ਪੰਜਾਬੀ ਰਾਈਟਰ ਹਰਗੋਬਿੰਦ ਸਿੰਘ
ਉੱਡਦੇ ਵਰੋਲਿਆਂ 'ਚ ਵਿੱਚ ਮਾਰੂਥਲ ਦੇ।
ਲੱਭਦੇ ਹਾਂ ਪੈੜਾਂ ਦੇ ਨਿਸ਼ਾਨ ਸਾਡੇ ਵੱਲ ਦੇ।।
ਜੋਰ ਅਜਮਾਇਸ਼ ਕਰੀ ਜਾਂਵਦਾ ਤੁਫਾਨ ਏ।
ਡਿੱਗਣਾਂ ਤੇ ਖੜ੍ਹੇ ਹੋਣਾ ਅਸਾਂ ਦੀ ਪਛਾਣ ਏ।।
ਲੜਾਂਗੇ ਹਾਂ ਜਿੰਨਾਂ ਚਿਰ ਜਾਨ ਵਿੱਚ ਜਾਨ ਏ।।
ਲੜਾਂਗੇ ਹਾਂ ਜਿੰਨਾਂ ਚਿਰ ਜਾਨ ਵਿੱਚ ਜਾਨ ਏ।।
ਔਕੜਾਂ ਨੇ ਰਾਹੀਂ ਭਾਵੇਂ ਮੰਜਿਲਾਂ ਵੀ ਦੂਰ ਨੇ।
ਥਕੀਆਂ ਨਹੀਂ ਆਸਾਂ, ਪਿੰਡੇ ਭਾਵੇਂ ਚੂਰੋ ਚੂਰ ਨੇ।।
ਬਾਲਾਂਗੇ ਚਿਰਾਗ ਹਾਂ ਹਨੇਰੀਆਂ ਦੇ ਵਿੱਚ ਵੀ।
ਚਿਹਰਿਆਂ ਤੇ ਆਉਣ ਦੇਣੀ ਰਤਾ ਨਾਂ ਥਕਾਨ ਏ।।
ਲੜਾਂਗੇ ਹਾਂ ਜਿੰਨਾਂ ਚਿਰ ਜਾਨ ਵਿੱਚ ਜਾਨ ਏ।।
ਲੜਾਂਗੇ ਹਾਂ ਜਿੰਨਾਂ ਚਿਰ ਜਾਨ ਵਿੱਚ ਜਾਨ ਏ।।
ਜੇਠ ਹਾੜ ਦੀਆਂ ਧੁੱਪਾਂ ਵਿੱਚ ਰੜ੍ਹੇ ਹੋਏ ਆਂ
ਤਾਰਿਆਂ ਦੀ ਛਾਂਵੇ ਚਾਂਦਨੀ 'ਚ ਪੜ੍ਹੇ ਹੋਏ ਹਾਂ
ਸੱਚ ਜਾਣੀਂ ਐਨੇ ਸੌਖੇ ਵੀ ਨੀ ਖੜ੍ਹੇ ਹੋਏ ਹਾਂ
ਲੇਖਾਂ ਨਾਲ ਲੜੇ ਹਾਂ, ਬਣਾਉਣੀ ਪਹਿਚਾਨ ਏ
ਲੜਾਂਗੇ ਹਾਂ ਜਿੰਨਾਂ ਚਿਰ ਜਾਨ ਵਿੱਚ ਜਾਨ ਏ।।
ਲੜਾਂਗੇ ਹਾਂ ਜਿੰਨਾਂ ਚਿਰ ਜਾਨ ਵਿੱਚ ਜਾਨ ਏ।।
ਰੋਸ਼ਨੀ ਲਈ ਜਲਦੀਆਂ ਮੋਮਬੱਤੀਆਂ,
ਕੀ ਕੀ ਨੇ ਝਲਦੀਆਂ ਮੋਮਬੱਤੀਆਂ ।
ਅੱਗ ਦੇ ਸਾਹਵੇਂ ਪ੍ਰੀਖਿਆ ਦਿੰਦੀਆਂ,
ਤੁਪਕਾ ਤੁਪਕਾ ਢਲਦੀਆਂ ਮੋਮਬੱਤੀਆਂ।
ਅਗਨ ਅੰਦਰ, ਜੱਗ ਰੋਸ਼ਨ ਕਰਦੀਆਂ,
ਰਹਿੰਦੀਆਂ ਖੁਦ ਬਲਦੀਆਂ ਮੋਮਬੱਤੀਆਂ।
ਨਵੀਂ ਜੰਗ-ਨਿਤ ਨਵਾਂ ਇਮਤਿਹਾਨ ਏ,
ਤੁਫਾਨ ਤੋਂ ਨਹੀਂ ਹਰਦੀਆਂ ਮੋਮਬੱਤੀਆਂ ।
ਚਿਣਗ ਲਾਕੇ ਜੀਵਨ ਦੀ, ਨਾ ਫੂਕ ਮਾਰ,
ਨਾ ਬੁਝਾ ਖੁਦ ਘਰ ਦੀਆਂ, ਮੋਮਬੱਤੀਆਂ।
ਸਾਗਰ ਵਰਗਾ ਖਾਰਾ ਹੰਝੂ,
ਦਿਲ ਦਾ ਬਣੇ ਸਹਾਰਾ ਹੰਝੂ।
ਸਭੈ ਸਾਥ ਕਿਨਾਰਾ ਕਰ ਜਾਣ,
ਪਰ ਨਾ ਕਰੇ ਕਿਨਾਰਾ ਹੰਝੂ।
ਇੱਕ ਹੰਝੂ ਦਾ ਮੁੱਲ ਕਈ ਪੀੜਾਂ,
ਪੀੜਾਂ ਦਾ ਵਣਜਾਰਾ ਹੰਝੂ।
ਦੁੱਖ, ਰੋਸੇ, ਗਮ ਚੁੱਕੀ ਫਿਰਦਾ,
ਕੀ ਜਾਣੋ ? ਕਿਨਾਂ ਭਾਰਾ ਹੰਝੂ।
ਅੱਖ ਤਾਂ ਬਸ ਗਵਾਹੀ ਭਰਦੀ,
ਦਿਲ ਚੋਂ ਨਿਕਲੇ ਯਾਰਾ ਹੰਝੂ।
ਬੱਚੇ ਦਾ ਹੰਝੂ 'ਰੋਸੇ' ਵਾਲਾ,
ਕਿਰਤੀ ਦਾ 'ਵਿਚਾਰਾ' ਹੰਝੂ।
ਧੀ ਬਾਬਲ ਤੋਂ ਦੁੱਖ ਛਪਾਵੇ,
ਹਾਲ ਦਸ ਜਾਏ ਸਾਰਾ ਹੰਝੂ।
'ਸਿੱਧੂ' ਦੀ ਅੱਖ ਨਮੀਂ-ਨਿਮਰਤਾ,
ਤਾਹੀਓਂ ਜਾਣੋਂ ਪਿਆਰਾ ਹੰਝੂ।
ਮੈਂ ਉਹਨੂੰ, ਮੈਨੂੰ ਤੱਕਦਾ ਸੀਸਾ।
ਵੇਖ ਮੇਰੇ ਵੱਲ, ਹੱਸਦਾ ਸੀਸਾ ।।
ਮੈਂ ਚੋਰ, ਕਿੰਝ ਨਜ਼ਰ ਮਿਲਾਵਾਂ।
ਨਜ਼ਰ ਮੇਰੇ ਤੇ, ਰੱਖਦਾ ਸੀਸਾ ।।
ਸੋਹਣਾ ਮੈਂ ਨਹੀਂ, ਸੋਹਣਾ ਸੀਸਾ ।
ਜੱਦ ਵੇਖਾਂ, ਬੜਾ ਜੱਚਦਾ ਸੀਸਾ ।।
ਚੰਗਾ ਅਕਸ਼ ਇਹ ਕਿਵੇਂ ਉਤਾਰੂ।
ਭੇਦ ਅਕਸ਼ ਦੇ ਰੱਖਦਾ ਸੀਸਾ ।।
ਪਰਦੇ ਚਾੜ੍ਹਕੇ, ਅੱਗੇ ਖੜੀਏ।
ਸਾਰੇ ਪਰਦੇ ਚੱਕਦਾ ਸੀਸਾ ।।
ਲੱਖ ਸਵਾਲ, ਜਵਾਬ ਨਾ ਕੋਈ।
ਗੱਲ ਅੰਦਰ ਦੀ ਦੱਸਦਾ ਸੀਸਾ ।।
ਮਨ ਦਰਪਣ , ਦਰਪਣ ਸਿੱਧੂ ਦਾ।
ਜੱਗ ਲਈ ਹੋਊ ਕੱਚਦਾ ਸੀਸਾ ।।
ਲੱਖ ਦੀਵੇ ਮਸਜਦ ਮੰਦਰ ਬਾਲ।
ਪਰ ਇੱਕ ਦਿਲ ਦੇ ਅੰਦਰ ਬਾਲ।।
ਦੀਵੇ ਵਿੱਚ ਪਾ ਤੇਲ ਮੁਹੱਬਤ।
ਨਫ਼ਰਤ, ਵੈਰ ਤੇ ਖੰਜਰ ਬਾਲ।।
ਨਵੀਆਂ ਨੂੰ ਦੇ ਨਾ ਧਰਮ ਦੀ ਪੁੱਠ।
ਵਿਦਿਆ ਦੇ ਸਾਂਚੇ ਵਿੱਚ ਢਾਲ।।
ਮੁਢ ਤੋਂ ਰਹੇ ਲੜਾਉਂਦੇ ਜਿਹੜੇ।
ਧੂਨੀ ਪਾ ਉਹ ਮੰਜਰ ਬਾਲ।।
ਤਰਕ ਬਿਨਾਂ ਨਾ ਮੰਨੀ ਕੁੱਝ।
ਜਿਹਨ 'ਚ ਪਏ ਜੋ ਖੰਡਰ ਬਾਲ।।
ਜੇ ਦੇਣਾ ਹੋਕਾ ਸੱਚ ਦਾ ਸਿੱਧੂਆ।
ਖੁਦ ਜੋ ਕਰੇਂ ,ਅਡੰਬਰ ਬਾਲ।।
ਇੱਕ ਕਵਿਤਾ ਉਸ ਰੱਬ ਦੇ ਨਾਂ ਜਿਹੀ,
ਇਕ ਕਵਿਤਾ ਮੇਰੀ ਪਿਆਰੀ ਮਾਂ ਜਿਹੀ।
ਚਿੱਤ ਕਰਦਾ ਮੈਂ ਹੁਣੇ ਬਣਾਵਾਂ,
ਸੋਹਣੇ ਸੋਹਣੇ ਸਬਦ ਸਜਾਵਾਂ।
ਇੱਕ ਕਵਿਤਾ ਮੇਰੀ ਭੈਣਾਂ ਵਰਗੀ,
ਭਿੱਜੇ ਸਿੱਲੇ ਨੈਣਾਂ ਵਰਗੀ।
ਵੀਰ ਉਡੀਕਣ, ਸੋਚਣ ਬੋਲੇ,
ਕਾਗ ਜਿਥੇ ਉਸ ਸੋਹਣੀ ਥਾਂ ਜਿਹੀ।
ਚਿੱਤ ਕਰਦਾ, ਮੈਂ ਹੁਣੇ ਬਣਾਵਾਂ...
ਇੱਕ ਬਾਪੂ ਦੇ ਪਗ ਦੇ ਰੰਗ ਜਿਹੀ,
ਜੀਵਨ ਜਾਚ ਤੇ ਵੱਖਰੇ ਢੰਗ ਜਿਹੀ।
ਮੇਰੇ ਨਾਲ ਜੁੜੀ ਘਰ ਛੱਡਕੇ,
ਉਸਦੀ ਸੰਗ, ਉਹਦੀ ਰੰਗਲੀ ਵੰਗ ਜਿਹੀ।
ਚਿਤ ਕਰਦਾ ਮੈਂ ਹੁਣੇ ਬਣਾਵਾਂ...
ਉਸ ਵਰਗੀ ਜੋ ਚੋਰੀ ਤੱਕੇ,
ਦਿਲ ਦੇ ਸਾਰੇ ਭੇਦ ਵੀ ਦੱਸੇ।
ਦਿਲ ਤੇ ਪਥਰ ਦੀਦ ਨੂੰ ਚੱਖੇ,
ਨਾ ਸਮਝੇ ਮੈਂ ਲੱਖ ਸਮਝਾਵਾਂ।
ਚਿਤ ਕਰਦਾ ਮੈਂ ਹੁਣੇ ਬਣਾਵਾਂ...
ਜਾਂ ਕਵਿਤਾ ਕਿਸੇ ਚੁੱਪ ਦੇ ਵਰਗੀ,
ਸੁੱਕੇ ਜਿਹੇ ਕਿਸੇ ਰੁੱਖ ਦੇ ਵਰਗੀ।
ਬੰਜਰ ਜਿਹੀ ਕੁੱਖ ਦੇ ਵਰਗੀ,
ਜਾਂ ਕਿਰਤੀ ਦੇ ਦੁੱਖ ਦੇ ਵਰਗੀ।
ਐ ਪਰ ਕਿਥੋਂ ਸਬਦ ਲਿਆਵਾਂ,
ਭਰਿਆ ਗਲਾ ਮੈਂ ਕਿਵੇਂ ਸੁਕਾਵਾਂ।
ਦਿਲ ਕਰਦਾ ਮੈਂ ਹੁਣੇ ਬਣਾਵਾਂ,
ਇੱਕ ਕਵਿਤਾ ਉਸ ਰੱਬ ਦੇ ਨਾਂ ਜਿਹੀ,
ਇਕ ਕਵਿਤਾ ਮੇਰੀ ਪਿਆਰੀ ਮਾਂ ਜਿਹੀ।
(ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਰਚਨਾ)
ਪਿਤਾ ਦਸ਼ਮੇਸ਼ ਕਹਿਣ ਲੱਗੇ ਅਜੀਤ ਤਾਂਈ,
ਆ ਤੇਰਾ ਕਰੀਏ ਸਿੰਗਾਰ ਲਾੜੀ ਵਰੀਂ ਜੇ।
ਕਲਗੀ ਤੇ ਤੋੜਾ ਢਾਲ ਨਾਲ ਕਿਰਪਾਨ ਦੇਈਏ,
ਵੈਰੀ ਨੂੰ ਮੈਦਾਨੇ ਜਾ ਕੇ ਵਢੇਂ ਵਾਂਗ ਚਰੀ ਜੇ।
ਕੌਮ ਅਤੇ ਪੁੱਤਰਾਂ ਚ ਫਰਕ ਦਸ਼ਮੇਸ਼ ਕੀਤਾ,
ਕਹੇ ਇਤਿਹਾਸ ਗੱਲ ਜਾਣੀਂ ਨਹੀਉਂ ਜਰੀ ਜੇ।
ਦਾਦੇ ਵਾਲੇ ਲੀਹੇ ਤੈਨੂੰ ਤੋਰਨਾ ਅਜੀਤ ਸਿੰਘਾਂ,
ਬਣ ਜੇ ਮਿਸਾਲ ਜੰਗ ਐਸੀ ਜਾਕੇ ਲੜੀਂ ਜੇ ।।
ਆਖਿਆ ਅਜੀਤ ਨਾਂ ਅਜੀਤ ਹੈ ਅਜਿੱਤ ਰਹੱਸਾਂ,
ਹਾਰਿਆ ਜੇ ਕਰ ਫਿਰ ਵਾਪਿਸ ਨਹੀਂ ਆਵਾਂਗਾ।
ਬੜੀ ਖੁਸ਼ੀ ਚੁਣਿਆਂ ਜੋ ਆਪ ਜੀ ਨੇ ਮੇਰੇ ਤਾਈਂ,
ਰਣ ਵਿੱਚ ਵੈਰੀ ਦੀਆਂ ਭਾਜੜਾਂ ਪਵਾਂਵਗਾ।
ਪੁੱਤਰ ਹਾਂ ਆਪ ਜੀ ਦਾ ਅਣਖਾਂ ਦੀ ਗੁੜ੍ਹਤੀ ਏ,
ਦਾਦਾ ਜੀ ਦੀ ਪੱਗ ਤਾਈਂ ਦਾਗ ਨਹੀਂ ਲਗਾਵਾਂਗਾ।
ਜਿਨਾਂ ਚਿਰ ਕਤਰਾ ਸਰੀਰ ਵਿੱਚ ਖੂਨ ਦਾ ਏ,
ਉਨਾਂ ਚਿਰ ਵੈਰੀਆਂ ਦੇ ਖੂਨ ਨਾਲ ਨਹਾਵਂਗਾ।।
ਪੰਜ ਸਿੰਘ ਨਾਲ ਲੈਕੇ ਤੁਰਿਆ ਅਜੀਤ ਸਿੰਘ,
ਫੁਰਤੀ ਤੁਫਾਨੀ ਘੋੜਾ ਮੰਜਿਲਾਂ ਨੂੰ ਚੀਰਦਾ।
ਹਾਏ ਅੱਲ੍ਹਾ ਆਏ ਅੰਮਾ ਕਹਿਕੇ ਡਿੱਗਾ ਧਰਤੀ ਤੇ,
ਜੀਹਨੇ ਜੀਹਨੇ ਲਿਆ ਪ੍ਰਸਾਦ ਉਹਦੇ ਤੀਰ ਦਾ।
ਜਿਹੜਾ ਕੋਈ ਨੇੜੇ ਬਹੁਤਾ ਪੁੱਜਿਆ ਅਜੀਤ ਸਿਉਂ ਦੇ,
ਉਸ ਦੀਆਂ ਆਂਦਰਾਂ ਨੂੰ ਤੇਗ ਨਾਲ ਚੀਰ ਦਾ।
ਗੜ੍ਹੀ ਚੋਂ ਜੁਝਾਰ ਤੱਕੇ ਨਾਲੇ ਇਹ ਲੋਚਦਾ ਏ,
ਹੁੰਦਾ ਸਰਬਾਲਾ ਕਿੱਤੇ ਉਹ ਵੀ ਵੱਡੇ ਵੀਰ ਦਾ।।
ਜੀਹਨੇ ਜੀਹਨੇ ਤੱਕੀ ਜੰਗ ਜੁੜਕੇ ਹਾਂ ਰਹਿਗੇ ਦੰਦ,
ਕਹਿਣ ਅਜੀਤ ਸਿੰਘ ਕਹਿਰ ਢਾਈ ਜਾਂਦਾ ਏ।
ਵੱਡੇ ਵੱਡੇ ਦੁੰਬੇ ਖਾਣੇ, ਸਵਾ ਸਵਾ ਮਣ ਦੇਹੀ ਵਾਲੇ,
ਜਰਨੈਲਾਂ ਦੀਆਂ ਗੋਡੀਆਂ ਲਵਾਈ ਜਾਂਦਾ ਏ।
ਬਾਜ ਜੇਹੀ ਫੁਰਤੀ ਨਾਲ ਜੀਹਦੇ ਜੀਹਦੇ ਵੱਲ ਪੈਂਦਾ,
ਧੁਰ ਦੀ ਹਾਂ ਉਹਦੀ ਟਿਕਟ ਕਟਾਈ ਜਾਂਦਾ ਏ।
ਪੁੱਤ ਦਸ਼ਮੇਸ਼ ਦਾ ਨਿਪੁੰਨ ਪੂਰਾ ਜੰਗ ਦਾ ਏ,
ਨਾਲ ਸਮਸ਼ੀਰ ਲੋਹਾ ਮਨਵਾਈ ਜਾਂਦਾ ਏ।
ਸਾਰੇ ਨਿਯਮ ਜੰਗ ਦੇ ਤਿਆਗੇ ਫੇਰ ਮੁਗਲਾਂ ਨੇ,
ਕੱਲੇ ਅਜੀਤ ਸਿੰਘ ਉੱਤੇ ਹਲਾ ਰਲ ਬੋਲਿਆ।
ਕਿਤੇ ਤਲਵਾਰ ਕਿਤੇ ਤੀਰਾਂ ਦੀਆਂ ਵਾਛੜਾਂ ਨੇ,
ਜਿਗਰੇ ਨਾਲ ਲੜਦਾ ਉਹ ਰਿਹਾ ਨਹੀਂ ਡੋਲਿਆ।
ਛੁੱਟੀ ਢਾਲ ਟੁੱਟੀ ਤਲਵਾਰ, ਟੁੱਟਾ ਹੌਸਲਾ ਨਾ,
ਛਾਤੀ ਲੱਗੇ ਤੀਰ ਉੱਤੇ ਵੀ, ਜੈਕਾਰਾ ਹੀ ਬੋਲਿਆ।
ਕਹਿਣ ਦਸ਼ਮੇਸ਼ ਵਾਹ ਵਾਹ ਉਹ ਅਜੀਤ ਸਿੰਘਾ
ਤੇਰੇ ਜੰਗੀ-ਜੌਹਰਾਂ ਨੇ ਤਾਂ ਸੱਭ ਤਾਂਈ ਮੋਹ ਲਿਆ।।
ਮੈਂ ਤੋਂ ਮੈਂ ਦੇ ਤੱਕ ਦਾ ਸਫ਼ਰ ਹੀ ਲੈਕੇ ਫਿਰਦਾ ਹਾਂ।
ਜਿੰਦਗੀ ਕੀ ਹੈ? ਲੱਭਣ ਦੇ ਲਈ ਰੋਜ਼ ਨਿਕਲਦਾ ਹਾਂ।।
ਆਖ਼ਰ ਨੂੰ ਫਿਰ ਆਪਣੇ ਤੇ ਹੀ ਆਕੇ ਖੜ੍ਹ ਜਾਂਦਾਂ।
ਤਿਲਕਣ ਵਿਹੜਾ-ਜੱਗ, ਮੈਂ ਇਸ ਤੇ ਰੋਜ਼ ਫਿਸਲਦਾ ਹਾਂ।।
ਕੱਚ ਪੈਰਾਂ ਦੀ ਜੁੱਤੀ, ਕੰਡੇ ਕੁੰਡਲ ਬਣਾ ਲਈ ਦੇ।
ਪਤਾ ਇਹ ਰੱਖਦੇ , ਕਿੰਨ੍ਹੀ ਰਾਹੀਂ-ਮੈਂ ਵਿਚਰਦਾ ਹਾਂ।।
ਮੈਂ ਤਪਿਆ ਹੋਇਆ ਲੋਹਾ, ਉਸਦੀ ਸਟ ਲੋਹਾਰ ਜਿਹੀ।
ਜਿੰਨੀਆਂ ਚੋਟਾਂ ਹਾਂ ਖਾਂਦਾ, ਉਨਾਂ ਹੋਰ ਨਿਖਰਦਾ ਹਾਂ।।
ਆਏ ਨੇ ਵੇਖ ਲੈ ਕੇ
ਪੌਣਾਂ ਦੇ ਝੁੰਡ ਸੁਨੇਹੇ।
ਤੂੰ ਕੋਲ ਮੇਰੇ ਹੁੰਦਾ,
ਇਹ ਵੀ ਸੀ ਮੇਰੇ ਹੋਣੇ।।
ਹੁਣ ਤਾਂ ਗੁੱਜਰ ਰਹੀ ਏ,
ਕੀ ਰੁਤਾਂ ਕੀ ਬਹਾਰਾਂ।
ਦਿਲਵਰ ਦਿਲਾਂ ਦੇ ਦੱਸ ਤਾਂ,
ਯਾਦਾਂ ਚੋਂ ਕਿੰਝ ਵਿਸਾਰਾਂ।।
ਰਾਹਾਂ ਨੇ ਅੱਜ ਵੀ ਰਾਹਾਂ,
ਬਦਲੇ ਨੇ ਪਰ ਮੁਸਾਫ਼ਿਰ।
ਉਸ ਨਜ਼ਰ ਜੋ ਰਦ ਕੀਤੇ,
ਖੁਦ ਨੂੰ ਸਦਾਈਏ ਕਾਫਿਰ।।
ਉਸ ਦੇ ਹਾਲਾਤ ਸਮਝੇ,
ਮੁੱਕ ਜਾਂਦੀਆਂ ਵਿਚਾਰਾਂ।
ਦਿਲਵਰ ਦਿਲਾਂ ਦੇ ਦੱਸ ਤਾਂ,
ਯਾਦਾਂ ਚੋਂ ਕਿੰਝ ਵਿਸਾਰਾਂ।।
ਜੰਮੀ ਏ ਧੂੜ ਇਹ ਵੀ,
ਚੁੱਪ ਚਾਪ ਕਹਿੰਦੀਆਂ ਨੇ।
ਕੋਈ ਨਾਲ ਹੋਵੇ ਜਾਂ ਨਾ,
ਇਹ ਨਾਲ ਰਹਿੰਦੀਆ ਨੇ।।
ਇਹ ਚੰਦ ਕੁ ਕਿਤਾਬਾਂ,
ਦਿਲ ਤੋਂ ਮੈਂ ਫਿਰ ਵਿਚਾਰਾਂ।
ਦਿਲਵਰ ਦਿਲਾਂ ਦੇ ਦੱਸ ਤਾਂ
ਯਾਦਾਂ ਚੋਂ ਕਿੰਝ ਵਿਸਾਰਾਂ।।
ਮਿਲਣੀ ਨਹੀਂ ਏ ਧਰਤੀ,
ਸੂਰਜ ਦੀ ਭਟਕਣਾ ਹੈ।
ਇਹ ਸਫਰ ਮੁਕ ਸਕਦੈ,
ਇਹ ਵੀ ਤੇ ਕਲਪਨਾ ਹੈ।।
ਫਿਰ ਵੀ ਪਤਾ ਨਹੀਂ ਕਾਹਤੋਂ
ਆਸਾਂ ਦੇ ਖੰਭ ਖਿਲਾਰਾਂ।
ਦਿਲਵਰ ਦਿਲਾਂ ਦੇ ਦੱਸ ਤਾਂ,
ਯਾਦਾਂ ਚੋਂ ਕਿੰਝ ਵਿਸਾਰਾਂ।।
ਬਾਬੇ ਦੀ ਬਾਣੀ ਮਰਦਾਨੇ ਦੀ ਰਬਾਬ ਚੋਂ ।
ਚੋਜੀ ਦੀ ਤੇਗ ਤੋਂ ਜਾਂ ਦਰਿਆ ਚਨਾਬ ਤੋਂ ।।
ਕੀਹਦੀ ਗੁੜਤੀ ਦਾ ਇਹ ਮੁਹਾਂਦਰਾ ਰਕਾਨੇ ਨੀ।
ਦਸ ਦੇ ਜੁਬਾਨੇ ਨੀ, ਪੰਜਾਬੀਏ ਜੁਬਾਨੇ ਨੀ।।
ਤੇਰੇ ਮਿੱਠੇ ਬੋਲ ਰੂਹ 'ਚ ਛੇੜ ਜਾਣ ਕਾਂਬੇ ਨੀ।
ਪੰਜਾਬੀਏ ਜੁਬਾਨੇ ਨੀ, ਮਿੱਠੀਏ ਜੁਬਾਨੇਂ ਨੀਂ ।।
ਵੀਰ ਸਿੰਘ ਦੇ ਸੋਹਣੇ ਲਫਜਾਂ ਦਾ ਤੀਰ ਏਂ।
ਵਾਰਿਸ ਦੀ ਵਾਹੀ ਹੋਈ ਪਿਆਰ ਦੀ ਲਕੀਰ ਏਂ।।
ਸੋਹਣੀਆਂ ਤੋਂ ਸੋਹਣੀ ਏਂ ਤੂੰ ਹੀਰਾਂ 'ਚੋਂ ਹੀਰ ਏ ।
ਚੜ੍ਹਦੇ ਤੇ ਲਹਿੰਦੇ ਹੋਏ ਪੰਜਾਬ ਦਾ ਸਰੀਰ ਏਂ।।
ਤੇਰੀ ਦਿੱਤੀ ਖਾਈਏ ਤੂੰ ਹੀ ਭਰੇ ਨੇ ਖਜਾਨੇ ਨੀ।
ਪੰਜਾਬੀਏ ਜੁਬਾਨੇਂ ਨੀਂ ਮਿੱਠੀਏ ਜੁਬਾਨੇਂ ਨੀ।।
ਤੀਆਂ ਤ੍ਰਿੰਞਣਾ ਦੀ ਸ਼ਾਨ ਜਾਨ ਮੇਲਿਆਂ ਦੀ।
ਜਾਈ ਫਕੀਰਾਂ, ਪਲੀ ਜੰਗਲਾਂ ਤੇ ਬੇਲਿਆਂ ਦੀ।।
ਬੁੱਲੇ ਜਿਹੇ ਭੁੱਲਿਆਂ ਦੀ, ਸੱਥਾਂ ਦੀ ਚੁਲ੍ਹਿਆਂ ਦੀ।
ਖਾਲਸੇ ਦੀ ਫਤਹਿ, ਸਿਰਲੱਥ ਅਲਬੇਲਿਆਂ ਦੀ।।
ਬਣ ਬਣਕੇ ਪੈਗਾਮ ਗੂੰਜੀ ਗਗਨ ਦਮਾਮੇ ਨੀਂ
ਪੰਜਾਬੀਏ ਜਬਾਨੇਂ ਨੀਂ, ਮਿੱਠੀਏ ਜਬਾਨੇਂ ਨੀਂ।
ਰੋਸ਼ਨ ਤੇਰੀਆਂ ਰਾਹਾਂ ਹੋਵਣ,
ਚਾਅ ਹੋਵਨ ਸਭ ਪੂਰੇ।
ਹੱਥ ਦੇ ਵਿੱਚ ਕਿਤਾਬਾਂ ਰਖੀਂ,
ਸੁਪਨੇ ਜਾਣ ਨਾਂ ਨੂੜੇ।।
ਸੋਚ ਰਖੀਂ ਅਸਮਾਨ ਜਿਹੀ,
ਤੇ ਮਨ ਪਾਣੀ ਦੇ ਵਰਗਾ।
ਮੂੰਹ ਤੇ ਛਿੱਕਲੇ ਚਾੜ੍ਹ ਉਨ੍ਹਾਂ ਦੇ,
ਜੋ ਦੇਵਨ ਤੈਨੂੰ ਪਰਦਾ।।
ਮੂੰਹ ਤੇ ਛਿੱਕਲੇ ਚਾੜ੍ਹ ਉਨ੍ਹਾਂ ਦੇ,
ਜੋ ਦੇਵਨ ਤੈਨੂੰ ਪਰਦਾ।।
ਘਰ ਤੋਂ ਜਦ ਤੂੰ ਤੁਰਨ ਸੈਂ ਲਗੀ
ਬਾਪੂ ਗਹੁ ਨਾਲ ਤੱਕੇ।
ਕਿਹੜੇ ਰਸ਼ਤੇ ਨਹੀਉਂ ਜਾਣਾ
ਮਾਂ ਬੈਠਾ ਕੇ ਦੱਸੇ।।
ਰਸਤੇ ਵਿੱਚ ਤੇਰੇ ਕੰਡੇ ਹੀ ਕੰਡੇ
ਤੰਜ ਜਾਵਣਗੇ ਕੱਸੇ।
ਤਿਲਕਣ ਰਸਤਾ ਪੈਰ ਸੰਭਾਲੀਂ
ਭੁਲੀਂ ਖਿਆਲ ਨਾਂ ਘਰਦਾ।।
ਮੂੰਹ ਤੇ ਛਿੱਕਲੇ ਚਾੜ੍ਹ ਉਨ੍ਹਾਂ ਦੇ,
ਜੋ ਦੇਵਨ ਤੈਨੂੰ ਪਰਦਾ।।
ਮੋਢੀਂ ਪਾ ਚਾਨਣ ਦਾ ਬਸਤਾ
ਜਿੰਦਗੀ ਨੂੰ ਰੁਸਨਾ ਲੈ।
ਕਲਮ ਨੂੰ ਤੂੰ ਹਥਿਆਰ ਬਣਾ
ਫਿਰ ਜੋ ਚਾਹੇਂ ਸੋ ਪਾ ਲੈ।।
ਚਾਰੇ ਪਾਸੇ ਦਿਸੇ ਹਨੇਰਾ
ਨਵੀਂ ਤੂੰ ਜੋਤ ਜਗਾ ਲੈ।
ਭਾਗ ਬਣਾ ਖੁਦ ਮਿਹਨਤ ਸਦਕਾ
ਲੇਖਾਂ ਦੇ ਨਾਲ ਲੜਜਾ।।
ਮੂੰਹ ਤੇ ਛਿੱਕਲੇ ਚਾੜ੍ਹ ਉਨ੍ਹਾਂ ਦੇ,
ਜੋ ਦੇਵਨ ਤੈਨੂੰ ਪਰਦਾ।।
ਨਾ ਹਿੰਦੁਸਤਾਨ ਦਾ ਹੁੰਦਾ, ਨਾ ਪਾਕਿਸਤਾਨ ਦਾ ਹੁੰਦਾ।
ਜੋ ਲੜ ਸਰਹੱਦ ਤੇ ਮਰਦੈ, ਪੁੱਤਰ ਅਵਾਮ ਦਾ ਹੁੰਦਾ।।
ਮਾਂ ਦੀ ਕੂਕ ਇਕੋ ਜਿਹੀ, ਭੈਣ ਦੀ ਹੂਕ ਇੱਕੋ ਜਿਹੀ।
ਚੂੜਾ ਵਾਹਾਂ ਵਿੱਚ ਉਡੀਕ, ਉਹ ਮਲੂਕ ਇੱਕੋ ਜਿਹੀ।।
ਪੇਟ ਦੀ ਭੁੱਖ ਬੇਰੁਜਗਾਰੀ, ਖਿੱਚ ਕੇ ਲੈ ਹੀ ਜਾਂਦੀ ਏ।
ਚੁਲੇ ਦੀ ਅੱਗ ਲਾਚਾਰੀ,ਹਾਂ ਖਿੱਚ ਕੇ ਲੈ ਹੀ ਜਾਂਦੀ ਏ।।
ਮਚਦੀ ਅੱਗ ਵਿੱਚ ਚਿਤ ਕਿਸੇ ਦਾ ਨਹੀਂ ਜਾਣ ਦਾ ਹੁੰਦਾ।
ਨਾ ਹਿੰਦੁਸਤਾਨ ਦਾ ਹੁੰਦਾ, ਨਾ ਪਾਕਿਸਤਾਨ ਦਾ ਹੁੰਦਾ।
ਜੋ ਲੜ ਸਰਹੱਦ ਤੇ ਮਰਦੈ, ਪੁੱਤਰ ਅਵਾਮ ਦਾ ਹੁੰਦਾ।।
ਚਿਹਰੇ ਇਧਰ ਉਦਾਸੇ ਨੇ, ਚਿਹਰੇ ਉਧਰ ਉਦਾਸੇ ਨੇ।
ਲੋਕ ਇੱਧਰ ਵੀ ਉਹੋ ਜੇ, ਜਿਹੋ ਜੇ ਔਸ ਪਾਸੇ ਨੇ।।
ਭੁੱਖ ਇੱਧਰ ਵੀ ਉਹੋ ਹੈ, ਭੁੱਖ ਉਧਰ ਵੀ ਇਹੋ ਹੈ।
ਚੁੱਪ ਇਧਰ ਵੀ ਉਹੋ ਹੈ, ਚੁੱਪ ਉੱਧਰ ਵੀ ਇਹੋ ਹੈ।।
ਰੋਟੀ ਲਈ ਫ਼ਿਕਰ ਇੱਕੋ ਜਾ, ਵਕ਼ਤ ਜਦ ਸ਼ਾਮ ਦਾ ਹੁੰਦਾ।
ਨਾ ਹਿੰਦੁਸਤਾਨ ਦਾ ਹੁੰਦਾ, ਨਾ ਪਾਕਿਸਤਾਨ ਦਾ ਹੁੰਦਾ।
ਜੋ ਲੜ ਸਰਹੱਦ ਤੇ ਮਰਦੈ, ਪੁੱਤਰ ਅਵਾਮ ਦਾ ਹੁੰਦਾ।।
ਇਹ ਸਰਕਾਰਾਂ ਦੇ ਮਸਲੇ, ਇਹ ਹਾਂ ਤਾਰਾਂ ਦੇ ਮਸਲੇ।
ਇਹ ਸਾਰੇ ਮੈਂ ਚੋਂ ਉਪਜੇ ਨੇ,ਰੱਖੇ ਹਥਿਆਰਾਂ ਦੇ ਮਸਲੇ।।
ਇਹ ਰੋਟੀ ਟੁੱਕ ਦੇ ਮਸਲੇ, ਉਜੜੀ ਹੋਈ ਕੁੱਖ ਦੇ ਮਸਲੇ।
ਉਨ੍ਹਾਂ ਲਈ ਰਾਜਨੀਤੀ, ਤੇਰੇ ਲਈ ਨੇ ਦੁੱਖ ਦੇ ਮਸਲੇ।।
ਕਿਸੇ ਤੇ ਟੈਗ ਹਿੰਦੂ ਦਾ ਕਿਸੇ ਤੇ ਮੁਸਲਮਾਨ ਦਾ ਹੁੰਦਾ।
ਨਾ ਹਿੰਦੁਸਤਾਨ ਦਾ ਹੁੰਦਾ, ਨਾ ਪਾਕਿਸਤਾਨ ਦਾ ਹੁੰਦਾ।
ਜੋ ਲੜ ਸਰਹੱਦ ਤੇ ਮਰਦੈ, ਪੁੱਤਰ ਅਵਾਮ ਦਾ ਹੁੰਦਾ।।
ਉਹ ਲਿਪਟੀ ਲਾਸ਼ ਜਦ ਆ ਜੇ ਸਲਾਮੀ ਲੋਕ ਦਿੰਦੇ ਨੇ।
ਅਮਰ ਜਵਾਨ ਕਹਿ ਕਹਿ ਕੇ ਰੋਣੋਂ ਵੀ ਰੋਕ ਦਿੰਦੇ ਨੇ।।
ਕੁੱਝ ਕੁ ਦਿਨ ਅਸਾਂ ਨੂੰ ਵੀ ਬੜੇ ਉਹ ਬੋਲ ਭਾਉਂਦੇ ਨੇ।
ਭੋਗ ਤੇ ਰਾਜਨੀਤੀ ਕਰਨ ਫਿਰ ਬਗਲੇ ਵੀ ਆਉਂਦੇ ਨੇ।।
ਸੀਨੇ ਮਾਵਾਂ ਦੇ ਪਥਰ, ਵਕਤ ਉਹ ਇਮਤਿਹਾਨ ਦਾ ਹੁੰਦਾ।
ਨਾ ਹਿੰਦੁਸਤਾਨ ਦਾ ਹੁੰਦਾ, ਨਾ ਪਾਕਿਸਤਾਨ ਦਾ ਹੁੰਦਾ।
ਜੋ ਲੜ ਸਰਹੱਦ ਤੇ ਮਰਦੈ, ਪੁੱਤਰ ਅਵਾਮ ਦਾ ਹੁੰਦਾ।।
ਮੋਢੀਂ ਗੱਟੇ, ਖੁੱਲ੍ਹੇ ਵਾਲ ਗਰੀਬਾਂ ਦੇ,
ਗਲੀ ਗਲੀ ਪਏ ਰੁਲਦੇ, ਲਾਲ ਗਰੀਬਾਂ ਦੇ।
ਜਿਸਨੂੰ ਕੂੜਾ ਜਾਣਕੇ ਆਪਾਂ ਸੁੱਟ ਆਏ,
ਉਸ ਚੋਂ ਕੀ ਨੇ ਲੱਭਦੇ ,ਬਾਲ ਗਰੀਬਾਂ ਦੇ।
ਮਾਰੋ -ਦੁਤਕਾਰੋ ਤਾਂ ਅੱਗੇ ਤੁਰ ਜਾਵਣ,
ਖੂਨ ਵਿੱਚ ਨਹੀਂ ਰਤਾ, ਉਬਾਲ ਗਰੀਬਾਂ ਦੇ।
ਝੂਠੇ ਭਾਸ਼ਣ ਜਾਂ ਲੰਮੀਆਂ ਤਹਰੀਰਾਂ ਬਸ,
ਕੋਈ ਨਹੀਂ ਖੜ੍ਹਦਾ ਵੇਖਿਆ, ਨਾਲ ਗਰੀਬਾਂ ਦੇ।
ਚਾਨਣ ਦੇ ਬਸਤੇ ਤੋਂ ਲਗਦੇ ਦੂਰ ਬੜੀ,
ਤਾਲੀਮੋ ਸੱਖਣੇ ਖਿਆਲ ਗਰੀਬਾਂ ਦੇ ।
ਤਪਦੀ ਲੋ ਵਿੱਚ ਤਪਦੇ, ਸਰਦੀ ਵਿੱਚ ਠਰਦੇ
ਏਦਾਂ ਲੰਘਦੇ ਹਾੜ-ਸਿਆਲ ਗਰੀਬਾਂ ਦੇ।
'ਸਿੱਧੂ' ਜਦ ਵੀ ਲੰਘੀਏ ਸ਼ਹਿਰ ਬਜ਼ਾਰਾਂ 'ਚੋਂ
ਅੱਖ ਭਰ ਆਉਂਦੀ ਤੱਕਕੇ ਹਾਲ ਗਰੀਬਾਂ ਦੇ।
ਮਾਂਝੀ ਕਿਸ਼ਤੀ ਉੱਥੇ ਲੈ ਚੱਲ,
ਜਿੱਥੇ ਬਹੁਤ ਡੁੰਘਾਈ ਏ।
ਲਹਿਰਾਂ ਦਾ ਹੀ ਜੋਰ ਵੇਖਣਾ,
ਦਿਲ ਵਿੱਚ ਸਾਡੇ ਆਈ ਏ।।
ਐ ਸਾਗਰ ਤੂੰ ਹੋ ਵਡੇਰਾ,
ਜੇਰਾ ਘੱਟ ਨਹੀਂ ਸਾਡਾ ਵੀ।
ਲਹਿਰਾਂ ਨੂੰ ਤੂੰ ਦੇ ਰਵਾਨੀ,
ਸਾਨੂੰ ਡਰ ਨਹੀਂ ਰਾਈ ਏ।।
ਲਹਿਰੋ ਵੱਡੀਆਂ ਹੋ ਹੋ ਆਵੋ,
ਅਸੀਂ ਵੀ ਹਾਂ ਤਿਆਰ ਖੜ੍ਹੇ ।
ਪਿੱਛਾ ਦੇਈਏ,ਪਿੱਛੇ ਹੱਟੀਏ,
ਫਿਰ ਕਹਿਣਾ ਰੁਸਵਾਈ ਏ।।
ਪਿੱਛੇ ਪਰਤਨਾ ਮਰਨ ਜਿਹਾ,
ਤੇ ਡੱਟ ਜਾਣਾ- ਸੂਰਜ ਹੋਣਾ।
ਇੱਹੋ ਇਸ਼ਕ ਅਕੀਦੇ ਦੀ ਗੱਲ
ਮੁਰਸ਼ਦ ਨੇਂ ਸਮਝਾਈ ਏ।।
ਜਿਸਨੇ ਉਗਣਾ ਉੱਗ ਆਵੇਗਾ
'ਸਿੱਧੂਆ'-ਪਥਰ ਦੇ ਸੀਨੇ ਚੌਂ।
ਰੋਕਾਂ ਟੋਕਾਂ ਲਾਉਣੀਆਂ ਲੋਕਾਂ
ਰੀਤ ਹੀ ਚਲਦੀ ਆਈ ਏ।।
|