ਪੰਜਾਬੀ ਰਾਈਟਰ ਪਦਮਾ ਸਚਦੇਵ
ਅਨੁਵਾਦਕ: ਭੁਪਿੰਦਰ ਕੌਰ ਪ੍ਰੀਤ
ਸ਼ਾਂਤੀ ਵਾਲੇ ਸਫ਼ੇਦ ਕਬੂਤਰ
ਸਾਰੇ ਹੀ ਬਜ਼ੁਰਗ ਉਡਾ ਗਏ ਹਨ
ਹੁਣ ਸਾਡੇ ਪਾਸ
ਸਿਰਫ਼ ਕਾਲੇ ਕਬੂਤਰ ਹਨ
ਜਿਨ੍ਹਾਂ ਦੇ ਬੱਚੇ ਜੰਮਦਿਆਂ ਹੀ
ਖਾ ਜਾਂਦੀ ਹੈ ਬਿੱਲੀ
ਕਬੂਤਰ ਹੁਣ ਬੱਚੇ ਵੀ ਪੈਦਾ ਨਹੀਂ ਕਰਦੇ
ਬਿੱਲੀ ਦੇ ਡਰ ਤੋਂ ਉਹ ਜ਼ਮੀਨ ਨੂੰ ਛੂੰਹਦੇ ਵੀ ਨਹੀਂ -
ਅੰਬਰ 'ਚ ਹੀ ਉੱਡਦੇ ਹਨ
ਕਿਉਂਕਿ ਉਹ ਜਾਣਦੇ ਨਹੀਂ
ਅੰਬਰ ਵਿੱਚ ਹੋ ਗਈ ਮੋਰੀ
ਇਹ ਮੋਰੀ ਕਿਸੇ ਦਿਨ ਵੀ
ਬਿੱਲੀ ਬਣ ਖਾ ਜਾਵੇਗੀ ਧਰਤ ਨੂੰ
ਕਬੂਤਰਾਂ ਦੇ ਬਚਣ ਦੀ ਕੋਈ ਆਸ ਨਹੀਂ
ਹੋ ਸਕੇ ਤਾਂ ਸ਼ਬਦ ਬਚਾ ਲਵੋ
ਸ਼ਬਦਾਂ ਵਿੱਚ ਹੀ ਬਚੀ ਰਹੇਗੀ
ਆਪਣੇ ਜਿਉਣ ਲਈ ਕੀਤੀ ਸਾਰੀ ਕੋਸ਼ਿਸ -
ਸ਼ਬਦ ਹੀ ਸਾਡੇ ਪੁਰਖਿਆਂ ਨੂੰ ਸੰਭਾਲ ਰੱਖਣਗੇ
ਪਰ ਰੁਕੋ -
ਸੁਣੋ ਇਹ ਕਬੂਤਰ ਕੀ ਕਹਿ ਰਹੇ -
ਕਿ ਅੰਬਰ ਵਿੱਚ ਉੱਡਦੇ-ਉੱਡਦੇ
ਜਾਂ ਕਿ ਅਸੀਂ ਹੀ ਸ਼ਬਦਾਂ ਨੂੰ ਬਚਾ ਲਈਏ
ਪਰ !
ਜੇ ਇਹ ਸ਼ਬਦ ਬੱਚ ਵੀ ਗਏ ਤਾਂ
ਇਨ੍ਹਾਂ ਨੂੰ ਪੜ੍ਹੇਗਾ ਕੌਣ ?
ਦਿਨ ਚੜ੍ਹਿਆ
ਜਾਂ ਖੋਲ੍ਹੀ ਹੈ ਸਮਾਧੀ ਕਿਸੇ ਜੋਗੀ ਨੇ,
ਤ੍ਰਿਕਾਲਾਂ ਉਤਰ ਆਈਆਂ
ਜਾਂ ਨਿਕਲੀ ਹੈ ਡੋਲੀ
ਕੋਇਲ ਕੂਹ-ਕੂਹ ਕਰਦੀ ਹੈ
ਕਿ ਕੋਈ ਬੱਚਾ ਹੱਸਿਆ,
ਜਾਂ
ਗਲੀ ਤੋਂ ਕੋਈ ਡੋਗਰੀ ਗਾਉਂਦਾ ਨਿਕਲ ਗਿਆ ॥
ਕਲਮ
ਉਹ ਸਰਕੜੇ ਦੀ
ਟਾਹਣੀ ਨਾਲ ਹਿਲਦੀ ਪਈ
ਟਾਹਣੀ ਤੋਂ ਕਲਮ ਮੰਗੀ
ਖਿਝ ਕੇ ਬੋਲੀ ਉਹ -
ਹਾਲੇ ਪਰਸੋਂ ਹੀ ਤਾਂ ਦਿੱਤੀ ਸੀ ਨਵੀਂ ਕਲਮ,
ਉਹ ਕਿੱਥੇ ਗਈ, ਬੋਲ !
ਡਰਦਿਆਂ-ਡਰਦਿਆਂ ਮੈਂ ਕਿਹਾ
ਛਿਲਦਿਆਂ-ਛਿਲਦਿਆਂ ਹੀ ਮੁੱਕ ਗਈ
ਪੁੱਛਿਆ ਉਸਨੇ
ਕੀ ਤੂੰ ਬਹੀ-ਖਾਤੇ ਲਿਖਣ ਲਈ ਲੱਗੀ ਹੈਂ ਕਿਤੇ ਮੁਲਾਜ਼ਮ ?
ਹਿਸਾਬ-ਕਿਤਾਬ ਲਈ ਚਾਹੀਦੀ ਰੋਜ਼ ਤੈਨੂੰ ਨਵੀਂ ਕਲਮ ?
ਕੌਣ ਹੈ ਸ਼ਾਹ, ਜਿਸਦੀ ਦੁਕਾਨ ਤੇ ਇੰਨਾ ਹੁੰਦਾ ਹੈ ਕੰਮ ?
ਮੈਂ ਸਹਿਜ ਨਾਲ ਬੋਲੀ
ਮੈਂ ਸ਼ਾਹ ਨਹੀਂ, ਸ਼ਾਹਨੀ ਦਾ ਕੰਮ ਕਰਦੀ ਹਾਂ
ਉਹ ਸ਼ਾਹਨੀ ਬੜੀ ਤਾਕਤਵਰ ਹੈ ।
ਉਸਦੇ ਘਰ ਕੰਮ ਕਰਨ ਵਾਲੀ ਮੈਂ ਇਕੱਲੀ ਨਹੀਂ
ਕਿੰਨੇ ਹੀ ਹਨ ਚਾਕਰ ਉਸਦੇ -
ਉਹ ਹੈ ਮੇਰੀ ਮਾਤ-ਭਾਸ਼ਾ ਡੋਗਰੀ ।
ਕੱਢੋ ਕਲਮ ਜਲਦੀ ਕਰੋ
ਲੱਭਦੀ ਹੋਵੇਗੀ ਉਹ ਮੈਨੂੰ
ਸਰਕੜੇ ਨੇ ਆਪਣੀ ਬਾਂਹ ਵੱਢੀ
ਦਿੱਤੀ ਮੈਨੂੰ ਤੇ ਕਿਹਾ -
"ਲੈ ਜਾ ਇਸਨੂੰ, ਮੈਂ ਵੀ ਚਾਕਰ ਉਸੇ ਦਾ" ।
|