ਪੰਜਾਬੀ ਗ਼ਜ਼ਲਾਂ/ਕਵਿਤਾ ਡਾਕਟਰ ਰਸ਼ੀਦ ਅਨਵਰ
ਰ੍ਹਾਵਾਂ ਤੇ ਰਸਤਿਆਂ ਦੀ ਪਹਿਚਾਨ ਰਹਿਣ ਦੇ
ਕੋਈ ਤੇ ਵਾਪਸੀ ਦਾ ਇਮਕਾਨ ਰਹਿਣ ਦੇ
ਦਿਲ ਤੇ ਖੋਹ ਲਿਆ ਏ, ਅੱਥਰੂ ਤੇ ਮੋੜ ਦੇ,
ਥੋੜ੍ਹਾ ਜਿਹਾ ਤੇ ਘਰ ਦਾ ਸਾਮਾਨ ਰਹਿਣ ਦੇ
ਭੰਨਘੜ ਮਿਰੇ ਮਕਾਨ ਦੀ ਸਾਰੀ ਸਮੇਟ ਲੈ,
ਫੁੱਲਾਂ ਦੇ ਮੌਸਮਾਂ ਲਈ ਗੁਲਦਾਨ ਰਹਿਣ ਦੇ
ਇਕਲਾਪਿਆਂ ਦਾ ਕੋਈ ਦਾਰੂ ਤੇ ਕਰ ਸਕਾਂ,
ਯਾਦਾਂ ਤੂੰ ਕੋਲ ਮੇਰੇ ਮਹਿਮਾਨ ਰਹਿਣ ਦੇ
ਆਵਣ ਜੇ ਰਾਸ ਤੈਨੂੰ ਤੂੰ ਕਰ ਲਈਂ ਖ਼ੁਦਾਈਆਂ,
ਮੈਨੂੰ ਖ਼ੁਦਾ ਦੇ ਵਾਸਤੇ ਇਨਸਾਨ ਰਹਿਣ ਦੇ
ਜਿੱਦਤ ਦੇ ਵੇਰਵੇ ਦੀ ਪਹਿਚਾਨ ਕਰਨ ਖ਼ਾਤਰ,
ਪਿਛਲੇ ਰਵਾਇਤਾਂ ਦੇ ਉਨਵਾਨ ਰਹਿਣ ਦੇ
ਵੇਲਾ ਪਛਾਣ ਲਏਗਾ 'ਅਨਵਰ' ਹਕੀਕਤਾਂ ਸਭ,
ਖੁੱਲ੍ਹਾ ਸੁਖ਼ਨਵਰੀ ਦਾ ਮੈਦਾਨ ਰਹਿਣ ਦੇ
ਹਰ ਲਮਹਾ ਹੈ ਖ਼ੂਨੀ ਵਕਤ ਕਠੋਰ ਜਿਹਾ
ਹਰ ਪਰਛਾਵਾਂ ਜਾਪੇ ਆਦਮਖ਼ੋਰ ਜਿਹਾ
ਸਾਹ ਵੀ ਸਾਡੇ ਸਾਂਝੇ ਫਿਰ ਵੀ ਡਰਨਾਂ ਵਾਂ,
ਸ੍ਹਾਵਾਂ ਦਾ ਹੈ ਰਿਸ਼ਤਾ ਕੱਚੀ ਡੋਰ ਜਿਹਾ
ਵੇਲੇ ਦੀ ਰਫ਼ਤਾਰ ਕਿਆਮਤ ਵਰਗੀ ਏ,
ਮੰਜਰ ਏ ਕੋਈ ਤੇਰੀ ਅੱਥਰੀ ਟੋਰ ਜਿਹਾ
ਪਰਿਆ ਵਿਚ ਇਕਲਾਪਾ ਖਹਿੜਾ ਛਡਦਾ ਨਈਂ,
ਤਨਹਾਈਆਂ ਦੇ ਅੰਦਰ ਵੀ ਹੈ ਸ਼ੋਰ ਜਿਹਾ
ਵਿੱਚ ਭੁਲੇਖੇ ਪੀਤਾ ਜ਼ਹਿਰ ਮੁਹੱਬਤਾਂ ਦਾ,
ਮਿੱਠਾ ਸੀ ਗੰਨੇ ਦੀ ਮੁਢਲੀ ਪੋਰ ਜਿਹਾ
ਖਾਰਿਆਂ ਖੂਹਾਂ ਵੱਲੋ ਕ੍ਹਾਦੀਆਂ ਆਸਾਂ ਨੇ,
ਖਾ ਜਾਵੇਗਾ ਧਰਤੀ ਕੱਲਰ ਸ਼ੋਰ ਜਿਹਾ
ਸਾਮਰੀਆਂ ਦੀ ਜੂਹ ਵਿਚ ਖ਼ਬਰੇ ਆ ਵੜਿਆਂ,
ਅਪਣਾ ਆਪ ਈ ਲਗਦਾ ਏ ਕੁਝ ਹੋਰ ਜਿਹਾ
ਸ਼ਿਅਰ ਅਦਬ ਦਾ 'ਅਨਵਰ' ਰੋਗ-ਅਨੋਖਾ ਏ,
ਸਿਉਂਕ ਦੇ ਵਾਂਗਰ ਲੱਗੀ ਹੋਈ ਲੋਰ ਜਿਹਾ
ਆਪੋ ਆਪਣੇ ਪੱਥਰ ਲੈ ਕੇ ਨਾਲ ਘਰਾਂ ਤੋਂ ਆਇਓ,
ਮੰਗਵੇਂ ਪੱਥਰਾਂ ਨਾਲ ਮੈਂ ਦਿਲ ਨੂੰ ਨਈਂ ਸੰਗਸਾਰ ਕਰਾਉਣਾ
ਆ ਕਾਗਜ਼ ਦੇ ਫੁੱਲ ਸਜਾਵਾਂ ਤੇਰੀਆਂ ਜ਼ੁਲਫਾਂ ਉੱਤੇ,
ਨਾ ਇਨ੍ਹਾ ਦਾ ਰੰਗ ਬਦਲਣੈ ਨਾ ਇਨ੍ਹਾ ਕਮਲਾਉਣਾ
'ਅਨਵਰ' ਵੀ ਹੁਣ ਸਮਝ ਗਿਆ ਏ ਪਿਆਰ ਦੇ ਤੌਰ ਤਰੀਕੇ,
ਅੱਗ ਦੇ ਉੱਤੇ ਬਰਫ਼ ਪਕਾਉਣੀ, ਪੱਥਰ ਫੁੱਲ ਬਣਾਉਣਾ
(ਅਧੂਰੀ ਰਚਨਾ)
|