Kiranveer Sidhu
ਕਿਰਨਵੀਰ ਸਿੱਧੂ

Punjabi Writer
  

Punjabi Poetry Kiranveer Sidhu

ਪੰਜਾਬੀ ਰਾਈਟਰ ਕਿਰਨਵੀਰ ਸਿੱਧੂ

1. ਰਾਣੀ ਸੀ ਜੋ ਉਹ ਦਾਸੀ ਹੋ ਗਈ

ਰਾਣੀ ਸੀ ਜੋ ਉਹ ਦਾਸੀ ਹੋ ਗਈ।
ਮੇਰੀ ਕਵਿਤਾ ਹੁਣ ਪਰਵਾਸੀ ਹੋ ਗਈ।

ਕਲਮ ਨਾਲ ਕਿੱਕਲੀ ਪਾਉਂਦੀ ਸੀ ਜੋ
ਜ਼ਿੰਦਗੀ ਦਾ ਗੀਤ ਗੁਣਗੁਣਾਉਂਦੀ ਸੀ ਜੋ
ਚਿਹਰੇ ਤੇ ਉਹਦੇ ਉਦਾਸੀ ਹੋ ਗਈ।
ਮੇਰੀ ਕਵਿਤਾ ਹੁਣ ਪਰਵਾਸੀ ਹੋ ਗਈ।

ਪਤਾ ਨੀ ਕੀ ਉਸਾਰਦੀ ਢਾਹੁੰਦੀ ਰਹਿੰਦੀ ਏ।
ਲੱਗਦਾ ਕਿਸੇ ਉਧੇੜ ਬੁਣ ਵਿਚ ਰਹਿੰਦੀ ਏ।
ਸ਼ਾਂਤ ਸ਼ਹਿਰ ਦੀ ਰਾਣੀ ਮਾਇਆ ਨਗਰੀ ਦੀ ਵਾਸੀ ਹੋ ਗਈ,
ਮੇਰੀ ਕਵਿਤਾ ਹੁਣ ਪਰਵਾਸੀ ਹੋ ਗਈ।

ਕਾਗਜ਼ ਕਲਮ ਨਾਲ ਰੁੱਸ ਕੇ ਬਹਿ ਗਈ।
ਪਤਾ ਨਹੀਂ ਕਿੱਥੋਂ ਕਿੱਥੋਂ ਟੁੱਟ ਕੇ ਬਹਿ ਗਈ।
ਪਾਣੀਆਂ ਦੀ ਧਰਤੀ ਤੇ ਜ਼ਮੀਨ ਦਿਲ ਦੀ ਕਿਉਂ ਪਿਆਸੀ ਹੋ ਗਈ,
ਮੇਰੀ ਕਵਿਤਾ ਹੁਣ ਪਰਵਾਸੀ ਹੋ ਗਈ।
ਰਾਣੀ ਸੀ ਜੋ ਉਹ ਦਾਸੀ ਹੋ ਗਈ।
ਮੇਰੀ ਕਵਿਤਾ ਹੁਣ ਪਰਵਾਸੀ ਹੋ ਗਈ।

2. ਸਿਆਹੀ

ਮੰਜੇ ਤੋਂ ਉੱਠ ਮੈਂ ਤੁਰ ਪਈ ਉਸ ਦਰ ਵੱਲ
ਜਿੱਥੇ ਹਰ ਪੰਜੀਂ ਸਾਲੀਂ
ਮੇਰੀ ਉਂਗਲ ਦਾ ਮੁੱਲ ਪੈਂਦਾ
ਬੜਾ ਕੀਮਤੀ ਹੁੰਦਾ ਉਸ ਦਿਨ
ਮੇਰੀ ਉਂਗਲ ਦਾ ਨਿਸ਼ਾਨ...
ਮੇਰੇ 'ਅਧਿਕਾਰ' ਪ੍ਰਤਿ ਹਲੂਣ ਕੇ ਜਗਾਉਂਦਾ
ਮੈਨੂੰ ਸੰਵਿਧਾਨ ...

ਸਵੇਰ ਸਾਰ ਹੀ ਨਹੀਂ ਉੱਠ ਤੁਰੀ ਸੀ ਮੈਂ
ਉਡੀਕਦੀ ਰਹੀ ਸਿਖ਼ਰ ਦੁਪਹਿਰ ਤੱਕ
ਕਿ ਸ਼ਾਇਦ ਕੋਈ ਆ ਕੇ
ਮੇਰੇ ਸਿਰ ਤੇ ਛਾਂ ਕਰ ਦੇਵੇ...
ਪਰ ਆਖਿਰ ਧੁੱਪ ਹੀ ਪਈ ਕਬੂਲਣੀ ਮੈਨੂੰ
ਜਾ ਲਵਾਇਆ ਮੈਂ ਉਂਗਲੀ ਦੇ ਨੀਲਾ ਜਿਹਾ ਨਿਸ਼ਾਨ...
ਨੀਲੀ ਸਿਆਹੀ ਦੀ ਭਾਅ
ਚਮਕ ਉੱਠੀ ਮੇਰੀਆਂ ਅੱਖਾਂ ਵਿੱਚ...
ਮਸ਼ੀਨ ਵਿੱਚੋਂ ਉਪਜੀ ਟੀਂ ਦੀ ਆਵਾਜ਼
ਮੈਨੂੰ ਇੰਝ ਜਾਪੀ
ਜਿਵੇਂ ਹੁਕਮਰਾਨ ਦੇ ਦਰ ਤੇ ਪਹੁੰਚ ਗਈ ਏ
ਮੇਰੇ ਚੁੱਲ੍ਹੇ ਦੇ ਹਨੇਰੇ ਤੇ ਢਿੱਡ ਵਿਚਲੀ ਅੱਗ ਦੀ ਖ਼ਬਰ ...

ਪਰ ਮੇਰੀਆਂ ਅੱਖਾਂ ਦੀ ਚਮਕ ਬਹੁਤਾ ਚਿਰ ਨਾ ਰਹੀ
ਤੇ ਕਾਲਾ ਹੁੰਦਾ ਗਿਆ ਨੀਲਾ ਨਿਸ਼ਾਨ...
ਬਦਲਦੇ ਰੰਗ ਦੀ ਭਾਅ ਨੇ
ਮੈਨੂੰ ਚੇਤੇ ਕਰਵਾ ਦਿੱਤਾ
ਕਿ ਨੀਲਾ ਰੰਗ ਤਾਂ ਸਿਰਫ਼ ਅਸਮਾਨੀ ਸੁਪਨਿਆਂ ਦਾ ਹੁੰਦਾ
ਮੇਰੇ ਹਿੱਸੇ ਦੀ ਮਿੱਟੀ ਦਾ ਰੰਗ ਤਾਂ ਅਜੇ ਕਾਲਾ ਹੀ ਏ...
ਬੜੇ ਚਿਰ ਤੋਂ ਉਡੀਕ ਵਿੱਚ ਸੀ ਮੈਂ
ਕਿ ਮੇਰੀ ਵੋਟ ਦਾ 'ਹੱਕ' ਮੈਨੂੰ 'ਆਸ' ਦੀ ਅੱਖ ਦੇਵੇਗਾ...
ਪਰ ਮੈਂ ਪਹਿਚਾਣ ਲਿਆ ਹੁਣ
ਕਿ ਮੇਰੀ ਉਂਗਲ ਨਾਲੋਂ ਹੱਥਾਂ ਦਾ ਬੁੱਕ ਮਜ਼ਬੂਤ ਹੈ
ਮੇਰੀ ਮਿਹਨਤ ਦਾ ਇਹੀ ਸਬੂਤ ਹੈ
ਮੈਂ ਉੱਠੀ ...
ਤੇ ਕੂਚ ਦਿੱਤਾ ਸਿਆਹੀ ਦੇ ਨਿਸ਼ਾਨ ਨੂੰ
ਜੋ ਨੀਲਾ ਬਣਕੇ ਕਾਲਾ ਰੂਪ ਛੁਪਾਉਂਦਾ...

3. ਆ ਹਵਾ ਰਲ ਬਹਿ ਗੱਲਾਂ ਕਰੀਏ

ਆ ਹਵਾ ਰਲ ਬਹਿ ਗੱਲਾਂ ਕਰੀਏ
ਦਿਲ ਦੇ ਵਰਕੇ ਪੜੀਏ
ਕਿਉਂ ਕੋਲੋਂ ਦੀ ਲੰਘ ਜਾਨੀ ਏ
ਮਹਿਮਾਨ ਜਿਹੀ ਬਣਕੇ
ਅਣਜਾਣ ਜਿਹੀ ਬਣਕੇ...
ਦਿਲਾਂ ਕੋਲ ਤਾਂ ਦਿਲਾਂ ਲਈ ਵਿਹਲ ਨਹੀਂ
ਤੂੰ ਹੀ ਮੇਰੇ ਬੂਹੇ ਆਇਆ ਕਰ
ਦੋ ਸੁਣਿਆ ਕਰ ਚਾਰ ਗੱਲਾਂ ਸੁਣਾ ਜਾਇਆ ਕਰ...

ਸੁਣਾ ਜਾ ਨੀ ਗੱਲ ਕੋਈ
ਕੰਧਾਂ ਤੇ ਮੋਰਾਂ ਦੀ ,ਗਿੱਧਿਆਂ ਦੇ ਸ਼ੋਰਾਂ ਦੀ ...
ਦੇ ਜਾ ਨੀ ਸਲਾਹ ਕੋਈ
ਬਾਗ ਵਿਚ ਕਿਹੜਾ ਰੰਗ ਪਾਵਾਂ ਨੀ
ਧੁੱਪਾਂ ਹੀ ਧੁੱਪਾਂ ਦਿਸਦੀਆਂ ਨੇ
ਦੱਸ ਚਰਖਾ ਕਿੱਥੇ ਡਾਹਵਾ ਨੀ...
ਟੱਬਰ ਮੇਜ਼ ਕੁਰਸੀਆਂ ਲਾ ਕੇ ਬਹਿ ਜਾਂਦਾ
ਢਿੱਡ ਤਾਂ ਭਰ ਜਾਂਦਾ
ਮੇਰਾ ਮਨ ਜਾ ਭੁੱਖਾ ਰਹਿ ਜਾਂਦਾ...
ਮੈਂ ਤੱਕਦੀ ਰਹਿੰਦੀ ਪਰਛਾਵਾਂ ਨੀ
ਕਦੋਂ ਤੰਦੂਰ 'ਚੋ ਆਡਣ ਪਾਵਾ ਨੀ
ਦੱਸੀ ਨੀ ਹਵਾਏ ਇਕ ਪੂਰ ਤੇਰਾ ਵੀ ਲਾਹਵਾਂ ਨੀ...
ਅੱਧੀ ਰਾਤ ਤੱਕ ਸ਼ੀਸ਼ੇ ਤੇ ਚਾਨਣ ਜਾ ਹੁੰਦਾ ਰਹਿੰਦਾ
ਬਹਿ ਪੋਤੇ ਕੋਲ ਬਾਤ ਕਦੋਂ ਪਾਵਾ ਨੀ
ਜੀਅ ਕਰਦਾ ਵਿਹੜੇ ਵਿੱਚੋਂ ਪੁੱਟ ਕੇ ਇੱਟਾਂ
ਸਿੱਲੀ ਮਿੱਟੀ ਦੇ ਗਲਾਸ ਕੌਲੀਆਂ ਬਣਾਵਾਂ ਨੀ ...
ਠੰਢੀਆਂ ਕੰਧਾਂ ਵਿਚ ਮਨ ਜਿਹਾ ਤਪਦਾ ਰਹਿੰਦਾ
ਕਿਹੜੇ ਬੇਫਿਕਰੇ ਬੋਹੜ ਦੀ ਛਾਵੇਂ ਮੰਜੀ ਡਾਹਵਾ ਨੀ...
ਪਿੱਪਲ ਤੇ ਪਾ ਕੇ ਪੀਂਘ
ਫੱਟੀ ਤੇ ਬਹਿਕੇ ਫਿਕਰ ਉਡਾਵਾਂ ਸਾਰੇ ਨੀ
ਪੱਤੇ ਵਜਾਵਣ ਢੋਲ ਤੇ ਤੂੰ ਗੀਤ ਗਾਵੀਂ ਮੁਟਿਆਰੇ ਨੀ...

ਆ ਹਵਾ ਰਲ ਬਹਿ ਗੱਲਾਂ ਕਰੀਏ
ਤੈਨੂੰ ਹਾਲ ਸੁਣਾਵਾਂ ਸਾਰੇ ਨੀ
ਦਿਲਾਂ ਕੋਲ ਤਾਂ ਦਿਲਾਂ ਲਈ ਵਿਹਲ ਨਹੀਂ
ਤੇਰੇ ਨਾਲ ਹੀ ਜ਼ਿੰਦਗੀ ਮਾਣ ਜਾਵਾਂ ਸਰਕਾਰੇ ਨੀ ....

4. ਚਿੜੀਆਂ ਦੀ ਡਾਰ

ਚਿੜੀਆਂ ਦੀ ਡਾਰ
ਮੈਂ ਉਡਦੀ ਦੇਖੀ ਵੇ
ਕਦੇ ਇਸ ਬਨੇਰੇ
ਕਦੇ ਉਸ ਬਨੇਰੇ
ਦਾਣੇ ਮੈਂ ਚੁਗਦੀ ਦੇਖੀ ਵੇ
ਚਿੜੀਆਂ ਦੀ ਡਾਰ
ਮੈਂ ਉਡਦੀ ਦੇਖੀ ਵੇ,
ਮਿੱਟੀ ਮੈਂ ਰੁੜਦੀ ਦੇਖੀ ਵੇ
ਕਦੇ ਟਿੱਬੇ-ਟੋਏ, ਰੋੜੇ
ਕਦੇ ਬੁੱਤਾਂ ਦਾ ਜੋੜੇ
ਬੁੱਤਾਂ ਤੋਂ ਪਾਣੀਆਂ ਵਿੱਚ
ਘੁਲਦੀ ਦੇਖੀ ਵੇ
ਮਿੱਟੀ ਮੈਂ ਰੁੜਦੀ ਦੇਖੀ ਵੇ,
ਬਾਪੂ ਹਲ ਵਾਹੁੰਦਾ ਦੇਖਿਆ ਵੇ
ਰੇਹ ਨਾਲ ਬੋਰਾ ਭਰਿਆ
ਮੋਢੇ ਤੇ ਧਰਿਆ
ਬੋਰੇ ਦੇ ਬੋਝ ਨਾਲ
ਢੂੰਹੀ ਝੁਕਾਉਂਦਾ ਦੇਖਿਆ ਵੇ
ਬਾਪੂ ਹਲ ਵਾਹੁੰਦਾ ਦੇਖਿਆ ਵੇ,
ਮਾਂ ਚੁੱਲ੍ਹਾ ਤਪਾਉਦੀਂ ਦੇਖੀ ਵੇ
ਰੀਝਾਂ ਨਾਲ ਗੁਹਾਰਾ ਬਣਾਉਂਦੀ
ਹੱਥੀਂ ਫੇਰ ਪਾੜ ਲਾਉਂਦੀ
ਚਿਣ ਚਿਣ ਪਾਥੀਆਂ ਲਾਉਂਦੀ
ਅੱਗ ਦਾ ਸੇਕ ਜਗਾਉਂਦੀ ਦੇਖੀ ਵੇ
ਮਾਂ ਚੁੱਲ੍ਹਾ ਤਪਾਉਦੀਂ ਦੇਖੀ ਵੇ,
ਪਾਣੀ ਮੈਂ ਰੁੜਦੇ ਦੇਖੇ ਵੇ
ਜੋ ਖੜ ਗਏ, ਸੜ ਗਏ
ਪਾਣੀਆਂ ਤੋਂ ਪਾਣੀ
ਮੈਂ ਛੁੱਟਦੇ ਦੇਖੇ
ਜੁੜਦੇ ਦੇਖੇ ਵੇ
ਪਾਣੀ ਮੈਂ ਰੁੜਦੇ ਦੇਖੇ ਵੇ ,
ਚਿੜੀਆਂ ਦੀ ਡਾਰ
ਮੈਂ ਉਡਦੀ ਦੇਖੀ ਵੇ
ਕਦੇ ਇਸ ਬਨੇਰੇ
ਕਦੇ ਉਸ ਬਨੇਰੇ
ਦਾਣੇ ਮੈਂ ਚੁਗਦੀ ਦੇਖੀ ਵੇ
ਚਿੜੀਆਂ ਦੀ ਡਾਰ
ਮੈਂ ਉਡਦੀ ਦੇਖੀ ਵੇ ...