Harry Bholuwala
ਹੈਰੀ ਭੋਲੂਵਾਲਾ

Punjabi Writer
  

Punjabi Poetry Harry Bholuwala

ਪੰਜਾਬੀ ਰਾਈਟਰ ਹੈਰੀ ਭੋਲੂਵਾਲਾ

1. ਤਕੜੇ ਦਾ ਈ ਜ਼ੋਰ ਏ ਭਾਜੀ

ਤਕੜੇ ਦਾ ਈ ਜ਼ੋਰ ਏ ਭਾਜੀ
ਮਾੜਾ ਤਾਹੀਓਂ ਚੋਰ ਏ ਭਾਜੀ

ਓਸੇ ਨੂੰ ਹੀ ਜੀ-ਜੀ ਹੁੰਦੀ
ਜੀਹਦੇ ਹੱਥ 'ਚ ਮੋਹਰ ਏ ਭਾਜੀ

ਇਸ਼ਕ ਜੋ ਤੈਨੂੰ ਕਰ ਬੈਠੇ ਆਂ
ਕੱਢ ਲੈ ਜਿਹੜਾ ਖ਼ੋਰ ਏ ਭਾਜੀ

ਇੱਕ ਤੇ ਤੇਰਾ ਸਖ਼ਤ ਵਤੀਰਾ
ਉੱਤੋਂ ਦਿਲ ਕਠੋਰ ਏ ਭਾਜੀ

ਤੈਨੂੰ ਅਸਾਂ ਨੇ ਕੀ ਕਹਿਣਾਂ ਏ
ਤੇਰੀ ਗੱਲ ਤੇ ਹੋਰ ਏ ਭਾਜੀ ।

2. ਜੀਵਨ ਜਿਓਣਾ ਜੰਗ ਨੀ ਹੁੰਦਾ

ਜੀਵਨ ਜਿਓਣਾ ਜੰਗ ਨੀ ਹੁੰਦਾ
ਹੱਥ ਜਿੰਨਾ ਚਿਰ ਤੰਗ ਨੀ ਹੁੰਦਾ

ਤੇ ਸਮਾਂ ਕੌਣ ਏ ਡੱਕਣ ਵਾਲਾ
ਤੈਥੋਂ ਈ ਅੱਗੇ ਲੰਘ ਨੀ ਹੁੰਦਾ

ਝੜ ਗਿਐਂ ਤੇ ਗ਼ੇਰੂ ਈ ਹੋਏਂਗਾ
ਐਨਾ ਵੀ ਮਾੜਾ ਰੰਗ ਨੀ ਹੁੰਦਾ

ਸ਼ੁਕਰ ਐ ਮੈਂ ਤੇ ਜ਼ਿੰਦਗੀ ਜਿਓਵਾਂ
ਇੱਥੇ ਟੱਪਦਾ ਡੰਗ ਨੀ ਹੁੰਦਾ

ਇਸ਼ਕ 'ਚ ਧੋਖ਼ਾ ਤਾਹੀਓਂ ਮਿਲਦੈ
ਇਹਦਾ ਸਭ ਨੂੰ ਢੰਗ ਨੀ ਹੁੰਦਾ ।

3. ਐਨੇ ਕਿਓਂ ਨੇ ਕਾਹਲੇ ਬੰਦੇ

ਐਨੇ ਕਿਓਂ ਨੇ ਕਾਹਲੇ ਬੰਦੇ
ਟਲ਼ਦੇ ਵੀ ਨਈਂ ਟਾਲ਼ੇ ਬੰਦੇ

ਓਦਣ ਮੈਨੂੰ ਕੋਈ ਨੀ ਮਿਲਿਆ
ਜਿੱਦਣ ਵੀ ਮੈਂ ਭਾਲੇ ਬੰਦੇ

ਹਜੇ ਤੇ ਇਨ੍ਹਾਂ ਹੋਰ ਸੀ ਜੀਣਾ
ਪਰ ਫ਼ਿਕਰਾਂ ਨੇ ਖਾ ਲੇ ਬੰਦੇ

ਤੇ ਤੇਰੇ ਨੇੜੇ ਹੋ-ਹੋ ਬਹਿੰਦੇ
ਵਿਰਲੇ ਕਿਸਮਤ ਵਾਲੇ ਬੰਦੇ

ਧੰਨ ਧਰਤੀ ਨੂੰ ਮੱਥਾ ਟੇਕਾਂ
ਜੀਹਨੇ ਯਾਰ ਸੰਭਾਲੇ ਬੰਦੇ ।

4. ਇਹਨਾਂ ਬਲ਼ਦੇ ਚਿਰਾਗਾਂ ਨੂੰ ਸਲਾਮ

ਇਹਨਾਂ ਬਲ਼ਦੇ ਚਿਰਾਗਾਂ ਨੂੰ ਸਲਾਮ
ਦਿਲ 'ਚ ਮਚਲਦੇ ਰਾਗਾਂ ਨੂੰ ਸਲਾਮ

ਥੋਡੇ ਵਰਗੇ ਬਈਮਾਨ ਹੰਸਾਂ 'ਚ ਬੈਠਕੇ
ਮੇਰੇ ਵਲੋਂ ਕਾਲੇ ਕਾਗਾਂ ਨੂੰ ਸਲਾਮ

ਬੀਨਾਂ ਦਾ ਸੁਨੇਹਾ ਆਇਆ
ਲਿਖਿਐ....ਨਾਗਾਂ ਨੂੰ ਸਲਾਮ

ਉਜਾੜਾਂ 'ਚ ਬੈਠ ਪੱਤਰ ਲਿਖਣਾ ਮੈਂ ਵੀ
ਲਿਖਣਾ ਏ ਤੇਰੇ ਬਾਗਾਂ ਨੂੰ ਸਲਾਮ

ਭੇਜੀ ਏ ਮੌਤ ਨੂੰ ਚਿੱਠੀ, ਜੇ ਨਾ ਪਹੁੰਚੀ
ਤਾਂ ਮਾੜੇ ਹੈਰੀ ਭਾਗਾਂ ਨੂੰ ਸਲਾਮ ।

5. ਸਾਨੂੰ ਭੇਜ ਇਸ਼ਕ ਦੀ ਜੇਲ੍ਹੇ ਵੇ

ਸਾਨੂੰ ਭੇਜ ਇਸ਼ਕ ਦੀ ਜੇਲ੍ਹੇ ਵੇ
ਜਿੱਥੇ ਹੋਣ ਤੇਰੇ ਨਾਲ ਮੇਲੇ ਵੇ

ਸਾਨੂੰ ਹੀਰ ਬਣਾਦੇ ਰਾਂਝਣ ਦੀ
ਸਾਨੂੰ ਕਰ ਮਾਧੋ ਦੇ ਚੇਲੇ ਵੇ

ਅਸੀਂ ਰੋ-ਰੋ ਲਈਏ ਨਾਮ ਤੇਰਾ
ਸਾਡੇ ਖੋਭ ਸੂਲ਼ਾਂ ਤੇ ਸੇਲੇ ਵੇ

ਭਰ ਕਾਸਾ ਸਾਡਾ ਦੀਦਿਆਂ ਦਾ
ਕੀ ਕਰਨੇ ਪੈਸੇ-ਧੇਲੇ ਵੇ

ਸਾਡਾ ਜੱਗ ਤੇ ਹੈ ਨਾ ਕੰਮ ਕੋਈ
ਅਸੀਂ ਉਂਝ ਵੀ ਰਹੀਏ ਵਿਹਲੇ ਵੇ।

6. ਅੰਬਰ-ਧਰਤੀ ਭਾਲ਼ ਕੇ ਬੈਠਾਂ

ਅੰਬਰ-ਧਰਤੀ ਭਾਲ਼ ਕੇ ਬੈਠਾਂ
ਸਾਰੀ ਜ਼ਿੰਦਗੀ ਗ਼ਾਲ ਕੇ ਬੈਠਾਂ

ਮੈਨੂੰ ਤੁਸੀਂ ਬਸ ਆਪਣੀ ਦੱਸੋ
ਮੈਂ ਤੇ ਆਪਣੇ ਹਾਲ ਤੇ ਬੈਠਾਂ

ਤੇ ਰੱਬ ਨੂੰ ਪੁੱਛਾਂ ਕਿੱਥੇ ਐਂ ਤੂੰ
ਉਹ ਕਹਿੰਦੈ ਮੈਂ ਨਾਲ ਤੇ ਬੈਠਾਂ

ਰੁੜ੍ਹ ਖ਼ੌਰੇ ਤੇਰੇ ਵੱਲ ਨੂੰ ਆ ਜਾਂ
ਤਾਹੀਓਂ ਮੈਂ ਵੀ ਢਾਲ਼ ਤੇ ਬੈਠਾਂ

ਆਪੇ ਗ਼ਜ਼ਲ਼ ਵੀ ਲਿਖ ਹੋਵੇਗੀ
ਕਰਕੇ ਤੇਰਾ ਖ਼ਿਆਲ ਤੇ ਬੈਠਾਂ।

7. ਤੇਰੇ ਬਿਨਾਂ ਮੈਂ ਕੱਖ ਨੀ ਹੁੰਦੀ

ਤੇਰੇ ਬਿਨਾਂ ਮੈਂ ਕੱਖ ਨੀ ਹੁੰਦੀ
ਤਾਹੀਓਂ ਤੈਥੋਂ ਵੱਖ ਨੀ ਹੁੰਦੀ

ਕੁਝ ਤੇ ਸਮਝ ਇਸ਼ਾਰੇ ਮੇਰੇ
ਸਾਰੀ ਗੱਲ ਪ੍ਰਤੱਖ ਨੀ ਹੁੰਦੀ

ਵੇਖਣ ਵਾਲਾ ਨਜ਼ਰੀਆ ਹੁੰਦੈ
ਵੇਖਣ ਵਾਲੀ ਅੱਖ ਨੀ ਹੁੰਦੀ

8. ਜੀਹਦੇ ਵੀ ਨਾਲ ਲਾਈਆਂ ਅੱਖਾਂ

ਜੀਹਦੇ ਵੀ ਨਾਲ ਲਾਈਆਂ ਅੱਖਾਂ
ਉਸੇ ਨੇ ਹੀ ਰਵਾਈਆਂ ਅੱਖਾਂ

ਤੇ ਚਾਰ ਕਰਨੀਆਂ ਚਾਹੁੰਦੇ ਸਾਂ ਨਾ
ਆਹ ਵੀ ਦੋ ਗਵਾਈਆਂ ਅੱਖਾਂ

ਪਹਿਲਾਂ ਕਹਿੰਦੀਆਂ ਕੁਛ ਨੀ ਹੁੰਦਾ
ਪਿੱਛੋਂ ਬੜਾ ਪਛਤਾਈਆਂ ਅੱਖਾਂ।