ਪੰਜਾਬੀ ਲੋਕ ਗੀਤ (ਭਾਗ-2)
ਡਾਚੀ ਵਾਲਿਆ ਮੋੜ ਮੁਹਾਰ ਵੇ,
ਸੋਹਣੀ ਵਾਲਿਆ ਲੈ ਚੱਲ ਨਾਲ ਵੇ।
ਮੇਰੀ ਡਾਚੀ ਦੇ ਗਲ ਵਿਚ ਟੱਲੀਆਂ,
ਵੇ ਮੈਂ ਪੀਰ ਮਨਾਵਣ ਚੱਲੀਆਂ।
ਤੇਰੀ ਡਾਚੀ ਦੀ ਸੋਹਣੀ ਚਾਲ ਵੇ,
ਡਾਚੀ ਵਾਲਿਆ ਲੈ ਚੱਲ ਨਾਲ ਵੇ।
ਤੇਰੀ ਡਾਚੀ ਥਲਾਂ ਨੂੰ ਚੀਰਨੀ,
ਵੇ ਮੈਂ ਪੀਰਾਂ ਨੂੰ ਸੁੱਖਨੀ ਆਂ ਸ਼ੀਰਨੀ।
ਆ ਕੇ ਤੱਕ ਜਾ ਸਾਡਾ ਹਾਲ ਵੇ,
ਡਾਚੀ ਵਾਲਿਆ ਲੈ ਚੱਲ ਨਾਲ ਵੇ।
ਤੇਰੀ ਡਾਚੀ ਦੇ ਚੁੰਮਨੀਆਂ ਪੈਰ ਵੇ,
ਤੇਰੇ ਸਿਰ ਦੀ ਮੰਗਨੀਆਂ ਖੈਰ ਵੇ।
ਸਾਡੀ ਜਿੰਦੜੀ ਨੂੰ ਇੰਝ ਨਾ ਗਾਲ ਵੇ,
ਡਾਚੀ ਵਾਲਿਆ ਲੈ ਚੱਲ ਨਾਲ ਵੇ।
ਤੇਰੀ ਡਾਚੀ ਤੋਂ ਸੱਦਕੇ ਮੈਂ ਜਾਨੀਆਂ
ਪੰਜਾਂ ਪੀਰਾਂ ਨੂੰ ਪਈ ਵੇ ਮਨਾਨੀਆਂ।
ਸੁੱਖਾਂ ਸੁੱਖਨੀ ਆਂ ਤੇਰੀਆਂ ਲਾਲ ਵੇ,
ਡਾਚੀ ਵਾਲਿਆ ਲੈ ਚੱਲ ਨਾਲ ਵੇ।
ਕਿੱਥੇ ਤਾਂ ਲਾਨੀਆਂ ਟਾਹਲੀਆਂ, ਵੇ ਪੱਤਾਂ ਵਾਲੀਆਂ।
ਵੇ ਮੇਰਾ ਪਤਲਾ ਮਾਹੀ!
ਕਿੱਥੇ ਤਾਂ ਲਾਵਾਂ ਸ਼ਤੂਤ, ਬੇਸਮਝੇ ਨੂੰ ਸਮਝ ਨਹੀਂ।
ਬਾਗੀਂ ਤਾਂ ਲਾਨੀਆਂ ਟਾਹਲੀਆਂ, ਵੇ ਪੱਤਾਂ ਵਾਲੀਆਂ।
ਵੇ ਮੇਰਾ ਪਤਲਾ ਮਾਹੀ!
ਬੂਹੇ ਤਾਂ ਲਾਵਾਂ ਸ਼ਤੂਤ, ਬੇਸਮਝੇ ਨੂੰ ਸਮਝ ਨਹੀਂ।
ਗਿੱਠ ਗਿੱਠ ਹੋਈਆਂ ਟਾਹਲੀਆਂ, ਵੇ ਪੱਤਾਂ ਵਾਲੀਆਂ।
ਵੇ ਮੇਰਾ ਪਤਲਾ ਮਾਹੀ!
ਅਧ-ਗਿੱਠ ਹੋਏ ਸ਼ਤੂਤ, ਬੇ-ਸਮਝੇ ਨੂੰ ਸਮਝ ਨਹੀਂ।
ਰਸੀਆ ਨਿੰਬੂ ਲਿਆ ਦੇ ਵੇ, ਮੇਰੇ ਉਠੀ ਕਲੇਜੇ ਪੀੜ।
ਨਾ ਇਹ ਨਿੰਬੂਆ ਨੇੜੇ ਤੇੜੇ, ਨਾ ਨਿੰਬੂਆ ਲਾਹੌਰ।
ਸ਼ਾਵਾ ਸ਼ੇ ਮੇਰੇ ਮਾਹੀ ਦੇ, ਜਿਸ ਨਿੰਬੂ ਲਿਆਂਦਾ ਟੋਲ।
ਰਸੀਆ ਨਿੰਬੂ ਲਿਆ ਦੇ ਵੇ, ਮੇਰੇ ਉਠੀ ਕਲੇਜੇ ਪੀੜ।
ਨਾ ਇਹ ਨਿੰਬੂਆ ਨੇੜੇ ਤੇੜੇ, ਨਾ ਨਿੰਬੂਆ ਕਸ਼ਮੀਰ।
ਸ਼ਾਵਾ ਸ਼ੇ ਮੇਰੇ ਮਾਹੀ ਦੇ, ਜਿਸ ਨਿੰਬੂ ਲਿਆਂਦਾ ਚੀਰ।
ਰਸੀਆ ਨਿੰਬੂ ਲਿਆ ਦੇ ਵੇ, ਮੇਰੇ ਉਠੀ ਕਲੇਜੇ ਪੀੜ।
ਨਾ ਇਹ ਨਿੰਬੂਆ ਨੇੜੇ ਤੇੜੇ, ਨਾ ਨਿੰਬੂਆ ਹਰਦਵਾਰ।
ਸ਼ਾਵਾ ਸ਼ੇ ਮੇਰੇ ਮਾਹੀ ਦੇ, ਜਿਸ ਨਿੰਬੂ ਲਿਆਂਦੇ ਚਾਰ।
ਰਸੀਆ ਨਿੰਬੂ ਲਿਆ ਦੇ ਵੇ, ਮੇਰੇ ਉਠੀ ਕਲੇਜੇ ਪੀੜ।
ਨਾ ਇਹ ਨਿੰਬੂਆ ਨੇੜੇ ਤੇੜੇ, ਨਾ ਨਿੰਬੂਆ ਕਲਕੱਤੇ।
ਸ਼ਾਵਾ ਸ਼ੇ ਮੇਰੇ ਮਾਹੀ ਦੇ, ਜਿਸ ਨਿੰਬੂ ਲਿਆਂਦੇ ਕੱਚੇ।
ਰਸੀਆ ਨਿੰਬੂ ਲਿਆ ਦੇ ਵੇ, ਮੇਰੇ ਉਠੀ ਕਲੇਜੇ ਪੀੜ।
ਬੀਬਾ, ਨਾ ਵੰਝ ਨਾ ਵੰਝ, ਢੋਲਣ ਯਾਰ।
ਟਿਕ ਪੌ ਅਥਾਈਂ ਵੇ, ਢੋਲਣ ਯਾਰ।
ਰੋਜ਼ੀ ਤੇ ਰਿਜ਼ਕ ਅੱਲਾ ਦੇਂਦਾ ਸਾਈਂ ਵੇ;
ਆਪਣੇ ਵਤਨ ਦੀਆਂ ਠੰਢੀਆਂ ਛਾਈਂ ਵੇ।
ਬੀਬਾ, ਨਾ ਵੰਝ ਨਾ ਵੰਝ, ਢੋਲਣ ਯਾਰ।
ਟਿਕ ਪੌ ਅਥਾਈਂ ਵੇ, ਨਾ ਵੰਝ, ਯਾਰ।
ਲੋਕ ਨੇ ਕਮਲੇ ਵੇ ਲੱਦੀ ਲੱਦੀ ਜਾਨੇ ਨੇ।
ਟੁਟ ਗਈਆਂ ਯਾਰੀਆਂ, ਫੁਲ ਕੁਮਲਾਨੇ ਨੇ ।
ਬੀਬਾ, ਨਾ ਵੰਝ ਨਾ ਵੰਝ, ਢੋਲਣ ਯਾਰ।
ਟਿਕ ਪੌ ਅਥਾਈਂ ਵੇ, ਨਾ ਵੰਝ, ਯਾਰ।
ਤਨ ਦਾ ਤੰਬੂਰਾ, ਰਗਾਂ ਦੀਆਂ ਤਾਰਾਂ ਵੇ।
ਲੂੰ ਲੂੰ ਦੇ ਵਿਚ, ਕਰਨ ਪੁਕਾਰਾਂ ਵੇ।
ਬੀਬਾ, ਨਾ ਵੰਝ ਨਾ ਵੰਝ, ਢੋਲਣ ਯਾਰ।
ਟਿਕ ਪੌ ਅਥਾਈਂ ਵੇ, ਨਾ ਵੰਝ, ਯਾਰ।
ਹਰੀਏ ਹਰੀਏ ਡੇਕੇ ਨੀ ਫੁੱਲ ਦੇ ਦੇ।
ਅੱਜ ਮੈਂ ਜਾਣਾ ਪੇਕੇ ਨੀ ਫੁੱਲ ਦੇ ਦੇ।
ਬਾਬਲ ਸਾਡੇ ਬਾਗ ਲੁਆਇਆ, ਵਿਚ ਚੰਬਾ ਤੇ ਮਰੂਆ।
ਮਾਂ ਮੇਰੀ ਮਾਲਣ ਫੁੱਲ ਪਈ ਚੁਣਦੀ, ਵਿਚ ਤਾਂ ਬੂਟਾ ਹਰਿਆ।
ਹਰੀਏ ਹਰੀਏ ਡੇਕੇ ਨੀ ਫੁੱਲ ਦੇ ਦੇ।
ਵੀਰ ਮੇਰੇ ਨੇ ਬਾਗ ਲੁਆਇਆ, ਵਿਚ ਚੰਬਾ ਤੇ ਮਰੂਆ।
ਭਾਬੋ ਮਾਲਣ ਫੁਲ ਪਈ ਚੁਣਦੀ, ਗਿੱਗਾ ਤਾਂ ਬੂਟਾ ਹਰਿਆ।
ਹਰੀਏ ਹਰੀਏ ਡੇਕੇ ਨੀ ਫੁੱਲ ਦੇ ਦੇ।
ਮਾਹੀ ਮੇਰੇ ਬਾਗ ਲੁਆਇਆ, ਵਿਚ ਚੰਬਾ ਤੇ ਮਰੂਆ।
ਭਾਬੋ ਮਾਲਣ ਫੁੱਲ ਪਈ ਚੁਣਦੀ, ਗੋਦੀ ਤਾਂ ਬੂਟਾ ਹਰਿਆ।
ਹਰੀਏ ਹਰੀਏ ਡੇਕੇ ਨੀ ਫੁੱਲ ਦੇ ਦੇ।
ਨੀ ਲੈ ਦੇ ਮਾਏ, ਕਾਲਿਆਂ ਬਾਗਾਂ ਦੀ ਮਹਿੰਦੀ।
ਗਲੀ ਗਲੀ ਮੈਂ ਪੱਤਰ ਚੁਣਦੀ, ਪੱਤਰ ਚੁਣਦੀ ਰਹਿੰਦੀ।
ਮਹਿੰਦੀ ਦਾ ਰੰਗ ਸੂਹਾ ਤੇ ਸਾਵਾ, ਸੋਹਣੀ ਬਣ ਬਣ ਪੈਂਦੀ।
ਘੋਲ ਮਹਿੰਦੀ ਮੈਂ ਹੱਥਾਂ 'ਤੇ ਲਾਈ, ਵਹੁਟੀ ਬਣ ਬਣ ਬਹਿੰਦੀ।
ਮਹਿੰਦੀ ਦਾ ਰੰਗ ਹੱਥਾਂ ਤੇ ਚੜ੍ਹਿਆ, ਸੋਹਣੀ ਲਗ ਲਗ ਪੈਂਦੀ।
ਜਿਨ੍ਹਾਂ ਦੇ ਕੰਤ ਧੀਏ ਨਿਤ ਪਰਦੇਸੀ, ਉਨ੍ਹਾਂ ਨੂੰ ਮਹਿੰਦੀ ਕੀਂ ਕਹਿੰਦੀ।
ਲੰਮਾਂ ਸੀ ਵਿਹੜਾ ਵੇ ਜ਼ਾਲਮਾ, ਵਿਚ ਕਲੀਆਂ ਦਾ ਬੂਟਾ।
ਚਲਦੀ ਸੀ ਪੱਛੋਂ ਵੇ ਜ਼ਾਲਮਾਂ, ਖਿੜ ਰਹੀਆਂ ਸੀ ਕਲੀਆਂ।
ਚਲਦਾ ਸੀ ਪੁਰਾ ਵੇ ਜ਼ਾਲਮਾਂ, ਗਿਰ ਰਹੀਆਂ ਸੀ ਕਲੀਆਂ।
ਲੈਂਦੀ ਸੀ ਬੋਹੀਆ ਵੇ ਜ਼ਾਲਮਾਂ, ਚੁਗ ਲੈਂਦੀ ਸੀ ਕਲੀਆਂ।
ਵੱਟਦੀ ਸੀ ਡੋਰਾਂ ਵੇ ਜ਼ਾਲਮਾਂ, ਪਰੋ ਲੈਂਦੀ ਸੀ ਕਲੀਆਂ।
ਕਲੀਆਂ ਪਰੋ ਕੇ ਵੇ ਜ਼ਾਲਮਾਂ, ਤੇਰੇ ਚੀਰੇ ਸੀ ਧਰੀਆਂ।
ਚੀਰੇ ਸੀ ਧਰੀਆਂ ਵੇ ਜ਼ਾਲਮਾਂ, ਸਜ ਰਹੀਆਂ ਸੀ ਕਲੀਆਂ।
ਕਾਲਿਆ ਹਰਨਾ ਬਾਗੀਂ ਚਰਨਾ, ਤੇਰੇ ਪੈਰੀਂ ਝਾਂਜਰਾਂ ਪਾਈਆਂ।
ਸਿੰਗਾਂ ਤੇਰਿਆਂ ਤੇ ਕੀ ਕੁਝ ਲਿਖਿਆ, ਤਿੱਤਰ ਤੇ ਮੁਰਗਾਈਆਂ।
ਅੱਗੇ ਤਾਂ ਟੱਪਦਾ ਸੀ ਨੌਂ ਨੌਂ ਕੋਠੇ, ਹੁਣ ਨਹੀਂ ਟੱਪੀ ਦੀਆਂ ਖਾਈਆਂ।
ਖਾਈ ਟੱਪਦੇ ਦੇ ਕੰਡਾ ਲੱਗਿਆ, ਦੇਨਾ ਏਂ ਰਾਮ ਦੁਹਾਈਆਂ।
ਮਾਸ ਮਾਸ ਤੇਰਾ ਕੁੱਤਿਆਂ ਨੇ ਖਾਧਾ, ਹੱਡੀਆਂ ਰੇਤ ਰੁਲਾਈਆਂ।
ਹੱਡੀਆਂ ਤੇਰੀਆਂ ਦਾ ਮਹਿਲ ਚਿਣਾਇਆ, ਵਿੱਚ ਰਖਾਈ ਮੋਰੀ।
ਤੇਰਾ ਦੁਖ ਸੁਣ ਕੇ, ਹੀਰ ਹੋ ਗਈ ਪੋਰੀ ਪੋਰੀ ।
ਜੰਗਲ ਦੇ ਵਿਚ ਹਰਨੀ ਸੂਈ, ਉਸ ਦਿੱਤੇ ਦੋ ਬੱਚੇ।
ਦੁੱਧ ਪਿਲਾਂਦੀ ਘਾ ਖਿਲਾਂਦੀ, ਨਾਲ ਦਿਲਾਸੇ ਰੱਖੇ।
ਹੇੜੀ ਤਲਬ ਚਿਰੋਕੀ ਰੱਖੀ, ਜੰਗਲ ਵਿਚ ਦੀ ਆਵੇ।
ਫਾਹੀ ਦੀ ਮੁਰੰਮਤ ਕਰਕੇ, ਵਿਚ ਚੁਰਸਤੇ ਲਾਵੇ।
ਘਾ ਖਾਂਦੀ ਤੇ ਥੱਕੀ ਹਰਨੀ, ਵੱਲ ਬੱਚਿਆਂ ਦੇ ਆਵੇ।
ਸੱਜੇ ਖੱਬੇ ਹੋਰ ਨੀ ਮਿਲਿਆ, ਪੈਰ ਫਾਥਾ ਵਿੱਚ ਫਾਹੇ।
ਫਾਹੀਆਂ ਵਾਲਿਆ ਭਲਾ ਨਾ ਹੋਵੀ, ਸ਼ਾਲਾ ਰੱਜ ਨਾ ਖਾਵੇ।
ਮੇਰੇ ਪਿੱਛੇ ਰੋਣ ਨਿਆਣੇ, ਤੈਨੂੰ ਤਰਸ ਨਾ ਆਵੇ।
ਪਹੁੰਚੀ ਕੂਕ ਅੱਲਾ ਦੇ ਤੋੜੀ, ਧਾ ਹਰਨੀ ਨੇ ਮਾਰੀ।
ਓਥੋਂ ਟੁਰ ਪਏ ਪਾਕ ਮੁਹੰਮਦ, ਕਰਕੇ ਸੁਤਰ ਸਵਾਰੀ।
ਆ ਪਹੁੰਚੇ ਹਰਨੀ ਲਾਗੇ, ਬਿਸਮਿੱਲਾ ਆਖ ਸੁਣਾਇਆ।
ਹਰਨੀ ਕੱਢ ਬੱਚਿਆਂ ਵੱਲ ਟੋਰੀ, ਆਪਣਾ ਪੈਰ ਫਸਾਇਆ।
ਪਹੁੰਚੀ ਹਰਨੀ ਆਪਣੇ ਘਰ, ਤੇ ਬੱਚਿਆਂ ਨੇ ਮਾਂ ਟੋਲੀ।
ਚਿਰਕੀ ਹੋਸ਼ ਟਿਕਾਣੇ ਆਈ, ਹਰਨੀ ਮੂੰਹੋਂ ਬੋਲੀ।
ਪੀ ਲਓ ਦੁੱਧ ਅਖੀਰੀ ਮੇਰਾ, ਵੱਤ ਨਹੀਂ ਆਣ ਪਿਲਾਨਾ।
ਪਿੱਛੇ ਹਜ਼ਰਤ ਜ਼ਾਮਨ ਦਿੱਤੇ, ਉਨ੍ਹਾਂ ਨੂੰ ਚੱਲ ਛੁਡਾਨਾ।
ਇਹੋ ਦੁੱਧ ਅਖ਼ੀਰੀ ਮੇਰਾ, ਉਮਰ ਘਟਾਈ ਮੇਰੀ।
ਮੈਂ ਵਾਰੀ ਮੈਂ ਸਦਕੇ ਜਾਵਾਂ, ਹੋਰ ਕਰੋ ਨ ਦੇਰੀ।
ਪੀਣਾ ਦੁੱਧ ਹਰਾਮ ਅਸਾਂ ਤੇ, ਇਹ ਕੀ ਜ਼ੁਲਮ ਕੀਤੋਈ।
ਦੀਨ ਦੁਨੀ ਦਾ ਵਾਲੀ ਜਿਹੜਾ, ਓਥੇ ਬੰਨ੍ਹ ਦਿਤੋਈ।
ਹਰਨੀ ਦੇ ਦੋ ਬਾਂਕੇ ਨਿਆਣੇ, ਨੀਤ ਸਿਦਕ ਦੀ ਧਾਰੀ।
ਹੇੜੀ ਆਖੇ ਮੁੜ ਜਾ ਹਰਨੀ, ਮੈਂ ਸਭ ਗੱਲ ਚਿਤਾਰੀ।
ਕਿਤੇ ਹਰੇ ਹਰੇ ਬਾਗਾਂ ਵਿਚ ਮੋਰ ਬੋਲੇ।
ਸਈਓ, ਸਮਝੀ ਮੈਂ ਮੇਰਾ ਮਨ ਚੋਰ ਬੋਲੇ।
ਕਿਤੇ ਹਰੇ ਹਰੇ ਬਾਗਾਂ ਵਿਚ ਮੋਰ ਬੋਲੇ।
ਨਾਲੇ ਹਰੇ ਹਰੇ ਬਾਗਾਂ ਵਿਚ ਕੋ'ਲ ਬੋਲੇ।
ਸਈਓ, ਸਮਝੀ ਮੈਂ ਮੇਰਾ ਕਿਤੇ ਢੋਲ ਬੋਲੇ।
ਕਿਤੇ ਹਰੇ ਹਰੇ ਬਾਗਾਂ ਵਿਚ ਕੋ'ਲ ਬੋਲੇ।
ਸਈਓ, ਮੋਰ ਬੋਲੇ ਤੇ ਚਕੋਰ ਬੋਲੇ।
ਸਾਡਾ ਪੀਆ ਦੀ ਉਡੀਕ ਵਿਚ ਮਨ ਡੋਲੇ।
ਕਿਤੇ ਹਰੇ ਹਰੇ ਬਾਗਾਂ ਵਿਚ ਮੋਰ ਬੋਲੇ।
ਕਿਤੇ ਹਰੇ ਹਰੇ ਬਾਗਾਂ ਵਿਚ ਮੋਰ ਬੋਲੇ।
ਸਈਓ, ਸਮਝੀ ਮੈਂ ਮੇਰਾ ਮਨ ਚੋਰ ਬੋਲੇ।
ਜੀਣਾ ਪਹਾੜੇ ਦਾ ਜੀਣਾ।
ਠੰਡੀ ਠੰਡੀ ਹਵਾ ਚਲਦੀ,
ਬਰਫ਼ਾਂ ਦਾ ਪਾਣੀ ਪੀਣਾ।
ਹੋਰਨਾਂ ਬਾਗ਼ੀਂ ਸਭ ਫੁੱਲ ਫੁੱਲਦੇ,
ਮੇਰੇ ਬਾਗ਼ੇ ਫੁੱਲ ਮਹਿੰਦੀ।
ਰਾਜੀ ਰਹੀਓ ਅੜੀਉ, ਜੁਗ ਜੁਗ ਜੀਉ,
ਦੁਨੀਆਂ ਈਹਾਂ ਹੀ ਕਹਿੰਦੀ।
ਜੀਣਾ ਪਹਾੜੇ ਦਾ ਜੀਣਾ।
ਹੋਰਨਾਂ ਦੀ ਬਾਗ਼ੀਂ ਸਭ ਫੁੱਲ ਫੁੱਲਦੇ,
ਮੇਰੇ ਬਾਗ਼ੇ ਫੁੱਲ ਗੋਭੀ।
ਖੂਬ ਕਮਾਣਾਂ ਰੱਜੀ ਕੇ ਖਾਣਾਂ,
ਹੋਣਾ ਕਿਸੇ ਦਾ ਨਹੀਂ ਲੋਭੀ।
ਜੀਣਾ ਪਹਾੜਾਂ ਦਾ ਜੀਣਾ।
ਹੋਰਨਾਂ ਦੀ ਬਾਗ਼ੀਂ ਸਭ ਫੁੱਲ ਫੁੱਲਦੇ,
ਮੇਰੇ ਬਾਗ਼ੇ ਖਟਨਾਲੂ।
ਡੂੰਘੀਆਂ ਖੱਡਾਂ ਤੇ ਨਿਰਮਲ ਪਾਣੀ,
ਅੱਖੀਂ ਬਖੀਂ ਦੋ ਕਵਾਲੂ।
ਜੀਣਾ ਪਹਾੜਾਂ ਦਾ ਜੀਣਾ।
(ਅੱਖੀਂ ਬਖੀਂ=ਏਧਰ ਓਧਰ,
ਕਵਾਲੂ=ਚੜ੍ਹਾਈ)
1
ਵਗਦੀ ਸੀ ਰਾਵੀ ਵਿੱਚ ਸੁਰਮਾਂ ਕੀਹਨੇ ਡੋਲ੍ਹਿਆ?
ਜਿੱਦਣ ਦੀ ਆਈ ਕਦੀ ਹੱਸ ਕੇ ਨਾ ਬੋਲਿਆ।
ਵਗਦੀ ਸੀ ਰਾਵੀ ਵਿੱਚ ਨ੍ਹੌਣ ਨੀ ਕੁਆਰੀਆਂ।
ਕੰਨੀਂ ਬੁੰਦੇ ਨੀ ਸਈਓ ਅੱਖਾਂ ਲ੍ਹੋੜੇ ਮਾਰੀਆਂ।
ਵਗਦੀ ਸੀ ਰਾਵੀ ਵਿੱਚ ਘੁੱਗੀਆਂ ਦਾ ਜੋੜਾ ਵੇ।
ਇੱਕ ਘੁੱਗੀ ਉੱਡੀ ਲੰਮਾਂ ਪੈ ਗਿਆ ਵਿਛੋੜਾ ਵੇ।
ਵਗਦੀ ਸੀ ਰਾਵੀ ਵਿਚ ਰੰਗ ਕੀਹਨੇ ਡੋਲ੍ਹਿਆ?
ਚੰਦਰੀ ਦਾ ਪੁੱਤ ਕਦੇ ਹੱਸ ਕੇ ਨਾ ਬੋਲਿਆ।
ਵਗਦੀ ਸੀ ਰਾਵੀ ਕੰਢੇ ਸ਼ਾਹਪੁਰ ਦਾ ਸ਼ਹਿਰ ਵੇ।
ਵੱਸੀਏ ਸ਼ਹਿਰ ਭਾਵੇਂ ਪਿਆ ਹੋਵੇ ਕਹਿਰ ਵੇ।
ਵਗਦੀ ਸੀ ਰਾਵੀ ਵਿਚ ਸੁੱਟਦੀਆਂ ਪੱਖੀਆਂ।
ਆਪ ਰੁੜ੍ਹਿਆ ਜਾਵੇ ਸਾਨੂੰ ਮਾਰਦਾ ਸੀ ਅੱਖੀਆਂ।
ਵਗਦੀ ਸੀ ਰਾਵੀ ਵਿਚ ਸੁੱਟਦੀ ਸਾਂ ਆਨਾ।
ਖੋਲ੍ਹ ਕੇ ਜਾਈਂ ਵੇ ਸਾਡਾ ਸ਼ਗਨਾਂ ਦਾ ਗਾਨਾ।
2
ਵਗਦੀ ਸੀ ਰਾਵੀ ਮਾਹੀ ਵੇ ਵਿਚ ਦੋ ਫੁਲ ਪੀਲੇ ਢੋਲਾ।
ਅਸਾਂ ਇਕ ਫੁੱਲ ਮੰਗਿਆ ਮਾਹੀ ਵੇ ਸੋਹਣਾ ਪਿਆ ਦਲੀਲੇ ਢੋਲਾ।
ਵਗਦੀ ਸੀ ਰਾਵੀ ਮਾਹੀ ਵੇ ਵਿੱਚ ਦੋ ਫੁਲ ਕਾਲੇ ਢੋਲਾ।
ਇਕ ਫੁੱਲ ਮੰਗਿਆ ਮਾਹੀ ਵੇ ਸਾਰਾ ਬਾਗ ਹਵਾਲੇ ਢੋਲਾ।
ਵਗਦੀ ਸੀ ਰਾਵੀ ਮਾਹੀ ਵੇ ਵਿਚ ਫੁਲ ਕਪਾਹੀ ਦਾ ਢੋਲਾ।
ਮੈਂ ਨਾ ਜੰਮਦੀ ਮਾਹੀ ਵੇ ਤੂੰ ਕਿਥੋਂ ਵਿਆਹੀ ਦਾ ਢੋਲਾ।
ਵਗਦੀ ਸੀ ਰਾਵੀ ਮਾਹੀ ਵੇ ਵਿਚ ਸੁੱਟਾਂ ਗੰਡੇਰੀਆਂ ਢੋਲਾ।
ਤੂੰ ਨਾ ਜੰਮਦੀ ਗੋਰੀਏ ਸਾਨੂੰ ਹੋਰ ਬਥੇਰੀਆਂ ਢੋਲਾ।
ਨਿੱਕਾ ਮੋਟਾ ਬਾਜਰਾ ਮਾਹੀ ਵੇ ਰਾਤੀ ਕੌਣ ਚੁਗੇਸੀ ਢੋਲਾ।
ਨਿੱਕਾ ਮੋਟਾ ਬਾਜਰਾ ਗੋਰੀਏ ਤੇਰਾ ਮੈਂ ਚੁਗੇਸਾਂ ਢੋਲਾ।
ਸੂਹਾ ਮੇਰਾ ਚਰਖਾ ਮਾਹੀ ਵੇ ਰੰਗ ਚਾਇਆ ਮੁੰਨਿਆਂ ਢੋਲਾ।
ਢੋਲ ਪਰਦੇਸੀ ਸਈਓ ਨੀ ਕੀ ਬਨਦੈ ਰੁੰਨਿਆਂ ਢੋਲਾ।
ਮਹਿਲੋਂ ਉਤਰੀ ਮਾਹੀ ਵੇ ਚੱਲ ਪਾਣੀਏਂ ਨੂੰ ਚੱਲੀਏ ਢੋਲਾ।
ਘੜਾ ਚੁਕਾਵੀਂ ਮਾਹੀ ਵੇ ਸਾਡੀ ਫੜ ਲਈ ਵੀਣੀ ਢੋਲਾ।
ਛੱਡ ਦੇ ਵੀਣੀ ਮਾਹੀ ਵੇ, ਸਾਡੀ ਜਾਤ ਕਮੀਨੀ ਢੋਲਾ।
ਜੁੱਤੀ ਬਨਾਤੀ ਮਾਹੀ ਵੇ ਕਿਉਂ ਤੁਰਿਓਂ ਰਾਤੀ ਢੋਲਾ।
ਲੱਕ ਤੇਰਾ ਪਤਲਾ ਮਾਹੀ ਵੇ ਤੇਰੀ ਚੌੜੀ ਛਾਤੀ ਢੋਲਾ।
ਮੁੱਢ ਦੇ ਬਿਗੜੇ ਮਾਹੀ ਵੇ ਕਦੇ ਸਾਰ ਨਾ ਜਾਤੀ ਢੋਲਾ।
ਚੜ੍ਹਿਓਂ ਸੜਕੇ ਮਾਹੀ ਵੇ ਸਾਡਾ ਕਾਲਜਾ ਧੜਕੇ ਢੋਲਾ।
ਪੁੱਛਾਂ ਸਹੇਲੀਆਂ ਮਾਹੀ ਵੇ ਨਿਹੁੰ ਕੀਕਣ ਲਾਈਦਾ ਢੋਲਾ।
ਪਹਿਲੋਂ ਅੱਖੀਆਂ ਮਾਹੀ ਵੇ ਫੇਰ ਰਲ-ਮਿਲ ਜਾਈਦਾ ਢੋਲਾ।
ਯਾਰ ਸੁਨੇਹੁੜਾ ਘੱਲ ਵੇ, ਦਿਨ ਬਹੁਤੇ ਗੁਜ਼ਰੇ।
ਨਾ ਆਪ ਆਇਓਂ ਨਾ ਕੋਈ ਖ਼ਤ ਮਿਲਿਆ,
ਕੌਣ ਸੁਣੇ ਮੇਰੇ ਦਿਲ ਦੀ ਵਿਥਿਆ?
ਤੇਰੇ ਇਸ਼ਕ ਨੇ ਲਾਏ ਸੱਲ ਵੇ, ਦਿਨ ਬਹੁਤੇ ਗੁਜ਼ਰੇ।
ਪਰਦੇਸ ਗਿਓਂ ਵੰਞ ਮੁੱਦਤਾਂ ਲਾਈਆਂ,
ਆ ਮਿਲ ਮੈਨੂੰ, ਕਮਲੀ ਦਿਆ ਸਾਈਆਂ।
ਮੇਰਾ ਜਾਵੇ ਨਾ ਜੋਬਨ ਢਲ ਵੇ, ਦਿਨ ਬਹੁਤੇ ਗੁਜ਼ਰੇ।
ਘੱਲਿਆ ਕਿਹੜੇ ਕੰਮ ਨੂੰ ਵੇ ਤੂੰ ਬੈਠਾ ਰਾਵੀ ਮੱਲ ਵੇ।
ਵਿਚ ਬੰਗਲੇ ਮੇਰੀ ਬਾਂਹ ਫੜੀ ਆ ਯਾਦ ਰੱਖੀਂ ਓਹੋ ਗੱਲ ਵੇ।
ਕੋਈ ਸੁਖ ਦਾ ਸੁਨੇਹੁੜਾ ਘੱਲ ਵੇ, ਦਿਨ ਬਹੁਤੇ ਗੁਜ਼ਰੇ।
ਲੰਘ ਆ ਜਾ ਪੱਤਣ ਝਨਾਂ ਦਾ, ਯਾਰ!
ਲੰਘ ਆ ਜਾ ਪੱਤਣ ਝਨਾਂ ਦਾ।
ਸਿਰ ਸਦਕਾ ਮੈਂ ਜਾਵਾਂ ਤੇਰੇ ਨਾਂ ਦਾ ਯਾਰ।
ਲੰਘ ਆ ਜਾ ਪੱਤਣ ਝਨਾਂ ਦਾ।
ਮੇਰੇ ਕਾਗ ਬਨੇਰੇ ਉੱਤੇ ਬੋਲਿਆ,
ਮੇਰਾ ਤਤੜੀ ਦਾ ਜੀ ਡੋਲਿਆ,
ਮੈਂ ਮੰਦੜਾ ਬੋਲ ਨਾ ਬੋਲਿਆ, ਓ ਯਾਰ!
ਲੰਘ ਆ ਜਾ ਪੱਤਣ ਝਨਾਂ ਦਾ।
ਸਿਰ ਸਦਕਾ ਮੈਂ ਜਾਵਾਂ ਤੇਰੇ ਨਾਂ ਦਾ ਯਾਰ।
ਲੰਘ ਆ ਜਾ ਪੱਤਣ ਝਨਾਂ ਦਾ।
ਵੇ ਮੈਂ ਕੋਠੇ ਤੇ ਚੜ੍ਹ ਖਲੀਆਂ,
ਏਥੇ ਸੜਨ ਪੈਰਾਂ ਦੀਆਂ ਤਲੀਆਂ,
ਘੁੱਲੀ ਵਾ ਤੇ ਜ਼ੁਲਫ਼ਾਂ ਹੱਲੀਆਂ, ਓ ਯਾਰ!
ਲੰਘ ਆ ਜਾ ਪੱਤਣ ਝਨਾਂ ਦਾ।
ਸਿਰ ਸਦਕਾ ਮੈਂ ਜਾਵਾਂ ਤੇਰੇ ਨਾਂ ਦਾ ਯਾਰ।
ਲੰਘ ਆ ਜਾ ਪੱਤਣ ਝਨਾਂ ਦਾ।
ਦੂਰੋਂ ਡਿੱਠਾ ਢੋਲ ਆਂਵਦਾ,
ਹੱਥੀਂ ਕੰਗਣ ਤੇ ਬਾਹੀਂ ਲਮਕਾਂਵਦਾ,
ਸਾਨੂੰ ਰਮਜ਼ਾਂ ਨਾਲ ਬੁਝਾਂਵਦਾ, ਓ ਯਾਰ!
ਲੰਘ ਆ ਜਾ ਪੱਤਣ ਝਨਾਂ ਦਾ।
ਸਿਰ ਸਦਕਾ ਮੈਂ ਜਾਵਾਂ ਤੇਰੇ ਨਾਂ ਦਾ ਯਾਰ।
ਲੰਘ ਆ ਜਾ ਪੱਤਣ ਝਨਾਂ ਦਾ।
ਮੇਰੇ ਗਲ ਵਿਚ ਸੂਹੀ ਸੂਹੀ ਅੰਗੀਆਂ,
ਵੇ ਮੈਂ ਨਾਲ ਢੋਲੇ ਦੇ ਮੰਗੀਆਂ।
ਚਾਹੇ ਚੰਗੀ ਆਂ ਚਾਹੇ ਮੰਦੀਆਂ, ਓ ਯਾਰ!
ਲੰਘ ਆ ਜਾ ਪੱਤਣ ਝਨਾਂ ਦਾ।
ਸਿਰ ਸਦਕਾ ਮੈਂ ਜਾਵਾਂ ਤੇਰੇ ਨਾਂ ਦਾ ਯਾਰ।
ਲੰਘ ਆ ਜਾ ਪੱਤਣ ਝਨਾਂ ਦਾ।
ਮੈ ਤਾਂ ਸੁੱਤੀ ਸਾਂ ਦੁਪੱਟੜਾ ਤਾਣ ਕੇ,
ਉਠ ਚੱਲਿਆ ਵੇ ਮੌਜਾਂ ਮਾਣ ਕੇ,
ਮੇਰੀ ਖਬਰ ਨਾ ਲਿੱਤੀ ਆਣ ਕੇ, ਓ ਯਾਰ!
ਲੰਘ ਆ ਜਾ ਪੱਤਣ ਝਨਾਂ ਦਾ।
ਸਿਰ ਸਦਕਾ ਮੈਂ ਜਾਵਾਂ ਤੇਰੇ ਨਾਂ ਦਾ ਯਾਰ।
ਲੰਘ ਆ ਜਾ ਪੱਤਣ ਝਨਾਂ ਦਾ।
ਹਥ ਵਿਚ ਫੜ ਲਈ ਸਾਰੰਗੀ, ਮੋਦਨਾ!
ਉੱਠ ਚੱਲਿਓਂ ਬੁਰਜ ਦੀ ਸਾਈ ਨੂੰ।
ਭਲਾ ਮੈਨੂੰ ਤੇਰੀ ਸਹੁੰ, ਵੇ ਮੋਦਨਾ!
ਉੱਠ ਚੱਲਿਓਂ ਬੁਰਜ ਦੀ ਸਾਈ ਨੂੰ।
ਘਰ ਤੇਰੀ ਸੱਸ ਉਡੀਕੇ ਮੋਦਨਾ!
ਚਿਰ ਹੋਇਆ ਮੱਥਾ-ਟਿਕਾਈ ਨੂੰ!
ਭਲਾ ਮੈਨੂੰ ਤੇਰੀ ਸਹੁੰ, ਵੇ ਮੋਦਨਾ!
ਉੱਠ ਚੱਲਿਓਂ ਬੁਰਜ ਦੀ ਸਾਈ ਨੂੰ।
ਘਰ ਤੇਰਾ ਸਹੁਰਾ ਉਡੀਕੇ, ਮੋਦਨਾ!
ਚਿਰ ਹੋਇਆ ਫਤਹ ਬੁਲਾਈ ਨੂੰ!
ਭਲਾ ਮੈਨੂੰ ਤੇਰੀ ਸਹੁੰ, ਵੇ ਮੋਦਨਾ!
ਉੱਠ ਚੱਲਿਓਂ ਬੁਰਜ ਦੀ ਸਾਈ ਨੂੰ।
ਘਰ ਤੇਰਾ ਸਾਲਾ ਉਡੀਕੇ, ਮੋਦਨਾ!
ਚਿਰ ਹੋਇਆ ਹਥ ਮਿਲਾਈ ਨੂੰ!
ਭਲਾ ਮੈਨੂੰ ਤੇਰੀ ਸਹੁੰ, ਵੇ ਮੋਦਨਾ!
ਉੱਠ ਚੱਲਿਓਂ ਬੁਰਜ ਦੀ ਸਾਈ ਨੂੰ।
ਮੈਂ ਮਾਝੇ ਦੀ ਜੱਟੀ,
ਗੁਲਾਬੂ ਨਿੱਕਾ ਜਿਹਾ।
ਕੌਲ ਕਟੋਰੀ ਦੁਧ ਨਾ ਪੀਂਦਾ,
ਮੈਂ ਦੁੱਧ ਪੀਂਦੀ ਵੱਟੀ,
ਗੁਲਾਬੂ ਨਿੱਕਾ ਜਿਹਾ।
ਇੱਕ ਛਣਕਣਾ, ਦੋ ਛਣਕਣੇ,
ਫਿਰਦੀ ਹੱਟੀਓ ਹੱਟੀ,
ਗੁਲਾਬੂ ਨਿੱਕਾ ਜਿਹਾ।
ਕਾਨੀ ਘੜਾਂ ਦੁਆਤ ਰਸਾਵਾਂ,
ਨਾਲੇ ਪੋਚਾਂ ਪੱਟੀ,
ਗੁਲਾਬੂ ਨਿੱਕਾ ਜਿਹਾ।
ਰੁੱਸ ਰੁੱਸ ਬਹਿੰਦਾ ਮੰਗੇ ਰਿਓੜੀ,
ਨਾਲੇ ਗੰਨੇ ਦੀ ਮੱਟੀ,
ਗੁਲਾਬੂ ਨਿੱਕਾ ਜਿਹਾ।
ਗੁੱਲੀ ਡੰਡਾ ਖੇਡਣ ਸਿਖਿਆ,
ਖਾਵਾਂ ਕਿਸ ਦੀ ਖੱਟੀ?
ਗੁਲਾਬੂ ਨਿੱਕਾ ਜਿਹਾ।
ਮੈਂ ਮਾਝੇ ਦੀ ਜੱਟੀ,
ਗੁਲਾਬੂ ਨਿੱਕਾ ਜਿਹਾ।
ਰਾਤੀਂ ਰਾਸ ਵੇਖਣ ਗਿਆ, ਨੀ ਨਾ ਗਿਆ ਦੱਸ ਕੇ।
ਮੈਂ ਤਾਂ ਨਹੀਂ ਸਾਂ ਜਾਂਦਾ, ਮੁੰਡੇ ਲੈ ਗਏ ਸੱਦ ਕੇ।
ਗੋਰੀਏ, ਫੇਰ ਨਹੀਂ ਜਾਂਦਾ, ਕੁੰਡਾ ਖੋਲ੍ਹ ਹੱਸ ਕੇ,
ਮੈਂ ਵੀ ਕੁੰਡਾ ਨਾ ਖੋਲ੍ਹਿਆ, ਆ ਗਿਆ ਕੰਧ ਟੱਪ ਕੇ।
ਗੋਰੀਏ, ਮੈਂ ਦਿਨਾਂ ਦਾ ਭੁੱਖਾ, ਰੋਟੀ ਦੇ ਦੇ ਹੱਸ ਕੇ,
ਮੈਂ ਵੀ ਰੋਟੀ ਨਾ ਦਿੱਤੀ, ਪੈ ਗਿਆ ਛੋਲੇ ਚੱਬ ਕੇ।
ਗੋਰੀਏ, ਨੀਂਦਰ ਸਤਾਵੇ, ਮੰਜਾ ਡਾਹ ਦੇ ਹੱਸ ਕੇ,
ਮੈਂ ਵੀ ਮੰਜਾ ਨਾ ਦਿੱਤਾ, ਪੈ ਗਿਆ ਭੂਰਾ ਸੁੱਟ ਕੇ,
ਗੋਰੀਏ, ਮੈਂ ਤੇਰਾ ਗੁਲਾਮ, ਗੱਲਾਂ ਕਰ ਹੱਸ ਕੇ,
ਮੈਂ ਵੀ ਮੂੰਹੋਂ ਨਾ ਬੋਲੀ, ਪੈ ਗਿਆ ਦੜ ਵੱਟ ਕੇ।
ਰਾਤੀਂ ਰਾਸ ਵੇਖਣ ਗਿਆ, ਨੀ ਨਾ ਗਿਆ ਦੱਸ ਕੇ।
ਕੰਘੀ ਵਾਹਵਾਂ ਤੇ ਦੁਖਣ ਮੇਰੇ ਵਾਲ, ਨੀ ਮਾਏ।
ਨੀ ਮੈਂ ਹਾਲੋਂ ਤੇ ਹੋ ਗਈ ਬੇਹਾਲ, ਨੀ ਮਾਏ।
ਜਦ ਮੈਂ ਆਈ ਤੇ ਹੱਥੀਂ ਮੇਰੇ ਚੂੜੀਆਂ ਮਾਏ।
ਦਿਨੇ ਲੜਦਾ ਤੇ ਰਾਤੀਂ ਗੱਲਾਂ ਗੂੜ੍ਹੀਆਂ ਮਾਏ।
ਚੀਰੇ ਵਾਲਾ ਤੇ ਆਇਆ ਮੈਨੂੰ ਲੈਣ, ਨੀ ਮਾਏ।
ਸੋਹਣੇ ਲਗਦੇ ਨੇ ਮੈਨੂੰ ਉਹਦੇ ਨੈਣ, ਨੀ ਮਾਏ।
ਨੀਲੀ ਘੋੜੀ ਤੇ ਕਾਠੀ ਤਿੱਲੇਦਾਰ ਨੀ ਮਾਏ।
ਉੱਤੇ ਚੜ੍ਹਦਾ ਤੇ ਲਗਦਾ ਠਾਣੇਦਾਰ ਨੀ ਮਾਏ।
ਸੂਈ ਥੋਂ ਨਾ ਮਾਰ, ਬੇਦਰਦਾ ਸੂਈ ਵੇ।
ਸੂਈ ਧਰੀ ਸਰਹਾਣੇ,
ਨਾ ਘਰ ਆਟਾ, ਨਾ ਘਰ ਦਾਣੇ।
ਬਾਲ ਰੋਂਦੇ ਭੁਖੇ ਭਾਣੇ,
ਜ਼ਾਲਮਾਂ, ਸੂਈ ਵੇ,
ਸੂਈ ਥੋਂ ਨਾ ਮਾਰ, ਬੇਦਰਦਾ ਸੂਈ ਵੇ।
ਸੂਈ ਸੂਈ ਥੋਂ ਨਾ ਮਾਰ,
ਮੇਰੀ ਮਾਂ ਕਸੀਦੇ ਦਾਰ,
ਉਥੋਂ ਲਿਆ ਦਿਆਂ ਸੂਈਆਂ ਚਾਰ।
ਮਾਰਾਂ ਤੇਰੇ ਮੱਥੇ ਨਾਲ,
ਜ਼ਾਲਮਾ ਸੂਈ ਵੇ,
ਸੂਈ ਥੋਂ ਨਾ ਮਾਰ, ਬੇਦਰਦਾ ਸੂਈ ਵੇ।
ਸੂਈ ਸੂਈ ਧਰੀ ਮੈਂ ਛਿੱਕੇ,
ਅੰਦਰ ਸੱਸ ਨਨਾਣ ਪਿੱਟੇ।
ਜ਼ਾਲਮਾ ਸੂਈ ਵੇ,
ਸੂਈ ਥੋਂ ਨਾ ਮਾਰ, ਬੇਦਰਦਾ ਸੂਈ ਵੇ।
ਇੱਕ ਮੈਂ ਮੋਈ ਵੇ ਤੇਰਿਆਂ ਕਾਲਿਆਂ ਕੇਸਾਂ 'ਤੇ।
ਦੂਜੀ ਮੈਂ ਮੋਈ ਵੇ ਤਾਰਿਆਂ ਨਿੱਤ ਦਿਆਂ ਵੇਸਾਂ 'ਤੇ।
ਇਸ ਨੂੰ ਪੁੱਛੋ ਸਈਓ, ਇਹ ਰੁਠੜਾ ਕਿਉਂ ਨੀ ਫਿਰੇ।
ਇੱਕ ਮੈਂ ਮੋਈ ਵੇ ਤੇਰੀ ਕਾਲੀ ਸੋਹਣੀ ਗਾਨੀ 'ਤੇ।
ਦੂਜੀ ਮੈਂ ਮੋਈ ਵੇ ਤੇਰੀ ਨਿੱਤ ਦੀ ਬਦਨਾਮੀ 'ਤੇ।
ਇਸ ਨੂੰ ਪੁੱਛੋ ਸਈਓ, ਇਹ ਰੁਠੜਾ ਕਿਉਂ ਫਿਰੇ।
ਇੱਕ ਮੈਂ ਮੋਈ ਵੇ ਤੇਰਿਆਂ ਚਿੱਟਿਆਂ ਦੰਦਾਂ 'ਤੇ।
ਦੂਜੀ ਮੈਂ ਮੋਈ ਵੇ ਤੇਰਿਆਂ ਨਿੱਤ ਦਿਆਂ ਪਖੰਡਾਂ 'ਤੇ।
ਇਸ ਨੂੰ ਪੁੱਛੋ ਸਈਓ, ਇਹ ਰੁਠੜਾ ਕਿਉਂ ਫਿਰੇ।
ਇੱਕ ਮੈਂ ਮੋਈ ਵੇ ਬੀਬਾ, ਤੇਰੇ ਰਾਂਗਲੇ ਸੋਟੇ 'ਤੇ।
ਦੂਜੀ ਮੈਂ ਮੋਈ ਵੇ ਤੇਰੇ ਨਿੱਤ ਦੇ ਵਿਗੋਚੇ 'ਤੇ।
ਇਸ ਨੂੰ ਪੁੱਛੋ ਸਈਓ, ਇਹ ਰੁਠੜਾ ਕਿਉਂ ਫਿਰੇ।
ਮਾਪਿਆਂ ਨੇ ਮੈਂ ਰਖੀ ਵੇ ਲਾਡਲੀ,
ਸੌਹਰੀਂ ਲਾ ਲਈ ਕੰਮ ਵੇ।
ਮੇਰਾ ਉੱਡਿਆ ਸੁਨਹਿਰੀ ਸੋਨੇ ਵਰਗਾ ਰੰਗ ਵੇ।
ਮਾਪਿਆਂ ਨੇ ਮੈਂ ਰੱਖੀ ਵੇ ਲਾਡਲੀ,
ਸੌਹਰੀਂ ਲਾ ਲਈ ਚੱਕੀ।
ਮਾਂ ਦੀਏ ਲਾਡਲੀਏ, ਸੌ ਵਲ ਪੈਂਦਾ ਵੱਖੀ।
ਮਾਪਿਆਂ ਨੇ ਮੈਂ ਰੱਖੀ ਵੇ ਲਾਡਲੀ,
ਸੌਹਰੀਂ ਲਾ ਲਈ ਰੇਹ ਵੇ।
ਏਵੇਂ ਜਨਮ ਗਵਾਇਆ, ਚੰਨਣ ਵਰਗੀ ਦੇਹ ਵੇ।