ਪੰਜਾਬੀ ਗ਼ਜ਼ਲਾਂ ਮੁਹੰਮਦ ਜੁਨੈਦ ਅਕਰਮ
ਤੇਰੀ ਮਾਂ ਬੋਲੀ ਹੈ ਬੀਬਾ ਕੱਖਾਂ ਵਾਂਗ ਨਾ ਰੋਲ ਪੰਜਾਬੀ ।
ਪੜ੍ਹ ਪੰਜਾਬੀ ਲਿਖ ਪੰਜਾਬੀ, ਗ਼ੈਰਤਮੰਦਾ ਬੋਲ ਪੰਜਾਬੀ ।
ਅਪਣੀ ਮਾਂ ਬੋਲੀ ਨੂੰ ਛੱਡਕੇ ਕਾਹਨੂੰ ਦਰ ਦਰ ਰੁਲਦੇ ਫਿਰੀਏ
ਸਾਡੀ ਜਿੰਦ 'ਤੇ ਜਾਨ ਪੰਜਾਬੀ ਸਾਡੇ ਦਿਲ ਦੇ ਕੋਲ ਪੰਜਾਬੀ ।
ਚੜ੍ਹਦੇ ਤੋਂ ਲਹਿੰਦੇ ਤੀਕਰ 'ਤੇ ਪੂਰਬ ਤੋਂ ਪੱਛਮ ਤੀਕਰ,
ਗੋਲ ਏ ਸਾਰੀ ਦੁਨੀਆ ਇਸ ਵਿਚ ਲਾਵੇ ਚੱਕਰ ਗੋਲ ਪੰਜਾਬੀ ।
ਅਬੁਲਕੈਸ਼, ਖ਼ਿਆਮ ਤੇ ਹਾਫ਼ਿਜ਼, ਗਾਲਿਬ, ਮੀਰ, ਇਕਬਾਲ ਤੇ ਹਾਲੀ,
ਬੁੱਲ੍ਹਾ, ਵਾਰਿਸ, ਬਾਹੂ, ਜੰਮ ਕੇ ਖੋਲ੍ਹੇ ਸਭ ਦੇ ਪੋਲ ਪੰਜਾਬੀ ।
ਇੱਕੋ ਚਾਅ ਏ ਮਰਦੇ ਦਮ ਤੀਕਰ ਮੈਂ ਇਹਦੀ ਸੇਵਾ ਕਰਸਾਂ,
ਇਹ ਏ ਸੰਮੀ ਮੇਰੇ ਲਈਂ ਤੇ ਮੈਂ ਹਾਂ ਇਹਦਾ ਢੋਲ ਪੰਜਾਬੀ ।
ਅਪਣੀ ਅਪਣੀ ਬੋਲੀ ਦੇ ਵਿਚ ਸਾਰੀ ਦੁਨੀਆ ਪਈ ਕੁਰਲਾਵੇ,
ਜੋ ਕੁਝ ਮਰਜ਼ੀ ਬੋਲਣ ਸਾਰੇ ਸਭ ਤੋਂ ਭਾਰਾ ਬੋਲ ਪੰਜਾਬੀ ।
ਗ਼ੈਰਾਂ ਬੋਲੀਆਂ ਬੋਲਣ ਨਾਲ 'ਜੁਨੈਦ ਅਕਰਮ' ਜੋ ਗੁੰਝਲ ਪੈ ਗਏ,
ਬੋਲ ਕੇ ਅਪਣੀ ਮਾਂ ਦੀ ਬੋਲੀ ਦਿੱਤੇ ਸਾਰੇ ਖੋਲ੍ਹ ਪੰਜਾਬੀ ।
ਮਾਰ ਉਡਾਰੀ ਸੋਚ ਪੰਖੇਰੂ ਅਸਮਾਨਾਂ ਤਕ ਜਾਂਦੇ ।
ਵੰਨ-ਸਵੰਨੇ ਮੌਜ਼ੂ, ਮਾਰ ਕਲਾਵੇ, ਘੇਰ ਲਿਆਂਦੇ ।
ਤੀਲਾ-ਤੀਲਾ ਕਰਕੇ ਕੱਠਾ ਹਰਫ਼ ਪਟਾਰੀ ਵਿੱਚੋਂ,
ਮਿਸਰਿਆਂ ਦੀ ਗਾਨੀ ਵਿਚ ਜੜਕੇ ਸੋਹਣੇ ਸ਼ਿਅਰ ਬਣਾਂਦੇ ।
ਜੀਹਨਾਂ ਲਿਖਿਆਰਾਂ ਨੂੰ ਸ਼ਿਅਰੀ ਸੂਝ ਅਤਾ ਹੋ ਜਾਂਦੀ,
ਸ਼ਿਅਰਾਂ ਅੰਦਰ ਸ਼ਿਅਰੀਅਤ ਦਾ ਸੋਹਣਾ ਰੂਪ ਸਜਾਂਦੇ ।
ਪੂਰਾ ਟੁੱਲ ਲਾਇਆਂ ਵੀ ਸ਼ਾਇਰੀ ਕੀਤੀ ਜਾ ਨਹੀਂ ਸਕਦੀ,
ਉਸ 'ਤੇ ਖ਼ਾਸ ਕਰਮ ਰੱਬ ਜੀ ਦਾ ਜਿਸਨੂੰ ਸ਼ਿਅਰ ਸੁਝਾਂਦੇ ।
ਅਪਣੇ ਤੋਂ ਬਹੁਤੇ ਛੋਟੇ ਨਾਲ ਪਿਆਰ ਕਦੇ ਨਾ ਪਾਈਏ,
ਨਿੱਕੀਆਂ ਉਮਰਾਂ ਵਾਲੇ ਸੱਜਣ ਦਿਲ ਨੂੰ ਬੜਾ ਸਤਾਂਦੇ ।
ਬੇਪਰਵਾਹੀਆਂ ਉਹਦੀਆਂ ਸਾਨੂੰ ਬੇਪਰਵਾਹ ਕਰ ਦਿੱਤਾ,
ਪਹਿਲਾਂ ਵਾਂਗ ਅਸੀਂ ਵੀ ਉਹਨੂੰ ਹੁਣ ਨਹੀਂ ਰੋਜ਼ ਬੁਲਾਂਦੇ ।
ਉਹ ਵੀ ਸ਼ਾਇਰ ਬਣ ਜਾਂਦਾ 'ਤੇ ਕਿੰਨਾਂ ਚੰਗਾ ਹੁੰਦਾ,
ਸ਼ਿਅਰਾਂ ਦੇ ਵਿਚ ਇਕ-ਦੂਜੇ ਨੂੰ ਦਿਲ ਦਾ ਰੋਗ ਸੁਣਾਂਦੇ ।
ਕਾਸ਼ 'ਜੁਨੈਦ ਅਕਰਮ' ਜੀ ਉਹਦੇ ਸ਼ਾਇਰੀ ਪੱਲੇ ਪੈਂਦੀ,
ਮੁਸ਼ਕਿਲ ਹੱਲ ਹੋ ਜਾਂਦੀ ਉਹਨੂੰ ਸ਼ਿਅਰਾਂ ਵਿਚ ਮਨਾਂਦੇ ।
ਬੇਕਸੋ, ਮਜ਼ਲੂਮੋਂ ਸਾਡੇ ਨੇੜੇ ਆਉ ।
ਜ਼ਾਲਮੋ 'ਤੇ ਫ਼ਿਰਓਣੋਂ ਸਾਥੋਂ ਦੂਰ ਹੋ ਜਾਉ ।
ਵੇਲੇ ਦੇ ਨਮਰੂਦਾਂ ਦੇ ਨਾਲ ਜੰਗ ਅਸਾਡੀ,
ਸਾਨੂੰ ਦਹਿਸ਼ਤ ਗਰਦੀ ਦੇ ਨਾ ਖ਼ਾਤੇ ਪਾਉ ।
ਇਨਸਾਨਾਂ ਦੀਆਂ ਖੱਲਾਂ ਨੋਚਣ ਵਾਲਿਉ ਲੋਕੋ,
ਸਾਨੂੰ ਇਨਸਾਨੀਅਤ ਦਾ ਨਾ ਸਬਕ ਸਿਖਾਉ
ਸਾਡਾ ਮਜ਼ਹਬ ਪਿਆਰ ਮੁਹੱਬਤ, ਅਮਨ ਸਿਖਾਂਦਾ,
ਸਾਡਾ ਦੀਨ ਇਹ ਕਹਿੰਦਾ ਵੈਰ-ਵਿਰੋਧ ਮੁਕਾਉ ।
ਕੀਨਾ-ਪਰਵਰ ਝੂਠੇ ਅਤੇ ਮੁਨਾਫ਼ਕ ਸਭ ਨੂੰ,
ਯਾਰ 'ਜੁਨੈਦ ਅਕਰਮ' ਜੀ ਸਾਥੋਂ ਦੂਰ ਹਟਾਉ ।
ਝੂਠ ਦੀ ਖ਼ਾਤਰ ਹੀ ਮਰ-ਮੁੱਕੀਏ, ਇਹ ਨਹੀਂ ਹੋਣਾ ।
ਹੱਕ-ਸੱਚ ਦੀ ਗੱਲ ਕਰਦੇ ਰੁਕੀਏ, ਇਹ ਨਹੀਂ ਹੋਣਾ ।
ਦੁਸ਼ਮਨ ਆਣ ਖਲੋਤੇ ਸਾਡੇ ਬੂਹੇ ਉੱਤੇ,
ਅੰਦਰ ਵੜ ਕੇ ਛੁਪੀਏ-ਲੁਕੀਏ ਇਹ ਨਹੀਂ ਹੋਣਾ ।
ਪਿਆਰ-ਮੁਹੱਬਤ ਦੇ ਦਾਈ ਹਾਂ ਦੁਨੀਆਂ ਦੇ ਵਿਚ,
ਪਰ ਫਿਰਓਨਾਂ ਅੱਗੇ ਝੁਕੀਏ ਇਹ ਨਹੀਂ ਹੋਣਾ ।
ਕੱਠਿਆਂ ਨਹੀਂ ਰਹਿਣਾ 'ਤੇ ਘਰ ਨੂੰ ਛੱਡ ਜਾਨੇਂ ਆਂ,
ਵਿਹੜੇ ਦੇ ਵਿਚ ਕੰਧਾਂ ਚੁੱਕੀਏ ਇਹ ਨਹੀਂ ਹੋਣਾ ।
ਖਾਂਦੇ-ਪੀਂਦੇ ਹੋਣ ਪਰ ਹੋਵੇ ਜ਼ਾਤ ਕਮੀਨੀਂ,
ਐਸੇ ਘਰ ਵਿਚ ਮੁੰਡਾ ਢੁੱਕੀਏ ਇਹ ਨਹੀਂ ਹੋਣਾ ।
ਪਲਕਾਂ ਨੂੰ ਪਏ ਕਰਦੇ ਨਮ ।
ਤੇਰੇ ਹਿਜਰ ਫ਼ਿਰਾਕ ਦੇ ਗ਼ਮ ।
ਰੋਕਿਆਂ ਹੰਝੂ ਰੁਕਦੇ ਨਹੀਂ,
ਮਾਰਾਂ ਚੀਕਾਂ ਜ਼ਮ ਜ਼ਮ ਜ਼ਮ ।
ਮਾਹੀ ਬਾਝ ਨਾ ਲੰਘੇ ਪਲ,
ਔਖੇ ਹੁੰਦੇ ਜਾਂਦੇ ਦਮ ।
ਪੁੱਠਿਆਂ ਇਸ਼ਕ ਦੀ ਸੂਲੀ 'ਤੇ,
ਟੰਗ ਕੇ ਲਾਹ ਲਉ ਮੇਰਾ ਚੰਮ ।
ਦਰਦ ਫ਼ਿਰਾਕ ਦਾ ਮੁੱਕੇ ਤਦ,
ਕਰ ਦਏ ਹੁਸਨ ਤੇਰਾ ਜੇ ਦਮ ।
ਖ਼ੂਨ ਸਫ਼ੈਦ ਹੋਏ ਸਭ ਦੇ,
ਯਾ ਫ਼ਿਰ ਗਏ ਰਗਾਂ ਵਿਚ ਜੰਮ ।
ਉਹੋ ਕੌਮਾਂ ਜ਼ਿੰਦਾ ਰਹਿਣ,
ਕਰਿਆ ਕਰਨ ਜੋ ਹਰ ਦਮ ਕੰਮ ।
ਵਕਤ ਗਵਾਚਾ ਨਹੀਂ ਲੱਭਦਾ,
ਲਭਦਿਆਂ ਲਭਦਿਆਂ ਪੈ ਗਏ ਖੰਮ ।
ਹਰ ਕੋਈ ਯਾਰ ਨਹੀਂ ਹੁੰਦਾ,
ਪੱਲੇ ਬੰਨ੍ਹ 'ਜੁਨੈਦ ਅਕਰਮ' ।
ਰਾਸਾਂ ਪਕੜ ਕਲਮ ਦੀਆਂ ਲਫ਼ਜ਼ਾਂ ਸ਼ਿਅਰ ਨਮਾਜ਼ ਏ ਨੀਤੀ ।
ਸ਼ੌਕ ਦੇ ਘੋੜੇ ਉੱਤੇ ਸੋਚਾਂ ਫੇਰ ਸਵਾਰੀ ਕੀਤੀ ।
ਇਸ਼ਕ ਦੇ ਪੈਂਡੇ ਚਾੜ੍ਹ ਕੇ ਸਾਨੂੰ ਹੁਸਨ ਹੋਰੀਂ ਲੁਕ ਬੈਠੇ,
ਭਾਲ ਉਨ੍ਹਾਂ ਦੀ ਕਰਦੇ ਕਰਦੇ ਉਮਰ ਅਸਾਡੀ ਬੀਤੀ ।
ਉਸ ਮਸਤਾਨੇ ਨੂੰ ਫਿਰ ਮੁੜਕੇ ਹੋਸ਼ ਕਦੀ ਨਹੀਂ ਆਇਆ,
ਉਹਦੇ ਮੈਅਖ਼ਾਨੇ ਚੋਂ ਜਿਸਨੇ ਇਸ਼ਕ ਸ਼ਰਾਬ ਏ ਪੀਤੀ ।
ਯਾਦ ਸੱਜਣ ਦੀ ਦਿਲ ਵਿਚ ਰੱਖ ਕੇ ਦਿਲ ਚੋਂ ਨਿੱਤ ਮੁਕਾਈਏ,
ਹਿਰਸ-ਹਵਸ ਸ਼ੈਤਾਨੀ ਸੋਚਾਂ ਨਾਲੇ ਗੰਦ ਪਲੀਤੀ ।
ਉਹਦੇ ਪਿਆਰ ਸੰਦੇਸੇ ਚੁੰਮ ਚੁੰਮ ਅੱਖੀਆਂ ਦੇ ਨਾਲ ਲਾਈਏ,
ਜੀਹਨੇ ਪ੍ਰੇਮ ਕਹਾਣੀ ਸਾਡੀ ਕੀਤੀ ਫੀਤੀ ਫੀਤੀ ।
ਕਿਧਰੇ 'ਤੇ ਕੋਈ ਆਲਮ ਆਮਿਲ ਦਿਸਦਾ ਪੰਧ ਵਿਖਾਉਂਦਾ,
ਜੀ ਕਰਦਾ ਸੀ ਮੇਰਾ ਰੱਬਾ ਮੈਂ ਵੀ ਜਾਂ ਮਸੀਤੀਂ ।
ਇੱਕੋ ਰੂਪ 'ਜੁਨੈਦ ਅਕਰਮ' ਜੀ ਚਾਰੇ ਵੰਨੇ ਦਿੱਸੇ,
ਆਪੇ ਮੀਆਂ ਫ਼ਸੀਹਤ ਜਿਹੜਾ ਬਣਦਾ ਫਿਰੇ ਨਸੀਤੀ ।
ਕਿਉਂ ਪੱਥਰ ਦਿਆ ਬੁੱਤਾ ਤੇਰੀ ਸਰਦਲ 'ਤੇ ਸਿਰ ਭੰਨਾਂ ।
ਤੂੰ ਜੇ ਮੇਰੀ ਕਦਰ ਨਹੀਂ ਕਰਦਾ ਮੈਂ ਕਿਉਂ ਤੈਨੂੰ ਮੰਨਾਂ ।
ਮੇਰੇ ਬਾਅਦ ਫਰੋਲੇਂਗਾ ਜਦ ਵਰਕ ਕਿਤਾਬ ਮੇਰੀ ਦੇ,
ਭਰਿਆ ਹੋਸੀ ਤੇਰੀ ਪਿਆਰ ਕਹਾਣੀ ਦਾ ਹਰ ਪੰਨਾਂ ।
ਯਾਰ ਗਵਾ ਬੈਠੇ 'ਤੇ ਬੰਦਾ ਹੱਥ ਈ ਮਲਦਾ ਰਹਿੰਦੈ,
ਏਹੋ ਸਬਕ ਪੜ੍ਹਾਂਦਿਆਂ ਤੈਨੂੰ ਉਮਰ ਵਿਹਾਈ ਚੰਨਾਂ ।
ਇਸ਼ਕ ਤੇਰੇ ਵਿਚ ਸੋਹਣਿਆ ਭੈੜਾ ਹਾਲ ਅਸਾਡਾ ਹੋਇਆ,
ਫਸ ਗਈ ਜਾਨ ਸਕੰਜੇ ਦੇ ਵਿਚ ਜਿਉਂ ਬੇਲਨ ਵਿਚ ਗੰਨਾਂ ।
ਲਗਦਾ ਏ ਜੇ ਸ਼ਹਿਰ ਅਸਾਡੇ ਸੱਜਣ ਨੇ ਮੁੜ ਆਉਣਾ,
ਲੋਕਾਂ ਬੱਤੀਆਂ ਨਾਲ ਸਜਾਇਆ ਹਰ ਕੋਠਾ ਹਰ ਬੰਨਾਂ ।
ਖ਼ਸਮਾਂ ਬਾਝ ਵੀ ਅਪਣਾ ਆਪ ਸੰਭਾਲਣ ਤੋੜ ਹਿਆਤੀ,
ਉਹੋ ਘਰ ਦੀਆਂ ਰਾਖੀਆਂ ਹੋਸਨ ਉਹੋ ਨਸਲੀ ਰੰਨਾਂ ।
ਰੱਬ ਈ ਰਾਖੀ ਕਰੇ 'ਜੁਨੈਦ ਅਕਰਮ' ਹੁਣ ਦੇਸ ਮੇਰੇ ਦੀ,
ਥਾਂ ਥਾਂ ਚੋਰਾਂ ਲੁੱਟ ਮਚਾਈ ਥਾਂ ਥਾਂ ਲਾਈਂਆਂ ਸੰਨ੍ਹਾਂ ।
ਨਿੱਘ ਦਿਲਾ ’ਚੋਂ ਮੁੱਕੀ ਚਾਰ-ਚੁਫ਼ੇਰੇ ਛਾ ਗਈ ਸਰਦੀ ।
ਸੋਹਣਿਆ ਰੱਬਾ ਦੇਸ ਮੇਰੇ ਚੋਂ ਜਾਵੇਗੀ ਕਦ ਵਰਦੀ ।
ਜਦ ਵੀ ਘਰ ਦੇ ਘਰਦਾਰੀ ਦਾ ਕੰਮ ਸੰਭਾਲਣ ਲੱਗੇ,
ਟੱਪੇ ਚੌਕੀਦਚਾਂ ਕੋਠੇ ਕੀਤੀ ਗੁੰਡਾ-ਗਰਦੀ ।
ਟੁਰ ਗਏ ਸਾਰੇ ਗ਼ੈਰਤਮੰਦ ਸਿਆਸਤਦਾਨ ਅਸਾਡੇ,
ਹੀਜੜਿਆਂ ਦਾ ਦੌਰ ਵੇ ਰੱਬਾ ਲੋੜ ਅਸਾਨੂੰ ਨਰ ਦੀ ।
ਚੌਧਰ ਬੂਟਾਂ ਵਾਲਿਆਂ ਨੂੰ ਮਿਲ ਜਾਂਦੀ ਪਾਰ ਸਮੁੰਦਰੋਂ,
ਝੋਲੀ ਚੁੱਕ ਸਿਆਸਤ ਪਈ ਫਿਰ ਉਸਦਾ ਪਾਣੀ ਭਰਦੀ ।
ਮਰ ਮੁੱਕ ਗਈ ਏ ਗ਼ੈਰਤ ਲਗਦੈ ਸਰਕਾਰੋਂ ਦਰਬਾਰੋਂ,
ਦਿਲ ਦੇ ਜ਼ਖ਼ਮ ਦਿਖਾਈਏ ਕੀਹਨੂੰ ਨਹੀਉਂ ਦਿਸਦਾ ਦਰਦੀ ।
ਮਿਹਨਤ ਪਿਆਰ ਮੁਹੱਬਤ ਮੁੱਕੇ ਦੇਸ ਅਸਾਡੇ ਵਿੱਚੋਂ,
ਹਵਸ ਪ੍ਰਸਤੀ ਵਧ ਗਈ ਹਰ ਥਾਂ ਅਕਲ ਪਈ ਘਾ ਚਰਦੀ ।
ਮਾਂ ਦੀ ਇੱਜ਼ਤ ਦੇ ਰਖਵਾਲੇ ਪੁੱਤਰ ਹੋਏ ਕਪੁੱਤਰ,
ਵੰਨ-ਸਵੰਨੇ ਦੁੱਖ 'ਜੁਨੈਦ ਅਕਰਮ' ਪਈ ਧਰਤੀ ਜਰਦੀ ।
ਮਹਿਲ ਉਸਾਰਿਆ ਸੰਗ ਮਰਮਰ ਦਾ ਘਰ ਬਣਾ ਨਹੀਂ ਸਕਿਆ ।
ਸੁੱਕਾ ਬਾਗ਼ ਉਗਾਇਆ ਪਰ ਮੈਂ ਮੀਂਹ ਵਰਸਾ ਨਹੀਂ ਸਕਿਆ ।
ਇਕ ਇਕ ਕਰਕੇ ਸਾਰੇ ਵੈਰੀ ਮਾਰ ਮੁਕਾਏ ਬਾਹਰੋਂ,
ਘਰ ਦੇ ਅੰਦਰੋਂ ਪਰ ਮੈਂ ਅਪਣਾ ਵੈਰ ਮੁਕਾ ਨਹੀਂ ਸਕਿਆ ।
ਚਾਰ ਚੁਫ਼ੇਰਿਉਂ ਚੱਲੇ ਤੀਰ ਨਿਸ਼ਾਨੇ 'ਤੇ ਨਹੀਂ ਲੱਗੇ,
ਪਰ ਉਹ ਨਜ਼ਰਾਂ ਦੇ ਤੀਰਾਂ ਤੋਂ ਦਿਲ ਬਚਾ ਨਹੀਂ ਸਕਿਆ ।
ਉਹ ਪੱਥਰ ਦਿਲ ਮੰਨਿਆਂ ਹੀ ਨਹੀਂ ਲੱਖ ਮਨਾਇਆ ਉਹਨੂੰ,
ਰੋ ਰੋ ਰੱਬ ਮਨਾ ਲਿਆ ਪਰ ਮੈਂ ਯਾਰ ਮਨਾ ਨਹੀਂ ਸਕਿਆ ।
ਜਿਸ ਤੇ ਮਾਨ 'ਜੁਨੈਦ' ਕਰਾਂ ਮੈਂ ਜਿਸਦੇ ਨਾਜ਼ ਉਠਾਵਾਂ,
ਅੱਜ ਤੀਕਰ ਮੈਂ ਐਸਾ ਸੋਹਣਾ ਬੁੱਤ ਬਣਾ ਨਹੀਂ ਸਕਿਆ ।
ਤੇਰੀ ਰਾਮ-ਕਹਾਣੀ ਦਾ ਏ ਇੱਕੋ ਹੱਲ ।
ਖ਼ਬਰੈ ਤੇਰੇ ਦਿਲ ਵਿਚ ਲਹਿ ਜਾਏ ਮੇਰੀ ਗੱਲ ।
ਜਿਹੜੀ ਪੈਲੀ ਦੇ ਵਿਚ ਵਾਹੁੰਦਾ ਜਿਹੜਾ ਹਲ,
ਉਹੋ ਈ ਮਾਲਕ ਉਹਦਾ ਉਹੋ ਖਾਵੇ ਫਲ ।
ਤਾਂ ਈ ਦੁਨੀਆ ਦੇ ਵਿਚ ਸਾਡਾ ਨਾਂ ਹੋਵੇਗਾ,
ਮਿਹਨਤ ਨਾਲ ਗੁਜ਼ਾਰਾਂਗੇ ਜਦ ਇਕ ਇਕ ਪਲ ।
ਜੰਨਤ ਦੋਜ਼ਖ਼ ਸਭ ਅਮਲਾਂ ਦਾ ਸਿੱਟਾ ਲੋਕੋ,
ਅਮਲਾਂ ਨਾਲ ਈ ਔਖੇ ਵੇਲੇ ਜਾਂਦੇ ਟਲ ।
ਕਹਿੰਦੇ ਹੈਨ ਸਿਆਣੇ ਉਹ ਬਰਬਾਦ ਏ ਹੋਇਆ,
ਜਿਸ ਦਾ ਅੱਜ ਤੋਂ ਚੰਗਾ ਨਹੀਂ ਆਉਣ ਆਲਾ ਕੱਲ੍ਹ ।
ਪਿੱਛੇ ਰਹਿ ਜਾਂਦੇ ਦਾ ਭੈੜਾ ਹਾਲ ਏ ਹੁੰਦਾ,
ਭੱਜਦੀ ਜਾਂਦੀ ਦੁਨੀਆ ਦੇ ਨਾਲ ਭੱਜ ਕੇ ਰਲ ।
ਨੀਯਤ ਨੇਕ ਹੋਵੇ ਤੇ ਕਿਹੜਾ ਕੰਮ ਨਹੀਂ ਹੁੰਦਾ,
ਕਰੀਏ 'ਤੇ ਹਰ ਕੰਮ ਦਾ ਆ ਜਾਂਦਾ ਏ ਬਲ ।
ਇਸ਼ਕ ਦਾ ਪੈਂਡਾ ਮੁਕਦਾ ਮੁਕਦਾ ਵੀ ਨਹੀਂ ਮੁਕਦਾ,
ਟੁਰਦੇ ਜਾਈਏ ਭਾਵੇਂ ਪੈਰ ਹੋ ਜਾਵਣ ਸੱਲ ।
ਨਾਮ 'ਜੁਨੈਦ ਅਕਰਮ' ਦੀਆਂ ਮੌਲਾ ਇੱਜ਼ਤਾਂ ਰੱਖੀਂ,
ਮੇਰਾ ਨਾਂ ਈ ਬਣ ਜਾਏ ਰੱਬਾ ਮੇਰੀ ਅੱਲ ।
|