Simrat Sumera
ਸਿਮਰਤ ਸੁਮੈਰਾ

Punjabi Writer
  

Punjabi Ghazlan Simrat Sumera

ਪੰਜਾਬੀ ਗ਼ਜ਼ਲਾਂ ਸਿਮਰਤ ਸੁਮੈਰਾ

ਉਹ ਜਾਦੂਗਰ ਸਦਾ ਏਦਾਂ ਹੀ ਜਾਦੂ ਨੇ ਚਲਾ ਜਾਂਦੇ

ਉਹ ਜਾਦੂਗਰ ਸਦਾ ਏਦਾਂ ਹੀ ਜਾਦੂ ਨੇ ਚਲਾ ਜਾਂਦੇ ।
ਦਿਖਾ ਕੇ ਸੱਪ ਕਾਗਜ਼ ਦਾ, ਉਹ ਲੋਕਾਂ ਨੂੰ ਡਰਾ ਜਾਂਦੇ ।

ਬੜੀ ਭੋਲੀ ਜਿਹੀ ਸੂਰਤ ਦੇ ਵਿਚ ਸ਼ੈਤਾਨ ਪਏ ਘੁੰਮਣ
ਇਹ ਓਧਰ ਜਾ ਕੇ ਲਾ ਆਂਉਂਦੇ ਤੇ ਏਧਰ ਆ ਬੁਝਾ ਜਾਂਦੇ।

ਜੋ ਕਰਦੇ ਨੇ ਉਸਾਰੀ ਆਪਣੇ ਮਹਿਲਾਂ ਦੀ ਰਾਤਾਂ ਨੂੰ
ਦਿਨੇ ਆ ਕੇ ਗਰੀਬਾਂ ਦੀ ਹਰਿਕ ਝੁੱਗੀ ਵੀ ਢਾਹ ਜਂਦੇ ।

ਇਹ ਰਾਜੇ ਰਾਣੀਆਂ ਕਰਦੇ ਨੇ ਹੇਰਾਫੇਰੀਆਂ ਆਪੇ
ਕਦੇ ਖ਼ੁਦ ਨੂੰ ਜਿੱਤਾ ਲੈਂਦੇ ਕਦੇ ਖ਼ੁਦ ਨੂੰ ਹਰਾ ਜਾਂਦੇ ।

ਨਿਗਲ ਜਾਂਦੇ ਨੇ ਲੋਹਾ ਰੇਤ ਬਜਰੀ ਸੁਪਨਿਆ ਤੀਕਰ
ਇਹਨਾਂ ਦੇ ਹਾਜਮੇ ਚੰਗੇ ਨੇ ਇਹ ਸਭ ਕੁਝ ਪਚਾ ਜਾਂਦੇ।

ਲਿਖਾ ਲੈਂਦੇ ਨੇ ਮਰਜੀ ਨਾਲ ਇਹ ਇਤਹਾਸ ਦੇ ਪੰਨੇ
ਬੜੀ ਹੀ ਸਾਫਗੋਈ ਨਾਲ ਫਿਰ ਸੱਚ ਨੂੰ ਦਬਾ ਜਾਂਦੇ ।

ਮਗਰਮੱਛਾਂ ਦੇ ਹੰਝੂ ਕੇਰਦੇ ਅਕਸਰ ਨਜ਼ਰ ਆਵਣ
ਤੇ ਜਿੱਥੇ ਲੋੜ ਪੈ ਜਾਵੇ ਇਹ ਹਾਥੀ ਦੰਦ ਦਿਖਾ ਜਾਂਦੇ।

ਉਹ ਤਿੜਕੇ ਖ਼ਾਬ ਸਾਗਰ ਦੇ ਹਵਾਲੇ ਕਰ ਹੀ ਨਾ ਜਾਵੇ

ਉਹ ਤਿੜਕੇ ਖ਼ਾਬ ਸਾਗਰ ਦੇ ਹਵਾਲੇ ਕਰ ਹੀ ਨਾ ਜਾਵੇ ।
ਕਿਤੇ ਸ਼ੀਸ਼ੇ ਦੇ ਘਰ ਅੰਦਰ ਇਹ ਮਛਲੀ ਮਰ ਹੀ ਨਾ ਜਾਵੇ।

ਇਹ ਦਿਲ ਵਿਚ ਮੋਹ ਦਾ ਤੂਫਾਨ ਪੂਰੇ ਵੇਗ ਵਿਚ ਵਗਦੈ
ਇਹ ਦਰਿਆ ਠੇਸ ਲੱਗਣ 'ਤੇ, ਕਿਤੇ ਉੱਤਰ ਹੀ ਨਾ ਜਾਵੇ।

ਇਹ ਊਣਾ ਹੀ ਰਹੇ ਤਾਂ ਆਸ ਰਹਿੰਦੀ ਹੋਰ ਭਰਨੇ ਦੀ,
ਮੇਰੀ ਬੇਤਾਬ ਰੂਹ ਦਾ ਹੁਣ ਪਿਆਲਾ ਭਰ ਹੀ ਨਾ ਜਾਵੇ ।

ਉਹ ਖੁਸ਼ੀਆਂ ਖੇੜਿਆਂ ਵਿਚ ਤਾਂ ਸਦਾ ਹੀ ਨਾਲ ਤੁਰਿਆ ਸੀ
ਮੁਸੀਬਤ ਦੇਖ ਕੇ ਮੇਰੀ, ਉਹ ਕਿਧਰੇ ਡਰ ਹੀ ਨਾ ਜਾਵੇ ।

ਬੜਾ ਸ਼ਤਰੰਜ ਦਾ ਮਾਹਿਰ ਸਦਾ ਚਲਦਾ ਰਹੇ ਚਾਲਾਂ
ਇਹ ਬਾਜ਼ੀ ਇਸ਼ਕ ਦੀ ਆਖਿਰ'ਤੇ ਆ ਕੇ ਹਰ ਹੀ ਨਾ ਜਾਵੇ

ਅਸੀਂ ਬਰਬਾਦ ਹੋਏ ਹਾਂ, ਤਾਂ ਬਸ ਤੇਰੀ ਖੁਸ਼ੀ ਖਾਤਰ

ਅਸੀਂ ਬਰਬਾਦ ਹੋਏ ਹਾਂ, ਤਾਂ ਬਸ ਤੇਰੀ ਖੁਸ਼ੀ ਖਾਤਰ ।
ਜੇ ਮੁੜ ਆਬਾਦ ਹੋਏ ਹਾਂ, ਤਾਂ ਬਸ ਤੇਰੀ ਖੁਸ਼ੀ ਖਾਤਰ ।

ਦੁਆ ਵਾਂਙੂੰ ਪਵਿੱਤਰ ਸਾਂ, ਇਲਾਹੀ ਇਲਤਜਾ ਵਰਗੇ
ਜੇ ਹੁਣ ਫਰਿਆਦ ਹੋਏ ਹਾਂ, ਤਾਂ ਬਸ ਤੇਰੀ ਖੁਸ਼ੀ ਖਾਤਰ।

ਤਿਰੇ ਹਰ ਖ਼ਾਬ ਦੀ ਤਾਬੀਰ ਤੇ ਹਰ ਸੋਚ ਵਿਚ ਸ਼ਾਮਿਲ
ਇਹ ਵਿਸਰੀ ਯਾਦ ਹੋਏ ਹਾਂ, ਤਾ ਬਸ ਤੇਰੀ ਖੁਸ਼ੀ ਖਾਤਰ ।

ਅਸੀਂ ਸਰਗੋਸ਼ੀਆਂ ਤੋਂ ਬਦਲ ਕੇ ਹੋਏ ਹਾਂ ਖਾਮੋਸ਼ੀ
ਕਿ ਚੁਪ ਸੰਵਾਦ ਹੋਏ ਹਾਂ, ਤਾਂ ਬਸ ਤੇਰੀ ਖੁਸ਼ੀ ਖਾਤਰ ।

ਬੜੀ ਹੀ ਘੁਟਣ ਹੁੰਦੀ ਸੀ ਸਲ੍ਹਾਬੇ ਹਉਕਿਆਂ ਦੇ ਵਿਚ,
ਤੇ ਹੁਣ ਆਜਾਦ ਹੋਏ ਹਾਂ, ਤਾਂ ਬਸ ਤੇਰੀ ਖੁਸ਼ੀ ਖਾਤਰ।

ਬੇਫਿਕਰੇ ਹਾਸਿਆਂ ਤੋਂ ਵੇਦਨਾ ਦੀ ਮਰਮ ਭਾਸ਼ਾ ਵਿਚ,
ਅਗਰ ਅਨੁਵਾਦ ਹੋਏ ਹਾਂ, ਸਿਰਫ਼ ਤੇਰੀ ਖੁਸ਼ੀ ਖਾਤਰ

ਅਚਾਨਕ ਹੀ ਕਈ ਵਾਰੀ ਇਹ ਹੱਥੋਂ ਛੁੱਟ ਜਾਂਦੇ ਨੇ

ਅਚਾਨਕ ਹੀ ਕਈ ਵਾਰੀ ਇਹ ਹੱਥੋਂ ਛੁੱਟ ਜਾਂਦੇ ਨੇ ।
ਖਿਡੌਣੇ ਕੱਚ ਦੇ ਹੁੰਦੇ ਜੋ ਅਕਸਰ ਟੁੱਟ ਜਾਂਦੇ ਨੇ ।

ਤਰੰਨੁਮ ਛੇੜਦੇ ਮਨ ਵਿਚ ਹਵਾ ਦੇ ਸ਼ਬਨਮੀਂ ਝੋਂਕੇ
ਜਦੋਂ ਤੂਫਾਨ ਬਣ ਜਾਂਦੇ ਜੜੋਂ ਰੁਖ ਪੁੱਟ ਜਾਂਦੇ ਨੇ।

ਕੁਹਾਰਾਂ 'ਤੇ ਨਹੀਂ ਇਤਬਾਰ ਸਭ ਕੁਝ ਬਦਲ ਚੁੱਕਾ ਹੈ
ਸੁਣੀਂਦੇ ਹੁਣ ਤਾਂ ਹਰ ਡੋਲੀ ਨੂੰ ਰਾਹ ਵਿਚ ਲੁੱਟ ਜਾਂਦੇ ਨੇ।

ਕਿਸੇ 'ਤੇ ਰਹਿਮ ਜੇ ਕਰੀਏ ਤਾਂ ਜਾਂਦਾ ਕੁਝ ਨਹੀਂ ਭਾਂਵੇਂ
ਦੁਆਵਾਂ ਦੇਣ ਲੱਗੇ ਵੀ ਕਈ ਹੱਥ ਘੁੱਟ ਜਾਂਦੇ ਨੇ ।

ਹਰਿਕ ਬਸਤੀ ਹੀ ਦਿਸਦੀ ਏ, ਜਿਵੇਂ ਮਤਲਬ ਪਰਸਤਾਂ ਦੀ
ਕਿ ਅੱਗੇ ਜਾਣ ਲਈ ਦੂਜੇ ਨੂੰ ਪਿੱਛੇ ਸੁੱਟ ਜਾਂਦੇ ਨੇ ।

ਅੰਬਰ ਗਾਹੁੰਦਾ ਆਇਆ ਖ਼ਤ

ਅੰਬਰ ਗਾਹੁੰਦਾ ਆਇਆ ਖ਼ਤ।
ਚੰਦਰਮਾ ਨੇ ਪਾਇਆ ਖ਼ਤ ।

ਪੱਤਰ ਜੀਕਣ ਪਤਝੜ ਦਾ
ਬੇਰੰਗਾ ਮੁਰਝਾਇਆ ਖ਼ਤ।

ਇੱਕ ਇਬਾਰਤ ਇਸ਼ਕੇ ਦੀ
ਰੱਤ 'ਚ ਡੋਬ ਲਿਖਾਇਆ ਖ਼ਤ।

ਅੱਖਰ ਅੱਖਰ ਜ਼ਖਮੀ ਹੈ
ਹਰ ਦਰ ਨੇ ਠੁਕਰਾਇਆ ਖ਼ਤ।

ਨਾ ਹੁਣ ਨਾਮ ਸਲਾਮ ਦੁਆ
ਜਜ਼ਬਾਤਾਂ ਦਾ ਜਾਇਆ ਖ਼ਤ ।

ਸਿੱਲ੍ਹਾ ਸਿੱਲ੍ਹਾ ਲਗਦਾ, ਜਿਉਂ
ਹੰਝੂਆਂ ਨਾਲ ਪੜਾਇਆ ਖ਼ਤ।

ਯਾਦਾਂ ਸ਼ਿਕਵੇ ਰੋਸੇ ਗ਼ਮ
ਕੀ ਕੀ ਨਾਲ ਲਿਆਇਆ ਖ਼ਤ।

ਫੁੱਲਾਂ ਜੇਹਾ ਖੁਸ਼-ਖ਼ਤ ਹੈ
ਫੇਰ ਕਿਓਂ ਕੁਮਲਾਇਆ ਖਤ।

ਹਿਜ਼ਰਾਂ ਮਾਰੀ ਬਿਰਹਣ ਨੇ
ਨੈਣਾਂ ਨਾਲ ਛੁਹਾਇਆ ਖ਼ਤ।

ਇਸ਼ਕ ਵਿਚ ਕੁਝ ਜਨੂਨ ਬਾਕੀ ਹੈ

ਇਸ਼ਕ ਵਿਚ ਕੁਝ ਜਨੂਨ ਬਾਕੀ ਹੈ ।
ਮਨ 'ਚ ਹਾਲੇ ਸਕੂਨ ਬਾਕੀ ਹੈ ।

ਦੌੜਦਾ ਹੈ ਰਗਾਂ 'ਚ ਅੱਗ ਬਣ ਕੇ
ਦਿਲ 'ਚ ਮੇਰੇ ਜੁ ਖੂਨ ਬਾਕੀ ਹੈ ।

ਨੈਣ ਇਹ ਬਰਸਣੋਂ ਨਹੀਂ ਰੁਕਦੇ
ਪੀੜ ਦੀ ਮੌਨਸੂਨ ਬਾਕੀ ਹੈ ।

ਜ਼ਿੰਦਗੀ ਜੋ ਮਿਲੀ ਸਜਾ ਬਣਕੇ
ਇਸ ਦਾ ਕੋਈ ਕਨੂੰਨ ਬਾਕੀ ਹੈ ।

ਖੰਡਰਾਂ ਵਾਂਗ ਬੁਤ ਢਹਿ ਜਾਂਦਾ
ਸਿਰਫ ਬਚਦਾ ਸਤੂਨ ਬਾਕੀ ਹੈ ।

ਖ਼ਾਕ ਇਹ ਰਾਗ ਰੰਗ ਨੇ ਸਾਰੇ
ਰੂਹਾਨੀ ਪੁਰਸਕੂਨ ਬਾਕੀ ਹੈ ।

ਸਿਲਸਿਲਾ ਇਹ ਕਦੋਂ ਕੁ ਮੁੱਕੇਗਾ ?
ਖ਼ਬਰੇ ਕਿੰਨੀ ਕੁ ਜੂਨ ਬਾਕੀ ਹੈ !

ਇਹ ਅਜਾਦੀ ਔਹ ਅਜਾਦੀ ਕਹਿ ਰਹੇ ਨੇ

ਇਹ ਅਜਾਦੀ ਔਹ ਅਜਾਦੀ ਕਹਿ ਰਹੇ ਨੇ ।
ਭਾਵੇਂ ਸਦੀਆਂ ਤੋਂ ਹੀ ਜਿੱਲਤ ਸਹਿ ਰਹੇ ਨੇ ।

ਕਿਸਤਰਾਂ ਦਾ ਫਰਕ ਵਧਦਾ ਜਾ ਰਿਹਾ ਏ
ਓਹ ਤਾਂ ਉੱਠਣ ਦੀ ਬਜਾਇ ਢਹਿ ਰਹੇ ਨੇ ।

ਝੁਕ ਕੇ ਮੰਗਣਾ ਤਾਂ ਹੈ ਆਦਤ ਪੁਰਾਣੀ
ਹੱਕ ਨੂੰ ਖ਼ੈਰਾਤ ਮੰਨ ਕੇ ਲੈ ਰਹੇ ਨੇ ।

ਪੱਥਰਾਂ ਦੇ ਨਾਲ ਲੜਨਾ ਜਾਣਦੇ ਨਹੀ
ਪਰਬਤਾਂ ਦੇ ਨਾਲ ਐਵੇਂ ਖਹਿ ਰਹੇ ਨੇ ।

ਘਰ ਦੀਵਾਰਾਂ ਨੇ ਅਸਾਡਾ ਵੰਡਿਆ ਏ
ਕੌਣ ਸਾਡੇ ਨਾਲ ਆਖ਼ਰ ਰਹਿ ਰਹੇ ਨੇ ।

ਵਕਤ ਤੋਂ ਪਹਿਲਾਂ ਏ ਉਮਰਾਂ ਦੀ ਗੁਲਾਮੀ
ਫੈਸਲੇ ਪਹਿਲਾਂ ਤੋਂ ਏਦਾਂ ਤਹਿ ਰਹੇ ਨੇ ।

ਇਹ ਤਾਂ ਬਸ ਦੋ ਪਲ ਦਾ ਸਾਇਆ

ਇਹ ਤਾਂ ਬਸ ਦੋ ਪਲ ਦਾ ਸਾਇਆ ।
ਕੋਮਲ ਕੋਮਲ ਕੰਚਨ ਕਾਇਆ ।

ਕਾਲੀ ਰਾਤੇ ਕਾਮਣ ਨੇ ਤਾਂ
ਤਾਰਾ ਤਾਰਾ ਹੈ ਭਰਮਾਇਆ ।

ਸੰਦਲ ਰੁੱਖਾਂ ਬਿਰਹਣ ਡੱਸੀ
ਬਦਲੀ ਨੇ ਹੈ ਚੰਨ ਛੁਪਾਇਆ ।

ਖ਼ਿਜ਼ਰ ਖ਼ੁਆਜ਼ਾ ਰਹਿਮਤ ਕਰਸੀਂ
ਬੇੜੀ ਦਾ ਹੈ ਪੂਰ ਸਵਾਇਆ ।

ਊਠਾਂ ਵਾਲੇ ਬੁਰਜ ਬਲੋਚਾਂ
ਇਸ਼ਕੇ ਉੱਤੇ ਕਹਿਰ ਕਮਾਇਆ ।

ਹਰ ਪੱਤੇ ਨੇ ਝੜ ਜਾਣਾ ਹੈ
ਮੇਰੇ ਮੌਲ਼ਾ ਕੈਸੀ ਮਾਇਆ ।

ਇਕ ਨਦੀ ਵਾਂਗਰ ਰਵਾਨੀ ਓਸ ਦੀ

ਇਕ ਨਦੀ ਵਾਂਗਰ ਰਵਾਨੀ ਓਸ ਦੀ।
ਜੋ ਕਹਾਣੀ ਮੈਂ ਬਿਆਨੀ ਓਸਦੀ ।

ਸੋਭਦੇ ਜਿਉਂ ਚੰਨ ਤਾਰੇ ਰਾਤ ਨੂੰ
ਸੋਭਦੀ ਸੂਰਤ ਨੁਰਾਨੀ ਓਸ ਦੀ।

ਸੌਂ ਗਿਆ ਪਲਕਾਂ 'ਤੇ ਦੀਵੇ ਬਾਲ ਕੇ
ਬੇਮਿਸਾਲੀ ਸਾਵਧਾਨੀ ਓਸ ਦੀ ।

ਨੈਣ ਕਹਿ ਦੇਂਦੇ ਨੇ ਸਭ ਬੋਲੇ ਬਿਨਾ
ਕੀ ਕਹਾਂ ਜਾਦੂ ਬਿਆਨੀ ਓਸ ਦੀ।

ਅਰਥ ਤਾਂ ਸ਼ਬਦਾਂ ਦੇ ਨੇ ਗਹਿਰੇ ਬੜੇ
ਤੀਰ ਵਾਂਗੂੰ ਤੇਜ ਕਾਨੀ ਓਸ ਦੀ ।

ਖਿਆਲ ਉਡਦੇ ਅੰਬਰੀਂ ਸੁਰਖ਼ਾਬ ਜਿਉਂ
ਸੋਚਣੀ ਹੈ ਆਸਮਾਨੀ ਓਸਦੀ ।

ਹਰ ਇਰਾਦੇ ਵਿਚ ਬੜੀ ਪੁਖਤਾ ਦਿਲੀ
ਬਸ ਮੁਹੱਬਤ ਹੈ ਰੁਹਾਨੀ ਓਸਦੀ ।

ਕਹਿਣ ਨੂੰ ਤਾਂ ਕਹਿ ਰਹੇ ਨੇ ਸਭ ਗ਼ਜ਼ਲ
ਇਹ ਸੁਮੈਰਾ ਤਰਜ਼ਮਾਨੀ ਓਸ ਦੀ ।

ਇਜਾਜਤ ਵਕਤ ਦੇਂਦਾ ਤਾਂ ਮੁਹੱਬਤ ਕਰ ਗਏ ਹੁੰਦੇ

ਇਜਾਜਤ ਵਕਤ ਦੇਂਦਾ ਤਾਂ ਮੁਹੱਬਤ ਕਰ ਗਏ ਹੁੰਦੇ ।
ਅਸੀਂ ਤੇਰੇ ਲਈ ਜਿਊਂਦੇ, ਤੇਰੇ ਲਈ ਮਰ ਗਏ ਹੁੰਦੇ ।

ਜੇ ਅਗਲੇ ਪਾਰ ਮਘਦੀ ਵੇਖ ਲੈਂਦੇ ਚਿਣਗ ਇਸ਼ਕੇ ਦੀ
ਤਾਂ ਫਿਰ ਕੱਚੇ ਘੜੇ ਉੱਤੇ ਝਨਾਂ ਵੀ ਤਰ ਗਏ ਹੁੰਦੇ ।

ਪਤਾ ਲਗਦਾ ਜੇ ਤੇਰਾ ਜਿੱਤਣਾ ਏਨਾ ਜਰੂਰੀ ਸੀ
ਤਾਂ ਇਕ ਤੇਰੀ ਖੁਸ਼ੀ ਖਾਤਰ ਹੀ ਆਖਰ ਹਰ ਗਏ ਹੁੰਦੇ।

ਕਿ ਜਖਮਾਂ ਦੀ ਡੁੰਘਾਈ ਨੂੰ ਜੇ ਹਰਦਮ ਨਾਪਦਾ ਨਾ ਤੂੰ
ਇਹ ਗਹਿਰੇ ਹੁੰਦਿਆਂ ਹੋਇਆਂ ਵੀ ਛੇਤੀ ਭਰ ਗਏ ਹੁੰਦੇ।

ਨਜ਼ਰ ਤੇਰੀ ਸਵੱਲੀ ਜੇ ਕਿਤੇ ਸਾਡੇ 'ਤੇ ਪੈ ਜਾਂਦੀ
ਅਸੀਂ ਦੁਨੀਆਂ ਦੀ ਹਰ ਤਕਲੀਫ ਸਹਿਜੇ ਜਰ ਗਏ ਹੁੰਦੇ।

ਏਨੀ ਕੁ ਹੈ ਗੁਜ਼ਾਰਿਸ਼ ਕਿਸਮਤ ਦੇ ਮਾਰਿਆਂ ਦੀ

ਏਨੀ ਕੁ ਹੈ ਗੁਜ਼ਾਰਿਸ਼ ਕਿਸਮਤ ਦੇ ਮਾਰਿਆਂ ਦੀ ।
ਸਾਡੇ ਫ਼ਲਕ ਨੂੰ ਦੇ ਜਾ ਮੁੱਠੀ ਸਿਤਾਰਿਆਂ ਦੀ ।

ਕਾਲੇ ਹਨੇਰਿਆਂ 'ਤੇ, ਦੇ ਰੌਸ਼ਨੀ ਦਾ ਛੱਟਾ,
ਇਹਨਾਂ ਨੂੰ ਲੋੜ ਹੈ ਹੁਣ, ਤੇਰੇ ਸਹਾਰਿਆਂ ਦੀ ।

ਆਖੋ ਟਟਹਿਣਿਆਂ ਨੂੰ, ਤਲੀਆਂ 'ਤੇ ਟਿਮਟਿਮਾਵਣ,
ਕੋਈ ਤਾਂ ਲੀਕ ਉਘੜੇ ਹੱਥਾਂ ਵਿਚਾਰਿਆਂ ਦੀ ।

ਆਈ ਹੈ ਪੌਣ ਲੈ ਕੇ, ਸਾਵਣ ਦਾ ਇਕ ਸੁਨੇਹਾ,
ਤਾਂ ਹੀ ਤਾਂ ਮਹਿਕ ਜਾਗੀ, ਫੁੱਲਾਂ ਕੁਆਰਿਆਂ ਦੀ ।

ਭੁੱਖੇ ਖੜੇ ਨੇ ਲੋਕੀ ਕਦ ਤੋਂ ਉਦ੍ਹੇ ਦਰਾਂ 'ਤੇ,
ਖਿਚੜੀ ਅਜੇ ਹੈ ਪੱਕਦੀ ਨੇਤਾ ਦੇ ਲਾਰਿਆਂ ਦੀ ।

ਗੁਰਬਤ ਅਤੇ ਜਹਾਲਤ, ਬਿਨ ਹੋਰ ਕੀ ਮਿਲੇਗਾ,
ਜਿਸ ਦੇਸ਼ ਵਿਚ ਹਕੂਮਤ, ਲੋਕਾਂ ਨਕਾਰਿਆਂ ਦੀ ।

ਸ਼ਹਿਰ ਮੇਰੇ ਦੇ ਬੜੇ, ਨਾਦਾਨ ਜੇਹੇ ਲੋਕ ਨੇ

ਸ਼ਹਿਰ ਮੇਰੇ ਦੇ ਬੜੇ, ਨਾਦਾਨ ਜੇਹੇ ਲੋਕ ਨੇ।
ਜਾਪਦੇ ਜ਼ਿੰਦਾ ਮਗਰ, ਬੇਜਾਨ ਜੇਹੇ ਲੋਕ ਨੇ।

ਲਹਿਰ ਸੰਗ ਜੋ ਵਹਿ ਤੁਰੇ ਨੇ, ਸੋਚ ਦੇ ਦੀਵੇ ਜਗਾ
ਰੁਕ ਨਹੀਂ ਸਕਦੇ ਕਦੇ, ਤੂਫਾਨ ਜੇਹੇ ਲੋਕ ਨੇ।

ਕਲਪਨਾ ਮੇਰੀ 'ਚ ਰੱਬ ਤਾਂ, ਇਕ ਇਲਾਹੀ ਨੂਰ ਹੈ
ਸਾਹਮਣੇ ਮੇਰੇ ਮਗਰ, ਹੈਵਾਨ ਜੇਹੇ ਲੋਕ ਨੇ।

ਜ਼ਿੰਦਗੀ ਨੂੰ ਉਮਰ ਭਰ ਰਹੇ, ਸਾਂਭਦੇ ਸੰਵਾਰਦੇ
ਜੋ ਪਲਾਂ ਵਿਚ ਬੀਤ ਗਈ, ਹੈਰਾਨ ਜੇਹੇ ਲੋਕ ਨੇ

ਹੁਣ ਤਾਂ ਸਮਝੌਤਾ ਸੁਮੈਰਾ, ਜੀਣ ਦਾ ਪ੍ਰਤੀਕ ਹੈ
ਆਪਣੇ ਹੀ ਘਰ ਦੇ ਵਿਚ, ਮਹਿਮਾਨ ਜੇਹੇ ਲੋਕ ਨੇ

ਸਹਿਰਾ ਵਿਚ ਸਾਵਣ ਲੈ ਆਵੀਂ ਸਾਂਵਰਿਆ

ਸਹਿਰਾ ਵਿਚ ਸਾਵਣ ਲੈ ਆਵੀਂ ਸਾਂਵਰਿਆ।
ਵਸਲਾਂ ਦਾ ਫਿਰ ਮੀਂਹ ਵਰਸਾਵੀਂ ਸਾਂਵਰਿਆ।

ਬਰਸਣ ਦੇ ਹੁਣ ਮੋਹ ਦੇ ਬੱਦਲ ਬਰਸਣ ਦੇ
ਹੁਣ ਨਾ ਨੈਣੋਂ ਨੀਰ ਵਹਾਵੀਂ ਸਾਂਵਰਿਆ ।

ਮਨ ਦੀ ਵੀਣਾ ਛੇੜੇ ਸੈਆਂ ਰਾਗਣੀਆਂ
ਰਾਗ ਕੋਈ ਮਲਹਾਰ ਸੁਣਾਵੀਂ ਸਾਂਵਰਿਆ।

ਮੈਂ ਘਣਘੋਰ ਘਟਾ ਬਣਕੇ ਜਦ ਆਵਾਂਗੀ
ਮੋਰ ਬਣੀਂ ਤੂੰ ਪੈਲਾਂ ਪਾਵੀਂ ਸਾਂਵਰਿਆ।

ਵਹਿ ਜਾਵਣ ਦੇ ਹਿਜ਼ਰਾਂ ਵਾਲੀ ਵੇਦਣ ਨੂੰ
ਹੁਣ ਨਾ ਦਿਲ ਦਾ ਦਰਦ ਹੰਢਾਵੀਂ ਸਾਂਵਰਿਆ।

ਅੰਬਰ ਤਾਈੰ ਛੁਹਣਾ ਮੇਰੇ ਖ਼ਾਬਾਂ ਨੇ
ਸਤਰੰਗੀ ਤੂੰ ਪੀਂਘ ਝੁਟਾਵੀਂ ਸਾਂਵਰਿਆ।

ਸਮੁੰਦਰ ਸੋਚ ਵਿਚ ਪੈਂਦੀ ਜਦੋਂ ਗਹਿਰੀ ਕਦੀ ਲਹਿੰਦੀ

ਸਮੁੰਦਰ ਸੋਚ ਵਿਚ ਪੈਂਦੀ ਜਦੋਂ ਗਹਿਰੀ ਕਦੀ ਲਹਿੰਦੀ।
ਨਦੀ ਚੁੱਪ ਚਾਪ ਹੀ ਵਹਿੰਦੀ ਉਦੋਂ ਫਿਰ ਕੁਝ ਨਹੀ ਕਹਿੰਦੀ।

ਜੋ ਪੱਤਣ ਤੇ ਬਰੇਤੇ ਨੇ ਇਹ ਵੀ ਤੇਰੇ ਚਹੇਤੇ ਨੇ
ਤੇਰੇ ਆਉਂਦੇ ਜੋ ਚੇਤੇ ਨੇ ਉਹ ਮੇਰੀ ਜਾਨ ਨਈਂ ਸਹਿੰਦੀ।

ਵਿਯੋਗਣ ਕੁਝ ਵੀ ਨਾ ਬੋਲੇ, ਦਿਲਾਂ ਦੇ ਭੇਤ ਨਾ ਖੋਹਲੇ
ਬੜੀ ਗੁਮ ਸੁੰਮ ਜਿਹੀ ਡੋਲੇ ਇਹ ਸਾਵਣ ਦੀ ਤਪੀ ਰਹਿੰਦੀ।

ਅਸਾਂ ਜੋ ਗ਼ਮ ਕਮਾਏ ਨੇ ਉਹ ਸਾਰੇ ਹੀ ਹੰਢਾਏ ਨੇ
ਇਹੀ ਅਪਣੇ ਬਣਾਏ ਨੇ, ਖੁਸ਼ੀ ਤਾਂ ਪਾਸ ਨਹੀਂ ਬਹਿੰਦੀ।

ਬੜੇ ਲਾਉਂਦੀ ਹੈ ਇਹ ਗੇੜੇ, ਹਵਾ ਵੰਡਦੀ ਖੁਸ਼ੀ ਖੇੜੇ
ਇਹ ਪੱਤੇ ਬਿਰਖ ਦੇ ਛੇੜੇ ਕਿ ਉਸ ਦੇ ਨਾਲ ਜਾ ਖਹਿੰਦੀ।

ਨਦੀ ਪਰਬਤ ਨੂੰ ਮਿਲ਼ ਆਏ ਕਦੀ ਝਰਨੇ ਨੂੰ ਗ਼ਲ ਲਾਏ
ਇਹ ਸਾਗਰ ਵਿਚ ਸਮਾ ਜਾਏ ਅਖੀਰੀ ਡਿੱਗਦੀ ਢਹਿੰਦੀ।

ਸਿਲਸਿਲਾ ਦਿਨ ਰਾਤ ਚੱਲੇ

ਸਿਲਸਿਲਾ ਦਿਨ ਰਾਤ ਚੱਲੇ।
ਤਾਰਿਆਂ ਦੀ ਬਾਤ ਚੱਲੇ।

ਸਾਥ ਤੇਰਾ, ਪੌਣ ਮਹਿਕੇ
ਕਿਣਮਿਣੀ ਬਰਸਾਤ ਚੱਲੇ।

ਪਿਆਰ ਦਾ ਤੂਫਾਨ ਮਚਲੇ
ਮੋਹ ਭਰੀ ਗਲਬਾਤ ਚੱਲੇ।

ਇਹ ਮੁਹੱਬਤ ਫ਼ਲਸਫ਼ਾ ਹੈ
ਏਸ ਤੋਂ ਕਾਇਨਾਤ ਚੱਲੇ।

ਜ਼ਿੰਦ ਮਾਣੇ ਗ਼ਮ ਖੁਸ਼ੀ ਨੂੰ
ਜੇ ਸਹੀ ਅਨੁਪਾਤ ਚੱਲੇ ।

ਸ਼ੋਖ਼ ਜਿਹੇ ਕੁਝ ਰੰਗ ਲੈ ਆਓ ਤੁਸੀਂ

ਸ਼ੋਖ਼ ਜਿਹੇ ਕੁਝ ਰੰਗ ਲੈ ਆਓ ਤੁਸੀਂ ।
ਰੋਸ਼ਨੀ ਵੀ ਸੰਗ ਲੈ ਆਓ ਤੁਸੀਂ ।

ਜੀਣ ਦਾ ਸਿੱਖੋ ਸਲੀਕਾ ਐ ਸਨਮ !
ਇਸ਼ਕ ਦਾ ਕੋਈ ਢੰਗ ਲੈ ਆਓ ਤੁਸੀਂ ।

ਪਿਆਰ ਵਿੱਚ ਸੋਨਾ ਨਹੀ ਚਾਂਦੀ ਨਹੀ
ਮੋਹ ਭਰੀ ਇਕ ਵੰਗ ਲੈ ਆਓ ਤੁਸੀਂ ।

ਪਿਆਸ ਕਿਸ ਦੀ ਹੁਣ ਬੁਝਾਵੇ ਬੱਦਲ਼ੀ
ਉੱਡਦਾ ਸਾਰੰਗ ਲੈ ਆਓ ਤੁਸੀਂ ।

ਹੁਸਨ ਹੋ ਜਾਵੇਗਾ ਦੂਣਾ ਚੌਗੁਣਾ
ਮੁੱਖ ' ਤੇ ਜੇ ਸੰਗ ਲੈ ਆਓ ਤੁਸੀਂ ।

ਸੋਚਾਂ ਦੇ ਆਲਣੇ ਵਿਚ ਯਾਦਾਂ ਸੰਭਾਲ ਰੱਖੀਂ

ਸੋਚਾਂ ਦੇ ਆਲਣੇ ਵਿਚ ਯਾਦਾਂ ਸੰਭਾਲ ਰੱਖੀਂ ।
ਇਹਨਾਂ ਦੇ ਪੰਖ ਕੋਮਲ ਏਨਾ ਖਿਆਲ ਰੱਖੀਂ ।

ਸੁਬਹਾ ਜੋ ਤੁਰ ਗਏ ਨੇ ਪਰਤਣਗੇ ਸ਼ਾਮ ਵੇਲੇ
ਦੀਵੇ ਤੂੰ ਆਸ ਦੇ ਕੁਝ ਮਮਟੀ 'ਤੇ ਬਾਲ ਰੱਖੀਂ ।

ਸ਼ੀਸ਼ੇ ਦਿਆਂ ਘਰਾਂ ਵਿਚ ਮਰ ਜਾਣ ਨ ਇਹ ਕਿਧਰੇ
ਤੂੰ ਮਛਲੀਆਂ ਦੀ ਖਾਤਰ ਸਾਗਰ ਵੀ ਭਾਲ ਰੱਖੀਂ ।

ਜਾਦੂ ਤੇਰੀ ਕਲਮ ਦਾ ਸਿਰ ਚੜਕੇ ਬੋਲਦਾ ਏ
ਹਰਫਾਂ 'ਚ ਆਪਣੇ ਤੂੰ ਭਰਿਆ ਕਮਾਲ ਰੱਖੀਂ ।

ਪੌਣਾਂ ਤੇ ਪਤਝੜਾਂ ਤੋਂ ਪੈਣਾ ਬਚਾ ਕੇ ਰੱਖਣਾ
ਕਲੀਆਂ ਦੇ ਹਾਸਿਆਂ 'ਤੇ ਰੰਗਾਂ ਦੀ ਢਾਲ ਰੱਖੀਂ ।

ਤੇਰੀ ਉਡਾਣ ਖਾਤਿਰ ਨੀਵਾਂ ਅਕਾਸ਼ ਹੋਇਆ
ਬਦਲੀ ਦੇ ਵਰ੍ਹਨ ਦਾ ਨ ਮਨ ਵਿਚ ਮਲਾਲ ਰੱਖੀਂ ।

ਹਕੀਕਤ ਹੈ ਜੋ ਖ਼ਾਬਾਂ ਤੋਂ ਪਰੇ ਹੈ

ਹਕੀਕਤ ਹੈ ਜੋ ਖ਼ਾਬਾਂ ਤੋਂ ਪਰੇ ਹੈ ।
ਉਹ ਦਾ ਤੁਰਨਾ ਨਵਾਬਾਂ ਤੋਂ ਪਰੇ ਹੈ।

ਅਜਾਦੀ ਤੰਗਦਿਲੀ ਤੋਂ ਲੈ ਲਵੋ ਹੁਣ
ਇਹ ਸੈਆਂ ਇਨਕਲਾਬਾਂ ਤੋਂ ਪਰੇ ਹੈ ।

ਉਹਦੀ ਆਵਾਜ਼ ਦਾ ਜਾਦੂ ਅਨੂਠਾ
ਜੋ ਰਾਗਾਂ ਤੇ ਰਬਾਬਾਂ ਤੋਂ ਪਰੇ ਹੈ ।

ਤੇਰਾ ਰੁਸਣਾ ਤੇ ਆਪੇ ਮੰਨ ਜਾਣਾ
ਮੇਰੇ ਸਾਰੇ ਹਿਸਾਬਾਂ ਤੋਂ ਪਰੇ ਹੈ ।

ਤੇਰੇ ਹੋਠਾਂ ' ਤੇ ਕਲੀਆਂ ਦਾ ਬਸੇਰਾ
ਤੇ ਮੁਸਕਾਣਾ ਗੁਲਾਬਾਂ ਤੋਂ ਪਰੇ ਹੈ ।

ਹਰ ਕਦਮ 'ਤੇ ਹਾਦਸਾ, ਉਸਦਾ ਮੁਕੱਦਰ ਹੋ ਗਿਆ

ਹਰ ਕਦਮ 'ਤੇ ਹਾਦਸਾ, ਉਸਦਾ ਮੁਕੱਦਰ ਹੋ ਗਿਆ ।
ਜੂਝਦਾ ਹੋਇਆ ਇਹਨਾਂ ਸੰਗ, ਉਹ ਵੀ ਪੱਥਰ ਹੋ ਗਿਆ ।

ਹਰ ਖ਼ੁਸ਼ੀ ਚੁਪਚਾਪ, ਮੇਰੇ ਮਨ 'ਚੋਂ ਹਿਜਰਤ ਕਰ ਗਈ
ਡੁੱਲ੍ਹ ਕੇ ਨੈਣਾਂ 'ਚੋਂ, ਹਰ ਕਤਰਾ ਸਮੁੰਦਰ ਹੋ ਗਿਆ ।

ਪਿਘਲ ਕੇ ਬਿਰਹਣ ਨੇ, ਜਿਉਂ ਮੰਗੀ ਦੁਆ ਮਹਿਬੂਬ ਤੋਂ
ਮਿਹਰਬਾਂ ਓਸੇ ਹੀ ਪਲ, ਬਿਰਹਣ 'ਤੇ ਕਾਦਰ ਹੋ ਗਿਆ ।

ਚੰਨ ਮੁਖੜਾ ਵੇਖ ਕੇ, ਆਖੀ ਮੁਬਾਰਕ ਈਦ ਮੈਂ
ਸਹਿ ਸੁਭਾ ਮੇਰੇ ਤੋਂ ਫਿਰ, ਚੰਨ ਦਾ ਨਿਰਾਦਰ ਹੋ ਗਿਆ ।

ਸੀ ਪਰਾਇਆ ਸ਼ਹਿਰ, ਪਹਿਲਾਂ ਹੀ ਸੁਮੈਰਾ ਵਾਸਤੇ
ਅਜਨਬੀ ਉਸ ਵਾਸਤੇ, ਹੁਣ ਆਪਣਾ ਘਰ ਹੋ ਗਿਆ ।

ਹਵਾ ਇਹ ਲੈ ਤੁਰੀ, ਮੈਨੂੰ ਕਿਧਰ ਨੂੰ

ਹਵਾ ਇਹ ਲੈ ਤੁਰੀ, ਮੈਨੂੰ ਕਿਧਰ ਨੂੰ ।
ਕਿ ਜਿੱਥੋਂ ਪਰਤਦਾ ਰਸਤਾ ਨ ਘਰ ਨੂੰ ।

ਬਚਾਓ ਰੇਸ਼ਮੀ ਖ਼ਾਬਾਂ ਨੂੰ ਜਾ ਕੇ
ਹੈ ਲੱਗੀ ਅੱਗ, ਖਾਬਾਂ ਦੇ ਨਗਰ ਨੂੰ ।

ਮੈਂ ਜਿੰਦਾ ਹਾਂ ਤਾਂ ਇਹਨਾ ਦੀ ਬਦੌਲਤ
ਤੁਸੀਂ ਮੰਨੋਂ ਦੁਆਵਾਂ ਦੇ ਅਸਰ ਨੂੰ ।

ਮੇਰੀ ਉਲਫ਼ਤ ਚਿਰਾਂ ਤੋਂ ਗੁੰਮਸ਼ੁਦਾ ਹੈ
ਫੈਲਾਓ ਦੂਰ ਤੀਕਰ, ਇਸ ਖਬਰ ਨੂੰ ।

ਮਲਾਹ ਤਾਂ ਬਾਦਬਾਨਾਂ ਦੇ ਸਹਾਰੇ
ਸੁਮੈਰਾ ਭੁੱਲਿਆ ਹੈ, ਰਾਹਗੁਜ਼ਰ ਨੂੰ ।

ਹੌਲੀ ਜੇਹੀ ਆ ਜਾਂਦਾ ਏ

ਹੌਲੀ ਜੇਹੀ ਆ ਜਾਂਦਾ ਏ ।
ਗ਼ਜ਼ਲਾਂ ਵਿੱਚ ਸਮਾ ਜਾਂਦਾ ਏ ।

ਮਨ ਦੀ ਬੰਜਰ ਧਰਤੀ ਉੱਤੇ
ਆ ਕੇ ਮੀਂਹ ਵਰਸਾ ਜਾਂਦਾ ਏ ।

ਬਾਗਾਂ ਵਿੱਚ ਬਹਾਰਾਂ ਆਵਣ
ਜਦ ਵੀ ਉਹ ਮੁਸਕਾ ਜਾਂਦਾ ਏ ।

ਰੂਹ ਮੇਰੀ ਸਰਸ਼ਾਰ ਹੋਵੇ, ਜਦ,
ਗੀਤ ਕੋਈ ਉਹ ਗਾ ਜਾਂਦਾ ਏ ।

ਪਲਕਾਂ ਨੂੰ ਇਕ ਵਾਰ ਉਠਾ ਕੇ
ਸਾਨੂੰ ਖੁਆਬ ਦਿਖਾ ਜਾਂਦਾ ਏ ।

ਕਈ ਰੀਝਾਂ ਜਗਾ ਜਾਵੇ

ਕਈ ਰੀਝਾਂ ਜਗਾ ਜਾਵੇ ।
ਫਰੇਬੀ ਖ਼ਾਬ ਜਦ ਆਵੇ ।

ਨਾ ਮੰਨੇ ਮਨ ਮੇਰਾ ਜ਼ਿੱਦੀ
ਉਹਦੇ ਬਿਨ ਚੈਨ ਕਦ ਪਾਵੇ ।

ਸੁਰੀਲੇ ਬੋਲ ਜਦ ਬੋਲੇ
ਮੇਰੀ ਰੂਹ ਤਕ ਉਤਰ ਜਾਵੇ ।

ਹੈ ਲੱਗੀ ਬਦ-ਦੁਆ ਕੇਹੀ
ਸਮਝ ਸਾਨੂੰ ਵੀ ਨਾਂ ਆਵੇ।

ਕਰੇਂਦਾ ਮਰਜ਼ੀਆਂ ਮਹਿਰਮ
ਕਰੇ, ਜੋ ਓਸ ਨੂੰ ਭਾਵੇ ।

ਛੁਪਾ ਕੇ ਬਗਲ ਵਿਚ ਖੰਜ਼ਰ
ਉਹ ਨਗ਼ਮੇ ਪਿਆਰ ਦੇ ਗਾਵੇ।

ਉਸਾਰੇ ਨਿਤ ਕਤਲਗਾਹਾਂ
ਤੇ ਜੀਣਾਂ ਫੇਰ ਸਿਖਲਾਵੇ !

ਲਗਾਂਉਂਦਾ ਸੱਚ 'ਤੇ ਪਹਿਰਾ
ਤੇ ਕਸਮਾਂ ਝੂਠੀਆਂ ਖਾਵੇ ।

ਕਹਾਣੀ ਇਸ਼ਕ ਦੀ ਆਨੀ ਬਹਾਨੀ ਯਾਦ ਆਵੇਗੀ

ਕਹਾਣੀ ਇਸ਼ਕ ਦੀ ਆਨੀ ਬਹਾਨੀ ਯਾਦ ਆਵੇਗੀ ।
ਮੇਰੇ ਮੋਹਸਿਨ ! ਤੇਰੀ ਹਰ ਮਿਹਰਬਾਨੀ ਯਾਦ ਆਵੇਗੀ ।

ਮੇਰੇ ਕਦਮਾਂ ਨੂੰ ਛੂਹੇਗੀ, ਜਦੋਂ ਵੀ ਮਖ਼ਮਲੀ ਧਾਰਾ
ਕਿਸੇ ਦਾ ਸਾਥ, ਦਰਿਆ ਦੀ ਰਵਾਨੀ ਯਾਦ ਆਵੇਗੀ ।

ਇਹ ਦਗਦੇ ਹੁਸਨ ਦਾ ਸੂਰਜ ਜਦੋਂ ਵੀ ਅਸਤ ਹੋਵੇਗਾ
ਸ਼ਮਾਂ ਦਾਨਾਂ ਚੋਂ ਕਿਰਦੀ ਲੋਅ ਨੂਰਾਨੀ ਯਾਦ ਆਵੇਗੀ ।

ਉਹ ਸੁਰ ਸਾਰੰਗੀਆਂ ਦੇ ਵਿਚ ਜਦੋਂ ਮਸਰੂਫ ਹੋਵਣਗੇ
ਉਦੋਂ ਪਾਵਨ ਪਵਿੱਤਰ ਰੂਹ, ਰੁਹਾਨੀ ਯਾਦ ਆਵੇਗੀ ।

ਪਹਾੜਾਂ ਚੋਂ ਜਦੋਂ ਝਰਨਾ ਵਹੂ ਤੇ ਨੀਰ ਨੈਣਾਂ 'ਚੋਂ
ਯਕੀਨਨ ਆਪ ਨੂੰ ਸਿਮਰਤ ਦਿਵਾਨੀ ਯਾਦ ਆਵੇਗੀ ।

ਕਰਾਂਤੀ, ਸੱਚ, ਕੁਰਬਾਨੀ, ਬੜਾ ਕੁਝ ਕਹਿ ਰਹੀ ਹੈ ਹੁਣ

ਕਰਾਂਤੀ, ਸੱਚ, ਕੁਰਬਾਨੀ, ਬੜਾ ਕੁਝ ਕਹਿ ਰਹੀ ਹੈ ਹੁਣ ।
ਸਮੇਂ ਦੀ ਚਾਲ ਮਸਤਾਨੀ ਬੜਾ ਕੁਝ ਕਹਿ ਰਹੀ ਹੈ ਹੁਣ ।

ਘਣੇ ਬੱਦਲ ਹਾਂ, ਲਿਸ਼ਕਾਂਗੇ, ਗਿਰਾਂ ਗੇ ਬਿਜਲੀਆਂ ਬਣਕੇ
ਅਸਾਡੀ ਸੋਚ ਅਸਮਾਨੀ, ਬੜਾ ਕੁਝ ਕਹਿ ਰਹੀ ਹੈ ਹੁਣ ।

ਸਮੁੰਦਰ ਨੇ ਸੀ ਅਜ਼ਲਾਂ ਤੋਂ, ਦਬਾਇਆ ਸ਼ੋਰ ਸੀਨੇ ਵਿਚ
ਇਹ ਉੱਠਦੀ ਲਹਿਰ ਤੂਫਾਨੀ, ਬੜਾ ਕੁਝ ਕਹਿ ਰਹੀ ਹੈ ਹੁਣ।

ਤੁਹਾਡੀ ਰੱਤ ਪੀ ਕੇ ਵੀ, ਇਹਨਾਂ ਦੀ ਪਿਆਸ ਨਹੀਂ ਬੁਝਣੀ
ਨਿਗਾਹਾਂ ਦੀ ਇਹ ਸ਼ੈਤਾਨੀ, ਬੜਾ ਕੁਝ ਕਹਿ ਰਹੀ ਹੈ ਹੁਣ।

ਹੈ ਮੱਧਮ ਪੈ ਗਈ ਇਹ, ਮਣਕਿਆਂ ਦੀ ਚਮਕ ਵੀ ਆਖਿਰ
ਸੁਮੈਰਾ ਦੇ ਗਲ਼ੇ ਗਾਨੀ, ਬੜਾ ਕੁਝ ਕਹਿ ਰਹੀ ਹੈ ਹੁਣ ।

ਕਲਾ- ਕਿਰਤੀ ਬਣਾਈ ਜਾ ਰਹੀ ਹੈ

ਕਲਾ- ਕਿਰਤੀ ਬਣਾਈ ਜਾ ਰਹੀ ਹੈ ।
ਤੇ ਉਸ ਵਿਚ ਰੂਹ ਵੀ ਪਾਈ ਜਾ ਰਹੀ ਹੈ ।

ਇਬਾਦਤ ਪੱਥਰਾਂ ਦੀ ਕਰਨ ਖਾਤਰ
ਬਲੀ ਫੁਲ ਦੀ ਚੜਾਈ ਜਾ ਰਹੀ ਹੈ ।

ਨਜ਼ਰ ਨੀਵੀਂ ਜਿਹੀ ਕਰਕੇ ਖੁਦਾਇਆ
ਕੋਈ ਬਿਜਲੀ ਗਿਰਾਈ ਜਾ ਰਹੀ ਹੈ ।

ਇਬਾਰਤ ਆਪਣੀ ਮਰਜੀ ਦੀ ਲਿਖ ਕੇ
ਜਬਰਦਸਤੀ ਪੜਾਈ ਜਾ ਰਹੀ ਹੈ ।

ਬਣਾ ਨਫਰਤ ਭਰੇ ਕਾਨੂੰਨ ਸਾਰੇ
ਮੁਹੱਬਤ ਵੀ ਸਿਖਾਈ ਜਾ ਰਹੀ ਹੈ ।

ਕਾਲੀਆਂ ਰਾਤਾਂ 'ਚ ਜੁਗਨੂੰ ਚਮਕਦੇ ਰਹੇ ਦੇਰ ਤਕ

ਕਾਲੀਆਂ ਰਾਤਾਂ 'ਚ ਜੁਗਨੂੰ ਚਮਕਦੇ ਰਹੇ ਦੇਰ ਤਕ।
ਯਾਦ ਤੇਰੀ ਦੇ ਸ਼ਗ਼ੂਫੇ ਮਹਿਕਦੇ ਰਹੇ ਦੇਰ ਤਕ।

ਸੌਂ ਗਈ ਕਾਇਨਾਤ ਸਾਰੀ ਚੰਨ ਤਾਰੇ ਸੌਂ ਗਏ
ਘੁੰਗਰੂ ਬਿਰਹਣ ਦੇ ਪੈਰੀਂ ਸਿਸਕਦੇ ਰਹੇ ਦੇਰ ਤਕ ।

ਹੰਝੂਆਂ ਵਿਚ ਗ਼ਮ ਸਮਾ ਕੇ ਕਤਰਿਆਂ ਸੰਗ ਵਹਿ ਤੁਰੇ
ਟੁੱਟ ਕੇ ਪਰ ਖ਼ਾਬ ਨੈਣੀਂ ਰੜਕਦੇ ਰਹੇ ਦੇਰ ਤਕ ।

ਆਖ ਕੇ ਉਹ ਅਲਵਿਦਾ ਅੱਖਾਂ ਤੋਂ ਓਝਲ ਹੋ ਗਿਆ
ਸੁਰ ਉਹ ਦੇ ਖਾਮੋਸ਼ੀਆਂ ਨੂੰ ਚੀਰਦੇ ਰਹੇ ਦੇਰ ਤਕ।

ਖੁਸ਼ਨੁਮਾ ਰੰਗਾਂ ਦਾ ਮੌਸਮ ਸਿਰਫ ਰੁਕਿਆ ਦੋ ਘੜੀ
ਪਤਝੜਾਂ ਦੇ ਕਾਫਲੇ ਤਾਂ ਆਂਵਦੇ ਰਹੇ ਦੇਰ ਤਕ ।

ਕਿਸ ਤਰਾਂ ਆਜ਼ਾਦ ਖੁਦ ਨੂੰ ਕਹਿ ਰਹੇ ਨੇ

ਕਿਸ ਤਰਾਂ ਆਜ਼ਾਦ ਖੁਦ ਨੂੰ ਕਹਿ ਰਹੇ ਨੇ।
ਉਹ ਜੋ ਮੁੱਦਤ ਤੋਂ ਗੁਲਾਮੀ ਸਹਿ ਰਹੇ ਨੇ ।

ਦੂਰੀਆਂ ਰੱਖਦੇ ਸੀ ਜਿਹੜੇ ਪੱਥਰਾਂ ਤੋਂ
ਪਰਬਤਾਂ ਦੇ ਨਾਲ ਉਹ ਹੀ ਖਹਿ ਰਹੇ ਨੇ।

ਰੋਜ਼ ਬਣਦੀ ਹੈ ਨਵੀਂ ਦੀਵਾਰ ਘਰ ਵਿੱਚ
ਰਹਿਣ ਖਾਤਰ ਉਹ ਇਕੱਠੇ ਰਹਿ ਰਹੇ ਨੇ।

ਆ ਗਏ ਉਹ ਫਿਰ ਕੁਫਰ ਤੋਲਣ ਦੁਬਾਰਾ
ਲੋਕ ਭੋਲੇ ਫਿਰ ਸੁਣਨ ਲਈ ਬਹਿ ਰਹੇ ਨੇ

ਲੜ ਕੇ ਆਪਸ ਵਿਚ ਖਤਮ ਹੋਵੋ ਸੁਮੈਰਾ
ਬਾਜ਼ ਚਿੜੀਆਂ ਨੂੰ ਇਹ ਦਿੰਦੇ ਸ਼ਹਿ ਰਹੇ ਨੇ।

ਕਿਸ਼ਤੀਆਂ ਨੇ ਗਰਕ ਹੋ ਜਾਣੈਂ ਇਹੀ ਇਮਕਾਨ ਹੈ

ਕਿਸ਼ਤੀਆਂ ਨੇ ਗਰਕ ਹੋ ਜਾਣੈਂ ਇਹੀ ਇਮਕਾਨ ਹੈ।
ਖੌਲਦਾ ਹੋਇਆ ਸਮੁੰਦਰ ਬੇਰਹਿਮ ਤੂਫਾਨ ਹੈ।

ਮੇਰਿਆਂ ਪੈਰਾਂ ਨੂੰ ਰਾਹ ਮਿਲਦੇ ਰਹੇ ਨੇ ਰੇਤਲੇ
ਹੁਣ ਸਮਝ ਆਈ, ਮੇਰੀ ਮੰਜ਼ਿਲ ਹੀ ਰੇਗਿਸਤਾਨ ਹੈ।

ਸ਼ਹੁ ਸਮੁੰਦਰ ਵਿੱਚ ਨਦੀ ਰਲ਼ਦੀ ਜਦੋਂ ਹੈ ਆਣ ਕੇ
ਇਸ ਦੀਆਂ ਲਹਿਰਾਂ 'ਚ ਕੋਈ ਮਚਲਦਾ ਅਰਮਾਨ ਹੈ ।

ਪੌਣ ਬਣ ਕੇ ਗੁਲਸਿਤਾਂ 'ਚੋਂ ਗੁਜ਼ਰਿਆ ਹੈ ਮਿਹਰਬਾਂ
ਮਹਿਕ ਹੈ ਉਸਦੀ ਬਦੌਲਤ, ਇਹ ਮੇਰਾ ਅਨੁਮਾਨ ਹੈ ।

ਹਿਜਰ, ਹੌਕੇ, ਹੰਝ, ਹਾਵਾਂ ਨੇ ਮੁਹੱਬਤ ਦੀ ਸਜ਼ਾ
ਹਰ ਸਮੇਂ ਮਰਨਾ ਸੁਮੈਰਾ, ਇਸ਼ਕ ਦਾ ਫੁਰਮਾਨ ਹੈ ।

ਕਿਸੇ ਕਾਲੀ ਘਟਾ ਨੇ ਜਦ ਕਿਤੇ ਸੂਰਜ ਲੁਕਾਇਆ ਸੀ

ਕਿਸੇ ਕਾਲੀ ਘਟਾ ਨੇ ਜਦ ਕਿਤੇ ਸੂਰਜ ਲੁਕਾਇਆ ਸੀ ।
ਮੈਂ ਦੱਸਾਂ ਕਿਸ ਤਰਾਂ ਤੈਨੂੰ ਤੂੰ ਕਿੰਨਾ ਯਾਦ ਆਇਆ ਸੀ ।

ਸਿਤਾਰੇ ਗਿਣਦਿਆਂ ਹੋਇਆਂ ਗੁਜ਼ਾਰੀ ਰੈਣ ਅੱਖਾਂ ਵਿੱਚ
ਤੇ ਆਪਾ ਦੱਸ ਨਹੀਂ ਸਕਦੇ ਕਿਵੇਂ ਫਿਰ ਦਿਨ ਬਿਤਾਇਆ ਸੀ ।

ਬੁਲਾ ਕੇ ਬਜ਼ਮ ਆਪਣੀ ਵਿੱਚ ਬਿਠਾਇਆ ਨਾਲ ਗ਼ੈਰਾਂ ਦੇ
ਮੇਰੇ ਦਿਲਬਰ ਜਰਾ ਦੱਸੀਂ ਤੂੰ ਮੈਨੂੰ ਕਿਉਂ ਰੁਵਾਇਆ ਸੀ ।

ਤੇਰੇ ਤੁਰ ਜਾਣ ਦਾ ਮੈਨੂੰ ਓਹ ਮੰਜ਼ਰ ਯਾਦ ਆਉਂਦਾ ਏ
ਜਦੋਂ ਤੂੰ ਅਲਵਿਦਾ ਕਹਿ ਕੇ ਹਵਾ ਵਿੱਚ ਹੱਥ ਹਿਲਾਇਆ ਸੀ ।

ਅਜਬ ਜਾਦੂਗਰੀ ਤੇਰੀ ਮੇਰੇ ਹਮਰਾਜ਼ ਐ ਮਹਿਰਮ
ਮੇਰੇ ਨੈਣਾਂ ਨੂੰ ਦੇ ਕੇ ਖ਼ਾਬ ਮੈਨੂੰ ਕਿਉਂ ਜਗਾਇਆ ਸੀ ।

ਗਜ਼ਲ ਕਹਿੰਦਾ ਕੋਈ ਇਸ ਨੂੰ ਕਿਸੇ ਨੇ ਗੀਤ ਕਹਿ ਦਿੱਤਾ
ਬੇਗਾਨੇ ਬੋਲ ਲੈ ਕੇ ਮੈਂ ਜਦੋਂ ਇਕ ਸੁਰ ਸਜਾਇਆ ਸੀ ।

ਕਿਰਨਾਂ 'ਚ ਅਕਸ ਤੇਰਾ ਇਕਸਾਰ ਹੋ ਗਿਆ ਹੈ

ਕਿਰਨਾਂ 'ਚ ਅਕਸ ਤੇਰਾ ਇਕਸਾਰ ਹੋ ਗਿਆ ਹੈ ।
ਇਕ ਖ਼ਾਬ ਸੀ ਸੁਨਹਿਰਾ ਸਾਕਾਰ ਹੋ ਗਿਆ ਹੈ ।

ਘਾੜੇ ਤੋਂ ਬੁੱਤ ਹੈ ਇਉਂ, ਮੂੰਹ ਮੋੜ ਕੇ ਖੜੋਤਾ
ਜਿਉਂ ਸਮਝਦਾ ਹੈ ਹੁਣ ਉਹ ਸ਼ਾਹਕਾਰ ਹੋ ਗਿਆ ਹੈ ।

ਧੁੱਪਾਂ 'ਚ ਲਗ ਰਹੇ ਨੇ ਇਹ ਲੋਕ ਹੋਰ ਬੌਣੇ
ਪਰਛਾਵਿਆਂ ਦਾ ਲੰਬਾ ਆਕਾਰ ਹੋ ਗਿਆ ਹੈ ।

ਦਰਿਆ ਦਿਲੀ 'ਤੇ ਅੱਜ ਕਲ ਆਉਂਦੈ ਯਕੀਨ ਕਿੱਥੇ
ਪਾਣੀ ਦੀ ਛੱਲ ਵਾਂਗਰ ਇਤਬਾਰ ਹੋ ਗਿਆ ਹੈ ।

ਉਹ ਮੁਸਕਰਾ ਕੇ ਆਪਣੇ ਹੰਝੂ ਸਮੇਟ ਲੈਂਦਾ
ਉਸ ਦਾ ਸੁਭਾਅ ਸੁਮੈਰਾ ਅਨੁਸਾਰ ਹੋ ਗਿਆ ਹੈ ।

ਕੀ ਹੋਇਆ ਜੇਕਰ ਸਮਿਆਂ ਦੇ ਮਾਰੇ ਹਾਂ

ਕੀ ਹੋਇਆ ਜੇਕਰ ਸਮਿਆਂ ਦੇ ਮਾਰੇ ਹਾਂ ।
ਟੁੱਟੇ ਹਾਂ ਫਿਰ ਵੀ ਅੰਬਰ ਦੇ ਤਾਰੇ ਹਾਂ।

ਕਾਲੀ ਰਾਤ 'ਚ ਆਪਾਂ ਹੋਰ ਚਮਕ ਪੈਂਦੇ
ਦੀਪਕ, ਜੁਗਨੂੰ, ਸੁਪਨੇ, ਚੰਨ, ਸਿਤਾਰੇ ਹਾਂ ।

ਦਿਉਦਾਰਾਂ ਦੇ ਵਾਂਗਰ ਹੋਂਦ ਅਸਾਡੀ ਹੈ
ਬਿਰਖਾਂ ਵਾਂਗਰ ਉੱਗੇ ਝੀਲ ਕਿਨਾਰੇ ਹਾਂ ।

ਖੂਬ ਸਮਝਦੇ ਹਾਂ ਪੌਣਾਂ ਦੀ ਸਾਜ਼ਿਸ਼ ਨੂੰ
ਡਟ ਜਾਵਾਂਗੇ ਪਰਬਤ ਨਾਲੋਂ ਭਾਰੇ ਹਾਂ ।

ਸਾਡੇ ਵਾਅਦੇ ਪੱਥਰ ਉੱਤੇ ਲੀਕ ਜਿਹੇ
ਐਵੇਂ ਸੋਚ ਨ ਬੈਠੀਂ ਬੇਇਤਬਾਰੇ ਹਾਂ ।

ਜਿਤ ਸਕਦੇ ਸੀ ਅੰਬਰ, ਏਨੀ ਹਿੰਮਤ ਹੈ
ਤੂੰ ਜਿਤ ਜਾਵੇਂ ਤੇਰੀ ਖਾਤਿਰ ਹਾਰੇ ਹਾਂ।

ਤੇਰੇ 'ਤੇ ਨਾ ਆ ਜਾਵੇ ਇਲਜ਼ਾਮ ਕਿਤੇ
ਏਸੇ ਲਈ ਤਾਂ ਰਾਜ਼ ਛੁਪਾਉਂਦੇ ਸਾਰੇ ਹਾਂ ।

ਕੀਕਣ ਸ਼ਰਤਾਂ ਲਾ ਲੈਂਦਾ ਹੈ

ਕੀਕਣ ਸ਼ਰਤਾਂ ਲਾ ਲੈਂਦਾ ਹੈ ।
ਅਪਣੀ ਜ਼ਿਦ ਮਨਵਾ ਲੈਂਦਾ ਹੈ ।

ਦੂਰ ਵਸੇਂਦਾ ਨੈਣਾਂ ਤੋਂ, ਪਰ,
ਸਾਹਾਂ ਅੰਦਰ ਸਾਹ ਲੈਂਦਾ ਹੈ ।

ਮੇਰੇ ਦਰਦ ਅਵੱਲੇ ਨੂੰ ਓਹ
ਗ਼ਜ਼ਲਾਂ ਕਹਿ ਕੇ ਗਾ ਲੈਂਦਾ ਹੈ ।

ਰੋਵੇ ਜਦ ਵੀ ਛੁਪ ਛੁਪ ਕੇ ਉਹ,
ਧੂੰਏਂ ਦਾ ਪੱਜ ਲਾ ਲੈਂਦਾ ਹੈ ।

ਖਾਬ ਕੋਈ ਉਹ, ਪਾਕ ਪਵਿੱਤਰ
ਪਲਕਾਂ ਵਿਚ ਸਮਾ ਲੈਂਦਾ ਹੈ।

ਆਉਣੇ ਦਾ ਹੁਣ ਚਾਅ ਕੀ ਕਰੀਏ,
ਝੱਟ ਵਿਛੋੜਾ ਪਾ ਲੈਂਦਾ ਹੈ ।

ਦਿਲ ਮੇਰਾ ਵੀ ਕਿੰਨਾ ਭੋਲਾ
ਉਸਨੂੰ ਮੰਨ ਖ਼ੁਦਾ ਲੈਂਦਾ ਹੈ।

ਕੁਝ ਤਿੜਕਦਾ ਹੀ ਜਾ ਰਿਹਾ ਤੇਰੇ ਤੇ ਮੇਰੇ ਦਰਮਿਆਨ

ਕੁਝ ਤਿੜਕਦਾ ਹੀ ਜਾ ਰਿਹਾ ਤੇਰੇ ਤੇ ਮੇਰੇ ਦਰਮਿਆਨ ।
ਇਹ ਕੌਣ ਹੈ ਜੋ ਆ ਰਿਹਾ ਤੇਰੈ ਤੇ ਮੇਰੇ ਦਰਮਿਆਨ ।

ਰਿਸ਼ਤੇ ਦੀ ਤਾਣੀ ਲਗ ਰਹੀ ਵੇਖਣ ਨੂੰ ਕਿੰਨੀ ਸਰਲ, ਪਰ,
ਕੁਝ ਉ਼ਲਝਦਾ ਵੀ ਜਾ ਰਿਹਾ ਤੇਰੇ ਤੇ ਮੇਰੇ ਦਰਮਿਆਨ ।

ਇਕ ਦਰਦ ਹੈ ਜੋ ਪਿਘਲਦਾ ਝੂਠੀ ਜਿਹੀ ਮੁਸਕਾਨ ਵਿਚ
ਤੇ ਹੰਝ ਬਣ ਪਥਰਾ ਰਿਹਾ ਤੇਰੇ ਤੇ ਮੇਰੇ ਦਰਮਿਆਨ ।

ਵਸਲਾਂ ਦਾ ਸੂਰਜ ਛਿਪ ਗਿਆ ਹੈ ਛਿਣਕ ਕੇ ਚਾਨਣ ਜਿਹਾ
ਹੈ ਗਮ ਦਾ ਬੱਦਲ ਛਾ ਰਿਹਾ ਤੇਰੇ ਤੇ ਮੇਰੇ ਦਰਮਿਆਨ ।

ਇਹ ਮੋਹ ਮੁਹੱਬਤ ਦੋਸਤੀ ਦੇ ਖਤਮ ਹੀ ਹੋ ਜਾਣ ਦਾ
ਖਤਰਾ ਹੈ ਵਧਦਾ ਜਾ ਰਿਹਾ ਤੇਰੇ ਤੇ ਮੇਰੇ ਦਰਮਿਆਨ ।

ਖ਼ੁਦ ਹੀ ਉਠਾ ਕੇ ਤੁਰਦਾ, ਸੱਚ ਦੀ ਸਲੀਬ ਹੁੰਦੈ।
ਸੂਰਜ ਦੇ ਵਾਂਗ ਰੋਸ਼ਨ, ਓਹੀ ਅਦੀਬ ਹੁੰਦੈ ।

ਚੋਗੇ ਦੀ ਭਾਲ਼ ਦੇ ਵਿਚ ਉਡਦੇ ਨੇ ਸਭ ਪਰਿੰਦੇ
ਸ਼ਾਮੀਂ ਜੋ ਪਰਤ ਆਵੇ ਉਹ ਖੁਸ਼ ਨਸੀਂਬ ਹੁੰਦੈ।

ਰਹਿੰਦਾ ਹੈ ਦੂਰ ਭਾਂਵੇ ਉਹ ਮਿਹਰਬਾਨ ਮਹਿਰਮ
ਸਾਹਾਂ ਦੇ ਵਾਂਗ ਹਰ ਪਲ ਦਿਲ ਦੇ ਕਰੀਬ ਹੁੰਦੈ

ਜੋ ਸਿਰ ਨਿਵਾ ਕੇ ਬੈਠਾ ਮਜ਼ਲੂਮ, ਬੇਸਹਾਰਾ
ਜ਼ਰਵਾਣਿਆਂ ਦੀ ਬਸਤੀ ਵਿਚ ਉਹ ਗਰੀਬ ਹੁੰਦੈ ।

ਜਦ ਵੀ ਫਰੇਬ ਝਲਕੇ ਉਹਦੇ ਨਕਾਬ ਹੇਠੋਂ
ਤਦ ਹੁਸਨ ਦਾ ਨਜ਼ਾਰਾ ਸਚਮੁਚ ਅਜੀਬ ਹੁੰਦੈ ।

ਘਟਾ ਗ਼ਮ ਦੀ ਛਾਈ ਸਵੇਰੇ ਸਵੇਰੇ

ਘਟਾ ਗ਼ਮ ਦੀ ਛਾਈ ਸਵੇਰੇ ਸਵੇਰੇ ।
ਤੇਰੀ ਯਾਦ ਆਈ ਸਵੇਰੇ ਸਵੇਰੇ।

ਉਹਦਾ ਨਾਮ ਆਵੇ ਇਬਾਦਤ 'ਚ ਮੇਰੀ
ਜੋ ਤਸਬੀ ਉਠਾਈ ਸਵੇਰੇ ਸਵੇਰੇ ।

ਹੈ ਪਾਣੀ ਬਥੇਰਾ ਇਹ ਸਾਗਰ ਦੀ ਮਛਲੀ
ਫਿਰੇ ਕਿਉਂ ਤਿਹਾਈ ਸਵੇਰੇ ਸਵੇਰੇ ।

ਜੁ ਨੈਣਾਂ 'ਚੋਂ ਮੇਰੇ ਵਹੀ ਜਾਣ ਹੰਝੂ
ਹੈ ਪੀੜਾ ਪਰਾਈ ਸਵੇਰੇ ਸਵੇਰੇ ।

ਗ਼ਜ਼ਲ ਆ ਸੁਣਾਵੇ ਉਹ ਰੂਹਾਂ ਦਾ ਹਾਣੀ
ਕਿ ਮਹਿਫਲ ਸਜਾਈ ਸਵੇਰੇ ਸਵੇਰੇ ।

ਪਪੀਹੇ ਨੇ ਮੇਘਾਂ ਦੇ ਰਾਹਾਂ 'ਚ ਲਗਦੈ
ਨਜ਼ਰ ਹੈ ਵਿਛਾਈ ਸਵੇਰੇ ਸਵੇਰੇ ।

ਉਕਾਬਾਂ ਨੇ ਅੰਬਰ ਨੂੰ ਛੁਹਣਾ ਸੁਮੈਰਾ
ਉਡਾਰੀ ਲਗਾਈ ਸਵੇਰੇ ਸਵੇਰੇ ।

ਚਿਹਰਾ ਸਿਆਸਤੀ ਹੈ, ਹੁਣ ਬੇਨਕਾਬ ਹੋਇਆ

ਚਿਹਰਾ ਸਿਆਸਤੀ ਹੈ, ਹੁਣ ਬੇਨਕਾਬ ਹੋਇਆ ।
ਮੇਰੇ ਵਤਨ ਦਾ ਹਰ ਇਕ, ਦਰਿਆ ਸ਼ਰਾਬ ਹੋਇਆ।

ਇੱਕੋ ਜਿਹੇ ਨੇ ਰੋਣੇ, ਇੱਕੋ ਤਰਾਂ ਦੇ ਹਾਸੇ
ਫਿਰ ਕਿਸ ਤਰਾਂ ਇਹ ਚੜ੍ਹਦਾ, ਲਹਿੰਦਾ ਪੰਜਾਬ ਹੋਇਆ ।

ਮੁਸ਼ਕਿਲ ਨਹੀਂ ਸੀ ਤੇਰੀ, ਦਹਿਲੀਜ਼ ਤੀਕ ਜਾਣਾ
ਅਫਸੋਸ ! ਮੇਰੇ ਤੋਂ ਨਾ, ਇਹ ਇੰਤਖਾਬ ਹੋਇਆ।

ਤੇਰੇ ਗੁਨਾਹ ਵੀ ਸਾਰੇ, ਕੀਤੇ ਮੈਂ ਨਾਮ ਅਪਣੇ
ਤੈਨੂੰ ਸਜਾ ਨਾ ਦਿੱਤੀ, ਏਹੋ ਸਵਾਬ ਹੋਇਆ।

ਜਦ ਵੀ ਸਵਾਲ ਕੀਤਾ, ਹੈ ਜ਼ਿੰਦਗੀ ਨੇ ਮੈਨੂੰ
ਇਕ ਚੁੱਪ ਹੀ ਸੁਮੈਰਾ, ਮੇਰਾ ਜਵਾਬ ਹੋਇਆ !

ਚੁਪ ਚੁਪੀਤਾ ਦੁੱਖ ਜਰਦਾ ਜਾ ਰਿਹਾ ਹੈ

ਚੁਪ ਚੁਪੀਤਾ ਦੁੱਖ ਜਰਦਾ ਜਾ ਰਿਹਾ ਹੈ ।
ਰੋਜ਼ ਤਿਲ ਤਿਲ ਰੁੱਖ ਮਰਦਾ ਜਾ ਰਿਹਾ ਹੈ ।

ਹੰਝੂੰਆਂ ਦੇ ਬੀਜ ਕੇਰੇ ਬਿਰਖ ਹਰ ਪਲ
ਕੁੱਖ ਧਰਤੀ ਦੀ ਇਹ ਭਰਦਾ ਜਾ ਰਿਹਾ ਹੈ।

ਥੱਕਿਆ ਭਾਵੇਂ ਮੁਸਾਫਿਰ ਆਪ ਹੈ ਪਰ
ਦੂਜਿਆਂ ਦੇ ਦਰਦ ਹਰਦਾ ਜਾ ਰਿਹਾ ਹੈ।

ਛੁਹ ਲਵੇਗਾ ਤਾਰਿਆਂ ਨੂੰ ਵੀ ਕਿਸੇ ਦਿਨ
ਚੰਨ 'ਤੇ ਉਹ ਪੈਰ ਧਰਦਾ ਜਾ ਰਿਹਾ ਹੈ।

ਲਾਲਸਾ ਵਿਚ ਜਕੜਿਆ ਹੈ ਹਰ ਬਸ਼ਰ ਹੀ
ਆਤਮਾ ਵਿਚ ਭੁੱਖ ਭਰਦਾ ਜਾ ਰਿਹਾ ਹੈ।

ਚੁੱਪ ਚੁਪੀਤੀ ਰੋਜ਼ ਮੇਰੇ ਕੋਲ ਆਵੇ ਜ਼ਿੰਦਗੀ

ਚੁੱਪ ਚੁਪੀਤੀ ਰੋਜ਼ ਮੇਰੇ ਕੋਲ ਆਵੇ ਜ਼ਿੰਦਗੀ ।
ਸਿਸਕੀਆਂ ਦੇ ਨਾਲ ਕੋਈ ਬਾਤ ਪਾਵੇ ਜ਼ਿੰਦਗੀ ।

ਕੋਲ ਇਸ ਦੇ ਜਦ ਕਦੇ ਮੈਂ ਹੰਝੂੰਆਂ ਦੀ ਗੱਲ ਕਰਾਂ
ਮੁਸਕਰਾ ਕੇ ਝਰਨਿਆਂ ਦੇ ਗੀਤ ਗਾਵੇ ਜ਼ਿੰਦਗੀ ।

ਦਿਲ ਦੀਆਂ ਤਾਰਾਂ ਨੂੰ ਠੰਡੀ ਪੌਣ ਬਣ ਕੇ ਛੇੜਦੀ
ਜਿਉਂ ਕਿਸੇ ਮਹਿਬੂਬ ਦਾ ਪੱਤਰ ਲਿਆਵੇ ਜ਼ਿੰਦਗੀ ।

ਗੁਜ਼ਰਦੀ ਅਕਸਰ ਹਨੇਰੇ ਰਸਤਿਆਂ 'ਚੋਂ ਰੋਜ਼ ਹੀ
ਤਾਰਿਆਂ ਦੇ ਵਾਂਗ ਫਿਰ ਵੀ ਝਿਲਮਿਲਾਵੇ ਜ਼ਿੰਦਗੀ।

ਮਹਿਲ ਖ਼ਾਬਾਂ ਦੇ ਸੁਮੈਰਾ ਢਾਹ ਲਏ ਨੇ ਆਪ ਹੀ
ਹੋਰ ਮੇਰੇ ਤੋਂ ਭਲਾ ਦੱਸੋ ਕੀ ਚਾਹਵੇ ਜ਼ਿੰਦਗੀ ।

ਜ਼ਹਿਰ 'ਚੋਂ ਅਮ੍ਰਿਤ ਜੇ ਪੁਣ ਲੈਂਦੇ ਹਜ਼ੂਰ

ਜ਼ਹਿਰ 'ਚੋਂ ਅਮ੍ਰਿਤ ਜੇ ਪੁਣ ਲੈਂਦੇ ਹਜ਼ੂਰ !
ਲਾਜ਼ਮੀ ਹੈ, ਪਿਆਰ ਚੁਣ ਲੈਂਦੇ ਹਜ਼ੂਰ !

ਸਮਝਿਆ ਹੁੰਦਾ ਜੇ ਉਲਫ਼ਤ ਦਾ ਮਿਜ਼ਾਜ
ਨਾਂ ਮੇਰਾ ਸਾਹਾਂ 'ਤੇ ਖੁਣ ਲੈਂਦੇ ਹਜ਼ੂਰ !

ਜੋ ਚਿਰਾਂ ਤੋਂ ਹੈ ਖੜਾ ਇੱਕੋ ਜਗਾਹ
ਵੇਦਨਾ ਉਸ ਦੀ ਵੀ ਸੁਣ ਲੈਂਦੇ ਹਜ਼ੂਰ !

ਲੈ ਕੇ ਸੱਧਰਾਂ ਰੇਸ਼ਮੀ ਰਿਸ਼ਮਾ ਦੇ ਸੰਗ
ਰਾਂਗਲੇ ਜਿਹੇ ਖ਼ਾਬ ਬੁਣ ਲੈਂਦੇ ਹਜ਼ੂਰ !

ਸੌਂਪ ਦਿੱਤਾ ਸੀ ਅਸਾਂ ਸਾਰਾ ਅਕਾਸ਼
ਤਾਰਿਆਂ ਚੋਂ ਚੰਨ ਚੁਣ ਲੈਂਦੇ ਹਜ਼ੂਰ !

ਜਦ ਵੀ ਉਹ ਮੁਸਕਾਇਆ ਹੋਣੈਂ

ਜਦ ਵੀ ਉਹ ਮੁਸਕਾਇਆ ਹੋਣੈਂ ।
ਕਿੰਨਾ ਦਰਦ ਹੰਢਾਇਆ ਹੋਣੈਂ ।

ਹੋਂਠੀਂ ਉਸ ਦੇ ਚੀਸ ਜਿਹੀ ਏ
ਮਹਿਰਮ ਚੇਤੇ ਆਇਆ ਹੋਣੈਂ ।

ਚਿਹਰੇ ਦੀ ਰੌਣਕ ਦੱਸਦੀ ਹੈ
ਖ਼ਾਬਾਂ ਨੇ ਭਰਮਾਇਆ ਹੋਣੈਂ।

ਉਹ ਕੀ ਜਾਣੇਂ ਮੈਂ ਉਸਦੇ ਬਿਨ
ਕਿੱਦਾਂ ਵਕਤ ਬਿਤਾਇਆ ਹੋਣੈਂ ।

ਪੌਣ ਕਿਸੇ ਲਈ ਕਦ ਰੁਕਦੀ ਏ
ਦਿਲ ਨੂੰ ਉਸ ਸਮਝਾਇਆ ਹੋਣੈਂ।

ਉਹ ਦੀ ਇੱਕ ਝਲਕ ਦੀ ਖਾਤਿਰ
ਆਪਣਾ ਆਪ ਗਵਾਇਆ ਹੋਣੈਂ ।

ਛਣਕ ਰਹੀ ਪੈਰਾਂ ਦੀ ਝਾਂਜਰ
ਘਰ ਪਰਦੇਸੀ ਆਇਆ ਹੋਣੈਂ ।

ਯਾਦਾਂ ਨੇ ਉਸਨੂੰ ਵੀ ਸਿਮਰਤ
ਸਾਰੀ ਰਾਤ ਰੁਵਾਇਆ ਹੋਣੈਂ ।

ਜਿਹਨਾਂ ਦਾ ਧਨ ਸੀ ਕਾਲਾ, ਰੰਗਦਾਰ ਹੋ ਗਿਆ ਹੈ

ਜਿਹਨਾਂ ਦਾ ਧਨ ਸੀ ਕਾਲਾ, ਰੰਗਦਾਰ ਹੋ ਗਿਆ ਹੈ ।
ਸਾਡਾ ਸਫੈਦ ਪੈਸਾ ਬੇਕਾਰ ਹੋ ਗਿਆ ਹੈ ।

ਕੈਸਾ ਤੂਫਾਨ ਆਇਆ ਉਜੜੇ ਨੇ ਆਸ਼ਿਆਨੇ
ਗ਼ਮਗੀਨ ਪੰਛੀਆਂ ਦਾ ਸੰਸਾਰ ਹੋ ਗਿਆ ਹੈ ।

ਨੈਣਾਂ 'ਚ ਤਾਂ ਸਮੁੰਦਰ ਚਿਹਰੇ 'ਤੇ ਮੁਸਕਣੀ ਏ
ਕਿੰਨਾ ਅਜੀਬ ਸਾਡਾ ਕਿਰਦਾਰ ਹੋ ਗਿਆ ਹੈ ।

ਅਜਕੱਲ ਉਹ ਹੋ ਗਿਆ ਹੈ ਸਾਡੀ ਸਮਝ ਤੋਂ ਬਾਹਰ
ਮੌਸਮ ਦੇ ਵਾਂਗ ਹੁਣ ਤਾਂ ਦਿਲਦਾਰ ਹੋ ਗਿਆ ਹੈ ।

ਉਹਦੇ 'ਤੇ ਕਰ ਸਕਾਂਗੇ ਵਿਸ਼ਵਾਸ ਕੀ ਸੁਮੈਰਾ
ਲਗਦਾ ਹੈ ਹੁਣ ਤਾਂ ਉਹ ਵੀ ' ਸਰਕਾਰ' ਹੋ ਗਿਆ ਹੈ ।

ਜਿਵੇਂ ਪਾਣੀ 'ਚ ਘੁਲਦੇ ਜਾ ਰਹੇ ਨੇ

ਜਿਵੇਂ ਪਾਣੀ 'ਚ ਘੁਲਦੇ ਜਾ ਰਹੇ ਨੇ ।
ਤੇਰੇ ਸਭ ਨਕਸ਼ ਭੁਲਦੇ ਜਾ ਰਹੇ ਨੇ ।

ਅਚਾਨਕ ਮਿਟ ਗਿਆ ਹੈ ਨਾਮ ਤੇਰਾ
ਹਰਫ਼ ਰੇਤਾ 'ਚ ਰੁਲਦੇ ਜਾ ਰਹੇ ਨੇ।

ਨਵਾਂ ਇਕ ਰੂਪ ਉਸ ਦਾ ਸਾਹਮਣੇ ਹੈ
ਕਿ ਸਾਰੇ ਭੇਦ ਖੁਲਦੇ ਜਾ ਰਹੇ ਨੇ।

ਬਦਲ ਚੁੱਕਾ ਹੈ ਆ ਕੇ ਸ਼ੋਖ ਮੌਸਮ
ਕਿ ਹੁਣ ਝੱਖੜ ਹੀ ਝੁਲਦੇ ਜਾ ਰਹੇ ਨੇ।

ਨਹੀ ਹੀਰੇ ਦੀ ਜੌਹਰੀ ਪਰਖ ਕਰਦੇ
ਜੋ ਭਾਅ ਮਿੱਟੀ ਦੇ ਤੁਲਦੇ ਜਾ ਰਹੇ ਨੇ ।

ਜ਼ਿੰਦਗੀ ਦੇ ਨਕਸ਼ ਸਾਰੇ ਹੂਬਹੂ ਤੇਰੇ ਜਿਹੇ

ਜ਼ਿੰਦਗੀ ਦੇ ਨਕਸ਼ ਸਾਰੇ ਹੂਬਹੂ ਤੇਰੇ ਜਿਹੇ ।
ਅੰਬਰੀਂ ਚਮਕਣ ਸਿਤਾਰੇ ਹੂਬਹੂ ਤੇਰੇ ਜਿਹੇ ।

ਮੋਤੀਆਂ ਦੀ ਚੋਗ ਚੁਗਦੇ ਦਿਸ ਰਹੇ ਨੇ ਦੂਰ ਤੋਂ
ਹੰਸ ਸਰਵਰ ਦੇ ਕਿਨਾਰੇ ਹੂਬਹੂ ਤੇਰੇ ਜਿਹੇ ।

ਮੇਘਲੇ ਨੇ ਸਿਰਜ ਦਿੱਤੀ ਸੱਤਰੰਗੀ ਪੀਂਘ ਅਹੁ
ਦੇਖ ਰੰਗਾਂ ਦੇ ਨਜ਼ਾਰੇ ਹੂਬਹੂ ਤੇਰੇ ਜਿਹੇ ।

ਰੱਖ ਢਾਕਾਂ 'ਤੇ ਘੜੇ ਜੋ ਗਾਉਂਦੀਆਂ ਨੇ ਗੋਰੀਆਂ
ਗੀਤ ਨੇ ਫੁੱਲਾਂ ਦੇ ਬਾਰੇ ਹੂਬਹੂ ਤੇਰੇ ਜਿਹੇ ।

ਮਨ 'ਚ ਮੇਰੇ ਪੈਲ ਪਾਉਂਦੇ ਸੁਪਨਿਆਂ ਦੇ ਮੋਰ ਜੋ
ਤੇਰੀਆਂ ਯਾਦਾਂ ਚਿਤਾਰੇ ਹੂਬਹੂ ਤੇਰੇ ਜਿਹੇ ।

ਛੇੜਿਆ ਸੰਗੀਤ ਰੂਹ ਨੇ ਵਜ ਰਿਹਾ ਹੈ ਜਲ- ਤਰੰਗ
ਸੁਰ ਸਰੰਗੀ ਇੱਕਤਾਰੇ ਹੂਬਹੂ ਤੇਰੇ ਜਿਹੇ ।

ਟਿਮਟਿਮਾਉਂਦੇ ਰਾਤ ਭਰ ਜੁਗਨੂੰ ਜਿਵੇਂ ਆ ਝੀਲ 'ਤੇ
ਲਗ ਰਹੇ ਮੇਲੇ- ਉਜਾਰੇ ਹੂਬਹੂ ਤੇਰੇ ਜਿਹੇ ।

ਉਸ ਬਨੇਰੇ ਬਣ ਕਤਾਰਾਂ ਬਲ ਰਹੇ ਨੇ ਦੀਵੜੇ
ਇਹ ਉਡੀਕਾਂ ਵਿਚ ਪਿਆਰੇ ਹੂਬਹੂ ਤੇਰੇ ਜਿਹੇ ।

ਦੂਰ ਕਿਧਰੋਂ ਆ ਰਹੇ ਚਰਖੇ ਦੀ ਮਿੱਠੀ ਘੂਕ ਬਣ
ਲੋਰੀਆਂ ਵਰਗੇ ਹੁਲਾਰੇ ਹੂਬਹੂ ਤੇਰੇ ਜਿਹੇ ।

ਠੰਡੀਆਂ ਛਾਵਾਂ ਅਤੇ ਸੀਤਲ ਦੁਆਵਾਂ ਵਾਗਰਾਂ
ਰੁੱਖ ਲਹਿਰਾਂ ਦੇ ਦੁਆਰੇ ਹੂਬਹੂ ਤੇਰੇ ਜਿਹੇ ।

ਜੇ ਇਸ਼ਕ ਦੀ ਤੌਹੀਨ ਹੈ

ਜੇ ਇਸ਼ਕ ਦੀ ਤੌਹੀਨ ਹੈ ।
ਤਾਂ ਮਾਮਲਾ ਸੰਗੀਨ ਹੈ ।

ਨੈਣਾਂ 'ਚੋਂ ਮੋਤੀ ਕਿਰ ਰਹੇ
ਮੌਸਮ ਬੜਾ ਗ਼ਮਗੀਨ ਹੈ ।

ਗ਼ਮ ਦੀ ਸ਼ਨਾਖਤ ਹੋ ਗਈ
ਦਰਦਾਂ ਤੋਂ ਹੁਣ ਤਸਕੀਨ ਹੈ ।

ਸ਼ਿੱਦਤ ਦੀ ਕੇਹੀ ਇੰਤਹਾ
ਬਿਰਹਾ 'ਚ ਉਹ ਲਿਵਲੀਨ ਹੈ।

ਪਰਜਾ ਅਧੂਰੀ ਗਿਆਨ ਬਿਨ
ਰਾਜਾ ਬੜਾ ਮਸਕੀਨ ਹੈ ।

ਚਿਹਰੇ ਨੇ ਰਹਿੰਦੇ ਬਦਲਦੇ
ਹਰ ਦਿਲ ਭਰੋਸੇਹੀਨ ਹੈ ।

ਨਾਗਾਂ ਦੇ ਡੱਸੇ ਬੋਲ ਨੇ
ਤੇ ਬੇਸੁਰੀ ਜਿਹੀ ਬੀਨ ਹੈ ।

ਜੋ ਹੋਈਆਂ ਗਲਤੀਆਂ ਬਖਸ਼ੀਂ ਤੇ ਭੁੱਲਾਂ ਮਾਫ ਕਰ ਛੱਡੀਂ

ਜੋ ਹੋਈਆਂ ਗਲਤੀਆਂ ਬਖਸ਼ੀਂ ਤੇ ਭੁੱਲਾਂ ਮਾਫ ਕਰ ਛੱਡੀਂ ।
ਮੇਰਾ ਕਾਤਿਲ ਵੀ ਮੁਨਸਫ਼ ਵੀ, ਤੂੰ ਖ਼ੁਦ ਇਨਸਾਫ ਕਰ ਛੱਡੀਂ ।

ਤੂੰ ਦੇਖੀਂ ਭੁੱਲ ਨਾ ਜਾਵੀਂ ਕਦੇ ਰੂਹਾਂ ਦਾ ਇਹ ਰਿਸ਼ਤਾ
ਤਨਾਂ ਦੇ ਸੰਸਿਆਂ ਨੂੰ ਤੂੰ ਮਨਾਂ 'ਚੋਂ ਸਾਫ ਕਰ ਛੱਡੀਂ ।

ਮੈਂ ਆਵਾਂਗੀ ਤੇਰੇ ਦਰ 'ਤੇ ਕਰਾਂਗੀ ਨਿਉਂ ਕੇ ਸਜ਼ਦਾ ਵੀ
ਤੂੰ ਖ਼ਾਬਾਂ ਦੇ ਘਰੌਂਦੇ ਨੂੰ ਜਰਾ ਕੋਹ-ਕਾਫ਼ ਕਰ ਛੱਡੀਂ।

ਇਹ ਦਰਦਾਂ ਨਾਲ ਉਸਰੇ ਪਰਬਤਾਂ ਨੇ ਪਿਘਲ ਜਾਣਾ ਹੈ
ਗ਼ਮਾਂ ਦੇ ਪਾਣੀਆਂ ਨੂੰ ਹੁਣ ਉਡਾ ਕੇ ਭਾਫ ਕਰ ਛੱਡੀਂ ।

ਘਟਾਵਾਂ ਕਾਲੀਆਂ ਨੂੰ ਸੋਨ ਕਿਰਨਾਂ ਦੀ ਕਿਨਾਰੀ ਲਾ
ਤੇ ਮੇਰੀ ਓੜਨੀ ਨੂੰ ਸੋਚ ਦੀ ਸੰਜਾਫ ਕਰ ਛੱਡੀਂ ।

ਜੋ ਕਬੂਲੀ ਤੂੰ ਨਹੀ ਮੇਰੀ ਦੁਆ

ਜੋ ਕਬੂਲੀ ਤੂੰ ਨਹੀ ਮੇਰੀ ਦੁਆ ।
ਹੇ ਖੁਦਾ ਖ਼ਬਰੇ ਹੈ ਤੇਰੀ ਕੀ ਰਜ਼ਾ ।

ਸੁਪਨਿਆਂ ਵਿੱਚ ਵੀ ਨਹੀ ਜੋ ਚਿਤਵਿਆ,
ਉਸ ਗੁਨਾਹ ਦੀ ਮਿਲ ਰਹੀ ਮੈਨੂੰ ਸਜ਼ਾ।

ਬੇਵਫਾਈ ਦਾ ਮਿਲੇ ਇਲਜਾਮ ਜਦ,
ਨਾਲ ਮਿਲ ਜਾਏ ਉਦੋਂ ਮੈਨੂੰ ਕਜ਼ਾ ।

ਨਾਮ ਤੇਰੇ ਹੋ ਸਕੇ ਜੇ ਜ਼ਿੰਦਗੀ,
ਫੇਰ ਇਸ ਨੂੰ ਜੀਣ ਦਾ ਆਏ ਮਜ਼ਾ।

ਖੋਹ ਲਈ ਮੁਸਕਾਨ ਮੇਰੀ ਵਕਤ ਨੇ
ਜਦ ਕਦੇ ਮੁਸਕਾਉਣ ਦੀ ਕੀਤੀ ਖ਼ਤਾ।

ਦੂਰ ਜਾਣਾ ਫੇਰ ਮੁੜਨਾ ਅਹੁਲ਼ ਕੇ,
ਯਾਦ ਆਉਂਦੀ ਹੈ ਤੇਰੀ ਮੋਹਕ ਅਦਾ।

ਜੋ ਕੀਤੇ ਕੌਲ ਸਨ ਉਸ ਨੇ, ਉਨਾਂ ਤੋਂ ਫਿਰ ਗਿਆ ਆਪੇ

ਜੋ ਕੀਤੇ ਕੌਲ ਸਨ ਉਸ ਨੇ, ਉਨਾਂ ਤੋਂ ਫਿਰ ਗਿਆ ਆਪੇ।
ਤੇ ਬੁਣ ਕੇ ਜਾਲ ਭਰਮਾਂ ਦਾ, ਉਹਦੇ ਵਿਚ ਘਿਰ ਗਿਆ ਆਪੇ ।

ਉਹ ਉੱਚਾ ਹੋਣ ਦੀ ਖਾਤਿਰ, ਹੀ ਨੀਵੇਂ ਕਰਮ ਕਰਦਾ ਸੀ
ਨਜ਼ਰ ਅਪਣੀ ਦੇ ਵਿੱਚੋਂ ਹੀ, ਉਹ ਆਖਰ ਗਿਰ ਗਿਆ ਆਪੇ।

ਜੋ ਆਪਣੇ ਆਪ ਨੂੰ, ਪਰਬਤ ਤੋਂ ਵੀ ਮਜ਼ਬੂਤ ਗਿਣਦਾ ਸੀ
ਜ਼ਰਾ ਜਿਹੀ ਠੇਸ ਲੱਗੀ, ਰੇਤ ਵਾਂਗਰ ਕਿਰ ਗਿਆ ਆਪੇ।

ਮੈਂ ਹੱਥੀਂ ਛਾਂ ਕਰਾਂਗਾ, ਆਖਦਾ ਜਿਹੜਾ ਰਿਹਾ, ਖ਼ੁਦ ਹੀ
ਅਸਾਡਾ ਆਪਣੇ ਹੱਥੀਂ, ਕਟਾ ਕੇ ਸਿਰ ਗਿਆ ਆਪੇ।

ਉਹ ਕਹਿੰਦਾ ਸੀ ਕਿ ਪਰਖੇ ਨੂੰ, ਸੁਮੈਰਾ ਪਰਖ ਨਾ ਏਦਾਂ
ਤੇ ਅਪਣੀ ਵਾਰ, ਦੁਸ਼ਮਣ ਨੂੰ ਵੀ ਪਰਖਣ ਫਿਰ ਗਿਆ ਆਪੇ।

ਜੋ ਤੁਰਦੇ ਨੇ ਸਾਗਰ ਕਿਨਾਰੇ ਕਿਨਾਰੇ

ਜੋ ਤੁਰਦੇ ਨੇ ਸਾਗਰ ਕਿਨਾਰੇ ਕਿਨਾਰੇ ।
ਉਹ ਲਭਦੇ ਨੇ ਕਿਸਮਤ ਦੇ ਡੁੱਬੇ ਸਿਤਾਰੇ ।

ਖਿਆਲਾਂ 'ਚ ਭਾਵੇਂ ਉਹਨਾਂ ਦੇ ਨੇ ਮੋਤੀ
ਕਿਵੇਂ ਲਾਉਣ ਚੁੱਭੀ ਉਹ ਸੋਚਣ ਵਿਚਾਰੇ।

ਜਿਹੜੇ ਲੋਕ ਅਪਣੇ ਮਨੋਂ ਹਾਰ ਜਾਂਦੇ
ਉਹ ਅਜ ਵੀ ਨੇ ਹਾਰੇ ਤੇ ਭਲਕੇ ਵੀ ਹਾਰੇ ।

ਉਡੀਕੇ ਉਹਨਾਂ ਨੂੰ ਹੀ ਮੰਜਿਲ ਉਚੇਚੀ
ਜਿਨਾਂ ਦੇ ਨੇ ਪੈਂਡੇ ਹੀ ਬਿਖੜੇ ਤੇ ਭਾਰੇ ।

ਲਿਤਾੜੇ ਗਏ ਨੇ ਜੋ ਪੈਰਾਂ ਦੇ ਹੇਠਾਂ
ਕਦੇ ਤਾਂ ਬਣਨਗੇ ਉਹ ਅੰਬਰ ਦੇ ਤਾਰੇ ।

ਜਗਾਂਉਂਦੇ ਨੇ ਦੀਵੇ ਹਨੇਰੇ ਦਿਲਾਂ ਵਿਚ
ਖੁਸ਼ੀਆਂ ਦਾ ਪਰਚਮ ਉਹਨਾਂ ਨੂੰ ਪੁਕਾਰੇ।

ਜੋ ਰੀਝਾਂ ਨਾਲ ਸਿਰਜੀ ਸੀ ਉਹੀ ਬਸਤੀ ਜਲਾ ਦਿੱਤੀ

ਜੋ ਰੀਝਾਂ ਨਾਲ ਸਿਰਜੀ ਸੀ ਉਹੀ ਬਸਤੀ ਜਲਾ ਦਿੱਤੀ।
ਕਿਸੇ ਨੇ ਹਸਦਿਆਂ ਹੋਇਆਂ ਮੇਰੀ ਹਸਤੀ ਮਿਟਾ ਦਿੱਤੀ।

ਵਫਾ ਦੀ ਕਦਰ ਨਾ ਪਾਈ ਸੀ ਉਸ ਬਈਮਾਨ ਮਹਿਰਮ ਨੇ,
ਮੇਰੇ ਈਮਾਨ ਦੀ ਕੀਮਤ ਬੜੀ ਸਸਤੀ ਲਗਾ ਦਿੱਤੀ।

ਅਸਾਂ ਤਾਮੀਰ ਕੀਤੀ ਸੀ ਮੁਹੱਬਤ ਸੁਪਨਿਆਂ ਅੰਦਰ,
ਉਨ੍ਹੇ ਹਾਲਤ ਮੁਹੱਬਤ ਦੀ ਕਿਵੇਂ ਪਸਤੀ ਬਣਾ ਦਿੱਤੀ ।

ਦਿਨੋ ਦਿਨ ਫਿਕਰ ਵਧਦੇ ਜਾ ਰਹੇ ਨੇ ਜਿੰਦਗੀ ਵਿਚ ਹੁਣ
ਕਿ ਖੁਦ ਹੀ ਜ਼ਿੰਦਗੀ ਨੇ ਜਿਉਣ ਦੀ ਮਸਤੀ ਭੁਲਾ ਦਿੱਤੀ ।

ਅਸੀਂ ਜਦ ਮੌਤ ਵਰਗੇ ਜੀਣ ਤੋਂ ਸੀ ਹੋ ਗਏ ਮੁਨਕਰ
ਤਾਂ ਉਸ ਨੇ ਜਹਿਰ ਜੀਵਨ ਦੀ ਜ਼ਬਰਦਸਤੀ ਪਿਲਾ ਦਿੱਤੀ।

ਟੁੱਟ ਕੇ ਸੁਪਨੇ ਜੋ ਤਾਰੇ ਬਣ ਗਏ ਨੇ

ਟੁੱਟ ਕੇ ਸੁਪਨੇ ਜੋ ਤਾਰੇ ਬਣ ਗਏ ਨੇ ।
ਕਹਿਕਸ਼ਾਂ ਦੇ ਉਹ ਨਜ਼ਾਰੇ ਬਣ ਗਏ ਨੇ ।

ਝੀਲ ਅੰਦਰ ਡੁੱਬਿਆ ਸੂਰਜ ਦਾ ਸਾਇਆ
ਕਈ ਫ਼ਸਾਨੇ ਓਸ ਬਾਰੇ ਬਣ ਗਏ ਨੇ ।

ਮੈਂ ਤਾਂ ਬਾਲ਼ੇ ਸੀ ਮੁਹੱਬਤ ਦੇ ਹੀ ਦੀਵੇ
ਕਿਸ ਹਵਾ ਦਿੱਤੀ ਸ਼ਰਾਰੇ ਬਣ ਗਏ ਨੇ ?

ਅਰਥ ਬਦਲੇ ਨੇ ਦੁਆਵਾਂ ਦੇ ਕਿਵੇਂ ਹੁਣ
ਬਦ ਦੁਆ ਵਰਗੇ ਪਸਾਰੇ ਬਣ ਗਏ ਨੇ ।

ਯਾ ਖੁਦਾ ! ਕਿਸ ਦੇ ਰਲੇ ਨੇ ਅੱਥਰੂ ਇਹ
ਮਿੱਠੜੇ ਚਸ਼ਮੇ ਵੀ ਖ਼ਾਰੇ ਬਣ ਗਏ ਨੇ ।

ਅਣ ਪੜ੍ਹੇ ਪੰਨੇ ਕਿਸੇ ਇਤਹਾਸ ਵਿੱਚੋਂ
ਜਦ ਪੜ੍ਹੇ ਚਾਨਣ ਮੁਨਾਰੇ ਬਣ ਗਏ ਨੇ।

ਆ ਗਿਆ ਹੈ ਕਿਉਂ ਸੁਮੈਰਾ ਜ਼ਲਜ਼ਲਾ ਇਹ
ਦੇਖਦੇ ਹੀ ਮਹਿਲ ਢਾਰੇ ਬਣ ਗਏ ਨੇ ।

ਤਾਰਿਆਂ ਤੋਂ ਗੱਲ ਚੱਲੀ ਰਾਤ ਦੀ

ਤਾਰਿਆਂ ਤੋਂ ਗੱਲ ਚੱਲੀ ਰਾਤ ਦੀ ।
ਰਿਮਝਿਮੀ ਮੌਸਮ ਅਤੇ ਬਰਸਾਤ ਦੀ ।

ਦੀਪ ਇਹ ਸੂਰਜ ਦੇ ਸਾਹਵੇਂ ਬਾਲ ਕੇ
ਨਾ ਕਰੋ ਹੇਠੀ ਤੁਸੀਂ ਪਰਭਾਤ ਦੀ ।

ਕਹਿ ਰਹੀ ਹਾਂ ਠਹਿਰ ਵੀ ਜਾਓ ਜਰਾ
ਕਦਰ ਕੁਝ ਪਾਵੋ ਮਿਰੇ ਜਜਬਾਤ ਦੀ ।

ਜਿੰਦਗੀ ਵਿੱਚ ਹੋਰ ਵੀ ਖੇਡਾਂ ਬਹੁਤ
ਖੇਡ ਖੇਡੀ ਪਰ ਤੁਸਾਂ ਸ਼ਹਿ ਮਾਤ ਦੀ ।

ਹਾਰਦੀ ਆਉਂਦੀ ਮੁੱਹਬਤ ਮੁੱਢ ਤੋਂ
ਜਿੱਤ ਹੁੰਦੀ ਹੈ ਸਦਾ ਹਾਲਾਤ ਦੀ ।

ਉਹ ਬਣਾ ਲੈਂਦੇ ਨੇ ਰਾਈ ਦਾ ਪਹਾੜ
ਫਿਰ ਕਥਾ ਬਣਦੀ ਹੈ ਨਿੱਕੀ ਬਾਤ ਦੀ ।

ਤਿਸ਼ਨਗੀ ਹੋਠਾਂ 'ਤੇ ਫਿਰ ਵੀ ਆਸ ਹੈ

ਤਿਸ਼ਨਗੀ ਹੋਠਾਂ 'ਤੇ ਫਿਰ ਵੀ ਆਸ ਹੈ ।
ਮਿਰਗ ਹਾਂ ਮਾਰੂਥਲਾਂ ਵਿਚ ਵਾਸ ਹੈ ।

ਪੈੜ ਤਾਂ ਉਸਦੀ ਚਿਰੋਕੀ ਮਿਟ ਗਈ
ਗੁਜ਼ਰਿਆ ਹੋਣੈਂ ਇਹੋ ਧਰਵਾਸ ਹੈ ।

ਮੋਤੀਏ ਦੇ ਫੁੱਲ ਤਾ ਮੁਰਝਾ ਗਏ
ਪਰ ਹਵਾਵਾਂ ਵਿਚ ਉਹਨਾਂ ਦੀ ਬਾਸ ਹੈ ।

ਹੁਣ ਕਿਤਾਬਾਂ ਵਿਚ ਵਫ਼ਾ ਦਾ ਫਲਸਫਾ
ਹੁਣ ਮੁਹੱਬਤ ਤਾਂ ਕੋਈ ਮਿਥਹਾਸ ਹੈ।

ਜੋ ਪਰਿੰਦੇ ਆ ਰਹੇ ਨੇ ਦੂਰ ਤੋਂ
ਵਤਨ ਵੀ ਉਹਨਾ ਲਈ ਪਰਵਾਸ ਹੈ।

ਤੁਰ ਗਿਆ ਸੀ ਅਲਵਿਦਾ ਜੋ ਆਖ ਕੇ
ਪਰਤ ਆਉਣੈਂ ਉਸ ਮੇਰਾ ਵਿਸ਼ਵਾਸ ਹੈ।

ਤੜਫਦਾ ਹੈ ਜੇ ਸੁਮੈਰਾ ਉਹ ਅਜੇ
ਦਰਦ ਦਾ ਉਸਨੂੰ ਵੀ ਤਾਂ ਅਹਿਸਾਸ ਹੈ ।

ਤੁਸੀਂ ਜੋ ਗ਼ਮ ਛੁਪਾਏ ਨੇ ਉਹ ਸਾਰੇ ਦੇ ਦਿਓ ਸਾਨੂੰ

ਤੁਸੀਂ ਜੋ ਗ਼ਮ ਛੁਪਾਏ ਨੇ ਉਹ ਸਾਰੇ ਦੇ ਦਿਓ ਸਾਨੂੰ ।
ਅਸਾਂ ਉਹ ਕਦ ਵੰਡਾਏ ਨੇ, ਉਹ ਸਾਰੇ ਦੇ ਦਿਓ ਸਾਨੂੰ ।

ਅਸਾਡੀ ਪਾ ਦਿਓ ਝੋਲੀ, ਤੁਸੀਂ ਹੁਣ ਆਪਣੇ ਹੰਝੂ,
ਕਮਲ- ਨੇਣਾਂ ਦੇ ਜਾਏ ਨੇ ਉਹ ਸਾਰੇ ਦੇ ਦਿਓ ਸਾਨੂੰ।

ਇਹਨਾਂ ਦਾ ਭਾਰ ਝੱਲਾਂਗੇ, ਅਸੀਂ ਤਾਂ ਹਸ਼ਰ ਦੇ ਤੀਕਰ,
ਤੁਸਾਂ ਜੋ ਦੁਖ ਉਠਾਏ ਨੇ, ਉਹ ਸਾਰੇ ਦੇ ਦਿਓ ਸਾਨੂੰ।

ਅਸੀਂ ਹੀ ਟੋਲ੍ਹਣੇ ਉੱਤਰ, ਉਨਾਂ ਸਾਰੇ ਸਵਾਲਾਂ ਦੇ,
ਜੋ ਲੋਕੀ ਲੈ ਕੇ ਆਏ ਨੇ ਉਹ ਸਾਰੇ ਦੇ ਦਿਓ ਸਾਨੂੰ।

ਕਿਤੇ ਨਾਸੂਰ ਨਾ ਬਣ ਜਾਣ ਕਿੰਨੇ ਜ਼ਖਮ ਨੇ ਗਹਿਰੇ,
ਤੁਸੀਂ ਦਿਲ ਵਿੱਚ ਦਬਾਏ ਨੇ, ਉਹ ਸਾਰੇ ਦੇ ਦਿਓ ਸਾਨੂੰ ।

ਤੁਫਾਨਾਂ ਨਾਲ ਖਹਿੰਦੇ ਆਲ੍ਹਣੇ ਆਖ਼ਰ ਬਿਖਰ ਚੱਲੇ

ਤੁਫਾਨਾਂ ਨਾਲ ਖਹਿੰਦੇ ਆਲ੍ਹਣੇ ਆਖ਼ਰ ਬਿਖਰ ਚੱਲੇ ।
ਸਜਾ ਰੱਖੇ ਜੁ ਨੈਣੀਂ ਪੰਛੀਆਂ ਨੇ ਖ਼ਾਬ ਮਰ ਚੱਲੇ ।

ਚਿਰਾਗਾਂ ਨੇ ਹਵਾਵਾਂ ਨਾਲ ਆੜੀ ਪਾ ਲਈ ਲਗਦੀ
ਇਸੇ ਕਰਕੇ ਫਿਜ਼ਾ ਚੋਂ ਸਹਿਕਦੇ ਚਾਨਣ ਵੀ ਮਰ ਚੱਲੇ ।

ਜਦੋਂ ਤੋਂ ਸੋਹਣੀਆਂ ਨੇ ਇਸ਼ਕ ਤੋਂ ਮੂੰਹ ਮੋੜਿਆ ਅਪਣਾ
ਝਨਾਂ ਦੇ ਨੀਰ ਹਰਖੇ ਨੇ ਘੜੇ ਕੰਢੇ 'ਤੇ ਖਰ ਚੱਲੇ ।

ਉਹਨਾਂ ਨੇ ਵੀ ਸੁਣੀ ਹੋਣੀ ਅਸਾਡੀ ਮੌਤ ਦੀ ਚਰਚਾ,
ਉਹ ਬਣ ਕੇ ਬੇ-ਖਬਰ ਬੈਠੇ, ਤੇ ਉਠ ਕੇ ਬੇਅਸਰ ਚੱਲੇ ।

ਤੁਹਾਡੇ ਕੋਲ ਸਾਡੇ ਵਾਸਤੇ ਦੋ ਪਲ ਨਹੀਂ ਫੁਰਸਤ
ਅਸੀਂ ਤਾਂ ਜ਼ਿੰਦਗੀ ਸਾਰੀ ਤੁਹਾਡੇ ਨਾਮ ਕਰ ਚੱਲੇ ।

ਤੂੰ ਕਿਧਰੇ ਮੰਨ ਲਈਂ ਨਾ ਹਾਰ, ਕਹਿੰਦਾ ਹੌਸਲਾ ਰੱਖੀਂ

ਤੂੰ ਕਿਧਰੇ ਮੰਨ ਲਈਂ ਨਾ ਹਾਰ, ਕਹਿੰਦਾ ਹੌਸਲਾ ਰੱਖੀਂ ।
ਮੇਰਾ ਕਾਤਿਲ ਬੜਾ ਹੁਸ਼ਿਆਰ, ਕਹਿੰਦਾ ਹੌਸਲਾ ਰੱਖੀਂ ।

ਉਹ ਬੇੜੀ 'ਚੋਂ ਉਤਰ ਕੇ, ਪੱਤਣਾਂ ਤੋਂ ਪਾਰ ਜਾ ਲੱਗਾ
ਵਿਚਾਲੇ ਛੱਡ ਕੇ ਪਤਵਾਰ, ਕਹਿੰਦਾ ਹੌਸਲਾ ਰੱਖੀਂ ।

ਤੂੰ ਮੈਨੂੰ ਝਿਲਮਿਲਾਉਂਦੇ ਪਰਦਿਆਂ ਚੋਂ ਝਾਕਦੀ ਰਹਿਣਾ
ਇਹ ਸ਼ੀਸ਼ੇ ਦੀ ਹੈ ਵਿਚ ਦੀਵਾਰ, ਕਹਿੰਦਾ ਹੌਸਲਾ ਰੱਖੀਂ ।

ਮੈਂ ਯਾਦਾਂ ਤੇਰੀਆਂ ਚੋਂ ਵੀ, ਚਲੇ ਜਾਣਾ ਕਿਸੇ ਪਾਸੇ
ਨਵਾਂ ਹੁਣ ਸਾਥ ਹੈ ਦਰਕਾਰ, ਕਹਿੰਦਾ ਹੌਸਲਾ ਰੱਖੀਂ ।

ਉਹ ਸੁਪਨੇ ਵਿੱਚ ਆ ਕੇ ਲਾ ਗਿਆ, ਇਲਜਾਮ ਸੀ ਭਾਵੇਂ
ਤੇ ਮਿਲਿਆ ਜਦ ਸਰੇ-ਬਾਜ਼ਾਰ, ਕਹਿੰਦਾ ਹੌਸਲਾ ਰੱਖੀਂ ।

ਹਾਂ, ਮੌਸਮ ਪਤਝੜਾਂ ਦਾ ਲੈ ਕੇ ਆਵਾਂਗਾ, ਤੇਰੇ ਦਰ 'ਤੇ
ਨਹੀਂ ਹੁਣ ਮੌਲਣੀ ਗੁਲਜ਼ਾਰ, ਕਹਿੰਦਾ ਹੌਸਲਾ ਰੱਖੀਂ ।

ਕਠਿਨ ਹੋਵੇ ਜੇ ਸਾਹਾਂ ਤੇਰਿਆਂ ਦਾ, ਬਿਨ ਮੇਰੇ ਚਲਣਾ
ਜੇ ਹੋਵੇ ਜਿੰਦਗੀ ਦੁਸ਼ਵਾਰ, ਕਹਿੰਦਾ ਹੌਸਲਾ ਰੱਖੀਂ ।

ਤੇਰੇ ਮੁਖ ਦੇ ਨਜ਼ਾਰੇ ਦੇਖਦੀ ਹਾਂ

ਤੇਰੇ ਮੁਖ ਦੇ ਨਜ਼ਾਰੇ ਦੇਖਦੀ ਹਾਂ ।
ਮੈਂ ਜਦ ਵੀ ਚੰਨ ਤਾਰੇ ਦੇਖਦੀ ਹਾਂ।

ਮੈਂ ਦੇਖਾਂ ਬੰਦ ਬੂਹੇ ਬਾਰੀਆਂ ਸਭ,
ਤੇ ਖੁੱਲੇ ਦਿਲ ਦੁਆਰੇ ਦੇਖਦੀ ਹਾਂ ।

ਉਹਦਾ ਹੌਲੀ ਜਿਹੀ ਆ ਕੇ ਹੱਥ ਫੜਨਾ
ਤੇ ਜੁੜਦੇ ਹੱਥ ਚਾਰੇ ਦੇਖਦੀ ਹਾਂ ।

ਮੇਰਾ ਫਿਰ ਪਿਆਰ ਦੀ ਕੁਈ ਬਾਤ ਪਾਉਣਾ
ਤੇ ਫਿਰ ਉਸ ਦੇ ਹੁੰਗਾਰੇ ਦੇਖਦੀ ਹਾਂ ।

ਉਹ ਦਾ ਬੇਬਸ ਜਿਹਾ ਚਿਹਰਾ ਬਣਾਉਣਾ
ਤੇ ਹੱਸਣਾ ਬੇ ਮੁਹਾਰੇ ਦੇਖਦੀ ਹਾਂ ।

ਮੇਰੀ ਕਿਸਮਤ ਦਾ ਕੇਹਾ ਸੌਰਮੰਡਲ
ਮੈਂ ਟੁੱਟੇ ਸਭ ਸਿਤਾਰੇ ਦੇਖਦੀ ਹਾਂ ।

ਕਦੇ ਚਾਵਾਂ ਦਾ ਇਕ ਦਰਿਆ ਸੀ ਵਹਿੰਦਾ
ਜੋ ਅੱਜ ਬਹਿ ਕੇ ਕਿਨਾਰੇ ਦੇਖਦੀ ਹਾਂ ।

ਤੇਰੇ ਲਈ ਹੀ ਪਰਤਦਾ ਹਾਂ ਇਸ ਮੁਕਾਮ 'ਤੇ

ਤੇਰੇ ਲਈ ਹੀ ਪਰਤਦਾ ਹਾਂ ਇਸ ਮੁਕਾਮ 'ਤੇ ।
ਸੂਰਜ ਨੇ ਕੀਤਾ ਹੈ ਗਿਲਾ ਅੱਜ ਫੇਰ ਸ਼ਾਮ 'ਤੇ ।

ਕਿਉਂ ਰਹਿਮਤੋਂ ਖਾਲੀ ਰਹੇ ਝੋਲੀ ਮਿਰੀ ਖ਼ੁਦਾ !
ਨਜ਼ਰੇ-ਇਨਾਇਤ ਕਰ ਜ਼ਰਾ ਅਪਣੇ ਗ਼ੁਲਾਮ 'ਤੇ ।

ਇਉਂ ਜਾਪਦੈ ਦਸਤਕ ਜਿਹੀ ਦੇਂਦਾ ਹੈ ਹਾਦਸਾ
ਆ ਕੇ ਰਹੇਗਾ ਜ਼ਲਜ਼ਲਾ ਇਸ ਦਿਲ ਨਾਕਾਮ 'ਤੇ ।

ਜਦ ਖੂਨ ਮੇਰੇ ਜਿਗਰ ਦਾ ਲਫਜਾਂ 'ਚ ਢਲ ਗਿਆ
ਤਾਂ ਗਮ ਦਾ ਆਲਮ ਛਾ ਗਿਆ ਸਾਰੇ ਕਲਾਮ 'ਤੇ।

ਕਰਕੇ ਮਿਰਾ ਸੁਪਨਾ ਕਤਲ਼ ਉਹ ਆਪ ਸੌਂ ਗਿਆ
ਸ਼ੰਕਾ ਨਹੀਂ ਕੋਈ ਵੀ ਉਹਦੇ ਇੰਤਜਾਮ 'ਤੇ।

ਦਿਲ ਦੇ ਅੰਦਰ ਰਾਜ਼ ਪਿਆ ਏ

ਦਿਲ ਦੇ ਅੰਦਰ ਰਾਜ਼ ਪਿਆ ਏ ।
ਸਮਿਆਂ 'ਤੇ ਇਤਰਾਜ਼ ਪਿਆ ਏ ।

ਮਨ ਦਾ ਸਾਜ਼ ਹੈ ਚੁੱਪ ਚੁਪੀਤਾ
ਚਿਰ ਤੋਂ ਬੇ ਆਵਾਜ਼ ਪਿਆ ਏ ।

ਯਾਦ ਤਿਰੀ ਦਾ ਸੁੱਚਾ ਮੋਤੀ
ਸੋਚਾਂ ਵਿਚ ਪੁਖਰਾਜ਼ ਪਿਆ ਏ ।

ਚਿਤ ਬੰਬੀਹਾ ਬਿਹਬਲ ਹੋਇਆ
ਮਨ ਡਾਢਾ ਨਾਸਾਜ਼ ਪਿਆ ਏ ।

ਚਾਅ ਦਾ ਪੰਛੀ ਬੇਬਸ ਲਗਦਾ
ਬਿਨ ਲਾਏ ਪਰਵਾਜ਼ ਪਿਆ ਏ।

ਅੱਖਾਂ ਦੇ ਵਿਚ ਸੁਰਮਾ ਬਣ ਕੇ
ਹੰਝੂਆਂ ਦਾ ਹਮਰਾਜ਼ ਪਿਆ ਏ।

ਮੰਜਿਲ ਤੀਕਰ ਕਿੱਦਾਂ ਜਾਵਾਂ
ਹਾਲੇ ਤਾਂ ਆਗਾਜ਼ ਪਿਆ ਏ ।

ਦਿਲਾਂ ਵਿੱਚ ਵੱਸ ਗਏ ਜਿਹੜੇ ਉਹੀ ਦਿਲਦਾਰ ਹੁੰਦੇ ਨੇ

ਦਿਲਾਂ ਵਿੱਚ ਵੱਸ ਗਏ ਜਿਹੜੇ ਉਹੀ ਦਿਲਦਾਰ ਹੁੰਦੇ ਨੇ ।
ਜੋ ਲੁੱਟਣ ਆਪਣੇ ਬਣ ਕੇ ਫਰੇਬੀ ਯਾਰ ਹੁੰਦੇ ਨੇ ।

ਬੜੇ ਮਾਸੂਮ ਦਿਸਦੇ ਨੇ ਬੜੇ ਭੋਲੇ ਜਿਹੇ ਲੱਗਣ
ਦਗਾ ਇਹ ਕਰਨ ਦੇ ਵੇਲੇ ਬੜੇ ਹੁਸ਼ਿਆਰ ਹੁੰਦੇ ਨੇ ।

ਜਿਨਾਂ ਦੀ ਨੀਤ ਖੋਟੀ ਹੈ ਭਰੋਸਾ ਕੀ ਮਲਾਹਾਂ ਦਾ
ਹਮੇਸ਼ਾ ਡੋਬ ਦੇਂਦੇ ਪੂਰ ਪਰ ਖੁਦ ਪਾਰ ਹੁੰਦੇ ਨੇ ।

ਸਦਾ ਹੀ ਬੋਲਦੇ ਮਿੱਠਾ ਨਿਭਾਵਣ ਭੂਮਿਕਾ ਹਰ ਇਕ
ਹਯਾਤੀ ਵਿੱਚ ਡਰਾਮੇਬਾਜ਼ ਕੁਝ ਕਿਰਦਾਰ ਹੁੰਦੇ ਨੇ ।

ਉਹ ਮਰ ਕੇ ਵੀ ਅਮਰ ਹੁੰਦੇ ਡਟਣ ਜੋ ਜੁਲਮ ਦੇ ਅੱਗੇ
ਮਸੀਹੇ ਤਾਂ ਅਜੇਹੇ ਲੋਕ ਹੀ ਹਰ ਵਾਰ ਹੁੰਦੇ ਨੇ ।

ਧਰਤ ਕਦ ਅੰਬਰ ਨੂੰ ਲਾਉਂਦੀ ਹੈ ਗ਼ਲੇ

ਧਰਤ ਕਦ ਅੰਬਰ ਨੂੰ ਲਾਉਂਦੀ ਹੈ ਗਲੇ।
ਮਿਰਗ ਤਿਸ਼ਨਾ ਹੈ ਜੋ ਬ੍ਰਹਿਮੰਡ ਨੂੰ ਛਲੇ ।

ਛੱਡ ਕੇ ਸਾਗਰ 'ਚ ਮਾਜੀ ਤੁਰ ਗਿਆ
ਪਰਖਣੇ ਸਨ ਬੇੜੀਆਂ ਦੇ ਹੌਂਸਲੇ।

ਹੱਥ ਮੇਰੇ ਕੰਬਦੇ ਖ਼ਤ ਪੜ੍ਹਦਿਆਂ
ਤੂੰ ਲਿਖੇ ਅਲਫ਼ਾਜ਼ ਜੀਕਣ ਜ਼ਲਜ਼ਲੇ।

ਸੋਚ ਰਹਿ ਜਾਂਦੀ ਹੈ ਪੈੜਾਂ ਨਾਪਦੀ
ਲੰਘ ਜਾਂਦੇ ਡਾਚੀਆਂ ਦੇ ਕਾਫ਼ਲੇ ।

ਕਰ ਖ਼ਜ਼ਾਵਾਂ ਦੇ ਹਵਾਲ਼ੇ ਬਾਗ ਨੂੰ
ਅਲਵਿਦਾ ਕਹਿ ਗਏ ਨੇ ਮੌਸਮ ਰਾਂਗਲੇ ।

ਨਹੀਂ ਪੜਨੇ ਕਦੇ ਜੇਕਰ, ਮੇਰੇ ਖ਼ਤ ਮੋੜ ਦੇ ਸਾਰੇ

ਨਹੀਂ ਪੜਨੇ ਕਦੇ ਜੇਕਰ, ਮੇਰੇ ਖ਼ਤ ਮੋੜ ਦੇ ਸਾਰੇ ।
ਅਗਰ ਸਾਕਾਰ ਨਹੀਂ ਕਰਨੇ ਤਾਂ ਸੁਪਨੇ ਤੋੜ ਦੇ ਸਾਰੇ ।

ਤਲੀ ਮੇਰੀ ਦੇ ਉੱਤੇ ਕੇਰ ਦੇ ਕੁਝ ਲਰਜ਼ਦੇ ਹੰਝੂ
ਕਿ ਮੇਰੇ ਹਾਸਿਆਂ ਵਿਚ ਆਪਣੇ ਗ਼ਮ ਜੋੜ ਦੇ ਸਾਰੇ।

ਬਣਾ ਮਿੱਟੀ ਦਾ ਬਾਵਾ ਬੋਲਦੀ ਹਾਂ ਬਾਵਰੀ ਹੋ ਕੇ
ਕਿਤੇ ਵਸਲਾਂ ਦੇ ਮੌਸਮ ਵੀ ਤਾਂ ਹਾੜਾ ਮੌੜ ਦੇ ਸਾਰੇ ।

ਕਦੇ ਤੂੰ ਹਿਜ਼ਰ ਦੇ ਦੋ ਬੋਲ ਤਾਂ ਸੁਰਤਾਲ ਵਿਚ ਕਰਕੇ
ਗ਼ਮਾਂ ਵਿਚ ਸਿਸਕਦੇ ਨਗਮੇਂ ਮੇਰੇ 'ਤੇ ਓੜ ਦੇ ਸਾਰੇ ।

ਮੁਸੀਬਤ ਪੈਣ 'ਤੇ ਕੋਈ ਕਿਸੇ ਦੇ ਕੋਲ ਨਹੀਂ ਆਉਂਦਾ
ਇਦ੍ਹੇ ਵਿਚ ਨਾ ਕੋਈ ਸ਼ੰਕਾ ਕਿ ਸਾਥੀ ਲੋੜ ਦੇ ਸਾਰੇ ।

ਕਿਤੇ ਫਿਰ ਤੋਂ ਨਾ ਇਹ ਰਿਸ਼ਤਾ ਸੁਮੈਰਾ ਬੋਝ ਬਣ ਜਾਵੇ
ਇਹਦੇ ਤੋਂ ਮੁਕਤ ਹੋ ਜਾ ਤੂੰ ਇਹ ਬੰਧਨ ਤੋੜ ਦੇ ਸਾਰੇ ।

ਨਾ ਰੁਕਦੀਆਂ ਪਗਡੰਡੀਆਂ

ਨਾ ਰੁਕਦੀਆਂ ਪਗਡੰਡੀਆਂ।
ਨਾ ਮੁਕਦੀਆਂ ਪਗਡੰਡੀਆਂ।

ਹਾੜਾ ਇਹ ਕਿਹੜੇ ਦੇਸ ਜਾ
ਫਿਰ ਢੁਕਦੀਆਂ ਪਗਡੰਡੀਆਂ ।

ਆ ਯੋਧਿਆਂ ਦੇ ਰਾਹ ਵਿਚ
ਇਹ ਝੁਕਦੀਆਂ ਪਗਡੰਡੀਆਂ ।

ਪਤਝੜ ਦੇ ਪੱਤਿਆਂ ਨਾਲ ਖਹਿ
ਉਫ਼ ! ਸੁਕਦੀਆਂ ਪਗਡੰਡੀਆਂ ।

ਰੱਤੀ ਜਿਹੀ ਪੀ ਰੱਤ ਇਹ
ਜਾ ਬੁੱਕਦੀਆਂ ਪਗਡੰਡੀਆਂ ।

ਨਿਛੋਹ ਪਾਣੀ 'ਚ ਲਿਪਟੀ ਆ ਰਹੀ ਨੀਲੀ ਨਦੀ ਕੋਈ

ਨਿਛੋਹ ਪਾਣੀ 'ਚ ਲਿਪਟੀ ਆ ਰਹੀ ਨੀਲੀ ਨਦੀ ਕੋਈ।
ਕਿਸੇ ਸੰਗਮ ਲਈ ਇਤਰਾ ਰਹੀ ਨੀਲੀ ਨਦੀ ਕੋਈ ।

ਕਦੇ ਵੀ ਰੋਕ ਨਾ ਹੋਇਆ ਕਿਸੇ ਤੋਂ ਏਸ ਦਾ ਰਸਤਾ,
ਪਹਾੜਾਂ ਨਾਲ ਵੀ ਟਕਰਾ ਰਹੀ ਨੀਲੀ ਨਦੀ ਕੋਈ।

ਸਵੇਰੇ ਆਣ ਕੇ ਇਹਦੇ 'ਚ ਡੁਬਕੀ ਲਾ ਗਿਆ ਸੂਰਜ,
ਅਜੇ ਤਕ ਸੋਚ ਕੇ ਸ਼ਰਮਾ ਰਹੀ ਨੀਲੀ ਨਦੀ ਕੋਈ ।

ਇਹਦੇ ਸੰਗੀਤ ਨੇ ਕਾਇਨਾਤ ਨੂੰ ਝੂਮਣ ਲਗਾ ਦਿਤਾ,
ਤਰਾਨਾ ਇਸ਼ਕ ਦਾ ਹੈ ਗਾ ਰਹੀ ਨੀਲੀ ਨਦੀ ਕੋਈ ।

ਨਿਰੰਤਰ ਚਾਲ ਹੈ ਇਸ ਦੀ ਰਵਾਨੀ ਹੈ ਤਰੰਗਾਂ ਵਿਚ
ਉਮੰਗਾਂ ਬਣ ਕੇ ਹੈ ਲਹਿਰਾ ਰਹੀ ਨੀਲੀ ਨਦੀ ਕੋਈ ।

ਹੁਣੇ ਕਲ਼ ਕਲ਼ ਕਰੇਂਦੀ, ਵਹਿ ਤੁਰੀ ਸੀ ਝਰਨਿਆਂ ਵਿੱਚੋਂ
ਹੁਣੇ ਉਨਮਾਦ ਬਣ ਕੇ ਛਾ ਰਹੀ ਨੀਲੀ ਨਦੀ ਕੋਈ ।

ਗਤੀ ਦਾ ਨਾਮ ਜੀਵਨ ਹੈ, ਕਿਸੇ ਦਿਨ ਹਮਕ ਜਾਣਾ ਤੂੰ,
ਖੜੇ ਪਾਣੀ ਨੂੰ ਹੈ ਸਮਝਾ ਰਹੀ, ਨੀਲੀ ਨਦੀ ਕੋਈ।

ਨੈਣਾਂ ਦੇ ਸੌਦਿਆਂ ਚੋਂ, ਮਨਫੀ ਅਸੂਲ ਕਰਨਾ

ਨੈਣਾਂ ਦੇ ਸੌਦਿਆਂ ਚੋਂ, ਮਨਫੀ ਅਸੂਲ ਕਰਨਾ ।
ਤੇ ਹਾਸਿਆਂ ਦੇ ਬਦਲੇ ਹੰਝੂ ਵਸੂਲ ਕਰਨਾ।

ਮੈਂ ਸਿਰ ਝੁਕਾ ਲਿਆ ਹੈ, ਤੇਰੇ ਦੁਆਰੇ ਆ ਕੇ
ਓ ਮਿਹਰਬਾਨ ਮੇਰੇ ! ਸਿਜਦਾ ਕੁਬੂਲ ਕਰਨਾ।

ਉਲਫਤ ਜਨੂੰਨ ਬਣ ਕੇ, ਮਾਰੂਥਲਾਂ 'ਚ ਆਵੇ
ਫਿਰ ਕਿਉਂ ਨਸੀਬ ਉੱਤੇ, ਸ਼ਿਕਵਾ ਫ਼ਜ਼ੂਲ ਕਰਨਾ ।

ਉਹ ਜੋ ਰਵਾਉਂਦੀਆਂ ਨੇ, ਹੁਣ ਚੇਤਿਆਂ 'ਚ ਆ ਕੇ
ਉਹਨਾ ਕਹਾਣੀਆਂ ਦਾ, ਚਰਚਾ ਨਾ ਮੂਲ ਕਰਨਾ ।

ਜੋ ਜ਼ਹਿਰ ਜ਼ਿੰਦਗੀ ਦਾ, ਪੀਂਦੇ ਨੇ ਮੁਸਕਰਾ ਕੇ
ਉਹ ਜਾਣਦੇ ਸੁਮੈਰਾ, ਸੂਲ਼ੀ ਨੂੰ ਸੂਲ ਕਰਨਾ ।

ਨੌਮਣੀਆਂ ਦੇ ਜਾਏ ਹਾਂ

ਨੌਮਣੀਆਂ ਦੇ ਜਾਏ ਹਾਂ।
ਹਾਲੇ ਵੀ ਤਿਰਹਾਏ ਹਾਂ।

ਤੇਰੀ ਛੁਹ ਨੂੰ ਤਰਸ ਰਹੇ
ਸਦੀਆਂ ਤੋਂ ਪਥਰਾਏ ਹਾਂ ।

ਮੁਕਤ ਹੋਏ ਨਾਂ ਦਰਦਾਂ ਤੋਂ
ਕਬਰਾਂ ਤਕ ਲੈ ਆਏ ਹਾਂ।

ਜੀਵਨ ਲਭਦੇ ਲਭਦੇ ਹੁਣ
ਥੱਕੇ ਤੇ ਅਲਸਾਏ ਹਾਂ ।

ਤੇਰੀ ਮਹਿਫਲ ਵਿਚ ਸਜਣਾ
ਬਿਨ ਸੱਦੇ ਹੀ ਆਏ ਹਾਂ।

ਪਰਬਤਾਂ ਦੇ ਸਿਖਰ ਤੋਂ ਹੇਠਾਂ ਨੂੰ ਰੁੜਦੇ ਜਾ ਰਹੇ

ਪਰਬਤਾਂ ਦੇ ਸਿਖਰ ਤੋਂ ਹੇਠਾਂ ਨੂੰ ਰੁੜਦੇ ਜਾ ਰਹੇ ।
ਬਰਫ ਦੇ ਤੋਦੇ ਕਿਵੇਂ ਚੁਪ ਚਾਪ ਖੁਰਦੇ ਜਾ ਰਹੇ ।

ਪੱਥਰਾਂ ਤੇ ਉਕਰਿਆ ਸੀ ਆਪਣੇ ਰਿਸ਼ਤੇ ਦਾ ਨਾਂ
ਪਰ ਕੋਈ ਹੁਣ ਕੀ ਕਰੇ, ਪੱਥਰ ਵੀ ਭੁਰਦੇ ਜਾ ਰਹੇ ।

ਹੈ ਨਹੀਂ ਮਹਿਫੂਜ਼ ਨਦੀਆਂ ਦੇ ਕਿਨਾਰੇ ਜ਼ਿੰਦਗੀ
ਦਿਨ ਬਦਿਨ ਉਹ ਰੁੱਖੜੇ ਝੋਰੇ 'ਚ ਝੁਰਦੇ ਜਾ ਰਹੈ।

ਲੁਕ ਨਹੀਂ ਸਕੀਆਂ ਲੁਕੋਇਆਂ ਸੰਦਲੀ ਮਹਿਕਾਂ ਕਦੇ
ਹਾਸਿਆਂ ਦੇ ਨਾਲ ਕਿੰਨੇ ਫਿਕਰ ਜੁੜਦੇ ਜਾ ਰਹੇ ।

ਉਹ ਮੁਸਾਫਿਰ ਪਹੁੰਚ ਹੀ ਜਾਣੇ ਨਿਸ਼ਾਨੇ 'ਤੇ ਕਦੇ
ਕਰ ਇਰਾਦੇ ਮੰਜ਼ਿਲਾਂ ਵਲ ਜੋ ਨੇ ਤੁਰਦੇ ਜਾ ਰਹੇ ।

ਬਦਲੇ ਨੇ ਕਿਸ ਤਰਾਂ ਦੇ ਹਾਲਾਤ ਸਹਿਜੇ ਸਹਿਜੇ

ਬਦਲੇ ਨੇ ਕਿਸ ਤਰਾਂ ਦੇ ਹਾਲਾਤ ਸਹਿਜੇ ਸਹਿਜੇ ।
ਦਿਲ ਵਿਚ ਹੀ ਮਰ ਗਏ ਨੇ ਜਜ਼ਬਾਤ ਸਹਿਜੇ ਸਹਿਜੇ ।

ਤਾਰੇ ਸਮੇਟ ਸਾਰੇ ਜਦ ਰਾਤ ਤੁਰ ਪਈ, ਤਾਂ
ਘੂੰਘਟ ਉਠਾ ਕੇ ਆਈ ਪਰਭਾਤ ਸਹਿਜੇ ਸਹਿਜੇ।

ਛਟ ਗਏ ਗ਼ਮਾਂ ਦੇ ਬੱਦਲ ਨਿੰਬਲ ਅਕਾਸ਼ ਹੋਇਆ
ਨੈਣਾਂ ਦੀ ਥਮ ਗਈ ਹੈ ਬਰਸਾਤ ਸਹਿਜੇ ਸਹਿਜੇ ।

ਹੁਣ ਪਿਆਰ ਵਿਚ ਮਿਲਾਵਟ ਖ਼ੁਦਗਰਜ਼ੀਆਂ ਦੀ ਹੁੰਦੀ
ਵਧਦਾ ਹੀ ਜਾ ਰਿਹਾ ਹੈ ਅਨੁਪਾਤ ਸਹਿਜੇ ਸਹਿਜੇ ।

ਉਲਫ਼ਤ ਬਣਾ ਕੇ ਬਾਜ਼ੀ ਰਾਜੇ ਤੇ ਰਾਣੀਆਂ ਦੀ
ਕਿਉਂ ਦੇ ਗਏ ਅਸਾਨੂੰ ਸ਼ਹਿਮਾਤ ਸਹਿਜੇ ਸਹਿਜੇ ।

ਜਿਹਨਾਂ ਨੂੰ ਪੂਜਿਆ ਸੀ ਸਿਮਰਤ ਖ਼ੁਦਾ ਦੇ ਵਾਗੂੰ
ਦਿਖਲਾ ਗਏ ਉਹ ਅਪਣੀ ਔਕਾਤ ਸਹਿਜੇ ਸਹਿਜੇ ।

ਬੀਤਿਆਂ ਜਿਸ ਨੂੰ ਜ਼ਮਾਨਾ ਹੋ ਗਿਆ

ਬੀਤਿਆਂ ਜਿਸ ਨੂੰ ਜ਼ਮਾਨਾ ਹੋ ਗਿਆ ।
ਫਿਰ ਸ਼ੁਰੂ ਓਹੀ ਫ਼ਸਾਨਾ ਹੋ ਗਿਆ।

ਉਹ ਲਿਆਇਆ ਸੀ ਜੋ ਮੌਸਮ ਰਾਂਗਲੇ
ਉਹ ਗਿਆ ਸਭ ਕੁਝ ਰਵਾਨਾ ਹੋ ਗਿਆ।

ਪਸਰਿਆ ਇਉਂ ਯਾਦ ਤੇਰੀ ਦਾ ਧੂੰਆਂ
ਰੋਣ ਦਾ ਹੁਣ ਤਾਂ ਬਹਾਨਾ ਹੋ ਗਿਆ।

ਬੰਸਰੀ ਦਾ ਮੂਕ ਸੁਰ ਬੇਜਾਨ ਸੀ
ਸਾਹ ਮਿਲੇ ਤੇਰੇ ਤਰਾਨਾ ਹੋ ਗਿਆ ।

ਆ ਗਈ ਜਦ ਰਾਤ ਟੂਣੇਹਾਰਨੀ
ਦਿਨ ਦਾ ਇਹ ਆਲਮ ਬਿਗਾਨਾ ਹੋ ਗਿਆ ।

ਬੁਝਾਏ ਕਿਉਂ ਭਲਾ ਤਾਰੇ, ਖੁਦਾਇਆ ਮੇਰਿਆ ਦੱਸੀਂ

(ਮਾਸੂਮਾਂ ਦੇ ਨਾਂ)

ਬੁਝਾਏ ਕਿਉਂ ਭਲਾ ਤਾਰੇ, ਖੁਦਾਇਆ ਮੇਰਿਆ ਦੱਸੀਂ।
ਗਏ ਮਾਸੂਮ ਕਿਉਂ ਮਾਰੇ, ਖੁਦਾਇਆ ਮੇਰਿਆ ਦੱਸੀਂ।

ਦੁਆ ਕੀ ਮੰਗਣੀ ਤੈਂਥੋਂ, ਤੂੰ ਕਿੱਥੇ ਛੁਪ ਗਿਆ ਮੌਲਾ,
ਇਹ ਪਾਕੇ ਮਾਮਲੇ ਭਾਰੇ, ਖੁਦਾਇਆ ਮੇਰਿਆ ਦੱਸੀਂ।

ਤੂੰ ਕਾਲੇ ਲੇਖ ਲਿਖ ਦਿੱਤੇ ਨੇ ਕਿਉਂ, ਮਾਸੂਮ ਤਲੀਆਂ ਤੇ;
ਲਗਾਕੇ ਉਮਰ ਦੇ ਲਾਰੇ, ਖ਼ੁਦਾਇਆ ਮੇਰਿਆ ਦੱਸੀਂ।

ਇਹ ਕਿਹੜਾ ਮਜ਼ਬ ਕਹਿੰਦਾ ਹੈ ਕਿ ਹੌਲੀ ਖੂਨ ਦੀ ਖੇਡੋ,
ਇਹ ਕਿਹੜਾ ਕਰ ਗਿਆ ਕਾਰੇ, ਖ਼ੁਦਾਇਆ ਮੇਰਿਆ ਦੱਸੀਂ।

ਹਨੇਰੀ ਕੂੜ ਦੀ ਝੁੱਲੀ, ਕਿ ਡੁੱਬਿਆ ਸੱਚ ਦਾ ਸੂਰਜ,
ਇਹ ਸੱਚ ਨੂੰ ਕੌਣ ਲਲਕਾਰੇ, ਖ਼ੁਦਾਇਆ ਮੇਰਿਆ ਦੱਸੀਂ।

ਜਿਨ੍ਹਾਂ ਤੇ ਅਮਨ ਲਿਖਿਆ ਸੀ, ਉਹ ਵਰਕੇ ਖ਼ੂਨ ਵਿਚ ਡੁੱਬੇ,
ਭਲਾ ਇਹ ਸ਼ਬਦ ਕਿਉਂ ਹਾਰੇ, ਖੁਦਾਇਆ ਮੇਰਿਆ ਦੱਸੀਂ।

ਉਹ ਜਿਹੜੇ ਖ਼ੌਫ਼ ਵਿਚ ਪਥਰਾ ਗਏ, ਲੋਕਾਂ ਨੂੰ ਕੀ ਦੱਸੀਏ,
ਖ਼ੁਦਾ ਦੀਆਂ ਰਹਿਮਤਾਂ ਬਾਰੇ, ਖ਼ੁਦਾਇਆ ਮੇਰਿਆ ਦੱਸੀਂ।

ਉਨ੍ਹਾਂ ਨੂੰ ਬਖ਼ਸ਼ਦੇ ਹੁਣ ਤਾਂ, ਉਨ੍ਹਾਂ ਤੇ ਰਹਿਮ ਕਦ ਕਰਨਾ,
ਉਹ ਜਿਹੜੇ ਵਕ਼ਤ ਦੇ ਮਾਰੇ, ਖ਼ੁਦਾਇਆ ਮੇਰਿਆ ਦੱਸੀਂ।

ਕਿਤੇ ਬਸਤੇ ਕਿਤੇ ਕਾਨੀ ਕਿਤੇ ਅਰਮਾਨ ਖਿਲਰੇ ਨੇ
ਕਿਉਂ ਇਹ ਰੁਲ ਗਏ ਸਾਰੇ ਖ਼ੁਦਾਇਆ ਮੇਰਿਆ ਦੱਸੀਂ ।

ਬੁਲਾ ਲੈਂਦੀ ਮੈਂ ਖ਼ੁਦ ਵਾਪਸ ਅਗਰ ਤੂੰ ਰੁਕ ਗਿਆ ਹੁੰਦਾ

ਬੁਲਾ ਲੈਂਦੀ ਮੈਂ ਖ਼ੁਦ ਵਾਪਸ ਅਗਰ ਤੂੰ ਰੁਕ ਗਿਆ ਹੁੰਦਾ।
ਤੇਰੇ ਕਦਮਾਂ 'ਚ ਆ ਜਾਂਦੀ ਜੇ ਥੋੜਾ ਝੁਕ ਗਿਆ ਹੁੰਦਾ।

ਅਗਰ ਤੂੰ ਹਾਦਸੇ ਦੇਂਦਾ ਨਾ ਏਨੇ ਜ਼ਿੰਦਗਾਨੀ ਨੂੰ
ਤਾਂ ਸਾਰਾ ਸਿਲਸਿਲਾ ਹੀ ਸ਼ਾਇਰੀ ਦਾ ਮੁਕ ਗਿਆ ਹੁੰਦਾ ।

ਨਿਸ਼ਾਨਾ ਲਾ ਕੇ ਪੰਛੀ 'ਤੇ ਬੜਾ ਮਾਯੂਸ ਹੋਇਆ ਉਹ
ਮੇਰੇ ਮੌਲ਼ਾ ਨਿਸ਼ਾਨਾ ਓਸ ਦਾ ਹੀ ਉਕ ਗਿਆ ਹੁੰਦਾ ।

ਸਿਤਾਰੇ ਜੇ ਮੇਰੀ ਕਿਸਮਤ ਦੇ ਗਰਦਿਸ਼ ਵਿੱਚ ਨਾ ਹੁੰਦੇ
ਸਮੁੰਦਰ ਆਸ ਦਾ ਵਹਿੰਦਾ ਨਾ ਏਦਾਂ ਸੁੱਕ ਗਿਆ ਹੁੰਦਾ ।

ਤੇਰੀ ਆਮਦ 'ਤੇ ਮਨ ਮੰਦਿਰ ਦੇ ਸਾਰੇ ਦੀਪ ਜਗ ਪੈਂਦੇ
ਸੁਮੈਰਾ 'ਨੇਰ ਤੇਰੀ ਰੋਸ਼ਨੀ ਵਿਚ ਲੁਕ ਗਿਆ ਹੁੰਦਾ ।

ਬੁਤ ਨਹੀਂ ਕੋਈ ਮੈਂ ਇਕ ਅਹਿਸਾਸ ਹਾਂ

ਬੁਤ ਨਹੀਂ ਕੋਈ ਮੈਂ ਇਕ ਅਹਿਸਾਸ ਹਾਂ ।
ਦੂਰ ਹੋ ਕੇ ਵੀ ਤੇਰੇ ਹੀ ਪਾਸ ਹਾਂ ।

ਰੂਹ ਸਦਾ ਮੁਰਦੇ ਦਿਲਾਂ ਵਿਚ ਫੂਕਦੀ
ਜਿੰਦਗੀ ਹਾਂ, ਜ਼ਿੰਦਗੀ ਦੀ ਆਸ ਹਾਂ ।

ਪਰਬਤਾਂ ਤੋਂ ਆ ਰਹੀ ਮੈਂ ਇਕ ਨਦੀ,
ਫੇਰ ਵੀ ਅੰਦਰ ਹੀ ਅੰਦਰ ਪਿਆਸ ਹਾਂ ।

ਰੋਜ਼ ਭੁਲ ਜਾਂਨੈਂ ਤੂੰ ਮੇਰਾ ਨਾਮ ਹੀ
ਆਖਦੈਂ ਤੇਰੇ ਲਈ ਮੈਂ ਖਾਸ ਹਾਂ ।

ਡੋਲਿਆ ਨਾ ਜੋ ਤੂਫਾਨਾਂ ਵਿੱਚ ਕਦੇ,
ਨਾਂ ਵਫਾ ਦਾ ਹਾਂ ਮੈਂ ਇਕ ਵਿਸ਼ਵਾਸ ਹਾਂ।

ਥਲ ਦੇ ਸਫਿਆਂ ਤੇ ਜੋ ਸੱਸੀ ਲਿਖ ਗਈ,
ਮੈਂ ਮੁਹੱਬਤ ਦਾ ਉਹੀ ਇਤਿਹਾਸ ਹਾਂ ।

ਮਹਿਰਮ ਨੂੰ ਮੁਮਤਾਜ਼ ਬਣਾ ਲੈ

ਮਹਿਰਮ ਨੂੰ ਮੁਮਤਾਜ਼ ਬਣਾ ਲੈ ।
ਧੜਕਣ ਦੀ ਆਵਾਜ਼ ਬਣਾ ਲੈ ।

ਤਾਜ ਮਹਿਲ ਦੇ ਵਾਂਗਰ ਕੋਈ
ਸੁਪਨੀਲੇ ਜਿਹੇ ਰਾਜ਼ ਬਣਾ ਲੈ ।

ਮਰਮਰ ਦਾ ਇਕ ਬੁੱਤ ਬਣਾ ਕੇ,
ਉਹ ਰੂਹ ਦਾ ਹਮਰਾਜ਼ ਬਣਾ ਲੈ ।

ਬੋਲਾਂ ਚੋਂ ਸੰਗੀਤ ਝਰੇਗਾ,
ਸਾਹ ਸੁਰ ਕਰਕੇ ਸਾਜ਼ ਬਣਾ ਲੈ ।

ਬੁੱਲ੍ਹਾਂ 'ਤੇ ਮੁਸਕਾਨਾਂ ਥਿਰਕਣ,
ਦਿਲ ਨੂੰ ਦਰਦ ਨਿਵਾਜ਼ ਬਣਾ ਲੈ ।

ਖੁਸ਼ੀਆਂ ਪਾਉਣ ਧਮਾਲਾਂ ਜਿਸ 'ਤੇ,
ਚਿਹਰੇ ਦਾ ਅੰਦਾਜ਼ ਬਣਾ ਲੈ ।

ਸੂਤ ਮੁਹੱਬਤ ਦਾ ਕੱਤ ਕੱਤ ਕੇ,
ਯਾਦਾਂ ਦਾ ਕੁਝ ਦਾਜ ਬਣਾ ਲੈ ।

ਸਾਰੇ ਅੰਬਰ ਛੂਹ ਸਕਦਾ ਏਂ,
ਸੋਚਾਂ ਦੀ ਪਰਵਾਜ਼ ਬਣਾ ਲੈ ।

ਮੁਹੱਬਤ ਦੀ ਨਦਾਨੀ ਨੂੰ ਸ਼ਿਲਾਲੇਖਾਂ 'ਤੇ ਲਿਖ ਦੇਵੋ

ਮੁਹੱਬਤ ਦੀ ਨਦਾਨੀ ਨੂੰ ਸ਼ਿਲਾਲੇਖਾਂ 'ਤੇ ਲਿਖ ਦੇਵੋ ।
ਸਜ਼ਾ ਇਕ ਅਣ- ਐਲਾਨੀ ਨੂੰ ਸ਼ਿਲਾਲੇਖਾਂ 'ਤੇ ਲਿਖ ਦੇਵੋ ।

ਕਦੇ ਸਾਹਾਂ ਦਾ ਰੁਕ ਜਾਣਾ, ਕਦੇ ਖ਼ਾਬਾਂ ਦਾ ਟੁਟ ਜਾਣਾ,
ਦਿਲਾਂ ਦੀ ਤਰਜ਼ਮਾਨੀ ਨੂੰ, ਸ਼ਿਲਾਲੇਖਾਂ ਤੇ ਲਿਖ ਦੇਵੋ ।

ਮੇਰੀ ਹੈ ਆਖਰੀ ਖਾਹਿਸ਼ ਮਿਟਾ ਦੇਵੋ ਮਿਰੀ ਹਸਤੀ
ਉਹਦੀ ਹਰ ਮਿਹਰਬਾਨੀ ਨੂੰ ਸ਼ਿਲਾਲੇਖਾਂ 'ਤੇ ਲਿਖ ਦੇਵੋ ।

ਜਦੋਂ ਸੌਂਦਾ ਹਥੇਲੀ 'ਤੇ ਉਹ ਦੀਵੈ ਬਾਲ ਲੈਂਦਾ ਏ
ਅਨੂਠੀ ਸਾਵਧਾਨੀ ਨੂੰ ਸ਼ਿਲਾਲੇਖਾਂ 'ਤੇ ਲਿਖ ਦੇਵੋ ।

ਲਹੂ ਦੇ ਬਾਲ ਕੇ ਦੀਵੇ ਮਿਰਾ ਰਸਤਾ ਕਰੇ ਰੋਸ਼ਨ
ਕਿ ਉਸ ਦੀ ਕਦਰਦਾਨੀ ਨੂੰ ਸ਼ਿਲਾਲੇਖਾਂ 'ਤੇ ਲਿਖ ਦੇਵੋ।

ਇਬਾਦਤ ਇਸ਼ਕ ਦੀ ਕਰਕੇ ਹੀ ਇਹ ਵਰਦਾਨ ਮਿਲਦਾ ਹੈ
ਝਨਾਂ ਦੀ ਇਸ ਰਵਾਨੀ ਨੂੰ ਸ਼ਿਲਾਲੇਖਾਂ 'ਤੇ ਲਿਖ ਦੇਵੋ।

ਜੇ ਸੋਹਲੇ ਗਾਉਣ ਲੱਗੇ ਹੋ ਮਿਹਰਬਾਂ ਬਾਗਬਾਨਾਂ ਦੇ
ਸੁਮੈਰਾ ਦੀ ਵਿਰਾਨੀ ਨੂੰ ਸ਼ਿਲਾਲੇਖਾਂ 'ਤੇ ਲਿਖ ਦੇਵੋ।

ਮੁੱਖ ਤੇਰਾ

ਮੁੱਖ ਤੇਰਾ ।
ਜਿਉਂ ਸਵੇਰਾ ।

ਬਿਨ ਤੇਰੇ ਹੈ
ਹੁਣ ਹਨੇਰਾ ।

ਸੋਚਿਆ ਕਰ
ਤੂੰ ਉਚੇਰਾ ।

ਗ਼ਮ ਦਾ ਮੌਸਮ
ਹੈ ਲਮੇਰਾ ।

ਇਸ਼ਕ ਦੇ ਘਰ
ਪਾ ਲੈ ਫੇਰਾ ।

ਸੁਪਨਿਆਂ ਦਾ
ਬਣ ਚਿਤੇਰਾ ।

ਮੇਰੀ ਆਵਾਜ਼ ਨੂੰ ਕਹਿ ਕੇ ਬਗਾਵਤ, ਉਹ ਦਬਾਉਂਦੇ ਨੇ

ਮੇਰੀ ਆਵਾਜ਼ ਨੂੰ ਕਹਿ ਕੇ ਬਗਾਵਤ, ਉਹ ਦਬਾਉਂਦੇ ਨੇ ।
ਜਰੂਰੀ ਤਾਂ ਨਹੀਂ, ਓਹੀ ਕਹਾਂ, ਹਾਕਮ ਜੋ ਚਾਹੁੰਦੇ ਨੇ ।

ਬੜੇ ਡਰਪੋਕ ਸੀ ਉਹ, ਜੁਗਨੂਆਂ ਦੀ ਲੋਅ ਤੋਂ ਡਰਦੇ ਸਨ
ਉਹਨਾਂ ਦੇ ਹੌਸਲੇ ਵੇਖੋ, ਮਸ਼ਾਲਾਂ ਖ਼ੁਦ ਜਲਾਉਂਦੇ ਨੇ ।

ਜਿਨ੍ਹਾਂ ਨੇ ਖ਼ੌਫ ਸਾਰਾ, ਆਪਣੇ ਦਿਲ 'ਚੋਂ ਭੁਲਾ ਦਿੱਤਾ
ਉਹੀ ਮਰਜੀਵੜੇ ਹੁਣ, ਜਿੰਦਗੀ ਦਾ ਗੀਤ ਗਾਉਂਦੇ ਨੇ ।

ਗੁਲਾਮੀ ਹੀ ਸਮਾਈ ਸੀ, ਜਿਨ੍ਹਾਂ ਦੇ ਮਸਤਕਾਂ ਅੰਦਰ
ਮੈਂ ਸੁਣਿਐਂ ਉਹ ਜੁਝਾਰੂ ਨਾਬਰੀ ਦੀ ਬਾਤ ਪਾਂਉਂਦੇ ਨੇ ।

ਚਲੋ ਚੰਗਾ ਸੁਮੈਰਾ, ਦਿਲ ਨੂੰ ਏਨੀ ਹੀ ਤਸੱਲੀ ਹੈ
ਕਿ ਉਹ ਵੀ ਹੱਸਦੇ ਨੇ, ਨੱਚਦੇ ਨੇ, ਮੁਸਕੁਰਾਂਉਂਦੇ ਨੇ ।

ਮੌਸਮ 'ਤੇ ਇਤਬਾਰ ਨਹੀਂ ਹੁਣ

ਮੌਸਮ 'ਤੇ ਇਤਬਾਰ ਨਹੀਂ ਹੁਣ ।
ਰਹਿੰਦਾ ਜੋ ਇਕਸਾਰ ਨਹੀਂ ਹੁਣ ।

ਪੌਣਾਂ ਦੀ ਖਾਮੋਸ਼ੀ ਦੱਸੇ
ਚੜ੍ਹਿਆ ਗਰਦ ਗੁਬਾਰ ਨਹੀਂ ਹੁਣ ।

ਨੈਣਾਂ ਦੇ ਵਣਜਾਰੇ ਆਖਣ
ਸੱਚਾ ਇਸ਼ਕ ਵਪਾਰ ਨਹੀਂ ਹੁਣ ।

ਉਸ ਸੁਪਨੇ ਦਾ ਟੁੱਟਣਾ ਬਿਹਤਰ
ਜਿਸ ਹੋਣਾ ਸਾਕਾਰ ਨਹੀਂ ਹੁਣ ।

ਤਨ ਤੇ ਮਨ ਦਾ ਸੰਗਮ ਬੇਸ਼ਕ
ਰੂਹਾਂ ਲਈ ਦਰਕਾਰ ਨਹੀਂ ਹੁਣ ।

ਮੋੜ ਸਕਣ ਜਿਹੜੇ ਜਾਂਦੇ ਨੂੰ
ਸ਼ਬਦਾਂ ਵਿੱਚ ਇਸਰਾਰ ਨਹੀਂ ਹੁਣ ।

ਉਹ ਕੀ ਜਾਣੇ ਪਿਆਰ ਮੁਹੱਬਤ
ਜਿਸ ਨੂੰ ਇਸ ਦੀ ਸਾਰ ਨਹੀਂ ਹੁਣ।

ਰਸਤਿਆਂ ਦੀ ਵੀ ਰਹੀ ਨਾ ਭਾਲ ਹੁਣ

ਰਸਤਿਆਂ ਦੀ ਵੀ ਰਹੀ ਨਾ ਭਾਲ ਹੁਣ ।
ਤੁਰ ਪਈ ਮੰਜ਼ਿਲ ਹੀ ਮੇਰੇ ਨਾਲ ਹੁਣ।

ਮੁਕਤ ਕਰ ਲਈ ਸੰਗਲਾਂ ਤੋਂ ਸੋਚ ਮੈਂ
ਤੋੜ ਦਿੱਤੇ ਨੇ ਜ਼ੰਗਾਲੇ ਜਾਲ ਹੁਣ ।

ਪੰਛੀਆਂ ਵਾਂਗਰ ਮੈਂ ਅੰਬਰ ਮੱਲਿਆ
ਉੱਡ ਰਹੀ ਹਾਂ ਬੱਦਲਾਂ ਦੇ ਨਾਲ ਹੁਣ ।

ਲੋਭ ਦੇ ਕੇ ਦੇਵਤੇ ਨੂੰ ਧੂਫ ਦਾ
ਸਭ ਪੁਜਾਰੀ ਛਕ ਰਹੇ ਨੇ ਮਾਲ ਹੁਣ।

ਬੁਝ ਗਈ ਸੀ ਵਾਂਗ ਮੇਰੇ, ਜੋ ਕਦੇ
ਜਗ ਰਹੀ ਹੈ ਦੀਵਿਆਂ ਦੀ ਪਾਲ ਹੁਣ।

ਆਪਣੇ ਜੋ ਸਨ ਅਜੇ ਪਰਤੇ ਨਹੀਂ
ਪਰ ਬਿਗਾਨੇ ਬਣ ਰਹੇ ਨੇ ਢਾਲ ਹੁਣ।

ਰੁੱਸੀ ਹੈ ਤਕਦੀਰ ਐ ਹਮਦਮ

ਰੁੱਸੀ ਹੈ ਤਕਦੀਰ ਐ ਹਮਦਮ ।
ਮਸਲਾ ਇਹ ਗੰਭੀਰ ਐ ਹਮਦਮ ।

ਹੱਥੀਂ ਮੇਰੇ ਹੱਥਕੜੀਆਂ ਨੇ
ਪੈਰਾਂ ਵਿਚ ਜੰਜੀਰ ਐ ਹਮਦਮ।

ਤੈਨੂੰ ਓਦਾਂ ਦੱਸਦੇ ਨਹੀਂ ਹਾਂ
ਦਿਲ ਤੋਂ ਹਾਂ ਦਿਲਗੀਰ ਐ ਹਮਦਮ।

ਯਾਦਾਂ ਦੇ ਵਿਚ ਸਾਭੀ ਬੈਠੇ
ਤੇਰੀ ਹੀ ਤਸਵੀਰ ਐ ਹਮਦਮ ।

ਝਰਨੇ ਵਾਂਗਰ ਵਹਿੰਦਾ ਰਹਿੰਦਾ
ਨੈਣਾਂ ਵਿਚੋਂ ਨੀਰ ਐ ਹਮਦਮ ।

ਰੋ ਰੋ ਕੇ ਯਾਦ ਕਰਨਾ ਹੁਣ ਹੋ ਗਿਆ ਬਥੇਰਾ

ਰੋ ਰੋ ਕੇ ਯਾਦ ਕਰਨਾ ਹੁਣ ਹੋ ਗਿਆ ਬਥੇਰਾ ।
ਤੇ, ਕਤਰਿਆਂ 'ਚ ਮਰਨਾ ਹੁਣ ਹੋ ਗਿਆ ਬਥੇਰਾ ।

ਬਸ ਰਾਖ ਹੋ ਗਏ ਹਾਂ ਬੇਕਦਰਿਆਂ ਦੇ ਪਿੱਛੇ
ਟੇਟੇ ਜ਼ਮੀਰ ਕਰਨਾ ਹੁਣ ਹੋ ਗਿਆ ਬਥੇਰਾ।

ਛੋਟੀ ਜਿਹੀ ਖ਼ਤਾ ਵੀ ਉਹ ਮਾਫ ਕਰ ਸਕੇ ਨਾ
ਕਦਮਾਂ 'ਚ ਸਿਰ ਨੂੰ ਧਰਨਾ ਹੁਣ ਹੋ ਗਿਆ ਬਥੇਰਾ ।

ਮਹੀਂਵਾਲ ਹੋ ਗਿਆ ਹੈ ਗ਼ਾਫ਼ਿਲ ਮੁਹੱਬਤਾਂ ਤੋਂ
ਕੱਚੇ ਘੜੇ 'ਤੇ ਤਰਨਾ ਹੁਣ ਹੋ ਗਿਆ ਬਥੇਰਾ ।

ਅਣ ਕੀਤਿਆਂ ਗੁਨਾਹਾਂ ਦੀ ਵੀ ਸਜਾ ਮਿਲੀ ਹੋ
ਰੂਹਾਂ 'ਤੇ ਜੁਲਮ ਜਰਨਾ ਹੁਣ ਹੋ ਗਿਆ ਬਥੇਰਾ ।

ਲਹੂ ਦੇ ਦੀਪ ਬਾਲੋ ਹੁਣ ਹਨੇਰਾ ਬਹੁਤ ਗਹਿਰਾ ਹੈ

ਲਹੂ ਦੇ ਦੀਪ ਬਾਲੋ ਹੁਣ ਹਨੇਰਾ ਬਹੁਤ ਗਹਿਰਾ ਹੈ।
ਕਿ ਖ਼ਾਬਾਂ ਨੂੰ ਸੰਭਾਲੋ ਹੁਣ ਹਨੇਰਾ ਬਹੁਤ ਗਹਿਰਾ ਹੈ ।

ਜਿਹਨਾਂ ਨੇ ਸੀਸ ਵਾਰੇ ਨੇ ਉਨਾਂ ਨੂੰ ਭੁੱਲ ਨਾ ਜਾਣਾ
ਐ ਮੇਰੇ ਹਮ ਖਿਆਲੋ ਹੁਣ ਹਨੇਰਾ ਬਹੁਤ ਗਹਿਰਾ ਹੈ ।

ਕਰੋ ਹੁਣ ਆਪਣੇ ਮਸਤਕ 'ਚੋਂ ਰੌਸ਼ਨ ਚੰਨ ਤੇ ਤਾਰੇ
ਕੋਈ ਸੂਰਜ ਵੀ ਭਾਲੋ ਹੁਣ ਹਨੇਰਾ ਬਹੁਤ ਗਹਿਰਾ ਹੈ ।

ਸਦਾ ਹੀ ਟਿਮਟਿਮਾਉਂਦੇ ਨੇ ਇਹ ਜੁਗਨੂੰ ਨੇਰਿਆਂ ਅੰਦਰ
ਕਿ ਜਾਗੋ ਐ ਮਸ਼ਾਲੋ ਹੁਣ ਹਨੇਰਾ ਬਹੁਤ ਗਹਿਰਾ ਹੈ ।

ਜਮੀਰਾਂ ਵਾਲਿਓ ਸ਼ਮਸ਼ੀਰ ਚੁੱਕਣ ਦਾ ਇਹੀ ਵੇਲਾ,
ਜ਼ਗਾ ਗੈਰਤ ਉਠਾਲ਼ੋ ਹੁਣ ਹਨੇਰਾ ਬਹੁਤ ਗਹਿਰਾ ਹੈ ।

ਵੇਦਨਾ ਹਾਂ, ਮਹਿਕ ਹਾਂ, ਅਹਿਸਾਸ ਹਾਂ

ਵੇਦਨਾ ਹਾਂ, ਮਹਿਕ ਹਾਂ, ਅਹਿਸਾਸ ਹਾਂ ।
ਦੂਰ ਰਹਿ ਕੇ ਵੀ ਮੈਂ ਤੇਰੇ ਪਾਸ ਹਾਂ ।

ਰੂਹ ਸਦਾ ਮੁਰਦੇ ਦਿਲਾਂ ਵਿਚ ਫੂਕਦੀ
ਅੰਤ ਸਾਹ ਤਕ ਜ਼ਿੰਦਗੀ ਦੀ ਆਸ ਹਾਂ ।

ਪਰਬਤਾਂ ਤੋਂ ਆ ਰਹੀ ਨੀਲੀ ਨਦੀ,
ਪਾਣੀਆਂ ਵਿਚ ਧੜਕਦੀ ਮੈਂ ਪਿਆਸ ਹਾਂ ।

ਰੋਜ਼ ਭੁਲ ਜਾਂਨੈਂ ਤੂੰ ਮੇਰਾ ਨਾਮ ਹੀ
ਆਖਦੈਂ ਫਿਰ, ਮੈਂ ਤੇਰੇ ਲਈ ਖਾਸ ਹਾਂ ।

ਡੋਲਿਆ ਨਾ ਜੋ ਤੂਫਾਨਾਂ ਵਿੱਚ ਕਦੇ,
ਮੈਂ ਵਫਾ ਦਾ ਦੀਪ, ਮੈਂ ਵਿਸ਼ਵਾਸ ਹਾਂ।

ਥਲ ਦੇ ਸਫਿਆਂ 'ਤੇ ਜੋ ਸੱਸੀ ਲਿਖ ਗਈ,
ਮੈਂ ਮੁਹੱਬਤ ਦਾ ਉਹੀ ਇਤਿਹਾਸ ਹਾਂ ।