Dr Amarjit Tanda
ਡਾ. ਅਮਰਜੀਤ ਟਾਂਡਾ

Punjabi Writer
  

Punjabi Poetry Dr Amarjit Tanda

ਪੰਜਾਬੀ ਰਾਈਟਰ ਡਾ. ਅਮਰਜੀਤ ਟਾਂਡਾ

ਹੁਣ ਦੇਖਿਆ ਕਰਾਂਗੇ ਰੋਜ਼

ਹੁਣ ਦੇਖਿਆ ਕਰਾਂਗੇ ਰੋਜ਼
ਆਪ ਨੱਕੇ ਮੋੜਦਾ ਬਾਬਾ ਨਾਨਕ
ਟਿੰਡਾਂ ਗਾਉਂਦੀਆਂ ਨੱਚਦੀਆਂ ਤੱਕਿਆ ਕਰਾਂਗੇ
ਦੂਰ ਲੱਗੀਆਂ ਦੂਰਬੀਨਾਂ
ਕਦ ਕਰਦੀਆਂ ਨੇ ਸੀਨਿਆਂ ਨੂੰ ਨੇੜੇ

ਬਾਬੇ ਦੇ ਘਰ ਦਾ ਰਾਹ ਉਸਰਿਆ
ਮਿੱਟੀਆਂ ਨੇ ਗਲੇ ਲੱਗਣਾ
ਇਕ ਦੂਜੇ ਪਿੰਡ ਨੇ ਜੱਫੀਆਂ ਪਾਉਣੀਆਂ

ਰਾਹ ਜੋ ਕਦੇ ਰੁਕਦੇ ਨਹੀਂ ਹੁੰਦੇ
ਅੰਬਰ ਦੀ ਛਾਂ ਤੇ ਕੋਈ ਲਕੀਰ ਨਹੀਂ ਮਾਰ ਸਕਿਆ
ਪਵਨ ਨੂੰ ਕੋਈ ਰੋਕ ਨਹੀਂ ਸਕਿਆ
ਗਾਉਂਦੀ ਚਵਰ ਕਰਦੀ ਨੂੰ

ਰਾਵੀ ਤੇ ਝਨਾਂ ਦੀ ਪਿਆਸ ਮਿਟੇਗੀ
ਦਿਲ ਦੀਆਂ ਗਹਿਰਾਈਆਂ ਚ
ਉਤਰ ਕੇ ਚਾਅ ਨਹਾਉਣਗੇ
ਰੁਕੇ ਕਦਮ ਟੁਰੇ
ਸੀਨਿਆਂ ਚ ਰੀਝਾਂ ਜਾਗੀਆਂ
ਸ਼ਾਮ ਗੁੜ ਵੰਡਣ ਜਾਵੇਗੀ ਘਰ ਘਰ

ਸ਼ੱਕਰਗੜ ਨਾਰੋਵਾਲ ਨੇ ਭੰਗੜਾ ਪਾਉਣਾ
ਰਾਹ ਝੂੰਮਣਗੇ ਰੌਣਕਾਂ ਦੇਖ 2
ਜਿੱਥੇ ਤੈਂ ਅਗਲਾ ਸੇਵਕ ਥਾਪਿਆ ਸੀ
ਅੱਜ ਓਥੇ ਦੁਸ਼ਮਣ ਨੇ ਦੁਸ਼ਮਣ ਨੂੰ
ਬੁੱਕਲ 'ਚ ਲੈਣਾ ਹੈ
ਕੋਈ ਕ੍ਰਿਸ਼ਮਾ ਹੋਣਾ ਹੈ

ਕੰਡੇ ਵੀ ਕਿਵੇਂ ਫੁੱਲ ਬਣ ਜਾਂਦੇ ਨੇ ਦੇਖੇਗਾ ਆਲਮ
ਕੋਂਪਲਾਂ ਪਲਕਾਂ ਖੋਲਣਗੀਆਂ
ਵੰਗਾਂ ਚੋਂ ਸੁੱਤੀ ਛਣਕਾਰ ਜਾਗੇਗੀ
ਸੂਰਜ ਜ਼ਮੀਨ ਤੇ ਆਪ ਆ ਕੇ
ਰਿਸ਼ਮਾਂ ਵਿਛਾਏਗਾ

ਇਨਸਾਨੀਅਤ ਦੀ ਗੱਲ ਸ਼ੁਰੂ ਹੋਵੇਗੀ
ਤਵਾਰੀਖ ਲਿਖੀ ਜਾਵੇਗੀ ਧਰਤ ਤੇ
ਖੇਤਾਂ ਚ ਮੇਲੇ ਲੱਗਣਗੇ
ਫਸਲਾਂ ਘੋੜੀਆਂ ਗਾਉਣਗੀਆਂ

ਗੁਰਦੁਆਰੇ ਤੇ ਮਸਜਿਦ ਦੀ
ਗਲਵਕੜੀ ਨੇ ਨਿੱਘ ਖਿਲਾਰਨਾ ਹੈ ਮਿਲ ਕੇ
ਮੁਹੱਬਤ ਨੇ ਨਫਰਤ ਨੂੰ ਕਬਰੀਂ ਦਫਨਾਉਣਾ ਹੈ

ਅਸਮਾਨ ਨੇ ਸਾਂਝੀ ਛੱਤ ਬਖਸ਼ੀ
ਤਾਰੇ ਚੰਨ ਅੰਬਰ ਵਿਹੜੇ 'ਕੱਠੇ ਹੋਏ
ਪੌਣਾਂ ਨੇ ਬਲਦੀਆਂ ਸਰਹੱਦਾਂ ਠਾਰੀਆਂ
ਪੰਛੀਆਂ ਨੇ
ਕਰਤਾਰਪੁਰ ਆਲਣੇ ਜਾ ਪਾਉਣੇ ਰੁੱਖਾਂ ਤੇ

ਰਸਤਿਆਂ ਨੇ ਰਲਮਿਲ ਨੇੜੇ ਬਹਿ
ਗੱਲਾਂ ਕਰਨੀਆਂ ਪੁਰਾਣੀਆਂ
ਹੰਝੂਆਂ ਨੇ ਖੁਸ਼ੀ ਦੇ ਗੀਤ ਗਾਉਣੇ
ਸੱਖਣੀਆਂ ਝੋਲੀਆਂ ਭਰੀਆਂ ਜਾਣਗੀਆਂ

ਦਰ ਖੁੱਲ੍ਹੇ ਘਰ ਖੁੱਲ੍ਹੇ
ਨੂਰ ਆਇਆ ਉਦਾਸ ਰੁੱਖਾਂ ਪੱਤਿਆਂ 'ਤੇ
ਚਿਰਾਂ ਤੋਂ ਮੁਰਝਾਏ ਫੁੱਲ ਖਿੜਣਗੇ

ਜ਼ਖਮੀ ਪੰਛੀਆਂ ਨੇ ਵੀ ਅਰਸ਼ੀਂ ਉਡਾਣਾਂ ਭਰਨੀਆਂ
ਅਾਪਾਂ ਰਾਵੀ 'ਚ ਰਲਮਿਲ ਤਾਰੀਆਂ ਲਾਵਾਂਗੇ

ਪਲਕਾਂ 'ਤੇ ਰੱਖ ਦੋ ਖਾਬ
ਛੰਡ ਕੇ ਅੰਬਰ ਵਿਛਾਵਾਂਗੇ
ਟਿਮਕਦੇ ਤਾਰੇ ਤੋੜ
ਸੁੰਨੀਆਂ ਬਸਤੀਆਂ ਰੁਸ਼ਨਾਵਾਂਗੇ

ਸੂਰਜ ਹੀ ਸਵੇਰੇ ਵੰਡਦੇ ਨੇ
ਸ਼ੇਰ ਹੀ ਹੁੰਦੇ ਨੇ ਜੰਗਲ ਦਾ ਮਾਣ
ਪੁਰਾਣੇ ਰਾਹਾਂ ਤੇ ਨਹੀਂ ਟੁਰੀਦਾ
ਪੈੜਾਂ 'ਚ ਨਵੇਂ ਰਸਤੇ ਵਿਛਾ ਲਈਦੇ ਨੇ