਲ਼

ਇਸ ਧਰਤੀ ਵਿੱਚ ਸੁਰਤਾਂ ਪੱਕੀਆਂ
ਭੋਰੇ ਵੇਖ ਗਵਾਹ ਬੈਠੇ
ਆਪਾਂ ਹੀ ਬੱਸ ਪਾਗਲਪਣ ਵਿੱਚ
ਇਸ ਨੂੰ ਲਾਂਬੂ ਲਾ ਬੈਠੇ
ਆਜਾ ਕੋਈ ਬੂਟਾ ਲਾਈਏ
ਛਾਂਵਾਂ ਵੰਡੂ ਆਉਂਦੇ ਸਾਲ
ਧਰਤੀ ਹੀਰ ਬਰੋਬਰ ਬੈਠੀ
ਗ਼ਿਲਾ ਕਰਾਂ ਮੈਂ ਕੀਹਦੇ ਨਾਲ਼

3. ਹਰਿਆਂ ਮੈਦਾਨਾਂ ਤੋਂ-ਤਾਰਿਆਂ ਦੀ ਰੁੱਤ

ਹਰਿਆਂ ਮੈਦਾਨਾਂ ਤੋਂ ਲੰਘਦਾ
ਸਰਸਬਜ਼ ਕੰਢਿਆਂ 'ਤੇ ਬਹਿੰਦਾ
ਮੈਂ ਕੁਝ ਵੀ ਤਾਂਘਣਾ ਭੁੱਲ ਗਿਆ ।
ਬੱਸ ਇੰਨਾ ਕੁ ਯਾਦ ਰਿਹਾ ਕਿ
ਹਵਾ ਜਦੋਂ ਵਗਦੀ ਹੈ ਤਾਂ
ਬੜੀ ਸੋਹਣੀ ਲਗਦੀ ਹੈ ।
ਧਰਤੀ ਫੁੱਲਾਂ ਵਿੱਚ'ਦੀ ਹੱਸਦੀ ਹੈ ।
ਮਿੱਟੀ ਕੱਖਾਂ ਦਾ ਬੜਾ ਮੋਹ ਕਰਦੀ ਹੈ ।
ਹਰੇਕ ਮਰਜ਼ ਦੀ ਆਪਣੀ ਇੱਕ
ਅਲਹਿਦਾ ਜੜੀ-ਬੂਟੀ ਹੁੰਦੀ ਹੈ ।
ਕੁਝ ਜਾਂਗਲੀ ਸੁਭਾਅ ਦੇ ਯਾਤਰੂਆਂ
ਦੀ ਤੋਰ ਨੂੰ ਰਾਹ ਖ਼ੁਦ ਵੀ ਅਪਣਾ ਲੈਂਦੇ ਨੇ ।
ਕੱਚੀਆਂ ਪਗਡੰਡੀਆਂ ਨੂੰ
ਬੜੇ ਰਹੱਸ ਪਤਾ ਹੁੰਦੇ ਨੇ ।
ਤੇ ਮੈਂ ਤੈਂਨੂੰ ਹਰ ਰੁੱਤ ਵਿੱਚ
ਪਿਆਰ ਕੀਤਾ ਹੈ ਜਿਵੇਂ ਕਿ
ਤਾਰੇ ਰੋਜ਼ ਚੜ੍ਹਦੇ ਨੇ
ਤਾਰਿਆਂ ਦੀ ਕੋਈ ਰੁੱਤ ਨਹੀਂ ਹੁੰਦੀ ।

4. ਸਿਰਾਂ ਦੀਆਂ ਵੇਲਾਂ

ਸਿਰਾਂ ਦੀਆਂ ਵੇਲਾਂ ਜਦੋਂ ਖ਼ਾਲਸਾ ਕਰਾਉਂਦਾ ਏ
ਜੰਗ ਦੇ ਮੈਦਾਨਾਂ ਵਿੱਚ ਤੁਹੀ ਤੁਹੀ ਗਾਉਂਦਾ ਏ
ਇੱਕੋ ਹੱਲੇ ਵੈਰੀਆਂ ਨੂੰ ਜਾਂਦਾ ਏ ਪਛਾੜਦਾ
ਜੱਕ-ਤੱਕ ਨਾਲ਼ ਕਾਹਦਾ ਮੇਲ ਤਾੜ-ਤਾੜ ਦਾ

ਅੱਖਰਾਂ ਦੀ ਊਰਜਾ 'ਚ ਰਫਲਾਂ ਨੂੰ ਰੰਗਦੇ
ਚੋਚਲੇ ਭੁਜੰਗੀਆਂ ਦੇ ਕੋਲ਼ ਦੀ ਨੀਂ ਲੰਘਦੇ
ਸੱਪ ਦੀਆਂ ਕੰਜਾਂ ਵਾਂਗੂੰ ਪੀੜ ਪਰ੍ਹਾਂ ਝਾੜਦਾ
ਜੱਕ-ਤੱਕ ਨਾਲ਼ ਕਾਹਦਾ ਮੇਲ ਤਾੜ-ਤਾੜ ਦਾ

ਹੋਵੇ ਸਾਰਾਗੜ੍ਹੀ ਭਾਂਵੇ ਗੜ੍ਹੀ ਚਮਕੌਰ ਦੀ
ਖ਼ਾਲਸੇ ਦਾ ਰਾਜ ਨੱਚੇ ਧਰਤੀ ਲਹੌਰ ਦੀ
ਪਤਾ ਹੁੰਦੈ ਸਾਨੂੰ ਜੰਗਲਾਂ ਦੀ ਨਾੜ-ਨਾੜ ਦਾ
ਜੱਕ-ਤੱਕ ਨਾਲ਼ ਕਾਹਦਾ ਮੇਲ ਤਾੜ-ਤਾੜ ਦਾ

ਭੁੱਖੇ-ਭਾਣੇ ਚੀਕਣੀਆਂ ਚੋਟੀਆਂ ਨੂੰ ਮੱਲਦੇ
ਸਿੰਘਾਂ ਮੂਹਰੇ ਦੱਸ ਕਿਹੜੇ ਤੋਪਖਾਨੇ ਚੱਲਦੇ
ਅੱਗ ਦਾ ਕੋਈ ਛਿੱਟਾ ਫਿਰੇ ਮੋਮਜਾਮਾ ਪਾੜਦਾ
ਜੱਕ-ਤੱਕ ਨਾਲ਼ ਕਾਹਦਾ ਮੇਲ ਤਾੜ-ਤਾੜ ਦਾ

5. ਬਣੇ ਗੁਰੂ ਦੇ ਸਿਪਾਹੀ

ਬਣੇ ਗੁਰੂ ਦੇ ਸਿਪਾਹੀ
ਹਲਾਂ-ਢੱਗਿਆਂ ਦੇ ਮੀਤ
ਨੀਂ ਮੈਂ ਹਵਾ ਵਿੱਚੋਂ ਸੁਣੇ
ਅੱਜ ਡੱਗਿਆਂ ਦੇ ਗੀਤ
ਪੰਜਾਂ ਸਿਰਾਂ ਦੀ ਨਈਂ
ਜਿੰਨਾ ਚਿਰ ਪੂਰਤੀ ਕਰਾਈ
ਕਹਿੰਦੇ ਉੰਨਾ ਚਿਰ
ਹਵਾ ਵਿੱਚ ਤੇਗ ਲਹਿਰਾਈ
ਉਹਦੇ ਰਮਜ਼ਾਂ ਦੇ ਭੇਤ
ਸਾਡੇ ਕੋਲ ਦੀ ਨੀਂ ਲੰਘੇ
ਇਹ ਤਾਂ ਗੁਰੂ ਨੂੰ ਹੀ ਪਤਾ
ਉਹਨੇ ਸੀਸ ਕਾਹਤੋਂ ਮੰਗੇ
ਵੈਰੀ ਸੁਣ ਕੇ ਜੈਕਾਰੇ ਕੰਨੀਂ
ਲੀਰ ਥੁੰਨ ਦਿੱਤੀ
ਕਹਿੰਦੇ ਗੁਰੂ ਜੀ ਨੇ ਚਾਨਣੀ 'ਚ
ਧੂੜ ਗੁੰਨ੍ਹ ਦਿੱਤੀ

6. ਵਿੱਚੇ ਵਿੱਚ ਹੀ ਹੋਣ ਸਰਦਾਰੀਆਂ ਵੇ-ਸਮਤੋਲ

ਨਾ ਤਾਂ ਏਸ ਪਾਸੇ, ਨਾ ਤਾਂ ਓਸ ਪਾਸੇ
ਵਿੱਚੇ ਵਿੱਚ ਹੀ ਹੋਣ ਸਰਦਾਰੀਆਂ ਵੇ
ਪੈਰ ਭੁੰਞੇ ਟਿਕਾਏ, ਨਿਗਾ ਅੰਬਰਾਂ 'ਤੇ
ਤੋੜ ਲੈਂਦੀਆਂ ਤਾਰੇ ਕਲਾਕਾਰੀਆਂ ਵੇ
ਟੱਬਰ ਪਾਲਣੇ, ਦਿਲ ਤੋਂ ਸਾਧ ਹੋਣਾ
ਨਾਲ਼ੇ ਰੱਬ ਤੇ ਨਾਲ਼ੇ ਦੁਨੀਆਦਾਰੀਆਂ ਵੇ
ਜ਼ੁੰਮੇਵਾਰ ਸਮਾਨ ਦੀਆਂ ਜੱਗ ਉੱਤੇ
ਬਾਬਾ ਹੁੰਦੀਆਂ ਆਪ ਸਵਾਰੀਆਂ ਵੇ

ਪੈਸਾ ਆਈ ਜਾਵੇ, ਪੈਸਾ ਜਾਈ ਜਾਵੇ
ਜਿੰਨੀ ਲੋੜ ਜੇ ਓਨਾ ਬੱਸ ਕੋਲ਼ ਹੋਵੇ
ਪੁਤਲੇ ਮਿੱਟੀਆਂ ਦੇ ਸੁਪਨੇ ਲੈਣ ਲੱਗੇ
ਸੋਨੇ-ਚਾਂਦੀ ਦਾ ਭਰਿਆ ਢੋਲ ਹੋਵੇ
ਰੂਹਾਂ ਆਪਣੀ ਥਾਂ, ਦੇਹਾਂ ਆਪਣੀ ਥਾਂ
ਜੇਕਰ ਦੋਵਾਂ 'ਚ ਪੂਰਾ ਸਮਤੋਲ ਹੋਵੇ
ਹੁੰਦਾ ਬੜਾ ਜ਼ਰੂਰੀ ਬਦਲਣਾ ਵੀ
ਚੰਨ ਅੱਧਾ ਤੇ ਚੰਨ ਕਦੇ ਗੋਲ ਹੋਵੇ

7. ਯੁੱਗਾਂ ਪੁਰਾਣੀ ਮਿੱਟੀ

ਯੁੱਗਾਂ ਪੁਰਾਣੀ ਮਿੱਟੀ
ਬੇਬਾਕ ਅੱਲ੍ਹੜ ਥਾਵਾਂ
ਹਰੀਆਂ ਦਲੇਰ ਵੇਲਾਂ
ਇਹ ਸਾਡੀਆਂ ਨੇ ਮਾਂਵਾਂ
ਪਹਿਲੀ ਦਫ਼ਾ ਚੜ੍ਹੀ ਜੋ
ਕੋਈ ਕਾਂਗ ਪਾਣੀਆਂ ਦੀ
ਉਹ ਨੀਰ ਹੀ ਨਾਰਾਇਣ
ਉਹ ਥਾਪੜਾ ਖ਼ੁਦਾ ਦਾ
ਜੋ ਹੁਸਨ ਹੈ ਹਵਾ ਦਾ
ਇਹ ਅੰਤ ਹੈ ਕਲਾ ਦਾ

8. ਸੁੰਮ ਨੱਚਦੇ ਅਕਾਲ

ਸੁੰਮ ਨੱਚਦੇ ਅਕਾਲ, ਰੰਗ, ਲਹੂ ਤੇ ਮਦੀਰੇ
ਚੜ੍ਹੇ ਅੰਬਰਾਂ ਨੂੰ ਤਾਪ, ਘੁੰਮੇ ਪਾਤਸ਼ਾਹ ਸਰੀਰੇ
ਫੱਬੇ, ਲਿਸ਼ਕੇ ਤੇ ਡੁੱਲ੍ਹੇ, ਉਦੋਂ ਜ਼ਿੰਦਗੀ ਦੇ ਨੈਣ
ਜਦੋਂ ਸਾਧੂਆਂ ਦੀ ਝੋਲ਼ 'ਚੋਂ, ਸੰਜੋਆਂ ਲੱਭ ਲੈਣ
ਕੱਢੀ ਭੱਥਿਆਂ 'ਚ ਪੋਥੀ, ਉੱਤੇ ਜਗਦੇ ਸੀ ਤਾਰੇ
ਕਦੇ ਵੱਜਣੋਂ ਨਾ ਹਟੇ, 'ਨੰਦਪੁਰ 'ਚ ਨਗਾਰੇ
ਤੇਰੀ ਤੇਗ ਦੇ ਹੀ ਸਾਜੇ, ਪੌਣ, ਪਾਣੀ ਨਾ' ਨਿਵਾਜੇ
ਕੁੱਲ ਦੁਨੀ ਦੇ ਅਕਾਰ, ਕੁੱਲ ਕਲਾ ਤੇ ਖ਼ੁਮਾਰ
ਗੂੰਜੇ ਗੁੱਝਾ ਪਰਤਾਪ, ਖੁੱਲ੍ਹੇ ਸਾਖੀਆਂ ਦੀ ਝੀਤ
ਤੇਰੀ ਹਿੱਕ ਵਿੱਚ ਜ਼ੋਰ, ਤੇਰੇ ਮੱਥੇ ਵਿੱਚ ਗੀਤ
ਖੱਲਾਂ, ਖੱਦਰ, ਕਤੀਫ਼ੇ, ਵੰਗਾਂ ਵੇਚਦੇ ਖ਼ਲੀਫ਼ੇ
ਜੋਗ ਪੱਤਣਾਂ ਦਾ ਵੱਖ, ਭੁੱਗ, ਭੱਖੜਾ ਤੇ ਸੱਕ
ਸਾਰਾ ਵਿੱਥਿਆ-ਬਖਾਨ, ਵਿੱਚੇ ਘੜਾ ਨਾਲ਼ੇ ਢਾਕ
ਤੇਰਾ ਤਾਰਿਆਂ ਨਾ' ਲੇਖਾ, ਸਾਡਾ ਤੇਰੇ ਨਾਲ ਸਾਕ

9. ਤੇਰਾ ਲਾਜ਼ਮੀ ਹੋਊਗਾ ਓਹੀ ਦੇਸ ਨੀਂ

ਧੂੜਾਂ-ਧੱਪੇ ਮੇਲੇ ਕਦੇ ਕਿੱਕਰਾਂ ਤੇ ਡੇਲੇ
ਕਦੇ ਜੰਡ ਦੀ ਹਜ਼ੂਰੀ ਵਿੱਚੋਂ ਲੰਘਦੀ
ਤਾਂਦਲੇ ਦੇ ਫੁੱਲਾਂ ਵਿੱਚ ਜ਼ਹਿਰ ਨੂੰ ਮਿਲਾ ਕੇ
ਬਣੀ ਹੋਊਗੀ ਤਾਸੀਰ ਤੇਰੇ ਰੰਗ ਦੀ
ਕੁੜੀ ਕਾਹਦੀ ਰਿੰਡ ਦਿਆਂ ਚਾਨਣਾਂ ਦੀ ਲੋਈ
ਕਾਲ਼ੇ ਬਾਗਾਂ ਦੇ ਖ਼ਜ਼ਾਨੇ ਖੁੱਲ੍ਹੇ ਕੇਸ ਨੀਂ
ਜਿੱਥੇ ਕਦੇ ਚੜ੍ਹੀ ਸੀਗੀ ਹੀਰ ਨੂੰ ਜਵਾਨੀ
ਤੇਰਾ ਲਾਜ਼ਮੀ ਹੋਊਗਾ ਓਹੀ ਦੇਸ ਨੀਂ

ਕਦੇ ਨਾ ਕਰੀਰਾਂ ਤਾਂਈਂ ਲੱਗਦੀ ਸਿਉਂਕ ਸਾਡੇ
ਟਿੱਬਿਆਂ ਨੂੰ ਰੇਤਾ ਕਾਹਨੂੰ ਥੁੜਦਾ
ਪਿੰਡਾਂ ਵਿੱਚ ਪੈਂਦੀ ਹੁੰਦੀ ਅੱਲ ਜਿਵੇਂ ਅੱਲ੍ਹੜੇ ਨੀਂ
ਟਾਂਕਾ ਸਾਡਾ ਦੂਰ ਜਾ ਕੇ ਜੁੜਦਾ
ਸਾਡਿਆਂ ਬਨੇਰਿਆਂ 'ਤੇ ਚੁੰਨੀ ਤੇਰੀ ਉੱਡੂ
ਜਿਹੜੇ ਬੁਣੇ ਜਾਂਦੇ ਬੁਣ ਲੈ ਤੂੰ ਖੇਸ ਨੀਂ
ਜਿੱਥੇ ਕਦੇ ਚੜ੍ਹੀ ਸੀਗੀ ਹੀਰ ਨੂੰ ਜਵਾਨੀ
ਤੇਰਾ ਲਾਜ਼ਮੀ ਹੋਊਗਾ ਓਹੀ ਦੇਸ ਨੀਂ

ਕਾੜ੍ਹਨੀ ਦੇ ਦੁੱਧ ਜਿਹਾ ਦੁਨੀਆ 'ਤੇ ਰੰਗ ਹੈਨੀਂ
ਸੰਗ ਹੈਨੀਂ ਕਿਤੇ ਤੇਰੇ ਨਾਲ਼ ਦੀ
ਚੋਬਰਾਂ ਦੀ ਢਾਣੀ ਜਿਹੜੀ ਗੁੱਤ ਵਿੱਚ ਗੁੰਦ ਲਈ ਤੂੰ
ਮਾਲਵੇ 'ਚ ਧੂਣੇ ਫਿਰੇ ਬਾਲ਼ਦੀ
ਬੇਲਿਆਂ ਦਾ ਘੱਟਾ ਜੀਹਨੂੰ ਘਿਓ ਵਾਂਗੂੰ ਲੱਗੇ
ਪੱਟੀ ਇਸ਼ਕੇ ਦੀ ਅੱਲ੍ਹੜ ਵਰੇਸ ਨੀਂ
ਜਿੱਥੇ ਕਦੇ ਚੜ੍ਹੀ ਸੀਗੀ ਹੀਰ ਨੂੰ ਜਵਾਨੀ
ਤੇਰਾ ਲਾਜ਼ਮੀ ਹੋਊਗਾ ਓਹੀ ਦੇਸ ਨੀਂ

ਦੂਣਾ ਰੰਗ ਚੜ੍ਹ'ਜੂਗਾ ਭਾਫ਼ ਦੇ ਕੇ ਲੌਂਗਾਂ ਦੀ ਨੀਂ
ਪੀਸ ਲੈ ਤੂੰ ਮਹਿੰਦੀਆਂ ਦੇ ਪੱਤ ਨੀਂ
ਸਾਰਿਆਂ ਦੇ ਸਿਰਾਂ ਉੱਤੇ ਕਲਗੀ ਲਵਾ ਦੂੰ
ਜਿੰਨੇ ਰਾਹਾਂ ਵਿੱਚ ਖੜ੍ਹੇ ਬਿੱਲੋ ਅੱਕ ਨੀਂ
ਰਾਤੀਂ ਮੈਨੂੰ ਵਾਹਵਾ ਈ ਦਲੇਰੀ ਜਿਹੀ ਦੇ'ਗੇ
ਮੇਰੇ ਸੁਪਨੇ 'ਚ ਆ ਕੇ ਦਰਵੇਸ ਨੀਂ
ਜਿੱਥੇ ਕਦੇ ਚੜ੍ਹੀ ਸੀਗੀ ਹੀਰ ਨੂੰ ਜਵਾਨੀ
ਤੇਰਾ ਲਾਜ਼ਮੀ ਹੋਊਗਾ ਓਹੀ ਦੇਸ ਨੀਂ

10. ਸੰਤਾਂ ਕੋਲ਼ੇ ਪਹੁੰਚ ਕੇ, ਪੂਰੇ ਹੋ ਗਏ ਤੀਰ

ਰੌਸ਼ਨੀਆਂ ਨੂੰ ਦਰਦ ਕੀ ਤੇ ਦਰਦਾਂ ਨੂੰ ਕੀ ਦੇਸ ?
ਫੌਜੀਆਂ ਨੇ ਕੀ ਘੇਰਨੇ, ਜੋ ਧਰਤੀ ਕੇ ਦਰਵੇਸ ?
ਲਹੂ ਜੋ ਰੱਖਿਆ ਜੋੜ ਕੇ, ਹੁਣ ਇਸ਼ਕ 'ਚ ਪਾਊ ਸੀਰ
ਸੰਤਾਂ ਕੋਲ਼ੇ ਪਹੁੰਚ ਕੇ, ਪੂਰੇ ਹੋ ਗਏ ਤੀਰ ।

ਪੱਤਰੇ ਜਦੋਂ ਈਮਾਨ ਦੇ, ਉਹਨੇ ਬਹਿ ਕੇ ਫੋਲੇ
ਤੇਗਾਂ ਲਿਸ਼ਕਣ ਲੱਗੀਆਂ, ਉਹਦੇ ਕੇਸਾਂ ਉਹਲੇ
ਭੋਰਿਆਂ ਦੇ ਵਿੱਚ ਆਦਿ ਹੈ, ਜੋ ਰਣ ਦੇ ਵਿੱਚ ਅਖੀਰ
ਸੰਤਾਂ ਕੋਲ਼ੇ ਪਹੁੰਚ ਕੇ, ਪੂਰੇ ਹੋ ਗਏ ਤੀਰ ।

ਧੁੱਪ ਚ ਤਪਦੇ ਸ਼ਸਤਰਾਂ ਨੂੰ, ਹਿੱਕ 'ਚ ਧਰ ਕੇ
ਸ਼ਬਦਾਂ ਦੇ ਪਰਤਾਪ ਨੂੰ, ਜੀਹਨੇ ਸਿੱਖਿਆ ਮਰ ਕੇ
ਸਾਰਾ ਬ੍ਰਹਿਮੰਡ ਝੰਗ ਹੈ, ਧਰਤੀ ਹੈ ਜੀਹਦੀ ਹੀਰ
ਸੰਤਾਂ ਕੋਲ਼ੇ ਪਹੁੰਚ ਕੇ, ਪੂਰੇ ਹੋ ਗਏ ਤੀਰ ।

ਸੰਗ ਜੀਹਦੇ ਨੇ ਚਾੜ੍ਹਤੀ, ਇੱਕ ਨਵੀੰਓ ਨਵੀਂ ਨੁਹਾਰ
ਅੰਬਰਸਰ ਵਿੱਚ ਗੂੰਜਦੀ ਗੋਬਿੰਦ ਕੀ ਸਰਕਾਰ
ਮੁੱਠ ਕੁ ਛੋਲੇ ਚੱਬ ਕੇ, ਉੱਡਦੇ ਫਿਰਨ ਸਰੀਰ
ਸੰਤਾਂ ਕੋਲ਼ੇ ਪਹੁੰਚ ਕੇ, ਪੂਰੇ ਹੋ ਗਏ ਤੀਰ ।

ਨਿੱਤਰੇਪਣ ਦੀ ਡਲ੍ਹਕ ਸੀ, ਨੰਗੀਆਂ ਅੱਖਾਂ ਕੋਲ
ਅੰਤਾਂ ਸੋਹਣੀ ਮੌਤ ਹੀ, ਧਰਮ ਦੀ ਵੱਡੀ ਝੋਲ
ਧਰਮ ਸਿਖਾਵੇ ਟੇਕ ਨੂੰ, ਟੇਕ ਧਰਾਵੇ ਧੀਰ
ਸੰਤਾਂ ਕੋਲ਼ੇ ਪਹੁੰਚ ਕੇ, ਪੂਰੇ ਹੋ ਗਏ ਤੀਰ ।

ਕੀ ਡਰਪੋਕਾਂ ਡੱਕਣਾ, ਚੜ੍ਹਦੀ ਕਲਾ ਦਾ ਬਾਜ਼
ਹਿੱਕ 'ਤੇ ਗੋਲ਼ੀਆਂ ਪਹਿਨ ਕੇ, ਉਮਰਾਂ ਜੋੜਨ ਦਾਜ
ਕਿਸ ਮਿੱਟੀ ਦਾ ਖ਼ਾਲਸਾ ? ਕਿਸ ਪੱਤਣ ਦਾ ਨੀਰ ?
ਸੰਤਾਂ ਕੋਲ਼ੇ ਪਹੁੰਚ ਕੇ, ਪੂਰੇ ਹੋ ਗਏ ਤੀਰ ।

ਮਿੱਟੀ ਨੇ ਪਹਿਚਾਣ ਲਏ, ਉਹਦੇ ਮਾਸ ਦੇ ਟੁਕੜੇ
ਧੂੜਾਂ ਉੱਤੇ ਜੜ ਗਿਆ, ਇਤਿਹਾਸ ਦੇ ਟੁਕੜੇ
ਨਿਉਂਆਂ ਵਿੱਚੋਂ ਬੋਲਿਆ, ਕੋਈ ਸਾਂਈਂ ਮੀਆਂ ਮੀਰ
ਸੰਤਾਂ ਕੋਲ਼ੇ ਪਹੁੰਚ ਕੇ, ਪੂਰੇ ਹੋ ਗਏ ਤੀਰ ।

11. ਸ਼ਹੀਦੀਆਂ ਦੇ ਲਾੜੇ

ਨੀਂ ਨਾਨਕਾਂ ਦਾ ਨਾਮ ਜਪਦੇ
ਜਿਹੜਾ ਵੀਹਾਂ 'ਚ ਕਰਾ ਗਿਆ ਵਾਧਾ
ਹਾਏ ਇੱਕ ਮੁੱਠ ਛੋਲਿਆਂ ਦੀ
ਹੋਰ ਕੁਝ ਨਾ ਦਿਨਾਂ ਤੋਂ ਖਾਧਾ
ਮੁਗਲਾਂ ਦੇ ਹੱਡ ਦੁਖਦੇ
ਬੈਠੇ ਤੰਬੂਆਂ 'ਚ ਪੀ ਜਾਂਦੇ ਕਾੜ੍ਹੇ
ਸਿੰਘਾਂ ਦੀ ਬਰਾਤ ਆ ਗਈ
ਇਹ ਤਾਂ ਸਾਰੇ ਹੀ ਸ਼ਹੀਦੀਆਂ ਦੇ ਲਾੜੇ
ਕਿ ਪੱਥਰਾਂ 'ਤੇ ਪੌੜ ਵੱਜਦੇ
ਨੰਗੇ ਨੱਚਦੇ ਫਿਰਨ ਚੰਗਿਆੜੇ ।
ਨੀਂ ਇਹਨਾਂ ਦੀ ਤਾਸੀਰ ਵੱਖਰੀ
ਅੱਗਾਂ-ਪਾਣੀਆਂ ਦਾ ਮੇਲ ਕਰਾਉਂਦੇ
ਨੀਂ ਜੂਹਾਂ ਏਹੇ ਪਿੱਛੋਂ ਟੱਪਦੇ
ਪਹਿਲਾਂ ਤਾੜੀ ਮਾਰ ਸਭ ਨੂੰ ਸੁਣਾਉਂਦੇ
ਹਾਏ ਤਖ਼ਤਾਂ 'ਤੇ ਪੈਣ ਕੌਡੀਆਂ
ਸੱਚਾ ਪਾਤਸ਼ਾਹ ਲਵਾਉਂਦਾ 'ਖਾੜੇ
ਸਿੰਘਾਂ ਦੀ ਬਰਾਤ ਆ ਗਈ
ਇਹ ਤਾਂ ਸਾਰੇ ਹੀ ਸ਼ਹੀਦੀਆਂ ਦੇ ਲਾੜੇ
ਕਿ ਪੱਥਰਾਂ 'ਤੇ ਪੌੜ ਵੱਜਦੇ
ਨੰਗੇ ਨੱਚਦੇ ਫਿਰਨ ਚੰਗਿਆੜੇ ।

12. ਉਂਝ ਤਾਂ ਮੈਂ ਤੇਰੇ ਨਾਲ ਜੀਊਂਗੀ ਤੇ ਮਰੂੰਗੀ

ਪਹਿਲਾਂ ਮੇਰੀ ਚੁੰਨੀ 'ਤੇ ਕਿਨਾਰੀ ਤਾਂ ਲਵਾਈਂ ਖਾਂ
ਚਾਰ ਚਾਰ ਮੂੰਹਾਂ ਵਾਲੇ ਘੁੰਗਰੂ ਦਵਾਈ ਖਾਂ
ਫੇਰ ਤੇਰੇ ਨਾਲ ਮਾੜੀ ਮੋਟੀ ਗੱਲ ਕਰੂੰਗੀ
ਉਂਝ ਤਾਂ ਮੈਂ ਤੇਰੇ ਨਾਲ ਜੀਊਂਗੀ ਤੇ ਮਰੂੰਗੀ

ਬੋਚ ਕੇ 'ਜੇ ਸਧਰਾਂ ਦੇ ਕੋਲੋਂ ਤਾਂ ਨਾ ਲੰਘ ਵੇ
ਸੁਰਮੇ ਦੀ ਡੱਬੀ ਵਿੱਚ ਖ਼ਾਬ ਕਿੰਨੇ ਬੰਦ ਵੇ
ਪਾਣੀ ਉੱਤੇ ਆਖੇਂਗਾ ਜੇ ਅੱਗ ਉੱਤੇ ਤਰੂੰਗੀ
ਉਂਝ ਤਾਂ ਮੈਂ ਤੇਰੇ ਨਾਲ ਜੀਊਂਗੀ ਤੇ ਮਰੂੰਗੀ

ਜਿਹੋ ਜਿਹਾ ਰੰਗ ਹੁੰਦਾ ਕਾਸ਼ਨੀ ਪਹਾੜੀਆਂ ਦਾ
ਬੰਨੇ ਵਿੱਚ ਉੱਗੀਆਂ ਕਚਾਰ ਜਈਆਂ ਝਾੜੀਆਂ ਦਾ
ਉਹੋ ਜਿਹਾ ਰੰਗ ਤੇਰੇ ਨੈਣਾਂ ਵਿੱਚ ਭਰੂੰਗੀ
ਉਂਝ ਤਾਂ ਮੈਂ ਤੇਰੇ ਨਾਲ ਜੀਊਂਗੀ ਤੇ ਮਰੂੰਗੀ

ਸਾਹ ਜਿਹਾ ਚੜ੍ਹੇ ਜਦੋਂ ਹੱਥ ਫੜ ਲੈਨਾਂ ਏਂ
ਬੈਠਾ ਬੈਠਾ ਈ ਮਿੱਠੀ 'ਜੀ ਕੋਈ ਗੱਲ ਘੜ ਲੈਨਾਂ ਏਂ
ਘੂਰੀ ਵੱਟ ਬੋਲੇਂਗਾ ਤਾਂ ਸੱਚੀਂ ਮੁੱਚੀਂ ਡਰੂੰਗੀ
ਉਂਝ ਤਾਂ ਮੈਂ ਤੇਰੇ ਨਾਲ ਜੀਊਂਗੀ ਤੇ ਮਰੂੰਗੀ

ਤੇਰੇ ਨਾਲ਼ ਲਈਆਂ ਸੀ ਜੋ ਲਾਵਾਂ ਚੰਨਾ ਚਾਰ ਵੇ
ਕਿੰਨਾ ਹੌਲ਼ਾ ਹੋ ਗਿਆ ਸੀ ਮੱਥੇ ਵਿੱਚੋਂ ਭਾਰ ਵੇ
ਤੇਰੇ ਸੰਗ ਔਕੜਾਂ ਨੂੰ ਹੱਸ-ਹੱਸ ਜਰੂੰਗੀ
ਉਂਝ ਤਾਂ ਮੈਂ ਤੇਰੇ ਨਾਲ ਜੀਊਂਗੀ ਤੇ ਮਰੂੰਗੀ

13. ਅਸੀਂ ਦਿਨ ਚੜ੍ਹਦੇ ਦੀਆਂ ਆਈਆਂ ਵੇ

ਤੇਰੇ ਰੂਪ ਦੀਆ ਤਿਰਹਾਈਆਂ ਵੇ
ਅਸੀਂ ਦਿਨ ਚੜ੍ਹਦੇ ਦੀਆਂ ਆਈਆਂ ਵੇ

ਕਿਲਿਆਂ ਦੇ ਕੌਤਕ ਦੇਖਣ ਨੂੰ
ਤੇਰੀ ਤੇਗ਼ ਦਾ ਲੋਹਾ ਸੇਕਣ ਨੂੰ
ਸਿਰ ਬੰਨ੍ਹ ਕੇ ਮੱਥੇ ਟੇਕਣ ਨੂੰ
ਅਸੀਂ ਟੱਪ ਕੇ ਆਗੀਆਂ ਖਾਈਆਂ ਵੇ
ਤੇਰੇ ਰੂਪ ਦੀਆ ਤਿਰਹਾਈਆਂ ਵੇ
ਅਸੀਂ ਦਿਨ ਚੜ੍ਹਦੇ ਦੀਆਂ ਆਈਆਂ ਵੇ

ਕੱਚ-ਉਮਰਾਂ ਪਿੱਛੇ ਰਹਿ ਗਈਆਂ
ਅੱਜ ਡਰ ਦੀਆਂ ਕੰਧਾਂ ਢਹਿ ਗਈਆਂ
ਅਸੀਂ 'ਨੰਦਪੁਰ ਦੇ ਰਾਹ ਪੈ ਗਈਆਂ
ਸਾਡੀ ਨੱਪ ਲਈ ਪੈੜ ਸਿਪਾਹੀਆਂ ਵੇ
ਤੇਰੇ ਰੂਪ ਦੀਆ ਤਿਰਹਾਈਆਂ ਵੇ
ਅਸੀਂ ਦਿਨ ਚੜ੍ਹਦੇ ਦੀਆਂ ਆਈਆਂ ਵੇ

ਬੇਬਾਕ ਜੋ ਧਰਤਾਂ ਨੰਗੀਆਂ 'ਚੋਂ
ਉੱਡ-ਉੱਡ ਕੇ ਪੌਣਾਂ ਲੰਘੀਆਂ 'ਚੋਂ
ਤੇਰੇ ਬਾਜ਼ ਦੀ ਡੋਰੀ ਝੰਗੀਆਂ 'ਚੋਂ
ਅਸੀਂ ਆਪੇ ਲੱਭ ਲਿਆਈਆਂ ਵੇ
ਤੇਰੇ ਰੂਪ ਦੀਆ ਤਿਰਹਾਈਆਂ ਵੇ
ਅਸੀਂ ਦਿਨ ਚੜ੍ਹਦੇ ਦੀਆਂ ਆਈਆਂ ਵੇ

ਸਰਸਾ ਦੇ ਪਾਣੀ ਵਹਿੰਦੇ ਨੇ
ਸਾਡੇ ਵੀਰ ਵਣਾਂ ਵਿੱਚ ਰਹਿੰਦੇ ਨੇ
ਮੁਗਲਾਂ 'ਤੇ ਟੁੱਟ ਕੇ ਪੈਂਦੇ ਨੇ
ਘਰ ਸਾਂਭਦੀਆਂ ਭਰਜਾਈਆਂ ਵੇ
ਤੇਰੇ ਰੂਪ ਦੀਆ ਤਿਰਹਾਈਆਂ ਵੇ
ਅਸੀਂ ਦਿਨ ਚੜ੍ਹਦੇ ਦੀਆਂ ਆਈਆਂ ਵੇ

14. ਅਲੌਕਿਕ ਨੀਰ ਸਰਸਾ ਦਾ

ਅਲੌਕਿਕ ਨੀਰ ਸਰਸਾ ਦਾ
ਅਜੇ ਵਗਣਾ ਸੀ ਮੱਥੇ 'ਚੋਂ
ਅਜੇ ਚਮਕੌਰ ਦਾ ਕਿੱਸਾ
ਕਿਸੇ ਲਿਖਣਾ ਸੀ ਭੱਥੇ 'ਚੋਂ
ਅਜੇ ਉਸ ਪੁਰਖ ਦੇ ਲਾਲਾਂ ਨੇ
ਤੇਗਾਂ ਵਾਹੁਣੀਆਂ ਵੀ ਸੀ
ਦੋ ਛੋਟੇ ਸ਼ੀਰਖ਼ੋਰਾਂ ਨੇ
ਕਲਗੀਆਂ ਲਾਉਣੀਆਂ ਵੀ ਸੀ
ਅਜੇ ਕੁਝ ਖਿੱਲਰੇ ਵਰਕੇ
ਇਕੱਠੇ ਵੀ ਤਾਂ ਕਰਨੇ ਸੀ
ਤੇ ਬਹਿ ਕੇ ਦਮਦਮੇ ਗੋਬਿੰਦ ਨੇ
ਕੋਸੇ ਧਿਆਨ ਧਰਨੇ ਸੀ
ਸ਼ਰਾਰਤ ਕਰ ਰਹੇ ਕੋਹੀ
ਤੇ ਤੁਰਕਾਂ ਖੇਡ ਖੇਡੀ ਸੀ
ਗੁਰੂ ਆਨੰਦਪੁਰ 'ਚੋਂ ਪਕੜਨੈ
ਕਿ ਫ਼ੌਜ ਭੇਜੀ ਸੀ
ਇਹ ਨਾੜਾਂ ਸੱਲ ਦਿੰਦੇ ਨੇ
ਜੋ ਉਂਝ ਤਾਂ ਜਾਪਦੇ ਥੋੜੇ
ਸਿੰਘਾਂ ਦੇ ਘਰ ਤਾਂ ਹੁੰਦੇ ਨੇ
ਜੀ ਕਹਿੰਦੇ ਕਾਠੀਆਂ-ਘੋੜੇ

15. ਜਿਹੜਾ ਵੱਸੇ ਹੀ ਤਾਰਿਓਂ ਪਾਰ ਖੋਪੜ

ਬਰਛੇ ਪਰਖ ਲਓ, ਰੰਬੀਆਂ ਤੇਜ਼ ਕਰ ਲਓ
ਪਹਿਰੇ ਗੱਡ ਦਿਓ ਭਾਂਵੇ ਹਰ ਗਲ਼ੀ ਉੱਤੇ
ਉਹਦੇ ਸਿਦਕ ਨੂੰ ਪਸਰਨੋਂ ਠੱਲੋਂਗੇ ਕੀ
ਜਿਹੜਾ ਰੱਖੀ ਆਉਂਦੈ ਸਿਰ ਤਲੀ ਉੱਤੇ ?
ਜੀਹਦੇ ਲੂੰ-ਲੂੰ 'ਚ ਤਪੇ ਬ੍ਰਹਿਮੰਡ ਸਾਰਾ
ਉਹਨੂੰ ਕਿਹੜੇ ਪਾਸਿਓਂ ਥਿੜਕਾਓਂਗੇ ਵੇ ?
ਜਿਹੜਾ ਵੱਸੇ ਹੀ ਤਾਰਿਓਂ ਪਾਰ ਖੋਪੜ
ਉਹਨੂੰ ਵੱਢ ਕੇ ਕਿੱਥੇ ਲਿਜਾਓਂਗੇ ਵੇ ?

ਕੈਸੀ ਹਵਾ ਸੀ, ਇਸ਼ਕ ਸੀ, ਨੈਣ ਕੈਸੇ
ਮਾਛੀਵਾੜੇ ਨੂੰ ਪੁੱਛ ਕੇ ਵੇਖੀਏ ਜੀ
ਸੰਦ ਰੇਤਣ ਦੇ ਪਿੱਛੇ ਜਜ਼ਬਾਤ ਜਿਹੜੇ
ਆਜੋ ਉਹਨਾਂ ਨੂੰ ਮੱਥੇ ਟੇਕੀਏ ਜੀ
ਜਦੋਂ ਜੰਮਣ ਤੇ ਮਰਨਾ ਇੱਕ ਹੈ ਨਹੀਂ
ਕੀ ਚੁੱਕੋਂਗੇ ? ਕੀ ਖੜਕਾਓਂਗੇ ਵੇ ?
ਜਿਹੜਾ ਵੱਸੇ ਹੀ ਤਾਰਿਓਂ ਪਾਰ ਖੋਪੜ
ਉਹਨੂੰ ਵੱਢ ਕੇ ਕਿੱਥੇ ਲਿਜਾਓਂਗੇ ਵੇ ?

ਸਾਰੇ ਜੱਗ ਦੇ ਆਵਣ-ਜਾਣ ਚੱਕਰ
'ਉਹਦੀ' ਪੋਟਲੀ ਸੱਭ ਸਮਾਨ ਪੈ ਜਾਊ
ਤੇਗਾਂ ਧਰਤ 'ਚੋਂ ਉੱਗਦੀਆਂ ਰਹਿਣੀਆਂ ਵੇ
ਬਾਜ਼ਾਂ ਵਾਸਤੇ ਛੋਟਾ ਅਸਮਾਨ ਪੈ ਜਾਊ
ਜਿਹੜੀ ਤਰਜ਼ ਨੂੰ ਉਹਨੇ ਆਬਾਦ ਕਰਨਾ
ਲੱਖਾਂ ਸਾਲਾਂ ਦੇ ਬਾਅਦ ਵੀ ਗਾਓਂਗੇ ਵੇ
ਜਿਹੜਾ ਵੱਸੇ ਹੀ ਤਾਰਿਓਂ ਪਾਰ ਖੋਪੜ
ਉਹਨੂੰ ਵੱਢ ਕੇ ਕਿੱਥੇ ਲਿਜਾਓਂਗੇ ਵੇ

16. ਤੀਰ ਸਾਂਭ ਰੱਖੇ ਨੇ

ਤੀਰ ਸਾਂਭ ਰੱਖੇ ਨੇ
ਨਗਾਰੇ ਸਾਂਭ ਰੱਖੇ ਨੇ
ਅੰਬਰਾਂ ਨੇ ਜਿਵੇਂ ਐਨੇ
ਤਾਰੇ ਸਾਂਭ ਰੱਖੇ ਨੇ
ਨੈਣਾਂ ਦੀਆਂ ਲੋਆਂ ਅਤੇ
ਕਦਮਾਂ ਦੀ ਥਾਪ ਵੀ
ਰੇਤਿਆਂ ਨੇ ਗੁਰੂ ਦੇ
ਇਸ਼ਾਰੇ ਸਾਂਭ ਰੱਖੇ ਨੇ
ਗੂੰਜਾਂ, ਸੱਦਾਂ, ਠੱਠੇ
ਹਾਲੇ ਤੱਕ ਵੀ ਆਬਾਦ ਨੇ
ਲਹੂ ਸਾਂਭ ਰੱਖਿਆ
ਨਜ਼ਾਰੇ ਸਾਂਭ ਰੱਖੇ ਨੇ
ਜਿਨ੍ਹਾਂ ਦੀ ਤਾਸੀਰ ਨੂੰ
ਪੈਗੰਬਰਾਂ ਦੀ ਓਟ ਹੈ
ਸੂਰਜਾਂ ਨੇ ਸ਼ਬਦ
ਹਜ਼ਾਰੇ ਸਾਂਭ ਰੱਖੇ ਨੇ

17. ਜਵਾਨੀ ਆਉਣ ਵੇਲੇ

ਮੇਰੀ ਧੌਣ ਨੂੰ ਪਸਿੰਦ ਕੋਈ ਗਾਨੀ ਆਉਣ ਵੇਲੇ
ਭੱਜੀ ਫਿਰਦੀ ਹੁੰਦੀ ਸੀ ਮੈਂ ਜਵਾਨੀ ਆਉਣ ਵੇਲੇ
ਓਦੋਂ ਤਾਰਿਆਂ ਦੀ ਵੇਲ ਨੂੰ ਮੈਂ ਤੱਕਦੀ ਹੁੰਦੀ ਸੀ
ਲੈਂਦੀ ਗੁੱਤ ਨਾਲ ਮੇਚਾ ਨਾਲੇ ਹੱਸਦੀ ਹੁੰਦੀ ਸੀ
ਨੀਂ ਮੈਂ ਬੈਠ ਕੇ ਝਲਾਨੀ ਦੀਆਂ ਮੋਰੀਆਂ ਦੇ ਨੇੜੇ
ਆਟਾ ਗੁੰਨ੍ਹਦੀ ਸੀ ਜਦੋਂ ਨਾਲੇ ਕਰਦੀ ਸੀ ਪੇੜੇ
ਮੈਂਨੂੰ ਆਪਣੇ ਹੀ ਆਪ 'ਚ ਫ਼ਰਕ ਆਇਆ ਲੱਗੇ
ਮੈਂਨੂੰ ਮੇਰੇ ਕਣੀਂ ਅੰਬਰ ਸਰਕ ਆਇਆ ਲੱਗੇ
ਬੁੱਲ੍ਹਾਂ ਉੱਤੇ ਅਖਰੋਟਾਂ ਦਾ ਨੀਂ ਸੱਕ ਰੱਖ ਗਈ
ਲੀਹਾਂ ਸੱਪ ਦੀਆਂ ਨੱਪਦੀ ਜਵਾਨੀ ਭੱਖ਼ ਗਈ
ਜਦੋਂ ਬਣ ਕੇ ਸੰਧੂਰ ਕੁੜੇ ਰੇਤਾ ਉੱਡਦਾ ਸੀ
ਨਾਲੇ ਪੈਰਾਂ ਵਿੱਚੋਂ ਮਾੜਾ ਮਾੜਾ ਸੇਕਾ ਉੱਡਦਾ ਸੀ
ਨੀਂ ੳਹ ਮਲ੍ਹਿਆਂ ਦੇ ਝਾੜ, ਨੀਂ ਉਹ ਜੰਡ ਤੇ ਕਰੀਰ
ਫੁੱਲ ਅੱਕ ਦਾ ਸੀ ਮੈਂਨੂੰ, ਜਮਾਂ ਲਗਦਾ ਫ਼ਕੀਰ
ਜ਼ਹਿਰ ਮੋਰੀਏ 'ਜੇ ਰੰਗ ਦਾ ਮੈਂ ਸੂਟ ਸੀ ਸੰਵਾਇਆ
ਮੈਂਨੂੰ ਹਵਾ ਦਿਆਂ ਬੁੱਲਿਆਂ ਨੇ ਨਾਗ-ਵਲ ਪਾਇਆ
ਨੀਂ ਮੈਂ ਚੁੰਨੀ ਦੀਆਂ ਕੋਰਾਂ ਉੱਤੇ ਕੀਤੀ ਸੀ ਕਢਾਈ
ਉਹਦੇ ਰੋਹੀ ਜਿਹੇ ਨੈਣਾਂ ਕੋਲੋਂ ਸੰਗ ਬੜੀ ਆਈ
ਮੇਰੀ ਹਿੱਕ ਵਿੱਚ ਨਦੀਆਂ ਦੀ ਧਾਰ ਕੁੜੇ ਵੱਗੀ
ਮੈਂਨੂੰ ਸਾਰੀ ਦੁਨੀਆ ਹੀ ਮਿੱਠੀ ਖਿੱਲ ਜਿਹੀ ਲੱਗੀ
ਜਦੋਂ ਮੇਲੇ ਉਤੋਂ ਮੁੜਦੇ ਨੇ ਜੋੜਿਆ ਕਬਿੱਤ
ਉਹਨੇ ਅੱਖਰਾਂ 'ਚ ਮੈਂਨੂੰ ਕਰ ਦਿੱਤਾ ਸੀਗਾ ਫਿੱਟ
ਮੇਰੇ ਲੂੰ-ਲੂੰ 'ਚ ਭਰ'ਗੀ ਹੈਰਾਨੀ ਆਉਣ ਵੇਲੇ
ਭੱਜੀ ਫਿਰਦੀ ਹੁੰਦੀ ਸੀ ਮੈਂ ਜਵਾਨੀ ਆਉਣ ਵੇਲੇ
ਓਦੋਂ ਤਾਰਿਆਂ ਦੀ ਵੇਲ ਨੂੰ ਮੈਂ ਤੱਕਦੀ ਹੁੰਦੀ ਸੀ
ਲੈਂਦੀ ਗੁੱਤ ਨਾਲ ਮੇਚਾ ਨਾਲੇ ਹੱਸਦੀ ਹੁੰਦੀ ਸੀ

18. ਵੇ ਮੈਂ ਗਿੱਧਿਆਂ ਦੀ ਧੂੜ ਹਾਂ

ਟੁੱਟ ਕੇ ਡਿੱਗੀਆਂ ਚੂੜੀਆਂ ਦਾ
ਮੈਂ ਕੱਚ ਸੰਭਾਲੀ ਫਿਰਦੀ
ਆਉਣ ਵਾਲ਼ੀਆਂ ਨਸਲਾਂ ਦਾ ਵੀ
ਸੱਚ ਸੰਭਾਲੀ ਫਿਰਦੀ
ਉਹ ਵੀ ਧੁੱਪਾਂ ਕੋਲ਼ ਨੇ ਮੇਰੇ
ਜੋ ਨਾ ਚੜ੍ਹੀਆਂ ਮੁੜਕੇ
ਚਿੱਟਿਆਂ ਦੰਦਾਂ ਦੇ ਉਹ ਮੇਲੇ
ਟੁੱਟ ਗਏ ਜੋ ਜੁੜ ਕੇ
ਅੱਜ ਵੀ ਉਹਨਾਂ ਥਾਂਵਾਂ ਦੀ
ਪਰਿਕਰਮਾ ਕਰਦੀ ਰਹਿੰਦੀ
ਵੇ ਮੈਂ ਗਿੱਧਿਆਂ ਦੀ ਧੂੜ ਹਾਂ
ਤੇਰੀਆਂ ਅੱਖਾਂ ਵਿੱਚ ਨੀਂ ਪੈਂਦੀ

ਤੁਸੀਂ ਜੋ ਆਪਣੇ ਲੀੜਿਆਂ ਉੱਤੋਂ
ਝਾੜ ਰਹੇ ਓ ਗਰਦਾ
ਮੈਨੂੰ ਲਗਦਾ ਇਹੀਓ ਹੈ ਓਹ
ਆਉਣ-ਜਾਣ ਦਾ ਪਰਦਾ
ਬੁੱਝਿਓ ਮੈਨੂੰ ਵਾਂਗ ਬੁਝਾਰਤ
ਦੋਹੜੇ ਵਾਂਗੂੰ ਗਾਇਓ
ਜਾਂ ਫਿਰ ਮੈਨੂੰ ਘੜਿਆਂ ਉੱਤੇ
ਵੇਲਾਂ ਵਾਂਗੂੰ ਪਾਇਓ
ਬੇਬੇ ਕੋਲ਼ੋਂ ਪੁੱਛਿਓ ਜਿਹੜੀ
ਸਿਰ 'ਤੇ ਮੈਨੂੰ ਲੈਂਦੀ
ਵੇ ਮੈਂ ਗਿੱਧਿਆਂ ਦੀ ਧੂੜ ਹਾਂ
ਤੇਰੀਆਂ ਅੱਖਾਂ ਵਿੱਚ ਨੀਂ ਪੈਂਦੀ

ਮੈਂ ਹੀ 'ਥੋਡੀਆਂ ਮਾਵਾਂ ਬਣ ਕੇ
ਸੁੱਚਾ ਦੁੱਧ ਪਿਆਇਆ
ਮੈਂ ਹੀ ਉਹ ਭਰਜਾਈ ਜਿਹੜੀ
ਵੀਰ ਵਿਆਹ ਕੇ ਲਿਆਇਆ
ਜ਼ੁਲਮ ਦੀ ਨ੍ਹੇਰੀ ਮੂਹਰੇ ਜਦ ਵੀ
ਨੱਚੀਆ ਸੀ ਕਿਰਪਾਨਾਂ
'ਥੋਡੇ ਪੁਰਖੇ ਵਾਰ ਗਏ ਸੀ
ਮੇਰੇ ਸਿਰ ਤੋਂ ਜਾਨਾਂ
ਕੱਲ੍ਹ ਨੂੰ 'ਥੋਡੀਆਂ ਧੀਆਂ ਦੀ ਹੀ
ਬਣ ਜਾਊਂਗੀ ਮਹਿੰਦੀ
ਵੇ ਮੈਂ ਗਿੱਧਿਆਂ ਦੀ ਧੂੜ ਹਾਂ
ਤੇਰੀਆਂ ਅੱਖਾਂ ਵਿੱਚ ਨੀਂ ਪੈਂਦੀ

ਲਿਸ਼ਕੀ ਜਾਂਦੇ ਕੋਠੇ, ਉੱਤੇ
ਉੱਸਰੀ ਜਾਣ ਚੁਬਾਰੇ
ਮੈਥੋਂ ਮੇਰੇ ਪਿੱਪਲ ਖੋਹ ਕੇ
ਕਿਹੜੀਆਂ ਮੱਲਾਂ ਮਾਰੇਂ
ਦੇਸ ਪੰਜਾਬ ਦੇ ਮੁੰਡੇ ਕੁੜੀਓ
ਅੱਜ ਦਾ ਵਕਤ ਵਿਚਾਰੋ
ਜਿਹੜੀ ਜਿਹੜੀ ਲਾਹਣਤ ਚਿੰਬੜੀ
ਪੱਟ ਕੇ ਪਾਸੇ ਮਾਰੋ
ਇਹੋ ਤਾਂ ਬਈ ਉਮਰ ਹੈ
ਜਿਹੜੀ ਨਾਲ ਪਹਾੜਾਂ ਖਹਿੰਦੀ
ਵੇ ਮੈਂ ਗਿੱਧਿਆਂ ਦੀ ਧੂੜ ਹਾਂ
ਤੇਰੀਆਂ ਅੱਖਾਂ ਵਿੱਚ ਨੀਂ ਪੈਂਦੀ

19. ਉਸ ਨੂੰ ਮੇਰਾ ਨਮਸਕਾਰ ਹੈ

ਕਹਿੰਦੇ ਜਿੱਥੋਂ ਤੱਕ ਅੱਖ ਦੀ ਮਾਰ ਹੈ
ਉਹ ਹੀ ਸਾਡੀ ਅਕਲ ਦਾ ਆਧਾਰ ਹੈ
ਜੋ ਪਰਬਤਾਂ ਤੇ ਸਾਗਰਾਂ ਦਾ ਪਿਆਰ ਹੈ
ਉਸੇ ਦੀ ਤੀਖਣਤਾ 'ਚ ਹੁੰਦਾ ਭਾਰ ਹੈ
ਜੋ ਵਗ ਰਹੀ ਇਸ ਪੌਣ 'ਤੇ ਅਸਵਾਰ ਹੈ
ਜੋ ਧੁੱਪ ਦੇ ਰੰਗਾਂ ਦਾ ਵਿੱਥਿਆ-ਕਾਰ ਹੈ
ਉਸੇ ਦਾ ਦਿਲ ਦਰਿਆਓ ਮਨ ਮੀਨਾਰ ਹੈ
ਜੋ ਸ਼ਬਦ ਗ੍ਰੰਥਾਂ-ਪੋਥੀਏ ਸ਼ਿੰਗਾਰ ਹੈ
ਉਹ ਰਸਤਿਆਂ ਦੀ ਧੂੜ ਦਾ ਅਵਤਾਰ ਹੈ
ਜੋ ਲੱਭਿਆ ਚਹੁੰ ਕੰਕਰਾਂ ਵਿੱਚਕਾਰ ਹੈ
ਤੇ ਜਾ ਮਿਲੀ ਵੇਦਾਂ 'ਚ ਜਿਸਨੂੰ ਠਾਹਰ ਹੈ
ਇਹ ਧਰਤ ਹੀ ਆਧਾਰ ਸਿਰਜਣਹਾਰ ਹੈ
ਆਕਾਸ ਕੁੱਲ ਦੁਨੀਆ ਦਾ ਪਹਿਰੇਦਾਰ ਹੈ
ਸਾਰੀ ਸ੍ਰਿਸ਼ਟੀ ਜੇਸਦਾ ਖਿੱਲਾਰ ਹੈ
ਜਿਸਦਾ ਨਾ ਕੋਈ ਅੰਗ ਨਾ ਆਕਾਰ ਹੈ
ਕਿ ਜੋ ਸਮੇਂ ਦੀ ਚਾਲ ਤੋਂ ਵੀ ਪਾਰ ਹੈ
ਨਿਰਭਉ ਹੈ ਨਿਰਵੈਰ ਹੈ ਸ਼ਾਹਕਾਰ ਹੈ
ਜੋ ਅਮੂਰਤ ਹੈ,ਸਭ ਥਾਈਂ ਰਮਿਆ ਪਿਆਰ ਹੈ
ਉਹੀ ਸੱਚ ਹੈ,ਉਸ ਨੂੰ ਮੇਰਾ ਨਮਸਕਾਰ ਹੈ

20. ਵਾਰਿਸ

ਢਾਬਾਂ ਦੇ ਪਾਣੀਆਂ ਦੇ
ਸੀ ਸ਼ੀਸ਼ਿਆਂ ਦਾ ਸੇਵਕ
ਉਹ ਟਿੱਬਿਆਂ 'ਤੇ ਬੈਠਾ
ਰੇਤੇ ਨੂੰ ਛਾਣਦਾ ਸੀ
ਉਸਨੂੰ ਨਵਾਬੀ ਫੁੱਲਾਂ ਦੀ
ਬਾਸ ਦਾ ਪਤਾ ਸੀ
ਤੇ ਸ਼ੌਂਕ ਵੀ ਗਲਿਆਰਿਆਂ ਤੋਂ
ਪਾਰ ਜਾਣ ਦਾ ਸੀ
ਸੁਖ਼ਨਾਂ ਦੇ ਨੱਕ ਦੀ ਨੱਥਣੀ
ਘੜ ਕੇ ਕਿਤੋਂ ਸੀ ਲਿਆਇਆ
ਚਾਅ ਓਸਨੂੰ ਹੁਸਨ ਤੋਂ
ਛਮਕਾਂ ਵੀ ਖਾਣ ਦਾ ਸੀ
ਵਿਸਥਾਰ ਦਾ ਹੁਨਰ ਸੀ
ਆਕਾਸ਼ ਗੰਗਾ ਵਰਗਾ
ਪੰਜਾਬ ਉਹਦੀ ਹਿੱਕ ਵਿੱਚ
ਪਰਤਾਪ ਮਾਣਦਾ ਸੀ
ਉਸਦੇ ਲਹੂ 'ਚ ਤਰਦੇ
ਧੁੱਪਾਂ ਦੇ ਸੀ ਅਕੀਦੇ
ਤੇ ੳਹ ਪਿੜਾਂ ਵਿੱਚ ਗੂੰਜਦੀ
ਕਿਸੇ ਹੇਕ ਹਾਣ ਦਾ ਸੀ
ਸ਼ਬਦਾਂ ਦੇ ਆਸਣਾਂ ਤੇ
ਤਖ਼ਤਾਂ 'ਤੇ ਬਹਿ ਗਈ ਜੋ
ਇੱਕ ਵੰਗ ਜਈ ਮੁਟਿਆਰ ਨੂੰ
ਭਲਾ ਕੌਣ ਜਾਣਦਾ ਸੀ

21. ਦੇਸ ਪੰਜਾਬ ਦੇ ਹਿੱਸੇ ਆਈਆਂ

ਦੇਸ ਪੰਜਾਬ ਦੇ ਹਿੱਸੇ ਆਈਆਂ
ਟੋਭੇ, ਢਾਬ, ਛੱਪੜ, ਦਰਿਆਈਆਂ
ਟਿੱਬੇ, ਜੰਡ, ਕਿੱਕਰ, ਹਰਿਆਈਆਂ
ਖੁੱਲ੍ਹੀਆਂ ਧੁੱਪਾਂ ਤੇ ਪੁਰਵਾਈਆਂ
ਹੱਟੀਆਂ, ਭੱਠੀਆਂ, ਪੱਤੀਆਂ, ਥ੍ਹਾਈਆਂ
ਮਾਸੀਆਂ, ਮਾਸੜ, ਚਾਚੀਆਂ, ਤਾਈਆਂ
ਕੱਚ ਦੀਆਂ ਵੰਗਾਂ, ਨਰਮ ਕਲਾਈਆਂ
ਦਾੜ੍ਹੀਆਂ, ਮੁੱਛਾਂ ਲੈਣ ਲੜਾਈਆਂ

ਛਿੰਝਾਂ, 'ਖਾੜੇ, ਘੋਲ-ਘੁਲਾਈਆਂ
ਬਾਜ਼ੀਆਂ ਮੁੱਢ ਤੋਂ ਪੈਂਦੀਆਂ ਆਈਆਂ
ਸੂਈਆਂ, ਤੋਪੇ, ਫੁੱਲ, ਕਢਾਈਆਂ
ਚੁੰਨੀਆਂ ਪੱਗਾਂ ਸੰਗ ਰੰਗਾਈਆਂ
ਸਿੱਠਣੀ, ਛੰਦ, ਘੋੜੀਆਂ ਗਾਈਆਂ
ਟੱਪੇ, ਢੋਲੇ, ਬੋਲੀਆਂ ਪਾਈਆਂ
ਕਰੀਆਂ ਕਿਰਸਾਨਾਂ ਜਦ ਵਾਹੀਆਂ
ਸਜ'ਗੇ ਰੱਕੜ, ਪੂਰਤੀਆਂ ਖਾਈਆਂ
ਕੁਝ ਤਾਂ ਨਾਨਕ ਵਰਗੇ ਰਾਹੀਆਂ
ਬਾਕੀ ਗੋਬਿੰਦ ਸੰਤ-ਸਿਪਾਹੀਆਂ
ਇਹਦੀਆਂ ਉੱਚੋਂ-ਉੱਚ ਕਮਾਈਆਂ

ਡੁੱਲ੍ਹੀਆਂ ਧਰਤੀ 'ਤੇ ਸ਼ਰਦਾਈਆਂ
ਨਰਮੇ, ਕਣਕਾਂ ਨੇ ਪਰਤਿਆਈਆਂ
ਖਿਚੜੀ, ਕੱਚੇ ਦੁੱਧ, ਮਲਾਈਆਂ
ਗੁੱਲੀਆਂ-ਡੰਡੇ, ਪੂਣ-ਸਲਾਈਆਂ
ਗੜਵੇ, ਛੰਨੇ, ਕੌਲ, ਕੜਾਹੀਆਂ
ਦੇਗਾਂ ਰੱਬ ਦੇ ਘਰੇ ਕਰਾਈਆਂ
ਹੱਸਾਂ, ਹਾਰ, ਹਮੇਲ, ਸਲਾਈਆਂ
ਪੱਤ, ਪਰਾਂਦੇ ਤੇ ਗਜਰਾਈਆਂ
ਲਚਕ ਅਨੋਖੀ, ਧੌਣ-ਸੁਰਾਹੀਆਂ
ਅੱਖੀਆਂ ਧੁਰ ਤੋਂ ਹੀ ਕੱਜਲਾਈਆਂ
ਵੰਝਲੀ, ਢੋਲ, ਛੈਣੇ, ਸ਼ਹਿਨਾਈਆਂ
ਸਾਹਾ, ਕੰਗਣਾ, ਗਾਨਾ, ਮਾਂਈਆਂ

ਮਘਦੇ ਗਿੱਧੇ, ਪੀਂਘਾਂ ਪਾਈਆਂ
ਜਿੰਦਾਂ ਰੇਤ-ਮਿੱਟੀ ਦੀਆਂ ਜਾਈਆਂ
ਦੇਸ ਪੰਜਾਬ ਦੇ ਹਿੱਸੇ ਆਈਆਂ
ਟੋਭੇ, ਢਾਬ, ਛੱਪੜ, ਦਰਿਆਈਆਂ
ਟਿੱਬੇ, ਜੰਡ, ਕਿੱਕਰ, ਹਰਿਆਈਆਂ
ਖੁੱਲ੍ਹੀਆਂ ਧੁੱਪਾਂ ਤੇ ਪੁਰਵਾਈਆਂ
ਹੱਟੀਆਂ, ਭੱਠੀਆਂ,ਪੱਤੀਆਂ, ਥ੍ਹਾਈਆਂ
ਮਾਸੀਆਂ, ਮਾਸੜ, ਚਾਚੀਆਂ, ਤਾਈਆਂ

22. ਢਾਬ 'ਚ ਲੱਖਾਂ ਸ਼ੀਸ਼ੇ ਤਰਦੇ

ਢਾਬ 'ਚ ਲੱਖਾਂ ਸ਼ੀਸ਼ੇ ਤਰਦੇ
ਉੱਪਰ ਧੁੱਪ ਦੇ ਪਤਲੇ ਪਰਦੇ
ਇੱਕ ਦੂਜੇ ਨਾਲ ਗੱਲਾਂ ਕਰਦੇ...

ਉੱਥੋਂ ਦੀ ਕੁਝ ਕੁੜੀਆਂ ਲੰਘੀਆਂ
ਲੰਮੇ ਵਾਲ, ਸੰਵਾਰੇ ਕੰਘੀਆਂ
ਤੋਰਾਂ ਦੇ ਵਿੱਚ 'ਵਾਵਾਂ ਵੱਗਣ
ਕਈ ਕੁੜੀਆਂ ਤਾਂ ਪਰੀਆਂ ਲੱਗਣ
ਕੱਚੀ ਪਹੀ 'ਤੇ ਦੀਵੇ ਜੱਗਣ...

ਕਿਸੇ ਕੁੜੀ ਦਾ ਹਾਸਾ ਸੁਣ ਕੇ
ਮਿੱਠਾ ਦੁੱਧ ਪਤਾਸਾ ਸੁਣ ਕੇ
ਕੱਚ ਬਲੌਰੀ ਊਣੇ ਹੋ ਕੇ
ਚਿਲਕ ਗਏ ਫਿਰ ਦੂਣੇ ਹੋ ਕੇ
ਕੁਝ ਮਿੱਠੇ ਕੁਝ ਲੂਣੇ ਹੋ ਕੇ...

ਵਿੰਗ-ਵਲੇਵੇਂ ਖਾ-ਖਾ ਲੰਘਣ
ਪੱਤਣੀਂ ਸੀਖਾਂ ਲਾ-ਲਾ ਲੰਘਣ
ਜਿਉਂ ਲੱਕੜੀ ਕੋਈ ਸੰਦਲ ਹੁੰਦੀ
ਜਿਵੇਂ ਸੌਂਫ ਦੀ ਗੰਦਲ ਹੁੰਦੀ
ਮਹਿਕ ਫੁੱਲਾਂ 'ਚੋਂ ਡੁੱਲ੍ਹ ਜਾਂਦੀ ਹੈ
ਜਿਵੇਂ ਪਟਾਰੀ ਖੁੱਲ੍ਹ ਜਾਂਦੀ ਹੈ...

ਇਸ ਆਤਣ ਦੀਆਂ ਸਾਰੀਆਂ ਕੁੜੀਆਂ
ਸੋਹਣੀਆਂ ਅਤੇ ਕੁਆਰੀਆਂ ਕੁੜੀਆਂ
ਨਦੀਆਂ ਵਰਗੀਆਂ ਲੰਮੀਆਂ ਕੁੜੀਆਂ
ਫੱਗਣ ਦੇ ਵਿੱਚ ਜੰਮੀਆਂ ਕੁੜੀਆਂ
ਚਿੱਤ ਵਿੱਚ ਤਾਂਘ ਵਸਾ ਕੇ ਆਈਆਂ
ਮਿੱਠਾ ਦਰਦ ਲਵਾ ਕੇ ਆਈਆਂ
ਕਿਸੇ ਰਾਂਝੇ ਨੂੰ ਚਾਹ ਕੇ ਆਈਆਂ..

ਪਰਲੀ ਜੂਹ ਵਿੱਚ ਘੁੰਮਦਾ ਤੱਕਿਆ
ਕਿੱਕਰਾਂ ਦੇ ਫੁੱਲ ਚੁੰਮਦਾ ਤੱਕਿਆ
ਢਾਬ ਦੇ ਪਾਣੀ ਤੱਕਦੇ ਰਹਿ ਗਏ
ਅੱਡੀਆਂ ਨੂੰ ਵੀ ਚੱਕਦੇ ਰਹਿ ਗਏ
ਰੰਗਦਾਰ ਧੁੱਪਾਂ 'ਚੋਂ ਨਿੱਕਲ
ਗੀਤ ਬਣੇ ਚੁੱਪਾਂ 'ਚੋਂ ਨਿੱਕਲ
ਸਾਰੇ ਬੁੱਤ, ਆਕਾਰ ਜੋ ਸਾਰੇ
ਸ਼ੋਖ਼ ਜਿਹੇ ਕਿਰਦਾਰ ਜੋ ਸਾਰੇ
ਪਾਣੀ 'ਤੇ ਪਰਛਾਂਵੇਂ ਬਣ ਗਏ
ਕਾਸ਼ਨੀ ਜਏ ਸਿਰਨਾਂਵੇਂ ਬਣ ਗਏ...

ਕੁੜੀਆਂ ਦਾ ਇਹ ਹਸਮੁੱਖ ਟੋਲਾ
ਲੈ ਕੇ ਫਿਰ ਪਿੱਪਲਾਂ ਦਾ ਓਹਲਾ
ਰੇਤੇ ਉੱਤੇ ਪੈੜਾਂ ਪਾ ਕੇ
ਟੁੱਟ ਗਿਆ ਪਿੰਡ ਅੰਦਰ ਜਾ ਕੇ...

ਪਿੱਪਲਾਂ ਦੇ ਪੱਤ ਖੜ-ਖੜ ਕਰਦੇ
ਢਾਬ 'ਚ ਲੱਖਾਂ ਸ਼ੀਸ਼ੇ ਤਰਦੇ
ਉੱਪਰ ਧੁੱਪ ਦੇ ਪਤਲੇ ਪਰਦੇ
ਇੱਕ ਦੂਜੇ ਨਾਲ ਗੱਲਾਂ ਕਰਦੇ....

23. ਪਾਣੀ ਚੜ੍ਹ ਚੜ੍ਹ ਕੇ ਮੈਂਨੂੰ ਵੇਖਦਾ ਏ

ਪਾਣੀ ਚੜ੍ਹ ਚੜ੍ਹ ਕੇ ਮੈਂਨੂੰ ਵੇਖਦਾ ਏ, ਧੁੱਪਾਂ ਲਹਿ ਲਹਿ ਕੇ ਮੈਂਨੂੰ ਤੱਕਦੀਆਂ ਨੇ
ਸਾਡੇ ਸਰਬ-ਸੁਨੱਖੜੇ ਸਾਕ ਦੀਆਂ, ਅੱਜ ਕਾਸ਼ਨੀ-ਖੇਤੀਆਂ ਪੱਕਦੀਆਂ ਨੇ
ਧੂੜਾਂ ਲਿਸ਼ਕਦੀਆਂ ਨੇ ਬੇਲਿਆਂ 'ਚੋਂ, ਪੌਣਾਂ ਜਿਦ ਜਿਦ ਕੇ ਮੂਹਰੇ ਨੱਚਦੀਆਂ ਨੇ
ਛਾਂਵਾਂ ਪਸਰ ਕੇ ਮੇਰੀ ਹਿੱਕ ਅੰਦਰ, ਮੈਨੂੰ ਚਾਹੁੰਦੀਆਂ ਜਿੰਨਾ ਕੁ ਚਾਹ ਸੱਕਦੀਆਂ ਨੇ
ਹੈਨ ਅੱਕ ਦੇ ਫੁੱਲ ਵੀ ਗੁਲਾਬ ਦੇ ਫੁੱਲ ਤੇ ਗੁਲਾਬ-ਜੜਾਂ ਵੀ ਤਾਂ ਅੱਕ ਦੀਆਂ ਨੇ
ਮੈਨੂੰ ਅੱਗ ਵਿੱਚੋਂ ਵੀ ਨੀਰ ਦਿਖਿਆ ਤੇ ਅੱਗਾਂ ਪਾਣੀ ਵਿੱਚ ਵੀ ਮੱਚਦੀਆਂ ਨੇ
ਮੇਰੀ ਦੇਹ ਹੋ ਗਈ ਕਾਇਨਾਤ ਵਰਗੀ ਤੇ ਸਾਰਾ ਖੇਲ ਹੋਇਆ ਮੇਰੇ ਅੰਗ ਵਰਗਾ
ਵੇ ਤੈਨੂੰ ਸੂਰਜਾ ਜਦੋਂ ਮੈਂ ਅੱਜ ਤੱਕਿਆ, ਤੂੰ ਤਾਂ ਨਿੱਕਲਿਆ ਮੇਰੇ ਈ ਰੰਗ ਵਰਗਾ
ਮੇਰੀ ਅੱਖ ਨੂੰ ਉੱਚੇ ਅਸਮਾਨ ਟੱਕਰੇ, ਮੇਰੇ ਪੈਰਾਂ ਨੂੰ ਸਗਲ ਜ਼ਮੀਨ ਮਿਲ ਗਈ
ਮੇਰੀ ਨਜ਼ਰ ਬਣੀ ਪੰਜ ਫੂਲ ਰਾਣੀ ਤੇ ਨਾਲੇ ਤਲੀਆਂ ਨੂੰ ਤਸਕੀਨ ਮਿਲ ਗਈ
ਗੱਲਾਂ ਧਰਤ ਦੀਆਂ ਕਾਹਨੂੰ ਛੇੜ ਲਈਆਂ, ਇਹ ਤਾਂ ਅਸਮਾਨਾਂ ਨੂੰ ਵੀ ਢੱਕਦੀਆਂ ਨੇ
ਪਾਣੀ ਚੜ੍ਹ ਚੜ੍ਹ ਕੇ ਮੈਂਨੂੰ ਵੇਖਦਾ ਏ, ਧੁੱਪਾਂ ਲਹਿ ਲਹਿ ਕੇ ਮੈਂਨੂੰ ਤੱਕਦੀਆਂ ਨੇ

24. ਸਖੀਏ ਸਰਬੱਤ ਨੀਂ ਬੀਬੀ

ਸਖੀਏ ਸਰਬੱਤ ਨੀਂ ਬੀਬੀ
ਇਹ ਰਾਣੀ ਤੱਤ ਨੀਂ ਬੀਬੀ
ਟਿੱਬਿਆਂ ਦਾ ਰੇਤਾ ਹੈ
ਲੋਕਾਂ ਨੂੰ ਭੁੱਲ ਗਿਆ ਹੋਣਾ
ਸਾਨੂੰ ਤਾਂ ਚੇਤਾ ਹੈ
ਸਾਰੇ ਹੀ ਅੱਗੇ ਲੰਘ ਗਏ
ਮੈਂ ਪਿੱਛੇ ਰਹਿ ਗਿਆ ਨੀਂ
ਵਣ ਵਿੱਚ ਤਾਂ ਵੇਲਾਂ ਹੁੰਦੀਆਂ
ਵੇਲਾਂ ਕੋਲ ਬਹਿ ਗਿਆ ਨੀਂ
ਸਖੀਏ ਸਰਬੱਤ ਨੀਂ ਬੀਬੀ
ਦੇ ਦੇ ਕੋਈ ਮੱਤ ਨੀਂ ਬੀਬੀ

ਇਹ ਬਹੁਤਿਆਂ ਪੜ੍ਹਿਆਂ ਨੂੰ
ਜੱਟਾਂ ਦੀ ਫ਼ਸਲ ਰੋਲ ਕੇ
ਕਾਰਾਂ 'ਤੇ ਚੜ੍ਹਿਆਂ ਨੂੰ
ਮੁੜ੍ਹਕੇ ਨੇ ਰੂਪ ਲਿਆ ਸੀ
ਬੱਲੀਆਂ ਵਿੱਚ ਢਲ਼ਿਆ ਸੀ
ਅੱਜ ਤੜਕੇ ਮਰ ਗਿਆ ਜਿਹੜਾ
ਚਾਵਾਂ ਨਾਲ ਪਲ਼ਿਆ ਸੀ
ਸਖੀਏ ਸਰਬੱਤ ਨੀਂ ਬੀਬੀ
ਧਰਤੀ ਹੁਣ ਵੱਤ ਨੀਂ ਬੀਬੀ

ਬੀਜ ਲਈਏ ਫ਼ਸਲਾਂ ਨੀਂ
ਕਿਧਰੇ ਜੇ ਬਚ-ਬੁਚ ਜਾਵਣ
ਸਾਡੀਆਂ ਨਸਲਾਂ ਨੀਂ
ਨਸ਼ਿਆਂ ਦਾ ਧੂੰਆਂ ਬੀਬੀ
ਖੋਪੜ ਨੂੰ ਪਾੜ ਨਾ ਦੇਵੇ
ਕਿਧਰੇ ਪੰਜਾਬ ਨੂੰ ਇਹਦਾ
ਭੋਲਾਪਣ ਮਾਰ ਨਾ ਦੇਵੇ
ਸਖੀਏ ਸਰਬੱਤ ਨੀਂ ਬੀਬੀ
ਆਪਣੇ ਹੱਥ ਪੱਤ ਨੀਂ ਬੀਬੀ

ਸਾਂਭ ਲਈਏ ਆਪੇ ਨੀਂ
ਬੱਚਿਆਂ ਹੱਥ ਡੋਰਾਂ ਦੇ ਕੇ
ਤੁਰ ਜਾਂਦੇ ਮਾਪੇ ਨੀਂ
ਸਖੀਏ ਸਰਬੱਤ ਨੀਂ ਬੀਬੀ
ਗੁਰੂਆਂ ਬਿਨ ਗੱਤ ਨੀਂ ਬੀਬੀ
ਭਟਕੇਂਗੀ ਰਸਤਾ ਨੀਂ
ਜੇਕਰ ਨਾ ਪਾਇਆ ਮੋਢੇ
ਚਾਨਣ ਦਾ ਬਸਤਾ ਨੀਂ
ਸਖੀਏ ਸਰਬੱਤ ਨੀਂ ਬੀਬੀ
ਸਫ਼ਿਆਂ ਵੱਲ ਤੱਕ ਨੀਂ ਬੀਬੀ

ਅੱਖਰ ਹੀ ਬਾਬਲ ਨੀਂ
ਬੈਠਕ ਵਿੱਚ ਚਿਣੇ ਪਏ ਨੇ
ਅਣਖੀ ਦੇ ਨਾਵਲ ਨੀਂ
ਸਖੀਏ ਸਰਬੱਤ ਨੀਂ ਬੀਬੀ
ਡੁੱਲ੍ਹੀ ਜੋ ਰੱਤ ਨੀਂ ਬੀਬੀ
ਪੁੰਗ੍ਹਰੇਗੀ ਮੁੜਕੇ ਨੀਂ
ਸਿੱਟ'ਤੇ ਜੋ ਟੋਟੇ ਕਰਕੇ
ਉੱਠਣਗੇ ਜੁੜਕੇ ਨੀਂ

25. ਕੁੜੀਆਂ ਕੇਸ ਵਾਹੁੰਦੀਆਂ

ਗੁਰਾਂ ਦਾ ਦਰਸ ਵਡੇਰਾ ਹੈ, ਗੁਰਾਂ ਤੋਂ ਕਾਹਦਾ ਪਰਦਾ ਹੈ
ਕੁੜੀਆਂ ਕੇਸ ਵਾਹੁੰਦੀਆਂ ਨੇ, ਸੂਰਜ ਧੁੱਪਾਂ ਕਰਦਾ ਹੈ ।

ਕਿੰਨੀਆਂ ਸੋਹਣੀਆਂ ਕੰਘੀਆਂ ਨੇ, ਲਗਦੈ ਰੱਬ ਤੋਂ ਮੰਗੀਆਂ ਨੇ
ਇਹਨਾਂ ਦਾ ਦਾਜ ਵੀ ਕੱਤਣਾ ਹੈ, ਅਜੇ ਤਾਂ ਕੋਠਾ ਛੱਤਣਾ ਹੈ
ਇਹ ਦੁਨੀਆ ਦਮੜੇ ਚੱਬਦੀ ਹੈ ਤੇ ਪੈਸਾ ਘੋਲ਼ ਕੇ ਪੀਂਦੀ ਹੈ
ਨੀਂ 'ਥੋਡੇ ਕਾਜ ਰਚਾਉਣੇ ਨੇ ਤੇ ਚੋਖੀ ਰਕਮ ਲੋੜੀਂਦੀ ਹੈ ।

ਇਹ ਫੱਗਣ ਦੇ ਗਲ਼ ਪੱਤਿਆਂ ਦੇ, ਹਾਰ-ਹਮੇਲਾਂ ਵਰਗੀਆਂ ਨੇ
ਜਾਂ ਆਲ਼ੀਆਂ-ਭੋਲ਼ੀਆਂ ਉਮਰਾਂ ਦੇ, ਵਿੱਸਰੇ ਖੇਲਾਂ ਵਰਗੀਆਂ ਨੇ
ਇਹ ਧੂੜਾਂ ਬਾਵਰੀਆਂ ਹੋਈਆਂ, ਕਿੱਥੇ ਕੁ ਜਾ ਕੇ ਬਹਿਣਾ ਹੈ
ਸੰਧੂਰੀ ਟਿੱਬਿਆਂ ਦਾ ਝਾਕਾ, ਹਵਾ ਵਿੱਚ ਤਰਦਾ ਰਹਿਣਾ ਹੈ ।

ਇਹ ਕੁੜੀਆਂ ਕਨਸਾਂ ਪੂੰਝਦੀਆਂ ਤੇ ਸੁੱਚੇ ਸੁਹਜ ਦਾ ਚਸ਼ਮਾ ਨੇ
ਇਹਨਾਂ ਨੂੰ ਜੰਮਿਆ ਮਾਪਿਆਂ ਨੇ, ਇਹਨਾਂ ਨੂੰ ਮਾਰਿਆ ਰਸਮਾਂ ਨੇ
ਕਿ ਦਿਲ ਵਿੱਚ ਹੌਲ਼ ਜਿਆ ਪੈਂਦਾ ਹੈ, ਬਾਪੂ ਚੁੱਪ-ਚੁੱਪ ਰਹਿੰਦਾ ਹੈ
ਦੁਨੀ ਦੇ ਬਾਗ 'ਚ ਵੱਸਦੇ ਨੂੰ, ਕੁੜੇ ਕੀ ਹੋ ਗਿਆ ਹੱਸਦੇ ਨੂੰ ?

ਕਿ ਮਹਿੰਦੀ ਚੜ੍ਹ ਜਾਵੇ ਸੂਹੀ, ਜ਼ਮੀਨਾਂ ਗਹਿਣੇ ਧਰਦਾ ਹੈ
ਕੁੜੀਆਂ ਕੇਸ ਵਾਹੁੰਦੀਆਂ ਨੇ ਸੂਰਜ ਧੁੱਪਾਂ ਕਰਦਾ ਹੈ ।

ਇਹ ਸੂਹੀ ਪੱਗ ਦੇ ਚਾਨਣ ਨੂੰ, ਜਦੋਂ ਖ਼ਾਬਾਂ ਵਿੱਚ ਸੇਕਦੀਆਂ
ਤਾਂ ਮਾਂ ਦੇ ਵਿਆਹ ਵਾਲੇ ਲੀੜੇ, ਉਦੋਂ ਪਾ-ਪਾ ਕੇ ਵੇਖਦੀਆਂ
ਇਹਨਾਂ ਦੇ ਵੀਰਾ ਨੀਂ ਹੋਇਆ, ਸਿਰਾਂ 'ਤੇ ਚੀਰਾ ਨੀਂ ਹੋਇਆ
ਇਹ ਜਿਹੜੇ ਤਾਰੇ ਜਗਦੇ ਨੇ, ਇਹਨਾਂ ਨੂੰ ਵੀਰੇ ਲਗਦੇ ਨੇ ।

ਇਹਨਾਂ ਦੇ ਪੈਰ ਭੰਬੀਰੀਆਂ ਨੇ, ਇਹ ਕੰਮੀਂ-ਧੰਦੀਂ ਰੁੱਝੀਆਂ ਨੇ
ਇਹ ਖੁੱਲ੍ਹੀ ਗੰਢ ਦੇ ਵਰਗੀਆਂ ਨੇ ਤੇ ਫਿਰ ਵੀ ਕਾਹਤੋਂ ਗੁੱਝੀਆਂ ਨੇ ?
ਇਹਨਾਂ ਨੂੰ ਖਾਧਾ ਪਚਦਾ ਹੈ, ਇਹ ਸੋਹਿਲੇ ਰੱਬ ਦੇ ਗਾਉਂਦੀਆਂ ਨੇ
ਇਹ ਰਾਹ ਦੇ ਕੱਖਾਂ-ਕੰਡਿਆਂ ਨੂੰ, ਸਿਰ ਦਾ ਤਾਜ ਬਣਾਉਂਦੀਆਂ ਨੇ ।

ਜੋ ਸਾਖਰਤਾ ਦੀਆਂ ਲਹਿਰਾਂ ਨੇ, ਇਹਨਾਂ ਦੇ ਘਰ ਵਿੱਚ ਵੜੀਆਂ ਨੀਂ
ਇਹਨਾਂ ਨੇ ਵਰਕੇ ਪਲਟੇ ਨਈਂ ਤੇ ਹੱਥ ਵਿੱਚ ਕਲਮਾਂ ਫੜੀਆਂ ਨੀਂ
ਇਹਨਾਂ ਨੇ ਚੁੱਲ੍ਹੇ ਡਾਹੁਣੇ ਨੇ, ਇਹਨਾਂ ਨੇ ਘਰ ਵਸਾਉਣੇ ਨੇ
ਇਹ ਗੁੱਡੀਆਂ ਆਪ ਤਾਂ ਪੜ੍ਹੀਆਂ ਨੀਂ, ਇਹਨਾਂ ਨੇ ਪੁੱਤ ਪੜ੍ਹਾਉਣੇ ਨੇ ।

ਦਿਲਾਂ ਦੇ ਦਰਦ ਪਛਾਣਦੀਆਂ, ਧੀਆਂ ਬਿਨ ਕਿੱਥੇ ਸਰਦਾ ਹੈ
ਕੁੜੀਆਂ ਕੇਸ ਵਾਹੁੰਦੀਆਂ ਨੇ, ਸੂਰਜ ਧੁੱਪਾਂ ਕਰਦਾ ਹੈ ।

26. ਮੀਰੀ ਪੀਰੀ ਦੇ ਵਾਰਸੋ ਆਣ ਲੱਥੋ

ਮੀਰੀ ਪੀਰੀ ਦੇ ਵਾਰਸੋ ਆਣ ਲੱਥੋ, ਸੱਦੇ ਆਏ ਨੇ ਅੱਜ ਦਰਬਾਰ ਵਿੱਚੋਂ
ਚੁੱਕੀ ਅੱਤ ਸਰੋਵਰ ਪੂਰਦੇ ਜੋ, ਬਚ ਕੇ ਜਾਣੇ ਨੀਂ ਚਾਹੀਦੇ ਗਾਰ ਵਿੱਚੋਂ
ਲਿਖੇ ਗੁਰਾਂ ਨੇ ਕਾਨੀਆਂ ਸੰਗ ਜਿਹੜੇ, ਕੁੱਦ ਪਏ ਨੇ ਅੱਖਰ ਬੀੜ ਵਿੱਚੋਂ
ਅੱਜ ਪਰਖੀਏ ਬਾਜੁਆਂ-ਡੌਲਿਆਂ ਨੂੰ, ਘੋੜੇ-ਹਾਥੀਆਂ ਦੀ ਇਸ ਭੀੜ ਵਿੱਚੋਂ
ਸਾਡੇ ਸਿਦਕ ਦੇ ਬੁਰਜ ਤਾਂ ਉੱਸਰੇ ਨੇ,ਸਰਸਾ ਨਦੀ ਦੀ ਤਿੱਖੀ ਧਾਰ ਵਿੱਚੋਂ
ਅਸੀਂ ਮਾਰ ਕੇ ਤਾੜੀ ਲੰਘ ਜਾਂਦੇ, ਚੌੜੇ ਘੇਰਿਆਂ ਦੀ ਲੰਮੀ ਮਾਰ ਵਿੱਚੋਂ
ਅਸੀਂ ਖੁਦ ਹੀ ਚੁਣਦੇ ਤਵੀ ਤੱਤੀ, ਦੇਗਾਂ ਵਿਚ ਉਬਾਲੇ ਖਾਣ ਜਾਂਦੇ
ਜਦੋਂ ਸੀਸ ਉੱਤੋਂ ਪਾਣੀ ਲੰਘ ਜਾਵੇ, ਅਸੀਂ ਫੁੱਲ ਤੋਂ ਬਣ ਕਿਰਪਾਨ ਜਾਂਦੇ
ਆਉਂਦੇ ਫੁੱਟ ਪਹਾੜਾਂ ਦੀ ਭੰਨ ਛਾਤੀ, ਕਦੇ ਆਰ ਵਿੱਚੋਂ ਕਦੇ ਪਾਰ ਵਿੱਚੋਂ
ਜਪੁਜੀ ਸਾਹਿਬ ਤੋਂ ਸੋਹਿਲਾ ਸਾਹਿਬ ਤੀਕਰ, ਚੜ੍ਹਦੀ ਕਲਾ ਗੂੰਜੇ ਦਰਬਾਰ ਵਿੱਚੋਂ

ਚੀਤੇ ਜਹੀ ਫੁਰਤੀ ਅੱਗ ਲਾਉਣ ਉੱਠੀ, ਗੱਠੇ ਜੁੱਸੇ ਦੇ ਤੇਜ ਬਲਕਾਰ ਵਿੱਚੋਂ
ਖੰਡਾ ਖੜਕਦਾ ਦੀਪ ਸਿੰਘ ਸੂਰਮੇ ਦਾ, ਵੈਰੀ ਘੋੜਿਆਂ ਦੀ ਹਿਣਕਾਰ ਵਿੱਚੋਂ
ਓਹਦਾ ਹੌਂਸਲਾ ਉੱਚਾ ਅਕਾਲ-ਬੁੰਗਾ, ਮੱਠਾ ਪਿਆ ਨੀ ਉਮਰ ਦੇ ਵੇਗ ਅੱਗੇ
ਵਾਂਗਰ ਚੂਹਿਆਂ ਦੇ ਨੱਸ ਪਏ ਵੈਰੀ ਸ਼ੇਰਾਂ-ਸਿੰਘਾਂ ਦੀ ਲਿਸ਼ਕਦੀ ਤੇਗ ਅੱਗੇ
ਸਿਰ ਪੱਗੜੀ ਜੂਝਣਹਾਰ ਬੰਨ੍ਹੀ, ਫਤਿਹ - ਫਤਿਹ ਦਾ ਕਰਦੀ ਜਾਪ ਲੋਕੋ
ਲੜਦੇ ਹੋਣ ਮੈਦਾਨ ਵਿੱਚ ਸਿੰਘ ਜਿੱੱਥੇ, ਰੱਬ ਉੱਤਰ ਆਉਂਦਾ ਆਪ ਲੋਕੋ
'ਠਾਰਾਂ ਸੇਰ ਦਾ ਖੰਡਾ ਗਰਜ ਪਿਆ, ਲੋਕੋ ਧਰਮ ਦੇ ਲਈ, ਲੋਕੋ ਦੀਨ ਦੇ ਲਈ
ਮੌਤ ਸੀਗੀ ਸੁਆਦਲੀ ਸੇਜ ਵਰਗੀ,ਉਸ ਮਹਾਂਬਲੀ ਮਸਕੀਨ ਦੇ ਲਈ
ਹੱਥ ਪੀਰਾਂ ਦੇ ਫੜੀਆਂ ਦੇਖ ਤੇਗਾਂ, ਜਿੰਦਾਂ ਧੜਕ ਪਈਆਂ ਮੁਰਦਾਰ ਵਿੱਚੋਂ
ਮੁਰਚੇ ਘੁੰਮ ਉੱਠੇ ਜਿਵੇਂ ਹੋਣ ਲਾਟੂ, ਬਿਜਲੀ ਮਾਰਦੀ ਛਾਲਾਂ ਤਲਵਾਰ ਵਿੱਚੋਂ

27. ਭੂਸਲ ਕਾਇਆ, ਰੁਖੜਾ ਰੁਖੜਾ

ਭੂਸਲ ਕਾਇਆ, ਰੁਖੜਾ ਰੁਖੜਾ
ਰੱਬ ਦੀ ਧਰਤੀ ਦਾ ਇੱਕ ਟੁਕੜਾ
ਨਿੱਕੇ ਨਿੱਕੇ ਰੋੜ-ਰੋੜੀਆਂ
ਹਰੀਆਂ ਵੇਲਾਂ ਹੋਣ ਥੋੜ੍ਹੀਆਂ
ਡੂੰਘੇ ਨੈਣ ਹਿਲਾ ਕੇ ਸੱਦ ਲਊਂ
ਕਣੀਆਂ ਨੂੰ ਫੁਸਲਾ ਕੇ ਸੱਦ ਲਊਂ
ਹਿਰਨ ਵੀ ਸੱਦ ਲਊਂ, ਮੋਰ ਵੀ ਸੱਦ ਲਊਂ
ਨੀਲ-ਕਾਸ਼ਨੀ ਨਦੀਆਂ ਦੀ ਮੈਂ
ਫਿਰਤ ਵੀ ਸੱਦ ਲਊਂ, ਤੋਰ ਵੀ ਸੱਦ ਲਊਂ
ਨੀਮ-ਸਰੈਰੀ ਝਲਕ ਬੁਲਾ ਲਊਂ
ਪਨਘਟ ਦੀ ਕੋਈ ਛਲਕ ਬੁਲਾ ਲਉਂ
ਇਹ ਟੁਕੜਾ ਰੁਸ਼ਨਾਵਣ ਦੇ ਲਈ
ਪ੍ਰਥਮ-ਤਾਰੇ ਦੀ ਡਲ੍ਹਕ ਬੁਲਾ ਲਊਂ
ਮੈਂ ਮਿੱਟੀ ਦੀ ਮਹਿਕ ਦੀ ਖ਼ਾਤਿਰ
ਹਰ ਇੱਕ ਮਹਿਕ ਨੂੰ ਭੁੱਲ ਜਾਣਾ ਹੈ
ਉੱਭੜ-ਖਾਭੜ ਰਾਹਾਂ ਲੰਘ ਕੇ
ਘਾਟੀ ਦੇ ਵਿੱਚ ਡੁੱਲ੍ਹ ਜਾਣਾ ਹੈ
ਇਸ ਘਾਟੀ 'ਚੋਂ ਨੀਚਾ ਉੱਤਰ
ਮੈਦਾਨਾਂ ਵੱਲ ਮੁੜਨਾ ਵੀ ਹੈ
ਧਰਤੀ ਉੱਤੇ ਉੱਡਣਾ ਵੀ ਹੈ
ਅਸਮਾਨਾਂ 'ਤੇ ਤੁਰਨਾ ਵੀ ਹੈ
ਜੋ ਜੁੜਿਆ ਸੋ ਭੁਰਨਾ ਵੀ ਹੈ
ਜਿਹੜਾ ਗੀਤ ਅਜੇ ਨਾ ਜੰਮਿਆ
ਓਸ ਗੀਤ ਨੂੰ ਚੁੰਮਣਾ ਵੀ ਹੈ
ਉੱਚੀਆਂ ਉੱਚੀਆਂ ਚੋਟੀਆਂ ਉੱਤੇ
ਆਵਾਰਾ ਜਿਹਾ ਘੁੰਮਣਾ ਵੀ ਹੈ
ਮੈਲੇ-ਮੈਲੇ ਪੈਰਾਂ ਨੂੰ ਮੈਂ
ਕੰਢੇ ਬਹਿ ਕੇ ਧੋਣਾ ਵੀ ਹੈ
ਇੱਕ ਦਿਨ ਖੁੱਲ੍ਹ ਕੇ ਹੱਸਣਾ ਵੀ ਹੈ
ਇੱਕ ਦਿਨ ਖੁੱਲ੍ਹ ਕੇ ਰੋਣਾ ਵੀ ਹੈ
ਬੇਚੈਨੀ ਜੋ ਟਿਕਣ ਨਾ ਦੇਂਦੀ
ਉਸ ਨੇ ਕੁਝ ਲਿਖਵਾ ਜਾਣਾ ਹੈ
ਰਾਣੀ-ਤੱਤ ਅਖਵਾ ਜਾਣਾ ਹੈ
ਹਵਾ ਦੇ ਵਿੱਚ ਉਡਾ ਜਾਣਾ ਹੈ
ਖੁੱਲੀ ਧੁੱਪ ਦਵਾ ਦੇ ਬਾਬਲ
ਗੂੜ੍ਹੀ ਛਾਂ ਦਾ ਢੇਰ
ਮੈਂ ਕੁਝ ਨਾ ਮੰਗਣਾ ਫੇਰ
ਭੂਸਲ ਕਾਇਆ, ਰੁਖੜਾ ਰੁਖੜਾ
ਰੱਬ ਦੀ ਧਰਤੀ ਦਾ ਇੱਕ ਟੁਕੜਾ
ਨਿੱਕੇ ਨਿੱਕੇ ਰੋੜ-ਰੋੜੀਆਂ
ਹਰੀਆਂ ਵੇਲਾਂ ਹੋਣ ਥੋੜ੍ਹੀਆਂ
ਡੂੰਘੇ ਨੈਣ ਹਿਲਾ ਕੇ ਸੱਦ ਲਊਂ
ਕਣੀਆਂ ਨੂੰ ਫੁਸਲਾ ਕੇ ਸੱਦ ਲਊਂ
ਹਿਰਨ ਵੀ ਸੱਦ ਲਊਂ, ਮੋਰ ਵੀ ਸੱਦ ਲਊਂ
ਨੀਲ-ਕਾਸ਼ਨੀ ਨਦੀਆਂ ਦੀ ਮੈਂ
ਫਿਰਤ ਵੀ ਸੱਦ ਲਊਂ, ਤੋਰ ਵੀ ਸੱਦ ਲਊਂ

28. ਅੱਗ ਦੀ ਇੱਕ ਨਾਰ ਨੱਚਦੀ ਅੰਬਰੀਂ

ਅੱਗ ਦੀ ਇੱਕ ਨਾਰ ਨੱਚਦੀ ਅੰਬਰੀਂ
ਬਲਦੀਆਂ ਬੈਸੰਤਰੀ ਜ਼ੁਲਫ਼ਾਂ ਖਿਲਾਰ
ਘੁਲ ਰਹੀ ਪਰ ਮੌਸਮਾਂ ਵਿੱਚ ਹਿਮ-ਡਲੀ
ਤੂੰ ਆ ਰਹੀ ਸੀ ਸੋਹਣੀਏ ਪੱਬਾਂ ਦੇ ਭਾਰ
ਬੈਚੈਨੀਆਂ ਨੂੰ ਪਿਓਂਦ ਲਾ ਕੇ ਚੈਨ ਦੀ
ਕਰ ਰਿਹਾ ਸੀ ਜਦ ਮੈਂ ਤੇਰਾ ਇੰਤਜ਼ਾਰ...
ਥਿੰਧਿਆ ਗਏ ਸੀ ਵੇਖ ਕੇ ਤੈਨੂੰ ਜਦੋਂ
ਰੁੱਖੜੇ ਵਾਲਾਂ ਦੇ ਛੱਲੇ ਸੋਗਵਾਰ
ਫਿਰ ਗਿਆ ਸੀ ਜਦ ਸੁਹਾਗਾ ਮੇਲ ਦਾ
ਧਰਤ ਸਾਰੀ ਹੋ ਗਈ ਸੀ ਇੱਕ-ਸਾਰ
ਨਿੱਤਰੇ ਪਾਣੀ ਦੇ ਵਾਂਗੂੰ ਉੱਜਲੇ
ਮੇਰੀਆਂ ਅੱਖਾਂ ਦੇ ਸ਼ੀਸ਼ੇ ਦਾਗਦਾਰ
ਮੁਸਕਣੀ ਤੇਰੀ ਦਾ ਜਾਦੂ ਚੱਲਿਆ
ਹੋਸ਼ਾਂ ਦੇ ਟੋਟੇ ਹੋ ਗਏ ਸੀ ਬੇ-ਸ਼ੁਮਾਰ
ਕੁੜਤੀ ਤੇਰੇ 'ਤੇ ਮੱਛਰੇ ਨਾਦਾਨ ਪਰ
ਉੱਡ ਰਹੇ ਸੀ ਮੋਰ ਛਾਲਾਂ ਮਾਰ ਮਾਰ
ਨਜ਼ਰਾਂ 'ਚ ਫਿੱਕੀ ਸ਼ਰਮ ਦੀ ਹਲਦੀ ਘੁਲੀ
ਮੈਂ ਪੋਟਿਆਂ 'ਨਾ ਛੂਹ ਲਿਆ ਹਲਕਾ ਵਸਾਰ
ਚੁੰਨੀ ਤੇਰੀ ਜੋ ਕਾਸ਼ਨੀ-ਕਬੂਦੜੀ
ਸਾਂਭਿਆਂ ਸੰਭਦੀ ਨਹੀਂ ਸੀ ਲੱਖ ਵਾਰ
ਜਿਓਂ ਜੰਗਲੀ ਬਾਸ਼ਾ ਹੋਵੇ ਕੋਈ ਉੱਡਿਆ
ਆਪਣੇ ਤੋਂ ਮਾੜਿਆਂ ਦਾ ਕਰ ਸ਼ਿਕਾਰ
ਇੱਕ ਧਿਆਨ ਜੇਹੀ ਤੋਰ ਤੈਨੂੰ ਤੋਰਦੇ
ਮੈਂ ਚੁੰਮ ਲੀਤੇ ਪੈਰ ਤੇਰੇ ਖ਼ਾਕਸਾਰ
ਕੇਸਰ ਦਾ ਧੂੰਆਂ ਉੱਠਿਆ ਚਹੁੰ-ਪਾਸਿਓਂ
ਮਹਿਕਣ ਸੀ ਲੱਗੇ ਮੋੜ, ਗਲੀਆਂ ਤੇ ਬਜ਼ਾਰ
ਕੁੜਤੀ ਤੇਰੇ 'ਤੇ ਮੱਛਰੇ ਨਾਦਾਨ ਪਰ
ਉੱਡ ਰਹੇ ਸੀ ਮੋਰ ਛਾਲਾਂ ਮਾਰ ਮਾਰ

29. ਨਿਗਾ ਦੀ ਪਰਖ ਤੋਂ ਉਤਾਹਾਂ ਦੇ ਚਰਚੇ

ਨਿਗਾ ਦੀ ਪਰਖ ਤੋਂ ਉਤਾਹਾਂ ਦੇ ਚਰਚੇ
ਹਵਾ ਦੇ ਸਵੱਈਏ ਤੇ ਸਾਹਾਂ ਦੇ ਚਰਚੇ
ਜੋ ਰੇਤੇ 'ਚ ਰਚ ਗਏ ਨੇ ਹੱਡਾਂ ਦੇ ਟੁਕੜੇ
ਜੋ ਬਣ ਗਏ ਵਰੋਲੇ ਗੁਲਾਬੀ ਜਏ ਮੁਖੜੇ
ਉਹ ਨਵਿਆਂ ਆਕਾਰਾਂ 'ਚ ਢਲਦੇ ਹੀ ਰਹਿਣੇ
ਇਹ ਚੱਕਰ ਅਨੋਖੇ ਨੇ ਚਲਦੇ ਹੀ ਰਹਿਣੇ
ਮੈਂ ਗੱਦੀਆਂ ਤੇ ਬਿਸਤਰ ਪੁਸ਼ਾਕਾਂ ਤੋਂ ਪੁੱਛਿਆ
ਮੈਂ ਹੀਰਾਂ ਤੋਂ ਪੁੱਛਿਆ ਮੈਂ ਚਾਕਾਂ ਤੋਂ ਪੁੱਛਿਆ
ਉਹ ਕਹਿੰਦੇ ਇਹ ਅਣਛੋਹੇ ਰਾਹਾਂ ਦੇ ਚਰਚੇ
ਨਿਗਾ ਦੀ ਪਰਖ ਤੋਂ ਉਤਾਹਾਂ ਦੇ ਚਰਚੇ
ਹਵਾ ਦੇ ਸਵੱਈਏ ਤੇ ਸਾਹਾਂ ਦੇ ਚਰਚੇ

30. ਮੁੱਛ ਉੱਤੇ ਮੇਲਾ ਲੱਗਿਆ

ਛੜਿਆਂ ਦੀ ਮੁੱਛ ਉੱਤੇ ਮੇਲਾ ਲੱਗਿਆ

ਫੱਤੂ ਨੂੰ ਬਨਾਰਸੀ ਨੂੰ ਮੀਰ ਖ਼ਾਨ ਨੂੰ
ਛੜਿਆਂ ਨੂੰ ਮਿਲੀ ਅੱਜ ਖੀਰ ਖਾਣ ਨੂੰ
ਹਾਬੜਿਆਂ ਵਾਂਗੂੰ ਪੈਗੇ ਤਿੰਨੇ ਅਮਲੀ
ਖਾਂਦਿਆਂ ਨੂੰ ਵੇਖ ਆਗੇ ਕਿੰਨੇ ਅਮਲੀ
ਛੜੇ ਬੰਦੇ ਬੱਸ ਇੱਕੋ ਤੋਪਾ ਲੱਭਦੇ
ਖੀਰ ਵਿੱਚੋਂ ਮਿਲ ਜਾਵੇ ਖੋਪਾ ਲੱਭਦੇ
ਖੁਸ਼ੀ ਚੜ੍ਹੀ ਜਿਵੇਂ ਕੁੜਮਾਈ ਹੋ ਗਈ
ਲੱਭੀ ਇੱਕ ਦਾਖ਼ ਤਾਂ ਲੜਾਈ ਹੋ ਗਈ
ਚੁੱਲ੍ਹਿਆਂ ਦਾ ਸੇਕ ਦੂਹਰਾ ਤੀਹਰਾ ਲਗਦਾ
ਤਾਂਹੀਂ ਸਾਰਾ ਜੱਗ ਟੀਰਾ ਟੀਰਾ ਲਗਦਾ
ਨੈਣਾਂ ਦੇਵੀ ਜਾ ਕੇ ਖੜਕਾਉਂਦੇ ਟੱਲੀਆਂ
ਜੁੜ ਜਾਵੇ ਤਾਰ ਤਾਂ ਚੜ੍ਹਾਈਏ ਛੱਲੀਆਂ
ਅਸੀਂ ਕੋਈ ਮੰਗਦੇ ਨੀਂ ਪੌਂਡ-ਡਾਲਰਾਂ
ਮਾਤਾ ਬੱਸ ਪੱਖੀ ਨੂੰ ਲਵਾ ਦੇ ਝਾਲਰਾਂ
ਦਾਹੜੀ-ਫੂਕ ਮਹਿਕਮੇ ਨੇ ਅੱਤ ਚੱਕ ਲਈ
ਫੱਤੂ ਨੇ ਬਨਾਰਸੀ ਦੀ ਧੌਣ ਨੱਪ ਲਈ
ਕੱਢ ਲਿਆ ਗੁੱਸਾ ਪੂਰੇ ਕੋਟੇ ਹੋ ਗਏ
ਛੜਿਆਂ ਦੀ ਜੰਨ ਦੇ ਦੋ ਟੋਟੇ ਹੋ ਗਏ
ਉਂਝ ਭਾਂਵੇ ਛੜਿਆ ਨੂੰ ਕੋਈ ਥੋੜ ਨਈਂ
ਘਰ ਦੀ ਸੁਆਣੀ ਦਾ ਤਾਂ ਕੋਈ ਜੋੜ ਨਈਂ
ਭਾਂਵੇ ਸਾਡੇ ਕਰਮਾਂ 'ਚ ਹੈਨੀਂ ਡੋਲੀਆਂ
ਪਰ ਸਾਡੇ ਛੜਿਆਂ 'ਤੇ ਬਹੁਤ ਬੋਲੀਆਂ
ਤਾਰੇ ਤੂਰੇ ਵੇਖ ਕੇ ਲੰਘਾ ਈ ਲੈਨੇਂ ਆਂ
ਆਵੇ ਨਾ ਜੇ ਨੀਂਦ ਆਪਾਂ ਗਾ ਈ ਲੈਨੇਂ ਆਂ
ਤੂਤ ਜਿਹੀ ਛਟੀ ਨੂੰ ਵੀ ਯਾਦ ਕਰੀਦਾ
ਗੱਲੀਂ ਬਾਤੀਂ ਦਿਲ 'ਜਾ ਆਬਾਦ ਕਰੀਦਾ
ਪਹਿਲਾਂ ਕਹਿੰਦੀ ਸੀ ਤੂੰ ਬੱਸ ਪੱਗ ਚਿਣ ਲੈ
ਫੇਰ ਕਹਿੰਦੀ ਵੇਹਲਿਆ ਵੇ ਕਾਂ ਈ ਗਿਣ ਲੈ
ਰੱਬਾ ਜੇ ਤੂੰ ਮੰਨਦਾਂ ਨੀਂ 'ਕੱਲੇ ਈ ਚੰਗੇ ਆਂ
ਚਿੜੀ ਚੁੜੀ ਉੱਡਦੀ ਨੀਂ ਬੱਲੇ ਈ ਚੰਗੇ ਆਂ
ਟੌਹਰ ਟੱਪੇ ਆਲੇ ਪਰ ਕੋਕੇ ਜੜੀਦੇ
ਪਰੀਆਂ ਦੇ ਮਹਿਲ ਸੁਪਨੇ 'ਚ ਘੜੀਦੇ
ਮਹਿਲਾਂ ਉੱਤੋਂ ਫੇਰ ਡਿੱਗਦੇ ਧੜੰਮ ਜੀ
ਆਪਾਂ ਕੀ ਸਕੂਲ ਦਾ ਕਰਾਉਣਾ ਕੰਮ ਜੀ
ਝਾਂਜਰਾਂ ਦੀ 'ਵਾਜ ਦਾ ਤਾਂ ਚਾਅ ਈ ਹੁੰਦਾ ਏ
ਲੀੜਾ-ਲੱਤਾ ਫੇਰ ਥਾਓਂ-ਥਾਈਂ ਹੁੰਦਾ ਏ
ਉੱਡਦੀ ਕੰਧੋਲੀਆਂ 'ਤੇ ਜਦੋਂ ਕੂੰਜ ਬਈ
ਕਨਸਾਂ 'ਤੇ ਰੱਖੇ ਭਾਂਡੇ ਪੂੰਝ-ਪੂੰਝ ਬਈ
ਹੱਸਦੇ ਸਰ੍ਹਾਣਿਆਂ 'ਤੇ ਕੱਢੇ ਫੁੱਲ ਜੀ
ਐਨੇ ਵਿੱਚ ਗਈ ਸਾਰੀ ਖੀਰ ਡੁੱਲ੍ਹ ਜੀ
ਖਾਣ ਪੀਣ ਦਾ ਤਾਂ ਕੋਈ ਚੱਜ ਨਾ ਰਿਹਾ
ਹੁਣ ਤਾਂ ਲੜਾਈ ਦਾ ਵੀ ਪੱਜ ਨਾ ਰਿਹਾ
ਤਿੰਨਾਂ ਵਿੱਚ ਫੇਰ ਫੇਰ ਏਕਾ ਹੋ ਗਿਆ
ਕਹਿੰਦੇ ਉਹ ਤਾਂ ਐਂਵੇ ਸੀ ਭੁਲੇਖਾ ਹੋ ਗਿਆ
ਲਿੱਬੜੇ ਹੋਏ ਮੂੰਹਾਂ ਉੱਤੇ ਬਹਿਣ ਮੱਖੀਆਂ
ਇੱਕ ਦੂਜੀ ਨੂੰ ਤਾਂ ਇਹੋ ਕਹਿਣ ਮੱਖੀਆਂ
ਹੋ ਗਿਆ ਸ਼ੁਗਲ ਨਾ ਕੋਈ ਧੇਲਾ ਲੱਗਿਆ
ਛੜਿਆਂ ਦੀ ਮੁੱਛ ਉੱਤੇ ਮੇਲਾ ਲੱਗਿਆ

31. ਮਸਤ-ਮਲੰਗ

ਰਾਤੀਂ ਚਾਨਣੀ ਚੰਨੇ ਦੀ
ਦਿਨੇ ਸੂਰਜਾਂ ਦੀ ਲੋਅ
ਸਾਡੇ ਰਹੇ ਅੰਗ-ਸੰਗ..
ਅਸੀਂ ਮਸਤ-ਮਲੰਗ..

ਤੇਰੇ ਨੀਲੇ-ਨੀਲੇ ਨੈਣੀਂ
ਛੁਪੀ ਲੋਹੜਿਆਂ ਦੀ ਸੰਗ
ਸਾਨੂੰ ਕਰਦੀ ਏ ਤੰਗ..
ਜ਼ਰਾ ਅੱਖਾਂ ਕਰ ਬੰਦ..
ਅਸੀਂ ਮਸਤ-ਮਲੰਗ..

ਜਦੋਂ ਭਗਵੀਂ 'ਜੀ ਬੱਦਲੀ
ਕੋਈ ਉੱਡੇ ਅਸਮਾਨੀਂ
ਸਾਡਾ ਨੱਚੇ ਅੰਗ-ਅੰਗ..
ਅਸਾਂ ਵਗਦੀਆਂ ਪੌਣਾਂ
ਕੋਲੋਂ ਖਾਧੈ ਸਦਾ ਡੰਗ..
ਅਸੀਂ ਮਸਤ-ਮਲੰਗ..

ਮੁੱਕੇ ਗੀਤਾਂ ਵਿੱਚੋਂ ਰੰਗ
ਗੱਲਾਂ ਕਰ ਲਈਏ ਚੰਦ
ਕਿਸੇ ਤਿੱਤਲੀ ਦੇ ਸੰਗ..
ਅਸੀਂ ਮਸਤ-ਮਲੰਗ..

ਸਾਡੀ ਅਰਦਾਸ ਵਿੱਚੋਂ
ਡੁੱਲ੍ਹੇ ਇੱਕੋ-ਇੱਕ ਮੰਗ
ਆਵੇ ਕਣ-ਕਣ ਵਿੱਚੋਂ
ਬੱਸ ਇਸ਼ਕ-ਤਰੰਗ..
ਕਿਸੇ ਝੁਮਕੇ ਦੇ ਉੱਤੇ
ਸਾਡੀ ਝੂਟਦੀ ਉਮੰਗ..
ਆਵੇ ਇਸ਼ਕ-ਤਰੰਗ..
ਕਿਸੇ ਮੋਰਨੀ ਦਾ ਖੰਭ
ਭਰੇ ਕਵਿਤਾ 'ਚ ਰੰਗ..
ਅਸੀਂ ਮਸਤ-ਮਲੰਗ..

ਓਹਦੇ ਮੁੱਖ ਉੱਤੇ ਖੇਡੇ
ਚਿੱਟੀ ਸਾਵਣੇ ਦੀ ਧੁੱਪ
ਓਹੋ ਰਹਿੰਦੀ ਚੁੱਪ-ਚੁੱਪ..
ਕੋਈ ਗੁੰਮਸੁੰਮ ਰੁੱਤ..
ਓਹਦੇ ਰਾਹਾਂ 'ਚ ਵਿਛਾਈ
ਜਾਵਾਂ ਚਾਨਣੀ ਦੀ ਸੇਜ
ਮੈਂ ਤਾਂ ਭਰ ਬੁੱਕ-ਬੁੱਕ..
ਓਹਦੀ ਤੋਰ ਦੀ ਸੰਜੀਦਗੀ
'ਚ ਡੁੱਬ ਗਿਆ ਚੰਦ..
ਓਹਦੇ ਚਿੱਟੇ-ਚਿੱਟੇ ਦੰਦ..
ਓਹਦੇ ਵਾਂਗੂੰ ਚੁੱਪ ਰਹਿੰਦੀ
ਓਹਦੀ ਸੋਨੇ-ਰੰਗੀ ਵੰਗ
ਜੀਹਤੋਂ ਸਿੱਖਿਆ ਏ ਯਾਰਾ
ਆਪਾਂ ਜੀਵਣੇ ਦਾ ਢੰਗ
ਸਾਡਾ ਢੰਗ ਬੇ-ਢੰਗ..
ਅਸੀਂ ਮਸਤ-ਮਲੰਗ..

ਤੱਕ ਤੋਤਿਆਂ ਦੀ 'ਡਾਰ
ਆਉਂਦੀ ਸਾਹਾਂ 'ਤੇ ਬਹਾਰ..
ਗੁਲਾਚੀਨ ਉੱਤੇ ਬੈਠੀ
ਕਾਲੀ ਚਿੜੀ ਦੀ ਆਵਾਜ਼
ਸੁਣਾਂ ਅੱਖਾਂ ਕਰ ਬੰਦ..
ਘੁੱਗੀ ਕਰੇ ਘੂੰ-ਘੂੰ
ਜਦੋਂ ਜਦੋਂ ਮੰਦ-ਮੰਦ..
ਸੱਚੀਂ ਦਿਲ-ਦਰਵਾਜ਼ੇ
ਵਿੱਚੋਂ ਆਵੇ ਲੰਘ-ਲੰਘ..
ਰਾਤ-ਰਾਣੀ ਦੀ ਸੁਗੰਧ
ਵਿੱਚ ਪਾ ਕੇ ਗੁਲਕੰਦ
ਖੋ ਜਾਈਏ ਮਿੱਠੇ ਰੰਗ..
ਅਸੀਂ ਮਸਤ-ਮਲੰਗ..

ਛਿੜੇ ਕੰਬਣੀ ਸਾਹਾਂ ਨੂੰ
ਜਦੋਂ ਲਗਦੀ ਏ ਠੰਡ..
ਨੀਲੇ-ਨੀਲੇ ਨੈਣਾਂ ਵਿੱਚੋਂ
ਲੱਭ ਲਈਏ ਕੋਸਾ ਰੰਗ..
ਸੂਹੇ-ਸੂਹੇ ਬੁੱਲ੍ਹਾਂ ਵਿੱਚੋਂ
ਸੇਕਾਂ ਚੰਗਿਆੜੇੱ ਚੰਦ..
ਕਿਤੇ ਚੁੰਨੀ ਗੁਲਾਨਾਰੀ
ਉੱਡੀ ਜਾਂਦੀ ਫੁਲਕਾਰੀ..
ਕਰ ਅੱਖਾਂ ਵਿੱਚ ਬੰਦ
ਭਰਾਂ ਸੁਪਨੇ 'ਚ ਰੰਗ.
ਅਸੀਂ ਮਸਤ-ਮਲੰਗ..

ਅੰਬਰਾਂ ਦੇ ਪਿੜ ਜਦੋਂ
ਨੱਚਦੇ ਨੇ ਤਾਰੇ..
ਆਉਂਦੇ ਦਿਲ ਨੂੰ ਹੁਲਾਰੇ
ਮੈਂ ਤਾਂ ਜਾਵਾਂ ਵਾਰੇ-ਵਾਰੇ
ਉੱਤੋਂ ਬੋਲੀ ਉੱਤੇ ਬੋਲੀ
ਪਾਵੇ ਦੁੱਧ ਚਿੱਟਾ ਚੰਦ..
ਅਸੀਂ ਮਸਤ-ਮਲੰਗ..

ਕਾਲੀ ਕਿੱਕਰ ਤੇ ਬੈਠੇ
ਚਿੱਟੇ ਬਗਲੇ ਨੂੰ ਵੇਖ
ਫੁੱਟੇ ਮੱਥੇ 'ਚੋ ਉਜਾਲਾ
ਮੁੱਕੇ ਕਾਲਖਾਂ ਦਾ ਰੰਗ..
ਸਾਡੇ ਯਾਰ ਨੇ ਨਿਹੰਗ
ਪੀਣ ਘੋਟ-ਘੋਟ ਭੰਗ..
ਅਸੀਂ ਮਸਤ-ਮਲੰਗ..

ਭਾਂਵੇ ਖੇੜਿਆਂ ਦੀ ਜੰਝ
ਪਾਵੇ ਰੰਗ ਵਿੱਚ ਭੰਗ..
ਮੇਰੇ ਤਖ਼ਤ-ਹਜਾਰੇ
ਵਿੱਚੋਂ ਮੁੱਕਣੇ ਨਾ ਰੰਗ..
ਸੁੱਚੀ ਆਸ਼ਿਕੀ ਦੇ ਰੰਗ.
ਮੇਰੀ ਹੀਰ ਵਾਲੇ ਝੰਗ
ਰਹੂ ਛਣਕਦੀ ਵੰਗ..
ਅਸੀਂ ਮਸਤ-ਮਲੰਗ..

ਗੀਤ-ਨੈਣਾਂ ਦੀ ਕਹਾਣੀ
ਪਿੱਛੇ ਆਂਵਲੇ ਦੀ ਟਾਹਣੀ..
ਲਾਇਆ ਵੇਹੜੇ ਵਿੱਚ
ਤੁਲਸੀ ਦਾ ਸਾਵਾ ਸਾਵਾ
ਬੂਟਾ ਦੇਵੇ ਪਲਾਂ 'ਚ ਆਰਾਮ
ਜਦੋਂ ਕਦੇ ਮੇਰੇ ਗੀਤਾਂ
ਤਾਈਂ ਛਿੜ ਜਾਂਦੀ ਖੰਘ..
ਅਸੀਂ ਮਸਤ-ਮਲੰਗ..

ਇਹ ਜੋ ਮੋਢਿਆਂ ਨੂੰ ਛੂਹਣ
ਸਾਡੇ ਲੰਬੇ-ਲੰਬੇ ਕੇਸ
ਸਾਨੂੰ ਡਾਢੇ ਨੇ ਪਸੰਦ..
ਕਦੇ ਕਿਸੇ ਮੁਟਿਆਰ
ਵਾਂਗੂੰ ਕਰ ਲਈਏ ਗੁੱਤ
ਸਾਨੂੰ ਕਿਸੇ ਦੀ ਨਾ ਸੰਗ..
ਸਗੋਂ ਯਾਦ ਆਵੇ ਓਹਦੀ
ਜੀਹਨੇ ਮਾਰਿਆ ਸੀ ਡੰਗ
ਕਾਲੀ-ਕਾਲੀ ਗੁੱਤ ਸੰਗ..
ਫੁੱਟੇ ਰਾਂਗਲੀ ਤਰੰਗ..
ਕਦੇ ਛੱਡ ਲਈਏ ਖੁੱਲੇ
ਲੋਕੀਂ ਰਹਿ ਜਾਂਦੇ ਦੰਗ..
ਐਵੇਂ ਟੋਕ ਨਾ ਨੀਂ ਮਾਏ
ਆਪੋ-ਆਪਣੇ ਨੇ ਰੰਗ..
ਤੇਰੇ ਪੈਰਾਂ ਵਿੱਚੋਂ ਫੁੱਟਿਆ
ਹੈ ਜ਼ਿੰਦਗੀ ਦਾ ਪੰਧ..
ਏਹੇ ਕਰਜ਼ਾ ਨਾ ਲਹਿਣਾ
ਲਿਖ ਦੋ-ਚਾਰ ਬੰਦ..
ਅਸੀਂ ਮਸਤ-ਮਲੰਗ..

ਰਾਤੀਂ ਚਾਨਣੀ ਚੰਨੇ ਦੀ
ਦਿਨੇ ਸੂਰਜਾਂ ਦੀ ਲੋਅ
ਸਾਡੇ ਰਹੇ ਅੰਗ-ਸੰਗ..
ਅਸੀਂ ਮਸਤ-ਮਲੰਗ...

32. ਮੇਰਾ ਸਾਈਂ ਨਾਥਾਂ ਦਾ ਨਾਥ ਕੁੜੇ

ਮੇਰਾ ਸਾਈਂ ਨਾਥਾਂ ਦਾ ਨਾਥ ਕੁੜੇ..ਨੀਂ ਮੈਂ ਓਹਦਾ ਲੋੜਾਂ ਸਾਥ ਕੁੜੇ..
ਨੀਂ ਮੈਂ ਜੂਠੀ ਕੌਲੀ-ਬਾਟੀ ਸੀ..ਮੇਰੀ ਖਾਤਿਰ ਬਣਿਆ ਰਾਖ ਕੁੜੇ..
ਮੇਰਾ ਸਾਈਂ ਨਾਥਾਂ ਦਾ ਨਾਥ ਕੁੜੇ..ਮੇਰਾ ਸਾਈਂ ਨਾਥਾਂ ਦਾ ਨਾਥ ਕੁੜੇ..

ਸਾਈ ਦੇ ਨਾਂ ਦੀ ਜੋਤੀ ਨੇ ਮੇਰੇ ਤਨ-ਮਨ ਚਾਨਣ ਕਰਿਆ ਨੀਂ..
ਓਹਦੀ ਝਲਕ ਰੂਹਾਨੀ ਪਾ ਸਖੀਓ ਮੇਰਾ ਤਪਦਾ ਸੀਨਾ ਠਰਿਆ ਨੀ..
ਓਹਦੇ ਅੰਗ-ਸੰਗ ਸ਼ਾਮਾਂ ਢਲਦੀਆਂ ਨੇ,ਓਹਦੇ ਪੈਰਾਂ ਵਿਚ ਪ੍ਰਭਾਤ ਕੁੜੇ..
ਮੇਰਾ ਸਾਈਂ ਨਾਥਾਂ ਦਾ ਨਾਥ ਕੁੜੇ..ਨੀਂ ਮੈਂ ਓਹਦਾ ਲੋੜਾਂ ਸਾਥ ਕੁੜੇ..
ਨੀਂ ਮੈਂ ਜੂਠੀ ਕੌਲੀ-ਬਾਟੀ ਸੀ..ਮੇਰੀ ਖਾਤਿਰ ਬਣਿਆ ਰਾਖ ਕੁੜੇ..

ਨਾ ਓਹਦੇ ਜੇਡ ਤਬੀਬ ਕੋਈ ਓਹਦੀ ਛੋਹ ਜਾਪੇ ਦੁੱਖ-ਭੰਜਨ ਨੀ..
ਓਹ ਲਾਂਭੇ ਭੈੜੀ ਮਾਇਆ ਤੋਂ..ਜਿਓਂ ਅੰਜਨ ਵਿਚ ਨਿਰੰਜਨ ਨੀਂ..
ਅਸਾਂ ਬਿਰਤੀ ਓਹਦੇ ਨਾਮ ਕਰੀ ਓਹ ਅਰਸ਼ੋਂ ਆਈ ਸੌਗਾਤ ਕੁੜੇ..
ਮੇਰਾ ਸਾਈਂ ਨਾਥਾਂ ਦਾ ਨਾਥ ਕੁੜੇ..ਨੀਂ ਮੈਂ ਓਹਦਾ ਲੋੜਾਂ ਸਾਥ ਕੁੜੇ...
ਨੀਂ ਮੈਂ ਜੂਠੀ ਕੌਲੀ-ਬਾਟੀ ਸੀ..ਮੇਰੀ ਖਾਤਿਰ ਬਣਿਆ ਰਾਖ ਕੁੜੇ..

ਮੇਰੇ ਲੂੰ-ਲੂੰ ਅੰਦਰ ਵਸਿਆ ਨੀ ਓਹ ਹਰੀ,ਵਾਹੇਗੁਰੁ,ਅੱਲ੍ਹਾ ਨੀਂ..
ਮੈਨੂੰ ਕਦੇ-ਕਦਾਈਂ ਲਗਦਾ ਓਹ ਸਭਨਾਂ ਤੋਂ ਪਾਰ ਅਵੱਲਾ ਨੀਂ..
ਓਹਦਾ ਨਾਮ ਹੈ ਪਾਣੀ ਰੰਗਾ ਨੀਂ ਬੱਸ ਇਸ਼ਕ ਹੈ ਓਹਦੀ ਜਾਤ ਕੁੜੇ..
ਮੇਰਾ ਸਾਈਂ ਨਾਥਾਂ ਦਾ ਨਾਥ ਕੁੜੇ..ਨੀਂ ਮੈਂ ਓਹਦਾ ਲੋੜਾਂ ਸਾਥ ਕੁੜੇ...
ਨੀਂ ਮੈਂ ਜੂਠੀ ਕੌਲੀ-ਬਾਟੀ ਸੀ..ਮੇਰੀ ਖਾਤਿਰ ਬਣਿਆ ਰਾਖ ਕੁੜੇ..

ਓਹ ਸ਼ਰਮਾਂ ਦੇ ਵਿੱਚ ਬੱਝਾ ਨਾ ਪਰ ਓਹਦੀ ਆਪਣੀ ਲੱਜਿਆ ਨੀਂ..
ਤਨ 'ਤੇ ਮਸਕੀਨੀ ਨੂਰ ਕੋਈ ਪਾ ਮੂੰਗੀਆ ਚੋਲਾ ਸੱਜਿਆ ਨੀਂ..
ਜਦ ਗਾਵੇ,ਪੱਤਿਆਂ 'ਚੋਂ ਕੁਦਰਤ ਫਿਰ ਲੁਕ-ਲੁਕ ਮਾਰੇ ਝਾਤ ਕੁੜੇ..
ਮੇਰਾ ਸਾਈਂ ਨਾਥਾਂ ਦਾ ਨਾਥ ਕੁੜੇ..ਨੀਂ ਮੈਂ ਓਹਦਾ ਲੋੜਾਂ ਸਾਥ ਕੁੜੇ...
ਨੀਂ ਮੈਂ ਜੂਠੀ ਕੌਲੀ-ਬਾਟੀ ਸੀ..ਮੇਰੀ ਖਾਤਿਰ ਬਣਿਆ ਰਾਖ ਕੁੜੇ..

ਦਰਵੇਸ਼ ਫਕੀਰ ਨਿਮਾਣੇ ਨੂੰ ਨਾ ਕਰ-ਕਰ ਸਜਦੇ ਥੱਕਾਂ ਨੀਂ..
ਮੈਂ ਤੜਕਸਾਰਾਂ ਤੋਂ ਲੈ ਅੜਿਓ ਫੱਕਰਾਂ ਦੇ ਵੇਹੜੇ ਨੱਚਾਂ ਨੀਂ..
ਮੈਂ ਭਵਸਾਗਰ ਨੂੰ ਤਰ ਜਾਣਾ ਮੇਰੇ ਇਸ਼ਕ਼ ਦਾ ਫੜਕੇ ਹਾਥ ਕੁੜੇ..
ਮੇਰਾ ਸਾਈਂ ਨਾਥਾਂ ਦਾ ਨਾਥ ਕੁੜੇ..ਨੀਂ ਮੈਂ ਓਹਦਾ ਲੋੜਾਂ ਸਾਥ ਕੁੜੇ...
ਨੀਂ ਮੈਂ ਜੂਠੀ ਕੌਲੀ-ਬਾਟੀ ਸੀ..ਮੇਰੀ ਖਾਤਿਰ ਬਣਿਆ ਰਾਖ ਕੁੜੇ..

ਓਹਦੇ ਵਿੱਚ ਬਲ ਮਰ ਜਾਵਾਂ ਨੀਂ ਓਹ ਮਘਦੀ ਪਾਕ ਜਵਾਲਾ ਨੀਂ..
ਇਸ ਚੋਰ-ਉਚੱਕੀ ਨਗਰੀ ਦਾ ਓਹ ਇੱਕੋ-ਇੱਕ ਰਖਵਾਲਾ ਨੀਂ..
ਓਹਦੇ ਨਾਮ ਦੀ ਸ਼ੋਭਾ ਗਾ-ਗਾ ਕੇ ਧੰਨ ਹੋਏ ਕਲਮ-ਦਵਾਤ ਕੁੜੇ..
ਮੇਰਾ ਸਾਈਂ ਨਾਥਾਂ ਦਾ ਨਾਥ ਕੁੜੇ..ਨੀਂ ਮੈਂ ਓਹਦਾ ਲੋੜਾਂ ਸਾਥ ਕੁੜੇ...
ਨੀਂ ਮੈਂ ਜੂਠੀ ਕੌਲੀ-ਬਾਟੀ ਸੀ..ਮੇਰੀ ਖਾਤਿਰ ਬਣਿਆ ਰਾਖ ਕੁੜੇ..

33. ਗੋਰੀ-ਚਿੱਟੀ ਧੁੱਪ

ਮੇਰੇ ਦਰਵਾਜ਼ੇ ਦੇ ਉੱਤੇ ਗੋਰੀ-ਚਿੱਟੀ ਧੁੱਪ ਖੜ੍ਹੀ ਏ..
ਨਾ ਅੱਗੇ ਨਾ ਪਿਛੇ ਵੇਖੀ ਅੱਜ ਇਹ ਕਿਥੋਂ ਆਣ ਖੜ੍ਹੀ ਏ..

ਪਾਹ ਅਸਾਡਾ ਲੱਗ ਗਿਆ ਜੇ ਐਵੇਂ ਦਾਗੀ ਹੋ ਜਾਵੇਂਗੀ..
ਮੇਰੇ ਬਾਗੀ ਸਾਵਾਂ ਦੇ ਸੰਗ ਤੂੰ ਵੀ ਬਾਗੀ ਹੋ ਜਾਵੇਂਗੀ..
ਬਾਗੀ ਜਿੰਦਾਂ ਦੇ ਰਾਹੇ ਤਾਂ ਦੁਨੀਆ ਪਰਬਤ ਵਾਂਗ ਖੜ੍ਹੀ ਏ..
ਮੇਰੇ ਦਰਵਾਜ਼ੇ ਦੇ ਉੱਤੇ ਗੋਰੀ-ਚਿੱਟੀ ਧੁੱਪ ਖੜ੍ਹੀ ਏ....

ਪਾ ਤਨਹਾਈਆਂ ਵਾਲਾ ਕੱਜਲਾ ਨਾਲ ਉਦਾਸੇ ਨੈਣਾਂ ਤੱਕਣ..
ਸ਼ੋਖ-ਹਸੀਨਾ ਵਾਂਗੂੰ ਜੱਚਣ..ਸਾਡੇ ਵਿਹੜੇ ਪੀੜਾਂ ਨੱਚਣ..
ਹੰਝੂ ਸੁਲਗਣ ਹੌਕੇ ਮਚਣ.. ਸਾਡੇ ਵਿਹੜੇ ਪੀੜਾਂ ਨੱਚਣ..
ਤੂੰ ਸੂਰਜ ਦੀ ਜੰਮੀ-ਜਾਈ ਮੈਂ ਮੱਸਿਆ ਦਾ ਚੇਲਾ ਬੱਲੀਏ..
ਕੋਲ ਅਸਾਡੇ ਕੁਝ ਨਾ ਖੜ੍ਹਦਾ ਨਾ ਮੇਲਾ ਨਾ ਧੇਲਾ ਬੱਲੀਏ..
ਅਸਾਂ ਤਾਂ ਮੁੱਢੋਂ ਵੇਂਹਦੇ ਆਏ ਮੇਲੇ ਵਿੱਚ ਝਮੇਲਾ ਬੱਲੀਏ..
ਹੰਝ ਤੋਲਦਾ ਹੌਂਕੇ ਗਿਣਦਾ ਲੋਕਾਂ ਭਾਣੇ ਵੇਹਲਾ ਬੱਲੀਏ..
ਕਾਰਾਂ ਪਿੱਛੇ ਭੌਂਦਾ ਹਰ ਕੋਈ ਠਰਕੀ-ਠੇਲਾ ਬੱਲੀਏ.. ਖੈਰ....
ਡਾਢਾ ਰੂਪ ਸ਼ਿੰਗਾਰ ਕੇ ਆਈ..ਤਪਦੇ ਸੂਰਜ ਠਾਰ ਕੇ ਆਈ..
ਮੈਨੂੰ ਲਗਦਾ ਤੇਰੀ ਕਿਧਰੇ ਸੱਜਰੀ-ਸੱਜਰੀ ਅੱਖ ਲੜੀ ਏ..
ਮੇਰੇ ਦਰਵਾਜ਼ੇ ਦੇ ਉੱਤੇ ਗੋਰੀ-ਚਿੱਟੀ ਧੁੱਪ ਖੜ੍ਹੀ ਏ..

ਕੋਲ ਮੇਰੇ ਬੱਸ ਹੌਕੇ ਹੰਝੂ ਕੁਝ ਪੀੜਾਂ ਕੁਝ ਧੱਕੇ-ਧੌੜੇ..
ਜਾਂ ਫਿਰ ਕੁਝ ਕੁ ਗੀਤ ਨੇ ਮੇਰੇ ਜੋ ਲੋਕਾਂ ਨੂੰ ਲੱਗੇ ਕੌੜੇ..
ਜਦੋਂ ਬਲੌਰੀ-ਯਾਦਾਂ ਡੱਸਣ..ਸ਼ੈਤਾਨੀ ਜਿਆ ਹਾਸਾ ਹੱਸਣ..
ਦੰਦਲ ਪੈ ਕੇ ਡਿੱਗ-ਡਿੱਗ ਜਾਵਾਂ..ਰਗ-ਰਗ ਮੇਰੀ ਜ਼ਹਿਰਾਂ ਨੱਸਣ..
ਗੀਤ ਮਲਕੜੇ ਕੋਲੇ ਆਉਂਦੇ...ਹੋਸ਼ਾਂ ਦਾ ਘੁੱਟ ਜਾਣ ਪਿਉਂਦੇ..
ਦੇਣ ਦਿਲਬਰੀ ਤਲੀਆਂ ਝੱਸਣ ਜੁੱਗ-ਜੁੱਗ ਜੀਵਣ ਹੱਸਣ-ਵੱਸਣ.
ਮੁੜ'ਜਾ ਬੀਬੀ ਮੁੜ'ਜਾ ਇੱਥੋਂ ਤੂੰ ਤਾਂ ਐਵੇਂ ਭਟਕ ਗਈ ਏਂ..
ਨਾ ਅੰਬਰ ਨਾ ਥਰਤੀ ਉੱਤੇ ਕਿਸੇ ਖਲਾਅ ਵਿੱਚ ਲਟਕ ਗਈ ਏਂ..
ਤੇਰੀ ਨੂਰੀ-ਦੇਹੀ ਐਵੇਂ 'ਨੇਹਰੇ ਦੇ ਵਿੱਚ ਅਟਕ ਗਈ ਏ..
ਤੂੰ ਤਾਂ ਬਹੁਤੀ ਜ਼ਿੱਦੀ ਜਾਪੇਂ..ਮੇਰੀ ਵੀ ਪਰ ਘੋਰ ਅੜੀ ਏ..
ਮੇਰੇ ਦਰਵਾਜ਼ੇ ਦੇ ਉੱਤੇ ਗੋਰੀ-ਚਿੱਟੀ ਧੁੱਪ ਖੜ੍ਹੀ ਏ..

ਨਾਮ-ਖੁਮਾਰੀ ਚੜ੍ਹੀ ਯਾਰ ਦੀ..ਆਹ ਇਥੇ ਇੱਕ ਮੜ੍ਹੀ ਯਾਰ ਦੀ..
ਲੌਂਗ-ਲਾਚੀਆਂ ਚੱਬਦੀਆਂ ਹੋਈਆਂ..ਲਾੜੀ ਵਾਂਗੂੰ ਫੱਬਦੀਆਂ ਹੋਈਆਂ..
ਸੰਦਲੀ-ਮਸਤ-ਸ਼ਰਾਬੀ ਪੌਣਾਂ ਅੱਧੀਂ ਰਾਤੀਂ ਇਥੇ ਢੁੱਕਣ..
ਆਕੇ ਮੇਰਾ ਦੁੱਖ-ਸੁੱਖ ਪੁੱਛਣ...ਗੀਤਾਂ ਨੂੰ ਗੋਦੀ ਵਿੱਚ ਚੁੱਕਣ..
ਉੱਲੂਆਂ ਦੇ ਗਲ ਲਗ ਕੇ ਰੋਵਣ..ਅੱਧੀਂ ਰਾਤੀਂ ਪੌਣਾਂ ਢੁੱਕਣ...
ਦਾਰੂ-ਪੀਣੇ ਤਾਏ ਵਾਂਗੂੰ ਚੰਨ-ਚਾਨਣੀਆਂ ਰਾਤਾਂ ਬੁੱਕਣ..
ਸਹਿਮੇ-ਸਹਿਮੇ ਚਾਅ ਜੋ ਮੇਰੇ ਕੋਲੇ ਬੈਠੇ ਸੁੱਖਣਾ ਸੁੱਖਣ...
ਸੋਚਾਂ ਦੇ ਵਿੱਚ ਵਹਿ ਜਾਂਦਾ ਹਾਂ..ਥੱਕ-ਹਾਰ ਕੇ ਬਹਿਾ ਜਾਂਦਾ ਹਾਂ..
'ਵਾ ਪੁਰੇ ਦੀ ਚੱਲੀ ਤੋਂ ਜਿਓਂ ਬੁੱਢੇ ਹੱਡ-ਗੋਡੇ 'ਜੇ ਦੁਖਣ..
ਇੱਥੇ ਹਰ ਇੱਕ ਰੋਟੀ ਬੀਬਾ ਸੇਕ ਹਿੱਕ ਦਾ ਮਾਣ ਰੜ੍ਹੀ ਏ..
ਮੇਰੇ ਦਰਵਾਜ਼ੇ ਦੇ ਉੱਤੇ ਗੋਰੀ-ਚਿੱਟੀ ਧੁੱਪ ਖੜ੍ਹੀ ਏ..

ਤਹਿਜ਼ੀਬਾਂ ਦੇ ਭੰਨ ਕੇ ਮੱਥੇ.. ਮਜ਼ਬਾਂ ਵਾਲੇ ਤੋੜ ਕੇ ਰੱਸੇ..
ਗੀਤ ਵੀ ਮੇਰੇ ਜਾਣ ਸ਼ੂਕਦੇ..ਜੀਕਣ ਕਿਸੇ ਪਹਾੜੀ ਉੱਤੇ
ਬੱਦਲੀ ਦਾ ਪਰਛਾਵਾਂ ਨੱਸੇ...ਵੇਖ-ਵੇਖ ਮੇਰੀ ਕਿਸਮਤ ਹੱਸੇ..
ਤਾਂਹੀ ਲੋਕਾਂ ਦੇ ਮਨ ਅੰਦਰ ਮੇਰੀ ਖਾਤਿਰ ਅੱਗ ਬੜੀ ਏ...
ਮੇਰੇ ਦਰਵਾਜ਼ੇ ਦੇ ਉੱਤੇ ਗੋਰੀ-ਚਿੱਟੀ ਧੁੱਪ ਖੜ੍ਹੀ ਏ...

ਕਾਲੀ ਰਾਤੇ ਸੁਪਨੇ ਆਵਣ ਸੁਪਨੇ ਆਵਣ ਕਾਲੇ..
ਕਾਲੀ ਹਸਤੀ ਮਸਤੀ ਸਾਡੀ ਕਾਲਿਆਂ ਲੇਖਾਂ ਵਾਲੇ..
ਕਾਲੇ ਰੰਗ ਦੀ ਕਰਾਂ ਚਾਕਰੀ ਮਾਲਕ ਸਾਡਾ ਕਾਲਾ..
ਕਾਲਾ ਹੀ ਤਾਂ ਰੰਗ ਹੈ ਜੀਹਨੇ ਸੱਭੇ ਰੰਗ ਛੁਪਾ'ਲੇ..
ਕਾਲੇ ਰੰਗ ਦੀ ਅਜਬ ਕਹਾਣੀ ਜੋ ਜਾਣੇ ਸੋ ਮਾਣੇ..
ਕਾਲੇ ਰੰਗ ਨੂੰ ਭੰਡਣ ਵਾਲੇ ਪਲਦੇ ਵਿੱਚ ਉਜਾਲੇ
ਲੋਕਾਂ ਭਾਣੇ ਭਾਗ-ਵਿਹੂਣੇ ਕਾਲੇ ਕਰਮਾਂ ਵਾਲੇ..
ਕਾਲੀ ਰਾਤੇ ਸੁਪਨੇ ਆਵਣ ਸੁਪਨੇ ਆਵਣ ਕਾਲੇ..
ਕਾਲੇ ਨੈਣੀਂ ਕਾਲਾ ਕਜਲਾ ਕਾਲਿਆਂ ਕੇਸਾਂ ਵਾਲੀ..
ਬੈਠ ਸਿਰ੍ਹਾਣੇ ਪੱਖੀ ਝੱਲੇ ਲਾ-ਲਾ ਝਾਲਰ ਕਾਲੀ..
ਓਹ ਵੀ ਮੇਰੇ ਵਾਂਗੂੰ ਫਿਰਦੀ ਕਾਲੇ ਰੰਗ ਦੁਆਲੇ..
ਮੇਰੀ ਮਹਿਰਬੂਬਾ ਵੀ ਫਿਰਦੀ ਕਾਲੇ ਰੰਗ ਦੁਆਲੇ..
ਜੋ ਨਾ ਸਾਨੂੰ ਦਿਸਦਾ ਬੀਬਾ ਸੋਈ ਰੰਗ ਹੈ ਕਾਲਾ..
ਕਾਲੇ ਰੰਗ 'ਚੋਂ ਜੀਵਨ ਫੁੱਟਾ ਜਪ ਕਾਲੇ ਦੀ ਮਾਲਾ..
ਕਾਲੇ ਰੰਗ ਦੀ ਕਾਲੀ ਵਿੱਥਿਆ ਜਦ ਵੀ ਖੋਲ ਸੁਨਾਉਣੀ ਹੋਵੇ..
ਤੌੜੀ ਵਾਲੇ ਦੁੱਧ ਨਾਲ ਜਿਓਂ ਗੁੜ ਦੀ ਡਲੀ ਚਬਾਉਣੀ ਹੋਵੇ...

ਤੇਰਾ-ਮੇਰਾ ਮੇਲ ਨਾ ਕੋਈ ਤੂੰ ਕਿੱਥੇ ਮੈਂ ਕਿੱਥੇ...
ਇੱਥੇ ਲੱਖਾਂ ਧੁੱਪਾਂ ਮੋਈਆਂ ਹਿੱਕ ਤਾਣ ਕੇ ਖੜ੍ਹੀ ਤੂੰ ਜਿੱਥੇ..
ਤੂੰ ਤਾਂ ਨੂਰੀ-ਰਾਗ ਅਲਾਪੇਂ ਮੈਂ ਹਾਂ ਕਾਲੇ ਗੌਣ ਸੁਣਾਉਂਦਾ..
ਖੌਰੇ ਕੀਹਨੂੰ ਹਾਂ ਭਰਮਾਉਂਦਾ..ਖੌਰੇ ਕੀਹਨੂੰ ਹਾਂ ਭਰਮਾਉਂਦਾ..
ਆਪਣੇ-ਆਪ ਦੇ ਵਿੱਚ ਹੀ ਭੌਂਦਾ..ਆਪਣੇ-ਆਪ ਦੇ ਵਿੱਚ ਹੀ ਭੌਂਦਾ..
ਮੁੜ'ਜਾ ਆਪਣੇ ਸ਼ਹਿਰ-ਗਰਾਂ ਇੱਥੇ ਗ਼ਮ ਦੀ ਗਰਦ ਚੜ੍ਹੀ ਏ..
ਮੇਰੇ ਦਰਵਾਜ਼ੇ ਦੇ ਉੱਤੇ ਗੋਰੀ-ਚਿੱਟੀ ਧੁੱਪ ਖੜ੍ਹੀ ਏ...

ਮੇਰੇ ਦਰਵਾਜ਼ੇ ਦੇ ਉੱਤੇ ਗੋਰੀ-ਚਿੱਟੀ ਧੁੱਪ ਖੜ੍ਹੀ ਏ..
ਨਾ ਅੱਗੇ ਨਾ ਪਿਛੇ ਵੇਖੀ ਅੱਜ ਇਹ ਕਿਥੋਂ ਆਣ ਖੜ੍ਹੀ ਏ..

34. ਇੱਕ ਕੁੜੀ ਸੀ ਮੇਰੀ ਮਾਂ ਵਰਗੀ

ਇੱਕ ਕੁੜੀ ਸੀ ਮੇਰੀ ਮਾਂ ਵਰਗੀ
ਬੱਸ ਮੇਰੀ ਖਾਤਿਰ ਜਿਓਂਦੀ ਸੀ..
ਓਹ ਮੇਰੇ ਉੱਧੜੇ ਸਾਹਾਂ ਨੂੰ
ਸਾਹ ਰੋਕ ਰੋਕ ਕੇ ਸਿਓਂਦੀ ਸੀ..
ਇੱਕ ਕੁੜੀ ਸੀ ਮੇਰੀ ਮਾਂ ਵਰਗੀ..

ਪਰੀਆਂ ਦੀ ਅੱਖ ਦਾ ਪਾਣੀ ਸੀ
ਪਾਣੀ ਨੂੰ ਲੱਗੀ ਅੱਗ ਵਰਗੀ..
ਪੌਣਾਂ ਵਿੱਚ ਉਡਦੀ ਚੁੰਨੀ ਸੀ
ਚੁੰਨੀ ਸੰਗ ਫੱਬਦੀ ਪੱਗ ਵਰਗੀ..
ਓਹਦੇ ਮੱਥੇ ਸੂਰਜ ਦਗਦਾ ਸੀ
ਓਹ ਚੰਨ ਦਾ ਕੋਕਾ ਪਾਉਂਦੀ ਸੀ..
ਇੱਕ ਕੁੜੀ ਸੀ ਮੇਰੀ ਮਾਂ ਵਰਗੀ..

ਸਾਰਾ ਦਿਨ ਮੇਰੇ ਗੀਤਾਂ ਨੂੰ
ਲਿਖਦੀ ਤੇ ਪੜ੍ਹਦੀ ਰਹਿੰਦੀ ਸੀ..
ਓਹ ਮੇਰੇ ਵਰਗੀ ਹੋ ਗਈ ਸੀ
ਹਰਫ਼ਾਂ ਸੰਗ ਉਠਦੀ ਬਹਿੰਦੀ ਸੀ..
ਪੱਤਿਆਂ 'ਤੇ ਮੇਰਾ ਨਾਂ ਲਿਖਦੀ
ਲਿਖ-ਲਿਖ ਕੇ ਫੇਰ ਮਿਟਾਉਂਦੀ ਸੀ..
ਇੱਕ ਕੁੜੀ ਸੀ ਮੇਰੀ ਮਾਂ ਵਰਗੀ..

ਮੈਂ ਸਾਂ ਬੱਸ ਓਹਦਾ ਜੱਗ ਜਹਾਂ
ਤੇ ਓਹ ਮੇਰੀ ਕਮਜ਼ੋਰੀ ਸੀ..
ਓਹਦੇ ਥਾਣੀਂ ਕੀ ਨਾ ਤੱਕਿਆ
ਓਹ ਅਜਬ ਜਿਹੀ ਇੱਕ ਮੋਰੀ ਸੀ..
ਮੈਂ ਥੱਕ ਟੁੱਟ ਕੇ ਜਦ ਡਿੱਗ ਪੈਂਦਾ
ਓਹ ਚੂੜੀਆਂ ਨੂੰ ਛਣਕਾਉਂਦੀ ਸੀ..
ਇੱਕ ਕੁੜੀ ਸੀ ਮੇਰੀ ਮਾਂ ਵਰਗੀ..

ਦਿਨ ਚੜ੍ਹਦਿਆਂ ਮੇਰਾ ਮੁੱਖ ਚੁੰਮਦੀ
ਮੈਨੂੰ ਧਾਅ ਗਲਵੱਕੜੀ ਪਾ ਲੈਂਦੀ..
ਓਹ ਸਿਖਰ ਦੁਪਹਿਰੇ ਚੁੱਪ ਰਹਿੰਦੀ
ਸ਼ਾਮੀਂ ਰੋ ਰੋ ਦੁੱਖ ਲਾਹ ਲੈਂਦੀ..
ਕਬਰਾਂ ਵਿੱਚ ਹਲਚਲ ਹੋ ਜਾਂਦੀ
ਰਾਤੀਂ ਜਦ ਗੀਤ ਸੁਣਾਉਂਦੀ ਸੀ..
ਇੱਕ ਕੁੜੀ ਸੀ ਮੇਰੀ ਮਾਂ ਵਰਗੀ..

ਕੋਠੇ ਚੜ੍ਹ ਤਾਰਿਆਂ ਨੂੰ ਕਹਿੰਦੀ
ਮੈਂ ਚੰਨ ਦੇ ਕੋਲੇ ਰਹਿਣਾ ਏ..
ਓਹਦੇ ਸੰਗ ਹੱਸਣਾ ਰੋਣਾ ਏ
ਰਾਤਾਂ ਨੂੰ ਸਿਰ੍ਹਾਣੇ ਬਹਿਣਾ ਏ..
ਓਹ ਸਭ ਗੱਲਾਂ ਨੂੰ ਜਾਣਦਿਆਂ
ਬੱਸ ਝੂਠੀਆਂ ਆਸਾਂ ਲਾਉਂਦੀ ਸੀ..
ਇੱਕ ਕੁੜੀ ਸੀ ਮੇਰੀ ਮਾਂ ਵਰਗੀ..

ਚੰਨ ਦੀ ਲੋਅ ਵਰਗੇ ਰਿਸ਼ਤੇ ਨੂੰ
ਜੱਗ ਭੰਡ ਰਿਹਾ ਤੇ ਭੰਡੇਗਾ..
ਮੇਰੇ ਸਾਹਾਂ ਤੇ ਓਹਦੀ ਮਹਿਕਰ ਨੂੰ
ਕੋਈ ਕੀਕਰ ਆਣਕੇ ਵੰਡੇਗਾ..
ਮੈਂ ਰੰਗਾਂ ਵਿੱਚ ਭਿੱਜ ਜਾਂਦਾ ਸੀ
ਜਦ ਕਮਲਾ ਆਖ ਬੁਲਾਉਂਦੀ ਸੀ..
ਇੱਕ ਕੁੜੀ ਸੀ ਮੇਰੀ ਮਾਂ ਵਰਗੀ..

ਜਾਂਦੀ ਹੋਈ ਮੈਨੂੰ ਕਹਿ ਗਈ ਸੀ
ਮੈਂ ਮੁੜਕੇ ਵਾਪਿਸ ਆਉਣਾ ਨਾ..
ਤੂੰ ਤੋੜਕੇ ਫੁੱਲ ਚਮੇਲੀ ਦਾ
ਮੇਰੇ ਵਾਲਾਂ ਵਿੱਚ ਸਜਾਉਣਾ ਨਾ..
ਮੈਂ ਪੌਣਾਂ ਵਿੱਚ ਖਿੰਡ ਜਾਣਾ ਏ
ਮੂੰਹੋਂ ਵਾਰ ਵਾਰ ਦੁਹਰਾਉਂਦੀ ਸੀ..
ਇੱਕ ਕੁੜੀ ਸੀ ਮੇਰੀ ਮਾਂ ਵਰਗੀ..

ਇੱਕ ਕੁੜੀ ਸੀ ਮੇਰੀ ਮਾਂ ਵਰਗੀ
ਬੱਸ ਮੇਰੀ ਖਾਤਿਰ ਜਿਓਂਦੀ ਸੀ..
ਓਹ ਮੇਰੇ ਉੱਧੜੇ ਸਾਹਾਂ ਨੂੰ
ਸਾਹ ਰੋਕ ਰੋਕ ਕੇ ਸਿਓਂਦੀ ਸੀ..
ਇੱਕ ਕੁੜੀ ਸੀ ਮੇਰੀ ਮਾਂ ਵਰਗੀ..

35. ਦਿਲਚੋਰ

ਮੈਂ ਤੱਕਿਆ ਇੱਕ ਦਿਲਚੋਰ ਮਾਏ..
ਮੈਨੂੰ ਓਹਦੇ ਸੰਗ ਹੀ ਤੋਰ ਮਾਏ..

ਓਹਦੇ ਲੂੰ-ਲੂੰ ਵਿਚ ਫਕੀਰੀ ਨੀਂ..
ਓਹ ਘੁੰਮਦਾ ਵਾਂਗ ਭੰਬੀਰੀ ਨੀਂ..
ਓਹਦੇ ਨੈਣਾਂ ਦੀ ਦਿਲਗੀਰੀ ਨੀਂ
ਮੇਰੀ ਜਿੰਦ ਲੈ ਜਾਂਦੀ ਭੋਰ ਮਾਏ..
ਮੈਨੂੰ ਓਹਦੇ ਸੰਗ ਹੀ ਤੋਰ ਮਾਏ..

ਓਹ ਚੋਟਾਂ ਖਾ-ਖਾ ਹੱਸਦਾ ਨੀਂ..
ਨਾ ਕਦੇ ਨਿਹੋਰੇ ਕੱਸਦਾ ਨੀਂ..
ਕਹੇ ਸਭਨਾਂ ਵਿਚ ਰੱਬ ਵੱਸਦਾ ਨੀਂ
ਫਿਰ ਸਾਡਾ ਕਾਹਦਾ ਜ਼ੋਰ ਮਾਏ..
ਮੈਨੂੰ ਓਹਦੇ ਸੰਗ ਹੀ ਤੋਰ ਮਾਏ..

ਓਹਦੀ ਉਮਰੋਂ ਮੱਤ ਸਿਆਣੀ ਨੀ..
ਓਹ ਅਮਲਤਾਸ ਦੀ ਟਾਹਣੀ ਨੀ..
ਓਹ ਪੰਜ ਦਰਿਆ ਦਾ ਪਾਣੀ ਨੀ..
ਗਿਆ ਵਾਂਗ ਪਤਾਸੇ ਖੋਰ ਮਾਏ..
ਮੈਨੂੰ ਓਹਦੇ ਸੰਗ ਹੀ ਤੋਰ ਮਾਏ....

ਓਹ ਬਾਤ ਇਸ਼ਕ਼ ਦੀ ਪਾਉਂਦਾ ਨੀਂ..
ਇੱਕਤਾਰਾ ਫੜਕੇ ਗਾਉਂਦਾ ਨੀਂ..
ਓਹ ਲੰਮੀਆਂ ਹੇਕਾਂ ਲਾਉਂਦਾ ਨੀਂ
ਓਹਦੀ ਹਿੱਕ ਵਿੱਚ ਡਾਢਾ ਜ਼ੋਰ ਮਾਏ
ਮੈਨੂੰ ਓਹਦੇ ਸੰਗ ਹੀ ਤੋਰ ਮਾਏ..

ਓਹਦੇ ਲੰਮ-ਸਲੰਮੜੇ ਕੇਸ ਨੀ..
ਤਨ ਪਾਇਆ ਝ੍ਗਲਾ ਵੇਸ ਨੀ..
ਤੱਕ ਅੱਲ੍ਹੜ ਜਿਹੀ ਵਰੇਸ ਨੀ..
ਕੁੜੀਆਂ ਵਿੱਚ ਪੈ ਗਿਆ ਸ਼ੋਰ ਮਾਏ..
ਮੈਨੂੰ ਓਹਦੇ ਸੰਗ ਹੀ ਤੋਰ ਮਾਏ...

ਮੈਂ ਤਲੀਏ ਮਹਿੰਦੀ ਲਾਵਾਂ ਨੀ..
ਵਿੱਚ ਨਾਂ ਜੋਗੀ ਦਾ ਪਾਵਾਂ ਨੀ..
ਇੱਕ ਸੁਪਨਾ ਕੁੱਛੜ ਚਾਵਾਂ ਨੀ..
ਜੋ ਤਾਜ਼ਾ ਨਵਾਂ-ਨਕੋਰ ਮਾਏ..
ਮੈਨੂੰ ਓਹਦੇ ਸੰਗ ਹੀ ਤੋਰ ਮਾਏ...

ਓਹਦੇ ਬੋਲ ਨੇ ਸ਼ਹਿਦ-ਪਰੁੱਚੇ ਨੀਂ.
ਮੇਰੇ ਭਾਗ ਜਗਾ ਗਿਆ ਸੁੱਤੇ ਨੀਂ..
ਇੱਕ ਆਇਆ ਐਸੀ ਰੁੱਤੇ ਨੀਂ
ਜਦ ਬਾਗੀਂ ਨੱਚਣ ਮੋਰ ਮਾਏ..
ਮੈਨੂੰ ਓਹਦੇ ਸੰਗ ਹੀ ਤੋਰ ਮਾਏ..

ਓਹਨੇ ਗਲੀਏ ਪਾਉਣਾ ਫੇਰਾ ਨੀ..
ਹੋਇਆ ਪਲ-ਪਲ ਅੱਜ ਲਮੇਰਾ ਨੀ..
ਓਹਨੂੰ ਵੇਖਕੇ ਚੜ੍ਹੇ ਸਵੇਰਾ ਨੀ..
ਓਹਦੇ ਬਾਝ ਹਨ੍ਹੇਰਾ ਘੋਰ ਮਾਏ..
ਮੈਨੂੰ ਓਹਦੇ ਸੰਗ ਹੀ ਤੋਰ ਮਾਏ...

ਜੋਗੀ ਸੰਗ ਹੋ ਗਏ ਮੇਲੇ ਨੀ..
ਪਏ ਕਰਨ ਕਲੋਲਾਂ ਬੇਲੇ ਨੀ..
ਭਾਉਂਦੇ ਨਾ ਪੈਸੇ-ਧੇਲੇ ਨੀ..
ਹੁਣ ਚੜ੍ਹੀ ਅਵੱਲੀ ਲੋਰ ਮਾਏ..
ਮੈਨੂੰ ਓਹਦੇ ਸੰਗ ਹੀ ਤੋਰ ਮਾਏ...

ਓਹਦੇ ਸਾਥ ਦੀ ਤਾਂਘ ਵਧਾਉਂਦਾ ਨੀਂ..
ਜਦ ਨਵਾਂ ਸਵੇਰਾ ਆਉਂਦਾ ਨੀਂ..
ਮੈਂ ਓਹਦੀ ਹੋਰ ਨਾ ਭਾਉਂਦਾ ਨੀਂ
ਭਾਂਵੇ ਪਵੇ ਜਹਾਨੀਂ ਸ਼ੋਰ ਮਾਏ..
ਮੈਨੂੰ ਓਹਦੇ ਸੰਗ ਹੀ ਤੋਰ ਮਾਏ...

36. ਉਦਾਸੀ

ਤੂੰ ਮੇਰੇ ਨੈਣਾਂ ਦੀ ਉਦਾਸੀ ਦਾ
ਕਾਰਨ ਪੁੱਛਿਆ ਸੀ ਨਾ...
ਤਾਂ ਸੁਣ....
ਮੇਰੇ ਨੈਣਾਂ ਦੀ ਉਦਾਸੀ ਇੱਕ ਕੁੜੀ ਹੈ
ਇੱਕ ਚੁੱਪ ਜਿਹੀ ਕੁੜੀ
ਜੋ ਕਦੇ ਮਿਲੀ ਸੀ ਮੈਨੂੰ....
ਅੱਖਾਂ ਦੀ ਝਪਕ ਤੋਂ ਵੀ
ਸਹਿਮ ਜਾਣ ਵਾਲੀ ਕੁੜੀ...
ਸ਼ਰਮਾਕਲ ਜਿਹੀ...
ਡਰਾਕਲ ਜਿਹੀ..
ਓਹਦੇ ਬੋਲਾਂ ਵਿੱਚ ਵੀ
ਕਬਰਾਂ ਵਰਗੀ ਚੁੱਪ ਸੀ...
ਖੌਰੇ ਓਹਨੂੰ ਕਾਹਦਾ ਦੁੱਖ ਸੀ..
ਖੌਰੇ ਓਹਨੂੰ ਕਾਹਦੀ ਭੁੱਖ ਸੀ..
ਹੈ ਬੜੀ ਭੋਲੀ ਸੀ...
ਫੁੱਲਾਂ ਵਰਗੀ...
ਹਾਂ ਸੱਚ..!!
ਓਹ ਰੱਬ ਨੂੰ ਬਹੁਤ ਪਿਆਰੀ ਸੀ..
ਤ੍ਰੇਲ-ਭਿੱਜੀ ਸਰਘੀ ਹਰ ਰੋਜ਼
ਓਹਦਾ ਮੱਥਾ ਚੁੰਮਦੀ..
ਰਾਤ ਨੂੰ ਚਾਨਣੀ ਕਿੰਨਾ-ਕਿੰਨਾ ਚਿਰ
ਓਹਦੀਆਂ ਤਲੀਆਂ 'ਤੇ ਨਚਦੀ ਰਹਿੰਦੀ...
ਪਰ ਓਹ ਸਦਾ ਚੁੱਪ-ਚੁੱਪ ਰਹਿੰਦੀ
ਜਿਵੇਂ ਗੂੰਗੀ ਹੋਵੇ....
ਜੇਹੜੇ ਚੁੱਪ-ਚੁੱਪ ਰਹਿੰਦੇ ਨੇ
ਓਹਨਾਂ ਦੀਆਂ ਅੱਖਾਂ ਬੋਲਦੀਆਂ ਨੇ..
ਪਰ ਮੈਂ ਜਦ-ਜਦ ਵੀ
ਓਹਦੇ ਨੈਣਾਂ ਦੀ ਅਬਾਰਤ
ਪੜ੍ਹਨ ਦੀ ਕੋਸ਼ਿਸ਼ ਕੀਤੀ...
ਮੈਂ ਉਲਝਦਾ ਗਿਆ..
ਗੁਆਚਦਾ ਗਿਆ..
ਪਤਾ ਨੀ ਕੈਸੀ
ਰਹੱਸਮਈ ਕੁੜੀ ਸੀ ਓਹ....
ਪਤਾ ਨੀ ਕੇਹੜੇ ਦੇਸੋਂ ਆਈ ਸੀ..
ਓਹਦੀ ਗੁੱਤ ਬੜੀ ਲੰਬੀ ਹੁੰਦੀ ਸੀ
ਕਾਲੀ-ਕਾਲੀ....
ਜੀਹਦੇ ਵਿੱਚ ਚੁੱਪ ਗੁੰਦੀ ਹੁੰਦੀ ਸੀ..
ਵਾਲ ਸਿੱਧੇ ਵਾਹੁੰਦੀ ਸੀ...
ਚੀਰ ਨਹੀਂ ਸੀ ਕੱਢਦੀ...
ਚੀਰ ਤਾਂ ਦਿਲ 'ਤੇ ਪਤਾ ਨੀ
ਕਿੰਨੇ ਕੁ ਸੀ ਵਿਚਾਰੀ ਦੇ....
ਮੈਂ ਜਦ-ਜਦ ਵੀ ਉਸਦੇ ਸੁਪਨਿਆਂ ਨੂੰ
ਖਿੜਿਆ-ਖਿੜਿਆ ਸੂਹਾ ਸੂਹਾ
ਰੰਗ ਦੇਣ ਦੀ ਕੋਸ਼ਿਸ਼ ਕੀਤੀ
ਤਾਂ ਓਹ ਰੋਣ-ਹਾਕੀ ਹੋ ਜਾਂਦੀ ਸੀ..
ਜਿਵੇਂ ਮੇਰੇ ਗਲ ਲੱਗਕੇ
ਭੁੱਬਾਂ ਮਾਰਕੇ ਰੋਣਾ ਚਾਹੁੰਦੀ ਹੋਵੇ...
ਪਰ ਓਹ ਡਰਦੀ ਸੀ....
ਓਹ ਤਾਂ ਅੱਖਾਂ ਦੀ ਝਪਕ ਤੋਂ ਵੀ
ਸਹਿਮ ਜਾਣ ਵਾਲੀ ਕੁੜੀ ਸੀ...
ਸ਼ਰਮਾਕਲ ਜਿਹੀ...
ਡਰਾਕਲ ਜਿਹੀ..
ਉਸ ਵਿੱਚ ਅੰਤਾਂ ਦੀ ਕਾਬਲੀਅਤ ਸੀ
ਪਰ ਮਰਜਾਣੀ ਆਪਣੇ ਆਪ ਨੂੰ
ਜਾਣਦੀ ਹੀ ਨਹੀਂ ਸੀ..
ਜਾਂ ਫਿਰ ਓਹ ਜਾਣਦੀ ਹੀ
ਆਪਣੇ ਆਪ ਨੂੰ ਸੀ...
ਰੱਬ ਜਾਣੇ ਜਾਂ ਓਹ
ਹਨੇਰੀ ਗੁਫਾ ਵਰਗੀ ਕੁੜੀ....
ਜਦ-ਜਦ ਵੀ ਕੋਈ ਉਸ ਵੱਲ
ਮੈਲੀ ਅੱਖ ਨਾਲ ਵੇਖਦਾ ਤਾਂ
ਉਸ ਵੱਲ ਤੱਕ ਕੇ ਇੰਝ ਲਗਦਾ
ਜਿਵੇਂ ਓਹ ਮੇਰਾ ਆਸਰਾ
ਤੱਕ ਰਹੀ ਹੋਵੇ..
ਪਰ ਮੂੰਹੋਂ ਬੋਲ ਨਾ ਸਕਦੀ ਕੁਝ
ਤੇ ਮੈਂ ਵੀ.................
ਗਰਦਨ ਜ਼ਰਾ ਨੀਵੀਂ ਕਰਕੇ
ਤੁਰਦੀ ਸੀ ਜਿਵੇਂ ਨਾਲ ਨਾਲ
ਆਪਣੇ ਪਰਛਾਵੇਂ ਨਾਲ
ਗੱਲਾਂ ਕਰਦੀ ਹੋਵੇ..
ਕਿ ਤੈਨੂੰ ਵੀ ਕਿੰਨੇ ਦੁੱਖ
ਦਿੱਤੇ ਮੈਂ..ਤੂੰ ਵੀ ਕਿਵੇਂ
ਮਸੋਸਿਆ ਜਿਹਾ ਹੋ ਗਿਆ
ਇੱਕ ਅਭਾਗਣ ਨਾਲ ਰਹਿਕੇ..
ਓਹਦੇ ਨੈਣ-ਨਕਸ਼ ਮੇਰੇ ਯਾਰਾਂ
ਨੂੰ ਨਹੀਂ ਸੀ ਭਾਉਂਦੇ..
ਕਹਿੰਦੇ ਸੀ ਯਾਰ ਇਹ ਤਾਂ
ਟੀਰੀਆਂ ਜਿਹੀਆਂ ਅੱਖਾਂ
ਵਾਲੀ ਕੁੜੀ ਏ...
ਓਹ ਝੱਲੇ ਨਹੀਂ ਸੀ ਜਾਣਦੇ
ਕਿ ਮੈਂ ਓਹਨਾਂ ਅੱਖਾਂ ਦੀ ਲੋਅ ਵਿੱਚ
ਕਿੰਝ ਬਲ ਰਿਹਾ ਹਾਂ ਦਿਨ-ਬ-ਦਿਨ..
ਅਚਾਨਕ,
ਓਹ ਚੁੱਪ ਵਰਗੀ ਚੁੱਪ ਕੁੜੀ
ਪਤਾ ਨੀਂ ਚੁੱਪ-ਚਪੀਤੇ ਕੇਹੜੇ
ਚੁੱਪ ਦੇ ਦੇਸ ਚਲੀ ਗਈ..
ਮੁੜਕੇ ਨੀ ਆਈ ...
ਖੌਰੇ ਨੈਣਾਂ 'ਚ ਰਾਜ਼ ਛੁਪਾਕੇ
ਕੇਹੜੀਆਂ ਉੱਜੜੀਆਂ
ਥਾਵਾਂ ਦੀ ਬੇਲਨ ਬਣ ਗਈ..
ਖੌਰੇ ਕਿੰਨ੍ਹਾਂ ਆਵਾਰਾ ਪੌਣਾਂ ਦੀ
ਉਂਗਲੀ ਫੜ ਲਈ ਮਰਜਾਣੀ ਨੇ..
ਸ਼ਾਇਦ ਉਦਾਸੀ ਬਣਕੇ
ਮੇਰੇ ਨੈਣਾਂ 'ਚ ਰਹਿਣ ਲੱਗੀ..
ਹਾਂ..ਇਹ ਉਦਾਸੀ ਓਹੀ ਕੁੜੀ ਹੈ...
ਜੋ ਕਦੇ ਮਿਲੀ ਸੀ ਮੈਨੂੰ....
ਅੱਖਾਂ ਦੀ ਝਪਕ ਤੋਂ ਵੀ
ਸਹਿਮ ਜਾਣ ਵਾਲੀ ਕੁੜੀ...
ਸ਼ਰਮਾਕਲ ਜਿਹੀ...
ਡਰਾਕਲ ਜਿਹੀ..
ਓਹੀ ਕੁੜੀ..

37. ਕਾਮ ਤਾਂ ਚਹੁੰ ਕੂਟੀਂ ਹੈ ਨੱਚਦਾ

ਕਾਮ ਤਾਂ ਚਹੁੰ ਕੂਟੀਂ ਹੈ ਨੱਚਦਾ..
ਕਾਮ ਤਾਂ ਪਾਣੀ ਦੇ ਵਿੱਚ ਵੱਸਦਾ..
ਕਾਮ ਤਾਂ ਲਾਟਾਂ ਦੇ ਵਿੱਚ ਮੱਚਦਾ..
ਕਾਮ ਤਾਂ ਹੱਡਾਂ ਦੇ ਵਿੱਚ ਰਚਦਾ..
ਕਾਮ ਤਾਂ ਕਣ ਕਣ ਵਿਚੋਂ ਮੌਲੇ..
ਕਾਮ ਤਾਂ ਸਾਡੇ ਲਹੂ 'ਚੋਂ ਖੌਲੇ..
ਚੰਨ ਤੋਂ ਵੱਡਾ ਕੌਣ ਹੈ ਕਾਮੀ
ਰਾਤੀਂ ਅੰਬਰੀਂ ਖਿੜ ਖਿੜ ਆਵੇ..
ਨੀਰ ਦੀ ਨਿਰਮਲ ਦੇਹੀ ਅੰਦਰ
ਮਿੱਠੀ ਜਿਹੀ ਪੀੜਾ ਛਿੜ ਜਾਵੇ..

ਸਾਹਾਂ ਦੇ ਵਿੱਚ ਧੁਖਧੁਖੀ ਹੈ..
ਕਾਮ ਤੋਂ ਊਣਾ ਜਨਮ ਦੁਖੀ ਹੈ..

ਕਾਮ ਦੇ ਆਟੇ ਜਜ਼ਬੇ ਗੁੰਨ੍ਹ੍ਕੇ
ਪਿਆਰ ਪੜੇਥਣ ਲਾ ਕੇ..
ਦਿਲ ਦਾ ਚੁੱਲ੍ਹਾ..
ਅੱਗ ਇਸ਼ਕੇ ਦੀ
ਸਾਵਾਂ ਸੰਗ ਮਘਾਕੇ..
ਸਾਂਝਾਂ ਵਾਲਾ ਤਾਮ ਪਕਾ ਕੇ
ਰੱਜ ਰੱਜ ਕੇ ਫਿਰ ਖਾਈਏ..
ਜੱਗ ਅੰਦਰ ਵਰਤਾਈਏ..

ਜਗਤ ਪਸਾਰਾ ਕਾਮ ਰਚਾਇਆ
ਹਰ ਸਾਹ ਆਦਮ ਹਵਾ ਦਾ ਜਾਇਆ..
ਕਾਮ ਖਰਾ ਹੈ ਕੁੰਦਨ ਦੇ ਤੁੱਲ..
ਚੁੰਝ ਦੇ ਅੰਦਰ ਚੁੰਝ ਨੂੰ ਪਾ ਕੇ
ਪੈਰਾਂ ਉੱਤੇ ਪੈਰ ਟਿਕਾ ਕੇ
ਸਾਰਸ ਜੋੜਾ ਕਾਮ 'ਚ ਖੋ ਜਾਏ
ਸਮਿਆਂ ਕੋਲੋਂ ਪਾਰ ਹੋ ਜਾਵੇ ..
ਜਾਵੇ ਸਾਰੀ ਦੁਨੀਆ ਨੂੰ ਭੁੱਲ..
ਕਾਮ ਖਰਾ ਹੈ ਕੁੰਦਨ ਦੇ ਤੁੱਲ..

ਸ਼ਾਮਾਂ ਢਲੀਆਂ ਮੰਡੀਆਂ ਲੱਗੀਆਂ
ਮੱਧਮ ਲੋਏ ਪਰਦੇ ਤਾਣੇ...
ਵਣਜ ਕਾਮ ਦੇ ਲੱਖ ਬਿਮਾਰੀ
ਕੂੰਜ ਦੀ ਵੇਦਨ ਕੋਈ ਨਾ ਜਾਣੇ..
ਰੇਡ ਪੁਲਿਸ ਦੀ ਝੂਠੀਆਂ ਸਿਹਤਾਂ
ਸੰਗ ਡਾਕਟਰਾਂ ਗੰਢ-ਤੁੱਪ ਹੋਈ..
ਹੁਸਨ ਸੇਕ ਕੇ ਓਹ ਤੁਰ ਚੱਲੇ
ਵਰਦੀ ਵਾਲੇ ਅੱਖੋਂ ਕਾਣੇ...
ਜਬਰੀਂ ਚੁੱਕੀਆਂ ਕੱਚੀਆਂ ਦੇਹਾਂ
ਵੇਖ ਕੇ ਕੋਠੇ ਵਾਲੀ ਹੱਸੇ..
ਓਹਦਾ ਤਾਂ ਪਰਿਵਾਰ ਜੀ ਵੱਸੇ
ਵਿੱਚ ਬਜ਼ਾਰੀਂ ਕਾਮ ਵਿਕੇ ਜੋ
ਸ਼ੌਂਕ ਦੀ ਖਾਤਿਰ..
ਚੁੱਲ੍ਹੇ ਖਾਤਿਰ..
ਵਿੱਚ ਬਜ਼ਾਰੀਂ ਕਾਮ ਵਿਕੇਂਦਾ..
ਉਫ਼ ..!!!!!!
ਇਹਨਾਂ ਰੂਹਾਂ ਦੀ ਮਜਬੂਰੀ
ਕੋਈ ਤਾਂ ਸਮਝੇ ਜਾਣੇ..

ਸੇਕ ਤੋਂ ਊਣਾ ਸਾਕ ਤੋਂ ਊਣਾ
ਕਾਮ ਹੱਡਾਂ ਨੂੰ ਖਾਵੇ..
ਲੱਜਿਆ ਤੇ ਇਖਲਾਕ 'ਚ ਬੱਝਾ
ਕੌਤਕ ਨਵੇਂ ਰਚਾਵੇ..
ਘਰ ਘਰ ਪੂਜਿਆ ਜਾਵੇ..
ਬੰਸੀ ਪਿਆ ਵਜਾਵੇ..!!!
ਸਾਵਣ ਦੇ ਵਿੱਚ ਮੈਨੂੰ ਅੰਬਰੋਂ
ਕਾਮ ਸਦਾ ਕੋਈ ਪਈ ਪੁਕਾਰੇ..
ਪਰ ਕੁਝ ਬੱਦਲਾਂ ਚਿੱਟੇ ਦਿਹੁੰ ਨੂੰ
ਕੀਤੇ ਕਾਲੇ ਕਾਰੇ...
ਕੀਤੇ ਕਾਲੇ ਕਾਰੇ..

38. ਹਰ ਮੁਲਕ, ਹਰ ਜ਼ੁਬਾਂ ਵਿੱਚ

ਹਰ ਮੁਲਕ, ਹਰ ਜ਼ੁਬਾਂ ਵਿੱਚ, ਲਾਹੌਰ ਦੀ ਹਵਾ ਵਿੱਚ,
ਅਰਬਾਂ ਦੀ ਰੇਤ ਅੰਦਰ, ਈਰਾਨ ਦੀ ਕਲਾ ਵਿੱਚ
ਰੂਹਦਾਰ ਦਿਲ-ਵਫ਼ਾ ਦੇ ਦਿਲਕਸ਼ ਨੱਕਾਸ਼ ਟੋਟੇ,
ਮੁਗਲਾਂ ਦੇ ਖੇਮਿਆਂ ਵਿੱਚ, ਤੱਕੇ ਬਲੌਰੀ ਲੋਟੇ
ਗੁੰਬਦਾਂ ਦੇ ਐਨ ਉੱਤੇ, ਖ਼ਾਬਾਂ ਦੇ ਐਨ ਨੀਚੇ,
ਗੁਲਦਾਨ ਤੇ ਗਲੀਚੇ, ਤਬੀਅਤ ਅਤੇ ਤਰੀਕੇ
ਹਰ ਸੰਦ, ਹਰ ਔਜ਼ਾਰੀ, ਰੇਸ਼ਮ ਦੇ ਉਹ ਵਪਾਰੀ,
ਉਹ ਪਰਬਤੀ ਗੁਫ਼ਾਵਾਂ, ਉਹ ਪ੍ਰਾਚੀਨ ਕਲਾਕਾਰੀ
ਮਾਣਸ ਦੇ ਨਕਸ਼ ਅੰਦਰ, ਆਏ ਬਦਲ ਦਾ ਚਾਨਣ,
ਮੇਰੇ ਮੋਢਿਆਂ 'ਤੇ ਖੇਡੀ, ਨਵ-ਸੁਪਨਿਆਂ ਦੀ ਹਾਨਣ
ਹਰ ਇੱਕ ਮਹਾਨ ਪੁਸਤਕ, ਮੇਰੇ ਸਾਹਮਣੇ ਰਚੀ ਗਈ,
ਜਿੰਨੀ ਸਿਆਹੀ ਮੁੱਕੀ, ਉੰਨੀ ਅਦਾ ਬਚੀ ਗਈ
ਕਈ ਮੋੜ ਮੁੜ ਕੇ ਨੱਚੀਆਂ, ਅੱਖਰਾਂ ਦੀਆਂ ਗੋਲਾਈਆਂ,
ਉੱਸਰਦੀਆਂ ਨੇ ਤੱਕੀਆਂ, ਰੁੱਖਾਂ ਦੀਆਂ ਉਚਾਈਆਂ
ਰੰਗਾਂ ਦੇ ਲਾਰਵੇ ਕਈ, ਜਲ-ਮੰਡਲਾਂ ਦੇ ਅੰਦਰ,
ਅੱਜ ਅੰਬਰਾਂ ਨੂੰ ਛੂਹ ਗਏ, ਬੁੱਧੀ ਬਣੀ ਕਲੰਦਰ
ਤਾਰਾ-ਗਣਾਂ ਦੇ ਪੰਡਿਤ,ਤਕੜੇ ਨਜੂਮੀਆਂ ਨੂੰ,
ਚੋਲੇ ਸੰਵਾਉਂਦੇ ਤੱਕਿਆ ਤਬਰੇਜ਼-ਰੂਮੀਆਂ ਨੂੰ
ਤਪ ਕਰਦੇ ਸਪਤ-ਰਿਸ਼ੀਆਂ, ਸ਼ਿਵ ਹੋ ਗਏ ਹਿਮਾਲਾ,
ਸਦੀਆਂ ਤੋਂ ਮੈਂ ਤਾਂ ਇਹੋ ਦੇਂਦਾ ਰਿਹਾ ਹਵਾਲਾ
ਧਾਤਾਂ ਦੇ ਪਿੰਡਿਆਂ ਨੂੰ ਮੈਂ ਸ਼ੁੱਧ ਹੁੰਦੇ ਤੱਕਿਆ,
ਗੌਤਮ ਦੇ ਨਕਸ਼ਿਆਂ ਨੂੰ ਫਿਰ ਬੁੱਧ ਹੁੰਦੇ ਤੱਕਿਆ
ਤੱਕੀ ਨਵੀਨ ਵਿੱਦਿਆ, ਸੁੱਚਾ ਸਵਾਬ ਤੱਕਿਆ,
ਬਾਬੇ ਫਰੀਦ ਵਾਲਾ ਸੋਹਣਾ ਪੰਜਾਬ ਤੱਕਿਆ
ਭਾਰਤ-ਵਰਸ਼ ਦੇ ਜੰਗਲ, ਉਹ ਯੋਗ-ਸਾਧਨਾ ਨੂੰ,
ਦੇਹੀ-ਦਸਮ-ਦਵਾਰੇ, ਆਰਤ-ਆਰਾਧਨਾ ਨੂੰ
ਮੈਂ ਨੇੜਿਓਂ ਸੀ ਤੱਕੀ ਆਯੁਰਵੇਦਾ ਸ਼ਕਤੀ,
ਨਬਜ਼ਾਂ ਦੀ ਚਾਲ ਵੰਡਦੀ, ਵੈਦਾਂ ਦੀ ਪਰਮ-ਭਗਤੀ
ਕੀਤੀ ਸੀ ਰੌਸ਼ਨੀ ਵੀ, ਸੂਰਜ ਦੀ ਨੇਕ ਧੁੱਪ ਨੇ,
ਧਰਤੀ 'ਚੋਂ ਉੱਠ ਕੇ ਨੱਚੇ, ਵੇਸੇਲੀਅਸ ਦੇ ਸੁਪਨੇ
ਇੰਗਲਿਸ਼ ਇਮਾਰਤਾਂ ਦੇ ਖਾਕੇ ਅਤੇ ਨਮੂਨੇ,
ਮੇਰੇ ਹੱਡ-ਖੱਲ 'ਚੋਂ ਨਿੱਕਲੇ, ਸਿੱਲ-ਪੱਥਰਾਂ ਤੇ ਚੂਨੇ
ਸੋਹਣਾ ਜਿਹਾ ਭਰਮ ਹੈ, ਸਭ ਕੁਝ ਨਰਮ-ਨਰਮ ਹੈ,
ਸਭ ਕੁਝ ਬਦਲ ਰਿਹਾ ਹੈ, ਸਭ ਕੁਝ ਹਵਾ-ਹਵਾ ਹੈ
ਕਿ ਧਰਤੀਆਂ ਦਾ ਘੁੰਮਣਾ ਕੱਲ੍ਹ ਵੀ ਨਵਾਂ-ਨਵਾਂ ਸੀ,
ਕਿ ਧਰਤੀਆਂ ਦਾ ਘੁੰਮਣਾ ਅੱਜ ਵੀ ਨਵਾਂ-ਨਵਾਂ ਹੈ
ਅਨੰਦਪੁਰ ਦੇ ਮਰਕਜ਼, ਜੋ ਸ਼ਸਤਰਾਂ ਦੀ ਘਾੜਤ,
'ਗੋਬਿੰਦ' ਨੇ ਜੋ ਕੀਤੀ, ਸਾਬਤ-ਸਿਰਾਂ ਦੀ ਆੜ੍ਹਤ
ਦੁਨੀਆ ਦੇ ਪਾਣੀਆਂ 'ਤੇ ਹਰਦਮ ਹੀ ਰਹਿਣੀ ਤਰਦੀ,
ਲਾਜ਼ਿਮ ਹੈ ਅੱਖ ਦਾ ਮਰਨਾ, ਇਹ ਨਜ਼ਰ ਨਹੀਓਂ ਮਰਦੀ