ਪੰਜਾਬੀ ਰਾਈਟਰਵਾਂ ਕਮਲਜੀਤ ਕੌਰ ਕਮਲ
ਕਹਿਣ ਨੂੰ ਤਾਂ ਮੈਂ ਆਧੁਨਿਕ
ਭਾਰਤ ਦੀ ਨਾਰੀ,
ਪੜ੍ਹੀ ਲਿਖੀ ਮਰਦ ਦੇ ਮੋਢੇ
ਨਾਲ ਮੋਢਾ ਜੋੜੀ,
ਢੋਈ ਜਾਂਦੀ ਭਾਰ ਅੱਧਾ ।
ਪਰ ਕੀ ਮਰਦ ਨੇ ਵੀ ਇਸ
ਆਧੁਨਿਕ ਸਮੇਂ ਦੇ ਨਾਲ,
ਜੀਣਾ ਤੇ ਢਲਣਾ ਸਿਖਿਆ ਹੈ ?
ਉਸਨੇ ਵੀ ਔਰਤ ਦੇ ਸਾਰੇ,
ਕੰਮਾਂ ਵਿਚ ਮੋਢੇ ਨਾਲ ਮੋਢਾ
ਜੋੜ ਕੇ ਜੀਣਾ ਸਿਖਿਆ ਹੈ ?
ਕੀ ਬਦਲਦੇ ਸਮਿਆਂ ਨਾਲ ਸਿਰਫ
ਔਰਤ ਨੇ ਹੀ ਬਦਲਣਾ ਹੁੰਦਾ ਹੈ ?
ਮਰਦ ਉਵੇਂ ਦਾ ਉਵੇਂ ਹੀ ਹੈ ।
ਮੁੱਢ ਕਦੀਮ ਤੋਂ, ਘਰ ਦਾ ਮੁਖੀ
ਹੁਕਮ ਚਲਾਉਣ ਵਾਲਾ, ਸਿਰ ਦਾ ਸਾਈਂ,
ਪੂਜਣ ਯੋਗ ਦਰਜੇ ਵਾਲਾ
ਵੀ ਕੀ ਬਦਲਿਆ ਹੈ ? ਨਹੀ !
ਨਾ ਉਹ ਬਦਲਿਆ ਹੈ
ਤੇ ਨਾ ਹੀ ਬਦਲੇਗਾ,
ਉਹ ਉਵੇਂ ਹੀ ਔਰਤ ਦਾ
ਸੋਸ਼ਣ ਕਰਦਾ ਰਹੇਗਾ !
ਹੁਕਮ ਚਲਾਉਂਦਾ ਰਹੇਗਾ !
ਕਿਉਂਕਿ ਸਮਾਜ ਵਿੱਚ ਔਰਤ ਦੀ
ਹੀ ਇੱਜ਼ਤ ਹੁੰਦੀ ਹੈ
ਤੇ ਔਰਤ ਦੀ ਹੀ ਬੇਇੱਜ਼ਤੀ !
ਮਰਦ ਦੀ ਨਾ ਕੋਈ ਇੱਜ਼ਤ ਹੁੰਦੀ ਹੈ
ਤੇ ਨਾ ਕੋਈ ਬੇਇਜ਼ਤੀ !
ਉਹ ਤਾਂ ਮੁਖੀ ਹੈ ਮੁਖੀ !
ਤੇ ਮੁਖੀ ਹੀ ਰਹੇਗਾ !!
ਕਦੇ ਗੀਤਾਂ ਵਿੱਚ, ਕਦੇ ਲੇਖਾਂ ਵਿੱਚ
ਮੈਨੂੰ ਮਹਾਨਤਾ ਦਾ ਦਰਜਾ ਦੇਣ ਵਾਲਿਓ
ਮੈਨੂੰ ਮਹਾਨਤਾ ਤੋਂ ਜਿਆਦਾ
ਬਰਾਬਰਤਾ ਦੀ ਲੋੜ ਹੈ !
ਜੰਮਣ ਵੇਲੇ ਖਿੜੇ ਮੱਥੇ,
ਸਵਾਗਤ ਦੀ ਲੋੜ ਹੈ !
ਪਾਲਣ ਵੇਲੇ ਪੋਸ਼ਣ ਵੇਲੇ,
ਵੀਰੇ ਵਾਂਗੂੰ ਖੇਡਣ ਕੁੱਦਣ
ਤੇ ਲਾਡਾਂ ਭਰੀ ਬਾਪੂ ਦੀ
ਗਲਵਕੜੀ ਦੀ ਲੋੜ ਹੈ !
ਮੁੰਡਿਆਂ ਦੇ ਮੁਕਾਬਲੇ
ਪੰਜਾਬ 'ਚ ਘਟਦੀ ਕੁੜੀਆਂ
ਦੀ ਜਨਸੰਖਿਆ ਹੈ ਜੋ !
ਉਸਨੂੰ ਬਰਾਬਰੀ ਦੀ ਲੋੜ ਹੈ !
ਮੈਨੂੰ ਮਹਾਨਤਾ ਦੀ ਨਹੀਂ
ਮੈਨੂੰ ਬਰਾਬਰਤਾ ਦੀ ਲੋੜ ਹੈ !
ਆਏ ਦਿਨ ਹੁੰਦੇ ਨੇ ਜੋ,
ਮੇਰੀ ਪੱਤ ਤੇ ਹਮਲੇ,
ਬੇਡਰ ਹੋਕੇ ਸਮਾਜ ਵਿੱਚ
ਵਿਚਰਨ ਤੇ ਸਨਮਾਨ ਨਾਲ
ਜਿਊਣ ਦੀ ਲੋੜ ਹੈ !
ਮੈਨੂੰ ਮਹਾਨਤਾ ਦੀ ਨਹੀਂ
ਮੈਨੂੰ ਬਰਾਬਰਤਾ ਦੀ ਲੋੜ ਹੈ !
ਉੱਠੋ ਜਾਗੋ ਆਵੋ ਭੈਣੋ,
ਤੋੜੋ ਇਹ ਦੀਵਾਰਾਂ !
ਸ਼ਰਮੋ ਸ਼ਰਮੀ ਕੁਝ ਨੀ ਹੋਣਾ,
ਆਵੋ ਬੰਨ੍ਹ ਕਤਾਰਾਂ !
ਸਮਾਜ ਇਹ ਕਦੇ ਨਾ ਬਦਲੇ,
ਸਾਨੂੰ ਬਦਲਣਾ ਪੈਣਾ !
ਜਿਹੜਾ ਮਰਦ ਜ਼ੁਲਮ ਹੈ ਕਰਦਾ,
ਇਕ ਪਲ ਵੀ ਨਾਲ ਨਾ ਰਹਿਣਾ !
ਸਮਾਜ ਦੇ ਵਿਚ ਨਾ ਪਰਦਾ ਪਾਉਣਾ,
ਹੋਕਾ ਦੇ ਦੇ ਕਹਿਣਾ !
ਕਾਹਦੀ ਸ਼ਰਮ ਕਾਹਦਾ ਹੈ ਪਰਦਾ,
ਵਿੱਦਿਆ ਹੈ ਸਾਡਾ ਗਹਿਣਾ !
ਜੇ ਕੋਈ ਪੜ੍ਹਦਾ ਸੁਣਦਾ ਹੋਵੇ,
ਅਸਾਂ ਹੁਣ ਨੀ ਜ਼ੁਲਮ ਨੂੰ ਸਹਿਣਾ !
ਅਸਾਂ ਹੁਣ ਨੀ ਜ਼ੁਲਮ ਨੂੰ ਸਹਿਣਾ !
(1-3 ਕਵਿਤਾਵਾਂ 'ਸਿਰਜਣਹਾਰੀਆਂ' ਵਿੱਚੋਂ ਹਨ)
|