Sandeep Aulakh
ਸੰਦੀਪ ਔਲਖ

Punjabi Writer
  

Punjabi Ghazals/Poetry Sandeep Aulakh

ਪੰਜਾਬੀ ਗ਼ਜ਼ਲਾਂ, ਕਵਿਤਾਵਾਂ ਸੰਦੀਪ ਔਲਖ

ਐਵੇਂ ਆਪਣੇ ਲੇਖ ਫਰੋਲਣ ਬੈਠ ਗਿਆ

ਐਵੇਂ ਆਪਣੇ ਲੇਖ ਫਰੋਲਣ ਬੈਠ ਗਿਆ
ਦੁੱਖ ਸੁੱਖ ਪਾਕੇ ਤੱਕੜੀ ਤੋਲਣ ਬੈਠ ਗਿਆ

ਗਲ ਵਿੱਚ ਲਾਕੇ ਟਾਈ ਖੁਦ ਨੂੰ ਕੀ ਸਮਝੇਂ
ਕਿਹੜਾ ਏਂ ਤੂੰ ਪੱਗ ਨੂੰ ਰੋਲਣ ਬੈਠ ਗਿਆ

ਮੈਂ ਭਗਵਾਨ ਦੀ ਸਦੀਆਂ ਦੀ ਚੁੱਪ ਤੋੜਨ ਲਈ
ਝੱਲਾ ਅੱਲ੍ਹਾ ਅੱਲ੍ਹਾ ਬੋਲਣ ਬੈਠ ਗਿਆ

ਜਿਹੜਾ ਤਖ਼ਤ ਬਿਠਾਇਆ ਆਲੀਜਾਹ ਆਖ਼ਿਰ
ਪਾਣੀ ਦੇ ਵਿੱਚ ਜ਼ਹਿਰਾਂ ਘੋਲਣ ਬੈਠ ਗਿਆ

ਸੁੱਖਾਂ ਵਾਲੀ ਖਿੱਲਰੀ ਗੁੱਤ ਨੂੰ ਗੁੰਦਣ ਲਈ
ਮੈਂ ਦੁੱਖਾਂ ਦੀਆਂ ਗੁੰਝਲਾਂ ਖੋਲਣ ਬੈਠ ਗਿਆ

ਬਣ ਜਾਂਦੀ ਏ ਵਜ੍ਹਾ ਉਹੋ ਤਕਰਾਰਾਂ ਦੀ

ਬਣ ਜਾਂਦੀ ਏ ਵਜ੍ਹਾ ਉਹੋ ਤਕਰਾਰਾਂ ਦੀ
ਜਦ ਕਿਧਰੇ ਵੀ ਕਰਦਾਂ ਗੱਲ ਵਿਚਾਰਾਂ ਦੀ

ਸਾਰੀ ਜ਼ਿੰਦਗੀ ਕਰੀ ਗੁਲਾਮੀ ਔਰਤ ਨੇ
ਪਿਤਾ, ਪਤੀ, ਪੁੱਤਰ ਤੇ ਪੋਤਾ ਚਾਰਾਂ ਦੀ

ਏਸੇ ਲਈ ਅੱਜ ਮਾਂ ਨੇ ਰੋਟੀ ਲਾਹੀ ਨਈ
ਪਿਓ ਦੀ ਲਾਡੋ ਹੋ ਗਈ ਅੱਜ ਅਠਾਰਾਂ ਦੀ

ਬਣ ਗਈ ਫਾਹਾ ਅੱਜ ਨਿੱਕੀ ਦੇ ਬਾਪੂ ਦਾ
ਸ਼ਮਲੇ ਵਾਲੀ ਪੱਗ ਵੱਡੇ ਸਰਦਾਰਾਂ ਦੀ

ਮੈਂ ਧੜ ਤੇ ਸੱਪ ਦਾ ਫਨ ਲੱਗਿਆ ਤੱਕਿਆ ਏ
ਮੇਰੇ ਕੋਲੇ ਗੱਲ ਨਾ ਕਰ ਕਿਰਦਾਰਾਂ ਦੀ

ਦੇਵੋ ਜ਼ਰਾ ਧਿਆਨ ਤੇ ਵੇਖੋ

ਦੇਵੋ ਜ਼ਰਾ ਧਿਆਨ ਤੇ ਵੇਖੋ
ਹੋਇਆ ਕੀ ਨੁਕਸਾਨ ਤੇ ਵੇਖੋ

ਤੌਬਾ ਤੌਬਾ ਐਨੇ ਦੁੱਖੜੇ
ਚੇਹਰੇ ਤੇ ਮੁਸਕਾਨ ਤੇ ਵੇਖੋ

ਖਿੜੀਆਂ ਦੇਹਾਂ ਤੱਕਦੇ ਪਏ ਓ
ਰੂਹ ਹੋਈ ਸ਼ਮਸ਼ਾਨ ਤੇ ਵੇਖੋ

ਨਫ਼ਰਤ ਬੇਵਫ਼ਾਈ ਆਕੜ
ਉੱਪਰੋਂ ਅਜੇ ਜ਼ੁਬਾਨ ਤੇ ਵੇਖੋ

ਮੈਂ ਨਈ ਕਹਿੰਦਾ ਤਰਸ ਕਰੋ ਪਰ
ਜ਼ੁਲਮ ਤੇ ਵੇਖੋ ਜਾਨ ਤੇ ਵੇਖੋ

ਜਿਹੜੀ ਗੱਲ ਸੀ ਕਰਦੀ ਚੋਟ ਇਮਾਨਾਂ ਤੇ

ਜਿਹੜੀ ਗੱਲ ਸੀ ਕਰਦੀ ਚੋਟ ਇਮਾਨਾਂ ਤੇ
ਉਹ ਗੱਲ ਅਟਕੀ ਰਹਿ ਗਈ ਫੇਰ ਜ਼ੁਬਾਨਾਂ ਤੇ

ਓਹਲੇ ਖੜੀਆਂ ਝੁੱਗੀਆਂ ਦੀ ਛੱਤ ਚੋਂਦੀ ਰਈ
ਸੂਰਜ ਬਸ ਧੁੱਪ ਕਰਦਾ ਰਿਹਾ ਮਕਾਨਾਂ ਤੇ

ਫਿਰ ਉਸ ਨਜ਼ਰ ਮਿਲਾਕੇ ਜ਼ਖ਼ਮੀ ਕਰ ਦਿੱਤਾ
ਤੀਰ ਚੜਾਏ ਰਹਿ ਗਏ ਫੇਰ ਕਮਾਨਾਂ ਤੇ

ਕਾਫ਼ਿਰ ਬੈਠੇ ਰਾਤੀਂ ਚਰਚਾ ਕਰਦੇ ਰਏ
ਬਾਈਬਲ ਗੀਤਾ ਕੁਰਾਨ ਗਰੰਥ ਪੁਰਾਨਾਂ ਤੇ

ਔਲਖ ਜੀ ਅਨਮੋਲ ਖਜ਼ਾਨੇ ਸ਼ਾਇਰਾਂ ਦੇ
ਕੌਡੀ ਭਾਅ ਅੱਜ ਵਿਕਦੇ ਪਏ ਦੁਕਾਨਾਂ ਤੇ

ਕਿੱਦਾਂ ਦੇ ਹਾਲਾਤ 'ਚ ਰਹਿਨਾਂ

ਕਿੱਦਾਂ ਦੇ ਹਾਲਾਤ 'ਚ ਰਹਿਨਾਂ
ਹੰਝੂਆਂ ਦੀ ਬਰਸਾਤ 'ਚ ਰਹਿਨਾਂ

ਮੇਰੇ ਲਈ ਤੇ ਐਨਾ ਕਾਫ਼ੀ
ਮੈਂ ਤੇਰੀ ਗੱਲਬਾਤ 'ਚ ਰਹਿਨਾਂ

ਵੇਲਿਓਂ ਅੱਗੇ ਟੁਰਕੇ ਵੀ ਮੈਂ
ਗੁਜ਼ਰੇ ਹੋਏ ਲਮਹਾਤ 'ਚ ਰਹਿਨਾਂ

ਧੁਰੋਂ ਮਨਾਖੇ ਚੜ੍ਹਦੇ ਸੂਰਜ
ਦਿਨ ਵੇਲੇ ਵੀ ਰਾਤ 'ਚ ਰਹਿਨਾਂ

ਤੂੰ ਆਖੇ ਮੈਂ ਗੱਲ ਨੀ ਕਰਦਾ
ਮੈਂ ਅਪਣੀ ਔਕਾਤ 'ਚ ਰਹਿਨਾਂ

ਕਿਹੜਾ ਮੇਰੀ ਜ਼ਾਤ ਪਛਾਣੇ
ਮੈਂ ਦੁਨੀਆ ਕਮਜ਼ਾਤ 'ਚ ਰਹਿਨਾਂ

ਆਪਣੇ ਵੱਲੋਂ ਮੈਂ ਉਹ ਕੀਤਾ ਵੱਧ ਤੋਂ ਵੱਧ ਜੋ ਕਰ ਸਕਦਾ ਸੀ

ਆਪਣੇ ਵੱਲੋਂ ਮੈਂ ਉਹ ਕੀਤਾ ਵੱਧ ਤੋਂ ਵੱਧ ਜੋ ਕਰ ਸਕਦਾ ਸੀ
ਘੱਟ ਤੋਂ ਘੱਟ ਮੈਂ ਉਹਦੀ ਖ਼ਾਤਰ ਹੋਰ ਨਈਂ ਤਾਂ ਮਰ ਸਕਦਾ ਸੀ

ਉਹਦੇ ਪਿੱਛੋਂ ਨੈਣਾਂ ਦੇ ਵਿੱਚ ਏਨੇ ਅੱਥਰੂ ਭਰ ਭਰ ਸਾਂਭੇ
ਮੰਨ ਲੈਣੇ ਆਂ ਪੂਰਾ ਨਈ ਪਰ ਅੱਧਾ ਸਾਗਰ ਭਰ ਸਕਦਾ ਸੀ

ਲੈਕੇ ਬਹਿ ਗਿਆ ਲਾਡੋ ਰਾਣੀ ਸ਼ੀਸ਼ੇ ਸਾਂਹਵੇਂ ਸੰਗਣਾ ਤੇਰਾ
ਉਂਝ ਤੇ ਤੇਰੇ ਪਿਓ ਦਾ ਜੁੱਸਾ ਹਰ ਇੱਕ ਝੱਖੜ ਜਰ ਸਕਦਾ ਸੀ

ਅੱਕਕੇ ਆਖਿਰ ਆਕੜ ਲੈ ਗਈ ਸਾਰੀ ਬਾਜ਼ੀ ਖੋਹ ਕੇ ਸਾਥੋਂ
ਜਿੱਤਕੇ ਉਹਨੇ ਜੇ ਹੱਸਣਾ ਸੀ ਮੈਂ ਵੀ ਹੱਸਕੇ ਹਰ ਸਕਦਾ ਸੀ

ਧੁੱਪੇ ਕਾਹਨੂੰ ਸੜਨਾ ਪੈਂਦਾ ਜੇਕਰ ਸਾਰੇ ਗੌਤਮ ਹੁੰਦੇ
ਕਿੰਨਾ ਚੰਗਾ ਹੁੰਦਾ ਰੱਬਾ ਰੋਟੀ ਬਾਝੋਂ ਸਰ ਸਕਦਾ ਸੀ

ਮੇਰੇ ਤੇ ਵਰ੍ਹ ਪਿਆ ਉਲਟਾ ਭਲਾ ਕਹਿਕੇ ਬੁਰਾ ਕਹਿਕੇ

ਮੇਰੇ ਤੇ ਵਰ੍ਹ ਪਿਆ ਉਲਟਾ ਭਲਾ ਕਹਿਕੇ ਬੁਰਾ ਕਹਿਕੇ
ਬੜੀ ਕੀਤੀ ਹੈ ਗੁਸਤਾਖ਼ੀ ਮੈਂ ਪੱਥਰ ਨੂੰ ਖੁਦਾ ਕਹਿਕੇ

ਸ਼ਿਕਾਇਤਾਂ ਬੇਨਤੀ ਅਰਜ਼ਾਂ ਖਤਾਂ ਵਿੱਚ ਹੋਰ ਕੀ ਕੀ ਕੁਝ
ਹਮੇਸ਼ਾ ਪਾੜ ਦਿੰਦਾ ਹਾਂ ਮੈਂ ਖੁਦ ਨੂੰ ਬੇਵਫ਼ਾ ਕਹਿਕੇ

ਮੇਰਾ ਮੰਨਣਾ ਉਹਦਾ ਕਹਿਣਾ ਕਿ ਦਿਨ ਨਈ ਰਾਤ ਹੈ ਏਹ ਤਾਂ
ਸਦਾ ਝੁੱਕਦਾ ਰਿਹਾ ਇੰਝ ਹੀ ਮੈਂ ਪਾਣੀ ਨੂੰ ਹਵਾ ਕਹਿਕੇ

ਇਸ਼ਕ ਦੇ ਨਾਮ ਤੇ ਕੁਝ ਇਸ ਤਰ੍ਹਾਂ ਸੀ ਠੱਗਿਆ ਮੈਨੂੰ
ਮੇਰਾ ਓਹ ਐਬ ਬਣ ਬੈਠੇ ਸੀ ਪਹਿਲਾਂ ਆਸਰਾ ਕਹਿਕੇ

ਹਮੇਸ਼ਾ ਰੱਖਿਆ ਔਲਖ ਮੈਂ ਕਾਇਦਾ ਇਸ ਤਰ੍ਹਾਂ ਲਾਗੂ
ਕਦੇ ਨਈ ਵੇਖਿਆ ਮੁੜਕੇ ਮੈਂ ਉਹਨੂੰ ਅਲਵਿਦਾ ਕਹਿਕੇ

ਭਾਵੇਂ ਹੋਇਆਂ ਫੀਤਾ ਫੀਤਾ ਪੁੱਤਰ ਓਏ

ਭਾਵੇਂ ਹੋਇਆਂ ਫੀਤਾ ਫੀਤਾ ਪੁੱਤਰ ਓਏ
ਫਿਰ ਵੀ ਘੁੱਟ ਸਬਰਾਂ ਦਾ ਪੀਤਾ ਪੁੱਤਰ ਓਏ

ਮੇਰੇ ਵਾਂਗੂੰ ਖੂੰਜੇ ਲੱਗੇ ਰਹਿੰਦੇ ਨੇ
ਤੇਰਾ ਹਾਥੀ ਘੋੜਾ ਚੀਤਾ ਪੁੱਤਰ ਓਏ

ਚਿਹਰੇ ਉੱਤੇ ਮਲਕੇ ਕਾਲਖ਼ ਫਿਕਰਾਂ ਦੀ
ਤੇਰਾ ਜੀਵਨ ਰੌਸ਼ਨ ਕੀਤਾ ਪੁੱਤਰ ਓਏ

ਮੈਨੂੰ ਤੇ ਘੱਟ ਦਿਸਦੈ ਹੁਣ ਰਣਜੀਤ ਸਿਆਂ
ਕਿੱਥੇ ਰਹਿੰਦਾ ਮੇਰਾ ਜੀਤਾ ਪੁੱਤਰ ਓਏ

ਪਿਓ ਨਾ ਆਖੀਂ ਤੇਰਾ, ਤੇਰੇ ਪੁੱਤਰ ਨੇ
ਜੇ ਮੇਰੇ ਜਿਆ ਹਾਲ ਨਾ ਕੀਤਾ ਪੁੱਤਰ ਓਏ

ਸਿਰ ਤੇ ਕਿੰਨਾ ਭਾਰ ਉਠਾਈ ਫਿਰਦਾ ਹਾਂ

ਸਿਰ ਤੇ ਕਿੰਨਾ ਭਾਰ ਉਠਾਈ ਫਿਰਦਾ ਹਾਂ
ਮੈਂ ਕੰਡਿਆਂ ਦਾ ਤਾਜ ਸਜਾਈ ਫਿਰਦਾ ਹਾਂ

ਘਰ ਅੰਦਰ ਹੁਣ ਸ਼ੀਸ਼ਾ ਵੀ ਨਈ ਰੱਖਦਾ ਮੈਂ
ਖੁਦ ਕੋਲੋਂ ਕਈ ਰਾਜ਼ ਲੁਕਾਈ ਫਿਰਦਾ ਹਾਂ

ਅਕਸਰ ਕਰੇ ਉਦਾਸ ਜੋ, ਉਹਦੀ ਕਮਰੇ ਵਿੱਚ
ਹੱਸਦੀ ਦੀ ਤਸਵੀਰ ਲਗਾਈ ਫਿਰਦਾ ਹਾਂ

ਤੂੰ ਜਿੰਨੇ ਦੁੱਖ ਸਾਰੀ ਜ਼ਿੰਦਗੀ ਝੱਲੇ ਨੇ
ਓਨੇ ਤਾਂ ਮੈਂ ਬੋਝੇ ਪਾਈ ਫਿਰਦਾ ਹਾਂ

ਔਲਖ ਉਹਦੀ ਮਰਜ਼ੀ ਸਾਥ ਨਿਭਾਵਣ ਦੀ
ਮੈਂ ਕਿਹੜਾ ਤਲਵਾਰ ਟਕਾਈ ਫਿਰਦਾ ਹਾਂ

ਸੁਪਨੇ ਵੇਖੇ ਜ਼ਿੰਦਗੀ ਤੋਂ ਮੈਂ ਆਸਾਂ ਲਾਈਆਂ ਬੜੀਆਂ

ਸੁਪਨੇ ਵੇਖੇ ਜ਼ਿੰਦਗੀ ਤੋਂ ਮੈਂ ਆਸਾਂ ਲਾਈਆਂ ਬੜੀਆਂ
ਤਾਂਹੀ ਰੱਜਕੇ ਸੌਂ ਨਈ ਸਕੀਆਂ ਅੱਖੀਆਂ ਕਰਮਾਂ ਸੜੀਆਂ

ਵੇਖ ਲਏ ਜਦ ਬਾਪੂ ਦੇ ਹੱਥ ਪੈਰ ਬਿਆਈਆਂ ਪਾਟੇ
ਰੀਝਾਂ ਮੇਰੇ ਸਬਰ ਦੇ ਅੱਗੇ ਫੇਰ ਕਦੇ ਨਈ ਅੜੀਆਂ

ਓਹਦੇ ਚੰਨ ਜਿਹੇ ਮੁੱਖੜੇ ਉੱਤੇ ਨਾਮ ਕੀ ਆਇਆ ਮੇਰਾ
ਮੇਰੇ ਦਿਲ ਦੇ ਚਾਅ ਦੀਆਂ ਗੁੱਡੀਆਂ ਸੱਤ ਅਸਮਾਨੀਂ ਚੜੀਆਂ

ਗਲੀ ਦੇ ਵਿੱਚੋਂ ਲੰਘੇ ਸੀ ਕੱਲ੍ਹ ਕੁਝ ਅਣਜਾਣੇ ਬੰਦੇ
ਫਿਰ ਅੱਜ ਕੁੜੀਆਂ ਡਰ ਗਈਆਂ ਨੇ ਬੂਹੇ ਓਹਲੇ ਖੜੀਆਂ

ਏਸ ਦਿਵਾਲੀ ਫਿਰ ਮੇਰਾ ਦਿਲ ਮੁਸ਼ਕਿਲ ਦੇ ਵਿਚ ਫਸਿਆ
ਕਿਹੜੀ ਚੀਜ਼ ਖਰੀਦਾਂ ਮੈਂ ਹੁਣ ਆਟਾ ਜਾਂ ਫੁੱਲਝੜੀਆਂ