Gurbhajan Singh Gill
ਗੁਰਭਜਨ ਸਿੰਘ ਗਿੱਲ

Punjabi Writer
  

Punjabi Poetry Gurbhajan Singh Gill

ਪੰਜਾਬੀ ਰਾਈਟਰਵਾਂ ਤੇ ਗੀਤ ਗੁਰਭਜਨ ਗਿੱਲ

1. ਜਿੰਨ੍ਹਾਂ ਕੋਲ ਹਥਿਆਰ ਹਨ

ਜਿੰਨ੍ਹਾਂ ਕੋਲ ਹਥਿਆਰ ਹਨ
ਉਹ ਜਿਊਣਾ ਨਹੀਂ ਜਾਣਦੇ
ਸਿਰਫ਼ ਮਰਨਾ ਤੇ
ਮਾਰਨਾ ਜਾਣਦੇ ਹਨ।
ਖੇਡਣਾ ਨਹੀਂ ਜਾਣਦੇ
ਖੇਡ ਵਿਗਾੜਨੀ ਜਾਣਦੇ ਹਨ।
ਸ਼ਿਕਾਰ ਖੇਡਦੇ ਖੇਡਦੇ
ਖ਼ੂੰਖ਼ਾਰ ਸ਼ਿਕਾਰੀ।
ਹਰ ਪਲ ਸ਼ਿਕਾਰ ਲੱਭਦੇ।
ਜਿੰਨ੍ਹਾਂ ਕੋਲ ਹਥਿਆਰ ਹਨ
ਉਨ੍ਹਾਂ ਕੋਲ ਬਹੁਤ ਕੁਝ ਹੈ
ਖੁਸ਼ੀਆਂ ਖੇੜਿਆਂ ਚਾਵਾਂ ਤੋਂ ਸਿਵਾ।
ਹਥਿਆਰਾਂ ਵਾਲਿਆਂ ਕੋਲ
ਪੰਡਾਂ ਦੀਆਂ ਪੰਡਾਂ ਹੈਂਕੜ ਹੈ
ਹੰਕਾਰ ਹੈ ਬੇਮੁਹਾਰ।
ਜਾਂਗਲੀ ਵਿਹਾਰ ਹੈ।
ਜਾਨ ਲੈਣਾ ਕਿਰਦਾਰ ਹੈ।
ਰਹਿਮ ਤੋਂ ਸਿਵਾ।
ਉਹ ਨਹੀਂ ਜਾਣਦੇ
ਹਥਿਆਰ ਦਾ ਮੂੰਹ ਕਾਲ਼ਾ ਹੁੰਦੈ।
ਤੇ ਮੌਤ ਤੋਂ ਸਿਵਾ ਉਹ
ਕੁਝ ਵੀ ਵੰਡਣ ਦੇ ਕਾਬਲ ਨਹੀਂ ਹੁੰਦੇ।
ਬੇਰਹਿਮ ਦਰਿੰਦੇ ਜਹੇ।
ਹਥਿਆਰਾਂ ਦੇ ਵਣਜਾਰੇ।
ਅੰਤਰ ਰਾਸ਼ਟਰੀ ਹਤਿਆਰੇ।
ਆਦਮਖ਼ੋਰ ਵਰਤਾਰੇ।
ਜ਼ਿੰਦਗੀ ਤੋਂ ਕੋਹਾਂ ਦੂਰ।
ਹਥਿਆਰਾਂ ਵਾਲਿਆਂ ਕੋਲ
ਸ਼ਬਦ ਨਹੀਂ ਹੁੰਦੇ।
ਧਮਕੀਆਂ ਹੁੰਦੀਆਂ ਹਨ।
ਮਰਨ ਮਾਰਨ ਦੀਆਂ।
ਹੌਂਕਦੀਆਂ ਜੀਭਾਂ ਹੁੰਦੀਆਂ ਹਨ।
ਉਨ੍ਹਾਂ ਕੋਲ ਝਾਂਜਰਾਂ ਨਹੀਂ ਹੁੰਦੀਆਂ
ਚਾਵਾਂ ਦੇ ਪੈਰੀਂ ਪਾਕੇ ਨੱਚਣ ਲਈ।
ਛਣਕਾਰ
ਉਨ੍ਹਾਂ ਦੇ ਸ਼ਬਦਕੋਸ਼ ਦਾ
ਹਿੱਸਾ ਨਹੀਂ ਬਣਦਾ ਕਦੇ।
ਧਰਤੀ ਤੇ
ਵਿਛੀ ਵਿਛਾਈ ਰਹਿ ਜਾਂਦੀ ਹੈ,
ਫੁੱਲਾਂ ਕੱਢੀ ਚਾਦਰ।
ਬਹੁਤ ਕੁਝ ਨਹੀਂ ਹੁੰਦਾ ਉਨ੍ਹਾਂ ਕੋਲ
ਜਿੰਨ੍ਹਾਂ ਕੋਲ ਹਥਿਆਰ ਹੁੰਦਾ ਹੈ।

2. ਲੋਰੀ

ਮਾਏ ਨੀ ਅਣਜੰਮੀ ਧੀ ਨੂੰ,
ਆਪਣੇ ਨਾਲੋਂ ਵਿੱਛੜੇ ਜੀਅ ਨੂੰ,
ਜਾਂਦੀ ਵਾਰੀ ਮਾਏ ਨੀ ਇਕ ਲੋਰੀ ਦੇ ਦੇ।
ਬਾਬਲ ਤੋਂ ਭਾਵੇਂ ਚੋਰੀ ਨੀ ਇਕ ਲੋਰੀ ਦੇ ਦੇ।

ਮੰਨਿਆ ਤੇਰੇ ਘਰ ਵਿਚ ਵਧ ਗਏ,
ਧੀਆਂ ਵਾਲੇ ਗੁੱਡੀ ਪਟੋਲੇ।
ਤੇਰੇ ਦਿਲ ਦਾ ਹਉਕਾ ਨੀ ਮੈਂ,
ਸੁਣਦੀ ਰਹੀ ਆਂ ਤੇਰੇ ਓਹਲੇ।
ਮੈਨੂੰ ਮਾਰ ਮੁਕਾਉਣ ਦੀ ਗੱਲ ਕਿਉਂ,
ਤੂੰਹੀਉਂ ਪਹਿਲਾਂ ਤੋਰੀ, ਨੀ ਇਕ ਲੋਰੀ ਦੇ ਦੇ।

ਮਾਏ ਨੀ ਤੇਰੀ ਗੋਦੀ ਅੰਦਰ,
ਬੈਠਣ ਨੂੰ ਮੇਰਾ ਜੀਅ ਕਰਦਾ ਸੀ।
ਬਾਬਲ ਦੀ ਤਿਊੜੀ ਨੂੰ ਤੱਕ ਕੇ,
ਹਰ ਵਾਰੀ ਮੇਰਾ ਜੀਅ ਡਰਦਾ ਸੀ।
ਧੀਆਂ ਬਣ ਕੇ ਜੰਮਣਾ ਏਥੇ ,
ਕਿਉਂ ਬਣ ਗਈ ਕਮਜ਼ੋਰੀ, ਨੀ ਇਕ ਲੋਰੀ ਦੇ ਦੇ।

ਮਾਏ ਨੀ ਮੇਰੀ ਨਾਨੀ ਦੇ ਘਰ,
ਤੂੰ ਵੀ ਸੀ ਕਦੇ ਧੀ ਬਣ ਜੰਮੀ।
ਕੁੱਖ ਵਿਚ ਕਤਲ ਕਰਾਵਣ ਵਾਲੀ,
ਕਿਉਂ ਕੀਤੀ ਤੂੰ ਗੱਲ ਨਿਕੰਮੀ,
ਵੀਰਾ ਲੱਭਦੀ ਲੱਭਦੀ ਹੋ ਗਈ,
ਕਿਉਂ ਮਮਤਾ ਤੋਂ ਕੋਰੀ ? ਨੀ ਇਕ ਲੋਰੀ ਦੇ ਦੇ।

ਹਸਪਤਾਲ ਦੇ ਕਮਰੇ ਅੰਦਰ,
ਪਈਆਂ ਨੇ ਜੋ ਅਜਬ ਮਸ਼ੀਨਾਂ।
ਪੁੱਤਰਾਂ ਨੂੰ ਇਹ ਕੁਝ ਨਾ ਆਖਣ,
ਸਾਡੇ ਲਈ ਕਿਉਂ ਬਣਨ ਸੰਗੀਨਾਂ।
ਡਾਕਟਰਾਂ ਚਹੁੰ ਸਿੱਕਿਆਂ ਖਾਤਰ,
ਕੱਟੀ ਜੀਵਨ ਡੋਰੀ, ਨੀ ਇਕ ਲੋਰੀ ਦੇ ਦੇ।

ਧੀ ਤਿਤਲੀ ਨੂੰ ਮਸਲਣ ਵੇਲੇ,
ਚੁੱਪ ਖੜ੍ਹੇ ਕਿਉਂ ਧਰਮਾਂ ਵਾਲੇ,
ਗੂੰਗੇ ਬੋਲੇ ਹੋ ਗਏ ਸਾਰੇ,
ਨੱਕ ਨਮੂਜ਼ਾਂ ਸ਼ਰਮਾਂ ਵਾਲੇ।
ਬਿਨ ਡੋਲੀ ਤੋਂ ਧਰਮੀ ਮਾਪਿਆਂ,
ਕਿੱਧਰ ਨੂੰ ਧੀ ਤੋਰੀ ? ਨੀ ਇਕ ਲੋਰੀ ਦੇ ਦੇ।

ਸੁੱਤਿਆਂ ਲਈ ਸੌ ਯਤਨ ਵਸੀਲੇ,
ਜਾਗਦਿਆਂ ਨੂੰ ਕਿਵੇਂ ਜਗਾਵਾਂ?
ਰੱਖੜੀ ਦੀ ਤੰਦ ਖ਼ਤਰੇ ਵਿਚ ਹੈ,
ਚੁੱਪ ਨੇ ਕੁੱਲ ਧਰਤੀ ਦੀਆਂ ਮਾਵਾਂ।
ਅੰਮੜੀਏ! ਮੈਨੂੰ ਗੁੜ੍ਹਤੀ ਦੀ ਥਾਂ,
ਦੇਈਂ ਨਾ ਜ਼ਹਿਰ ਕਟੋਰੀ, ਨੀ ਇਕ ਲੋਰੀ ਦੇ ਦੇ।

3. ਮਾਏ ਅਟੇਰਨ ਟੇਰਦੀਏ

ਮਾਏ ਅਟੇਰਨ ਟੇਰਦੀਏ
ਮਾਏ ਅਟੇਰਨ ਟੇਰਦੀਏ,
ਹੁਣ ਤੰਦ ਤੋਂ ਬਣ ਗਈ ਛੱਲੀ ਨੀ
ਮੈਨੂੰ ਦੁਸ਼ਮਣ ਫੌਜਾਂ ਘੇਰ ਲਿਆ,
ਮੈਂ ਘਿਰ ਗਈ ਕੱਲ-ਮ-ਕੱਲੀ ਨੀ

ਨਾ ਸ਼ਰਮ-ਸ਼ਰ੍ਹਾ ਦਾ ਪਰਦਾ ਨੀ
ਜਿਸ ਜੋ ਮੂੰਹ ਆਈ ਕਰਦਾ ਨੀ
ਜੱਗ ਧੀ ਜੰਮਣੋਂ ਕਿਉਂ ਡਰਦਾ ਨੀ ?
ਮੈਨੂੰ ਧਰਤੀ ਆਉਣੋਂ ਵਰਜ ਰਹੇ,
ਮੈਂ ਕੀ ਕਰ ਸਕਦੀ ’ਕੱਲੀ ਨੀ।

ਵਿਛਿਆ ਏ ਅਗਨ ਵਿਛਾਉਣਾ ਨੀ
ਉੱਤੇ ਦਾਜ ਦਾ ਦੈਂਤ ਡਰਾਉਣਾ ਨੀ
ਜੋ ਬਣਿਆ ਫਿਰੇ ਪ੍ਰਾਹੁਣਾ ਨੀ
ਮੇਰੀ ਜਨਮ ਘੜੀ ਤੋਂ ਪਹਿਲਾਂ ਹੀ,
ਕਿਉਂ ਮੱਚ ਗਈ ਤਰਥੱਲੀ ਨੀ।

ਤੇਰੇ ਵੱਲ ਨਰਸਾਂ ਤੁਰੀਆਂ ਨੇ
ਹੱਥ ਤੇਜ਼ ਕਟਾਰਾਂ ਛੁਰੀਆਂ ਨੇ
ਬਾਬਲ ਦੀਆਂ ਨੀਤਾਂ ਬੁਰੀਆਂ ਨੇ
ਮੇਰੀ ਧੜਕਣ ਦੀ ਇਹ ਅੰਤ ਘੜੀ,
ਮੈਂ ਦੂਰ ਦੇਸ ਨੂੰ ਚੱਲੀ ਨੀ।

ਜੇ ਘਿਰ ਗਈ ਏਂ ਘਬਰਾਈਂ ਨਾ
ਤੂੰ ਬੇਬੱਸ ਹੋ ਪਥਰਾਈਂ ਨਾ
ਅੱਖੀਆਂ ‘ਚੋਂ ਨੀਰ ਵਹਾਈਂ ਨਾ
ਬਾਬਲ ਦਾ ਧਰਮ ਗੁਆਚ ਗਿਆ,
ਤਾਂ ਹੀ ਧੀ ਕਬਰਾਂ ਵੱਲ ਘੱਲੀ ਨੀ।

ਕੁਝ ਬੋਲ! ਬੇ ਜੀਭੀ ਗਾਂ ਨਹੀਂ ਤੂੰ
ਜੇ ਨਾ ਬੋਲੀ ਫਿਰ ਮਾਂ ਨਹੀਂ ਤੂੰ
ਇਕ ਚਿਖ਼ਾ ਨਿਰੰਤਰ, ਛਾਂ ਨਹੀਂ ਤੂੰ
ਹੁਣ ਬੋਲ ਧਰਤੀਏ ਮਾਏਂ ਨੀ,
ਖਤਰੇ ਦੀ ਖੜਕੇ ਟੱਲੀ ਨੀ।

4. ਇਹ ਕੇਹੀ ਰੁੱਤ ਆਈ

ਇਹ ਕੇਹੀ ਰੁੱਤ ਆਈ
ਇਹ ਕੇਹੀ ਰੁੱਤ ਆਈ ਨੀ ਮਾਂ,
ਇਹ ਕੇਹੀ ਰੁੱਤ ਆਈ
ਘਿਰ ਗਈ ਮੇਰੀ ਜਾਨ ਇਕੱਲੀ,
ਬਾਬੁਲ ਬਣੇ ਕਸਾਈ ਨੀ ਮਾਂ।
ਇਹ ਕੇਹੀ ਰੁੱਤ ਆਈ ਨੀ ਮਾਂ।

ਡੁੱਬਿਆ ਸੂਰਜ ਸਿਖਰ ਦੁਪਹਿਰੇ
ਲਗ ਗਏ ਤੇਰੀ ਕੁੱਖ ‘ਤੇ ਪਹਿਰੇ
ਹਾਕਮ ਹੋ ਗਏ ਗੂੰਗੇ ਬਹਿਰੇ
ਪਰਖ ਮਸ਼ੀਨਾਂ ਚੁਗਲੀ ਕੀਤੀ,
ਕਾਤਲ ਬਣ ਗਈ ਦਾਈ ਨੀ ਮਾਂ।
ਇਹ ਕੇਹੀ ਰੁੱਤ ਆਈ ਨੀ ਮਾਂ।

ਮਾਏਂ ਤੂੰ ਵੀ ਪੁੱਤਰ ਮੰਗਦੀ
ਮੇਰੀ ਵਾਰੀ ਤੂੰ ਕਿਉਂ ਸੰਗਦੀ ?
ਅਣਜੰਮੀ ਨੂੰ ਸੂਲੀ ਟੰਗਦੀ
ਆਪਣੀ ਆਂਦਰ ਨੂੰ ਕਿਉਂ ਕੀਤਾ,
ਤੂੰ ਵੀ ਅੱਜ ਅਣਚਾਹੀ ਨੀ ਮਾਂ
ਇਹ ਕੇਹੀ ਰੁੱਤ ਆਈ ਨੀ ਮਾਂ।

ਸੁਣੀਂ ਬਾਬਲਾ ਸੁਣ ਅਰਜ਼ੋਈ
ਦਾਜ ਦੇ ਦਾਨਵ ਲਾਹ ਲਈ ਲੋਈ
ਮੇਰਾ ਇਸ ਵਿਚ ਦੋਸ਼ ਨਾ ਕੋਈ
ਲਾਲਚ ਵਾਲੀ ਡੋਰੀ ਬਣ ਗਈ
ਮੇਰੇ ਗਲ ਵਿਚ ਫਾਹੀ ਨੀ ਮਾਂ
ਇਹ ਕੇਹੀ ਰੁੱਤ ਆਈ ਨੀ ਮਾਂ।

ਦਾਦੀ ਨਾਨੀ ਮਾਵਾਂ ਬੋਲੋ
ਪੈ ਗਈ ਜਿਹੜੀ ਦੰਦਲ ਖੋਲੋ
ਧਰਮ ਗ੍ਰੰਥੋਂ ਵਰਕੇ ਫੋਲੋ
ਕੁੱਖ ਨੂੰ ਨਿਰੀ ਮਸ਼ੀਨ ਨਾ ਸਮਝੋ,
ਰੋਕੋ ਹੋਰ ਤਬਾਹੀ ਨੀ ਮਾਂ
ਇਹ ਕੇਹੀ ਰੁੱਤ ਆਈ ਨੀ ਮਾਂ।

5. ਬੱਚੇ ਨਹੀਂ ਜਾਣਦੇ

ਰੇਤ ਬੱਜਰੀ ਦੇ ਵਣਜਾਰਿਆਂ
ਬਦਲ ਦਿੱਤੇ ਨੇ ਬਾਲਾਂ ਦੇ ਖਿਡੌਣੇ।
ਹੁਣ ਉਹ
ਮਿੱਟੀ ਦੇ ਘਰ ਨਹੀਂ ਬਣਾਉਂਦੇ
ਬੋਹੜ ਜਾਂ ਪਿੱਪਲ ਦੇ ਪੱਤਿਆਂ ਦੀ
ਬਲਦਾਂ ਦੀ ਜੋਗ
ਟਾਹਣੀਆਂ ਦੀ ਹਲ਼ ਪੰਜਾਲੀ
ਸਨੁਕੜੇ ਦੀ ਰੱਸੀ ਵੱਟ ਕੇ
ਹੱਲ ਨਹੀਂ ਨੇਣ੍ਹਦੇ
ਤਿੱਖੀਆਂ ਸੂਲਾਂ ਦੀਆਂ
ਅਰਲੀਆਂ ਨਹੀਂ ਬਣਾਉਂਦੇ।
ਉਹ ਜਾਣ ਗਏ ਨੇ
ਕਿ ਖੇਤ ਖਾ ਜਾਂਦੇ ਨੇ
ਬਾਪੂ ਨੂੰ ਸਮੂਲਚਾ।
ਸਿਆੜਾਂ ਚ ਅੱਵਲ ਤਾਂ
ਭੁੱਖ ਉੱਗਦੀ ਹੈ
ਜੇ ਕਿਤੇ ਫ਼ਸਲ ਹੋ ਜਾਵੇ
ਤਾਂ ਸਾਨੂੰ ਨਹੀਂ ਸੌਜਲਦੀ
ਆੜ੍ਹਤੀਏ ਦੇ ਹੱਕ ਚ ਹੀ
ਭੁਗਤਦੀ ਹੈ ਸਾਲੋ ਸਾਲ।

ਹੁਣ ਉਹ ਬਾਜ਼ਾਰ ਚੋਂ
ਲੱਕੜੀ ਦੇ ਬਣੇ
ਟਰੱਕ ਟਿੱਪਰ ਲੈ ਆਏ ਨੇ।
ਨੰਗ ਧੜੰਗਿਆਂ ਨੇ
ਰੇਤ ਦੀ ਢੇਰੀ ਇਕੱਠੀ ਕਰ ਲਈ ਹੈ।
ਬਹਿ ਗਏ ਨੇ ਕੋਲ
ਗਾਹਕ ਉਡੀਕਦੇ।
ਬੱਚੇ ਨਹੀਂ ਜਾਣਦੇ ਕਿ
ਸਾਨੂੰ ਮਿਲਦਾ ਸਬਕ ਕੱਚੀ ਲੱਸੀ ਹੈ
ਜਿਸ ਚੋਂ ਕਦੇ ਵੀ
ਮੱਖਣ ਦਾ ਪਿੰਨਾ ਨਹੀਂ ਨਿਕਲਣਾ।
ਉਹ ਤਾਂ ਹੋਰ ਸਕੂਲ ਨੇ
ਜਿੱਥੇ ਮਲਾਈ ਰਿੜਕਦੇ ਨੇ
ਮੱਖਣ ਘਿਓ ਦੇ ਵਣਜਾਰੇ।
ਬੱਚੇ ਬੜੇ ਭਰਮ ਚ ਸੋਚਦੇ ਨੇ
ਰੇਤਾ ਬੱਜਰੀ ਵੇਚ ਕੇ
ਅਸੀਂ ਵੀ ਅਮੀਰ ਹੋਵਾਂਗੇ
ਘੁੰਮਦੀ ਕੁਰਸੀ ਤੇ ਬਹਾਂਗੇ।
ਹੁਕਮ ਚਲਾਵਾਂਗੇ
ਲੋਕ ਡਰਾਵਾਂਗੇ।
ਪਰ ਬੱਚੇ ਨਹੀਂ ਜਾਣਦੇ
ਕਿ ਤੁਹਾਡੇ ਟਰੱਕ ਖਿਡੌਣੇ ਹਨ
ਅਸਲੀ ਟਿੱਪਰਾਂ ਟਰੱਕਾਂ ਦੇ
ਟਾਇਰਾਂ ਹੇਠ ਮਿੱਧੇ ਜਾਣਗੇ
ਤੁਹਾਡੇ ਸੁਪਨਿਆਂ ਵਾਂਗ।
ਇਸ ਮਾਰਗ ਤੇ ਤੁਰਨ ਲਈ
ਬਾਹੂਬਲੀ ਚਾਹੀਦੇ ਨੇ
ਤੁਸੀਂ ਅਜੇ ਬਹੁਤ ਨਿੱਕੇ ਹੋ।

6. ਆਖ ਰਿਹਾ ਇਤਿਹਾਸ

ਪੋਹ ਦੀ ਰਾਤ ਠਰੀ ਕਕਰੀਲੀ।
ਠੰਡਾ ਠਾਰ ਬੁਰਜ ਸਰਹੰਦੀ।
ਦੋ ਫੁੱਲਾਂ ਦੀ ਰਾਤ ਅਖ਼ੀਰੀ।
ਨੀਹਾਂ ਵਿੱਚ ਖਲੋ ਕੇ ਹੱਸੀਆਂ
ਜਦੋਂ ਗੁਲਾਬ ਦੀਆਂ ਦੋ ਪੱਤੀਆਂ।

ਜਬਰ ਜ਼ੁਲਮ ਦਾ ਕਹਿਰ ਕਮੀਨਾ।
ਡਾਹਿਆ ਦੋਹਾਂ ਬੱਚਿਆਂ ਸੀਨਾ।
ਤੀਰਾਂ ਤੇ ਤਲਵਾਰਾਂ ਅੱਗੇ,
ਨਾ ਮੁਰਝਾਈਆਂ ਰੀਝਾਂ ਰੱਤੀਆਂ।

ਦੀਵਾਰਾਂ ਅੱਜ ਸ਼ਰਮਸਾਰ ਨੇ।
ਹੁਕਮ ਹਕੂਮਤ ਧਰਤਿ ਭਾਰ ਨੇ।
ਸਮਝ ਲਇਓ ਫਿਰ ਆਪੇ ਇਹ ਗੱਲ,
ਕਿਉਂ ਨਾ ਬੁਝੀਆਂ ਚਾਨਣ ਬੱਤੀਆਂ।

ਸੁਣੋ ਸੁਣੋ ਓਇ ਬਰਖੁਰਦਾਰੋ।
ਆਪਣੇ ਅੰਦਰ ਝਾਤੀ ਮਾਰੋ।
ਜਿਸਮ ਨਹੀਂ, ਰੂਹ ਸੀਸ ਝੁਕਾਓ,
ਆਉਣ ਬਹਾਰਾਂ ਅਣਖ਼ਾਂ ਮੱਤੀਆਂ।

ਤੇਹਾਂ ਪੋਹ ਦਾ ਧਿਆਨ ਧਾਰਿਓ।
ਮੇਰੇ ਵੱਲ ਵੀ ਝਾਤ ਮਾਰਿਓ,
ਜੋ ਬਾਲਾਂ ਨੇ ਚਰਖ਼ਾ ਗੇੜਿਆ,
ਸਾਂਭੋ ਉਹ ਸਭ ਪੂਣੀਆਂ ਕੱਤੀਆਂ।

7. ਮੇਰੀ ਸੋਚ ਮੁਤਾਬਕ ਔਰਤ

ਮੇਰੀ ਸੋਚ ਮੁਤਾਬਕ ਔਰਤ
ਇਹ ਕਹਿ ਕੇ ਹੈ ਭਰਮ ਸਿਰਜਦੀ
ਮੈਂ ਤਾਂ ਮਰਦ ਬਰਾਬਰ ਸ਼ਕਤੀ।
ਨਹੀਂ ਨਹੀਂ ਇੰਜ ਹਰਗਿਜ਼ ਹੀ ਨਾ।
ਇਹ ਤਾਂ ਮਰਦੋਂ ਕਿਤੇ ਅਗੇਰੇ।
ਆਦਿ ਜੁਗਾਦੀ ਸ਼ਕਤੀ ਸੋਮਾ।

ਔਰਤ ਨੂੰ ਕੁਝ ਦੇ ਕੇ ਵੇਖੋ
ਸੁਹਜ ਸਲੀਕੇ ਨਾਲ ਸਜਾਵੇ।
ਮਿੱਟੀ ਅੰਦਰ ਜਿੰਦ ਧੜਕਾਵੇ।
ਇੱਕ ਅੱਧ ਕਤਰਾ
ਬਿੰਦ ਚੋਂ ਵਰਤੇ
ਪੁੱਤਰ ਧੀ ਨੂੰ ਸਿਰਜ ਵਿਖਾਵੇ।

ਔਰਤ ਤੋਂ ਬਿਨ ਮਰਦ ਇਕੱਲਾ
ਬੜੇ ਮਕਾਨ ਬਣਾ ਸਕਦਾ ਹੈ।
ਪਰ ਉਸ ਤੋਂ ਇੱਕ
ਘਰ ਨਹੀਂ ਬਣਦਾ।
ਔਰਤ ਜਿਹੜੇ ਥਾਂ ਵੀ ਜਾਵੇ।
ਕੰਧਾਂ ਨੂੰ ਵੀ ਮਹਿਕਣ ਲਾਵੇ।
ਚਾਰ ਦੀਵਾਰਾਂ ਅੰਦਰ ਘਿਰਿਆ
ਚੁੱਪ ਮਕਾਨ ਨੂੰ ਬੋਲਣ ਲਾਵੇ।
ਓਹੀ ਥਾਂ ਫਿਰ ਘਰ ਅਖਵਾਵੇ।

ਰਸਦ ਬਾਜ਼ਾਰ ਚੋਂ
ਸੌਦਾ ਕਰਕੇ ਘਰ ਲੈ ਆਓ।
ਘਰ ਦੀ ਔਰਤ ਹੱਥ ਫੜਾਓ।
ਮਨਚਾਹੇ ਪਕਵਾਨ ਬਣਾਵੇ।
ਵਿੱਚ ਰਸੋਈਓ ਲਪਟਾਂ ਉੱਠਣ,
ਮੂੰਹ ਦੇ ਅੰਦਰ ਪਾਣੀ ਆਵੇ
ਮਨ ਲਲਚਾਵੇ।

ਇੱਕ ਵਾਰੀ ਜੇ ਹੱਸ ਕੇ ਬੋਲੋ।
ਦਿਲ ਦੀ ਘੁੰਡੀ ਕੋਲ ਜਾ ਖੋਲ੍ਹੋ।
ਬਿਨਾ ਕਿਸੇ ਤਸਦੀਕ ਤੋਂ ਔਰਤ
ਵਿਛ ਵਿਛ ਜਾਵੇ।
ਦਿਲ ਦੀ ਦੌਲਤ ਪਈ ਲੁਟਾਵੇ।

ਔਰਤ ਦੀ ਵਿਸਥਾਰਨ ਸ਼ਕਤੀ
ਅਪਰਮ ਪਾਰ ਬੇਅੰਤੀ ਤਾਕਤ।
ਮਰਦ ਭਲਾ ਦੱਸ ਕਿੱਥੇ ਰੱਖੇ
ਅਸਲ ਲਿਆਕਤ।

ਉਸ ਨੂੰ ਐਵੇਂ ਬੇਲੋੜਾ ਵੀ
ਛੇੜ ਨਾ ਬਹਿਣਾ।
ਇੱਕ ਵਾਰੀ ਜੇ ਛਿੜ ਪਈ
ਉਸ ਮਗਰੋਂ ਨਹੀਂ ਲਹਿਣਾ।

(ਅੰਗਰੇਜ਼ੀ ਕਵੀ ਵਿਲੀਅਮ ਗੋਲਡਿੰਗ
ਦੀ ਕਵਿਤਾ ਦਾ ਅਨੁਵਾਦ)

8. ਟੱਪੇ

1.
ਨੱਥ ਪੈ ਜੇ ਬਘਿਆੜਾਂ ਨੂੰ
ਲਾਇਲਪੁਰ ਜਾ ਲੈਣ ਦੇ
ਪੁੱਤਾ ਲੱਭ ਲਊਂ ਸਿਆੜਾਂ ਨੂੰ

2.
ਕਾਹਦੇ ਗੀਤ ਅਜ਼ਾਦੀ ਦੇ
ਮੁੱਕਦੇ ਨਾ ਵੈਣ ਅਜੇ ਵੀ
ਪੱਲੇ ਪਈ ਬਰਬਾਦੀ ਦੇ

3.
ਜਿੱਥੇ ਚਿੜੀਆਂ ਨਾ ਚਹਿਕਦੀਆਂ
ਰਾਵੀ ਦਿਆਂ ਪੱਤਣਾ ਉੱਤੇ
ਜਿੰਦਾਂ ਅੱਜ ਵੀ ਨੇ ਸਹਿਕਦੀਆਂ

9. ਮੇਰਾ ਬਾਬਲ

(ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦਾ ਧਿਆਨ ਧਰ ਕੇ)

ਹੱਕ ਸੱਚ ਦੀ ਰਖਵਾਲੀ ਵਾਲਾ
ਪਰਚਮ ਹੱਥੀਂ ਆਪ ਪਕੜ ਕੇ
ਆਨੰਦਪੁਰ ਤੋਂ ਡਾਂਡੇ ਮੀਂਡੇ
ਵਾਹੋਦਾਹੀ ਤੁਰਿਆ ਸੂਰਾ।
ਕਹਿਣੀ ਤੇ ਕਂਥਨੀ ਦਾ ਪੂਰਾ।
ਸਿਰਫ਼ ਜਨੇਊ ਜਾਂ ਕਸ਼ਮੀਰੀ
ਤੁਰਿਆ ਨਾ ਉਹ ਪੰਡਿਤਾਂ ਖਾਤਰ।
ਮੇਰਾ ਬਾਬਲ ਤੇਗ ਬਹਾਦਰ।
ਉਹ ਤਾਂ ਭੈ ਵਣਜਾਰਿਆਂ ਨੂੰ
ਇਹ ਕਹਿਣ ਗਿਆ ਸੀ।
ਨਾ ਭੈ ਦੇਣਾ ਨਾ ਭੈ ਮੰਨਣਾ।
ਕੂੜ ਦਾ ਭਾਂਡਾ ਹੱਥੀਂ ਭੰਨਣਾ।
ਆਪ ਤੁਰ ਪਿਆ ਦਿੱਲੀ ਦੇ ਵੱਲ।
ਆਪ ਕਹਾਂਗਾ ਮੈਂ ਆਪਣੀ ਗੱਲ।
ਤਖ਼ਤ ਨਸ਼ੀਨਾਂ ਦੇ ਘਰ ਜਾ ਕੇ
ਲਾਲ ਕਿਲ੍ਹੇ ਦੇ ਦਰ ਦੀਵਾਰਾਂ
ਸ਼ਬਦ ਬਾਣ ਦੇ ਨਾਲ ਠਕੋਰੂੰ।
ਪੱਥਰ ਚਿੱਤ ਨੂੰ ਵੇਖਿਓ ਭੋਰੂੰ।
ਦੀਨ ਬਹਾਨੇ
ਈਨ ਮਨਾਉਣੀ ਨਾ ਹੈ ਮੰਨਣੀ।
ਕੂੜੀ ਕੰਧ ਹੈ ਏਦਾਂ ਭੰਨਣੀ।
ਤਿਲਕ ਜਨੇਊ ਤਸਬੀ ਮਣਕੇ।
ਖ਼ੁਦ ਆਪਣੀ ਰਖਵਾਲੀ ਦੇ ਲਈ
ਜੇ ਅੱਜ ਖੜ੍ਹੇ ਨਾ ਹੋਏ ਤਣ ਕੇ।
ਰੀਂਘਣਹਾਰੇ ਬਣ ਜਾਣੇ
ਇਹ ਨਾਗ ਖੜੱਪੇ।
ਜ਼ੋਰ ਜਬਰ ਦਾ
ਆਲਮ ਪਸਰੂ ਚੱਪੇ ਚੱਪੇ।
ਮੇਰੇ ਧਰਮੀ ਬਾਬਲ ਨੇ
ਇਹ ਠੀਕ ਕਿਹਾ ਸੀ।
ਔਰੰਗਜ਼ੇਬ ਤੂੰ ਬਾਤ ਸਮਝ ਲੈ
ਜੇਕਰ ਜਬਰ ਜਨੇਊ ਕਰਦਾ
ਸੁੰਨਤਧਾਰੀ ਹੁੰਦਾ
ਜ਼ੋਰ ਜ਼ੁਲਮ ਤੋਂ ਡਰਦਾ
ਮੈਂ ਤਾਂ ਏਸੇ ਮਾਰਗ ਤੁਰ ਕੇ
ਆ ਜਾਣਾ ਸੀ।
ਤਿਲਕਧਾਰੀਆਂ ਨੂੰ ਵੀ ਇਹ
ਸਮਝਾ ਜਾਣਾ ਸੀ।
ਧਰਮ ਕਰਮ
ਤਲਵਾਰ ਸਹਾਰੇ
ਪਲਦਾ ਨਹੀਂ ਹੈ।
ਜਿਸ ਬੂਟੇ ਦੀ ਜੜ੍ਹ ਦੇ ਥੱਲੇ
ਕੂੜ ਕੁਫ਼ਰ ਦੀ ਢੇਰੀ ਹੋਵੇ
ਸਦੀਆਂ ਤੀਕਰ
ਫ਼ਲਦਾ ਨਹੀਂ ਹੈ।
ਮੇਰੇ ਬਾਬਲ ਸੀਸ ਕਟਾਇਆ
ਤਖ਼ਤਾ ਚੁਣਿਆ
ਤਖ਼ਤ ਨਿਵਾਇਆ।
ਨਾਲੇ ਇਹ ਵੀ ਸਬਕ ਪੜ੍ਹਾਇਆ
ਸਦਾ ਨਹੀਂ ਥਿਰ ਰਹਿੰਦੀ
ਤਾਕਤ ਭਰਮ ਜਾਲ ਹੈ
ਨਿਰੀ ਪੁਰੀ ਬੱਦਲਾਂ ਦੀ ਛਾਇਆ।
ਮਨ ਪੁੱਛਦਾ ਹੈ
ਕਿਹੜਾ ਫੇਰ
ਆਨੰਦਪੁਰੀ ਤੋਂ ਮੁੜ ਕੇ ਧਾਵੇ।
ਤਖ਼ਤ ਤਾਜ ਨੂੰ ਇਹ ਸਮਝਾਵੇ।
ਜਬਰ ਜ਼ੁਲਮ ਜੇ ਹੱਦ ਟੱਪ ਜਾਵੇ
ਖਿਸਕ ਜਾਣ ਏਦਾਂ ਹੀ ਪਾਵੇ।
ਕੁੱਲ ਧਰਤੀ ਦੇ ਵੰਨ ਸੁਵੰਨੇ
ਜੇ ਨਾ ਰਹੇ ਖਿੜੇ ਫੁੱਲ ਪੱਤੀਂਆਂ।
ਕਿੰਜ ਆਵੇਗੀ ਰੁੱਤ ਬਸੰਤੀ
ਵਗਣਗੀਆਂ ਪੌਣਾਂ ਫਿਰ ਤੱਤੀਆਂ।
ਕੂੜ ਅਮਾਵਸ ਕਾਲ਼ਾ ਅੰਬਰ
ਕਿਓਂ ਤਣਦੇ ਹੋ ਏਡ ਆਡੰਬਰ।
ਮੇਰਾ ਬਾਬਲ ਦਿੱਲੀ ਅੰਦਰ
ਅੱਜ ਵੀ ਸਾਨੂੰ ਵੇਖ ਰਿਹਾ ਹੈ।
ਜ਼ੋਰ ਨਾਲ ਹਾਂ ਜਬਰ ਨਾਲ ਹਾਂ।
ਸ਼ਬਦ ਨਾਲ ਹਾਂ ਕਬਰ ਨਾਲ ਹਾਂ।
ਸਿਰ ਤੇ ਸੂਰਜ ਸੱਚ ਦਾ ਚੜ੍ਹਿਆ।
ਸ਼ਬਦ ਸੰਵਾਰਨਹਾਰ ਨਾ ਪੜ੍ਹਿਆ।
ਸਾਡੀ ਹੀ ਅਲਗਰਜ਼ੀ
ਜੇਕਰ ਅਕਲੀਂ ਕੁੰਡੇ ਜੰਦਰੇ ਮਾਰੇ।
ਹਰ ਵਾਰੀ ਕਿਓਂ ਆ ਕੇ
ਬਾਬਲ ਕਾਜ ਸੰਵਾਰੇ।
ਦੀਨ ਧਰਮ ਦੇ ਰਾਖਿਓ
ਅੰਦਰ ਝਾਤੀ ਮਾਰੋ।
ਜੋ ਗੁਰ ਦੱਸੀ ਵਾਟ ਓਸ ਦੇ
ਰਾਹਾਂ ਵਿੱਚ ਬੁਹਾਰੀ ਮਾਰੋ।
ਆਪੇ ਪੜ੍ਹ ਕੇ ਆਪ ਵਿਚਾਰੋ।
ਬਰਖ਼ੁਰਦਾਰੋ।

10. ਕਿਰਤ ਦਿਹਾੜਾ

ਕਿਰਤੀ ਦਾ
ਕੋਈ ਦਿਹਾੜਾ ਨਹੀਂ ਹੁੰਦਾ
ਸਿਰਫ਼ ਦਿਹਾੜੀ ਹੁੰਦੀ ਹੈ।
ਜਦ ਟੁੱਟਦੀ ਹੈ
ਤਾਂ ਆਸਾਂ ਦਾ
ਚੂਰਾ ਹੋ ਜਾਂਦਾ ਹੈ।
ਰੀਝਾਂ ਟੁਕੜੇ ਟੁਕੜੇ
ਹੋ ਜਾਂਦੀਆਂ ਨੇ।

11. ਜ਼ਿੰਦਗੀ ਦੀ ਦੌੜ ਵਿੱਚ

ਜ਼ਿੰਦਗੀ ਦੀ ਦੌੜ ਵਿੱਚ
ਤਜ਼ਰਬਾ ਕੱਚਾ ਹੀ ਰਹਿ ਗਿਆ।
ਅਸੀਂ ਸਿੱਖ ਨਾ ਸਕੇ ਫਰੇਬ
ਤੇ ਦਿਲ ਬੱਚਾ ਹੀ ਰਹਿ ਗਿਆ।
ਬਚਪਨ ਦੇ ਵਿੱਚ
ਜਿੱਥੇ ਚਾਹੁੰਦੇ ਹੱਸ ਲੈਂਦੇ ਸਾਂ।
ਜਿੱਥੇ ਚਾਹੁੰਦੇ ਰੋ ਲੈਂਦੇ ਸਾਂ।
ਪਰ ਹੁਣ ਮੁਸਕਰਾਉਣ ਲਈ
ਤਮੀਜ਼ ਚਾਹੀਦੀ ਹੈ।
ਤੇ ਹੰਝੂਆਂ ਨੂੰ
ਇੱਕਲਵਾਂਝਾ।
ਅਸੀਂ ਵੀ ਮੁਸਕਰਾਉਂਦੇ ਸਾਂ
ਕਦੀ ਬੇਪਰਵਾਹੀ ਨਾਲ।
ਵੇਖਿਆ ਹੈ ਅੱਜ
ਆਪਣੇ ਆਪ ਨੂੰ।
ਚਲੋ!
ਮੁਸਕਰਾਉਣ ਦਾ
ਬਹਾਨਾ ਲੱਭਦੇ ਹਾਂ।
ਤੁਸੀਂ ਮੈਨੂੰ ਲੱਭੋ
ਅਸੀਂ ਤੁਹਾਨੂੰ ਢੂੰਡਦੇ ਹਾਂ।

(ਹਿੰਦੀ ਕਵਿਤਾ: ਗੁਲਜ਼ਾਰ;
ਪੰਜਾਬੀ ਰੂਪ: ਗੁਰਭਜਨ ਗਿੱਲ)

12. ਛੋਟਾ ਕਿਸਾਨ

ਮੈਂ ਇੱਕ ਛੋਟਾ ਕਿਸਾਨ ਹਾਂ ।
ਤੁਹਾਡੇ ਖਾਣ ਲਈ,
ਰੋਟੀ ਉਗਾਉਂਦਾ ਹਾਂ ।
ਕਰਜ਼ੇ ਚ ਡੁੱਬਦਾ ਹਾਂ ।
ਬਾਬੂਆਂ ਦੀਆਂ ਗਾਲ੍ਹਾਂ,
ਪੁਲਿਸ ਦੀ ਗੋਲੀ ਖਾਂਦਾ ਹਾਂ।
ਬੈਂਕ ਅਤੇ ਸ਼ਾਹੂਕਾਰ ਦੇ ਡਰੋਂ,
ਸਪਰੇਅ ਪੀ ਜਾਂਦਾ ਹਾਂ।
ਮੇਰੇ ਹੀ ਪੁੱਤ,
ਸਰਹੱਦ ਤੇ ਕੁਰਬਾਨ ਹੁੰਦੇ ਨੇ।
ਤੁਸੀਂ ਦੇਖੋ
ਦੋ ਚਾਰ ਫੀ ਸਦੀ,
ਵੱਡੇ ਕਿਸਾਨ,
ਤੁਸੀਂ ਸਮੂਹ ਕਿਸਾਨਾਂ ਲਈ,
ਅਪਣਾ ਲਈ ਹੈ
ਬੇਗਾਨਗੀ।
ਐਨੀ ਬੇਰੁਖੀ!
ਲਾਹਨਤ ਹੈ,
ਤੁਹਾਡੇ ਸੱਭਿਅਕ ਹੋਣ ਤੇ।
ਕਰਜ਼ੇ ਨਾਲ ਨਾ ਮਰਾਂਗਾ,
ਤਾਂ ਆਲੂ ਮਾਰ ਦੇਊ।
ਪਿਆਜ਼ ਮਾਰ ਦੇਊ।
ਟੀ.ਬੀ. ਤੋਂ ਬਚ ਗਿਆ ਤਾਂ,
ਸਰਕਾਰੀ ਨੀਤੀ ਮਾਰ ਦੇਊ।
ਮੇਰੀ ਜਾਨ,
ਮੇਰਾ ਜਵਾਨ,
ਤੇ ਮੇਰੀ ਗਾਂ,
ਤਿੰਨਾਂ ਦਾ ਖੂਨ ਪੀ ਕੇ,
ਜਵਾਨ ਹੋਈ ਸਿਆਸਤ,
ਤਿੰਨਾਂ ਦੀਆਂ ਲਾਸ਼ਾ ਨਾਲ
ਖੇਡ ਰਹੀ ਹੈ।
ਕਿਸਾਨਾਂ ਅਤੇ ਜਵਾਨਾਂ ਦੀਆਂ
ਵਿਧਵਾਵਾਂ ਚੁੱਪਚਾਪ
ਭਾਰਤ ਮਾਤਾ ਨਾਮ ਦਾ
ਜੋਸ਼ੀਲਾ ਨਾਟਕ ਦੇਖ ਰਹੀਆਂ ਨੇ।
ਗਾਂ ਮੇਰੀ ਮਾਂ ਹੈ,
ਪਰ ਦਿੱਲੀ 'ਚ ਇੱਕ ਖੌਫ਼ਨਾਕ ਪ੍ਰਤੀਕ।
'ਗਾਂ' ਸ਼ਬਦ,
ਆਦਮਖੋਰ ਭੀੜ ਨੂੰ ਮਿਲਿਆ,
ਸਰਕਾਰੀ ਲਾਇਸੰਸ ਹੈ।
ਹੁਣ ਪੂਰੇ ਦੇਸ਼ ਚ,
ਗਊ ਰੱਖਿਅਕਾਂ ਦਾ ਆਤੰਕ ਹੈ। ਕਿਸੇ ਦਾ ਕਤਲ ਕਰ ਦੇਣਾ,
ਇੱਕ ਰਾਸ਼ਟਰਵਾਦੀ ਕੰਮ ਹੈ।
ਸ਼ਹਿਰ ਉੱਕ ਗਿਆ ਹੈ।
ਪਾਣੀ ਮਰ ਗਿਆ ਹੈ,
ਨਦੀਆਂ ਚੋਂ ਤੇ ਅੱਖਾਂ ਚੋਂ ਵੀ।
ਮਰਾਠਵਾੜਾ, ਵਿਦਰਭ ਜਾਂ ਬੁੰਦੇਲਖੰਡ,
ਜਾਂ ਕਰਜ਼ ਦੇ ਲਾਲ ਕਿਲੇ ਤੇ
ਲਟਕਦੀਆਂ
ਸਵਾ ਤਿੰਨ ਲੱਖ ਲਾਸ਼ਾਂ,
ਕਿਸੇ ਨੂੰ ਪੇ੍ਸ਼ਾਨ ਨਹੀ ਕਰਦੀਆਂ।
ਰਾਜਾ ਯੋਗ-ਆਸਨਾਂ ਚ ਰੁੱਝਿਆ ਹੈ।
ਅਤੇ ਪਰਜਾ ਖੁਦਕੁਸ਼ੀਆਂ ਚ।
ਹੁਣ ਖੁਦਕੁਸ਼ੀ ਨਾ ਅਪਰਾਧ ਹੈ,
ਤੇ ਨਾ ਹੀ ਰਾਸ਼ਟਰੀ ਨਮੋਸ਼ੀ।
ਹਰ ਕਿਸੇ ਨੂੰ ਛੋਟ ਹੈ,
ਕਰਜ ਤੋਂ, ਭੁੱਖ ਤੋਂ,
ਤੰਗੀ ਤੋਂ, ਬਜ਼ਰੰਗੀ ਤੋਂ,
ਦੁਖੀ ਹੋ ਸਪਰੇਅ ਪੀਣ ਦੀ।
ਚਲੋ ਕੁਝ ਦਿਨ,
ਅਜਿਹਾ ਕਰੀਏ,
ਮੈਂ ਅਨਾਜ ਉਗਾਉਣਾ ਛੱਡ ਦਿਆਂ।
ਤੁਸੀਂ ਅਨਾਜ ਖਾਣਾ ਛੱਡ ਦਿਉ।
ਮੈਂ ਸ਼ਹਿਰ ਆਉਣਾ ਛੱਡ ਦਿਆਂ,
ਤੁਸੀਂ ਪਿੰਡ ਆਉਣਾ ਛੱਡ ਦਿਉ।
ਪਰਧਾਨ ਮੰਤਰੀ ਜੀ!
ਤੁਸੀਂ ਯੋਗੀ ਹੋ !
ਸਿੰਘਾਸਨ ਦੇ ਭੋਗੀ ਹੋ
ਕੀ ਤੁਸੀਂ ਵੀ ਰੋਟੀ ਖਾਂਦੇ ਹੋ.?
ਤੁਸੀਂ ਰੋਟੀ ਕਿਉਂ ਖਾਂਦੇ ਹੋ..?
ਤੁਸੀਂ ਕੁਝ ਦਿਨ
ਮੇਕ-ਇਨ-ਇੰਡੀਆ ਦਾ ਸ਼ੇਰ,
ਅਡਾਨੀ ਦਾ ਕੋਇਲਾ,
ਜਾਂ ਬਾਰੂਦ ਕਿਉਂ ਨਹੀਂ ਖਾਂਦੇ..?
ਟਾਟਾ ਦੀ ਕਾਰ ਕਿਉਂ ਨਹੀਂ ਖਾਂਦੇ..?
ਮੇਰੇ ਮਜ਼ਦੂਰ ਪੁੱਤ ਵਾਂਗਰ
'ਗਊ-ਰੱਖਿਅਕਾਂ' ਦੀ
ਕੁੱਟ ਕਿਉਂ ਨਹੀਂ ਖਾਂਦੇ..?
ਤੁਸੀਂ ਰੋਟੀ ਕਿਉਂ ਖਾਂਦੇ ਹੋ..??
ਮੇਰੇ ਦੇਸ਼ ਵਾਸੀਓ !
ਬਹੁਤ ਸੋਹਣਾ ਲਗਦਾ ਹੋਊ
ਤੁਹਾਨੂੰ
ਸਾਡੀ ਮੌਤ ਤੇ
ਤੁਹਾਡਾ ਨਿਰਦੇਸ਼ਿਤ ਮੌਨ।
ਮੁਬਾਰਕ ਹੋਵੇ!
ਆਪਣੀਆਂ ਕੰਧਾਂ
ਮਜ਼ਬੂਤ ਬਣਾਈ ਰੱਖਣਾ।
ਨਿਆਂਕਾਰੀ ਬਣੀ
ਅਵਾਰਾ ਭੀੜ ਹੱਥੋਂ
ਕਰਜ਼ ਅਤੇ ਕੰਪਨੀਆਂ ਹੱਥੋਂ ਮਰਨਾ।
ਸਾਡੇ ਘਰ ਜਦੋਂ ਮੌਤ ਆਈ,
ਸਰਕਾਰੀ ਚੋਲ਼ੇ ਵਿੱਚ,
ਹਮਦਰਦ ਹੋ ਕੇ ਆਈ ਸੀ |
ਆਪਣੇ ਨਿਆਣਿਆਂ ਨੂੰ
ਇਸ ਸਭ ਤੋਂ ਬਚਾਈ ਰੱਖਣਾ
ਆਪਣੇ ਪਾਖੰਡ ਨੂੰ
ਨਾਅਰਿਆਂ ਤੋਂ ਬਚਾ ਕੇ ਰੱਖਣਾ

(ਹਿੰਦੀ ਕਵਿਤਾ: ਕ੍ਰਿਸ਼ਨ ਕਾਂਤ-ਮੱਧ ਪ੍ਰਦੇਸ਼;
ਪੰਜਾਬੀ ਰੂਪ: ਗੁਰਭਜਨ ਗਿੱਲ)

13. ਕੋਲੋਂ ਲੰਘਦੇ ਹਾਣੀਓਂ

ਸਾਡੀਆਂ ਕਿਤਾਬਾਂ ਕਿਤੇ ਹੋਰ ਨੇ
ਵਰਕਾ ਵਰਕਾ ਖਿੱਲਰੀਆਂ
ਰੂੜੀਆਂ ਤੇ ਪਈਆਂ ਸ਼ਬਦ ਸ਼ਬਦ
ਵਾਕ ਵਾਕ ਸਾਨੂੰ ਉਡੀਕਦੀਆਂ।
ਸਾਡੇ ਬਸਤੇ ਹੋਰ ਨੇ।
ਤੁਹਾਨੂੰ ਮਾਵਾਂ ਨੇ ਤੋਰਿਆ
ਮੱਥੇ ਚੁੰਮ ਕੇ,
ਦਹੀਂ ਦੀਆਂ ਫੁੱਟੀ ਖੁਆ ਕੇ।
ਦੁਪਹਿਰ ਦਾ ਟਿਫਨ ਨਾਲ ਬੰਨ੍ਹਿਆ।
ਸਾਨੂੰ ਕੱਢਿਆ ਝਿੜਕ ਕੇ
ਕਿਹਾ ਕਿ ਜਾਓ
ਕਮਾਓ ਤੇ ਖਾਉ।
ਰੂੜੀਆਂ ਫੋਲ ਕੇ
ਕਮਾਉਣ ਚੱਲੇ ਹਾਂ
ਤੇ ਧੱਕੇ ਖਾਂਦੇ ਖਾਂਦੇ
ਜਵਾਨ ਹੋ ਜਾਵਾਂਗੇ।
ਸਾਨੂੰ ਵੀ ਸੁਪਨੇ ਆਉਂਦੇ ਨੇ
ਅੰਬਰੀਂ ਉੱਡਣ ਦੇ
ਸੂਰਜ ਤੇ ਤਾਰਿਆਂ ਨਾਲ
ਲੁਕਣਮੀਟੀ ਖੇਡਣ ਦੇ।
ਛੜਿਆਂ ਦੇ ਅੰਬਰੀ ਰਾਹ ਤੇ
ਚੁਗਦੀਆਂ ਗਊਆਂ ਦੇ
ਥਣ ਚੁੰਘਣ ਦੇ।
ਸਾਡੀਆਂ ਜਟੂਰੀਆਂ ਚ ਜਦ ਕਦੇ
ਕੰਘੀ ਫਿਰਦੀ ਹੈ
ਸੱਚ ਜਾਣਿਓਂ
ਮਾਂ ਵਿਹੁ ਵਰਗੀ ਲੱਗਦੀ ਹੈ।
ਅੜਕਾਂ, ਗੁੰਝਲਾਂ ਚ ਜੰਮੀ ਮੈਲ
ਹੁਣ ਚਮੜੀ ਦਾ ਹਿੱਸਾ ਬਣ ਗਈ ਹੈ।
ਸਾਨੂੰ ਵੀ ਰਿਬਨ ਚ ਗੁੰਦੇ ਵਾਲ
ਬੜੇ ਹੁਸੀਨ ਲੱਗਦੇ ਨੇ
ਪਰ ਸਾਡੇ ਘਰੀਂ
ਤਾਂ ਪੂਰਾ ਸ਼ੀਸ਼ਾ ਵੀ ਨਾ
ਮੂੰਹ ਵੇਖਣ ਲਈ।
ਟੁੱਟੇ ਸ਼ੀਸ਼ੇ ਦਾ ਇੱਕ ਟੋਟਾ
ਵਿੰਗ ਤੜਿੰਗੇ ਮੂੰਹ ਵਿਖਾਉਂਦਾ
ਦੰਦੀਆਂ ਚਿੜਾਉਂਦਾ ਲੱਗਦਾ ਹੈ।
ਰੂੜੀਆਂ ਤੋਂ ਚੁਗੇ ਮੋਮਜਾਮੇ
ਧੋਵਾਂਗੇ ਸੁਕਾਵਾਂਗੇ।
ਬਾਣੀਏ ਨੂੰ ਵੇਚ
ਕਿਸੇ ਹੱਟੀ ਉੱਤੇ ਜਾਵਾਂਗੇ।
ਆਟਾ ਲੂਣ ਤੇਲ ਲੈ ਕੇ
ਡੰਗ ਤਾਂ ਟਪਾਵਾਂਗੇ
ਹੌਲੀ ਹੌਲੀ ਹੌਲੀ ਹੌਲੀ
ਵੱਡੇ ਵੀ ਹੋ ਜਾਵਾਂਗੇ।
ਉਮਰ ਲੰਘਾਵਾਂਗੇ।
ਸਾਨੂੰ ਵੀ ਗੁਲਾਬ ਜਲ ਨਾਲ
ਮੂੰਹ ਧੋਣਾ ਚੰਗਾ ਲੱਗਦਾ ਹੈ।
ਲੀਰੋ ਲੀਰ ਲਿਬਾਸ ਦੀ ਥਾਂ
ਸਾਨੂੰ ਵੀ
ਫੁੱਲਾਂ ਵਾਲਾ ਕੁਰਤਾ ਚਾਹੀਦੈ
ਅਣਲੱਗ ਤੇ ਨਵਾਂ ਨਕੋਰ
ਪੁਰਾਣੇ ਉਤਾਰ ਪਾਉਂਦਿਆਂ
ਹੰਢ ਚੱਲੀ ਹੈ ਕੰਚਨ ਦੇਹੀ।
ਸਾਡੀ ਵੀ ਤੁਹਾਡੇ ਵਾਂਗ
ਇਹੀ ਧਰਤੀ ਮਾਂ ਹੈ।
ਸਾਡਾ ਬਾਬਲ ਵੀ
ਤੁਹਾਡੇ ਵਾਲਾ ਅੰਬਰ ਹੈ।
ਇੱਕੋ ਜਹੇ ਮੌਸਮਾਂ ਵਿੱਚ
ਜੀਂਦੇ ਅਸੀਂ ਹੀ ਕਿਓਂ
ਮਰਦੇ ਹਾਂ ਅਣਆਈ ਮੌਤ।
ਜਵਾਨ ਉਮਰੇ ਸਾਡੀਆਂ
ਛਾਤੀਆਂ ਹੀ ਕਿਓਂ ਪਿਚਕਦੀਆਂ ਨੇ।
ਕਿਓਂ ਫਿਰਦੇ ਹਨ
ਬੁਲਡੋਜ਼ਰ ਸਾਡੀ ਹਿੱਕ ਤੇ
ਝੁੱਗੀਆਂ ਢਾਹ ਕੇ।
ਸਾਡੀਆਂ ਪਤੀਲੀਆਂ ਹੀ ਕਿਓਂ
ਚਿੱਬ ਖੜਿੱਬੀਆਂ ਹੁੰਦੀਆਂ ਨੇ।
ਤੁਸੀਂ ਨਹੀ ਜਾਣ ਸਕੋਗੇ
ਚੂਰੀਆਂ ਖਾਣਿਓਂ।
ਇੱਕ ਹੋ ਕੇ ਵੀ
ਧਰਤੀ ਦੇ ਦੋ ਟੁਕੜੇ ਨੇ
ਅੱਧਾ ਤੁਹਾਡਾ
ਤੇ ਦੂਸਰਾ ਵੀ ਸਾਡਾ ਨਹੀਂ!
ਨਦੀਨ ਕੌਣ ਬੀਜਦਾ ਹੈ
ਪਰ ਉੱਗ ਪਏ ਹਾਂ
ਅਸੀਂ ਏਨੀ ਜਲਦੀ ਨਹੀਂ
ਮਰਨ ਵਾਲੇ।
ਚਲੋ! ਜਾਓ ਪੜ੍ਹੋ
ਆਪਣੇ ਸਕੂਲਾਂ ਵਿੱਚ।
ਬਣੋ ਬਾਬੂ ਨੁਮਾ ਪੁਰਜ਼ੇ।
ਰਲ ਜਾਓ ਖ਼ਾਰੇ ਸਮੁੰਦਰ ਚ।
ਸਾਡੇ ਹੰਝੂ ਵੀ
ਏਥੇ ਹੀ ਦਫ਼ਨ ਹਨ।

14. ਕਰੋਸ਼ੀਏ ਨਾਲ ਮਾਂ

ਕਰੋਸ਼ੀਏ ਨਾਲ ਮਾਂ
ਧਾਗੇ ਇੱਕ ਦੂਸਰੇ ਚ ਪਾ
ਰੁਮਾਲ ਨਹੀਂ ਬੁਣਦੀ
ਕਵਿਤਾਵਾਂ ਲਿਖਦੀ ਹੈ।
ਰੀਝਾਂ ਦੇ ਮੇਜ਼ਪੋਸ਼
ਮੂੰਹੋਂ ਬੋਲਦੇ ਦਸਤਰ ਖ੍ਵਾਨ।
ਹੋਰ ਬਹੁਤ ਕੁਝ
ਗੀਤਾਂ ਗ਼ਜ਼ਲਾਂ ਜਿਹਾ।
ਸੌਖਾ ਨਹੀਂ ਹੁੰਦਾ
ਇੱਕੋ ਰੰਗ ਦੇ ਧਾਗਿਆਂ ਨਾਲ ਘੁਲਣਾ।
ਤੇ ਆਕਾਰ ਬਣਾ ਧਰਨਾ।
ਖਿੜੇ ਕੰਵਲ ਫੁੱਲ
ਬਿਨ ਪਾਣੀਓਂ ਸਜੀਵ ਕਰਨਾ।
ਚਿਤਵਣਾ ਤੇ ਇਸ ਦੀਆਂ,
ਤੰਦਾਂ ਦੇ ਨਾਲ ਨਾਲ ਤੁਰਨਾ।
ਬੁਲਬੁਲਿਆਂ ਦੇ ਪਹਾੜ ਬਣਾਉਣਾ।
ਤੇ ਕਦਮ ਕਦਮ ਚੜ੍ਹਾਈ ਚੜ੍ਹਨਾ।
ਉਮਰ ਦੇ
ਅਠਵੇਂ ਪਹਿਰ ਦੇ ਲੌਢੇ ਵੇਲੇ
ਹਯਾਤੀ ਨੂੰ
ਕੁਝ ਨਾ ਕੁਝ
ਜੋੜੀ ਜਾਣ ਵਿੱਚ ਪਾਈ ਰੱਖਣਾ।
ਟੁੱਟਿਆਂ ਨੂੰ ਜੋੜਦੇ ਰਹਿਣਾ
ਗਾਂਢੇ ਦਾ
ਪਤਾ ਵੀ ਨਾ ਲੱਗਣ ਦੇਣਾ।
ਇਹ ਕਰਾਮਾਤ
ਸਿਰਫ਼ ਮਾਂ ਹੀ ਕਰਦੀ ਹੈ।
ਪੁੱਤਰਾਂ ਧੀਆਂ ਤੋਂ ਅੱਗੇ
ਪੋਤਰੇ ਪੋਤਰੀਆਂ
ਦੋਹਤਰੇ ਦੋਹਤਰੀਆਂ ਤੀਕ
ਸੋਚਦੀ ਸੋਚਦੀ
ਲੱਗੀ ਰਹਿੰਦੀ ਹੈ ਹਰ ਪਲ।
ਕਰੋਸ਼ੀਏ ਨਾਲ
ਆਕਾਰ ਸਾਕਾਰ ਕਰਦਿਆਂ
ਮਨ ਵਿੱਚ
ਬਹੁਤ ਕੁਝ ਤੁਰਦਾ ਹੈ
ਉਡਾਰੀ ਭਰਦੀ ਹੈ
ਬਿਨ ਖੰਭਾਂ ਤੋਂ
ਅੰਬਰ ਗਾਹੁੰਦੀ ਹੈ।
ਗੋਡੇ ਮੋਢੇ
ਦੁਖਣ ਦੇ ਬਾਵਜੂਦ
ਬੈਠੀ ਬੈਠੀ
ਬਹੁਤ ਦੂਰ ਤੁਰ ਜਾਂਦੀ ਹੈ।
ਪੋਤਰੀਆਂ ਪੜਪੋਤਰੀਆਂ ਨਾਲ
ਖੇਡ ਲੈਂਦੀ ਹੈ ਇਨ੍ਹਾਂ ਤੰਦਾਂ ਸਹਾਰੇ।
ਕਰੋਸ਼ੀਆ ਉਸ ਲਈ
ਉਸ ਸਿਦਕ ਦਾ ਨਾਮ ਹੈ
ਜੋ ਸਾਡੇ ਰਿਸ਼ਤਿਆਂ ਨੂੰ
ਹਰ ਪਲ ਅੱਗੇ ਤੋਰਦਾ ਹੈ
ਦਿਨ ਰਾਤ ਦੇ ਆਪਸ 'ਚ
ਫਸੇ ਕੁੰਡਿਆਂ ਵਾਂਗ
ਅੰਤਰ ਗਾਂਢਾ ਜਿਹਾ।
ਮਾਂ ਸਭ ਤੋਂ ਸੁਚਿਆਰੀ ਹੁੰਦੀ ਹੈ
ਕਰੋਸ਼ੀਆ ਬੁਂਣਦਿਆਂ।
ਬੋਲਦੀ ਨਹੀਂ,
ਪਰ ਤੰਦਾਂ ਨਾਲ ਲਗਾਤਾਰ
ਵਾਰਤਾਲਾਪ ਕਰਦੀ।
ਕਿਰਤ ਦਾ ਨਿੱਤਨੇਮ
ਕਰਦੀ ਮਾਂ ਤੋਂ ਵੱਡਾ
ਮੈਨੂੰ ਕੋਈ
ਹੋਰ ਧਰਮਾਤਮਾ ਨਹੀਂ ਦਿਸਿਆ।
ਐਨਕ ਦੇ ਸਹਾਰੇ
ਬਾਰੀਕ ਤੰਦਾਂ ਜੋੜਦੀ ਮਾਂ
ਮੇਰੀ ਧਰਤੀ ਬਣ ਜਾਂਦੀ ਹੈ
ਤੇ ਅਗਲੇ ਪਲ ਅੰਬਰ।
ਮਾਂ
ਠੰਢੀ ਮਿੱਠੀ ਪੌਣ ਬਣ ਜਾਂਦੀ ਹੈ।
ਹਰਿਆਲੀ ਛਤਰੀ
ਧੁੱਪੇ ਸਾਡੇ ਸਿਰਾਂ ਤੇ ਤਣਦੀ।
ਮਾਂ
ਦੂਸਰਾ ਬਲਿਹਾਰੀ
ਜੋ ਜਣਦੀ ਪਾਲਦੀ ਸੰਭਾਲਦੀ
ਆਪਣਾ ਆਪ
ਮਿੱਟੀ ਚ ਮਿਟਾ ਦਿੰਦੀ ਹੈ।
ਆਖ਼ਰੀ ਸਵਾਸਾਂ ਤੀਕ
ਕਣ ਕਣ ਟੁੱਟਦੀ ਜੁੜਦੀ
ਚੇਤਿਆਂ ਚ
ਸਦੀਵ ਕਾਲ ਵਾਸਤੇ ਬਹਿ ਜਾਂਦੀ ਹੈ।

15. ਜਾਗਦੀ ਹੈ ਮਾਂ ਅਜੇ

ਸੌਂ ਗਈ ਹੈ ਧਰਤ ਸਾਰੀ
ਰੁਕ ਗਏ ਨੇ ਦਰਿਆਵਾਂ ਦੇ ਪਾਣੀ
ਬਾਤ ਹੋ ਗਈ ਹੈ ਬੇ ਹੁੰਗਾਰਾ।
ਕਿਤੇ ਦੂਰ ਜਹੇ ਟਟੀਹਰੀ ਬੋਲੀ ਹੈ।
ਚੁੱਪ ਹੈ ਗਲੀਆਂ ਚ
ਬੰਦਿਆਂ ਦੀ ਪੈਰ ਚਾਪ
ਜਾਗਦੀ ਹੈ ਮਾਂ ਅਜੇ।
ਭਾਂਡਾ ਟੀਂਡਾ ਸਾਂਭ ਸੁੰਬਰ ਕੇ
ਦੁੱਧ ਨੂੰ ਜਾਗ ਲਾ ਕੇ
ਛਿਕਾਲੇ ਹੇਠ ਧਰ ਆਈ ਹੈ
ਬਿੱਲੀ ਕੁੱਤੇ ਤੋਂ ਡਰਦੀ ਮਾਰੀ।
ਪੀ ਨਾ ਜਾਣ ਕਿਤੇ ਇਹ ਜਾਨਵਰ।
ਲਾਲਟੈਣ ਦੇ ਚਾਨਣੇ ਚ
ਪਤਾ ਨਹੀਂ ਕੀ ਵੇਖਦੀ ਹੈ
ਕਿਤਾਬ ਦੇ ਪੰਨਿਆਂ ਚੋਂ।
ਸ਼ਾਇਦ ਪੁੱਤਰ ਦੀ ਭਾਗ ਰੇਖਾ
ਧੀ ਦੇ ਅਗਲੇ ਘਰ ਦਾ ਨਕਸ਼ਾ
ਪੇਕਿਆਂ ਦੀ ਸੁਖ ਸਾਂਦ
ਸਹੁਰੇ ਘਰ ਦੀ ਖੁਸ਼ਹਾਲੀ ਦੇ ਵੇਰਵੇ।
ਅਨਪੜ੍ਹ ਹੋ ਕੇ ਵੀ
ਕਿੰਨਾ ਕੁਝ ਪੜ੍ਹੀ ਜਾਂਦੀ ਹੈ।
ਐਨਕ ਵਿੱਚੋਂ ਦੀ
ਸਗਲ ਸੰਸਾਰ ਨਾਲ ਰਿਸ਼ਤਾ ਜੋੜਦੀ
ਪੈਨਸਿਲ ਨਾਲ ਲੱਗੇ ਨਿਸ਼ਾਨਾਂ ਨੂੰ
ਗਹੁ ਨਾਲ ਵਾਚਦੀ
ਪੜ੍ਹੇ ਹੋਏ ਨੂੰ ਪੁਣਦੀ ਛਾਣਦੀ।
ਜਾਗਦੀ ਹੈ ਮਾਂ ਅਜੇ
ਦਾਦੀ ਬਣ ਕੇ ਵੀ ਜਾਗਦੀ ਹੈ ਹਾਲੇ
ਅੰਬਰ ਚ ਨਹੀਂ ਵੇਖਦੀ ਤਾਰੇ
ਅੱਖਰਾਂ ਚੋਂ ਅੱਖ ਦੇ ਤਾਰਿਆਂ ਦੇ
ਸਿਤਾਰੇ ਪਛਾਣਦੀ ਹੈ
ਮਾਂ ਜਾਗਦੀ ਹੈ ਅਜੇ।
ਜਿਹੜੇ ਘਰੀਂ ਮਾਵਾਂ ਸੌਂ ਜਾਂਦੀਆਂ
ਓਥੇ ਘਰਾਂ ਨੂੰ
ਜਗਾਉਣ ਵਾਲਾ ਕੋਈ ਨਹੀਂ ਹੁੰਦਾ।
ਰੱਬ ਵੀ ਨਹੀਂ।
ਮਾਂ ਵੱਡਾ ਸਾਰਾ ਰੱਬ ਹੈ।
ਧਰਤੀ ਜਿੱਡਾ ਜੇਰਾ
ਅੰਬਰ ਜਿੱਡੀ ਅੱਖ
ਸਮੁੰਦਰ ਤੋਂ ਡੂੰਘੀ ਨੀਝ
ਪੌਣਾਂ ਤੋਂ ਤੇਜ਼ ਉਡਾਰੀ
ਬਾਗ ਹੈ ਚੰਦਨ ਰੁੱਖਾਂ ਦਾ
ਮਹਿਕਵੰਤੀ ਬਹਾਰ।
ਬਾਬਲ ਤਾਂ ਰਾਜਾ ਹੈ।
ਘਰ ਦੀਆਂ ਨਿੱਕੀਆਂ ਵੱਡੀਆਂ
ਲੋੜਾਂ ਤੋਂ ਬੇਖ਼ਬਰ।
ਖ਼ੁਦ ਨੂੰ ਹਾਕਮ ਸਮਝਦਾ
ਓਨਾ ਹੀ ਲਾ ਪ੍ਰਵਾਹ।
ਪੁੱਤਰ ਧੀਆਂ ਦੇ ਬਸਤੇ ਤੋਂ ਬੇਖ਼ਬਰ
ਸ਼ਹਿਨਸ਼ਾਹਿ ਹਿੰਦ।
ਦੇਸ਼ ਵਿਦੇਸ਼ ਦਾ ਫ਼ਿਕਰ ਕਰਦਾ
ਮਰ ਚੱਲਿਆ ਹੈ।
ਕੌਡੀਆਂ ਨਾਲ ਖੇਡਦਿਆਂ
ਪਿੱਠੀਆਂ ਸਿੱਧੀਆਂ ਚਾਲਾਂ
ਚੱਲੀ ਜਾਂਦਾ ਹੈ ਤਿਕੜਮਬਾਜ਼।
ਬੰਦੇ ਨੂੰ ਪਹਿਲਾਂ
ਅੰਕੜਿਆਂ ਚ ਤਬਦੀਲ ਕਰਕੇ
ਸ਼ਤਰੰਜ ਵਾਂਗ ਖੇਡਦਾ।
ਚਤੁਰਾਈ ਨਾਲ ਦਿਨ ਰਾਤ ਨੂੰ
ਗੇੜੇ ਦੇਈ ਜਾਂਦਾ ਹੈ।
ਇਹ ਤਾਂ ਮਾਂ ਹੀ ਹੈ
ਧਰਤੀ ਵਾਂਗ ਸਭ ਦੇ ਪਰਦੇ ਕੱਜਦੀ
ਰੋਂਦੇ ਨੂੰ ਚੁੱਪ ਕਰਵਾਉਂਦੀ
ਥਾਂ ਸਿਰ ਬਿਠਾਉਂਦੀ
ਕੁਝ ਨਹੀਂ ਮੰਗਦੀ ਮੂੰਹੋਂ
ਆਪਣੇ ਆਪ ਲਈ।
ਮਾਂ ਜਦ ਤੀਕ ਜਾਗਦੀ ਹੈ।
ਲਾਲਟੈਣ ਵੀ ਨਹੀਂ ਬੁਝਣ ਦਿੰਦੀ।
ਪੁੱਤਰ ਧੀਆਂ ਤੇ ਸਗਲ ਸੰਸਾਰ ਲਈ
ਮਾਂ ਜਾਗਦੀ ਹੈ ਅਜੇ।

16. ਬੋਲੀਆਂ

ਜਿੰਨ੍ਹਾਂ ਚੀਰੀ ਸੀ ਜਵਾਨੀ ਸਾਡੀ,
ਉਹ ਆਰੀ ਵਾਲੇ ਫੇਰ ਆ ਗਏ।

ਤੇਰੀ ਮੰਨ ਗਏ ਨਿਸ਼ਾਨੇਬਾਜ਼ੀ,
ਅਸਾਂ ਵੀ ਭੰਵਾਈ ਕੰਡ ਨਾ।

ਘਰੋਂ ਗਿਆ ਸੀ ਧਰਮ ਦੀ ਰਾਖੀ,
ਗੋਲੀ ਨੇ ਮਾਸੂਮ ਖਾ ਲਿਆ।

ਬਿਨਾ ਗਿਆਨ ਤੋਂ ਗੁਰੂ ਨਹੀਂ ਲੱਭਣਾ,
ਭਰਮਾਂ ਚ ਫਿਰੇ ਦੁਨੀਆਂ।

ਕਿਹੜੀ ਥਾਂ ਤੇ ਪਲੀਤਾ ਲਾਇਆ,
ਪੁੱਤਰ ਬਾਰੂਦ ਬਣ ਗਏ।

ਪੁੱਤ ਕਰ ਗਿਆ ਬਿਸਤਰਾ ਖ਼ਾਲੀ,
ਆਖਦੇ ਸ਼ਹੀਦ ਹੋ ਗਿਆ।

ਰਾਜ ਕਰਦੇ ਕੁਰਸੀਆਂ ਵਾਲੇ,
ਲੋਕ ਬੈਠੇ ਸੜਕਾਂ ਤੇ।

ਭੱਠੀ ਤਪ ਗਈ ਭੁਨਾ ਲਓ ਦਾਣੇ,
ਪੁੱਤਰੋ ਸਿਆਸਤਾਂ ਦਿਓ।

ਕਾਹਨੂੰ ਮੁੜ ਕੇ ਪੰਜਾਬ ਤਪਾਇਆ,
ਸੇਕਦੇ ਸਿਆਸੀ ਰੋਟੀਆਂ।

ਕੀਹਦਾ ਦੇਸ਼ ਹੈ ਤਿਰੰਗਿਆ ਤੂੰ ਦੱਸ ਦੇ,
ਪੈਰੋਂ ਨੰਗੇ ਲੋਕ ਪੁੱਛਦੇ।

ਮੌਤ ਚੜ੍ਹੇ ਨਾ ਹਨ੍ਹੇਰੀ ਬਣ ਕੇ,
ਸਿਵਿਆਂ ਦੇ ਰੁੱਖ ਡੋਲਦੇ।

ਸਾਨੂੰ ਭੁੱਲ ਗਏ ਸਵਾਲ ਪੁਰਾਣੇ,
ਨਵਿਆਂ ਨੇ ਘੇਰਾ ਪਾ ਲਿਆ।

ਮੱਤ ਰਹੀ ਨਾ ਜਵਾਬਾਂ ਜੋਗੀ,
ਸਮਾਂ ਬਦਮਾਸ਼ ਹੋ ਗਿਆ।

ਬੂਟੇ ਸੁੱਕ ਗਏ ਉਮੀਦਾਂ ਵਾਲੇ,
ਵਿਹੜੇ ਚ ਭੂਚਾਲ ਆ ਗਿਆ।

ਕਿੱਥੇ ਮਰ ਗਏ ਬਾਗ ਦੇ ਰਾਖੇ,
ਪੈਲਾਂ ਪਾਉਂਦੇ ਮੋਰ ਪੁੱਛਦੇ।

ਲੋਕ ਜਦੋਂ ਵੀ ਹੱਕਾਂ ਦੀ ਗੱਲ ਕਰਦੇ,
ਕੁਰਸੀ ਦੇ ਪਾਵੇ ਡੋਲਦੇ।

ਮੁੰਡੇ ਮਰ ਗਏ ਕਮਾਈਆਂ ਕਰਦੇ,
ਟਾਕੀ ਵਾਲੇ ਬੂਟ ਨਾ ਜੁੜੇ।

17. ਉਹ ਕਲਮ ਕਿੱਥੇ ਹੈ ਜਨਾਬ

ਉਹ ਕਲਮ ਕਿੱਥੇ ਹੈ ਜਨਾਬ
ਜਿਸ ਨਾਲ ਸੂਰਮੇ ਨੇ ਪਹਿਲੀ ਵਾਰ
ਇਨਕਲਾਬ ਜ਼ਿੰਦਾਬਾਦ ਲਿਖਿਆ ਸੀ।
ਸ਼ਬਦ ਅੰਗਿਆਰ ਬਣੇ
ਮਾਰੂ ਹਥਿਆਰ ਬਣੇ
ਬੇਕਸਾਂ ਦੇ ਯਾਰ ਬਣੇ।
ਨੌਜਵਾਨ ਮੱਥਿਆਂ ਚ
ਸਦੀਵਕਾਲੀ ਲਲਕਾਰ ਬਣੇ।
ਉਹ ਜਾਣਦਾ ਸੀ
ਕਿ ਪਸ਼ੂ ਜਿਵੇਂ
ਸੁਰਖ਼ ਕੱਪੜੇ ਤੋਂ ਡਰਦਾ ਹੈ
ਹਨ੍ਹੇਰਾ ਟਟਹਿਣਿਓਂ
ਹਾਕਮ ਵੀ ਸ਼ਾਸਤਰ ਤੋਂ ਘਬਰਾਉਂਦਾ ਹੈ।
ਸ਼ਸਤਰ ਨੂੰ ਉਹ ਕੀ ਸਮਝਦਾ ਹੈ।
ਸ਼ਸਤਰ ਦੇ ਓਹਲੇ ਚ ਤਾਂ
ਲੁੱਟਣਾ ਕੁੱਟਣਾ ਦੋਵੇਂ ਕੰਮ ਆਸਾਨ।
ਆਪੇ ਬਣੋ ਮਹਾਨ।
ਕਲਮ ਨੂੰ ਕਲਮ ਕਰਨਾ ਮੁਹਾਲ
ਪੁੰਗਰਦੀ ਹੈ ਬਾਰ ਬਾਰ
ਕਰੂੰਬਲਾਂ ਤੋਂ ਟਾਹਣੀਆਂ ਫਿਰ ਕਲਮਾਂ
ਅਖੰਡ ਪ੍ਰਵਾਹ ਸ਼ਬਦ ਸਿਰਜਣੀ ਦਾ।
ਕਿੱਥੇ ਹੈ ਉਹ ਵਰਕਾ
ਜਿਸ ਤੇ ਬਾਪ ਕਿਸ਼ਨ ਸਿੰਘ ਦੇ ਤਾਬਿਆਦਾਰ ਪੁੱਤਰ ਨੇ
ਲਿਖ ਘੱਲਿਆ ਸੀ।
ਮੇਰੀ ਜਾਨ ਲਈ
ਲਾਟ ਸਾਹਿਬ ਨੂੰ ਕੋਈ
ਅਰਜ਼ੀ ਪੱਤਾ ਨਾ ਪਾਵੀਂ ਬਾਪੂ।
ਮੈਂ ਆਪਣੀ ਗੱਲ ਆਪ ਕਰਾਂਗਾ।
ਜਿਸ ਮਾਰਗ ਤੇ ਤੁਰਿਆਂ
ਆਪਣੀ ਹੋਣੀ ਆਪ ਵਰਾਂਗਾ।
ਵਕਾਲਤ ਜ਼ਲਾਲਤ ਹੈ
ਝੁਕ ਗੋਰੇ ਦਰਬਾਰ।
ਝੁਕੀਂ ਨਾ ਬਾਬਲਾ,
ਟੁੱਟ ਜਾਵੀਂ ਪਰ ਲਿਫੀਂ ਨਾ ਕਦੇ।
ਕਿੱਥੇ ਹੈ ਉਹ ਕਿਤਾਬ
ਜਿਸ ਦਾ ਪੰਨਾ ਮੋੜ ਕੇ
ਇਨਕਲਾਬੀ ਨਾਲ ਰਿਸ਼ਤਾ ਜੋੜ ਕੇ
ਸੂਰਮੇ ਨੇ ਕਿਹਾ ਸੀ
ਬਾਕੀ ਇਬਾਰਤ
ਮੁੜ ਮੁੜ ਉਦੋਂ ਤੀਕ ਪੜ੍ਹਦਾ ਰਹਾਂਗਾ
ਜਦ ਤੀਕ ਨਹੀਂ ਮੁੱਕਦੀ
ਗੁਰਬਤ ਤੇ ਜ਼ਹਾਲਤ
ਮੈਂ ਬਾਰ ਬਾਰ ਜੰਮ ਕੇ
ਕਰਦਾ ਰਹਾਂਗਾ ਚਿੜੀਆਂ ਦੀ ਵਕਾਲਤ।
ਮਾਸ ਨੋਚਦੇ ਬਾਜ਼ਾਂ ਦੇ ਖ਼ਿਲਾਫ਼
ਲੜਦਾ ਰਹਾਂਗਾ।
ਯੁੱਧ ਕਰਦਾ ਰਹਾਂਗਾ।
ਕਿੱਥੇ ਹੈ ਉਹ ਦਸਤਾਰ
ਜਿਸ ਨੂੰ ਸਾਂਭਣ ਲਈ
ਚਾਚੇ ਅਜੀਤ ਸਿੰਘ ਨੇ
ਲਾਇਲਪੁਰੀ ਬਾਰਾਂ ਨੂੰ ਜਗਾਇਆ ਸੀ।
ਜਾਬਰ ਹਕੂਮਤਾਂ ਨੂੰ
ਲਿਖ ਕੇ ਸੁਣਾਇਆ ਸੀ।
ਧਰਤੀ ਹਲਵਾਹਕ ਦੀ ਮਾਂ ਹੈ।
ਹੁਣ ਸਾਨੂੰ ਸੂਰਮੇ ਦਾ
ਪਿਸਤੌਲ ਸੌਂਪ ਕੇ
ਕਹਿੰਦੇ ਹੋ
ਤਾੜੀਆਂ ਵਜਾਓ।
ਖ਼ੁਸ਼ ਹੋਵੇ,
ਮੋੜ ਦਿੱਤਾ ਹੈ ਅਸਾਂ ਸ਼ਸਤਰ।
ਪਰ ਅਸੀਂ ਇੰਜ ਨਹੀਂ ਪਰਚਦੇ।
ਸੂਰਮੇ ਦੀ ਉਹ ਕਲਮ ਤਾਂ ਪਰਤਾਓ
ਉਹ ਵਰਕਾ ਤਾਂ ਵਿਖਾਓ
ਜਿਸ ਤੇ ਅੰਕਿਤ ਹੈ ਸੂਹੀ ਲਾਟ ਵਾਲਾ
ਮੁਕਤੀ ਮਾਰਗ ਦਾ ਨਕਸ਼ਾ।
ਜਗਦੇ ਜਾਗਦੇ ਮੱਥੇ ਕੋਲ
ਪਿਸਤੌਲ ਬਹੁਤ ਮਗਰੋਂ ਆਉਂਦਾ ਹੈ।
ਚੂੰ ਕਾਰ ਅਜ਼ ਹਮਾ ਹੀਲਤੇ ਦਰ ਗੁਜ਼ਸ਼ਤ।
ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ।
ਹਾਰਦੇ ਜਦ ਸਭ ਉਪਾਅ।
ਠੀਕ ਹਥਿਆਰਾਂ ਦਾ ਰਾਹ।
ਪਰ ਸੂਰਮੇ ਨੇ ਹਰ ਇਬਾਰਤ
ਕਲਮ ਨਾਲ ਲਿਖੀ।
ਤੁਸੀਂ ਓਹੀ ਵਰਕਾ ਚੁੱਕੀ ਫਿਰਦੇ ਹੋ
ਜੋ ਤੁਹਾਨੂੰ ਪੁੱਗਦਾ ਹੈ।
ਮੁਕਤੀਆਂ ਦਾ ਸੂਰਜ ਤਾਂ
ਗਿਆਨ ਭੂਮੀ ਸਿੰਜ ਕੇ
ਆਪਣਾ ਆਪਾ ਪਿੰਜ ਕੇ
ਮੱਥਿਆਂ ਚੋਂ ਚੜ੍ਹਦਾ ਹੈ।
ਹੱਕ ਇਨਸਾਫ਼ ਲਈ
ਰਾਤ ਦਿਨ ਲੜਦਾ ਹੈ।
ਮੈਂ ਨਦੀਆਂ ਨੂੰ ਪੁੱਛਿਆ
ਤੁਹਾਡੇ ਵੀ ਪੁੱਤਰ ਧੀਆਂ ਹੁੰਦੇ ਨੇ।
ਨਦੀ ਨੇ ਕੁਝ ਨਾ ਕਿਹਾ
ਮੈਂ ਵੀ ਚੁੱਪ ਹੀ ਰਿਹਾ।
ਮੈਂ ਦਰਿਆ ਨੂੰ ਕਿਹਾ
ਕਿੱਧਰ ਦੀ ਤਿਆਰੀ ਹੈ
ਕਾਹਦੀ ਮਾਰੋਮਾਰੀ ਹੈ।
ਬੋਲਿਆ ਦਰਿਆ
ਸਮੁੰਦਰ ਵਿੱਚ ਡੁੱਬਣ ਚੱਲਿਆ ਹਾਂ।
ਮੈਂ ਤਾਂ ਲਿਆਉਂਦਾ ਸਾਂ
ਪਹਾੜਾਂ ਤੋਂ ਚੁਗ ਚੁਗ ਕੇ
ਮਾਣਕ ਮੋਤੀ
ਰੇਤ ਕਣਾਂ ਵਿੱਚ ਰੋੜ੍ਹ ਲਿਆਉਂਦਾ ਹਾਂ
ਘਰ ਉਸਾਰਨ ਦੇ ਸੁਪਨੇ।
ਨੀਹਾਂ ਲਈ ਪੱਥਰ ਗੀਟੇ
ਮੈਂ ਹੀ ਸੌਂਪਦਾ ਰਿਹਾਂ ਹੁਣ ਤੀਕ।
ਤੇਰੀ ਮਿੱਟੀ ਐਵੇਂ ਨਹੀਂ ਰਸਦੇ ਅਨਾਰ।
ਅੰਗੂਰਾਂ ਵਿੱਚ ਰਸਵੰਤਾ ਵਿਸਮਾਦ
ਮਿਸ਼ਰੀ ਨਾਲੋਂ ਮਿੱਠਾ ਕਮਾਦ
ਅੰਬਾਂ ਚ ਘੁਲਿਆ ਸੰਧੂਰੀ ਸਵਾਦ
ਮੇਰੇ ਪਾਣੀਆਂ ਦੀ ਬਰਕਤ ਹੈ ਜਨਾਬ।
ਮੈਂ ਵਗਦੀਆਂ ਪੌਣਾਂ ਨੂੰ ਪੁੱਛਿਆ
ਮੇਰੇ ਵਤਨ ਆ ਕੇ ਕਿਵੇਂ ਮਹਿਸੂਸ ਹੁੰਦੈ
ਸਿਰ ਝੁਕਾ ਕੇ ਬੋਲੀਆਂ
ਸ਼ਰਮਿੰਦਾ ਹੋ!
ਅਕਲ ਨੂੰ ਹੱਥ ਮਾਰ!
ਸਾਨੂੰ ਨਹੀਂ,
ਆਪਣੇ ਫੇਫੜਿਆਂ ਨੂੰ ਪੁੱਛ?
ਕਿਹੜਾ ਜ਼ਹਿਰ ਹੈ
ਜੋ ਤੇਰੇ ਹਮਸਾਇਆਂ ਨੇ ਨਹੀਂ ਘੋਲਿਆ
ਮੇਰੀਆਂ ਰਗਾਂ ਵਿੱਚ।
ਬੋਝਲ ਜਹੀ ਰਫ਼ਤਾਰ ਐਵੇਂ ਨਹੀਂ ਮੇਰੀ।
ਜੰਗਲ ਨੂੰ ਪੁੱਛਿਆ
ਚੰਡੀਗੜ੍ਹ ਚ ਤੇਰਾ ਦੌਲਤਖ਼ਾਨਾ ਕਿੱਥੇ ਹੈ?
ਬੋਲਿਆ! ਮਜ਼ਾਕ ਨਾ ਕਰ
ਬੇਘਰਿਆਂ ਦੇ ਝੁੱਗੀਆਂ ਜਹੇ
ਗਰੀਬਖ਼ਾਨੇ ਹੁੰਦੇ ਨੇ।
ਮੈਂ ਚਿਰੋਕਣਾ ਬੇਘਰਾ ਹਾਂ
ਤੇਰੇ ਪੰਜਾਬ ਵਿੱਚ।
ਨਾ ਆਬ ਨਾ ਪੰਜਾਬ
ਰਹਿ ਗਈ ਗੰਧਲੇ ਪਾਣੀ ਦੀ ਢਾਬ।
ਕਾਹਦਾ ਜੀਣ ਦਾ ਸਵਾਦ।
ਅੰਬਰ ਕਾਲਾ ਘਾਲਾ ਮਾਲਾ
ਖੁੱਲ ਚੱਲੀ ਗੰਢ
ਹੰਝੂਆਂ ਦੀ ਪੰਡ।
ਨਦੀ, ਦਰਿਆ ਪੌਣ ਤੇ ਜੰਗਲ
ਰਲ ਮਿਲ ਬੋਲੇ।
ਤੂੰ ਬਲਬੀਰ ਨੂੰ ਜਾਣਦਾ ਹੈਂ।
ਬੇਈਂ ਕੰਢੇ ਗਿਲਤੀ ਵਾਲੇ ਕਰਮਯੋਗੀ
ਰੂਹ ਦੇ ਨਿਰਮਲੇ ਸਾਧੂ ਨੂੰ।
ਤੂੰ ਜਾਣਦਾ ਹੈਂ ਸੇਵਾਦਾਰ ਸੇਵਾ ਸਿੰਘ ਬਿਰਖ਼ਾਂ ਵਾਲੇ ਨੂੰ।
ਮੈਂ ਕਿਹਾ!
ਵੇਖਿਆ ਹੈ ਪਰ ਜਾਣਿਆ ਨਹੀਂ।
ਮਿਲਿਆ ਹਾਂ ਪਰ ਪਛਾਣਿਆ ਨਹੀਂ।
ਤੁਰਿਆ ਹਾਂ ਸੰਗ ਮਾਣਿਆਂ ਨਹੀਂ।
ਅੰਬਰ ਕੂਕਿਆ
ਨਦੀਓ, ਜੰਗਲੋ, ਦਰਿਆਓ, ਹਵਾਓ।
ਇਸ ਬੰਦੇ ਨੂੰ ਮੂੰਹ ਨਾ ਲਾਓ।
ਧਰਤਿ ਪਲੀਤ ਕਰਨ ਚ
ਇਹ ਵੀ ਮੁਜਰਿਮ ਹੈ।
ਇਸ ਨੂੰ ਸਜ਼ਾ ਭੁਗਤਣ ਦਿਓ।
ਮਾਰਨ ਦਿਓ ਤਰਲੇ
ਚੁੱਕੀ ਫਿਰਨ ਦਿਓ
ਪਾਣੀ ਦੀਆਂ ਬੰਦ ਬੋਤਲਾਂ।
ਦਮ ਫੁੱਲੇਗਾ ਤਾਂ ਲੱਭਦਾ ਫਿਰੇਗਾ
ਆਕਸੀਜਨ ਸਲੰਡਰ।
ਅਜੇ ਇਹ ਹੰਕਾਰਿਆ ਫਿਰਦਾ ਹੈ।
ਬੰਦੇ ਦਾ ਪੁੱਤ ਨਹੀਂ ਰਿਹਾ
ਪੈਸੇ ਦਾ ਪੁੱਤ ਬਣ ਗਿਆ ਹੈ।
ਇਹ ਨਹੀਂ ਪਛਾਣਦਾ ਬਲਬੀਰ
ਨਹੀਂ ਜਾਣਦਾ ਸੇਵਾ ਦਾਰ ਹਮਸ਼ੀਰ।
ਤਾਂਹੀਂਓਂ ਇਸ ਦਾ ਦਿਲ ਦਿਲਗੀਰ।
ਸਮੁੱਚੇ ਬ੍ਰਹਿਮੰਡ ਦੀ ਆਰਤੀ
ਗਾਵਣਹਾਰੇ ਗੁਰੂ ਨਾਨਕ ਦੀ ਆਰਤੀ
ਸੁਣਦਾ ਤਾਂ ਹੈ, ਸਮਝਦਾ ਨਹੀਂ।
ਥਾਲੀ ਵਰਗਾ ਗਗਨ।
ਸੂਰਜ ਚੰਦ ਸਿਤਾਰੇ।
ਮੋਤੀਆਂ ਵਾਂਗ ਸ਼ਿੰਗਾਰੇ।
ਥਾਲੀ ਅੰਦਰ ਸਾਰੇ।
ਮਹਿਕਦੇ ਚੰਦਨ ਬਿਰਖ਼ਾਂ ਵਾਲੇ
ਪਹਾੜ ਨਹੀਂ ਦਿਸਦੇ।
ਚੌਰ ਕਰਦੀ ਅਲਬੇਲੀ ਪੌਣ
ਫੁੱਲ ਪੱਤੀਆਂ ਖ਼ੁਸ਼ਬੋਈਆਂ
ਰੋ ਰੋ ਕਮਲੀਆਂ ਹੋਈਆਂ।
ਚੰਗੀ ਭਲੀ ਬੇਈਂ ਇੱਕ ਓਂਕਾਰ ਜਪਦੀ
ਇਸ ਦੇ ਕਾਲੇ ਕਾਰਨਾਮਿਆਂ ਨੇ
ਕਾਲੀ ਕੀਤੀ
ਤਨ ਮਨ ਧਨ ਦਾ ਕੂੜਾ
ਇਸ ਅੰਦਰ ਪਰਵਾਹਿਆ
ਭੋਰਾ ਖ਼ਿਆਲ ਨਾ ਆਇਆ
ਮੇਰੇ ਬਾਬੇ ਦਾ ਮੂਲ ਮੰਤਰ ਹੈ
ਨਿਰਮਲ ਨੀਰ
ਸਵੱਛ ਪੌਣ
ਸੁਡੌਲ ਧਰਤੀ ਮਾਤਾ
ਦਿਨ ਤੇ ਰਾਤ ਨੂੰ ਖਿਡਾਵਣਹਾਰੇ।
ਜੇ ਇਹ ਜਾਬਰ ਜਬਰ ਨਾ ਕਰਦਾ
ਤਾਂ ਬਲਬੀਰ ਵੀ ਆਰਾਮ ਕਰਦਾ।
ਹੁਣ ਕਮਰਕੱਸਾ ਕਰਕੇ
ਕਦੇ ਬੇਈਂ ਚ ਜਾ ਵੜਦਾ ਹੈ।
ਬਿਰਖ਼ ਬਣ ਜਾਂਦਾ ਹੈ
ਸੁਖਚੈਨ ਦੀ ਛਾਂ ਜਿਹਾ
ਕਦੇ ਬਾਬਲ ਕਦੇ ਮਾਂ ਜਿਹਾ।
ਮਿੱਠੇ ਰਸੀਲੇ ਜਾਮਣ ਦੀ ਨਰਸਰੀ ਬਣਦਾ ਹੈ।
ਨਿਰਮਲ ਨੀਰ ਦੀ ਅਭਿਲਾਖਿਆ।
ਓਹੀ ਕੁਝ ਕਰੇ
ਜੋ ਗੁਰੂ ਨੇ ਆਖਿਆ।
ਬਲਿਹਾਰੀ ਕੁਦਰਤਿ ਵੱਸਿਆ
ਸਾਫ਼ ਸਾਫ਼ ਦੱਸਿਆ।
ਨਦੀ ਨੇ ਮੇਰੇ ਕੰਨ ਚ ਕਿਹਾ।
ਬਲਬੀਰ ਮੇਰਾ ਹੀ ਪੁੱਤਰ ਹੈ।
ਦਰਿਆ ਨੇ ਕਿਹਾ,
ਮੈਂ ਆਪਣਾ ਸਾਰਾ ਵੇਗ
ਬਲਬੀਰ ਸੁਖਜੀਤ ਨੂੰ
ਸੇਵਾ ਲਈ ਸੌਂਪ ਦਿੱਤਾ ਹੈ।
ਬਿਰਖ਼ ਬੋਲੇ,
ਮੇਰੇ ਪੱਤਿਆਂ ਤੇ ਏਸੇ ਦਾ ਨਾਮ ਹੈ
ਪੜ੍ਹਨ ਦੀ ਖੇਚਲ ਕਰ।
ਪੌਣਾਂ ਬੋਲੀਆਂ
ਸਮੂਹ ਜ਼ਹਿਰਾਂ ਦੇ ਖ਼ਿਲਾਫ਼ ਇੱਕ ਨਹੀਂ
ਲੱਖਾਂ ਬਲਬੀਰ ਚਾਹੀਦੇ।
ਤੁਹਾਡੇ ਅੰਦਰ ਵੀ ਛੁਪੇ ਨੇ
ਇਹੋ ਜਹੇ ਕਿੰਨੇ ਸੂਰਬੀਰ।
ਜਗਾਓ ਜਗਾਓ ਜਗਾਓ।
ਬਾਹਰ ਨਾ ਲੱਭਣ ਜਾਓ।

18. ਨਵ ਸਵੇਰਾ ਮੁਬਾਰਕ

ਹੇ ਜ਼ਿੰਦਗੀ!
ਤੈਨੂੰ ਹਜ਼ਾਰਾਂ ਸਲਾਮ!
ਸਵੇਰ ਸਾਰ ਕਿੰਨੀ ਊਰਜਾ ਸਾਡੀ ਝੋਲੀ ਚ ਪਾ ਕੇ ਆਖਦੀ ਹੈਂ,
ਉੱਠ! ਕਿੰਨੇ ਸ਼ੁਭ ਕਾਰਜ ਤੈਨੂੰ ਉਡੀਕਦੇ ਨੇ।
ਕੁਝ ਸਮਾਂ ਪਹਿਲਾਂ ਤੂੰ ਹੀ ਤਾਂ ਮੈਥੋਂ ਲਿਖਵਾਇਆ ਸੀ।
ਕਿੰਨਾ ਚਾਨਣ, ਅਗਨੀ, ਤਾਕਤ, ਐਨੇ ਸੂਰਜ ਤੇਰੇ ਅੰਦਰ,
ਆਪਣੇ ਅੰਦਰ ਕੀ ਕੁਝ ਰੱਖਿਆ,
ਤੂੰ ਬਿਜਲੀ ਦੀ ਤਾਰ ਵਾਂਗਰਾਂ।

19. ਧੀਆਂ ਪੜ੍ਹਨ ਸਕੂਲੇ ਚੱਲੀਆਂ

ਵਗਦੀ ਤੇਜ਼ ਹਨ੍ਹੇਰੀ ਤੋੜਿਆ
ਰੁੱਖ ਦਾ ਟਾਹਣਾ।
ਚੁੱਕ ਤੁਰੀਆਂ ਨੇ ਵੀਰ ਨਾਲ ਮਿਲ
ਟੁੱਟਿਆ ਟਾਹਣਾ।
ਤੋੜਨ ਵਾਲੇ ਨੂੰ ਕੀ ਖ਼ਬਰਾਂ
ਇਸ ਨੇ ਕੁਝ ਪਲ
ਹੋਰ ਨਹੀਂ ਮੁਰਝਾਉਣਾ ਹਾਲੇ
ਨਿੱਕੇ ਨਿੱਕੇ ਬਾਲਾਂ ਦੇ ਸਿਰ
ਇਸ ਨੇ ਹੈ ਛਤਰੀ ਬਣ ਜਾਣਾ।
ਧੀਆਂ ਪੜ੍ਹਨ ਸਕੂਲੇ ਚੱਲੀਆਂ।
ਨਿੱਕੇ ਨਿੱਕੇ ਕਦਮ ਤੁਰਨ ਤਾਂ
ਸਫ਼ਰ ਮੁਕਾਉਂਦੇ।
ਨਿੱਕੇ ਨਿੱਕੇ ਜੁਗਨੂੰ
ਰਾਤਾਂ ਨੂੰ ਰੁਸ਼ਨਾਉਂਦੇ। ਅੰਬਰ ਦੇ ਵਿੱਚ ਚਾਨਣ ਵੰਨੀਆਂ
ਲੀਕਾਂ ਪਾਉਂਦੇ।
ਪਰ ਇਹ ਗੱਲ ਵੀ ਚੇਤੇ ਰੱਖਣਾ।
ਜਿਸ ਮੰਦਰ ਵਿੱਚ ਇਹ ਨੇ ਚੱਲੀਆਂ।
ਖੜਕਦੀਆਂ ਬੇਸੁਰੀਆਂ ਟੱਲੀਆਂ।
ਕਹਿਣ ਚਿਰਾਗ ਬਾਲੀਏ ਐਪਰ
ਦੀਵੇ ਅੰਦਰ ਤੇਲ ਨਾ ਬੱਤੀ
ਚਾਰ ਚੁਫ਼ੇਰੇ ਘੋਰ ਹਨ੍ਹੇਰਾ।
ਫਿਰ ਵੀ ਚਿੱਤ ਉਦਾਸ ਨਹੀਂ ਮੇਰਾ।
ਜੋਤ ਹੈ ਜੇਕਰ ਬੁਝਦੀ ਜਗਦੀ।
ਮੇਰੇ ਨਿੱਕੇ ਵੀਰ ਅਜੇ ਵੀ
ਤੱਪੜ ਟਾਟ ਸਕੂਲਾਂ ਅੰਦਰ
ਚੌਮੁਖੀਏ ਬਣ ਚਮਕ ਰਹੇ ਨੇ।
ਕੱਚੀ ਮਿੱਟੀ ਗੁੰਨ੍ਹਦੇ
ਰੋਜ਼ ਬਣਾਉਂਦੇ ਦੀਵੇ
ਮੇਰੇ ਵਰਗੇ ਕਿੰਨੇ
ਆਪਣੇ ਕੱਲ੍ਹ ਦੀ ਖਾਤਰ
ਆਸ ਉਮੀਦੇ ਬਸਤੇ ਲੈ ਕੇ
ਸ਼ਬਦਾਂ ਦੇ ਨਿਰਮਲ ਦਰ ਉੱਤੇ
ਮੱਥੇ ਧਰਦੇ
ਧੀਆਂ ਪੁੱਤਰ ਲਿੱਸੇ ਘਰ ਦੇ
ਪੌੜੀ ਪੌੜੀ ਕਦਮ ਨੇ ਧਰਦੇ।
ਆ ਇਨ੍ਹਾਂ ਦੀ ਉਂਗਲੀ ਫੜੀਏ।
ਕੱਚੀ ਮਿੱਟੀ ਅੰਦਰ ਆਪਾਂ ਦੀਵੇ ਧਰੀਏ।

20. ਮਾਏ ਵਰਜ ਨੀ ਪੁੱਤਰਾਂ ਨੂੰ

ਪੁੱਤ ਪੰਜ ਦਰਿਆਵਾਂ ਦੇ, ਭਲਾ ਕਿਉਂ ਨਸ਼ਿਆਂ ਜੋਗੇ ਰਹਿ ਗਏ।
ਮਾਏ ਵਰਜ ਲਈ ਇਨ੍ਹਾਂ ਨੂੰ, ਇਹ ਤਾਂ ਰਾਹ ਸਿਵਿਆ ਦੇ ਪੈ ਗਏ ।

ਇਹ ਨੀਂਦ ਤਿਆਗਣ ਨਾ ਇਨ੍ਹਾਂ ਨੂੰ ਕਿਵੇ ਅਵਾਜ਼ਾਂ ਮਾਰਾਂ ।
ਇਹ ਤਾਂ ਅੰਬਰੋਂ ਲਾਹੁੰਦੇ ਸੀ, ਉਡੰਤਰ ਪੰਖਣੂਆਂ ਦੀਆਂ ਡਾਰਾਂ।
ਪੌਣਾਂ ਦੇ ਪੁੱਤਰਾਂ ਜਹੇ, ਭਲਾ ਕਿਉਂ ਢੇਰੀ ਢਾਹ ਕੇ ਬਹਿ ਗਏ।
ਮਾਏ ਵਰਜ ਨੀ ਇਨ੍ਹਾਂ ਨੂੰ, ਇਹ ਤਾਂ ਰਾਹ ਸਿਵਿਆਂ ਦੇ ਪੈ ਗਏ।

ਬੋਹੜਾਂ ਤੇ ਪਿੱਪਲਾਂ ਦੀਆਂ ਲੈ ਗਿਆ ਕੌਣ ਛਾਂਗ ਕੇ ਛਾਵਾਂ।
ਪੁੱਛਦੀ ਏ ਭੈਣ ਖੜ੍ਹੀ ਵੀਰਨਾ ਕਿਸ ਥਾਂ ਪੀਘਾਂ ਪਾਵਾਂ।
ਚਾਅ ਅੰਬਰੀ ਉੱਡਣ ਦੇ, ਕੁਆਰੇ ਦਿਲ ਅੰਦਰ ਹੀ ਰਹਿ ਗਏ।
ਮਾਏ ਵਰਜ ਲਈ ਇਨ੍ਹਾਂ ਨੂੰ, ਇਹ ਤਾਂ ਰਾਹ ਸਿਵਿਆ ਦੇ ਪੈ ਗਏ।

ਧਰਤੀ ਦਾ ਧਰਮ ਗਿਆ, ਜਵਾਨੀ ਤੁਰ ਪਈ ਉਲਟੇ ਪਾਸੇ।
ਦਾਤੇ ਦੇ ਹੱਥ ਵਿੱਚ ਨੇ, ਭਲਾ ਕਿਉਂ ਖਾਲਮ ਖਾਲੀ ਕਾਸੇ।
ਸਿੱਧੇ ਰਾਹ ਤੁਰਦੇ। ਕਿਰਤ ਦੀ ਅਸਲੀ ਲੀਹੋਂ ਲਹਿ ਗਏ।
ਮਾਏ ਵਰਜ ਲਈ ਇਨ੍ਹਾਂ ਨੂੰ, ਇਹ ਤਾਂ ਰਾਹ ਸਿਵਿਆ ਦੇ ਪੈ ਗਏ।

ਸਿਦਕੋਂ ਕਿਉਂ ਡੋਲ ਗਈ, ਪੰਜਾਬੀ ਅੱਥਰੀ ਅਮੋੜ ਜਵਾਨੀ।
ਜਦ ਡੋਰੀ ਟੁੱਟ ਜਾਵੇ, ਗੁਆਚਣ ਮਣਕੇ ਰਹੇ ਨਾ ਗਾਨੀ।
ਛੱਡ ਸ਼ਬਦ ਪੰਘੂੜੇ ਨੂੰ, ਇਹ ਚੰਦਰੇ ਕਿਹੜੇ ਵਹਿਣੀ ਵਹਿ ਗਏ।
ਮਾਏ ਵਰਜ ਨੀ ਪੁੱਤਰਾਂ ਨੂੰ, ਇਹ ਤਾਂ ਰਾਹ ਸਿਵਿਆ ਦੇ ਪੈ ਗਏ।

21. ਰੰਗੋਲੀ ਵਿੱਚ ਰੰਗ ਭਰਦੇ ਬੱਚੇ

ਰੰਗੋਲੀ ਵਿੱਚ ਰੰਗ ਭਰਦੇ ਬੱਚੇ
ਮੈਨੂੰ ਬਹੁਤ ਚੰਗੇ ਲੱਗਦੇ ਨੇ
ਰੱਬ ਵਰਗੇ ਸਿਰਜਣਹਾਰੇ।
ਬਦਰੰਗ ਲਕੀਰਾਂ ਚ ਜਾਨ ਪਾਉਂਦੇ
ਜਿੰਦ ਧੜਕਾਉਂਦੇ
ਰੀਸ ਬ ਰੀਸੀ ਨਾਲ ਨਾਲ
ਗੀਤ ਗਾਉਂਦੇ
ਰੰਗਾਂ ਨੂੰ ਧੜਕਣ ਸਿਖਾਉਂਦੇ।
ਰੰਗੋਲੀ ਵਿੱਚ ਰੰਗ ਭਰਦੇ
ਬੱਚਿਆਂ ਨੂੰ ਵੇਖਣਾ।
ਨਿੱਕੀਆਂ ਨਿੱਕੀਆਂ ਸ਼ਰਾਰਤਾਂ
ਕਰਦਾ ਰੱਬ ਦਿਸੇਗਾ
ਮਾਸੂਮ ਜਿਹਾ
ਗੋਲ ਮਟੋਲ ਅੱਖੀਆਂ ਵਾਲਾ।
ਬੇਪਰਵਾਹ, ਨਿਰਛਲ, ਨਿਰਕਪਟ, ਨਿਰਵਿਕਾਰ।
ਸਿਰ ਤੋਂ ਪੈਰਾਂ ਤੀਕ ਹਰਕਤ
ਇਸੇ ਨਾਲ ਬਰਕਤ।
ਮੈਂ ਵੀ ਨਿੱਕੇ ਹੁੰਦਿਆਂ ਰੱਬ ਹੁੰਦਾ ਸੀ।
ਰੰਗੋਲੀ ਚ ਰੰਗ ਤਾਂ ਨਹੀਂ ਭਰੇ
ਪਰ ਸੁਪਨੇ ਕੁਝ ਇਹੋ ਜਹੇ ਹੀ ਸਨ।
ਚੀਕਨੀ ਮਿੱਟੀ ਨਾਲ ਖੇਡਦਾ।
ਘੁੱਗੂ ਘੋੜੇ ਬਣਾਉਂਦਾ।
ਜ਼ੋਰ ਜ਼ੋਰ ਨਾਲ
ਧਰਤੀ ਤੇ ਪਟਕਾਉਂਦਾ
ਪਟਾਕੇ ਪਾਉਂਦਾ।
ਕਦੇ ਉਸੇ ਮਿੱਟੀ ਨੂੰ ਹੋਰ ਗੁੰਨ੍ਹਦਾ।
ਬਲਦਾਂ ਦੀ ਜੋਗ ਬਣਾਉਂਦਾ।
ਗਲ਼ ਵਿੱਚ ਪੰਜਾਲੀ ਪਾਉਂਦਾ।
ਪਿੱਛੇ ਦੁਸਾਂਘੜ
ਲੱਕੜੀ ਦੀ ਹੱਲ ਪਾਉਂਦਾ।
ਸੁਪਨੀਲੀ ਧਰਤੀ ਤੇ ਸਿਆੜ ਕੱਢਦਾ
ਬੀਜ ਪੋਰਦਾ ਨੜੇ ਦੇ ਪੋਰੇ ਨਾਲ।
ਸੁਹਾਗਦਾ
ਤੇ ਬੀਜੀ ਫ਼ਸਲ ਦੇ ਉੱਗਣ ਨੂੰ
ਉਡੀਕਦਾ।
ਹੁਣ ਮੈਂ ਮਿੱਟੀ ਚ ਨਹੀਂ
ਕੋਰੇ ਵਰਕਿਆਂ ਤੇ ਸੁਪਨੇ ਬੀਜਦਾ ਹਾਂ।
ਉਮਰੋਂ ਵੱਡਾ ਹੋ ਕੇ ਵੀ
ਓਡੇ ਦਾ ਓਡਾ ਹਾਂ।
ਤਾਂਹੀਓਂ ਸੁਪਨੇ ਉੱਗਣ ਦੀ ਉਡੀਕ ਕਰਦਾ ਹਾਂ।
ਰੰਗੋਲੀ ਚ ਰੰਗ ਭਰਦੇ ਬੱਚਿਆਂ ਵਾਂਗ
ਮੈਂ ਵੀ ਕੁਝ ਨਾ ਕੁਝ ਤਾਂ ਕਰਦਾ ਹਾਂ।
ਕੋਰੇ ਵਰਕਿਆਂ ਖ਼ਿਲਾਫ਼
ਯੁੱਧ ਨਾ ਸਹੀ,
ਤਿਆਰੀ ਤਾਂ ਕਰਦਾ ਹਾਂ।

22. ਹਾਏ! ਬਾਬਲਾ ਵੇ ਧੀਆਂ ਆਖੇਂ ਕਿਓਂ ਵਿਚਾਰੀਆਂ-ਗੀਤ

ਹਾਏ! ਬਾਬਲਾ ਵੇ ਧੀਆਂ ਆਖੇਂ ਕਿਓਂ ਵਿਚਾਰੀਆਂ।

ਕਿਤੇ ਨਾਨੀ ਕਿਤੇ ਦਾਦੀ ਬਣ ਜਿੰਨ੍ਹਾਂ ਨੇ
ਵੇ ਤੇਰੀਆਂ ਕੁਲਾਂ ਨੇ ਉਸਾਰੀਆਂ।
ਭੁੱਲ ਜਾਂ ਭੁਲੇਖੇ ਕਿਤੇ ਧੀ ਜੰਮੇ ਡਾਂਟਦਾ।
ਗੁੱਡੀਆਂ ਪਟੋਲਿਆਂ ਚੋਂ ਪੁੱਤ ਪੁੱਤ ਛਾਂਟਦਾ।
ਭੁੱਲੇਂ ਨਿਰਮੋਹੀਆ ਕਾਹਨੂੰ ਘਰ ਦਾ ਸਲੀਕਾ ਜੀਣ ਧੀਆਂ ਭੈਣਾਂ ਸਾਰੀਆਂ।
ਹਾਏ! ਬਾਬਲਾ ਵੇ.....।

ਤੇਰੇ ਪਿੰਡ ਇੱਜ਼ਤਾਂ ਤੇ ਪੱਤ ਦੀ ਜੇ ਥਾਂ ਨਹੀਂ।
ਏਸ ਦੀ ਕਸੂਰਵਾਰ' ਕੱਲ੍ਹੀ ਮੇਰੀ ਮਾਂ ਨਹੀਂ।
ਬਾਬਲੇ ਦੀ ਪੱਗ ਦੀ ਦੁਹਾਈ ਦੇਵੇਂ ਸਾਨੂੰ,
ਜੋ ਨੇ ਪੁੱਤਰਾਂ ਉਤਾਰੀਆਂ।
ਹਾਏ! ਬਾਬਲਾ ਵੇ.......।

ਮਾਪਿਆਂ ਦੇ ਸਿਰ ਹੁੰਦਾ ਧੀਆਂ ਦਾ ਵੀ ਮਾਣ ਵੇ।
ਸਹਿਮੇ ਜੇ ਮਲੂਕ ਜਿੰਦ, ਘਰ ਵੀ ਮਸਾਣ ਵੇ।
ਕਬਰਾਂ ਤੇ ਕੁੱਖਾਂ ਨੂੰ ਤੂੰ ਇੱਕੋ ਜਿਹਾ ਕੀਤਾ,
ਕਾਹਨੂੰ ਲੱਭ ਲੱਭ ਮਾਰੀਆਂ।
ਹਾਏ! ਬਾਬਲਾ ਵੇ .......।

ਧੀਆਂ ਪੁੱਤ ਰੱਖਦਾ ਜੇ ਪਹਿਲਾਂ ਇੱਕ ਤੋਲ ਵੇ।
ਕਦੇ ਵੀ ਨਾ ਪੁੱਤ ਫੇਰ ਬੋਲਦੇ ਕੁਬੋਲ ਵੇ।
ਧੀਆਂ ਤਾਂ ਚੰਬੇਲੀ ਤੇ ਰਵੇਲ ਵੇਲ ਵਾਂਗ ਸਦਾ ਮਹਿਕਾਂ ਨੇ ਖਿਲਾਰੀਆਂ।
ਹਾਏ! ਬਾਬਲਾ ਵੇ.........।

23. ਧਰਮ ਤਬਦੀਲੀ ਏਦਾਂ ਨਹੀਂ ਹੁੰਦੀ ਮਾਂ

ਮਾਂ ਨੇ 6 ਸਾਲਾਂ ਦੇ
ਪੁੱਤਰ ਨੂੰ ਝਿੜਕਦਿਆਂ ਕਿਹਾ,
ਨਾਲਾਇਕਾ!
ਤੂੰ ਭੰਗੀਆਂ ਦੇ
ਘਰ ਦੀ ਰੋਟੀ ਖਾ ਗਿਆਂ
ਹੁਣ ਤੂੰ ਭੰਗੀ ਹੋ ਗਿਆ।
ਤੂੰ ਅਪਣਾ
ਧਰਮ ਭ੍ਰਿਸ਼ਟ ਕਰ ਲਿਆ
ਤੇਰਾ ਕੀ ਕੀਤਾ ਜਾਵੇ?
ਬੱਚਾ
ਬੜੀ ਮਾਸੂਮੀਅਤ ਨਾਲ ਬੋਲਿਆ
ਮਾਂ ਮੈਂ ਸਿਰਫ਼
ਇੱਕ ਵਾਰ ਉਨ੍ਹਾਂ ਦੇ
ਘਰ ਦੀ ਰੋਟੀ ਖਾ ਲਈ
ਤਾਂ ਮੈਂ ਭੰਗੀ ਹੋ ਗਿਆ !
ਪਰ ਉਹ ਤਾਂ
ਸਾਡੇ ਘਰ ਦੀਆਂ ਬੇਹੀਆਂ ਰੋਟੀਆਂ
ਰੋਜ਼ ਖਾਂਦੇ ਨੇ,
ਉਹ ਤਾਂ ਬ੍ਰਾਹਮਣ ਹੋਏ ਨਹੀਂ??