Swami Antar Nirav
ਸਵਾਮੀ ਅੰਤਰ ਨੀਰਵ

Punjabi Writer
  

Punjabi Poetry Swami Antar Nirav

ਪੰਜਾਬੀ ਰਾਈਟਰ ਸਵਾਮੀ ਅੰਤਰ ਨੀਰਵ

ਕਵਿਤਾ ਦੀ ਰਾਤ

ਬਹੁਤ ਲੰਬੀ ਹੁੰਦੀ
ਕਵਿਤਾ ਦੀ ਰਾਤ

...
ਕਵਿਤਾ ਦੀ ਰਾਤ
ਸੱਭ ਚੁੱਪ ਹੋ ਜਾਂਦਾ
ਕਵਿਤਾ ਦੀ ਰਾਤ
ਕੁੱਝ ਚੁੱਪ ਨਹੀਂ ਰਹਿੰਦਾ
ਤਾਰਿਆਂ ਤੋਂ ਲੈ
ਸਾਬਣਦਾਨੀ ਤਕ
ਸਭ ਗੱਲਾਂ ਕਰਦੇ
ਸੁਣਦੇ
ਬੁੱਝਦੇ
ਪੁੱਝਦੇ
ਕਵਿਤਾ ਦੀ ਰਾਤ
ਵਰ੍ਹੇ ਮੀਂਹ ਨਾਲ
ਕਾਗਜ਼ ਭਿੱਜ ਜਾਂਦਾ
ਸਿਆਹੀ ਚੁੱਕ ਜਾਂਦੀ
ਕਲਮ ਰੁੱਕ ਜਾਂਦੀ
ਕਵਿਤਾ ਦੀ ਰਾਤ
ਬਹੁਤ ਕੁੱਝ ਹੁੰਦਾ
ਕਵਿਤਾ ਦੀ ਰਾਤ
ਕੁੱਝ ਨਹੀਂ ਹੁੰਦਾ
ਕਵਿਤਾ ਦੀ ਰਾਤ
ਕਵਿਤਾ ਹੁੰਦੀ

ਤ੍ਰੇਲ

ਉਹ
ਤ੍ਰੇਲ ਵਾਂਗ
ਪਿਆਰ ਕਰਦੀ

...
ਫ਼ੁੱਲ ਉੱਤੇ
ਡਿੱਗਣ ਤੋਂ ਲੈ
ਮਿੱਟੀ ਉੱਤੇ ਡਿੱਗਣ ਤਕ
ਤ੍ਰੇਲ ਹੀ ਰਹਿੰਦੀ

ਮ੍ਹੋਕੀ

ਸਰਦੀਆਂ ਵਿਚ
ਹਵਾਈ ਚੱਪਲ ਪਾਈ
ਕੁਰਤੇ ਪਜਾਮੇ ਵਾਲਾ
ਇਕ ਬੰਦਾ
ਨਹਿਰ ਦੇ ਪਾਣੀ ਵਿਚ
ਗੁੰਗਲੂਆਂ ਤੋਂ
ਮਿੱਟੀ, ਪਾਲਾ ਉਤਾਰ ਰਿਹਾ
ਉਸ ਕੋਲ ਸਿਰਫ਼
ਹੱਡਾਂ ਨੂੰ ਢੱਕਣ ਜੋਗੀ ਜਿਲਦ ਹੈ

ਉਹ ਘੱਟ ਬੋਲਦੈ
ਇੱਕੋ ਕੀਮਤ ਲਾਉਂਦੈ
ਪੂਰਾ ਤੋਲਦੈ

ਮੇਰੇ ਪਿਤਾ ਨੇ ਵੀ
ਉਹੋ ਜਿਹਾ ਹੀ ਤਕਿਐ ਉਸਨੂੰ
ਜੇਹੋ ਜੇਹਾ ਮੈਂ

ਸ਼ਰਾਬ ਨਾ ਉਸਦੇ
ਕੰਮ ਤੇ ਅਸਰ ਕਰਦੀ
ਨਾ ਦੇਹਿ ਤੇ

ਸਭ ਹੱਸਦੇ
ਰਾਵਣ ਤੋਂ ਬਾਅਦ
ਇਹ ਬੰਦਾ, ਜਿਸ ਕਾਲ ਮੰਜੀ ਦੇ ਪਾਵੇ ਨਾਲ ਬੱਧਾ

ਕੀਮੀਆਕਾਰ ਜੇਹੜਾ
ਫੁਲਕੇ ਚੋਂ ਹੀ ਕੱਢ ਲੈਂਦਾ
ਜੀਊਣ ਜੋਗੇ ਸਾਰੇ ਤੱਤ

ਜਿਸਦੀ ਹਰ ਬਿਮਾਰੀ ਦਾ
ਇਲਾਜ ਤੰਬਾਕੂ

ਰੋਂਦਾ ਹੱਸਦਾ ਵੀ ਨਹੀਂ
ਕੁਝ ਦੱਸਦਾ ਵੀ ਨਹੀਂ
ਸਿਵਾਏ ‘ਗੁੰਗਲੂ ਅਠੱਨੀ ਕਿਲੋ’
ਪੁੱਛਣ
ਜਾਂ ਖ਼ੁਦ ਵਾਜ ਮਾਰਨ ਵੇਲੇ
ਕਹਿਣ ਲੋਕੀ
ਸਬਰ ਮ੍ਹੋਕੀ
ਮ੍ਹੋਕੀ ਸਬਰ

ਬਰਫ਼ੀਲੀ ਸਵੇਰ
ਇਕ ਖ਼ਬਰ

ਆਪਣੀ ਲੰਕਾ ਅੰਦਰ
ਪਰਾਲੀ ਵਿੱਚ ਸੁੱਤਾ ਮ੍ਹੋਕੀ
ਤੇਲ ਵਾਲੀ ਚਿਮਣੀ ਡੁੱਲ੍ਹਣ ਨਾਲ
ਸੜ ਗਿਐ
ਮਰ ਗਿਐ।

ਬੰਬ ਫੱਟਣ 'ਤੇ

ਬੰਬ ਫੱਟਣ ‘ਤੇ
ਹੋਰ ਕੁਝ ਨਹੀਂ ਹੁੰਦਾ

ਮੁਹੱਲੇ ਦਾ ਡੱਬੂ ਕੁੱਤਾ
ਹੁਣ ਤਿੰਨ ਪੈਰਾਂ ‘ਤੇ
ਰੋਟੀ ਖਾਣ ਆਂਦਾ

ਉੱਡੀ ਛੱਤ ਵਿਚ
ਆਪਣਾ ਚਿੜਾ ਤੇ ਘਰ
ਦੋਵ੍ਹੇਂ ਗਵਾਅ ਚਿੜੀ
ਨੰਗੇ ਰੁੱਖ ‘ਤੇ ਇਕੱਲੀ ਬਹਿੰਦੀ

ਬੱਚੇ ਘਰ ਘਰ ਖੇਡਣ ਦੀ ਥਾਂ
ਬੰਬ ਬੰਬ ਖੇਡਦੇ

ਬੰਬ ਫੱਟਣ ‘ਤੇ
ਹੋਰ ਕੁਝ ਨਹੀਂ ਹੁੰਦਾ

ਬੰਬ ਫੱਟਣ ‘ਤੇ
ਮਾਂ ਡਰ ਜਾਂਦੀ
ਪਿਤਾ ਰੋਣਾ ਭੁੱਲ ਜਾਂਦਾ
ਅਸੀਂ ਹੱਸਣਾ ਭੁੱਲ ਜਾਂਦੇ
ਅਸੀਂ ਹੱਸਣਾ ਲੋਚਦੇ
ਜ਼ਿੰਦਗੀ ਜ਼ਿਆਦਾ ਚੰਗੀ
ਜ਼ਿਆਦਾ ਜੀਣ ਜੋਗੀ ਲਗਦੀ
ਬੰਬ ਫੱਟਣ ਤੇ
ਹੋਰ ਕੁੱਝ ਨਹੀਂ ਹੁੰਦਾ

ਖੇਡ

ਲੜਦੇ
ਅੱਧਾ ਅੱਧਾ ਵੰਡ ਲੈਂਦੇ
ਇੱਕੋ ਕਮਰਾ
ਕਮਰੇ ਵਿੱਚ ਪਿਆ
ਇੱਕੋ ਬੈੱਡ ਵੀ
ਕਰ ਲੈਂਦੇ ਅੱਧਾ ਅੱਧਾ

ਵਿਚਾਲਿਉਂ ਅਲਮਾਰੀ ਦੇ
ਖਾਨੇ ਵੀ

ਰੋਟੀ ਖਾਣ ਵੇਲੇ
ਲਕੀਰ ਖਿੱਚ
ਥਾਲੀ ਵੀ ਕਰ ਲੈਂਦੇ
ਅੱਧੀ ਅੱਧੀ

ਉਹ ਮੁਲਕ ਮੁਲਕ ਖੇਡਦੇ

ਕਬੂਲ

ਮੇਰੇ ਕੋਲ
ਤੈਨੂੰ ਦੇਣ ਜੋਗਾ
ਕੁਝ ਨਹੀਂ
ਮੇਰੇ ਕੋਲ
ਤੈਨੂੰ ਦੇਣ ਜੋਗੀ
ਕਵਿਤਾ ਹੈ
ਕਵਿਤਾ ਭੇਜਦਾ ਹਾਂ
ਪਿਆਰ
ਕਬੂਲ ਕਰ
ਮੇਰੀ ਕਵਿਤਾ
ਕਬੂਲ ਕਰ
ਕਬੂਲ ….
ਕਬੂਲ ….

ਹਿਜਰਤ-1

(ਆਪਣੇ) ਪਿਤਾ ਦੇ ਬਰਾਨਕੋਟ ਦਾ
ਜੇਬਾ ਫੜੀ
ਚਾਰ ਸਾਲਾ ਮੇਰੀ ਮਾਂ
ਬੱਤੀ ਪਹਾੜੀ ਮੀਲ ਗ੍ਹਾਂਦੀ

ਸੰਤਾਲੀ ਵਿਚ
ਨੰਗੇ ਪੈਰੀਂ
ਦੋਥਾਨੋਂ ਪੁੱਣਛ ਆਈ ਸੀ
ਰਫ਼ੂਜੀ ਜੱਥੇ ਨਾਲ

ਝੌਲਾ ਜੇਹਾ ਪੈਂਦਾ
ਫਿੱਕਾ ਜੇਹਾ ਪਰਛਾਵਾਂ

ਕੁੱਖ ਵਿਚ ਫੜੀ ਸੀ
ਮਾਂ ਦੀ ਉਂਗਲੀ

ਹੁਣ ਤੱਕ ਸਫ਼ਰ 'ਚ ਹਾਂ
ਹੁਣ ਤੱਕ ਹਿਜਰਤ ‘ਤੇ ਹਾਂ

ਹਿਜਰਤ-2

ਸੌਖੇ ਘਰ ਦਾ
ਇਕੱਲਾ ਵਾਰਿਸ
ਖਿਡੌਣੇ ਸਾਂਭ ਸਾਂਭ ਰੱਖਦਾ
ਮੇਰਾ ਪਿਤਾ
ਰਫ਼ੂਜੀ ਜੱਥੇ ਨਾਲ
ਆਇਆ ਸੀ ਖਾਲੀ ਹੱਥ

ਹੁਣ ਉਹ ਕੁੱਝ ਨਹੀਂ ਸਾਂਭਦਾ
ਕੁੱਝ ਵੀ ਨਹੀਂ

ਮਾਂ ਮੈਨੂੰ ਉਲਾਂਭਾ ਦੇਂਦੀ
'ਬਿਲਕੁਲ ਆਪਣੇ ਪਿਉ ਤੇ
ਗਿਆ ਹੈਂ
ਫ਼ਜ਼ੂਲ ਖਰਚ'

ਅੱਗ-ਰੁੱਖ

ਹੰਢਾਅ ਚੁੱਕਿਆਂ
ਕਈ ਕਈ ਬਸੰਤ
ਬੀਅ ਤੋਂ
ਬੀਆਂ ਵਲ ਦੇ ਸਫ਼ਰ ‘ਤੇ

ਧੁੱਪਾਂ, ਬਾਰਿਸ਼ਾਂ, ਹਵਾਵਾਂ ਵਿੱਚ
ਡਿਗਦੇ ਰਹੇ ਹਨ
ਟਹਿਣੀਆਂ-ਪੱਤੇ ਮੇਰੇ

ਤੇਜ਼ ਆਂਧੀਆਂ ਵਿੱਚ
ਜੜ੍ਹੋਂ ਉੱਖੜਿਆ ਪਿਆਂ
ਸਦੀਆਂ ਤੋਂ
ਇਮਾਰਤੀ ਲਕੜੀ ਨਹੀਂ
ਸੁੱਕਾ ਬਾਲਣ ਹਾਂ
ਮੈਨੂੰ ਅੱਗ ਦਿਉ

ਮਾਂ ਬੋਲੀ

ਮੇਰੀ ਮਾਂ ਦੀ ਇੱਕੋ ਬੋਲੀ

ਉਹ ਮੇਰੀ ਮਾਂ ਬੋਲੀ
ਵੈਸੇ ਤੇ ਮਾਂ ਰੋਂਦੀ ਹੱਸਦੀ
ਕੁਝ ਕੁਝ ਦੱਸਦੀ
ਕੁਝ ਨਾ ਦੱਸਦੀ

ਜਾਣ ਲੈਂਦੀ ਸਭ
ਬਿਨ ਪੁੱਛਿਆਂ ਹੀ
ਬਿਨ ਦੱਸਿਆਂ ਹੀ

ਗੀਤ ਹੀ ਗਾਵੇ-
ਉਸਦੇ ਕਵਿਤਾ
ਸਮਝ ਨਾ ਆਵੇ

ਕੇ’ਜ੍ਹੀਆਂ ਗੱਲਾਂ
ਬਿਨ ਸਿਰੋਂ
ਬਿਨ ਪੈਰੋਂ ਹੋਈਆਂ
ਕਿਥੋਂ ਤੋਰੀਆਂ
ਕਿਤ ਖਲੋਈਆਂ
ਕਿੱਥੇ ਜਾ ਕੇ
ਹੱਸੀਆਂ ਰੋਈਆਂ ਮੋਈਆਂ

ਕਵਿਤਾ ਮਾਂ ਨੂੰ ਸਮਝ ਨਾ ਆਵੇ

ਮਾਂ ਦੀ ਕਵਿਤਾ ਅੱਗ ਤੇ ਰੋਟੀ
ਮਾਂ ਦੀ ਕਵਿਤਾ ਰਿਝਦੀ ਦਾਲ
ਤਾਜ਼ੇ ਉਬਲੇ ਭੱਤੇ ਨਾਲ

ਮਾਂ ਦੀ ਕਵਿਤਾ ਚੌਂਕਾ ਪੋਚਾ
ਮਾਂ ਦੀ ਕਵਿਤਾ ਚਾਦਰ ਨੀਲ
ਮਾਂ ਦੀ ਕਵਿਤਾ
ਆਇਆ ਨਾਠੀ
ਮਾਂ ਦੀ ਕਵਿਤਾ ਗਾਂ ਦੀ ਧਾਰ
ਮਾਂ ਦੀ ਕਵਿਤਾ ਉਸਦਾ ਬਾਬਾ
ਮਾਂ ਦੀ ਕਵਿਤਾ ਉਸਦਾ ਰੱਬ
ਮਾਂ ਦੀ ਕਵਿਤਾ ਉਸਦਾ ਦੁੱਖ
ਮਾਂ ਦੀ ਕਵਿਤਾ ਉਸਦੀ ਚੁੱਪ
ਮਾਂ ਦੀ ਕਵਿਤਾ ਉਸਦੀ ਚੁੱਪ
ਮਾਂ ਦੀ ਕਵਿਤਾ ਉਸਦੀ ਚੁੱਪ

(ਨਾਠੀ=ਮਹਿਮਾਨ)

ਬਦਬੂ

ਲਹੂ ਚੋਂ
ਕਦੀ ਖ਼ੁਸ਼ਬੂ ਨਹੀਂ ਆਈ
ਲਹੂ ਚੋਂ
ਕਦੀ ਖ਼ੁਸ਼ਬੂ ਨਹੀਂ ਔਂਦੀ
ਜੇ ਤੁਹਾਨੂੰ
ਸਰਹੱਦ ਉੱਤੇ ਡੁੱਲ੍ਹੇ ਲਹੂ ਚੋਂ
ਖ਼ੁਸ਼ਬੂ ਆਓਂਦੀ ਹੈ
ਤੁਸੀਂ ਹਤਿਆਰੇ ਹੋ।

ਤੇਨੂੰ ਪਤੈ

(ਨਵੀਂ ਨੱਸਲ ਦੇ ਨਾਂਅ)

ਤੇਨੂੰ ਪਤੈ
ਜਦ ਚੁੱਪ ਰਹਿੰਦਾਂ
ਤੇਰੇ ਨਾਲ ਗੱਲਾਂ ਕਰਦਾਂ
ਜਦ ਬੋਲਦਾਂ
ਉਦੋਂ ਵੀ ਤੂੰ ਹੀ ਬੋਲਦੀ
ਮੇਰੇ ਅੰਦਰੋਂ
ਇੰਜ ਹੋਵੇ
ਨਾ ਮੈਂ ਚੁੱਪ ਕਰਾਂ
ਨਾ ਤੂੰ ਮੇਰੇ ਅੰਦਰੋਂ ਬੋਲੇਂ
ਕੁੱਝ ਨਵੇਂ ਤਰੀਕੇ ਨਾਲ
ਬਲਾਕ ਕਰ ਮੈਨੂੰ।

ਲਿਖੋ

ਲਿਖੋ
ਮੈਨੂੰ ਪਤਾ ਹੈ
ਲਿੱਖਣ ਨਾਲ ਕੁੱਝ ਨਹੀਂ ਹੋਣਾ
ਫ਼ਿਰ ਵੀ ਲਿਖੋ

ਲਿਖੋ
ਅਸਹਿਮਤੀ ਦੇ ਗੀਤ
ਅਪਣੇ ਹੀ ਪਰ ਕੁਤਰ ਰਹੀਆਂ ਨਜ਼ਮਾਂ
ਭਵਿੱਖ ਦੇ ਅਫ਼ਸਾਨੇ
ਇਕੋ ਰੰਗੇ
ਫ਼ੁੱਲ ਦੇ ਭਾਰ ਨਾਲ
ਮਰ ਜਾਣਾ ਹੈ ਅਸੀਂ ਪਰ
ਸ਼ਬਦਾਂ ਸਾਹ ਲੈਂਦੇ ਰਹਿਣਾ ਹੈ

ਲਿਖੋ
ਕਿ ਦੀਵਾਰਾਂ ਕਦੀ
ਚੀਖਾਂ ਨਹੀਂ ਸੁਣਦੀਆਂ
ਰੇਤ ਨੂੰ ਤਰ ਨਹੀਂ ਕਰ ਸਕਦੇ ਅੱਥਰੂ
ਕਿ ਅਦਲ ਬਸ ਲੋਕਾਚਾਰ ਹੈ
ਕਿ ਦੀਵਾਨ-ਏ-ਖ਼ਾਸ ਹੀ
ਦੀਵਾਨ-ਏ-ਆਮ ਹੈ

ਲਿਖੋ
ਕਿ ਚੁੱਪ ਬੋਲਿਆਂ ਨੂੰ ਨਹੀਂ
ਕੰਨਾਂ ਵਾਲਿਆਂ ਨੂੰ ਸੁਣਦੀ ਹੈ
ਰਾਤ ਦਾ ਅਰਥ ਕਦੀ ਦਿਨ ਨਹੀਂ ਰਿਹਾ
ਰਾਤ ਦਾ ਅਰਥ ਕਦੀ ਦਿਨ ਨਹੀਂ ਰਹਿਣਾ
ਅਪਣੀ ਮਿੱਟੀ ਚੋਂ
ਖੁਸ਼ਬੂ ਔਣੀ ਹੱਟ ਗਈ ਹੈ
ਦਰਜ ਕਰੋ
ਕਿ ਸੜਕ ਤੇ ਤੁਰਦੀ
ਬਘਿਆੜਾਂ ਦੀ ਭੀੜ ਵਿਚ
ਹਰ ਸ਼ਖ਼ਸ ਇਕ ਲੇਲਾ ਹੈ

ਲਿਖੋ
ਕਿ ਪਹਿਲਾ ਲਿਖਿਆ
ਪੂਰ ਰਿਹਾ ਨਵੀਆਂ ਕਬਰਾਂ
ਕਿ ਰਾਜਾ ਗਲਤ ਸੀ
ਗਲਤ ਹੈ, ਗਲਤ ਰਵੇਗਾ

ਲਿਖੋ
ਕਿ ਸ਼ਬਦ ਮੱਨੁਖ ਦੀ ਪਛਾਣ ਹੈ
ਸ਼ਬਦ ਦਾ ਹੋਣਾ ਮਨੁੱਖ ਦਾ ਹੋਣਾ
ਸ਼ਬਦ ਦੀ ਹੋਣੀ ਮਨੁੱਖ ਦੀ ਹੋਣੀ
ਬਸ ਲਿਖੋ

ਬੰਦ ਫੋ਼ਨ

ਬੰਦ ਫੋ਼ਨ ਚੋਂ
ਮੀਂਹ ਵਰ੍ਹਦਾ ਹੈ
ਤਾਜ਼ਾ ਹਵਾ ਚੱਲਦੀ ਹੈ
ਧਿਆਨ ਨਾਲ ਸੁਣੋ

ਬੰਦ ਫੋ਼ਨ ਚੋਂ
ਫ਼ੁੱਲ ਝੜਦੇ ਹਣ
ਚਿੜੀਆਂ ਦਾ ਗੀਤ ਵਗਦਾ ਹੈ
ਬੰਦ ਫੋ਼ਨ ਨੇ ਦੱਸਿਆ ਹੈ
ਕਿ ਦੁੱਧ ਦੋਧੀ ਨਹੀਂ
ਗਾਂ ਦਿੰਦੀ ਹੈ
ਦੋਧੀ ਵੇਚਦਾ ਹੈ

ਬੰਦ ਫੋ਼ਨ ਚੋਂ
ਟਾਹਣੀ ਹਿਲਦੀ ਹੈ
ਅਪਣੀ ਨਿੰਮ ਤੇ ਪਏ
ਬਿੱਜੜੇ ਦੇ ਨਵੇਂ ਆਲ੍ਹਣੇ ਦੀ
ਖਬਰ ਮਿਲਦੀ ਹੈ

ਬੰਦ ਫੋ਼ਨ
ਦਸ ਦਿੰਦਾ ਹੈ
ਹੱਸ ਦਿੰਦਾ ਹੈ
ਕਿ ਮੈਂ ਇੱਕਲਾ ਨਹੀਂ
ਭਰੇ ਘਰ ਵਿਚ
ਪਿਤਾ ਕੋਲ ਬੈਠਾ ਹਾਂ
ਬੰਦ ਫੋ਼ਨ ਜਾਦੂਗਰੀ ਹੈ
ਚੁਟਕੀਆਂ ਵਿਚ
ਦੁੱਖ ਹਰ ਦਿੰਦਾ
ਮਾਂ ਦੇ ਫੁਲਕੇ ਦਾ ਸਵਾਦ
ਬਚਪਨ ਵਾਲਾ ਕਰ ਦਿੰਦਾ

ਬੰਦ ਫੋ਼ਨ
ਕਿਤਾਬ ਨੂੰ ਰਾਹ ਦਿੰਦਾ
ਸ਼ਬਦ ਨੂੰ ਵਰਤਣ ਦਿੰਦਾ
ਚੁੱਪ ਨੂੰ ਵਰ੍ਹਾ ਦਿੰਦਾ

ਬੰਦ ਫ਼ੋਨ
ਕੁੱਝ ਵੱਡਾ ਹੋਣ ਦਾ
ਮੌਨ ਦਾ ਸੁਨੇਹਾ ਹੈ

ਬੰਦ ਫ਼ੋਨ
ਧਰਤੀ ਦਾ ਬੀਜ ਹੈ

ਉਸ ਕਿਹਾ

ਉਸ ਕਿਹਾ
ਘਰ ਨੂੰ ਕਵਿਤਾ ਤੋਂ ਜ਼ਿਆਦਾ
ਫੁੱਲਾਂ ਬੂਟਿਆਂ ਦੀ ਲੋੜ ਹੈ
ਮੈਂ
ਫੁੱਲ ਬੀਜਾਂਗੀ
ਮੇਰੀ ਮੰਨ
ਤੂੰ ਵੀ ਫੁੱਲ ਹੀ ਬੀਜੀਂ
ਕਵਿਤਾ
ਅਪਣੇ ਆਪ ਉਗ ਆਵੇਗੀ।

ਪੱਥਰਬਾਜ਼

(ਜਗਵਿੰਦਰ ਜੋਧੇ ਦੇ ਨਾਂਅ)

ਮੇਰੀ ਭੈਣ ਸੁਣੋ
ਮੇਰੇ ਮੀਤ ਸੁਣੋ
ਅੱਗ ਦੇ ਗੀਤ ਸੁਣੋ
ਲੋਹੇ ਦੇ ਗੀਤ ਸੁਣੋ
ਇੱਥੇ ਪਛਾਣ
ਸ਼ਨਾਖ਼ਤੀ ਕਾਰਡ ਨਹੀਂ
ਮੁਖਬਰ ਕਰਾਉਂਦਾ, ਤੇ
ਵਰਦੀ ਕਰਦੀ
ਇੱਸੇ ਤਰ੍ਹਾਂ ਹੋਈ ਸੀ
ਮੇਰੇ ਅੱਬੇ ਤੇ ਭਰਾ ਦੀ ਪਛਾਣ
ਫ਼ਿਰ ਸਭ
ਅਣਪਛਾਤਾ ਰਹਿ ਜਾਂਦਾ
ਕਹਣ ਕਹਾਉਣ ਨੂੰ
ਬਚਦੀ ਹੈ ਸਿਰਫ਼ ਚੁੱਪ
ਮਾਂ ਭੋਗਦੀ ਹੈ
ਧੀ ਹੰਡਾਉਂਦੀ ਹੈ
ਉਹੀ ਉਹੀ ਕੁਝ
ਪਿਉ ਭਰਾ
ਸਭ ਜਾਣਦੇ ਹਨ
ਹੱਥ ਧ੍ਹੋ
ਨੀਵੀਆਂ ਪਾ
ਰੋਟੀ ਖਾਣ ਲਗਦੇ
ਜ਼ਹਿਰ ਪੀਣ ਲਗਦੇ
ਮੁੱਦਤਾਂ ਤੋਂ
ਉਨ੍ਹਾਂ ਚੁੱਗਾਏ ਹਨ
ਮੈਂ ਚੁੱਗੇ ਹਨ ਪੱਥਰ
ਫ਼ੁੱਲਾਂ ਦੀ ਘਾਟੀ ਵਿਚ
ਹੁਣ
ਪੱਥਰ ਹੀ ਖਿੜੇ ਹਨ
ਮੇਰੇ ਅੰਦਰ
ਮੈਂ
ਪੱਥਰਾਂ ਤੋਂ ਮੁਕਤੀ ਚਾਹੁੰਦਾ
ਪੱਥਰਾਂ ਨੂੰ ਬਾਹਰ ਕੱਢਦਾ
ਪੱਥਰਾਂ ਨੂੰ ਬਾਹਰ ਸੁੱਟਦਾ
ਉਹ ਪੱਥਰਬਾਜ਼ ਆਖਣ
ਉਹ ਦੇਸ਼ਧ੍ਰੋਹੀ ਸੱਦਣ
ਉਸ ਚੁੱਪ ਦਾ ਜਵਾਬ ਪੱਥਰ
ਉਸ ਬੋਲੀ ਦਾ ਜਵਾਬ ਪੱਥਰ
ਉਸ ਇੱਟ ਦਾ ਜਵਾਬ ਪੱਥਰ
ਉਸ ਗੋਲੀ ਦਾ ਜਵਾਬ ਪੱਥਰ

ਸਿਰਜਣਾ-1

ਅੱਗ ਦੇ ਫ਼ਰਿਸ਼ਤੇ ਨੇ
ਅੱਗ ਦਾ ਗੀਤ ਗਾਇਆ
ਮੈਂ ਬਣੀ
ਪਾਣੀ ਦੇ ਫ਼ਰਿਸ਼ਤੇ ਨੇ
ਪਾਣੀ ਦਾ ਗੀਤ ਗਾਇਆ
ਤੂੰ ਬਣਿਆ

ਦੋਵੇਂ ਮਿਲ
ਮਿੱਟੀ,ਹਵਾ, ਖ਼ਲਾ, ਦੇ
ਗੀਤ ਗਾਈਏ

ਸਿਰਜਣਾ-2

ਲੋੜੋਂ ਵੱਧ
ਕਪੜਿਆਂ ਦਾ
ਵੇਲਾ ਨਹੀਂ
ਤੇਰੇ ਵੱਧ ਲਫ਼ਜ਼
ਕਿਸੇ ਨਹੀਂ ਪੜ੍ਹਨੇ
ਸਿਰਜਣਾ ਨੰਗੀ ਹੁੰਦੀ

ਸਕੂਲ ਪ੍ਰੋਜੈਕਟ

ਭਾਰੀ ਬਸਤੇ ਵਾਲੀ
ਮੇਰੀ ਨੰਨ੍ਹੀ ਪੋਤਰੀ
ਪ੍ਰੋਜੈਕਟ ਕਰ ਰਹੀ
ਉਸ ਨੇ ਛੁੱਟੀਆਂ ਵਿਚ
ਬੀ ਫ਼ਾਰ ਬਫ਼ੈਲੋ
ਸੀ ਫ਼ਾਰ ਕਾਉ, ਦੀ ਥਾਂ
ਵੇਖਣੇ ਹਨ
ਮੱਝ ,ਗਾਂ,ਕੱਟੀ, ਵੱਛੀ
ਤੇ ਅਸਲੀ ਦੁੱਧ
ਉਸ ਨੇ ਕਾਪੀ ਵਿਚ
ਗਵਾਲੇ ਦੀ ਫ਼ੋਟੋ ਚਿਮੋੜਨੀ ਹੈ
ਕਿਸਾਨ ਤੇ ਬਲਦ ਦੀ ਵੀ
ਉਸ ਨੇ
ਟਰੈਕਟਰ ਤੇ ਬੈਠਣਾ ਹੈ
ਚੁੱਲ੍ਹੇ ਦੀ ਰੋਟੀ ਚੱਖਣੀ ਹੈ
ਗੰਨਾ ਤੋੜਨਾ , ਵੇਲਣ ਤੇ ਜਾਣਾ
ਸੁੰਘਣਾ ਚੱਟਣਾ ਹੈ ਗਰਮ ਗੁੜ

ਉਸ
ਇਕੱਠੇ ਕਰਨੇ ਹਨ
ਝੋਨਾ, ਮੱਕੀ, ਬਾਜਰਾ
ਜੌਂ ,ਕਨਕ ਤੇ
ਕਪਾਹ ਦੇ ਫੁੱਲ
ਅੰਬ,ਸੰਤਰੇ, ਕੀਨੂੰ
ਜਾਮੁਣ ਤੇ ਕੇਲੇ ਦੇ
ਬੂਟਿਆਂ ਨਾਲ ਖੜੋ
ਖਿੱਚਵਾਣੀਆਂ ਹਨ ਫ਼ੋਟੋਆਂ
ਬਣਾਉਣੀ ਹੈ
ਟਿੰਡ, ਖੂਹ, ਸੱਥ, ਦੇਗ, ਅਤੇ
ਤੇਗ ਦੀ ਡਰਾਈਂਗ
ਹੰਡਾਉਂਣੇ ਹਨ
ਵੱਡੇ ਵਿਹੜੇ ਵਾਲੇ
ਵੱਡੇ ਪਰਿਵਾਰ ਵਿਚ
ਕੁਝ ਪਲ
ਸੂਏ ਵਿਚ ਪੈਰ ਪਾਣਾ ਹੈ
ਮਿੱਟੀ ਨੂੰ ਹੱਥ ਲਾਣਾ ਹੈ
ਚੀਨੀ ਵਰਗੇ ਯੂਰੀਏ ਨੂੰ
ਦੂਰੋਂ ਵੇਖਣਾ ਹੈ
ਇਸੇ ਤਰ੍ਹਾਂ
ਦੂਰੋਂ ਵੇਖਣੇ ਹਨ ਹੱਡਾਰੋੜੀ
ਸਕੂਲ, ਸੀਵੇ, ਅਤੇ
ਲਹਿੰਦੇ ਵੱਲ ਦੀ ਬਸਤੀ
ਗੰਦੇ ਬੱਚਿਆਂ ਦਾ ਸਾਥ
ਬਿਲਕੁਲ ਨਹੀਂ ਕਰਨਾ ਹੈ
ਨਾ ਖੇਡਣੀਆਂ ਹਨ
ਅਪਰਚਿਤ ਖੇਡਾਂ
ਕੋਸ਼ਿਸ਼ ਕਰਨੀ ਹੈ
ਖਾਣਾ ਘਰ ਦਾ ਖਾਣਾ ਹੈ
ਪਾਣੀ ਤਾਂ
ਘਰੋਂ ਹੀ ਲੈ ਕੇ ਜਾਣਾ ਹੈ

ਮੁੱਕਤੀ

ਰਾਧਾ ਅਤੇ ਰੁਕਮਣੀ
ਦੋਵਾਂ ਮਿੱਲ ਕੇ
ਕ੍ਰਿਸ਼ਨ ਨੂੰ ਮਾਰ ਦਿੱਤਾ ਹੈ
ਯੁੱਧ ਵਰਗਾ ਹੀ ਹੁੰਦਾ
ਯੁੱਧ ਕਰਨ ਕਰਾਵਣ
ਵਾਲੇ ਦਾ ਪਿਆਰ
ਆਪਣੀ ਹੱਤਿਆ ਤੋਂ
ਡਰਦੀਆਂ ਸਨ
ਰਾਧਾ ਅਤੇ ਰੁਕਮਣੀ ਦੋਵੇਂ

ਡਰਦਾ ਬੰਦਾ
ਕਦੋਂ ਪਿਆਰ ਕਰਦਾ
ਉਨ੍ਹਾਂ ਲਈ ਆਉਖਾ ਸੀ
ਯੁੱਧ ਵਾਲੇ ਚੋਂ ਮੁਰਲੀ ਵਾਲਾ ਕੱਢਣਾ
ਜਿੰਨਾ ਆਉਖਾ ਹੁੰਦਾ
ਲਹੂ ਅਤੇ ਲੋਹੇ ਵਾਲੇ ਨੂੰ
ਵੰਝਲੀ'ਚ ਪਾਉਣਾ
ਪਤਾ ਨਹੀਂ ਕੀ ਕੀ ਦੱਸੀ ਜਾਂਦਾ

ਕੁੜੀਆਂ ਨੂੰ ਗੀਤਾ ਨਹੀਂ
ਗੀਤ ਚਾਹੀਦੇ ਸੀ
ਉਨ੍ਹਾਂ ਮਾਰ ਦਿੱਤਾ
ਕੁੜੀਆਂ ਖੁਸ਼ ਹਨ
ਦੋਵਾਂ ਲਈ ਇਕ ਮਾਰਨਾ
ਕਿਤੇ ਸੌਖਾ ਸੀ
ਇਕ ਲਈ ਪੰਜ ਮਾਰਨ ਨਾਲੋਂ
ਉਨ੍ਹਾਂ ਮਾਰ ਦਿੱਤਾ
ਉਹ ਪਿਆਰ ਕਰਨ ਲਈ
ਅਜ਼ਾਦ ਹਨ
ਉਹ ਖੁਸ਼ ਹਨ।

ਕਾਰਟੂਨ ਸ਼ੋਅ

ਕਿੰਨਾ ਤਰਲ
ਕਿੰਨਾ ਸੁੱਚਾ ਹੁੰਦਾ
ਕਾਰਟੂਨ ਵੇਖਣਾ
ਇੱਕੋ ਵੇਲੇ
ਰੁੱਕਦਾ, ਦੌੜਦਾ, ਤੁਰਦਾ ਬੰਦਾ
ਡਿੱਗਦਾ ਸਮੁੰਦਰ ਵਿਚ
ਤਰਨ ਲਗਦਾ
ਕੰਡੇ ਪੁਜਦੇ ਦੇ
ਟਾਇਰ ਨਿਕਲ ਔਂਦੇ
ਸੜਕ ਤੇ ਭੱਜਦਾ

ਰਸਤਾ ਭੁੱਲਦਾ
ਦਿਮਾਗ਼ ਦੀ ਬੱਤੀ ਬਲਦੀ
ਘਰ ਪੁੱਜ ਜਾਂਦਾ

ਅੱਗ ਰੌਲਾ ਕਰਦੀ
ਪਾਣੀ ਰੁੱਸਦਾ
ਘਰ ਅੱਖਾਂ ਮੀਚਦੇ
ਸੜਕ ਚਲਦੀ
ਪੰਛੀ ਬੋਲਦੇ
ਜਨੌਰ ਗੱਲਾਂ ਕਰਦੇ
ਰੁੱਖ ਹੱਸਦੇ, ਕੀੜੇ ਰੋਂਦੇ
ਕਿਰਦਾਰ ਜਿਵੇਂ ਜਾਦੂ ਹੁੰਦੇ

ਸ਼ਹਿਰ ਤੇ ਕਾਬਜ਼
ਜਾਦੂਗਰਨੀ
ਅਪਣੇ ਘਰ ਪਰਤ ਜਾਂਦੀ
ਬੁਰੇ ਨੂੰ ਸਜ਼ਾ ਮਿਲਦੀ
ਚੰਗੇ ਨੂੰ ਇਨਾਮ ਮਿਲਦਾ
ਸਭ ਸਾਂਤੀ ਰਹਿੰਦੀ
ਨਾ ਨਾਇਕ ਮਰਦਾ
ਨਾ ਖਲਨਾਇਕ

ਚੂਰੀ ਦਾ ਸਫ਼ਰ

ਚਾਂਈਂ ਚਾਂਈਂ ਬਾਬਲ ਨੇ
ਘਰ ਮੌਡਿਆਂ ਤੇ ਚੁੱਕਾ
ਇੱਕਲੀ ਕੁੜੀ ਨੂੰ
ਚਿੱਟੀਆਂ ਧਰਤੀਆਂ ਵਲ
ਤੋਰ ਦਿੱਤਾ ਹੈ

ਕੁੜੀ
ਰੋਟੀ ਤੋਂ ਚੂਰੀ ਵੱਲ ਦੇ
ਸਫ਼ਰ ਤੇ ਹੈ

ਖ਼ੱਤ ਵਿਚ ਉਸਨੇ
ਸਭ ਠੀਕ ਹੈ, ਹੀ
ਲਿੱਖਣਾ ਹੈ
ਇਹੀ ਕੁਝ ਦਸਣਾ ਹੈ
ਫ਼ੋਨ, ਇੰਟਰਨੈੱਟ ਤੇ ਵੀ

ਉਸਨੇ
ਅਪਣੀ ਚਿੰਤਾ ਕਰਨ ਤੋਂ
ਵਰਜਣਾ ਹੈ ਸਭ ਨੂੰ

ਇੱਥੇ
ਰੇਡੀਓ ਸੁਣਦੇ ਪੜ੍ਹਦੀ ਨੇ
ਉੱਥੇ ਸੁਣਨੀ ਹੈ
ਅੰਤਰਆਤਮਾ ਦੀ ਆਵਾਜ਼

ਅੰਤਰਆਤਮਾ ਉਵਰਟਾਈਮ ਦੀ
ਮੰਗ ਕਰਦੀ ਹੈ
ਰੋਟੀ ਕਪੜੇ ਮਕਾਨ ਥਕਾਨ, ਨਾਲ
ਜੰਗ ਕਰਦੀ ਹੈ

ਜਿੱਤਣ ਦੀ ਆਸ ਵਿਚ ਕੁੜੀ
ਜਿੱਤ ਜਾਵੇਗੀ

ਕੁੜੀ ਹਾਰ ਜਾਵੇਗੀ
ਬਾਕੀ ਸਭ, ਜੋ
ਡਾਲਿਆਂ ਤੋਂ ਸ਼ੁਰੂ ਨਹੀਂ ਹੁੰਦਾ

ਕੁਝ ਪਾਵਨ ਲਈ
ਬਹੁਤ ਕੁਝ ਖੋਵਣੇ ਨੂੰ
ਤਿਆਰ ਹੋ ਕੇ ਗਈ ਹੈ ਕੁੜੀ

ਉਸ
ਚਿੱਟੀ ਧਰਤੀ ਦਾ
ਵਾਰਿਸ ਬਣਨਾ ਹੈ

ਇੱਥੇ
ਜਮਦੂਤਾਂ ਤੋਂ ਡਰਦੀ ਨੇ
ਗੋਰੀ ਧਰਤੀ ਤੇ ਹੀ
ਮਰਨਾ ਸੋਚਿਆ ਹੈ
ਉਸ, ਅੱਗੇ
ਫ਼ਰਿਸ਼ਤਿਆਂ ਨਾਲ ਜਾਣਾ ਹੈ