ਪੰਜਾਬੀ ਰਾਈਟਰ ਅਸ਼ਰਫ਼ ਗਿੱਲ
ਬੂਹਾ ਬਾਰੀ ਖੋਲ੍ਹਣ ਤੇ ਹੀ, ਲੋ ਆਓਂਦੀ ਏ।
ਵਰਨਾ ਓਸੇ ਹੀ ਘਰ ਅੰਦਰੋਂ, ਬੋ ਆਓਂਦੀ ਏ।
ਲੋਕਾਂ ਦੀ ਸੂਰਤ, ਆਦਤ, ਜੇ ਕੋਲੋਂ ਵੇਖੋ,
ਓਹ ਨਈਂ ਹੁੰਦੀ, ਸਾਨੂੰ ਨਜ਼ਰੀਂ ਜੋ ਆਓਂਦੀ ਏ।
ਮੰਦਾ ਕਰਕੇ ਚੰਗੇ ਦੀ ਉੱਮੀਦ ਨਾ ਰੱਖੀਂ,
ਕੀਤੀ ਹੁੰਦੀ ਏ ਜੋ, ਅੱਗੇ ਸੋ ਆਓਂਦੀ ਏ।
ਗੱਲਾਂ ਬਾਤਾਂ ਰਾਹੀਂ, ਮਹਿਕਾਂ ਵੰਡਣ ਚੰਗਾ,
ਕਲੀਆਂ ਜਾਂ ਮੂੰਹ ਖੋਲ੍ਹਣ, ਤੇ ਖ਼ੁਸ਼ਬੋ ਆਓਂਦੀ ਏ।
ਯਾਦ ਕਈ ਸੱਜਣਾ ਦੀ ਆਓਣੋ, ਮੁੜਦੀ ਨਾਹੀਂ,
ਪੈਂਡਾ ਕਰਕੇ ਰੋਜ਼, ਹਜ਼ਾਰਾਂ ਕੋਹ ਆਓਂਦੀ ਏ।
ਸ਼ੈਦ ਮੁਸੀਬਤ, ਨਾਲ ਹੇ ਹੈ ਮੰਗੀ ਹੋਈ,
ਮਗਰੇ ਮਗਰੇ ਜਿਧਰ ਵੀ ਜਾਓ, ਆਓਂਦੀ ਏ।
ਆਵੇ ਜਦ ਵੀ ਯਾਦ ਤਿਰੀ, ਕੱਲੀ ਹੀ ਆਵੇ,
ਬਾਕੀ ਯਾਦਾਂ ਦੇ ਦਰਵਾਜ਼ੇ, ਢੋ ਆਓਂਦੀ ਏ।
ਮੇਰੇ ਮੂੰਹ ਵਿਚ ਚੂਰੀ ਪਾਂਦੀ, ਮਾਂ ਕਹਿੰਦੀ ਸੀ,
ਅਕਲ ਬੜੀ ਪੁੱਤ, ਖਾ ਕੇ ਖੰਡ ਘਿਓ ਆਓਂਦੀ ਏ।
ਕੁਝ ਲੋਕਾਂ ਦੀ ਇੱਜ਼ਤ 'ਅਸ਼ਰਫ਼' ਬਾਲਾਂ ਵਰਗੀ,
ਖਾਂਦੀ ਨਿੱਤ ਚਪੇੜਾਂ, ਫਿਰ ਮੂੰਹ ਧੋ ਆਓਂਦੀ ਏ।
ਮੁਹੱਬਤ ਬਾਅਦ ਕਦ ਰਹਿੰਦਾ ਏ ਬੰਦਾ, ਕੁਝ ਕਰਨ ਜੋਗਾ।
ਮੁਸੀਬਤ ਸਹਿਣ ਦੇ ਕਾਬਿਲ, ਨਾ ਪੀੜਾਂ ਨੂੰ ਜਰਨ ਜੋਗਾ।
ਹੁਣੇ ਹੀ ਵਰਤ ਲੈ, ਜ਼ੁਲਮਾਂ ਦੇ ਹਥਕੰਡੇ, ਜੋ ਤੇਰੇ ਹਨ,
ਨਈਂ ਰਹਿਣਾ ਸਦਾ ਮੈਂ, ਪਿਆਰ ਹਰਜਾਨਾ ਭਰਨ ਜੋਗਾ।
ਜਫ਼ਾਵਾਂ ਤੇਰੀਆਂ ਕੀਤੈ, ਮੇਰਾ ਇੰਜ ਹੌਸਲਾ ਪੀਡਾ,
ਨਹੀਂ ਬਚਿਆ ਕੋਈ ਕਾਰਣ, ਕਿਸੇ ਕੋਲੋਂ ਡਰਨ ਜੋਗਾ।
ਵਫ਼ਾ ਵਿਚ ਹੋਸ਼ ਨੂੰ ਜਜ਼ਬਾਤ ਕਰ ਦੇਂਦੇ ਨੇ, ਇੰਜ ਲੂਲ੍ਹਾ,
ਤਲਾਤਮ ਵਿਚ ਨਹੀ ਰਹਿੰਦਾ, ਜਿਵੇਂ ਤਾਰੂ ਤਰਨ ਜੋਗਾ।
ਹਜ਼ਾਰਾਂ ਬਿਰਖ ਜੰਗਲ ਵਿਚ, ਪੁੰਗਰਦੇ ਤੇ ਨਿਸਰਦੇ ਨੇ,
ਕੋਈ ਵਿਰਲਾ ਹੀ ਰੁੱਖ ਹੁੰਦਾ ਏ, ਹਰ ਮੌਸਮ ਜਰਨ ਜੋਗਾ।
ਗ਼ਰੀਬੀ ਇਸ ਤਰ੍ਹਾਂ ਇਨਸਾਨ ਨੂੰ, ਲਾਚਾਰ ਕਰਦੀ ਏ,
ਨਾ ਰਹਿੰਦਾ ਸਰਦੀਆਂ ਵਿਚ ਜਿਸ ਤਰ੍ਹਾਂ, ਝਰਨਾ ਝਰਨ ਜੋਗਾ।
ਗਈ ਜਕੜੀ ਜਵਾਨੀ, ਜਦ ਤੋਂ ਰੋਟੀ ਦੇ ਰੁਝੇਵੇਂ ਵਿਚ,
ਰੱਜਵਾਂ ਵਕਤ ਮੁੜ ਮਿਲਿਆ, ਨਾ ਤੈਥੋ ਓਦਰਨ ਜੋਗਾ।
ਕਦੀ ਖ਼ਾਬੀਂ, ਮੈਂ ਮਾਈਆਂ ਪਿੰਡ ਦੀਆਂ ਨੂੰ, ਆਖਦੇ ਸੁਣਿਐ,
ਸ਼ਰਾਰਤ ਕਰਦਿਆਂ ਮੁੰਡਿਆਂ ਨੂੰ, ਟੁਟ ਪੈਣਾ, ਮਰਨ ਜੋਗਾ।
ਮੇਰੇ ਅਰਮਾਨ ਉੱਮੀਦਾਂ, ਓਹ ਜਿੱਤ ਕੇ ਲੈ ਗਿਆ ਸਾਰੇ,
ਨਾ ਛੱਡਿਆ ਓਸ ਮੇਰੇ ਕੋਲ 'ਅਸ਼ਰਫ਼' ਕੁਝ ਹਰਨ ਜੋਗਾ।
ਜਗ ਕੋਲੋਂ ਕਿਉਂ ਪਾਸੇ ਰਹੀਏ।
ਅੰਦਰੋ ਅੰਦਰ ਲਾਸੇ ਰਹੀਏ।
ਅਪਣੇ ਹੱਥੋਂ ਮਰ ਜਾਈਏ, ਜੇ,
ਢੁਨੀਆਂ ਦੇ ਭਰਵਾਸੇ ਰਹੀਏ।
ਸੰਗੀ ਮਾਂਘ੍ਹੇ ਮਾਰਣਗੇ, ਜੇ,
ਓਹਨਾਂ ਕੋਲ ਨਿਰਾਸੇ ਰਹੀਏ।
ਜੀਵਨ ਪੀਹਵਣ ਮੁਕਦਾ ਨਾਹੀਂ,
ਜੁੱਪੇ ਨਿੱਤ ਖਰਾਸੇ ਰਹੀਏ।
ਹੋਰਾਂ ਆਜ਼ਾਦੀ ਸਮਝਾਈਏ,
ਆਪੀ ਭਾਵੇਂ ਫਾਸੇ ਰਹੀਏ।
ਦੁੱਖਾਂ ਸਾਨੂੰ ਲਭ ਹੀ ਲੈਣੈਂ,
ਭਾਵੇਂ ਕਿੰਨੇ ਪਾਸੇ ਰਹੀਏ।
ਖ਼ੁਸ਼ ਰਖ ਸਕਨੇ ਹਾਂ ਜੀਵਨ,ਜੇ,
ਗ਼ਮ ਨੂੰ ਪਾਂਦੇ ਹਾਸੇ ਰਹੀਏ।
ਨੇਕੀ ਕਰਕੇ ਵਾਪਸ ਮੰਗੀਏ,
ਗਿਣਦੇ ਤੋਲੇ ਮਾਸੇ ਰਹੀਏ।
ਲੋੜਾਂ ਜੇਕਰ ਮੁਹਲਤ ਦੇਵਣ,
ਪੀਂਦੇ ਘੋਲ ਪਤਾਸੇ ਰਹੀਏ।
ਖ਼ੌਰੇ ਕਦ ਮਰ ਜਾਣੈਂ, ਫਿਰ ਕਿਉਂ,
ਭੁਖਾਂ ਜਰੀਏ, ਪਿਆਸੇ ਰਹੀਏ।
'ਅਸ਼ਰਫ਼' ਸਭ ਨੂੰ ਮਹਿਕਾਂ ਵੰਡੀਏ,
ਕਿਉਂ ਜਗ ਵਿਚ ਬਿਣ-ਬਾਸੇ ਰਹੀਏ।
ਚੋਰੀ ਚੋਰੀ ਪੈਣੀਆਂ ਨੇ ਪਾਣੀਆਂ ਮੁਹੱਬਤਾਂ ।
ਸ਼ਰੇਆਮ ਪੈਣੀਆਂ ਨਿਭਾਣੀਆਂ ਮੁਹੱਬਤਾਂ ।
ਯਾਦ ਰੱਖੀਂ ਬਾਤ ਮੇਰੀ ਦਿਲਬਰ ਜਾਨੀਆਂ,
ਰੱਬ ਦੀਆਂ ਹੋਣੀਆਂ ਨੇ ਇੰਜ ਮੇਹਰਬਾਨੀਆਂ,
ਅਰਸ਼ਾਂ ਨੇ ਸਾਨੂੰ ਪਰਤਾਣੀਆਂ ਮੁਹੱਬਤਾਂ ।
ਸਾਡੇ ਵਿਚਕਾਰ ਚਾਹੇ ਲੱਖ ਹੋਣ ਦੂਰੀਆਂ,
ਮਿਲਣ ਦੇ ਵਿਚ ਭਾਵੇਂ ਹੋਣ ਮਜ਼ਬੂਰੀਆਂ,
ਦਿਲਾਂ ਵਿਚੋਂ ਸਾਡਿਉਂ ਨਾ ਜਾਣੀਆਂ ਮੁਹੱਬਤਾਂ ।
ਸਾਡਿਆਂ ਖ਼ਿਆਲਾਂ ਦੀ ਨਹੀਂ ਸੀ ਜਦੋਂ ਵਾਕਫ਼ੀ,
ਲੱਗਦੀ ਸੀ ਓਦੋਂ ਇਹ ਅਜੀਬ ਜੇਹੀ ਆਸ਼ਕੀ,
ਲਿਖੇ ਨਾਲ ਜਾਂਦੀਆਂ ਪਛਾਣੀਆਂ ਮੁਹੱਬਤਾਂ ।
ਇਕ ਵਾਰੀ ਦਿਲ ਨੂੰ ਜਾਂ 'ਗਿੱਲ' ਲੱਗ ਜਾਣੀਆਂ,
ਖੁਭ ਦਿਲ ਵਿਚ ਵੜ ਰਗ ਰਗ ਜਾਣੀਆਂ,
ਜਾਣੀਆਂ ਨਾ ਫਿਰ ਪਰਤਾਣੀਆਂ ਮੁਹੱਬਤਾਂ ।
ਤੇਰੇ ਨਾਲ ਪਿਆਰ ਮੇਰਾ ਬਦੋ ਬਦੋ ਪੈ ਗਿਆ ।
ਘੁੰਡ ਮੇਰੇ ਝਾਕਿਆਂ ਦਾ ਪਲਾਂ ਵਿਚ ਲਹਿ ਗਿਆ ।
ਤੇਰੇ ਨਾਲ ਸੋਹਣਿਆਂ ਮੈਂ ਅੱਖੀਆਂ ਕੀ ਮੇਲੀਆਂ,
ਲੂੰਈਂ ਲੂੰਈਂ ਵਿਚ ਮੇਰੇ ਆ ਗਈਆਂ ਤ੍ਰੇਲੀਆਂ,
ਰੱਬ ਜਾਣੇ ਦਿਲ ਕਿਵੇਂ ਸੀਨੇ ਵਿਚ ਰਹਿ ਗਿਆ ।
ਹੱਸਨੈਂ ਤੇ ਕਲੀਆਂ ਵੀ ਫੁੱਲ ਬਣ ਜਾਂਦੀਆਂ,
'ਵਾਜ਼ ਤੇਰੀ ਸੁਣਕੇ ਤੇ ਕੋਇਲਾਂ ਵੀ ਗਾਂਦੀਆਂ,
ਕੋਈ ਸੰਗੀਤ ਕੋਈ ਗੀਤ ਤੈਨੂੰ ਕਹਿ ਗਿਆ ।
ਅੱਖੀਆਂ ਮਿਲਾਣ ਨਾਲ ਪਈ ਤੇ ਦੁਹਾਈ ਨਾ,
ਪਰ ਏਨਾਂ ਹੋਇਆ ਰਹੀ ਸੁੱਧ ਬੁੱਧ ਕਾਈ ਨਾ,
ਦਿਲ ਵਾਲੇ ਸਾਜ਼ ਦਾ ਵੀ ਸੁਰ ਕੋਈ ਲੈ ਗਿਆ ।
ਤੱਕਿਆ ਤੂੰ ਜਦੋਂ ਤਾਰਾਂ ਦਿਲ ਦੀਆਂ ਹੱਲੀਆਂ,
ਚਿੱਠੀਆਂ ਨਿਗਾਹਵਾਂ ਇਕ ਦੂਜੇ ਵੱਲ ਘੱਲੀਆਂ,
ਦਿਲ 'ਗਿੱਲ' ਵੱਖਰੀਆਂ ਸੋਚਾਂ ਵਿਚ ਪੈ ਗਿਆ ।
|