ਪੰਜਾਬੀ ਰਾਈਟਰ ਦੀਵਾਨ ਸਿੰਘ ਮਹਿਰਮ
ਸੁਣ ਬੰਦਿਆ ! ਤੂੰ ਬੰਦਾ ਹੈਂ ਤਾਂ, ਬੰਦਿਆਂ ਵਾਲੀ ਗੱਲ ਕਰ ਵੇ।
ਦੇਸ਼ ਤੇਰੇ ਤੇ ਬਿਪਤਾ ਭਾਰੀ, ਸੰਕਟ ਦਾ ਕੋਈ ਹੱਲ ਕਰ ਵੇ।
'ਸੋਮਨਾਥ' ਦੇ ਕਲਸ ਸੁਨਿਹਰੀ, ਭਸਮ ਹੋ ਗਏ ਜਲ ਕਰ ਵੇ।
ਪ੍ਰਛਾਵੇਂ ਕੈਲਾਸ਼ ਸਿਖਰ ਦੇ, ਦੂਰ ਨਿਕਲ ਗਏ ਢਲ ਕਰ ਵੇ।
ਉੱਠ ਮ੍ਰਿਗਛਾਲਾ ਦੀ ਨਿੱਘ ਵਿਚੋਂ, ਸਿੰਘ ਗਰਜ ਕਰ ਧਾਰਨ ਵੇ।
ਮਨ ਬਹੁਤੇਰਾ ਮਾਰ ਲਿਆ ਹੁਣ, ਦੁਸ਼ਟਾਂ ਨੂੰ ਚਲ ਮਾਰਨ ਵੇ।
ਮਰਦ ਮੁਸੀਬਤ ਤੋਂ ਨਹੀਂ ਡਰਦੇ, ਮਰਦ ਪਿੜੋਂ ਨਾ ਭੱਜਣ ਵੇ।
ਮਰਦ ਹਿਫ਼ਾਜ਼ਤ ਮੂਲ ਨਾ ਭਾਲਣ, ਮਰਦ ਮੈਦਾਨੀਂ ਗੱਜਣ ਵੇ।
ਮਰਦ ਦੇਸ਼ ਤੇ ਕੌਮ ਦੇ ਰਾਖੇ, ਮਰਦ ਵਤਨ ਦੇ ਸੱਜਣ ਵੇ।
ਮਰਦ ਤੂਫ਼ਾਨਾਂ ਨੂੰ ਲਲਕਾਰਨ, ਮਰਦ ਸੁਖ਼ਨ ਵਿਚ ਬੱਝਣ ਵੇ।
ਸੰਕਟ ਟਾਲਣ ਲਈ ਸਿਰ ਦੇਣਾ, ਸਿਰ ਲੈਣਾ ਕੰਮ ਮਰਦਾਂ ਦਾ।
ਰਾਸ਼ਟਰ ਦੀ ਮੁਕਤੀ ਲਈ ਲੜਨਾ, ਜਦ ਤਕ ਹੈ ਦੰਮ ਮਰਦਾਂ ਦਾ।
ਮੈਂ ਆਇਆਂ ਤੇਰੇ ਰੋਮ ਰੋਮ ਤੇ, ਜ਼ਖ਼ਮ ਧਰਨ ਲਈ ਤੀਰਾਂ ਦਾ।
ਮੈਂ ਆਇਆਂ ਤੇਰੀ ਮਾਲਾ ਦੇ ਵਿਚ, ਵਰਮ ਭਰਨ ਸ਼ਮਸ਼ੀਰਾਂ ਦਾ।
ਮੈਂ ਆਇਆਂ ਤੇਰੀ ਧੂਣੀ ਤਾਈਂ, ਸੇਕ ਦੇਣ ਦਿਲਗੀਰਾਂ ਦਾ।
ਮੈਂ ਆਇਆਂ ਤੈਨੂੰ ਦੇਣ ਸੰਦੇਸ਼ਾ, 'ਸਤਲੁਜ' ਨਦੀ ਦੇ ਨੀਰਾਂ ਦਾ।
ਕਿਸ ਲੇਖੇ ਤੇਰੇ ਜਪ, ਤਪ, ਸਾਧਨ, ਕਿਸ ਲੇਖੇ ਤੇਰੀ ਮੁਕਤੀ ਵੇ।
ਸੜਦੇ ਆਲੇ ਦੁਆਲੇ ਅੰਦਰ, ਸ਼ਾਂਤੀ ਦੀ ਕੀ ਜੁਗਤੀ ਵੇ।
ਜਿਸ ਧਰਤੀ ਨੇ ਅੰਨ ਜਲ ਦੇ ਕੇ, ਸੁੰਦਰ ਦੇਹ ਸ਼ਿੰਗਾਰੀ ਵੇ।
ਜਿਸ ਦੀ ਪੌਣ, ਪ੍ਰਾਣ ਬਖ਼ਸ਼ ਕੇ, ਸ਼ਕਤੀ ਭਰੇ ਨਿਆਰੀ ਵੇ।
ਫੁੱਲਾਂ, ਫਲਾਂ, ਰਸਾਂ, ਕਸਾਂ ਦਾ, ਕਣ ਕਣ ਹੈ ਭੰਡਾਰੀ ਵੇ।
ਰਿਸ਼ੀ-ਮੁਨੀ, ਅਵਤਾਰ ਪੈਗ਼ੰਬਰ, ਜੋ ਸਭ ਦੀ ਮਹਿਤਾਰੀ ਵੇ।
ਉਸ ਜਨਨੀ ਦੀ ਬਿਪਤ ਹਰਨ ਲਈ, ਜ਼ਿੰਦੜੀ ਲੇਖੇ ਲਾ ਦੇਈਏ।
ਮੁੱਕਤੀ ਦਾ ਇਹ ਸਫ਼ਲਾ ਸਾਧਨ, ਸਰਬੰਸ ਭੇਟ ਚੜ੍ਹਾ ਦੇਈਏ।
ਦੇਸ਼ ਜਗਾਵਨ ਬਦਲੇ ਕੋਈ, ਦਿੱਲੀ ਵਿਚ ਦਮ ਤੋੜ ਗਿਆ।
ਕੰਧਾਂ ਦੇ ਵਿਚ ਚੁਣੀ ਕੇ ਕੋਈ, ਪਾਪ ਦੀ ਬੇੜੀ ਬੋੜ ਗਿਆ।
ਖੰਡਾ ਵਾਹ ਰਣਖੇਤਾਂ ਵਿਚ, ਕੋਈ ਤੋਪਾਂ ਦੇ ਮੂੰਹ ਮੋੜ ਗਿਆ।
ਧੜ ਦਾ ਰਿਸ਼ਤਾ ਤੋੜ ਗਿਆ, ਵਤਨ ਥੀਂ ਨਾਤਾ ਜੋੜ ਗਿਆ।
ਮੌਤ ਵਿਚੋਂ ਜੀਵਨ ਦੇ ਦਰਸ਼ਨ, ਕਰਨ ਮਰਦ ਅਣਖ਼ੀਲੇ ਵੇ।
ਸ਼ਿਰ ਦੇਂਦੇ ਪਰ ਸਿਰੜ ਨਾ ਦੇਂਦੇ, ਗ਼ਾਜ਼ੀ ਧਨੀ ਹਠੀਲੇ ਵੇ।
ਪੀ ਅੰਮ੍ਰਿਤ ਦਾ ਚੁਲਾ, ਦੇਸ਼ ਦਾ ਆਪਤ ਕਾਲ ਨਿਵਾਰਨ ਲਈ,
ਪੀ ਅੰਮ੍ਰਿਤ ਦਾ ਚੁਲਾ ਦੇਸ਼ 'ਚੋਂ, ਦੁਸ਼ਟ ਸਮੂਹ ਸਿੰਘਾਰਨ ਲਈ।
ਪੀ ਅੰਮ੍ਰਿਤ ਦਾ ਚੁਲਾ ਵਤਨ ਦੀ, ਵਿਗੜੀ ਤਾਈਂ ਸੁਆਰਨ ਲਈ।
ਪੀ ਅੰਮ੍ਰਿਤ ਦਾ ਚੁਲਾ ਜ਼ੁਲਮ ਦੀ, ਭੜਕੀ ਜੁਆਲਾ ਠਾਰਨ ਲਈ।
'ਕ੍ਰਿਸ਼ਨ' ਕਨ੍ਹੱਈਆ ਨੇ 'ਅਰਜਨ' ਨੂੰ, 'ਗੀਤਾ' ਏਹੀ ਸੁਣਾਈ ਹੈ।
ਧਰਮ ਯੁੱਧ ਵਿਚ ਜੂਝ ਮਰਨ ਦੀ, ਸਰਵੋਤਮ ਵਡਿਆਈ ਹੈ।
ਉੱਠ ! ਬਦਲੇ ਦੀ ਅੱਗ ਭੜਕਾ ਕੇ, 'ਲੰਕ' ਯਮਨ ਦੀ ਸਾੜਦਾ ਜਾ।
ਇਹ ਲੈ ਤੀਰ, ਇਹ ਫੜ ਤਲਵਾਰਾਂ, ਧੌਣਾਂ ਤੋਂ ਸਿਰੀਆਂ ਝਾੜਦਾ ਜਾ।
ਕੁੱਚਲ 'ਸਢੌਰਾ', ਮਾਰ 'ਸਮਾਣਾ', ਤੇ 'ਸਰਹਿੰਦ' ਲਤਾੜਦਾ ਜਾ।
ਆਪੇ ਕੋਈ ਵਸਾ ਲਊ ਆ ਕੇ, ਤੂੰ ਇਕ ਵਾਰ ਉਜਾੜਦਾ ਜਾ।
ਜ਼ਾਲਮ ਨਾਲ ਦਇਆ ਨ ਫੱਬੇ, ਦੁਸ਼ਟ ਖਪਾਉਂਦਾ ਜਾ ਅੜਿਆ।
ਕਲੀਆਂ ਵਿੰਨ੍ਹਣ ਵਾਲੀਆਂ ਸੂਈਆਂ, ਭੱਠ ਵਿਚ ਪਾਉਂਦਾ ਜਾ ਅੜਿਆ।
ਗੁਰੂ ਅਰਜਨ ਦੀ ਤੱਤੀ ਲੋਹ ਨੂੰ, ਅੱਖਾਂ ਦੇ ਵਿਚ ਰੱਖੀਂ ਵੇ।
ਛੁਰੀਆਂ ਤੇਗ਼ ਬਹਾਦਰ ਦੀਆਂ, ਆਪ ਜੀਭ ਤੇ ਚੱਖੀਂ ਵੇ।
ਚੇਤੇ ਕਰ 'ਅਨੰਦਪੁਰੀ' ਨੂੰ, ਦੁਸ਼ਮਣ ਦਾ ਸੁੱਖ ਭੱਖੀਂ ਵੇ।
ਅਣਖ਼, ਆਣ ਦੀ ਜ਼ਿੰਦਗ਼ੀ ਦੇ ਪਲ, ਹੱਥ ਨਾ ਆਉਂਦੇ ਲੱਖੀਂ ਵੇ।
ਜ਼ੁਲਮ ਨਾਲ ਟਕਰਾਵਣ ਬਾਝੋਂ, ਪਲਟੇ ਨਾ ਤਕਦੀਰ ਕਦੀ।
ਤਲਵਾਰਾਂ ਬਿਨ ਕਿਸੇ ਕੌਮ ਦੀ, ਲਿਸ਼ਕੇ ਨਾ ਤਸਵੀਰ ਕਦੀ।
ਗੁਰੂ ਨਾਨਕ ਦੀ ਬਾਬਰਵਾਣੀ, ਦੱਸਦੀ ਰਾਹ ਮੈਦਾਨਾਂ ਦਾ।
ਵਾਰ 'ਚੰਡੀ' ਦੀ ਗੜ੍ਹਕੇ ਜਦ, ਤਾਂ ਮੀਂਹ ਵਰ੍ਹਦਾ ਕ੍ਰਿਪਾਨਾਂ ਦਾ।
ਮੀਰੀ ਪੀਰੀ ਦੇ ਮਾਲਕ ਨੇ, ਬਖ਼ਸ਼ਿਆ ਦਿਲ ਸੁਲਤਾਨਾਂ ਦਾ।
ਵਿਰਸਾ ਪਿਉ, ਦਾਦੇ ਦਾ ਭਾਰਾ, ਜੋੜ ਨਾ ਕਿਸੇ ਜੁਆਨਾਂ ਦਾ।
ਇਹ ਸਭ ਸ਼ਕਤੀ ਫ਼ੌਜ ਤੇਰੀ ਵਿਚ, ਨਾਮ ਅਕਾਲ ਧਿਆ ਸਿੰਘਾ।
ਹਰ ਮੈਦਾਨੇ ਫਤਹਿ ਹੋਏਗੀ, ਜਾ 'ਰਣਜੀਤ' ਵੱਜਾ ਸਿੰਘਾ।
(ਊਧਮ ਸਿੰਘ ਦੀ ਲਲਕਾਰ)
ਮੈਨੂੰ ਫੜ ਲਓ ਲੰਡਨ ਵਾਸੀਓ ! ਮੈਂ ਖੜਾ ਪੁਕਾਰਾਂ।
ਮੈਂ ਕਾਤਲ ਉਡਵਾਇਰ ਦਾ, ਮੈਂ ਗੋਲੀ ਮਾਰੀ।
ਮੈਂ ਇਕਬਾਲੀ ਜੁਰਮ ਦਾ, ਨਹੀਂ ਜਿੰਦ ਪਿਆਰੀ।
ਮੈਂ ਨੱਸਣਾ ਮੂਲ ਨਹੀਂ ਚਾਹੁੰਦਾ, ਕੋਈ ਮਾਰ ਉਡਾਰੀ।
ਮੈਂ ਪੇਸ਼ ਕਰਾਂ ਖ਼ੁਦ ਆਪ ਨੂੰ, ਕੋਈ ਨਹੀਂ ਲਚਾਰੀ।
ਮੈਂ ਉੱਚੀ ਉੱਚੀ ਬੋਲ ਕੇ, ਲਾਉਂਦਾ ਹਾਂ ਟਾਹਰਾਂ।
ਮੈਨੂੰ ਫੜ ਲਓ ਲੰਡਨ ਵਾਸੀਓ ! ਮੈਂ ਖੜਾ ਪੁਕਾਰਾਂ।
ਮੈਂ ਵਾਸੀ ਦੇਸ ਪੰਜਾਬ ਦਾ, ਜੋਧਾ ਬਲਕਾਰੀ।
ਮੇਰਾ ਊਧਮ ਸਿੰਘ ਏ ਨਾਮ ਸੁਣੋ, ਸਾਰੇ ਨਰ ਨਾਰੀ।
ਮੈਂ ਆਇਆ ਦੂਰੋਂ ਚੱਲ ਕੇ, ਕਟ ਮਨਜ਼ਲ ਭਾਰੀ।
ਮੈਂ ਦੁਸ਼ਮਣ ਦੀ ਹਿੱਕ ਸਾੜ ਕੇ, ਅੱਜ ਛਾਤੀ ਠਾਰੀ।
ਮੇਰੀ ਸਫ਼ਲ ਹੋ ਗਈ ਯਾਤਰਾ, ਲੱਖ ਸ਼ੁਕਰ ਗੁਜਾਰਾਂ।
ਮੈਨੂੰ ਫੜ ਲਓ ਲੰਡਨ ਵਾਸੀਓ ! ਮੈਂ ਖੜਾ ਪੁਕਾਰਾਂ।
ਇਹ ਉਹ ਜ਼ਾਲਮ ਉਡਵਾਇਰ ਜੇ, ਜਿਹਦੀ ਕਥਾ ਨਿਆਰੀ।
ਜੋ ਜਲ੍ਹਿਆਂ ਵਾਲੇ ਬਾਗ ਦਾ, ਸੀ ਅੱਤਿਆਚਾਰੀ।
ਜਿਨ੍ਹ ਭੁੰਨੀ ਤੋਪਾਂ ਡਾਹ ਕੇ, ਖਲਕਤ ਵੇਚਾਰੀ।
ਜਿਹਦੇ ਸਿਰ ਉੱਤੇ ਥਾਂ ਹੈਟ ਦੀ, ਪਾਪ ਦੀ ਖਾਰੀ।
ਮੈਂ ਸੌਂਹ ਖਾਧੀ ਸੀ ਉਸ ਦਿਨ, ਪਾਪੀ ਨੂੰ ਮਾਰਾਂ।
ਮੈਨੂੰ ਫੜ ਲਓ ਲੰਡਨ ਵਾਸੀਓ ! ਮੈਂ ਖੜਾ ਪੁਕਾਰਾਂ।
ਮੈਂ ਹਾਂ ਅਣਖੀਲਾ ਗਭਰੂ, ਮੇਰੀ ਗੈਰਤ ਭਾਰੀ।
ਮੇਰੀ ਛਾਤੀ ਪਰਬਤ ਵਾਂਗਰਾਂ, ਤੇ ਭੁਜਾ ਕਰਾਰੀ।
ਮੈਂ ਭਗਤ ਸਿੰਘ ਦਾ ਦਾਸ ਹਾਂ, ਮੈਨੂੰ ਮੌਤ ਪਿਆਰੀ।
ਮੈਂ ਲੱਗ ਕੇ ਲੇਖੇ ਵਤਨ ਦੇ, ਲੈਣੀ ਸਰਦਾਰੀ।
ਮੇਰੇ ਸੱਜਣ ਘਰ ਘਰ ਬੈਠ ਕੇ, ਗਾਵਨਗੇ ਵਾਰਾਂ।
ਮੈਨੂੰ ਫੜ ਲਓ ਲੰਡਨ ਵਾਸੀਓ ! ਮੈਂ ਖੜਾ ਪੁਕਾਰਾਂ।
ਮੈਂ ਮੋੜੀ ਭਾਜੀ ਦੇਸ ਦੀ, ਕਰ ਕੇ ਹੁਸ਼ਿਆਰੀ।
ਇਉਂ ਜਗ ਵਿਚ ਅਣਖੀ ਸੂਰਮੇ, ਲਾਹ ਲੈਂਦੇ ਵਾਰੀ।
ਮੇਰੀ ਰੂਹ ਨੂੰ ਮਾਰ ਨਹੀਂ ਸਕਦੀ, ਕੋਈ ਛੁਰੀ ਕਟਾਰੀ।
ਮੇਰੀ ਮੌਤ 'ਚ ਜੀਵਨ ਕੌਮ ਦਾ, ਮਰਨਾ ਗੁਣਕਾਰੀ।
ਮੈਂ ਸਬਰ ਵਿਖਾ ਕੇ ਗਜ਼ਬ ਦਾ, ਲੱਖ ਜਬਰ ਸਹਾਰਾਂ।
ਮੈਨੂੰ ਫੜ ਲਓ ਲੰਡਨ ਵਾਸੀਓ ! ਮੈਂ ਖੜਾ ਪੁਕਾਰਾਂ।
ਮੈਂ ਦੋਸ਼ੀ ਵਤਨ ਪਿਆਰ ਦਾ, ਮੈਨੂੰ ਚੜ੍ਹੀ ਖੁਮਾਰੀ।
ਮੈਨੂੰ ਵਿਚ ਸ਼ਕੰਜੇ ਕੱਸ ਕੇ, ਸਿਰ ਫੇਰੋ ਆਰੀ।
ਮੇਰਾ ਪੁਰਜਾ ਪੁਰਜਾ ਕੱਟ ਕੇ, ਕਰ ਦਿਓ ਖੁਆਰੀ।
ਮੇਰਾ ਖੂਨ ਡੋਹਲ ਕੇ ਰੰਗ ਦਿਉ, ਇਹ ਧਰਤੀ ਸਾਰੀ।
ਤੇ ਵੇਚੋ ਮੇਰੇ ਮਾਸ ਨੂੰ, ਵਿਚ ਗਲੀਂ ਬਜ਼ਾਰਾਂ।
ਮੈਨੂੰ ਫੜ ਲਓ ਲੰਡਨ ਵਾਸੀਓ ! ਮੈਂ ਖੜਾ ਪੁਕਾਰਾਂ।
ਇਉਂ ਆਜ਼ਾਦੀ ਨੂੰ ਵਿਆਹੇਗੀ, ਮੇਰੀ ਰੂਹ ਕੁਆਰੀ।
ਤੇ ਪੱਕੀ ਹੋ ਜਾਊ ਵਤਨ ਨਾਲ, ਮੇਰੀ ਲੱਗੂ ਯਾਰੀ।
ਇਉਂ ਅੰਗਰੇਜ਼ੀ ਸਾਮਰਾਜ ਨੂੰ, ਸੱਟ ਲੱਗੂ ਭਾਰੀ।
ਇਉਂ ਜੋਬਨ ਉੱਤੇ ਆਇਗੀ, ਭਾਰਤ ਫੁਲਵਾੜੀ।
ਮੈਂ ਕਿਉਂ ਨਾ ਆਪਣੇ ਵਤਨ ਦੀ, ਤਕਦੀਰ ਸੁਆਰਾਂ।
ਮੈਨੂੰ ਫੜ ਲਓ ਲੰਡਨ ਵਾਸੀਓ ! ਮੈਂ ਖੜਾ ਪੁਕਾਰਾਂ।
ਮੈਂ ਮੁਜਰਮ ਨਹੀਂ ਇਖਲਾਕ ਦਾ, ਮੈਂ ਵਤਨ ਪੁਜਾਰੀ।
ਮੈਂ ਜੋ ਕੁਝ ਕੀਤਾ ਵਤਨ ਲਈ ਭਾਰਤ ਹਿੱਤਕਾਰੀ।
ਮੇਰੇ ਹੱਡਾਂ ਦੀ ਸੁਆਹ ਘਲਿਓ, ਮੇਰੇ ਵਤਨ ਮਝਾਰੀ।
ਮੈਂ ਜੰਮਣ ਭੋਂ ਨੂੰ ਪਰਸ ਲਾਂ, ਫਿਰ ਅੰਤਮ ਵਾਰੀ।
ਮੇਰੇ ਰੋਮ ਰੋਮ ਚੋਂ ਉੱਠੀਆਂ, ਏਹੋ ਲਲਕਾਰਾਂ।
ਮੈਨੂੰ ਫੜ ਲਓ ਲੰਡਨ ਵਾਸੀਓ ! ਮੈਂ ਖੜਾ ਪੁਕਾਰਾਂ।
('ਜੀਵੇ ਦੇਸ਼ ਮਹਾਨ' ਵਿੱਚੋਂ)
ਮੇਰੇ ਦੇਸ਼ ਦੇ ਵਾਸੀਓ, ਸੁਖੀ ਵਸੋ,
ਇਕ ਦੁਖੀ ਤੁਹਾਥੋਂ ਵਿਦਾ ਹੋ ਚਲਿਆ।
ਮੇਰੇ ਗੀਤ ਨੂੰ ਕਿਸੇ ਨੇ ਸਮਿਝਆ ਨਹੀਂ
ਕਰਕੇ ਕੀਰਨੇ ਆਪ ਹੀ ਰੋ ਚਲਿਆ।
ਮੇਰੀ ਕੂਕ ਅਜ਼ਾਦੀ ਦੀ ਕੂਕ ਸੀ ਇਕ,
ਸੁਟ ਕੇ ਜੇਲ੍ਹ ਅੰਦਰ ਬੂਹੇ ਢੋ ਚਲਿਆ।
ਹੈ ਯਕੀਨ ਕਿ ਉਸਰਨਗੇ ਮਹਿਲ ਇਕ ਦਿਨ,
ਮਿਟੀ ਦੇਸ਼ ਸੇਵਾ ਦੀ ਹਾਂ ਗੋ ਚਲਿਆ।
ਮੇਰੀ ਕੌਮ ਬੇਹੋਸ਼, ਬੇਹਿਸ ਹੋਈ,
ਸੀਨੇ ਦਰਦਾਂ ਦੀ ਸੂਲ ਖਭੋ ਚਲਿਆ।
ਭੋਰੇ ਭੋਰੇ 'ਚੋਂ ਉਠਸੀ ਤੂਫਾਨ ਇਕ ਦਿਨ,
ਜੋ ਹਾਂ ਸ਼ਾਨਤੀ ਅਜ ਸਮੋ ਚਲਿਆ।
ਨਮਸਕਾਰ ਹੈ ਦੇਸ਼ ਦਿਆਂ ਪਰਬਤਾਂ ਨੂੰ,
ਜਲਾਂ, ਥਲਾਂ ਨੂੰ ਹੈ ਨਮਸਕਾਰ ਮੇਰੀ।
ਨਮਸਕਾਰ ਹੈ ਰੁਮਕਦੀ ਪੌਣ ਤਾਈਂ,
ਬਣੀ ਰਹੀ ਜੋ ਜੀਵਨ ਅਧਾਰ ਮੇਰੀ।
ਨਮਸਕਾਰ ਹੈ ਵਤਨ ਦਿਆਂ ਤੀਰਥਾਂ ਨੂੰ,
ਕਾਸ਼ੀ, ਗਇਆ, ਮਥਰਾ, ਹਰਦੁਆਰ ਮੇਰੀ।
ਨਮਸਕਾਰ ਹਰ ਮੰਦਰ, ਅਨੰਦ ਪੁਰ ਨੂੰ,
ਗ੍ਰੰਥ, ਪੰਥ ਤਾਈਂ ਜੈ ਜੈ ਕਾਰ ਮੇਰੀ ।
ਮੇਰੀ ਸੂਤ ਦੀ ਮਾਲਾ ਦੇ ਮਣਕਿਆਂ ਨੇ,
ਸਿਥਲ ਹੋ ਚੁਕੇ ਮਨਾਂ ਨੂੰ ਫੇਰਨਾ ਏਂ।
ਮੇਰੇ ਹੌਕਿਆਂ ਨੇ ਦੋਜ਼ਖ ਸਾੜ ਦੇਣੇ,
ਮਾਤਰ ਭੂਮੀ ਤੇ ਸੁਵਰਗ ਖਲੇਰਨਾ ਏਂ।
ਇਕ ਦਿਨ ਆਵਸੀ ਵਤਨ ਆਜ਼ਾਦ ਹੋਸੀ।
ਕਿਤੇ ਦੁਖ ਗੁਲਾਮੀ ਦੇ ਰਹਿਣਗੇ ਨਾ।
'ਬੰਦੇ ਮਾਤ੍ਰਮ' ਦਾ ਸਾਂਝਾ ਜਾਮ ਹੋਸੀ,
ਬਾਂਸ ਮਜ਼੍ਹਬਾਂ ਦੇ ਆਪ ਵਿਚ ਖਹਿਣਗੇ ਨਾ।
ਸੁਤੀ ਹੋਈ ਮਨੁੱਖਤਾ ਜਾਗ ਪਏਗੀ,
ਕਿਤੇ ਧਰਮ ਤਗਾਦੜੇ ਰਹਿਣਗੇ ਨਾ।
'ਸਰਬ ਸਾਂਝਾ' ਵਿਡ ਕੇ ਖੁਸ਼ੀਆਂ ਵਸ ਜਾਸਣ,
ਸੋਗ ਸਹਿਮ ਦੇ ਅਥਰੂ ਡਹਿਣਗੇ ਨਾ।
ਮੈਂ ਤਾਂ ਪਿਆਰ ਦੇ ਨਾਲ ਪਲੋਸਿਆ ਏ,
ਪਿਛੋਂ ਆ ਰਹੇ ਨੇ ਵਢ ਞਢ ਖਾਣ ਵਾਲੇ।
ਜਿਹੜਾ ਕੂੜ ਦਾ ਉਸਰਿਆ ਮਠ 'ਮਹਿਰਮ'
ਮਕੂ ਬਝ ਰਹੇ ਨੇ ਉਸਨੂੰ ਢਾਣ ਵਾਲੇ।
ਤੇਰੇ ਨਾਂ ਤੇ ਕੁਰਬਾਨੀਆਂ ਨੂੰ ਸਲਾਮੀ।
ਅਮਰ ਹੋਈਆਂ ਜ਼ਿੰਦਗਾਨੀਆਂ ਨੂੰ ਸਲਾਮੀ।
ਜਿਨ੍ਹਾਂ ਨੇ ਆਬਾਦੀ ਲਿਆਂਦੀ ਵਤਨ ਵਿਚ
ਉਹਨਾਂ ਖੂਨੀ ਵੀਰਾਨੀਆਂ ਨੂੰ ਸਲਾਮੀ।
ਸੰਵਾਰੀ ਜਿਨ੍ਹਾਂ ਦੇਸ਼ ਚੀ ਜ਼ੁਲਫ਼ ਬਿੱਖਰੀ
ਭਿਆਨਕ ਪਰੇਸ਼ਾਨੀਆਂ ਨੂੰ ਸਲਾਮੀ।
ਸਣੇ ਆਹਲਣੇ ਚੋਂ ਧੂੰਆਂ ਬਣ ਜੁ ਉਠੀਆਂ
ਉਹਨਾਂ ਸਖਤ ਹੈਰਾਨੀਆਂ ਨੂੰ ਸਲਾਮੀ।
ਤੇਰੇ ਬਾਂਕਿਆਂ ਨੇ ਮਿਟਾਈ ਖ਼ੁਨਾਮੀ।
ਸਲਾਮੀ ਵਤਨ ਦੇ ਫਰੇਰੇ ਸਲਾਮੀ।
ਤੈਨੂੰ ਤਿਲਕ ਨੇ ਤਿਲਕ ਲਾ ਕੇ ਸੀ ਚਾਇਆ।
ਹਜੂਰੀ ਤੇਰੀ ਲਾਜਪਤ ਸਿਰ ਝੁਕਾਇਆ।
ਤੇਰੇ ਆਸ਼ਕਾਂ ਨੇ ਕਫ਼ਨ ਸਿਰ ਸਜਾਕੇ,
ਤੇਰੇ ਨਾਮ ਦਾ ਹੀ ਸੀ ਡੰਕਾ ਵਜਾਇਆ।
ਤੂੰ ਤਸਵੀਰ ਹੈਂ ਭਗਤ ਸਿੰਘ ਸੂਰਮੇ ਦੀ,
ਜਿਨੇ ਪ੍ਰਾਣ ਦੇ ਕੇ ਸੀ, ਪ੍ਰਣ ਨੂੰ ਨਿਭਾਇਆ।
ਤੂੰ ਚਾਨਣ ਹੈਂ ਨੇਤਾ ਦੀ ਅਖੀਆਂ ਦਾ।
ਜਿੰਨੇ ਜਾ ਬਦੇਸ਼ਾਂ 'ਚ ਜੀਵਨ-ਰੁਲਾਇਆ।
ਤੁੰ ਗਾਂਧੀ ਦੇ ਸਪਨੇ ਦੀ ਹੋ ਨੇਕਨਾਮੀ।
ਸਲਾਮੀ ਵਤਨ ਦੇ ਫਰੇਰੇ ਸਲਾਮੀ।
ਤੂੰ ਸ਼ਾਂਤੀ ਅਤੇ ਅਮਨ ਦਾ ਹੈਂ ਪੁਜਾਰੀ।
ਤੂੰ ਸ਼ਾਨ ਦੁਨੀਆਂ ਦੇ ਨਕਸ਼ੇ ਤੇ ਨਿਆਰੀ।
ਅਸ਼ੋਕਾ ਚਕਰ ਤੇਰੀ ਸੂਰਤ ਤਿਰੰਗੀ।
ਹੈ ਕਾਦਰ ਨੇ ਖੁਦ ਆਪ ਹੱਥੀਂ ਸੁਆਰੀ।
ਤੇਰੇ ਸਿਰ ਤੇ ਪਰਬਤ, ਤੇਰੇ ਪੈਰੀਂ ਸਾਗਰ।
ਤੇਰੀ ਸ਼ਕਤੀਸ਼ਾਲੀ ਭੁਜਾ ਹੈ ਕਰਾਰੀ।
ਤੇਰੇ ਸਾਏ ਹੇਠਾਂ ਬਰਾਬਰ ਨੇ ਸਾਰੇ।
ਬ੍ਰਾਹਮਣ, ਕੁਸ਼ਤਰੀ ਤੇ ਸ਼ੂਦਰ, ਚੁਮਾਰੀ।
ਤੂੰ ਇਕ ਕਰ ਵਿਖਾਏ ਨੇ ਸੇਵਕ ਸਵਾਮੀ।
ਸਲਾਮੀ ਵਤਨ ਦੇ ਫਰੇਰੇ ਸਲਾਮੀ।
ਤੇਰੇ ਤੋਰਿਆਂ ਕਾਰਵਾਂ ਚਲ ਰਹਿਆ ਏ।
ਸਮਾਂ ਉਨਤੀ ਦੇ ਸੁਨੇਹ ਘਲ ਰਿਹਾ ਏ।
ਸਮੂਹਕ ਵਿਕਾਸਾਂ ਦਾ ਨਕਸ਼ਾ ਅਗੰਮੀ।
ਤੇਰੇ ਕਾਫਲੇ ਦੇ ਪੜਾ ਮਲ ਰਹਿਆ ਏ।
ਵਤਨ ਦੀ ਉਸਾਰੀ ਨੇ ਛੋਹੀਆਂ ਨੇ ਸਿਖਰਾਂ।
ਬੀਮਾਰੀ, ਬੇਕਾਰੀ ਦਾ ਤਪ ਢਲ ਰਹਿਆ ਏ।
ਵਿਸ਼ਵ ਸ਼ਾਂਤੀ ਦਾ ਜੋ ਜ਼ਾਮਨ ਤੇ ਰਾਖਾ।
ਤੇਰੀ ਗੋਦ ਵਿਚ ਉਹ ਭਵਿਖ ਪਲ ਰਹਿਆ ਏ।
ਤੂੰ ਸ਼ਕਤੀ ਤੇ ਸ਼ਾਂਤੀ ਦਾ ਨੁਸਖਾ ਤਮਾਮੀ।
ਸਲਾਮੀ ਵਤਨ ਦੇ ਫਰੇਰੇ ਸਲਾਮੀ।
|