ਪੰਜਾਬੀ ਗ਼ਜ਼ਲਾਂ ਜਸਵੰਤ ਜ਼ਫ਼ਰ
ਦਿਨ ਚੜ੍ਹੇ ਤੂੰ ਮੇਰੀ ਸਵੇਰ ਹੋਵੇਂ ਤੇ ਸ਼ਾਮਾਂ ਨੂੰ ਸ਼ਾਮ ਹੋਵੇਂ।
ਦਿਨੇਂ ਹੋਵੇਂ ਸਾਰੀ ਸਰਗਰਮੀ ਰਾਤਾਂ ਨੂੰ ਮੇਰਾ ਆਰਾਮ ਹੋਵੇਂ।
ਤੁਰਾਂ ਤਾਂ ਮੇਰੇ ਨਾਲ ਹੋਵੇਂ ਮਨ ਦੇ ਵਿਚਲਾ ਖ਼ਿਆਲ ਹੋਵੇਂ,
ਪੜ੍ਹਨ ਲਈ ਅੱਖਰ ਸਾਰੇ ਲਿਖਣ ਨੂੰ ਮੇਰਾ ਕਲਾਮ ਹੋਵੇਂ।
ਬੋਲਣ ਲਈ ਮੇਰੇ ਬੋਲ ਤੇ ਹਰ ਵੇਲੇ ਇਸ ਤਰ੍ਹਾਂ ਕੋਲ ਹੋਵੇਂ,
ਬੁਰਾ ਹੋਵਾਂ ਤੂੰ ਉਪਦੇਸ਼ ਬਣੇਂ ਖ਼ਰਾ ਹੋਵਾਂ ਤੂੰ ਇਨਾਮ ਹੋਵੇਂ।
ਉੱਡਣੇ ਦਾ ਉਤਸ਼ਾਹ ਹੋਵੇਂ ਵਗਣੇ ਦਾ ਮੇਰਾ ਚਾਅ ਹੋਵੇਂ,
ਦੌੜਾਂ ਤੂੰ ਮੇਰੀ ਸ਼ੂਕ ਹੋਵੇਂ ਕਦੀ ਰੋਕਣ ਲਈ ਲਗਾਮ ਹੋਵੇਂ।
ਹਉਮੈਂ ਦੀ ਸਿਖਰ ਤੂੰ ਹੋਵੇਂ ਤੇ ਮੁਕਤੀ ਦੀ ਸ਼ੁਰੂਆਤ ਹੋਵੇਂ,
ਔਕਾਤ ਦੀ ਤੂੰ ਔਕਾਤ ਹੋਵੇਂ ਅੰਜਾਮ ਦਾ ਤੂੰ ਅੰਜਾਮ ਹੋਵੇਂ।
ਥੋੜ੍ਹੇ ਪਲ ਹਾਸੇ ਵਿੱਚ ਗੁਜ਼ਰਨ ਥੋੜ੍ਹੇ ਨੱਚਣ ਗਾਉਣ ‘ਚ ਗੁਜ਼ਰਨ।
ਉਮਰਾਂ ਦੇ ਬਹੁਤੇ ਪਲ ਤਾਂ ਆਪਣਾ ਮਨ ਸਮਝਾਉਣ ‘ਚ ਗੁਜ਼ਰਨ।
ਹੱਸਣ ਅਤੇ ਹਸਾਉਣ ਤੋਂ ਚੰਗਾ ਦੁਨੀਆਂ ਵਿੱਚ ਕੀ ਹੋ ਸਕਦਾ ਹੈ,
ਜਾਣਦਿਆਂ ਹੋਇਆਂ ਵੀ ਜੀਵਨ ਬਹੁਤੇ ਰੋਣ ਰਵਾਉਣ ‘ਚ ਗੁਜ਼ਰਨ।
ਸੁੱਖ ਲੈਣ ਲਈ ਦੁੱਖ ਦੇਣ ਦਾ ਵਣਜ ਕਦੇ ਵੀ ਫਲ ਸਕਦਾ ਨਾ,
ਲੰਮਾ ਸੁੱਖ ਉਹੀ ਪਲ ਦਿੰਦੇ ਜਿਹੜੇ ਦੁੱਖ ਵੰਡਾਉਣ ‘ਚ ਗੁਜ਼ਰਨ।
ਥੋੜ੍ਹਾ ਥੋੜ੍ਹਾ ਸਰਵਣ ਪੇਖਣ ਦੋ ਦੋ ਕੰਨ ਤੇ ਅੱਖਾਂ ਦੇ ਹੁੰਦਿਆਂ,
ਜੀਭਾ ’ਕੱਲੀ ਹੀ ਹੁੰਦੀ ਪਰ ਬਹੁਤੇ ਪਲ ਫ਼ੁਰਮਾਉਣ ‘ਚ ਗੁਜ਼ਰਨ।
ਟਾਵੇਂ ਟਾਵੇਂ ਲੇਖੇ ਲੱਗਦੇ ਉਂਜ ਤੇ ਆਪਣੇ ਸਾਰੇ ਹੀ ਸਾਹ,
ਆਕਸੀਜਨ ਨੂੰ ਕਾਰਬਨਡਾਈਆਕਸਾਈਡ ਬਣਾਉਣ ‘ਚ ਗੁਜ਼ਰਨ।
ਤੇਰੇ ਨਾਲ ਬਿਤਾਏ ਪਲ।
ਜਾਂਦੇ ਨਹੀਂ ਭੁਲਾਏ ਪਲ।
ਤੇਰੀ ਛੋਹ ਨੇ ਤਾਜ਼ਾ ਕੀਤੇ
ਕੁਮਲਾਏ ਕੁਮਲਾਏ ਪਲ।
ਤੇਰੇ ਇੱਕ ਪਲ ਦੀ ਮਹਿਕ ਨੇ
ਮੇਰੇ ਸਭ ਮਹਿਕਾਏ ਪਲ।
ਯਾਦ ਤੇਰੀ ਦੇ ਬਾਹੀਂ ਵੱਸਾਂ
ਮੈਨੂੰ ਸੁਰਤ ਨਾ ਆਏ ਪਲ।
ਕਈ ਪਲਾਂ ਦੀ ਖੇਡ ਸੀ ਐਸੀ
ਸਦਾ ਸਦਾ ਲਈ ਛਾਏ ਪਲ।
ਚੁੱਪ ਕੀਤੇ ਜੋ ਕੋਲੋਂ ਲੰਘੇ
ਤੇ ਫਿਰ ਹੱਥ ਨਾ ਆਏ ਪਲ।
ਜਿਹੜੇ ਪਲ ਨੂੰ ਭੁੱਲਣਾ ਚਾਹਿਆ
ਮੁੜ ਮੁੜ ਚੇਤੇ ਆਏ ਪਲ।
ਤੇਰੇ ਆਉਣ ’ਤੇ ਉੱਠ ਕੇ ਹੱਸੇ
ਬੈਠੇ ਸਨ ਘਬਰਾਏ ਪਲ।
ਮਿਹਰ ਤੇਰੀ ਨੇ ਹੰਝੂ ਕੀਤੇ
ਜੋ ਨੈਣੀਂ ਪਥਰਾਏ ਪਲ।
ਜਿੰਨੀ ਕੁ ਦੇਣੀ ਜ਼ਿੰਦਗੀ ਜਿਉਣ ਦਾ ਅਹਿਸਾਸ ਦਈਂ
ਥੋੜ੍ਹੀ ਤੋਂ ਥੋੜ੍ਹੀ ਭੁੱਖ ਤੇ ਬਹੁਤੀ ਤੋਂ ਬਹੁਤੀ ਪਿਆਸ ਦਈਂ
ਹਰ ਪਰ ਨੂੰ ਪਰਵਾਜ਼ ਤੇ ਹਰ ਪੇਟ ਨੂੰ ਦਾਣਾ ਮਿਲੇ
ਸਭ ਜੜ੍ਹਾਂ ਨੂੰ ਮਿੱਟੀ ਦਈਂ ਸਿਖਰਾਂ ਨੂੰ ਆਕਾਸ ਦਈਂ
ਸੁੱਖ ਲਈ ਤਰਲਾ ਅਤੇ ਦੁੱਖ ਤੋਂ ਇਨਕਾਰ ਨਹੀਂ ਪਰ
ਦੁੱਖ ਨਾਲ ਸ਼ਿਕਵੇ ਦੀ ਥਾਂ ਜਿਗਰਾ ਦਈਂ ਧਰਵਾਸ ਦਈਂ
ਲੋਅ ਦਾ ਝੂਠਾ ਚਾਅ ਤੇ ਨੇਰ੍ਹੇ ਦਾ ਸੱਚਾ ਖੌਫ਼ ਨਾ ਦਈਂ
ਦਿਨੇਂ ਜਗਦੀ ਅੱਖ ਦਈਂ ਰਾਤੀਂ ਜਗਦੀ ਆਸ ਦਈਂ
ਮੈਂ ਮੈਂ ਮੇਰੀ ਤੇ ਓਸ ਦੀ ਤੂੰ ਤੂੰ ਮੈਂ ਮੈਂ ਨਾ ਬਣੇ
ਹੋਵੇ ਨਾ ਭਾਵੇਂ ਏਕਤਾ ਪਰ ਸੁੱਚਾ ਸਹਿਵਾਸ ਦਈਂ
ਜ਼ਿੰਦਗੀ ਬਿਨ ਸ਼ਹਿਰ ਤੇ ਵਣ ਤੋਂ ਬਿਨ ਨਾ ਜ਼ਿੰਦਗੀ
ਜਿਉਣ ਜੋਗੇ ਸ਼ਹਿਰ ਨੂੰ ਬਣਦਾ ਸਰਦਾ ਵਣਵਾਸ ਦਈਂ
ਪੈਰਾਂ ਹੇਠਾਂ ਧਰਤੀ ਡੋਲੀ ਸਿਰ ’ਤੇ ਅੰਬਰ ਡੋਲ ਰਿਹਾ
ਮੇਰਾ ਚਿੱਤ ਨਾ ਡੋਲਣ ਦਿੱਤਾ ਤੂੰ ਜੋ ਮੇਰੇ ਕੋਲ ਰਿਹਾ
ਤੇਰੇ ਨਾਲ ਇਕੱਲੇ ਬਹਿ ਕੇ ਰਾਤੀਂ ਗੱਲਾਂ ਕਰਦੇ ਰਹੇ
ਕਾਲੀ ਚਾਦਰ ਤਾਰਿਆਂ ਵਾਲੀ ਚੰਨ ਸਿਰ੍ਹਾਣਾ ਗੋਲ ਰਿਹਾ
ਆਪਣੇ ਹੱਥੋਂ ਹੀ ਹੋਇਆ ਹੈ ਉਸ ਦਾ ਬਚਣਾ ਮੁਸ਼ਕਿਲ ਹੁਣ
ਅੰਦਰ ਜਿਹੜਾ ਵਿੱਸ ਘੋਲਦਾ ਬਾਹਰੋਂ ਅੰਮ੍ਰਿਤ ਟੋਲ ਰਿਹਾ
ਆਪਣੀ ਮੈਂ ਦੇ ਅੱਗੇ ਉਸਦੀ ਅੱਜਕੱਲ੍ਹ ਬਹੁਤੀ ਚਲਦੀ ਨਾ
ਹਰ ਵੇਲੇ ਉਸਦੀ ਮੈਂ ਬੋਲੇ ਖ਼ੁਦ ਘੱਟ ਵੱਧ ਹੀ ਬੋਲ ਰਿਹਾ
ਜਿਉਂਦਾ ਰਹਿ ਓ ਜੀਣ ਜੋਗਿਆ ਧਰਤ ਬੰਦੇ ਨੂੰ ਕਿੰਜ ਕਹੇ
ਪੌਣਾਂ ਰੋਜ਼ ਪਲੀਤ ਕਰੇ ਜੋ ਜਲ ਵਿੱਚ ਜ਼ਹਿਰਾਂ ਘੋਲ ਰਿਹਾ।
ਦਿਸ਼ਾ ਵੀ ਠੀਕ ਰੱਖਣ ਲਈ ਤੇ ਸੋਹਣੀ ਚਾਲ ਰੱਖਣ ਲਈ
ਤੁਹਾਨੂੰ ਪਿਆਰ ਕਰਦਾ ਹਾਂ ਮੈਂ ਆਪਣਾ ਖਿਆਲ ਰੱਖਣ ਲਈ
ਜਦੋਂ ਗੁੰਮ ਸੁੰਮ ਮੈਂ ਹੋ ਜਾਵਾਂ ਮੇਰੀ ਦੁਨੀਆਂ ਹੀ ਗੁੰਮ ਜਾਵੇ
ਤੁਹਾਡੇ ਨਾਲ ਰਹਿੰਦਾ ਹਾਂ ਤੁਹਾਨੂੰ ਨਾਲ ਰੱਖਣ ਲਈ
ਤੁਹਾਡੀ ਦੋਸਤੀ ਤਾਂ ਅਜਬ ਪਹਿਰੇਦਾਰ ਹੋਈ ਹੈ
ਪੀੜਾਂ ਸ਼ਿਸ਼ਕੇਰ ਦਿੰਦੀ ਜੋ ਗ਼ਮਾਂ ਨੂੰ ਟਾਲ ਰੱਖਣ ਲਈ
ਬਹੁਤ ਕੁਝ ਭੇਟ ਕਰਨਾ ਅਰਪਣਾ ਵੰਡਣਾ ਜ਼ਰੂਰੀ ਹੈ
ਖ਼ਜ਼ਾਨਾ ਹਰ ਤਰ੍ਹਾਂ ਦਾ ਯਾਰੋ ਮਾਲਾ ਮਾਲ ਰੱਖਣ ਲਈ
ਸਲਾਮਤ ਰਹਿਣੀਆਂ ਪੈੜਾਂ ਇਨ੍ਹਾਂ ਪੈੜਾਂ ’ਤੇ ਤੁਰਿਆਂ ਹੀ
ਸਿਰ੍ਹਾਣੇ ਬੈਠ ਨਾ ਪੈੜਾਂ ਦੇ ਸਾਂਭ ਸੰਭਾਲ ਰੱਖਣ ਲਈ।
|