ਪੰਜਾਬੀ ਰਾਈਟਰ ਅਮਰ ਸਿੰਘ ਮਨਸੂਰ
ਸਿੰਘ ਸੂਰਮੇ ਰਣ ਵਿਚ ਲੜ੍ਹਦੇ, ਬਹਿ ਕੇ ਮਾਰ ਨਾ ਖਾਂਦੇ।
ਭੇਡਾਂ ਵਾਂਗੂੰ ਸ਼ੇਰ ਨਾ, ਲੰਮੇ ਪੈ ਕੇ ਗਲ੍ਹ ਕਟਵਾਂਦੇ।
ਭੇਡਾਂ ਨੂੰ ਲੱਤ ਹੇਠਾਂ ਦੇ ਕੇ, ਲੋਕੀਂ ਉੱਨ ਮੁੰਨ ਲੈਂਦੇ।
ਐਪਰ ਸ਼ੇਰ ਦੇ ਮੁਰਦੇ ਨੂੰ ਵੀ, ਡਰਦੇ ਹੱਥ ਨਾ ਪਾਂਦੇ।
ਸੀਂਹਾਂ ਦੇ ਪੁੱਤ ਪਿੰਜਰੀਂ ਪੈ ਕੇ, ਰੋਵਣ ਨਹੀਂ ਲੱਗ ਜਾਂਦੇ।
ਅੱਖਾਂ ਜੇ ਸੀਅ ਦੇਵਣ ਤਾਂ ਵੀ, ਬਾਜ਼ ਨਹੀਂ ਕੁਰਲਾਂਦੇ।
ਸੂਰਮਿਆਂ ਦੇ ਪਰਖਣ ਨੂੰ ਹੈ, ਬਿਪਤਾ ਇਕ ਕਸੌਟੀ।
ਭੀੜ ਬਣੇਂ ਤਾਂ ਡਰ ਕੇ ਭੱਜਦੇ, ਨਹੀਂ ਪੁੱਤ ਸੂਰਮਿਆਂ ਦੇ।
ਸ਼ੀਂਹਾਂ ਦੇ ਭਾਗਾਂ ਵਿਚ ਪਿੰਜਰੇ, ਬਾਜ਼ਾਂ ਦੇ ਵਿਚ ਫਾਹੀਆਂ।
ਗਿੱਦੜ ਫੜੇ ਨਾ ਕਿਸੇ, ਡੋਰਾਂ ਕਾਵਾਂ ਨੂੰ ਨਹੀਂ ਪਾਈਆਂ।
ਭਾਗਾਂ ਦੀ ਵੰਡ ਹੋਣ ਲੱਗੀ ਜਦ, ਕਾਇਰਾਂ ਨੂੰ ਸੁੱਖ ਲੱਭੇ।
ਸਿੰਘਾਂ ਸੂਰਮਿਆਂ ਦੇ ਵੰਡੇ, ਕੈਦਾਂ ਫ਼ਾਂਸੀਆਂ ਆਈਆਂ।
ਆਕੜਿਆ ਨਾ ਰਹਿ ਹਰ ਵੇਲੇ, ਜਰ, ਜੋਬਨ ਤੇ ਤਰਾਨ।
ਸਿਆਣੇ ਹਰ ਵੇਲੇ ਨਹੀਂ ਰੱਖਦੇ, ਚਿਲ੍ਹੇ ਚਾੜ੍ਹ ਕਮਾਨ।
ਉੱਚੀ ਚੜ੍ਹੀ ਨਾ ਰਹਿੰਦੀ ਗੁੱਡੀ, ਭਾਗਾਂ ਦੀ ਹਰ ਵੇਲੇ।
ਓੜਕ ਪੀਂਘੇ ਟੁੱਟਣਾ, ਭਾਵੇਂ ਚੜ੍ਹ ਜਾਵੇ ਅਸਮਾਨ।
ਭੀੜ ਬਣੇਂ ਜਾਤੀ ਤੇ, ਸੂਰਮਿਆਂ ਬਿਨ ਕਿਹੜਾ ਟਾਲੇ।
ਜੇਠ ਹਾੜ੍ਹ ਦੀ ਧੁੱਪ, ਰੁੱਖਾਂ ਬਿਨ ਕੌਣ ਖਲੋ ਕੇ ਜਾਲੇ।
ਤਲਵਾਰਾਂ ਦੇ ਵਾਰ ਨਾ ਝੱਲ ਸਕਦਾ, ਢਾਲਾਂ ਬਿਨ ਕੋਈ।
ਦਰਿਆਵਾਂ ਦਾ ਪਾਣੀ ਬਾਝ ਸਮੁੰਦਰਾਂ ਕੌਣ ਸੰਭਾਲੇ।
ਆਪਣਿਆਂ ਵੱਲੋਂ ਕੰਡਿਆਂ ਦੀਆਂ, ਸੇਜਾਂ ਤੇ ਦੁੱਖ ਸਹਿਣਾ।
ਦੇਸ਼-ਧਰੋਹੀਆਂ ਵੱਲੋਂ ਤਖ਼ਤ ਮਿਲੇ, ਤਾਂ ਵੀ ਨਹੀਂ ਬਹਿਣਾ।
ਭੁੱਖਿਆਂ ਮਰ ਜਾਣਾ, ਪਰ ਰਾਜ 'ਭਭੀਖਣ' ਵਾਂਗ ਨਾ ਕਰਨਾ।
ਯਾਰੜੇ ਦਾ ਸਾਨੂੰ ਸੱਥਰ ਚੰਗਾ, ਭੱਠ ਖੇੜਿਆਂ ਦਾ ਰਹਿਣਾ।
ਡਿੱਗ ਡਿੱਗ ਕੇ ਉੱਠਦੇ ਨਹੀਂ ਜਿਹੜੇ, ਉਹ ਪਹਿਲਵਾਨ ਨਾ ਹੋਂਦੇ।
ਸੌ ਚੋਟਾਂ ਜੋ ਖਾਣ ਨਾ ਚਾਵਲ, ਉਹ ਪਰਵਾਨ ਨਾ ਹੋਂਦੇ।
ਡਿੱਗ ਡਿੱਗ ਕੇ ਉਠਣਾ, ਫਿਰ ਲੜਨਾ ਹੈ ਕੰਮ ਸੂਰਮਿਆਂ ਦਾ।
ਜੋ ਡਿੱਗ ਕੇ ਉੱਠਦੇ ਨਹੀਂ, ਜੱਗ ਵਿਚ ਉਹ ਪ੍ਰਧਾਨ ਨਾ ਹੋਂਦੇ।
ਵੈਰੀ ਦੇ ਕੱਟਕ ਵਿਚ ਰਲ ਕੇ, ਨਾਲ ਭਰਾਵਾਂ ਲੜਦੇ।
ਆਪਣਿਆਂ ਵੀਰਾਂ ਨੂੰ ਮਾਰਨ ਲਈ ਤਲਵਾਰਾਂ ਫੜਦੇ।
ਸੱਜਣਾਂ ਨਾਲ ਕਰੇਂਦੇ ਠੱਗੀਆਂ, ਹੋਂਦੇ ਜਨਮ ਕਸਾਈ।
ਛੇਕੜ ਉਹ ਪਾਪੀ ਸੱਤ ਨਰਕਾਂ ਦੀ ਅਗਨੀ ਵਿਚ ਸੜਦੇ।
ਦੀਵਾ ਬਲਿਆ, ਤੇ ਰੋ ਰੋ ਕੇ, ਆਖਣ ਲੱਗਾ ਰਾਤੀ।
ਦੁੱਖਾਂ ਤੇ ਦਰਦਾਂ ਦੀ ਅੱਗ ਦਾ, ਰਖਿਉਨ ਨਾਮ ਹੱਯਾਤੀ।
ਇਸ ਜੀਵਨ ਬਾਝੋਂ ਕੀ ਥੁੜ੍ਹਿਆ ਸੀ, ਇਹ ਜੀਵਨ ਕੀ ਏ,
ਸੜਦਿਆਂ ਬਲਦਿਆਂ ਰਾਤੀਂ ਰਹਿਣਾ, ਬੁੱਝ ਜਾਣਾ ਪ੍ਰਭਾਤੀ।
|