Karamjit Singh Gathwala
ਕਰਮਜੀਤ ਸਿੰਘ ਗਠਵਾਲਾ

Punjabi Writer
  

Poems for Children/Kids Karamjit Singh Gathwala

ਪੰਜਾਬੀ ਬਾਲ ਕਵਿਤਾਵਾਂ

1. ਆਈ ਵਿਸਾਖੀ

ਆਈ ਵਿਸਾਖੀ ਆਈ ਵਿਸਾਖੀ
ਖ਼ੁਸ਼ੀਆਂ ਨਾਲ ਲਿਆਈ ਵਿਸਾਖੀ
ਸੋਨੇ ਰੰਗੀਆਂ ਕਣਕਾਂ ਹੋਈਆਂ
ਜੱਟਾਂ ਖ਼ੁਸ਼ੀਆਂ ਦਿਲੀਂ ਸਮੋਈਆਂ
ਜਦ ਕੋਈ ਢੋਲ ਤੇ ਡੱਗਾ ਲਾਵੇ
ਖ਼ੁਸ਼ੀ ਨਿਕਲ ਕੇ ਬਾਹਰ ਆਵੇ
ਗੱਭਰੂ ਲਗਦੇ ਭੰਗੜੇ ਪਾਵਣ
ਬੱਚੇ ਵੀ ਖ਼ੁਸ਼ ਹੋ ਹੋ ਜਾਵਣ
ਮੇਲੇ ਜਾ ਝੂਟੇ ਪਏ ਲੈਂਦੇ
ਨਾ ਥੱਕਣ ਤੇ ਨਾ ਹੀ ਬਹਿੰਦੇ
ਸਾਰਾ ਦਿਨ ਕਰਦੇ ਮਨ ਆਈਆਂ
ਖਾਣ ਪੀਣ ਦੀਆਂ ਰੀਝਾਂ ਲਾਹੀਆਂ
ਬੱਚਿਆਂ ਦਾ ਮਨ ਤਾਂ ਇਹ ਚਾਹਵੇ
ਵਿਸਾਖੀ ਛੇਤੀ ਕਿਉਂ ਨਾ ਆਵੇ ?

2. ਗੁਰੂ ਗੋਬਿੰਦ ਸਿੰਘ ਜੀ

ਕੀਹਨੇ ਗਿਦੜ ਕੀਤੇ ਸ਼ੇਰ ?
ਗੁਰੂ ਗੋਬਿੰਦ ਸਿੰਘ ਜੀ ਨੇ ।
ਕੀਹਨੇ ਜ਼ਾਲਮ ਮਾਰੇ ਘੇਰ ?
ਗੁਰੂ ਗੋਬਿੰਦ ਸਿੰਘ ਜੀ ਨੇ ।
ਕੀਹਨੇ ਛੱਡੀ ਮੇਰ ਤੇ ਤੇਰ ?
ਗੁਰੂ ਗੋਬਿੰਦ ਸਿੰਘ ਜੀ ਨੇ ।
ਕੀਹਨੇ ਸਾਧੂ ਕਰੇ ਦਲੇਰ ?
ਗੁਰੂ ਗੋਬਿੰਦ ਸਿੰਘ ਜੀ ਨੇ ।

ਜੀਹਨੇ ਅੰਮ੍ਰਿਤ ਕੀਤਾ ਤਿਆਰ,
ਗੁਰੂ ਗੋਬਿੰਦ ਸਿੰਘ ਸੀ ਉਹ ।
ਜੀਹਨੇ ਵਾਰਿਆ ਸਭ ਪਰਿਵਾਰ,
ਗੁਰੂ ਗੋਬਿੰਦ ਸਿੰਘ ਸੀ ਉਹ ।
ਜੀਹਨੇ ਦਾਸ ਕਰੇ ਸਰਦਾਰ,
ਗੁਰੂ ਗੋਬਿੰਦ ਸਿੰਘ ਸੀ ਉਹ ।
ਜੀਹਨੇ ਰੱਬ ਬਣਾਇਆ ਯਾਰ,
ਗੁਰੂ ਗੋਬਿੰਦ ਸਿੰਘ ਸੀ ਉਹ ।

ਜੀਹਨੇ ਘਾਹੀਓਂ ਕਵੀ ਬਣਾਏ,
ਗੁਰੂ ਗੋਬਿੰਦ ਸਿੰਘ ਸੀ ਉਹ ।
ਜੀਹਨੇ ਨੀਚੋਂ ਊਚ ਕਰਾਏ,
ਗੁਰੂ ਗੋਬਿੰਦ ਸਿੰਘ ਸੀ ਉਹ ।
ਜੀਹਨੇ ਚਿੜੀਓਂ ਬਾਜ਼ ਤੁੜਾਏ,
ਗੁਰੂ ਗੋਬਿੰਦ ਸਿੰਘ ਸੀ ਉਹ ।
ਜੀਹਨੇ ਨ੍ਹੇਰੇ ਰਾਹ ਰੁਸ਼ਨਾਏ,
ਗੁਰੂ ਗੋਬਿੰਦ ਸਿੰਘ ਸੀ ਉਹ ।

3. ਗੁਰੂ ਨਾਨਕ ਦੇਵ ਜੀ ਤੇ ਵਲੀ ਕੰਧਾਰੀ

੧.
ਗੁਰੂ ਨਾਨਕ ਜੀ ਹਸਨ ਅਬਦਾਲ ਬੈਠੇ,
ਲੋਕਾਂ ਆ ਹਜ਼ੂਰ ਫ਼ਰਿਆਦ ਕੀਤੀ:
'ਪਾਣੀ ਬਾਝ ਮੱਛੀ ਵਾਂਗੂੰ ਤੜਫਦੇ ਹਾਂ,
ਸਾਡੀ ਆ ਨਾ ਕਿਸੇ ਨੇ ਸਾਰ ਲੀਤੀ

ਇਕੋ ਸੋਮਾ ਪਹਾੜੀ ਤੋਂ ਆਂਵਦਾ ਸੀ,
ਉਹ ਵੀ ਪੀਰ ਜੀ ਵਲੀ ਅਟਕਾ ਲਿਆ
ਸਾਨੂੰ ਸਾਰਿਆਂ ਨੂੰ ਇੰਝ ਜਾਪਦਾ ਏ,
ਫਾਹਾ ਗਲ ਸਾਡੇ ਓਸ ਪਾ ਲਿਆ।'

ਗੱਲ ਸੁਣ ਸਤਿਗੁਰ ਕੁਝ ਪਏ ਸੋਚੀਂ
ਭਾਈ ਮਰਦਾਨੇ ਨੂੰ ਨੇੜੇ ਬੁਲਾਂਵਦੇ ਨੇ
ਵਲੀ ਤਾਈਂ ਜੋ ਕੁਝ ਆਖਣਾ ਏਂ,
ਸਭ ਕੁਝ ਉਨ੍ਹਾਂ ਨੂੰ ਫੇਰ ਸਮਝਾਂਵਦੇ ਨੇ

੨.
ਭਾਈ ਮਰਦਾਨਾ ਕੰਧਾਰੀ ਨੂੰ ਕਹਿਣ ਲੱਗੇ:
'ਵਲੀਆਂ ਵਾਲੀ ਕੋਈ ਵਲੀ ਜੀ ਗੱਲ ਚਾਹੀਏ
ਤ੍ਰੇਹ ਨਾਲ ਲੋਕੀ ਕਿਦਾਂ ਵਿਲਕਦੇ ਨੇ!
ਏਸ ਗੱਲ ਦਾ ਕੋਈ ਤੇ ਹੱਲ ਚਾਹੀਏ

ਜਿਨ੍ਹਾਂ ਚੀਜ਼ਾਂ ਤੇ ਜ਼ਿੰਦਗੀ ਟਿਕੀ ਹੋਈ,
ਸਾਨੂੰ ਕੁਦਰਤ ਮੁਫ਼ਤ ਉਹ ਦਿੱਤੀਆਂ ਨੇ
ਬੰਦੇ ਰੱਬ ਦੇ ਇਨ੍ਹਾਂ ਨੂੰ ਮਾਰਨੇ ਲਈ,
ਤੁਸੀਂ ਕਾਹਨੂੰ ਤਣਾਵਾਂ ਖਿੱਚੀਆਂ ਨੇ ?

ਤੁਹਾਨੂੰ ਪਿਆਸ ਲੱਗੇ, ਪਾਣੀ ਮਿਲੇ ਕੋਈ ਨਾ,
ਕਿਦਾਂ ਤੜਫੋਗੇ ਤੁਸੀਂ ਖ਼ਿਆਲ ਕਰ ਲਉ
ਤੁਹਾਡੇ ਕੋਲ ਪਾਣੀ ਤੁਸੀਂ ਵੰਡੋ ਪਾਣੀ,
ਖਾਲੀ ਝੋਲੀ ਦੁਆਵਾਂ ਦੇ ਨਾਲ ਭਰ ਲਉ

ਪਾਣੀ ਪਿਤਾ ਵੀ ਹੈ ਪਾਣੀ ਜਿੰਦ ਵੀ ਹੈ,
ਪਾਣੀ ਸਭ ਦਾ ਭਲਾ ਹੀ ਲੋਚਦਾ ਹੈ
ਜਿੱਦਾਂ ਤੁਸਾਂ ਨੇ ਜਿੱਦ ਹੈ ਫੜੀ ਹੋਈ
ਕੋਈ ਪੀਰ ਵੀ ਇਸ ਤਰ੍ਹਾਂ ਸੋਚਦਾ ਹੈ ?

ਪਾਣੀ ਨਾਲ ਹੀ ਸੱਭੇ ਰੌਣਕਾਂ ਨੇ,
ਪਾਣੀ ਨਾਲ ਹੀ ਗੁਲੋ-ਗੁਲਜ਼ਾਰ ਹੋਵਣ
ਬਿਨਾਂ ਪਾਣੀ ਫਿਰ ਜੀਵਾਂ ਦੀ ਜਾ ਕੀ ਏ,
ਲਹਿ ਲਹਿ ਕਰਦੇ ਜੰਗਲ ਉਜਾੜ ਹੋਵਣ

ਬਾਬੇ ਨਾਨਕ ਦਾ ਤੁਸੀਂ ਕਿਹਾ ਮੰਨੋ,
ਸੋਮਾ ਪਾਣੀ ਦਾ ਵਲੀ ਜੀ ਛੱਡ ਦੇਵੋ
ਰੱਸੀ ਲੋਕਾਂ ਦੇ ਗਲੀਂ ਜੋ ਪਾ ਰੱਖੀ,
ਉਠੋ ਪਿਆਰ ਦੇ ਨਾਲ ਉਹ ਵੱਢ ਦੇਵੋ।'

4. ਤੂੰ ਮੇਰਾ ਮੀਂਹ ਏਂ

ਇਕ ਦਿਨ ਸ਼ਾਮੀਂ ਬੱਦਲ ਛਾਏ
ਬਿਜਲੀ ਵਿੱਚੋਂ ਮੂੰਹ ਵਿਖਾਏ
ਫੇਰ ਜ਼ੋਰ ਦੀ ਬੁੱਲਾ ਆਇਆ
ਨਾਲ ਆਪਣੇ ਮੀਂਹ ਲਿਆਇਆ
ਮੇਰਾ ਮਨ ਨ੍ਹਾਉਣ ਦਾ ਕਰਿਆ
ਸਾਰਾ ਕੁਝ ਲਾਹ ਮੰਜੇ ਧਰਿਆ
ਮੀਂਹ ਵਿੱਚ ਭਿੱਜਾਂ ਖ਼ੁਸ਼ ਹੋ ਜਾਵਾਂ
ਐਧਰ ਓਧਰ ਦੌੜ ਲਗਾਵਾਂ
ਮੈਂ ਮੰਮੀਂ ਦੇ ਕੋਲ ਖਲੋਇਆ
'ਵੇਖੋ ਮੰਮੀ ਮੈਂ ਮੀਂਹ ਹੋਇਆ'
ਮੰਮੀ ਅੱਗੋਂ ਹੱਸਣ ਲੱਗੇ
ਮੈਨੂੰ ਅੱਗੋਂ ਦੱਸਣ ਲੱਗੇ
'ਹਾਂ ਪੁੱਤਰ ਤੂੰ ਮੇਰਾ ਮੀਂਹ ਏਂ
ਮੇਰੇ ਸਭ ਕਾਸੇ ਦੀ ਨੀਂਹ ਏਂ'
ਮੈਂ ਪੁੱਛਿਆ, 'ਮੈਂ ਕਿਦਾਂ ਮੀਂਹ ਹਾਂ?
ਤੇਰੇ ਸਭ ਕਾਸੇ ਦੀ ਨੀਂਹ ਹਾਂ'
'ਮੀਂਹ ਸਭਨਾਂ ਦੀਆਂ ਗਰਦਾਂ ਲਾਹਵੇ,
ਸਭਨਾਂ ਤਾਈਂ ਸੋਹਣਾ ਬਣਾਵੇ
ਤੂੰ ਵੀ ਸਭ ਕੁਝ ਸੋਹਣਾ ਬਣਾਵੇਂ
ਮੇਰੇ ਮਨ ਦੀ ਮੈਲ ਉਡਾਵੇਂ
ਏਸੇ ਲਈ ਤੂੰ ਮੇਰਾ ਮੀਂਹ ਏਂ
ਮੇਰੇ ਸਭ ਕਾਸੇ ਦੀ ਨੀਂਹ ਏਂ।'

5. ਬਸੰਤ

ਬਸੰਤ ਆਈ ਤਾਂ ਹਵਾ ਹੋਈ ਮਹਿਕ ਭਿੰਨੀ,
ਕੋਇਲ ਕੂਕ ਕੇ ਅੰਬਾਂ 'ਤੇ ਸ਼ਹਿਦ ਘੋਲੇ ।
ਬੈਠੀ ਖ਼ੁਸ਼ੀ ਦੇ ਗੀਤ ਉਹ ਗਾਂਵਦੀ ਏ,
ਭਾਵੇਂ ਸਮਝੇ ਨਾ ਕੋਈ ਕੀ ਬੋਲ ਬੋਲੇ ।

ਬੂਰ ਨਿਕਲਕੇ ਟਾਹਣੀਓਂ ਬਾਹਰ ਆਇਆ,
ਆਈਆਂ ਮੱਖੀਆਂ ਸ਼ਹਿਦ ਲੈ ਜਾਵਣੇ ਨੂੰ ।
ਤਿਤਲੀ ਉੱਡਦੀ ਘੁੰਮ ਘੁੰਮ ਪਾਏ ਪੈਲਾਂ,
ਆਈ ਫੁੱਲਾਂ ਦੇ ਰੰਗ ਵਧਾਵਣੇ ਨੂੰ ।

ਉਪਰ ਵੱਲ ਅਸਮਾਨ ਜਾਂ ਨਜ਼ਰ ਕਰੀਏ,
ਆਈ ਪਤੰਗਾਂ ਦੀ ਕੋਈ ਬਹਾਰ ਦਿੱਸੇ ।
ਰੰਗ-ਬਰੰਗੇ ਪਤੰਗ ਇਉਂ ਮਨ-ਮੋਂਹਦੇ,
ਉਡਦੇ ਪੰਛੀਆਂ ਦੀ ਜਿੱਦਾਂ ਡਾਰ ਦਿੱਸੇ ।

ਛੋਟੇ ਬੱਚੇ ਗੁਬਾਰੇ ਉਡਾ ਰਹੇ ਨੇ,
ਉਨ੍ਹਾਂ ਘਰ ਹੀ ਮੇਲੇ ਲਗਾਏ ਹੋਏ ਨੇ
ਹੱਥੋਂ ਛੁਟ ਗੁਬਾਰੇ ਜਾ ਛੱਤ ਲੱਗਦੇ,
ਜਿਵੇਂ ਕਿਸੇ ਨੇ ਆਪ ਸਜਾਏ ਹੋਏ ਨੇ

6. ਚੰਨ ਨਾਲ ਦੌੜ

ਇਕ ਦਿਨ ਥੋੜ੍ਹੀ ਰਾਤ ਗਈ ਤੇ ਮੈਂ ਉਪਰ ਵੱਲ ਤੱਕਿਆ
ਚੰਨ ਚਮਕਦਾ ਵੇਖ ਕੇ ਮੈਨੂੰ ਜੋਰ ਜੋਰ ਦੀ ਹੱਸਿਆ ।
ਮੈਂ ਉਸ ਵੱਲ ਤੱਕਾਂ ਤੇ ਖੁਸ਼ ਹੋਵਾਂ ਉਹ ਵੀ ਖੁਸ਼ ਖੁਸ਼ ਦਿੱਸੇ
ਮੇਰੇ ਤੋਂ ਵੀ ਬਹੁਤੀ ਖੁਸ਼ੀ ਜਾਪਦੀ ਆਈ ਉਸਦੇ ਹਿੱਸੇ
ਮੈਂ ਤੁਰਾਂ ਤੇ ਉਪਰ ਚੰਨ ਵੀ ਨਾਲ ਨਾਲ ਮੇਰੇ ਟੁਰਦਾ
ਮੈਂ ਰੁਕ ਵੇਖਾਂ ਜਾਂ ਉਸ ਵੰਨੇ ਉਸੇ ਵੇਲੇ ਉਹ ਰੁਕਦਾ
ਮੇਰੇ ਮਨ ਆਈ ਕਿਉਂ ਨਾ ਇਸ ਨਾਲ ਦੌੜ ਲਗਾਵਾਂ
ਇਹ ਤੇ ਬਹੁਤ ਹੀ ਹੌਲੀ ਤੁਰਦਾ ਇਹਨੂੰ ਹੁਣੇ ਹਰਾਵਾਂ
ਵਿਹੜੇ ਵਿਚ ਮੈਂ ਸ਼ੂਟ ਵੱਟ ਲਈ ਉਹ ਵੀ ਭੱਜੀਂ ਜਾਵੇ
ਥੋੜ੍ਹੇ ਚਿਰ ਨੂੰ ਮੈਂ ਤਾਂ ਥੱਕੀ ਪਰ ਉਹ ਹੱਸੀਂ ਜਾਵੇ
ਮੈਂ ਦਾਦੀ ਮਾਂ ਕੋਲ ਗਈ ਤੇ ਉਹਨੂੰ ਇਹ ਗੱਲ ਦੱਸੀ
ਮੈਨੂੰ ਕੋਈ ਸਮਝ ਪਈ ਨਾ ਉਹ ਕਿਉਂ ਅੱਗੋਂ ਹੱਸੀ ?

7. ਤਾਰੇ

ਨਿੱਕੇ ਨਿੱਕੇ ਪਿਆਰੇ ਪਿਆਰੇ ।
ਚਮਕਣ ਵਿਚ ਅਸਮਾਨੀ ਤਾਰੇ ।
ਦਿਨ ਵੇਲੇ ਕਿਧਰੇ ਲੁਕ ਜਾਂਦੇ ।
ਰਾਤੀਂ ਆ ਫਿਰ ਟਿਮਟਿਮਾਂਦੇ ।
ਜਦ ਜ਼ਰਾ ਕੁ ਬੱਦਲ ਹੋਵਣ ।
ਉਹਨਾਂ ਪਿੱਛੇ ਮੂੰਹ ਲੁਕੋਵਣ ।
ਬੱਦਲ ਜਦ ਪਰ੍ਹਾਂ ਹੋ ਜਾਵਣ ।
ਫਿਰ ਲਗਦੇ ਝਾਤੀਆਂ ਪਾਵਣ ।
ਜੀ ਕਰੇ ਇਨ੍ਹਾਂ ਕੋਲ ਜਾਵਾਂ ।
ਇਹਨਾਂ ਨਾਲ ਦੋਸਤੀ ਪਾਵਾਂ ।
ਮੰਮੀ ਨੂੰ ਮੈਂ ਜਾ ਸੁਣਾਇਆ ।
ਮੰਮੀ ਮੈਨੂੰ ਇਹ ਸਮਝਾਇਆ ।
'ਦੁੱਧ ਪੀ ਕੇ ਵੱਡਾ ਹੋ ਜਾਵੀਂ ।
ਉਨ੍ਹਾਂ ਨਾਲ ਦੋਸਤੀ ਪਾਵੀਂ' ।

8. ਕੋਇਲ

ਅੰਬਾਂ ਉੱਤੇ ਬੂਰ ਆ ਗਿਆ
ਕੋਇਲ ਨੂੰ ਸਰੂਰ ਆ ਗਿਆ
ਸਾਰਾ ਦਿਨ ਕੂ ਕੂ ਪਈ ਕਰਦੀ
ਸਭਨਾਂ ਦੇ ਮਨ ਖ਼ੁਸ਼ੀਆਂ ਭਰਦੀ
ਰੰਗ ਇਸਦਾ ਭਾਵੇਂ ਹੈ ਕਾਲਾ
ਬੋਲ ਇਦ੍ਹਾ ਪਰ ਮਿੱਠਾ ਬਾਹਲਾ
ਆਪਣਾ ਆਲ੍ਹਣਾ ਨਹੀਂ ਬਣਾਉਂਦੀ
ਕਾਂ-ਆਲ੍ਹਣੇ ਆਂਡੇ ਦੇ ਆਉਂਦੀ
ਜਦ ਬੱਚੇ ਹੋ ਜਾਣ ਉਡਾਰ
ਮਾਂ ਸੰਗ ਜਾਣ ਉਡਾਰੀ ਮਾਰ
ਪਰ ਜਦ ਰੁੱਤ ਸਰਦੀ ਆਵੇ
ਲੱਗੇ ਬਾਹਰ ਪੰਜਾਬੋਂ ਜਾਵੇ

9. ਤੋਤਾ

ਸਾਵਾ ਹਰਾ ਰੰਗ ਹੈ ਇਸਦਾ
ਬਾਹਰੋਂ ਕਿੰਨਾ ਸੁੰਦਰ ਦਿਸਦਾ
ਬੈਠੇ ਜਦ ਆ ਅੰਬਾਂ ਉੱਤੇ
ਕੱਚੀਆਂ ਹੀ ਅੰਬੀਆਂ ਟੁੱਕੇ
ਢਿੱਡ ਵਿਚ ਉਨੇ ਫਲ ਨਹੀਂ ਪਾਂਦਾ
ਜਿੰਨੇ ਟੁਕ ਟੁਕ ਸੁਟਦਾ ਜਾਂਦਾ
ਇਹੋ ਇਸਦੀ ਗੱਲ ਹੈ ਮਾੜੀ
ਜਾਂਦਾ ਸਾਰੀ ਫਸਲ ਉਜਾੜੀ
ਕਈ ਲੋਕੀ ਘਰ ਇਸ ਨੂੰ ਪਾਲਣ
ਆਪਣੀ ਬੋਲੀ ਇਹਨੂੰ ਸਿਖਾਲਣ
ਮਿਠੂ ਬਣ ਮਨ ਸਭਦਾ ਮੋਹੇ
ਚੂਰੀ ਖਾਵੇ ਤੇ ਖ਼ੁਸ਼ ਹੋਵੇ
ਬੱਚਿਆਂ ਨਾਲ ਰਿਚ-ਮਿਚ ਜਾਵੇ
ਗੱਲਾਂ ਉਨ੍ਹਾਂ ਤਾਈਂ ਸੁਣਾਵੇ

10. ਬੁਲਬੁਲ

ਬੁਲਬੁਲ ਫੁੱਲਾਂ ਕੋਲ ਆ ਕੇ ਜਾਂ ਬਹਿੰਦੀ ਏ ।
ਮਿੱਠੀਆਂ ਗੱਲਾਂ ਰੋਜ਼ ਉਨ੍ਹਾਂ ਨੂੰ ਕਹਿੰਦੀ ਏ ।
ਉਹ ਗਾਉਂਦੀ ਤਾਂ ਫੁੱਲ ਹੋਰ ਵੀ ਖਿੜ ਜਾਂਦੇ।
ਮਹਿਕ ਵੰਡਕੇ ਅਪਣੀ ਜਗ ਨੂੰ ਮਹਿਕਾਂਦੇ ।
ਬੁਲਬੁਲ ਬਹੁਤਾ ਪੱਕਿਆ ਫਲ ਹੀ ਖਾਂਦੀ ਏ ।
ਤੋਤੇ ਵਾਂਗ ਨਾ ਟੁਕ ਟੁਕ ਢੇਰ ਲਗਾਂਦੀ ਏ ।
ਜਦ ਵੀ ਗੀਤ ਸੁਣਾਵੇ ਮਨ ਮੋਹ ਲੈਂਦੀ ਏ ।
ਹਰ ਵੇਲੇ ਨਾ ਰੌਲਾ ਪਾਉਂਦੀ ਰਹਿੰਦੀ ਏ ।
ਕੀਟ-ਪਤੰਗੇ ਜੋ ਰੋਗ ਲਗਾਉਂਦੇ ਫੁੱਲਾਂ ਨੂੰ ।
ਰਸ ਉਨ੍ਹਾਂ ਦਾ ਪੀ ਪੀ ਮੁਰਝਾਉਂਦੇ ਫੁੱਲਾਂ ਨੂੰ ।
ਬੁਲਬੁਲ ਉਨ੍ਹਾਂ ਨੂੰ ਖਾ ਕੇ ਬਚਾਵੇ ਫੁੱਲਾਂ ਨੂੰ ।
ਟਹਿਕੇ ਆਪ ਸਦਾ ਟਹਿਕਾਵੇ ਫੁੱਲਾਂ ਨੂੰ ।

11. ਕਾਲੀ ਘਟਾ

ਅਹੁ ਵੇਖੋ ! ਆ ਰਹੀ ਘਟ ਘਨਘੋਰ ਜੇਹੀ ਹੈ ।
ਮੇਰੇ ਮਨ ਵਿਚ ਉੱਠ ਰਹੀ ਇਕ ਲੋਰ ਜੇਹੀ ਹੈ ॥
ਬਗਲਿਆਂ ਦੀ ਜੋ ਡਾਰ ਓਸਦੇ ਹੇਠੋਂ ਲੰਘੀ,
ਚਿੱਟੀਆਂ ਕਲੀਆਂ ਵਾਲੀ ਲਗਦੀ ਡੋਰ ਜੇਹੀ ਹੈ ॥
ਲਗਦੈ ਪਿੱਛੋਂ ਤੇਜ਼ ਹਵਾ ਕੋਈ ਧੱਕੀ ਜਾਵੇ,
ਤਾਹੀਂਉਂ ਹੋਰ ਤਿਖੇਰੀ ਇਹਦੀ ਤੋਰ ਜੇਹੀ ਹੈ ॥
ਹਰ ਪਲ ਸ਼ਕਲ ਇਹਦੀ ਹੈ ਬਦਲੀ ਜਾਂਦੀ,
ਵੱਡੇ ਪਰਬਤ ਤੋਂ ਹੋਈ ਕੁਝ ਹੋਰ ਜੇਹੀ ਹੈ ॥
ਭੱਜੀ ਜਾਵੇ ਚੁੱਕ ਖ਼ਜ਼ਾਨਾ ਕਣੀਆਂ ਦਾ ਇਹ,
ਪਹਿਲੀ ਨਜ਼ਰੇ ਤੱਕਿਆਂ ਕਾਲੇ ਚੋਰ ਜੇਹੀ ਹੈ ॥

12. ਖ਼ੁਸ਼ਬੂ

ਮੈਂ ਖ਼ੁਸ਼ਬੂ ਹਾਂ, ਮੈਂ ਖ਼ੁਸ਼ਬੂ ਹਾਂ, ਸਭਨਾਂ ਤਾਈਂ ਮੈਂ ਮਹਿਕਾਵਾਂ ।
'ਜੋ ਸਭਨਾਂ ਨੂੰ ਖ਼ੁਸ਼ੀ ਵੰਡਦੀ', ਏਹੋ ਹੈ ਮੇਰਾ ਸਿਰਨਾਵਾਂ ।

ਹਰ ਫੁੱਲ ਵਿੱਚ ਹੈ ਮੇਰਾ ਵਾਸਾ, ਪੌਣ ਕੰਧਾੜੇ ਮੈਂ ਹਾਂ ਚੜ੍ਹਦੀ ।
ਜਿੱਧਰ ਉਹ ਲਿਜਾਵੇ ਮੈਨੂੰ, ਓਸੇ ਘਰ ਮੈਂ ਹਾਂ ਜਾ ਵੜਦੀ ।
ਨੱਕੋਂ ਲੰਘ ਦਿਮਾਗੇ ਵਸਦੀ, ਓਥੇ ਜਾ ਕੇ ਖ਼ੁਸ਼ੀ ਖਿੰਡਾਵਾਂ ।

ਭੌਰ, ਤਿਤਲੀਆਂ ਸਾਥੀ ਮੇਰੇ, ਹਿਰਨਾਂ ਨਾਲ ਵੀ ਮੇਰੀ ਆੜੀ ।
ਮੇਰੇ ਲਈ ਸਭ ਇੱਕੋ ਵਰਗੇ, ਭਾਵੇਂ ਰਹਿੰਦੇ ਮਹਿਲ ਜਾਂ ਮਾੜੀ ।
ਓਸੇ ਪਾਸੇ ਹਾਸੇ ਬਰਸਣ, ਜਿੱਧਰ ਜਿੱਧਰ ਪੈਰ ਮੈਂ ਪਾਵਾਂ ।

13. ਲੋਰੀ-ਧੀ ਲਈ

ਆ ਨੀ ਨੀਂਦੇ ਛੇਤੀ ਆ ।
ਮੇਰੀ ਧੀ ਨੂੰ ਥਾਪੜ ਜਾ ।
ਤਿਤਲੀ ਬਣ ਕੇ ਖੰਭ ਫੈਲਾ ।
ਮੇਰੀ ਧੀ ਨੂੰ ਪੱਖਾ ਝੁਲਾ ।

ਹੱਸਦੀ ਹੱਸਦੀ ਥੱਕ ਜਾਂਦੀ ਏ ।
ਨੱਸਦੀ ਨੱਸਦੀ ਅੱਕ ਜਾਂਦੀ ਏ ।
ਆ ਕੇ ਇਹਨੂੰ ਲੋਰੀ ਸੁਣਾ ।
ਮਨ ਇਹਦੇ ਨੂੰ ਆ ਪਰਚਾ ।
ਆ ਨੀ ਨੀਂਦੇ ਛੇਤੀ ਆ ।

ਸੁਪਨਿਆਂ ਦੇ ਇਹਨੂੰ ਦੇਸ਼ ਲਿਜਾਈਂ ।
ਪਰੀਆਂ ਦੀ ਇਹਨੂੰ ਗੋਦ ਬਿਠਾਈਂ ।
ਕਿਰਨਾਂ ਦੀ ਅਸਵਾਰ ਬਣਾ ।
ਤਾਰਿਆਂ ਕੋਲੇ ਲੈ ਕੇ ਜਾ ।
ਆ ਨੀ ਨੀਂਦੇ ਛੇਤੀ ਆ ।

ਦੁੱਧ-ਨਦੀ 'ਚੋਂ ਦੁੱਧ ਪਿਆ ਕੇ ।
ਗਗਨਾਂ ਦਾ ਸੰਗੀਤ ਸੁਣਾ ਕੇ ।
ਮੁੜ ਕੇ ਚਾਈਂ ਚਾਈਂ ਆ ।
ਸਾਡੇ ਕੋਲੇ ਮੁੜ ਛੱਡ ਜਾ ।
ਆ ਨੀ ਨੀਂਦੇ ਛੇਤੀ ਆ ।

14. ਧੀ ਰਾਣੀ

ਮੇਰੀ ਧੀ ਘੂਕ ਪਈ ਏ ਸੁੱਤੀ,
ਹਾਸਾ ਬੁੱਲ੍ਹੀਆਂ ਉੱਤੇ ਖੇਡੇ ।
ਇਉਂ ਲੱਗਦੈ ਖਿਡਾਣ ਲਈ ਉਹਨੂੰ,
ਨੀਂਦ-ਪਰੀ ਲੈ ਗਈ ਦੁਰੇਡੇ ।

'ਉਸ ਬਾਗੇ ਪਤਝੜ ਨਹੀਂ ਆਉਂਦੀ,
ਸਦੀਵੀ ਰੁੱਤ ਬਹਾਰ ਹੈ ਰਹਿੰਦੀ ।
ਆਪੇ ਤਲੀਆਂ ਤੇ ਆ ਲਗਦੀ,
ਕਾਲੇ ਬਾਗਾਂ ਵਾਲੀ ਮਹਿੰਦੀ ।

ਉਸ ਬਾਗ ਦੇ ਸਾਰੇ ਪੰਛੀ,
ਹਮੇਸ਼ਾ ਮਿੱਠੀ ਬੋਲੀ ਬੋਲਣ ।
ਇਕ ਦੂਜੇ ਤੇ ਰੋਅਬ ਪਾਣ ਲਈ,
ਕਦੇ ਵੀ ਆਪਣੇ ਪਰ ਨਾ ਤੋਲਣ ।

ਮਾਂ ਵਰਗੀ ਉਸ ਬਾਗ ਦੀ ਮਾਲਣ,
ਜਿਹੜੀ ਉੱਥੇ ਸਦੀਵੀ ਰਹਿੰਦੀ ।
ਜਿਹੜਾ ਫਲ ਧੀ ਰਾਣੀ ਚਾਹਵੇ,
ਉਸਨੂੰ ਹੱਸਦੀ ਲਾਹ ਉਹ ਦਿੰਦੀ ।

ਹਰ ਬੂਟੇ ਤੇ ਫੁੱਲ ਖਿੜੇ ਨੇ,
ਸੋਹਣੇ-ਸੋਹਣੇ ਰੰਗ ਬਿਰੰਗੇ ।
ਸਭਨਾਂ ਨੂੰ ਖੁਸ਼ਬੋਈ ਵੰਡਣ,
ਮੰਗੇ ਭਾਵੇਂ ਨਾ ਕੋਈ ਮੰਗੇ ।'

ਏਨੇ ਨੂੰ ਉਹਦੀ ਮਾਂ ਆਈ,
ਉਹਦੇ ਮੱਥੇ ਨੂੰ ਹੱਥ ਲਾਇਆ ।
ਹੱਸ ਧੀ ਨੇ ਅੱਖਾਂ ਖੋਲ੍ਹੀਆਂ,
ਉਸਨੇ ਚੁੱਕ ਸੀਨੇ ਨਾਲ ਲਾਇਆ ।

15. ਰਾਣੀ ਧੀ

1
ਦੀਪ ਆਸਾਂ ਤੇ ਖ਼ੁਸ਼ੀਆਂ ਦੇ ਬਾਲ ਅਸਾਂ,
ਮਨ ਦੀਆਂ ਮੰਮਟੀਆਂ ਸਭ ਸਜਾਈਆਂ ਨੇ ।
ਤੇਲ ਪਾਉਣ ਲਈ ਹੋਰ ਮਨਦੀਪ ਆਈ,
ਤਾਹੀਂਉਂ ਵਧੀਆਂ ਹੋਰ ਰੁਸ਼ਨਾਈਆਂ ਨੇ ।
2
ਉਹਦੇ ਹਾਸੇ ਦੇ ਨਾਲ ਹੀ ਖਿੜਨ ਕਲੀਆਂ,
ਉਹਦੇ ਬੋਲ ਨਾਲ ਬੁਲਬਲਾਂ ਚਹਿਕਦੀਆਂ ।
ਜਦੋਂ ਦਿਲ ਦੀ ਗੋਦ ਉਹ ਆ ਬੈਠੇ,
ਚਾਰੇ ਕੂੰਟਾਂ ਨੇ ਆਪੇ ਹੀ ਮਹਿਕਦੀਆਂ ।
3
ਲਹਿਰ ਉਠੀ ਖ਼ਿਆਲਾਂ ਦੀ ਨਦੀ ਵਿਚੋਂ,
ਉਛਲ ਕੰਢਿਓਂ ਤਾਰਮਤਾਰ ਕਰ ਗਈ ।
ਖਾਲੀ ਨਿਵਾਣ ਸੀ ਜੋ ਪਿਆਰ ਵੱਲੋਂ,
ਉਨ੍ਹਾਂ ਸਭਨਾਂ ਤਾਈਂ ਸਰਸ਼ਾਰ ਕਰ ਗਈ ।
4
ਦਿਲ ਚਾਹੁੰਦਾ ਪਰੀ ਦੇ ਖੰਭ ਲੱਗਣ,
ਸਾਡੀ ਝੋਲ ਅੰਦਰ ਉੱਡ ਆ ਜਾਵੇ ।
ਪੰਛੀ ਪਿਆਰ ਦੇ ਬੋਲ ਜੋ ਬੋਲਦੇ ਨੇ,
ਵਿੱਚ ਆਪਣੇ ਬੋਲ ਰਲਾ ਜਾਵੇ ।
5
ਅੱਖਾਂ ਬੰਦ ਕਰ ਜਦੋਂ ਵੀ ਵੇਖਦੇ ਹਾਂ,
ਖੇਡੇ ਵਿਹੜੇ ਖਿੜੀ ਬਹਾਰ ਵਾਂਗੂੰ ।
ਤੱਤੀ ਲੂ ਭਾਵੇਂ ਬਾਹਰ ਵਗਦੀ ਏ,
ਛੱਟੇ ਸੁੱਟਦੀ ਜਾਏ ਫੁਹਾਰ ਵਾਂਗੂੰ ।
6
ਤ੍ਰੇਲ-ਮੋਤੀਉਂ ਸੂਰਜ-ਕਿਰਣ ਲੰਘੇ,
ਸਤ-ਰੰਗੜੀ ਪੀਂਘ ਉਹ ਪਾ ਜਾਂਦੀ ।
ਮਨ ਦੇ ਸ਼ੀਸ਼ਿਉਂ ਲੰਘ ਮੁਸਕਾਨ ਤੇਰੀ,
ਸਭ ਪਾਸੇ ਹੈ ਰੰਗ ਬਿਖਰਾ ਜਾਂਦੀ ।
7
ਤੈਨੂੰ ਕਦੇ ਨਾ ਚੰਦਰੀ ਨਜ਼ਰ ਲੱਗੇ,
ਸਦਾ ਬਚ ਕੇ ਰਹੇਂ ਮੱਕਾਰੀਆਂ ਤੋਂ ।
ਸਿਦਕ ਉਂਗਲੀ ਫੜ ਲੰਘਾਏ ਤੈਨੂੰ,
ਬਿਖੜੇ ਪੈਂਡਿਉਂ ਔਕੜਾਂ ਸਾਰੀਆਂ ਤੋਂ ।
8
ਤੇਰੇ ਮਨ ਦੀ ਉੱਚੀ ਉਡਾਣ ਹੋਵੇ,
ਦੀਵੇ ਬਾਲਦੀ ਰਹੇਂ ਸੱਚਾਈ ਵਾਲੇ ।
ਸਦਾ ਵਿਹੜੇ 'ਚ ਰੌਣਕਾਂ ਲਾਈ ਰੱਖੇਂ,
ਕੰਮ ਕਰਦੀ ਰਹੇਂ ਦਾਨਾਈ ਵਾਲੇ ।
9
ਤੇਰੀ ਨਜ਼ਰੋਂ ਨਜ਼ਰਾਂ ਪੈਂਦਿਆਂ ਹੀ,
ਕੋਇਲਾਂ ਵਿਛੜੀਆਂ ਕੱਠੀਆਂ ਹੋ ਗਈਆਂ ।
ਅਚਣਚੇਤ ਜਿਹੜੇ ਕਿਤੇ ਪੈ ਗਏ ਸਨ,
ਸਾਰੇ ਦਿਲ ਦੇ ਦਾਗ਼ ਉਹ ਧੋ ਗਈਆਂ ।
10
ਰਾਤ ਘੁੱਪ-ਕਾਲੀ ਕਾਲੀ ਘਟਾ ਗਰਜੇ,
ਵਿੱਚੋਂ ਬਿਜਲੀ ਜਿਉਂ ਚਮਕ ਮਾਰ ਜਾਂਦੀ ।
ਰਾਣੀ ਧੀ ਜਾਂ ਖਿਆਲਾਂ ਦੇ ਮਹਿਲ ਆਵੇ,
ਤਪਦੇ ਸੀਨਿਆਂ ਤਾਈਂ ਏ ਠਾਰ ਜਾਂਦੀ ।
11
ਪਿੱਛੇ ਤਿਤਲੀਆਂ ਉੱਡਦੀ ਜਾਂਵਦੀ ਜਾਂ,
ਕੇਸ ਉੱਡਦੇ ਨਦੀ ਦੀ ਲਹਿਰ ਵਾਂਗੂੰ ।
ਜਦੋਂ ਗੱਲ ਨਾ ਕਰੇ ਤੇ ਚੁੱਪ ਰਹਿੰਦੀ,
ਘੜੀ ਘੜੀ ਲੰਘੇ ਪਹਿਰ ਪਹਿਰ ਵਾਂਗੂੰ ।
12
ਸੂਰਜ ਚਮਕਦਾ ਬਦਲੀ ਜਿਉਂ ਆ ਢਕਦੀ,
ਵਿੱਚੋਂ ਝਾਕੇ 'ਬਲੇਕ' ਦੇ ਬਾਲ ਵਾਂਗੂੰ ।
ਜਦੋਂ ਕਦੇ ਉਦਾਸੀ ਆ ਘੇਰਦੀ ਏ,
ਆ ਸਾਹਮਣੇ ਖੜੇ ਉਹ ਢਾਲ ਵਾਂਗੂੰ ।

(ਬਲੇਕ=ਅੰਗ੍ਰੇਜੀ ਦੇ ਮਸ਼ਹੂਰ ਕਵੀ ਵਿਲੀਅਮ ਬਲੇਕ)

(ਇਹ ਰਚਨਾ ਅਧੂਰੀ ਹੈ)

ਮੁੱਖ ਪੰਨਾਂ
ਪੰਜਾਬੀ ਗ਼ਜ਼ਲਾਂ
ਵਿਸ਼ਵ-ਪ੍ਰਸਿੱਧ ਕਹਾਣੀਆਂ ਦਾ ਕਾਵਿ-ਰੂਪ