ਪੰਜਾਬੀ ਰਾਈਟਰ ਹਰਜੀਤ ਸਿੰਘ ਗਹੂਣੀਆ
ਕਿੰਨੇ ਵਰਕੇ ਫੋਲੇ ਨੇ, ਮੈਂ ਇੱਕੋ ਹੀ ਜਵਾਬ ਪਿੱਛੇ
ਕਿਵੇਂ ਮੇਚ ਆਇਆ ਸੀ, ਚਿਹਰਾ ਇਸ ਨਕਾਬ ਪਿੱਛੇ
ਕਿੰਨੇ ਸੂਰਜ ਡੁੱਬੇ ਨੇ, ਸ਼ਾਮਾਂ ਦੀ ਖੂਬਸੂਰਤੀ ਲਈ
ਹਨੇਰਿਆਂ ਦੀ ਜ਼ਿੱਦ ਅੱਗੇ, ਰਾਤਾਂ ਦੇ ਖ਼ਵਾਬ ਪਿੱਛੇ
ਅੱਖਾਂ ਭਰੀਆਂ-ਭਰੀਆਂ ਸੀ, ਆਖਰੀ ਮੁਲਾਕਾਤ ਵੇਲੇ
ਕੋਈ ਮਜਬੂਰੀ ਹੋਵੇਗੀ, ਜਾਂਦੀ ਵਾਰੀ ਦੇ ਆਦਾਬ ਪਿੱਛੇ
ਇੱਕ ਨਾਮ ਜ਼ਰੂਰ ਉੱਠੇਗਾ, ਜਦ-ਜਦ ਵੀ ਮਹਿਫ਼ਿਲ ਜਮੇਗੀ
ਕਾਰਨ ਮੁਹੱਬਤ ਹੋਵੇਗਾ, ਮਹਿਫ਼ਿਲ ਦੀ ਸ਼ਰਾਬ ਪਿੱਛੇ
ਕਿੰਨਾਂ ਕੁੱਝ ਗਵਾਚਿਆ ਹੈ, ਧਰਤੀ ਲਈ ਅੰਬਰਾਂ ਨੇ
ਬੱਦਲ-ਬੱਦਲ ਨਿਚੋੜ ਦਿੱਤਾ, ਬਗੀਚੇ ਦੇ ਗੁਲਾਬ ਪਿੱਛੇ
ਹਰ ਪੰਨਾ ਸਲ੍ਹਾਬਿਆ ਹੈ, ਇੱਕ-ਇੱਕ ਅੱਖਰ ਗਿੱਲਾ ਹੈ
ਕੋਈ ਆਸ਼ਿਕ ਜ਼ਰੂਰ ਰੋਇਆ ਹੈ, ਪੜ੍ਹਦੇ-ਪੜ੍ਹਦੇ ਕਿਤਾਬ ਪਿੱਛੇ
ਮੈਂ ਮੰਜ਼ਿਲ ਤੱਕ ਨਹੀਂ ਪਹੁੰਚਣਾ ਮੇਰੇ ਰਾਹ ਹੀ ਬੜੇ ਸੋਹਣੇ ਨੇ
ਮੈਂ ਕੰਡੇ, ਰੋੜੇ, ਪੱਥਰ ਹੀ ਬੱਸ ਰਾਹ ਆਪਣੇ 'ਤੇ ਪਾਉਣੇ ਨੇ
ਲੋਕੀਂ ਨਿੰਦਦੇ ਨੇ ਕੰਡਿਆਂ ਨੂੰ ਲਗਦੈ ਨਵੇਂ ਹੀ ਦਿੱਲ ਲੱਗੇ ਨੇ
ਫ਼ੁੱਲਾਂ ਦੀ ਖੁਸ਼ਬੋ ਮਾਣਦੇ ਨੇ ਤੇ ਬਾਗ਼ਾਂ ਵੱਲ ਨੂੰ ਭੱਜੇ ਨੇ
ਜਦ ਦਿੱਲ ਟੁੱਟਣਾ ਤਾਂ ਫ਼ੁੱਲ ਕੰਡੇ ਤੇ ਕੰਡੇ ਹੀ ਫ਼ੁੱਲ ਹੋਣੇ ਨੇ
ਮੈਂ ਮੰਜ਼ਿਲ ਤੱਕ ਨਹੀਂ ਪਹੁੰਚਣਾ ਮੇਰੇ ਰਾਹ ਹੀ ਬੜੇ ਸੋਹਣੇ ਨੇ
ਇਹ ਰਾਹਾਂ ਦੀ ਮਿੱਟੀ ਮੇਰੇ ਪੈਰਾਂ ਨੂੰ ਵੀ ਹੁਣ ਚੁੰਮਦੀ ਐ
ਮੈਂ ਤੁਰਦਾ ਜਾਵਾਂ ਨਾਲੇ ਇਹ ਗੱਲਾਂ ਮੇਰੀਆਂ ਸੁਣਦੀ ਐ
ਹੁਣ ਰਾਹਾਂ ਉੱਤੇ ਹੀ ਵੱਸਣਾ ਏ ਤੇ ਇੱਥੇ ਹੀ ਦਿੱਲ ਲਾਉਣੇ ਨੇ
ਮੈਂ ਮੰਜ਼ਿਲ ਤੱਕ ਨਹੀਂ ਪਹੁੰਚਣਾ ਮੇਰੇ ਰਾਹ ਹੀ ਬੜੇ ਸੋਹਣੇ ਨੇ
ਦੁਨੀਆਂ ਭਾਵੇਂ ਵੇਖ ਕੇ ਮੈਨੂੰ ਤਰਸ ਮੇਰੇ 'ਤੇ ਖਾਵੇਗੀ
ਪਰ ਮੈਂ ਰਾਹਾਂ ਦੀ ਮਿੱਟੀ ਬਣ ਜਾਣਾ ਜੋ ਉੱਡਦੀ ਉੱਡਦੀ ਜਾਵੇਗੀ
ਹੁਣ ਇਸੇ ਹੀ ਰਾਹ ਉੱਤੇ ਮੈਂ ਸਾਰੇ ਸਾਹ ਮਕਾਉਣੇ ਨੇ
ਮੈਂ ਮੰਜ਼ਿਲ ਤੱਕ ਨਹੀਂ ਪਹੁੰਚਣਾ ਮੇਰੇ ਰਾਹ ਹੀ ਬੜੇ ਸੋਹਣੇ ਨੇ
ਕਿੰਨਾ ਸੋਹਣਾ ਲੱਗ ਰਿਹੈ ਰਾਤ ਦਾ ਚਿਹਰਾ
ਮੈਂ ਦਿਨ ਭੁੱਲ ਗਿਆ ਮੈਨੂੰ ਜੱਚ ਗਿਆ ਹਨੇਰਾ
ਕਿੰਨਾ ਸੋਹਣਾ ਲੱਗ ਰਿਹੈ ਰਾਤ ਦਾ ਚਿਹਰਾ
ਕਿਉਂ ਭੇਤ ਕੋਈ ਦਿਲ ਦਾ ਇਹ ਖੋਲ੍ਹਦੀ ਨਹੀਂ
ਇਹ ਰਾਤ ਬੜੀ ਸ਼ਾਂਤ ਹੈ ਕੁਝ ਬੋਲਦੀ ਨਹੀਂ
ਜਾਂ ਸ਼ਰਮਾਂ ਨੇ ਮੁੱਖ ਉੱਤੇ ਪਾ ਲਿਆ ਏ ਘੇਰਾ
ਕਿੰਨਾ ਸੋਹਣਾ ਲੱਗ ਰਿਹੈ ਰਾਤ ਦਾ ਚਿਹਰਾ
ਅੰਬਰਾਂ ਨੇ ਵੀ ਅੱਜ ਜਸ਼ਨ ਮਨਾਇਆ
ਚੰਨ ਤਾਰਿਆਂ ਦੀ ਬਾਰਾਤ ਲੈਕੇ ਆਇਆ
ਚੱਲਿਆ ਵਿਆਹੁਣ ਲਾ ਮੁੱਖ ਉਤੇ ਸਿਹਰਾ
ਕਿੰਨਾ ਸੋਹਣਾ ਲੱਗ ਰਿਹੈ ਰਾਤ ਦਾ ਚਿਹਰਾ
ਡਰ ਲਗਦੈ ਆਉਂਦੇ ਜਦੋਂ ਬੱਦਲਾਂ ਦੇ ਪਰਛਾਵੇਂ
ਰਾਤ ਦਾ ਸ਼ਿੰਗਾਰ ਕੀਤੇ ਚੋਰੀ ਨਾ ਹੋ ਜਾਵੇ
ਤਾਂਹੀਂ ਤਾਂ ਦਿੱਤੈ ਹਵਾਵਾਂ ਨੇ ਵੀ ਪਹਿਰਾ
ਕਿੰਨਾ ਸੋਹਣਾ ਲੱਗ ਰਿਹੈ ਰਾਤ ਦਾ ਚਿਹਰਾ
ਰੁੱਖਾਂ ਦੀਆਂ ਛਾਵਾਂ ਨੂੰ ਕੋਈ ਖੋਹ ਨਹੀ ਸਕਦਾ
ਚਲਦੀਆਂ ਹਵਾਵਾਂ ਨੂੰ ਕੋਈ ਛੋਹ ਨਹੀ ਸਕਦਾ
ਆਸ਼ਕਾਂ ਵਾਂਗੂ ਤਾਰੇ ਵੀ ਤਾਂ ਚੰਨ ਨੂੰ ਚਾਹੁੰਦੇ ਨੇ
ਪਰ ਚੰਨ ਵੀ ਹਰ ਇੱਕ ਤਾਰੇ ਦਾ ਹੋ ਨਹੀ ਸਕਦਾ
ਬੱਦਲਾਂ ਨੇ ਵੀ ਥੱਕ ਹਾਰ ਕੇ ਬਰਸ ਹੀ ਪੈਣਾ ਏ
ਬੁੱਕਲ ਦੇ ਵਿੱਚ ਪਾਣੀ ਕੋਈ ਲਕੋ ਨਹੀ ਸਕਦਾ
ਚਾਨਣ ਦੇ ਮੋਹਤਾਜ ਸਦਾ ਹੀ ਲਿਸ਼ਕਦੇ ਰਹਿੰਦੇ ਨੇ
ਸੂਰਜ ਦੀ ਕਿਰਨਾਂ ਨੂੰ ਕੋਈ ਧੋ ਨਹੀ ਸਕਦਾ
ਜਿਹੜਿਆਂ ਰਾਹਵਾਂ ਦੀ ਕੰਡੇ ਰਾਖੀ ਕਰਦੇ ਨੇ
ਫ਼ੁੱਲ ਕੋਈ ਉਹਨਾਂ ਰਾਹਵਾਂ ਨੂੰ ਮੋਹ ਨਹੀ ਸਕਦਾ
ਧਰਤੀ ਦੀ ਬੁੱਕਲ 'ਚ ਕੁਦਰਤ ਹੈ ਰਹਿੰਦੀ
ਅੰਬਰਾਂ ਨੇ ਇਹਨੂੰ ਕੀਤੀਆਂ ਛਾਵਾਂ
ਰੁੱਖਾਂ ਨੂੰ ਜਾਪੇ ਕੋਈ ਗੀਤ ਹੈ ਗਾਉਂਦਾ
ਲੈਂਦੀਆਂ ਨੇ ਪੌਣਾਂ ਜੱਦ ਸਾਹਵਾਂ
ਤੂਫ਼ਾਨਾਂ ਦਾ ਕੋਈ ਵਜੂਦ ਹੀ ਨਾ ਹੁੰਦਾ
ਚਲਦੀਆਂ ਹੀ ਨਾ ਜੇ ਇਹ ਹਵਾਵਾਂ
ਸਾਗਰ ਦੀਆਂ ਲਹਿਰਾਂ ਉੱਚੀ ਜੋ ਉੱਠੀਆਂ
ਦਿੱਤਾ ਏ ਵਰ ਇਹਨਾਂ ਨੂੰ ਝਨਾਵਾਂ
ਪੰਛੀ ਅੰਬਰਾਂ 'ਚ ਉੱਡ ਦੇ ਇਹਨਾਂ ਨੂੰ
ਰੁੱਖਾਂ ਨੇ ਰਹਿਣ ਨੂੰ ਦਿੱਤੀਆਂ ਥਾਵਾਂ
ਪੱਥਰਾਂ ਦੇ ਨੇ ਇਹ ਪਰਬਤ ਪਹਾੜਾਂ
ਮਿੱਟੀ ਤੇ ਕੰਡਿਆਂ ਦੀਆਂ ਨੇ ਰਾਹਵਾਂ
ਫੁੱਲਾਂ ਦੇ ਰੰਗ ਉੱਡੇ ਵਿੱਚ ਬਾਗ਼ਾਂ
ਫ਼ੈਲੀ ਚਾਰੇ ਪਾਸੇ ਇਹਨਾਂ ਦੀ ਮਹਿਕਾਵਾਂ
|