ਪੰਜਾਬੀ ਰਾਈਟਰ ਸੱਤਾ ਸ਼ਿਵਗੜ੍ਹ
ਸੁਣਦੇ ਨੇ ਲੋਕੀ ਗੱਲ, ਜੇਕਰ ਚੰਗੀ ਹੋਵੇ,
ਪਰ ਸੁਣਾਉਣ ਵਾਲਾ ਚਾਹੀਦਾ।
ਰੱਖ ਇੱਕ 'ਤੇ ਯਕੀਨ, ਇੱਕ ਵਿੱਚੋਂ ਮਿਲ ਜਾਣਾ,
ਪਰ ਧੰਨੇ ਵਾਂਗੂੰ ਪੱਥਰਾਂ 'ਚੋਂ, ਪਾਉਣ ਵਾਲਾ ਚਾਹੀਦਾ।
ਹੋ ਸਕਦੀਆਂ ਨੇ, ਮੋਈਆਂ ਕੌਮਾਂ ਵੀ ਸੁਰਜੀਤ,
ਪਰ ਮੋਈਆਂ ਕੌਮਾਂ ਵਿੱਚ ਜਾਨ, ਪਾਉਣ ਵਾਲਾ ਚਾਹੀਦਾ।
'ਸੱਤੇ ਸ਼ਿਵਗੜ੍ਹ ਵਾਲਿਆ',
ਚਿੜੀਆਂ ਅੱਜ ਵੀ ਲੜਦੀਆ ਨੇ, ਨਾਲ ਬਾਜ਼ਾਂ ਦੇ,
ਪਰ ਦਸਮੇਸ਼ ਪਿਤਾ ਵਾਗੂੰ, ਲੜਾਉਣ ਵਾਲਾ ਚਾਹੀਦਾ।
ਤਾਰੇ ਟੁੱਟੇ ਨਾ ਜੁੜਦੇ ਅੰਬਰਾਂ 'ਤੇ,
ਬੋਲੇ ਬੋਲ ਨਾ ਮੁੜਨ ਜੁਬਾਨ ਵਿੱਚੋਂ।
ਗਿਆਨ ਬੰਦੇ ਦਾ ਕਦੇ ਨਾ ਹੋਵੇ ਚੋਰੀ,
ਚੱਲੇ ਆਪੇ ਨਾ ਤੀਰ ਕਮਾਨ ਵਿੱਚੋਂ।
ਵੇਲਾ ਲੰਘਿਆ ਕਦੇ ਨਹੀਂਓਂ ਹੱਥ ਆਉਂਦਾ,
ਮੁੜਦਾ ਨਹੀਂ ਜੋ ਤੁਰ ਗਿਆ ਜਹਾਨ ਵਿੱਚੋਂ।
'ਸ਼ਿਵਗੜ੍ਹ ਸੱਤਿਆ', ਜਿਹੜੇ ਹੋਣ ਖੁਦਾ ਦੇ ਪਿਆਰੇ ਬੰਦੇ,
ਰੱਬ ਲੱਭਦੇ ਹਰ ਇਨਸਾਨ ਵਿੱਚੋਂ।
ਡਾਉਲੇ ਉੱਤੇ ਸ਼ੇਰ ਪਵਾ ਕੇ, ਫੁੱਲਿਆ ਫਿਰਦਾਂ ਏ,
ਪਰਖਿਆ ਜਾਵੇਂਗਾ, ਇੱਕ ਦਿਨ ਵਿੱਚ ਮੈਦਾਨਾਂ ਦੇ।
ਲਾਟ ਤੇਜ ਜੇ ਹੋਵੇ, ਦੀਵਾ ਸੂਰਜ ਨਹੀਂ ਬਣਦਾ,
ਦੀਵੇ ਕੋਲੋ ਝੱਲ ਨਹੀਂ ਹੁੰਦੇ, ਵਾਰ ਤੂਫਾਨਾਂ ਦੇ।
ਪਿੱਠ ਵਿਖਾਉਣਾ ਕੰਮ ਨਹੀਂ ਹੁੰਦਾ, ਮਰਦ ਦਲੇਰਾਂ ਦਾ,
ਮਰਦ ਦਲੇਰ ਪੁਗਾਉਂਦੇ ਹੁੰਦੇ, ਬੋਲ ਜੁਬਾਨਾਂ ਦੇ।
'ਸ਼ਿਵਗੜ੍ਹ ਸੱਤਿਆ', ਕਿੱਥੋਂ ਉਹ ਕਿਰਦਾਰ ਭਾਲਦਾ ਏ,
ਲਾਲ ਲਹੂ ਵਿੱਚ ਘੁਲਗੇ, ਚਿੱਟੇ ਰੰਗ ਜਵਾਨਾਂ ਦੇ।
ਜਿਹੜੀ ਮਿੱਟੀ 'ਚ ਮੌਲਾ ਤੂੰ ਰੂਹ ਪਾਈ,
ਫਿਰਦੀ ਭੁਲਾਈ ਤੈਨੂੰ, ਤੇਰੀ ਬਣਾਈ ਮਿੱਟੀ।
ਚੜ੍ਹੀ ਜਵਾਨੀ 'ਚ ਨਾ ਰੱਬ ਦਾ ਖੌਫ ਖਾਧਾ,
ਰੱਬ ਯਾਦ ਆਇਆ, ਦਾੜ੍ਹੀ ਜਦ ਹੋਈ ਚਿੱਟੀ।
ਚੁੱਕ ਸ਼ਿਵਿਆ 'ਚ ਛੱਡ ਆਏ ਆਪਣੇ ਹੀ,
ਮਿਲੀ ਆਖਿਰਾਂ ਨੂੰ, ਮਿੱਟੀ ਦੇ ਵਿੱਚ ਮਿੱਟੀ।
ਵਜੂਦ ਬੰਦੇ ਦਾ ਕੀ ਹੈ 'ਸ਼ਿਵਗੜ੍ਹ ਸੱਤਿਆ' ਓਏ,
ਵਾ ਲੱਗਿਆਂ ਤੋਂ ਉੱਡ ਜਾਏ ਮਿੱਟੀ।
ਫੁੱਲ ਦੁਨੀਆਂ 'ਤੇ ਹੋਣਗੇ ਲੱਖ ਸੋਹਣੇ,
ਪਰ ਸੋਹਣਾ ਫੁੱਲ ਗੁਲਾਬ ਦਾ ਏ।
ਦਰਿਆ ਦੁਨੀਆਂ 'ਤੇ ਲੱਖਾ ਹੀ ਵਗਦੇ ਨੇ,
ਪਰ ਸੋਹਣਾ ਇਤਿਹਾਸ ਝਨਾਬ ਦਾ ਏ।
ਸੱਤ ਸੁਰਾ 'ਚੋਂ ਸੰਗੀਤ ਦਾ ਜਨਮ ਹੁੰਦਾ,
ਪਰ ਮਿੱਠਾ ਸੁਰ ਰਬਾਬ ਦਾ ਏ।
'ਸ਼ਿਵਗੜ੍ਹ ਸੱਤਿਆ', ਕੋਈ ਕਰਮ ਕਮਾ ਚੰਗਾ,
ਤੈਨੂੰ ਪਲ ਦਾ ਪਤਾ ਨਾ ਬਾਅਦ ਦਾ ਏ।
ਆਮ ਹੋ ਜਾਇਓ, ਭਾਵੇਂ ਖਾਸ ਹੋ ਜਾਇਓ,
ਬਦਲਾਗੇਂ ਸਮਾਜ, ਐਸੀ ਆਸ ਹੋ ਜਾਇਓ।
ਇਹ ਜਿੰਦਗੀ ਐ, ਥੋੜੀ ਮਿਹਨਤ ਮੰਗਦੀ ਐ,
ਨਿੱਕੀ-ਨਿੱਕੀ ਗੱਲ 'ਤੇ ਨਾ, ਹਤਾਸ਼ ਹੋ ਜਾਇਓ।
ਰਾਤ ਦੁੱਖਾਂ ਦੀ ਲੰਘੀ, ਚਲੋ ਕੋਈ ਗੱਲ ਨਹੀਂ,
ਬਦਲਾਗੇਂ ਕੱਲ੍ਹ, ਐਸੀ ਪ੍ਰਭਾਤ ਹੋ ਜਾਇਓ।
'ਸ਼ਿਵਗੜ੍ਹ ਸੱਤਿਆ', ਸੋਚਾ ਵਿੱਚ ਖੜੋਤ, ਮਨਜੂਰ ਨਹੀਂ ਸਾਨੂੰ,
ਸੰਤ ਰਾਮ ਉਦਾਸੀ ਜਾਂ ਫਿਰ ਪਾਸ਼ ਹੋ ਜਾਇਓ।
ਪੜ੍ਹ ਕੇ ਹਿਸਾਬ, ਖਾਵੇ ਘਾਟੇ ਸੌਦਿਆਂ 'ਚੋਂ,
ਅਨਪੜ੍ਹ ਚੰਗਾ ਹੋਊ, ਇਹੋ ਜਿਹੇ ਪੜ੍ਹਾਕੂ ਤੋਂ।
ਪਿੱਠ ਜੋ ਵਿਖਾਵੇ, ਜਾ ਕੇ ਜੰਗ ਦੇ ਮੈਦਾਨ ਵਿੱਚ,
ਆਮ ਬੰਦਾ ਚੰਗਾ ਹੋਊ, ਇਹੋ ਜਿਹੇ ਲੜਾਕੂ ਤੋਂ।
ਡੁੱਬਦੇ ਹੋਏ ਬੰਦੇ ਦੀ, ਜੋ ਜਾਨ ਨਾ ਬਚਾਵੇ,
ਸ਼ੈਤਾਨ ਹੀ ਚੰਗਾ ਹੋਊ, ਇਹੋ ਜਿਹੇ ਤੈਰਾਕੂ ਤੋਂ।
ਯਾਰਾ ਨਾਲ ਰਹਿ ਕੇ, ਆਖੇ ਯਾਰਾ ਨੂੰ ਜੋ ਮਾੜਾ,
'ਸ਼ਿਵਗੜ੍ਹ ਸੱਤਿਆ', ਦੁਸ਼ਮਣ ਚੰਗਾ ਹੋਊ, ਇਹੋ ਜਿਹੇ ਚਲਾਕੂ ਤੋਂ।
ਡੰਡਾ ਪੀਰ ਹੈ, ਵਿਗੜਿਆਂ ਤਿਗੜਿਆਂ ਦਾ,
ਇਹਦੇ ਬਿਨਾਂ ਹੋਰ ਕੋਈ ਢੰਗ ਹੈ ਨੀ।
ਵਾਂਗ ਰੱਸੀਆ ਦੇ ਲੋਕੀ ਕੰਮ ਲੈਂਦੇ,
ਜਿਹੜੇ ਸੱਪ ਦੇ ਮੂੰਹ ਵਿੱਚ ਦੰਦ ਹੈ ਨੀ।
ਦੱਸੋ ਕਾਹਦਾ ਮਿਸਤਰੀ ਜਹਾਨ ਉੱਤੇ,
ਪੂਰੇ ਜੀਹਦੇ ਕੋਲ ਆਪਣੇ ਸੰਦ ਹੈ ਨੀ।
'ਸ਼ਿਵਗੜ੍ਹ ਸੱਤਿਆ', ਆਖਿਰ ਨੂੰ ਪਛਤਾਉਂਦਾ ਏ,
ਜਿਹੜਾ ਬੰਦਾ ਸਮੇਂ ਦਾ ਪਾਬੰਦ ਹੈ ਨੀ।
ਲੱਕੜ ਵਾਲੀ ਆਰੀ ਦੇ, ਇੱਕ ਪਾਸੇ ਦੰਦੇ ਨੇ,
ਪਰ ਦੋ ਪਾਸੇ ਦੰਦੇ, ਦੁਨੀਆਂ ਵਾਲੀ ਆਰੀ ਦੇ।
ਲੱਚਰਤਾ ਦੀ ਜੀਹਦੇ ਗੀਤਾਂ 'ਚੋਂ ਝਲਕ ਪਵੇ,
ਦੁਰ ਫਿੱਟੇ ਮੂੰਹ, ਇਹੋ ਜਿਹੇ ਲਿਖਾਰੀ ਦੇ।
ਤੁਰਦਾ ਫਿਰਦਾ ਬੰਦਾਂ ਤੁਰਜੇ, ਚੰਗਾ ਰਹਿੰਦਾ ਏ,
ਪਾਵੇ ਨਾ ਰੱਬ ਵੱਸ ਕਦੇ, ਲੰਮੀ ਬਿਮਾਰੀ ਦੇ।
ਯਾਰ ਦੇ ਘਰ ਜਾ ਕੇ, ਜੋ ਮੈਲੀ ਅੱਖ ਰੱਖਦਾ ਏ,
ਲੱਖ ਲਾਹਨਤਾ 'ਸੱਤਿਆ' ਐਸੀ ਯਾਰੀ ਦੇ।
ਬੋਲ ਸ਼ਰੀਕਾ ਦੇ ਸੀਨੇ ਵਿੱਚ ਰਹਿਣ ਲੜਦੇ,
ਕੋਈ ਦਵਾਈ ਨਹੀਂ, ਇਹਨਾਂ 'ਤੇ ਕੰਮ ਕਰਦੀ।
ਕਈ ਦੁੱਖਾ ਦੀ ਦਾਰੂ ਹੁੰਦੀ ਮੈਂ ਸੁਣਿਆ,
ਬੰਦਾ ਸੰਭਲ ਕੇ ਪੀਵੇ ਜੇ, ਸ਼ਰਾਬ ਘਰਦੀ।
ਪੂਰੀ ਪਾਉਦਾ ਨਹੀਂ ਜਾ ਕੇ ਮੈਦਾਨ ਅੰਦਰ,
ਜਿਹੜੇ ਬੰਦੇ ਦੀ ਹੋਵੇ, ਜ਼ਮੀਰ ਡਰਦੀ।
'ਸ਼ਿਵਗੜ੍ਹ ਸੱਤਿਆ', ਸੀਨੇ ਵੱਜਦੀ ਠਾਹ ਕਰਕੇ,
ਗੋਲੀ ਹੈ ਨੀ, ਨੈਂਣਾ ਦੇ ਹਥਿਆਰ ਵਰਗੀ।
ਅਲਫ਼ ਇੱਕੋ, ਖਸਮ ਇੱਕੋ,
ਨਾ ਜ਼ਬਰ, ਜ਼ੇਰ, ਪੇਸ਼ ਦੀ ਗੱਲ ਕਰੀਏ।
ਸੱਜਣ ਪਰਖੇ, ਜੇ ਅਕੀਦਾ ਹੈ ਕਿੰਨਾ ਪੱਕਾ,
ਫਿਰ ਜਾਨ ਵੀ ਸੱਜਣ ਅੱਗੇ ਪੇਸ਼ ਕਰੀਏ।
ਦੋਵੇਂ ਹੱਥੀ, ਲੁਟਾਈਏ, ਮਾਇਆ ਨਾਗਣੀ ਨੂੰ,
ਦਿਲ ਨੂੰ ਅੰਦਰੋਂ ਇੰਨਾ ਦਰਵੇਸ਼ ਕਰੀਏ।
ਤੱਤਵ ਕਾਲ 'ਤੇ ਸ਼ੈਤਾਨ ਜਦ ਹੋਵੇ ਭਾਰੀ,
'ਸ਼ਿਵਗੜ੍ਹ ਸੱਤਿਆ' ਫਿਰ ਬਦੀ ਦੇ ਨਾਲ ਕਲੇਸ਼ ਕਰੀਏ।
ਅੱਲ੍ਹਾ,ਰਾਮ,ਵਾਹਿਗੁਰੂ ਪੈਗਾਮ ਇੱਕੋ,
ਲੋਕਾ ਪਾਈਆਂ ਇਹਦੇ ਵਿੱਚ ਵੰਡੀਆਂ ਨੇ।
ਗੰਦਾ ਲੰਗੋਟੇ ਦਾ ਹੋਵੇ ਭਲਵਾਨ ਜਿਹੜਾ,
ਉਹਨੇ ਕਦੋਂ ਜਿੱਤੀਆਂ ਝੰਡੀਆਂ ਨੇ।
ਪੁੱਛ ਉਹਨਾਂ ਨੂੰ ਸੁਹਾਗ ਨੇ ਕੀ ਹੁੰਦੇ,
ਚੜ੍ਹਦੀ ਉਮਰੇ ਜੋ ਹੋਈਆਂ ਰੰਡੀਆਂ ਨੇ।
ਗੱਲ ਦੂਜੇ ਦੀ ਦੂਜੇ ਕੋਲ ਕਰਨੀ,
'ਸ਼ਿਵਗੜ੍ਹ ਸੱਤਿਆ' ਤੇਰੀਆਂ ਇਹ ਗੱਲਾਂ ਨਾ ਚੰਗੀਆਂ ਨੇ।
ਬੁਝਦੀ ਪਿਆਸ ਨਾ ਰੇਤਲੇ ਟਿੱਬਿਆਂ ਦੀ,
ਸੌ ਵਾਰ ਰਮਾਇਆ ਭਾਵੇ ਖੇਤ ਹੋਵੇ।
ਦੇਸੀ ਸਾਲ ਦਾ ਸਦਾ ਆਰੰਭ ਹੁੰਦਾ,
ਜਦੋ ਚੜ੍ਹਿਆ ਮਹੀਨਾ ਚੇਤ ਹੋਵੇ।
ਵਧਣਾ-ਫੁੱਲਣਾ ਕੀ ਹੁੰਦਾ, ਉਸ ਦੇਸ ਤਾਂਈ,
ਮਾਨਸਿਕਤਾ ਜਿੱਥੇ ਗੁਲਾਮੀ ਹੇਠ ਹੋਵੇ।
ਉਹ ਕੀ ਜਾਣੂ? ਬੰਬਲ ਨੇ ਕੀ ਹੁੰਦੇ,
ਵੱਟਿਆ ਜਿਸ ਨੇ ਕਦੇ ਨਾ ਖੇਸ ਹੋਵੇ।
'ਸ਼ਿਵਗੜ੍ਹ ਸੱਤਿਆ' ਉਹ ਘਰ ਕਾਮਯਾਬ ਨਹੀਂ ਹੁੰਦਾ,
ਜਿਸਦਾ ਬੇਗਾਨੇ ਲੋਕਾ ਨੂੰ ਭੇਤ ਹੋਵੇ।
ਹਰ ਕੋਈ ਸ਼ੀਸ ਝੁਕਾਉਂਦਾ ਏ,
ਏਸ ਜੱਗ 'ਤੇ ਮਹਾਨ ਬੰਦਿਆਂ ਨੂੰ।
ਸਦਾ ਲਾਹਨਤ ਤੇ ਫਿਟਕਾਰ ਪੈਂਦੀ,
ਏਸ ਜੱਗ 'ਤੇ ਮੰਦੇ ਬੰਦਿਆਂ ਨੂੰ।
ਜਿਹੜੇ ਹਮੇਸ਼ਾ ਘਾਟੇ ਵੱਲ ਜਾਵਣ,
ਬੰਦ ਕਰ ਦਿਓ ਐਸੇ ਧੰਦਿਆਂ ਨੂੰ।
'ਸ਼ਿਵਗੜ੍ਹ ਸੱਤਿਆ' ਜਿਹੜੇ ਬੋਲ ਨਾਲ ਕਿਸੇ ਨੂੰ ਠੇਸ ਪਹੁੰਚੇ,
ਐਸੇ ਬੋਲੀਏ ਨਾ ਬੋਲ ਮੰਦਿਆਂ ਨੂੰ।
ਮੋਨੇ ਬੰਦੇ ਨੂੰ ਲੋਕੀ ਕਹਿਣ ਬਾਬੂ,
ਸਿਰ ਪੱਗੜੀ ਵਾਲੇ ਨੂੰ ਸਰਦਾਰ ਕਹਿੰਦੇ।
ਪੱਤੇ ਪਤਝੜ੍ਹ ਵਿੱਚ ਨੇ ਝੜ੍ਹ ਜਾਂਦੇ,
ਫੁੱਲ ਖਿਲਿਆਂ ਨੂੰ ਲੋਕੀ ਬਹਾਰ ਕਹਿੰਦੇ।
ਦੇਸ ਆਪਣੇ ਦਾ ਨਾਂ ਜੋ ਭਲਾ ਸੋਚੇ,
ਉਸ ਬੰਦੇ ਨੂੰ ਲੋਕੀ ਗੱਦਾਰ ਕਹਿੰਦੇ।
'ਸ਼ਿਵਗੜ੍ਹ ਸੱਤਿਆ' ਚਾਹੁੰਦੀ ਹੋਵੇ ਜਿਹੜੀ ਬਹੁਤੇ ਬੰਦਿਆਂ ਨੂੰ,
ਉਸ ਤੀਵੀਂ ਨੂੰ ਲੋਕੀ ਬਦਕਾਰ ਕਹਿੰਦੇ।
ਵਿਰਲੇ ਜਾਣਦੇ ਦਰਦ ਨੇ ਧੀਆਂ ਦੇ,
ਲੋਹੜੀ ਮੁੰਡਿਆਂ ਦੀ ਜਿਆਦਾ ਮਨਾਉਣ ਲੋਕੀ।
ਬਾਬਲ ਘਰ ਵੀ ਸੁੱਖ ਨਹੀਂ ਮਾਣ ਸਕਦੀ,
ਬੇਗਾਨੇ ਘਰ ਦਾ ਅਖਾਣ ਸੁਣਾਉਣ ਲੋਕੀ।
ਜਦ ਬੇਗਾਨੇ ਘਰ ਹੈ ਚਲੀ ਜਾਂਦੀ,
ਵਾਂਗ ਗੈਰਾ ਦੇ ਪਿਆਰ ਜਤਾਉਣ ਲੋਕੀ।
'ਸ਼ਿਵਗੜ੍ਹ ਸੱਤਿਆ' ਤਾਂਸ਼ ਦੀ ਖੇਡ ਵਾਂਗੂੰ,
ਡਾਅਢਾ ਔਰਤ ਨਾਲ ਚਿੱਤ ਪਰਚਾਉਣ ਲੋਕੀ।
ਅੰਤਾਂ ਦਾ ਸ਼ੋਰ ਹੈ ਅੰਦਰ, ਬਾਹਰੋਂ ਚੁੱਪ ਕਿਉਂ ਰਹਿਨਾ ਏਂ।
ਖੁਦ ਸਰ ਹੋਈਆਂ ਮੰਜਿਲਾਂ ਨਾ, ਲੋਕਾਂ ਨੂੰ ਮੱਤਾਂ ਦੇਨਾਂ ਏਂ।
ਹੌਸਲਾ ਚੀਜ ਹੈ ਵੱਡੀ, ਕਾਸ਼ ! ਤੂੰ ਜਾਣਿਆ ਹੁੰਦਾ,
ਕਿਉਂ ਕੱਚੇ ਘਰਾ ਦੇ ਵਾਂਗੂੰ, ਐਵੇ ਡਿੱਗ ਢਹਿ ਪੈਨਾ ਏਂ ?
ਜੋ ਸੱਚ ਪਾਉਣ ਦੀ ਖਾਤਿਰ ਮਨਸੂਰ ਸੂਲੀ ਚੜ੍ਹਿਆ ਸੀ,
ਉਹ ਸੱਚ ਤੈਨੂੰ ਕਿਉਂ ਨਹੀ ਦਿਸਦਾ, ਝੂਠ ਦੇ ਪਿੱਛੇ ਰਹਿਨਾ ਏਂ।
ਰੱਬ ਤੂੰ ਜਿਸਨੂੰ ਹੈ ਮੰਨਦਾ, ਕਿਤੇ ਵੀ ਕੈਦ ਨਹੀਂ ਹੁੰਦਾ,
ਉਹ ਤੇਰੇ ਅੰਦਰ ਹੈ ਬੈਠਾ, ਬਾਹਰ ਕਿਉਂ ਲੱਭਦਾ ਰਹਿਨਾ ਏਂ।
ਹੀਰ, ਸੱਸੀ 'ਤੇ ਸੋਹਣੀ, ਸਦਾ ਹੀ ਯਾਦ ਨੇ ਤੈਨੂੰ,
ਗੁਜਰੀ, ਫਾਤਿਮਾ, ਮੀਰਾ ਕਿਉਂ ਮਨੋ ਵਿਸਾਰ ਬਹਿਨਾ ਏਂ।
ਪਿਆਰ ਖੋਪਰ ਲਹਾਉਦਾ ਏ, ਇਹ ਘੁੰਗਰੂ ਬੰਨ੍ਹ ਨੱਚਦਾ ਏ,
ਜੋ ਜਿਸਮਾਂ 'ਤੇ ਮੁੱਕਦਾ ਏ, ਉਹਨੂੰ ਤੂੰ ਪਿਆਰ ਕਹਿਨਾ ਏਂ।
ਮੁਹੰਮਦ, ਨਾਨਕ , ਈਸਾ ਦਾ, ਮੁਕਾਮ ਹੈ ਇੱਕੋ,
ਕਿਉ 'ਸੱਤੇ ਸ਼ਿਵਗੜ੍ਹ ਵਾਲਿਆ' ਉਏ, ਦਿਲਾਂ ਨੂੰ ਵੰਡਦਾ ਰਹਿਨਾ ਏਂ।
ਬੁਲਟ 'ਤੇ ਰਾਂਝਾ ਵੀ ਸਵਾਰ ਹੋ ਗਿਆ,
ਫੈਸ਼ਨਾ 'ਤੇ ਹੀਰ ਵੀ ਸਵਾਰ ਹੋ ਗਈ,
ਬੜੇ ਚਾਵਾਂ ਨਾਲ ਲਾਡੋ ਪਾਲੀ ਮਾਪਿਆ,
ਸੁਣਿਆ ਉਹ ਕਿਸੇ ਨਾਲ ਫਰਾਰ ਹੋ ਗਈ,
ਮੁੱਕਣ ਤੋਂ ਪਹਿਲਾ ਉਹਨੇ ਮਾਪੇ ਮਾਰਤੇ,
ਮੁੱਖ ਨਾ ਦਿਖਾਉਣ ਜੋਗੇ ਰਹੇ ਜੱਗ ਨੂੰ,
ਹੋਵੇ ਜੇ ਗਰੀਬੀ ਬੰਦਾ ਕੱਟ ਲੈਂਦਾ ਏ,
ਝੱਲਿਆ ਨੀ ਜਾਂਦਾ ਲੱਗੇ ਦਾਗ ਪੱਗ ਨੂੰ।
ਬੋਲ ਨੇ ਸ਼ਰੀਕਾਂ ਵਾਲੇ ਸੀਨਾ ਪਾੜਦੇ,
ਚੜ੍ਹੀ ਜਾਵੇ ਕੰਬਣੀ ਮਹੀਨੇ ਹਾੜ੍ਹ ਦੇ,
ਕਿਸੇ ਨੂੰ ਵੀ ਦੋਸ਼ ਦੇ ਕੇ ਕੀ ਬਣਦਾ,
ਆਪਣੇ ਹੀ ਜੰਮੇ ਜਦੋਂ ਚੰਨ ਚਾੜ੍ਹਦੇ,
ਕਿਹੋ ਜਿਹੇ ਰਾਹੇ ਪੈ ਗਈਆਂ ਜਵਾਨੀਆਂ,
ਪਾਣੀ ਨਾਲੋਂ ਠੰਡੇ ਫੜ੍ਹ ਬਹਿ ਗਏ ਅੱਗ ਨੂੰ,
ਕੋਰਟ 'ਤੇ ਕਚਹਿਰੀਆਂ 'ਚ ਮਾਪੇ ਖਿੱਚ ਲਏ,
ਰੋਲ ਕੇ ਤੂੰ ਇੱਜ਼ਤਾਂ ਕੀ ਦਿਲ ਜਿੱਤ ਲਏ,
ਛਾਤੀਆਂ ਦੇ ਦੁੱਧ ਦਾ ਨਾ ਮੁੱਲ ਮੋੜਿਆ,
ਬੁੱਕਲ 'ਚ ਪਾਲੇ ਸੱਪ ਜ਼ਹਿਰੀ ਨਿਕਲੇ,
ਪੁੱਤਾਂ ਵਾਂਗੂੰ ਤੇਰੀਆ ਮਨਾਈਆਂ ਲੋਹੜੀਆਂ,
ਕਿਹੜੀ ਗੱਲੋਂ ਧੀਏ ਤੂੰ ਭੁਲਾ ਗਈ ਸਭ ਨੂੰ,
ਕੱਲਿਆਂ ਨੂੰ ਘਰ ਹੁਣ ਖਾਣ ਆਉਂਦਾ ਏ,
ਰੋਦਿਆਂ ਨੂੰ ਕੋਈ ਨਾ ਵਰਾਉਣ ਆਉਂਦਾ ਏ,
ਤੋਰ ਤੇ ਤਰੀਕੇ ਨਹੀਂ ਸੀ ਠੀਕ ਕੁੜੀ ਦੇ,
ਤੀਰੋਂ ਤਿੱਖੇ ਬੋਲਾਂ ਨੂੰ ਸੁਣਾਉਣ ਆਉਂਦਾ ਏ,
ਲਿਖਿਆ ਤੂੰ ਸੱਚ 'ਸ਼ਿਵਗੜ੍ਹ ਸੱਤਿਆ',
ਗੀਤ ਰਾਹੀਂ ਦਿੱਤਾ ਏ ਸੰਦੇਸ਼ ਜੱਗ ਨੂੰ,
ਗਿਲੇ ਸ਼ਿਕਵੇ ਸਭ ਮੁਆਫ ਹੋਣਗੇ, ਪਰ ਇੱਕ ਦਿਨ ਤਾਂ ਇਨਸਾਫ਼ ਹੋਣਗੇ।
ਚਿੱਟੀ ਚਾਦਰ ਦਾਗ ਬੜੇ ਨੇ, ਦੱਸ ਸੱਜਣਾ ਕਿੰਝ ਸਾਫ ਹੋਣਗੇ।
ਬੁੱਤ ਨਾ ਬਣਿਓਂ , ਜੋ ਬੁੱਤ ਹੈ ਦੱਸਦਾ ਦੁਨੀਆਂ ਨੂੰ,
ਹਰ ਇੱਕ ਤੋਂ ਨਾ ਐਸੇ ਬੁੱਤ ਤਰਾਸ਼ ਹੋਣਗੇ।
ਸੁਕਰਾਤ ਪਿਆਲਾ ਪੀ ਕੇ, ਸੀ ਦੱਸ ਗਿਆ ਦੁਨੀਆਂ ਨੂੰ,
ਆਗਿਆਨੀਆਂ ਹੱਥੋਂ ਨਾ ਕਦੇ ਇਨਸਾਫ਼ ਹੋਣਗੇ।
ਗੱਲਾਂ ਨਾਲ ਕਦੇ ਵੀ ਇਨਕਲਾਬ ਨਹੀਂ ਆਉਂਦੇ,
ਉਹੀ ਜਾਨ ਨਿਛਾਵਰ ਕਰਦੇ ਜੋ ਖੁਦ ਇਨਕਲਾਬ ਹੋਣਗੇ।
ਸਵਾਂਤ ਬੂੰਦ ਲਈ ਤੜਫਦਾ ਇੱਕ ਪਪੀਹਾ ਤੱਕਿਆ ਮੈਂ,
ਉਂਝ ਦੁਨੀਆ 'ਤੇ ਵੱਗਦੇ ਪਾਣੀ ਘਾਟ-ਘਾਟ ਹੋਣਗੇ।
ਅਸਲੀਅਤ ਭੁੱਲ ਬੈਠੀਆਂ ਜੋ, ਕਰਦੀਆਂ ਰੀਸ ਨੇ ਕੌਮਾਂ,
ਇਤਿਹਾਸ ਕੀ ਹੈ ਤੁਹਾਡਾ ? ਖੜ੍ਹੇ ਸਵਾਲ ਹੋਣਗੇ।
ਦੀਵਾਰ ਸਰਹਿੰਦ ਦੀ ਹੈ ਰੋਂਦੀ, ਤੱਕ ਦੋ ਨਿੱਕੀਆਂ ਜਿੰਦਾਂ ਨੂੰ,
ਕੀ ਰੁਤਬਾ ਹੋਊ ਉਹਦਾ, ਜੀਹਦੇ ਇਹ ਲਾਲ ਹੋਣਗੇ।
ਤਾਜ ਕੋਈ ਸੁੱਖ ਦਾ ਸਾਧਨ ਨਹੀਂ, ਪੁੱਛ ਕੇ ਵੇਖ ਤਾਜਰਾਂ ਤੋਂ,
ਬੰਦਗੀ ਦੇ ਤਾਜ ਨੇ ਵੱਡੇ , ਜੋ ਹਰ ਪਲ ਨਾਲ ਹੋਣਗੇ।
ਰੱਬ ਵੇਖਣ ਦੀ ਲੋੜ ਵੀ ਕੀ ਐ, 'ਸੱਤੇ ਸ਼ਿਵਗੜ੍ਹ ਵਾਲਿਆ' ਉਏ,
ਰੱਬ ਆਪੇ ਨਜਰੀਂ ਆਊ, ਜਦ ਮਨ ਸਾਫ਼ ਹੋਣਗੇ।
ਜੇ ਮਾਪੇ ਤੀਰਥ ਮੰਨ ਲਈਏ, ਫਿਰ ਘਰ ਵਿੱਚ ਵਹਿੰਦੀ ਗੰਗਾ ਏ।
ਹਰ ਇੱਕ ਵਿੱਚ ਰੱਬੀ ਰੂਹ ਹੁੰਦੀ, ਬੰਦਾ ਚੰਗਾ ਭਾਵੇਂ ਮੰਦਾ ਏ।
ਮਾਣ ਨਾਲ ਫੌਜੀ ਦਾ ਸੀਨਾ ਫੁੱਲ ਜਾਂਦਾ,
ਜਦ ਜੰਗ ਜਿੱਤ ਕੇ ਦੇਸ ਦਾ ਲਹਿਰਾਉਂਦਾ ਝੰਡਾ ਏ।
ਲੱਖ ਖੁਰਾਕਾਂ ਖਾ ਲਏ ਕਦੇ ਝੰਡੀ ਨਹੀਂ ਜਿੱਤਦਾ,
ਹੁੰਦਾ ਜੋ ਭਲਵਾਨ ਲੰਗੋਟੇ ਦਾ ਈ ਗੰਦਾ ਏ।
ਲਾ ਕੇ ਅੱਗ ਸ਼ਰੀਕਾਂ ਵਿਹੜੇ ਸੱਜਣਾ ਹੱਸਦਾ ਏਂ,
ਜਦ ਤੇਰੇ ਘਰ ਵਿੱਚ ਲੱਗਣੀ, ਫਿਰ ਪੈਣਾ ਪੰਗਾ ਏ।
ਆਖਣ ਨੂੰ ਤਾਂ ਸੌਖੀ ਬੜੀ ਆਜਾਦੀ ਮਿਲ ਗਈ ਏ,
ਵਿਰਲਾ ਹੀ ਕੋਈ ਦੇਸ਼ ਲਈ ਗਲ ਪਾਉਂਦਾ ਫੰਦਾ ਏ।
ਕਾਹਦਾ ਮਾਣ ਜਵਾਨੀ ਵਾਲਾ ਸੱਜਣਾ ਕਰਦਾ ਏਂ,
ਤੇਰਾ ਉੱਡਣਾ ਭੌਰ ਵਜੂਦੋਂ ਜਿਉਂ ਰੂੰ ਦਾ ਫੰਬਾ ਏ।
ਜਿਉਂਦੇ ਜੀ ਹੀ 'ਸੱਤਿਆ' ਮਾਪੇ ਮੁੱਕ ਜਾਂਦੇ,
ਜਦ ਪਿਉ ਪੁੱਤ ਦੀ ਅਰਥੀ ਨੂੰ ਲਾਉਂਦਾ ਕੰਧਾ ਏ।
ਪੰਜ ਕਕਾਰ ਨੇ ਬਖ਼ਸੇ ਸਾਨੂੰ ਸਾਹਿਬ ਨੇ,
ਕੇਸ, ਕੜਾ, ਕਿਰਪਾਨ, ਕਛਹਿਰਾ, ਪੰਜਵਾਂ ਕੰਘਾ ਏ।
ਠਾਠਾ ਮਾਰੇ ਸਰਸਾ ਦਾ ਪਾਣੀ, ਪਿਆ ਪਰਿਵਾਰ ਵਿਛੋੜਾ,
ਕਿਉਂ ਤੂੰ ਗੰਗੂਆ ਦਗਾ ਕਮਾਇਆ, ਕਿਸ ਗੱਲ ਦਾ ਸੀ ਤੋੜਾ,
ਸੂਬੇ ਤੀਕ ਜਾ ਖਬਰ ਪੁਚਾਈ, ਨਾ ਲਾਇਆ ਤੂੰ ਬਿੰਦ ਵੇ....
ਨੀਂਹਾ ਵਿੱਚ ਖਲੋ ਗਏ, ਲਾਲ ਗੁਰੂ ਗੋਬਿੰਦ ਦੇ।
ਠੰਢੇ ਬੁਰਜ਼ ਦੀਆ ਠੰਢੀਆ ਕੰਧਾ, ਧੁਰ ਅੰਦਰ ਤੱਕ ਠਾਰਦੀਆਂ,
ਦਾਦੀ ਮਾਂ ਦੀ ਗੋਦੀ ਦਾ ਨਿੱਘ, ਦੋ ਨਿੱਕੀਆ ਜ਼ਿੰਦਾ ਮਾਣਦੀਆਂ,
ਮੋਤੀ ਮਹਿਰਾ ਦੁੱਧ ਪਿਆਉਂਦਾ, ਹੋ ਬੇਪਰਵਾਹ ਜ਼ਿੰਦ ਦੇ....
ਨਵਾਬ ਕੋਟਲਾ ਵਿੱਚ ਕਚਹਿਰੀ, ਹਾ ਦਾ ਨਾਹਰਾ ਮਾਰੇ,
ਰਹੇ ਜੁਲਮ ਕਮਾਉਦੇ ਪਾਪੀ, ਯੋਧੇ ਪਰ ਨਾ ਹਾਰੇ,
ਜਿਊਂਦੇ ਜੀਅ ਇਹਨਾਂ ਈਨ ਨਾ ਮੰਨਣੀ, ਇਹ ਪੋਤੇ ਚਾਦਰ ਹਿੰਦ ਦੇ.......
ਅੰਬਰ ਬਰਸੇ, ਬਿਜਲੀ ਲਿਸ਼ਕੇ, ਪਿਆ ਸੋਚੀ ਆਲਮ ਸਾਰਾ,
ਰੱਬੀ ਰੂਹਾ ਰੱਬ ਨਾਲ ਮਿਲੀਆਂ, ਤੇਰਾ ਰੰਗ ਨਿਆਰਾ,
ਟੋਡਰ ਮੱਲ ਨੇ ਜਗਾ ਖਰੀਦੀ, 'ਸੱਤੇ' ਵਿੱਚ ਸਰਹਿੰਦ ਦੇ....
ਤੇਰੀ ਤੀਜੀ ਅੱਖ ਵਿੱਚ ਕੈਦ ਪਿਆ,
ਜੋ ਖਜਾਨਾ ਦੱਸੀ ਦਾ।
ਵੇਖ-ਵੇਖ ਕੇ ਲੀਲਾ ਕੁਦਰਤ ਦੀ,
ਨਾਲੇ ਰੋਈ ਜਾ ਨਾਲੇ ਹੱਸੀ ਜਾ।
ਪੱਥਰ ਨੂੰ ਚੱਟ ਕੇ ਮੁੜਦੀ ਏ,
ਕਦੇ ਮਨ ਨਹੀਂ ਟਿਕਦਾ ਮੱਛੀ ਦਾ।
ਸੌ ਵਾਰੀ ਭਾਵੇ ਜਲ ਜਾਵੇ,
ਕਦੇ ਵਟ ਨਹੀਂ ਜਾਦਾਂ ਰੱਸੀ ਦਾ।
ਚਾਦਰ ਦੇਖ ਕੇ ਸਦਾ ਪੈਰ ਪਸਾਰੀ ਤੂੰ,
ਔਕਾਤ ਤੋਂ ਵੱਧਕੇ ਕਰਜ਼ਾ ਨਹੀਓ ਚੱਕੀਦਾ।
ਚੰਗੇ ਕਰਮ ਕਮਾਈ ਬਹੁਤਾ ਸੋਚੀ ਨਾ,
ਜਖ਼ਮ 'ਤੇ ਬਹਿਣਾ, ਹੀ ਹੁੰਦਾ ਕੰਮ ਮੱਖੀ ਦਾ।
ਮਰਨਾ ਸੱਚ, ਜਿਊਣਾ ਝੂਠ, ਮੈਂ ਸੁਣਿਆ ਲੋਕਾ ਤੋਂ,
ਹਊਮੇ,ਬਦੀਆ,ਸੰਗ ਰਲ,ਨਹੀਂ ਬਹੁਤਾ ਟੱਪੀ ਦਾ।
ਉੱਚੀਆ ਬਹੁਤ ਪੜ੍ਹਾਈਆ,ਦੁਨੀਆ ਬਹੁਤ ਪਰੇ,
ਪਰ ਭੁੱਲਦਾ ਨਹੀਓ ਆੜੀ ਪਹਿਲੀ ਕੱਚੀ ਦਾ।
ਦਾਨ ਕਰਨ ਜੋ ਹੱਥ ਵੀ ਸੋਹਣੇ ਲੱਗਦੇ ਨੇ,
ਕਰਕੇ ਦਾਨ ਲੋਕਾ ਨੂੰ ਨਹੀਂ ਦੱਸੀਦਾ।
ਵੇਦ, ਗ੍ਰੰਥ ਸਭ ਗੁਰੂ ਦੀ ਮਹਿਮਾ ਦੱਸਦੇ ਨੇ,
ਗੁਰੂ ਕੱਟਦੂ ਤੇਰਾ ਗੇੜ, ਚਾਰ 'ਤੇ ਅੱਸੀ ਦਾ।
ਨਿਰੀਆਂ ਨਹੀਂ ਲਕੀਰਾ ਹੁੰਦੀ ਮਿਹਨਤ ਵੀ,
ਬਹੁਤਾ ਪਾਧਿਆ ਅੱਗੇ ਹੱਥ ਨਹੀਂ ਰੱਖੀਦਾ।
ਪਿੱਠ ਪਿੱਛੇ ਖੰਜਰ ਵੀ ਨੇ ਲੋਕੀ ਮਾਰ ਜਾਂਦੇ,
ਬਹੁਤਾ ਮਾਣ ਕਰੀ ਨਾ ਪਾਈ ਜੱਫੀ ਦਾ।
ਕੀ ਚਰਖੇ ਨੇ ਕੱਤਣਾ ਮਾਲ੍ਹਾਂ ਬਾਲ੍ਹੀਆ ਖਾਵੇ ਜੋ,
ਉਸ ਚਰਖੇ 'ਤੇ ਬਹੁਤਾ ਨਹੀਓ ਕੱਤੀ ਦਾ।
ਸੱਥਰ ਵਿਛਿਆ, ਸੋਚ ਸਮਝ ਕੇ ਬੋਲੀ ਤੂੰ,
ਖਿੜ-ਖਿੜ ਕਰਕੇ ਉੱਥੇ ਨਹੀਂਓ ਹੱਸੀ ਦਾ।
ਰਾਗਾ ਵਿੱਚੋ ਨਿਕਲਦੀਆ ਕਈ ਰਾਗਣੀਆ,
ਸੰਗੀਤ ਗੁਰਮਤਿ, ਮਸਲਾ ਸਾਰਾ 31 (ਇੱਕਤੀ) ਦਾ।
ਨਾਨਕ ਵਾਂਗੂੰ ਸੱਚਾ ਸੌਦਾ ਕਰ ਤਾਂ ਸਹੀ,
ਫਿੱਕਾ ਪੈਜੂ ਰੁਤਬਾ(ਧੰਦਾ),ਝੂਠ ਦੀ ਹੱਟੀ ਦਾ।
ਇਲਮਾ ਵਾਲਿਓ, ਸੱਚਾ ਇਲਮ ਕਮਾਇਓ ਉਏ,
ਭੋਲੇ-ਭਾਲੇ ਲੋਕਾ ਨੂੰ, ਨਹੀਂ ਲੁੱਟੀ ਦਾ।
ਲੋਕ ਕਹਿਣਗੇ ਕਮਲੀ, ਸੁਣ ਲਈ ਚੁੱਪ ਕਰਕੇ,
ਪੈਰੀ ਬੰਨ ਕੇ ਘੁੰਗਰੂ, ਜਦ ਵੀ ਨੱਚੀ ਦਾ।
ਮੁਕਤ ਹੈ ਕਰਦੀ ਬਾਣੀ ਸੱਚੇ ਗੁਰੂਆ ਦੀ,
ਪਹਾੜਿਆ ਵਾਂਗੂੰ ਇਸਨੂੰ ਨਹੀਓ ਰੱਟੀ ਦਾ।
ਯੁੱਗ ਮਸ਼ੀਨੀ ਦੱਸੋ ਹੁਣ ਕਿਥੋਂ ਲੱਭਾਗੇ ?
ਕਲਮ, ਸਿਆਹੀ 'ਤੇ 'ਓ' ਲਿਖਿਆ ਫੱਟੀ ਦਾ।
ਵੱਡੀ ਬੇਬੇ ਵਿਰਸਾ ਨਾਲ ਲਿਆਈ ਸੀ,
ਖੇਸਾ ਦਾ ਜੋੜਾ, ਇੱਕ ਨਗ ਸੀ ਪੱਖੀ ਦਾ।
ਪਤਾ ਹੋਵੇ ਜਦੋਂ ਇਹ ਤੇਰਾ ਘਰ ਪੱਟਦੂ,
ਨਸ਼ਿਆ ਵਰਗੇ ਜ਼ਹਿਰ ਨੂੰ ਨਹੀਓ ਚੱਖੀ ਦਾ।
ਆਪਣੀ ਅੜੀ 'ਤੇ ਆਇਆ ਮਿਰਜਾ ਤਾਂ ਮਰਿਆ,
ਕਸੂਰ ਕੋਈ ਨੀ ਜੰਡ, ਤੀਰ 'ਤੇ ਬੱਕੀ ਦਾ।
ਮਾਂ-ਬਾਪ ਨੇ ਤੀਰਥ, ਹੁੰਦੇ ਦਰਪਣ ਵੀ,
ਇਹਨਾ ਕੋਲੋ ਪਰਦਾ ਨਹੀਓ ਰੱਖੀ ਦਾ।
ਅੰਤਾ ਨੂੰ ਨਿਰਾਸ਼ਾ ਹੀ ਪੱਲੇ ਪੈਂਦੀ ਏ,
ਕੁਝ ਨਹੀਂ ਬਣਦਾ ਹੁੰਦਾ ਬਹੁਤੇ ਸ਼ੱਕੀ ਦਾ।
ਅੰਦਰੋ ਜਿੰਨਾ ਖਾਲੀ, ਉਨਾ ਛੇਤੀ ਭਰਜੇਗਾ,
ਕੂੜ ਵਿਚਾਰਾ ਨਾਲ ਨਹੀਂ ਮਨ ਨੂੰ ਡੱਕੀ ਦਾ।
ਸੌਖੀ ਨਹੀਓ ਮਿਲਦੀ ਹੁੰਦੀ ਮੰਜ਼ਿਲ ਰਾਹੀਆ ਨੂੰ,
ਜੇ ਹੈ ਰਾਹਾ ਵਿੱਚ ਮੁਸਕਿਲ ਨਹੀਓ ਥੱਕੀ ਦਾ।
ਹਾਲਾਤ ਵੇਖ ਕੇ 'ਸ਼ਿਵਗੜ੍ਹ ਸੱਤਿਆ' ਮਾੜੇ ਦੇ,
ਕਦੇ ਵੀ ਨਹੀਓ ਉਸਦੇ ਉੱਪਰ ਹੱਸੀ ਦਾ।
ਰੱਬ ਸਭਨਾ ਨੂੰ ਇੱਕੋ ਤੱਕੜੀ ਵਿੱਚ ਤੋਲਦਾ ਏ,
ਫਰਕ ਨਹੀਂ ਪੈਂਦਾ ਮਾਸਾ, ਤੋਲਾ, ਰੱਤੀ ਦਾ।
|