Jot Chaunda
ਜੋਤ ਚੌਂਦਾ

Punjabi Writer
  
Punjabi Poetry Jot Chaunda

ਪੰਜਾਬੀ ਰਾਈਟਰ ਜੋਤ ਚੌਂਦਾ

1. ਭਾਈ ਘਨੱਈਆ ਜੀ

ਭਾਈ ਘਨੱਈਆ ਜੀ ਦੁਸ਼ਮਣ ਨਹੀਂ ਦੁਸ਼ਮਣੀ ਨੂੰ ਮਾਰਦੇ ਨੇ,

ਵਾਸੀ ਸੀ ਸੌ ਦਰਾ ਪਿੰਡ ਦੇ,
ਤੇ ਮੁਰੀਦ ਚਾਦਰ ਹਿੰਦ ਦੇ,
ਗੁਰਬਾਣੀ ਨੂੰ ਤੇਗ ਦੀ ਤਰ੍ਹਾਂ, ਗੁੱਝੀ ਧਾਰ ਨਾਲ ਵੀਚਾਰਦੇ ਨੇ,
ਭਾਈ ਘਨੱਈਆ ਜੀ ਦੁਸ਼ਮਣ ਨਹੀਂ ਦੁਸ਼ਮਣੀ ਨੂੰ ਮਾਰਦੇ ਨੇ,

ਤਪਦਿਆਂ ਸੀਨਿਆਂ ਨੂੰ, ਪਾਣੀ ਪਿਲਾ ਕੇ ਠਾਰਦੇ ਨੇ,
ਹਰ ਇੱਕ ਇਨਸਾਨ ਵਿੱਚੋਂ, ਰੱਬੀ ਨੂਰ ਨੂੰ ਨਹਾਰਦੇ ਨੇ,
ਸਿੱਖ ਤਾਹੀਉਂ ਤਾਂ ਅਜ਼ੀਜ਼ ਬਹੁਤੇ, ਉਹ ਸੱਚੀ ਸਰਕਾਰ ਦੇ ਨੇ,
ਭਾਈ ਘਨੱਈਆ ਜੀ ਦੁਸ਼ਮਣ ਨਹੀਂ ਦੁਸ਼ਮਣੀ ਨੂੰ ਮਾਰਦੇ ਨੇ,

ਉਹਨਾਂ ਦੁਨੀਆਂ 'ਚ ਸ਼ੁਰੂ ਮੁੱਢਲੀ ਸਹਾਇਤਾ ਕੀਤੀ,
ਪਹਿਲੀ ਵਾਰ ਕਿਸੇ ਨੇ, ਦਿਲਾਂ 'ਤੇ ਮੱਲਮ,ਪੱਟੀ ਕੀਤੀ,
ਨਿਰਵੈਰ ਭਲਾ ਕਰਦੇ ਆਪ, ਤੇ ਕਹਿੰਦੇ ਰੰਗ ਕਰਤਾਰ ਦੇ ਨੇ,
ਭਾਈ ਘਨੱਈਆ ਜੀ ਦੁਸ਼ਮਣ ਨਹੀਂ ਦੁਸ਼ਮਣੀ ਨੂੰ ਮਾਰਦੇ ਨੇ,

ਸ਼ਿਕਾਇਤ ਕੀਤੀ ਸਿੱਖਾਂ, ਤਾਂ ਅੱਗੇ ਪੇਸ਼ ਹੋਏ,
ਆਤਮਾ ਦੀ ਵੇਖ ਅਵਸਥਾ ਖੁਸ਼ ਦਸ਼ਮੇਸ਼ ਹੋਏ,
ਤੇ ਪਾਣੀ,ਪੱਟੀ ਦੇ ਨਾਲ ਉਹਨਾਂ ਬਖਸ਼ੇ ਮੱਲਮ ਸਤਿਕਾਰ ਦੇ ਨੇ,
ਭਾਈ ਘਨੱਈਆ ਜੀ ਦੁਸ਼ਮਣ ਨਹੀਂ ਦੁਸ਼ਮਣੀ ਨੂੰ ਮਾਰਦੇ ਨੇ,

ਅਸਲ ਭੇਦ ਨੂੰ ਪਛਾਣਿਆਂ, ਮੂਲ ਉਹਨਾਂ,
ਕੱਢੇ ਦਿਲਾਂ 'ਚੋਂ ਨਫਰਤਾਂ ਦੇ ਸੂਲ ਉਹਨਾਂ,
ਕਰ ਪਾਕ ਦੀਦਾਰ ਗੁਰੂ ਦੇ, ਹੁੰਦੇ ਦੂਰ ਨਿਜਾਮ ਖੁਆਰ ਦੇ ਨੇ,
ਭਾਈ ਘਨੱਈਆ ਜੀ ਦੁਸ਼ਮਣ ਨਹੀਂ ਦੁਸ਼ਮਣੀ ਨੂੰ ਮਾਰਦੇ ਨੇ,

ਇੱਥੇ ਕਹਾਉਂਦੇ ਨੇ ਬਹੁਤੇ, ਪਰ ਹਨ ਥੋੜੇ,
ਜਿਨ੍ਹਾਂ ਗੁਰੂ ਦਿਆਂ ਸ਼ਬਦਾ ਦੇ ਮੁੱਲ ਮੋੜੇ,
ਅੱਜ ਮੂਲ ਰੂਪ ਨੂੰ ਛੱਡ ਕੇ, ਝੂਠੇ ਗੀਤ ਲਿਖਦੇ ਪਿਆਰ ਦੇ ਨੇ,
ਭਾਈ ਘਨੱਈਆ ਜੀ ਦੁਸ਼ਮਣ ਨਹੀਂ ਦੁਸ਼ਮਣੀ ਨੂੰ ਮਾਰਦੇ ਨੇ,

ਜੋਤ ਜੋ ਤੂੰ ਕੰਮ ਕਰਦਾ, ਉਹ ਬਹੁਤੇ ਰਮਜ਼ ਦੇ ਨਹੀਂ,
ਬਹੁਤੇ ਸਿਰ ਈ ਹਿਲਾਉਂਦੇ, ਗੱਲ ਨੂੰ ਸਮਝਦੇ ਨਹੀਂ,
ਜੋ ਹੁਕਮ ਮੰਨ ਲੈਂਦੇ, ਗੁਰੂ ਸਾਹਿਬ ਕੰਮ ਉਹਨਾਂ ਦੇ ਸਵਾਰਦੇ ਨੇ,
ਭਾਈ ਘਨੱਈਆ ਜੀ ਦੁਸ਼ਮਣ ਨਹੀਂ ਦੁਸ਼ਮਣੀ ਨੂੰ ਮਾਰਦੇ ਨੇ,

2. ਵਹਿਮ ਆ ਤੇਰਾ

ਦਿਲਾ ਵਹਿਮ ਆ ਤੇਰਾ,
ਉਹ ਮੁੜ੍ਹ ਫੇਰਾ ਪਾਉਣਗੇ,
ਜੋ ਜਿਉਂਦੇ 'ਤੇ ਨਾ ਆਏ,
ਉਹ ਮਰੇ 'ਤੇ ਕੀ ਆਉਣਗੇ,
ਜੋ ਲੜੇ ਬਿਨਾਂ ਬੋਲਦੇ ਨੀ,
ਉਹ ਲੜੇ 'ਤੇ ਕੀ ਆਉਣਗੇ,
ਜੋ ਟਾਹਣੀ ਫੁੱਟਦੀ 'ਤੇ ਪਹੁੰਚੇ ਨਾ,
ਉਹ ਪੱਤੇ ਝੜੇ 'ਤੇ ਕੀ ਆਉਣਗੇ,
ਜੋ ਸਾਹਵੇਂ ਹੁੰਦੇ ਨਾਲ ਨਾ ਖੜ੍ਹੇ,
ਉਹ ਕੋਠੇ ਚੜ੍ਹੇ 'ਤੇ ਕੀ ਆਉਣਗੇ,
ਜੋ ਆਪਣਾ ਬਣਾਏ 'ਤੇ ਕੋਲ ਨਾ ਰਹੇ,
ਉਹ ਪੈਗਾਮ ਪੜ੍ਹੇ 'ਤੇ ਕੀ ਆਉਣਗੇ,
ਬੇ-ਕਸੂਰ ਹੁੰਦੇ ਕਸੂਰਵਾਰ ਠਹਿਰਾਤਾ ਜਿੰਨ੍ਹਾਂ,
ਉਹ ਤੇਰੇ ਕੋਈ ਕਸੂਰ ਕਰੇ 'ਤੇ ਕੀ ਆਉਣਗੇ,
ਬਿਨਾਂ ਕੋਈ ਇਲਜ਼ਾਮ ਹੁੰਦੇ ਛੱਡ ਗਏ ਜੋ ਸਾਥ,
ਓਹੋ ਇਲਜ਼ਾਮ ਮੜ੍ਹੇ 'ਤੇ ਕੀ ਆਉਣਗੇ,
ਜੋ ਮਿੱਤਰ ਬਣਾਕੇ ਤੈਨੂੰ ਛੱਡ ਗਏ ਨੇ ਅੱਧ ਵਿੱਚ,
ਓਹੋ ਤੇਰੇ ਹਿਜ਼ਰਾ 'ਚ ਕੜ੍ਹੇ 'ਤੇ ਕੀ ਆਉਣਗੇ।
ਜੋ ਹਾਸਿਆਂ 'ਚ ਛੱਡ ਗਏ ਨੇ,
ਓਹੋ ਤੇਰੇ ਦੁੱਖ ਵਿੱਚ ਖੜੇ 'ਤੇ ਕੀ ਆਉਣਗੇ|
ਛੱਡ ਜੋਤ ਵਹਿਮ ਆ ਤੇਰਾ,
ਉਹ ਮੁੜ ਫੇਰਾ ਪਾਉਣਗੇ,
ਜੋ ਜਿਉਂਦੇ 'ਤੇ ਨਾ ਆਏ,
ਉਹ ਮਰੇ 'ਤੇ ਕੀ ਆਉਣਗੇ,