ਚੇਤਿਆਂ 'ਚ ਬਾਣੀਆਂ ਦੇ ਵਾਕ ਜਿੰਦਾ ਰਹਿਣਗੇ
ਨਾਨਕ ,ਫਰੀਦ ਵਾਲੇ ਸਾਕ ਜਿੰਦਾ ਰਹਿਣਗੇ
ਕੌਣ ਕਹੇ ਵੰਡ ਤੋਂ ਲਾਹੌਰ ਮੁੱਕ ਜਾਂਦੇ ਨੇ ?
ਚੁੱਪ ਵਿੱਚ ਆਣ ਸਾਰੇ ਸ਼ੋਰ ਮੁੱਕ ਜਾਂਦੇ ਨੇ
ਸਿੰਜੀ ਜਿਹੜੀ ਬਾਬਿਆਂ ਨੇ ਭੋਂ ਨਈਂਓ ਸੁੱਕਣੀ
ਸਾਂਈ ਮੀਆਂ ਮੀਰ ਵਾਲੀ ਸਾਂਝ ਨਈਂਓ ਮੁੱਕਣੀ
ਔਰੰਗੇ , ਮੱਸੇ, ਜਕਰੀਏ ਹੋਰ ਮੁੱਕ ਜਾਂਦੇ ਨੇ
ਚੁੱਪ ਵਿੱਚ ਆਣ ਸਾਰੇ ਸ਼ੋਰ ਮੁੱਕ ਜਾਂਦੇ ਨੇ
ਝਨਾਂ ਦਿਆਂ ਨੀਰਾਂ ਤੇ ਪ੍ਰੀਤ ਰਹੂ ਤਰਦੀ
ਬੇਲਿਆਂ ਚੋਂ ਵੰਝਲੀ ਦੀ ਹੂਕ ਨਈਂਓ ਮਰਦੀ
ਕੈਦੋਂ ਸਾਰੇ ਪਲਕਾਂ ਦੇ ਫੋਰ ਮੁੱਕ ਜਾਂਦੇ ਨੇ
ਚੁੱਪ ਵਿੱਚ ਆਣ ਸਾਰੇ ਸ਼ੋਰ ਮੁੱਕ ਜਾਂਦੇ ਨੇ
ਲੰਗਰਾਂ ਦੀ ਦਾਤ ਮਿਲੂ ਬਾਬੇ ਦਿਆਂ ਵੀਹਾਂ ਚੋਂ
ਉੱਗ ਪੈਣੀ ਸ਼ਰਧਾ ਸਲੀਬਾਂ , ਸੂਲੀ, ਨੀਹਾਂ ਚੋਂ
ਪੰਧ ਉੱਤੇ ਕੰਡੇ, ਸੂਲਾਂ , ਥੋਹਰ ਮੁੱਕ ਜਾਂਦੇ ਨੇ
ਚੁੱਪ ਵਿੱਚ ਆਣ ਸਾਰੇ ਸ਼ੋਰ ਮੁੱਕ ਜਾਂਦੇ ਨੇ ।