ਪੰਜਾਬੀ ਰਾਈਟਰ ਅਮਰਜੀਤ ਸਿੰਘ ਸਭਰਾ (ਸ਼ਰੋਮਣੀ ਕਵੀਸ਼ਰ)
ਨਾ ਖੁਰਚ ਭੋਅਲਿਆ ਸੱਜਣਾ ਤੂੰ
ਜਖਮਾਂ ਤੇ ਸਿਕਰ ਆ ਲੈਣ ਦੇ
ਸਾਨੂੰ ਵੀ ਟਿਕ ਕੇ ਬਹਿ ਲੈਣ ਦੇ
ਓਹਨਾਂ ਨੂੰ ਮੌਜ ਮਨਾਂ ਲੈਣ ਦੇ
ਤੂੰ ਠੂੰਗ ਠੂੰਗ ਕੇ ਚੁੰਝਾਂ ਨਾਂ
ਨਾਂ ਛੇੜ ਪੰਛੀਆਂ ਨਾਗਾ ਨੂੰ
ਹਾਲੇ ਅਣਸੁਣਿਆ ਕੀਤਾ ਹੈ
ਅਸਾ ਬੀਨਾਂ ਦੇ ਕੁੱਲ ਰਾਗਾ ਨੂੰ
ਬਿਨ ਵਹਜਾ ਅਸਾ ਸਿਰ ਚੁੱਕਣਾ ਨਹੀਂ
ਬੇ ਫ਼ਿਕਰੇ ਵਕਤ ਗੁਜਾਰਾਂਗੇ
ਸਾਡੇ ਜਹਿਰ ਚ ਬੜੀਆਂ ਚੀਸਾ ਨੇ
ਜੇ ਛੇੜੇਂਗਾ ਡੰਗ ਮਾਰਾਗੇ
ਬੰਬਾ ਦੇ ਖੜਕੇ ਵਿਚੋ ਨਾਂ
ਤੂੰ ਭਾਲ ਸਕੂਨ ਭਰਾਵਾ ਓਏ
ਤੂੰ ਦੂਰ ਰੱਖੀ ਚੰਗਿਆੜੀ ਨੂੰ
ਫਟ ਜਾਣਾ ਨਹੀਂ ਤੇ ਲਾਅਵਾ ਓਏ
ਤੂੰ ਸਮਝ ਦੇਵਤੇ ਦੇਆਂ ਨੂੰ
ਵਿਚ ਭਰਮ ਸੁਵਾਲ ਉਠਾ ਰਿਹਾ ਏ
ਘੱਟਾ ਖੇਹ ਮਿੱਟੀ ਉਸ ਪਾਸੇ
ਜਿਸ ਰਾਹ ਵਲ ਕਦਮ ਉਠਾ ਰਿਹਾ ਏ
ਤੈਨੂੰ ਅੰਤ ਜੋਦੜੀ ਕਰਦਾ ਹਾ
ਗੱਲ ਇਸ ਤੋਂ ਅੱਗੇ ਤੋਰੀ ਨਾ
ਚੁੱਪ ਸਾਡੀ ਵਿਚ ਤੂਫਾਨ ਲੁਕੇ
ਕਿਤੇ ਸਮਝ ਲਵੀਂ ਕਮਜੋਰੀ ਨਾ
ਕਹਿ ਅਮਰਜੀਤ ਸਿੰਘ ਬਣਨਾਂ ਨਹੀਂ
ਰਾਹ ਰੋੜਾ ਕਿਸੇ ਬੇਗਾਨੇ ਦੇ
ਚੁੱਪਚਾਪ ਗੁਜਰ ਕੇ ਸਮਝ ਰਹੇ
ਅਸੀ ਕੈਸੇ ਨੇ ਤੌਰ ਜਮਾਨੇ ਦੇ
ਬੇ ਫਿਕਰੇ ਹਾਂ ਬੇ ਸ਼ੁਕਰੇ ਨਹੀਂ
ਬੇ ਸ਼ੁਕਰਿਆਂ ਨਾਂ ਵਾਹ ਪਾਉਣਾਂ ਨਹੀਂ
ਖੁਸ਼ ਰਹਿ ਕੇ ਜੀਵਨ ਮਾਣਾ ਗੇ
ਉਲਝਣ ਵਿਚ ਵਕਤ ਗਵਾਉਣਾ ਨਹੀਂ
ਹੱਥ ਪਹਿਲਾਂ ਰਖਕੇ ਮੂੰਹ ਤੇ
ਜਾਲਮ ਫਿਰ ਗਰਦਨ ਚੀਰ ਦੇ
ਨੈਣਾਂ ਚੋਂ ਹੰਝੂ ਛਲਕ ਪਏ
ਅੱਜ ਫਿਰ ਵਾਰਿਸ ਦੀ ਹੀਰ ਦੇ
ਮਾਰੀ ਹੈ ਮਾਰ ਸਿਆਸਤਾਂ
ਇਹ ਸੌਦੇ ਨਹੀਂ ਤਕਦੀਰ ਦੇ
ਹੱਕ ਉਤੇ ਡਾਕਾ ਪੈ ਗਿਆ
ਅੱਜ ਚਿੱਟੇ ਦਿਨ ਕਸ਼ਮੀਰ ਦੇ
ਵੇਖੋ ਬੰਬ ਬੰਦੂਕਾ ਦੇ ਸਾਏ ਥੱਲੇ
ਕਿਵੇ ਗੁਜਰਨੀ ਈਦ ਕਸ਼ਮੀਰੀਆਂ ਦੀ
ਸਿਰਤੋੜ ਹਕੂਮਤਾ ਯਤਨ ਕਰਨੇ
ਤੋੜਨ ਲਈ ਉਮੀਦ ਕਸ਼ਮੀਰੀਆਂ ਦੀ
ਸ਼ਹਮਾਦਾਨ ਅਜਾਦੀ ਦਾ ਬਲੂ ਇੱਕ ਦਿਨ
ਚਰਬੀ ਨਾਲ ਸ਼ਹੀਦ ਕਸ਼ਮੀਰੀਆਂ ਦੀ
ਲਾਕੇ ਸਰ ਇਕਬਾਲ ਬੁਲੰਦ ਰੱਖਣਾ
"ਅਮਰ" ਮਹਿੰਗੀ ਖਰੀਦ ਕਸ਼ਮੀਰੀਆਂ ਦੀ
ਤੱਕ ਤੱਕ ਕੇ ਖੁਸ਼ੀਆਂ ਸਾਡੀਆਂ
ਆਏ ਤਰਸ ਉਹਨਾਂ ਦੇ ਰੋਣ ਤੇ
ਮੈ ਪੁੱਤ ਪੰਜਾਬਣ ਮਾਂ ਦਾ
ਮੈਨੂੰ ਮਾਣ ਪੰਜਾਬੀ ਹੋਣ ਤੇ
ਗੁਰੂਆਂ ਨੇ ਬਖਸ਼ੀ ਗੁਰਮੁੱਖੀ
ਜੁੱਗਾਂ ਤੱਕ ਰਹਿਣੀ ਅਮਰ ਹੈ
ਲੱਖ ਚਾਹੁਣ ਵਿਰੋਧੀ ਤਾਕਤਾਂ
ਨਾ ਟੁੱਟਣੀ ਇਸ ਦੀ ਕਮਰ ਹੈ
ਇਹ ਡੋਬਿਆਂ ਕਦੇ ਨਹੀਂ ਡੁੱਬਣੀ
ਉਹ ਤੁੱਲ ਜਾਣ ਲੱਖ ਡਬੋਣ ਤੇ
ਮੈ ਪੁੱਤ ਪੰਜਾਬਣ ਮਾਂ ਦਾ
ਮੈਨੂੰ ਮਾਣ ਪੰਜਾਬੀ ਹੋਣ ਤੇ
ਮੇਰਾ ਰੂਪ ਪੰਜਾਬੀ ਬੱਲਿਆ
ਮੇਰੀ ਰੂਹ ਪੰਜਾਬੀ ਬੱਲਿਆ
ਮੇਰੀ ਹੋਂਦ ਪੰਜਾਬੀ ਬੱਲਿਆ
ਮੇਰੀ ਜੂਹ ਪੰਜਾਬੀ ਬੱਲਿਆ
ਬੱਸ ਛਿਕਵਾ ਕੁਰਸੀ ਵਾਲਿਆ
ਦੇ ਵੱਟ ਕੇ ਚੁੱਪ ਖਲੋਣ ਤੇ
ਮੈ ਪੁੱਤ ਪੰਜਾਬਣ ਮਾਂ ਦਾ
ਮੈਨੂੰ ਮਾਣ ਪੰਜਾਬੀ ਹੋਣ ਤੇ
ਮੈ ਜੀਆਂ ਪੰਜਾਬੀ ਹੋ ਕੇ
ਮੈ ਮਰਾਂ ਪੰਜਾਬੀ ਹੋ ਕੇ
ਮੈ ਖਿਦਮਤ ਅਪਣੀ ਮਾਂ ਦੀ
ਬੱਸ ਕਰਾਂ ਪੰਜਾਬੀ ਹੋ ਕੇ
ਇਹ ਰਾਣੀ ਦੇਸ਼ ਪੰਜਾਬ ਦੀ
ਜਿਓਂ ਸੁੱਚੀ ਮਹਿਕ ਗੁਲਾਬ ਦੀ
ਨਹੀਂ ਲੁਕਣੀ ਅਮਰ ਲਕੋਣ ਤੇ
ਮੈ ਪੁੱਤ ਪੰਜਾਬੀ ਮਾਂ ਦਾ
ਮੈਨੂੰ ਮਾਣ ਪੰਜਾਬੀ ਹੋਣ ਤੇ
ਬੁਰਿਆਂ ਦੀ ਬੁਰਿਆਈ ਸੱਜਣਾ
ਪਿਆਰ ਤੇਰੇ ਬਖਸ਼ਾਈ ਸੱਜਣਾ
ਬੇ ਅਸੂਲੀਆਂ ਗੱਲਾਂ ਕਰਕੇ
ਜਿੰਨ੍ਹਾਂ ਜਿੰਦ ਸਤਾਈ ਸੱਜਣਾ
ਓਹਨਾਂ ਝੋਲੀ ਪਾ ਜਿੰਦਗੀ ਦੀ
ਦਿੱਤੀ ਅਸਾਂ ਕਮਾਈ ਸੱਜਣਾ
ਕੀ ਨਹੀਂ ਸੁਣਿਆ ਕੀ ਨਹੀਂ ਜਰਿਆ
ਗੱਲ ਨਾ ਦਿਲ ਤੇ ਲਾਈ ਸੱਜਣਾ
ਸੱਚੇ ਪਿਆਰ ਤੇਰੇ ਦੇ ਅੱਗੇ
ਖੜੇ ਆਂ ਸੀਸ ਝੁਕਾਈ ਸੱਜਣਾ
ਹਰ ਵੇਲੇ ਹਰ ਪਾਸਿਓ ਹਰ ਪਲ
ਵਰਤਾਂਗੇ ਨਰਮਾਈ ਸੱਜਣਾ
ਕਦੇ ਭਰੋਸੇ ਯੋਗ ਨਹੀਂ ਹੁੰਦੇ
ਭਾਵੇਂ ਬੰਦੇ ਦਾਈ ਸੱਜਣਾ
ਭਲਿਆਂ ਦੇ ਹਿੱਸੇ ਹੀ ਆਉਂਦੀ
ਆਖਰ ਨੂੰ ਭਲਿਆਈ ਸੱਜਣਾ
ਹਸ ਖੇਡ ਕੇ "ਅਮਰ" ਲੰਘਾਉਣੇ
ਜਿੰਦਗੀ ਦੇ ਦਿਨ ਢਾਈ ਸੱਜਣਾ
ਜੇ ਕੋਈ ਰੱਖੇ ਸਿਦਕ ਨਾਲ ਵੱਲ ਸਾਹਿਬ ਦੇ ਮੁੱਖ
ਸੱਚਾ ਮਾਲਿਕ ਬਖਸ਼ਦਾ ਹੱਦੋਂ ਬਾਹਲੇ ਸੁੱਖ
ਦੇਵੇ ਖੂਬ ਨਿਆਮਤਾਂ ਦੂਰ ਕਰੇ ਹਰ ਭੁੱਖ
ਦਾਤਾ ਹੋਇ ਦਿਆਲ ਜੇ ਔਣ ਨਾ ਦੇਵੇ ਦੁੱਖ
ਅਮਰਜੀਤ ਦਰ ਸੱਚੜੇ ਜਿਹੜਾ ਜਾਵੇ ਝੁੱਕ
ਗੇੜੇ ਜੱਮਣ ਮਰਨ ਦੇ ਉਹਦੇ ਜਾਵਣ ਮੁੱਕ
ਰੱਖ ਹੌਸਲਾ ਪਰਬਤ ਵਰਗਾ ਨਾ ਤੂੰ ਡੋਲ ਤੁਫਾਨ ਤਕਾ ਕੇ
ਭੈਅ ਕਰਤੇ ਦਾ ਹਰਦਮ ਬੇਲੀ ਰੱਖੀ ਦਿਲ ਦੇ ਵਿੱਚ ਵਸਾ ਕੇ
ਜੇ ਵੇਖਣਾ ਜਲਵਾ ਉਸਦਾ ਓਟ ਤਕਾ ਲੈ ਆਪ ਗਵਾ ਕੇ
ਅਮਰ ਸਿਹਾਂ ਲਾਜ ਪਾਲਦਾ ਸਬਰ ਵਾਲਿਆਂ ਦੀ ਉਹ ਆ ਕੇ
ਸਿੱਦਕ ਵਾਲੇ ਹੀ ਪਰਖ ਦੀ ਸ਼ਮ੍ਹਾ ਉੱਤੇ
ਹੱਸ ਹੱਸ ਪਤੰਗਿਆਂ ਵਾਂਗ ਸੜਦੇ
ਸੜਦੀ ਤਵੀ ਤੇ ਖੇਡ ਆਨੰਦ ਵਾਲੀ
ਖੇਡ ਲੈਂਦੇ ਨੇ ਦੇਗ ਦੇ ਵਿੱਚ ਕੜ੍ਹਦੇ
ਨਾਲ ਆਰਿਆਂ ਹੋ ਦੋਫਾੜ ਜਾਂਦੇ
ਜਿਗਰੇ ਵਾਲੇ ਹੀ ਤੇਗ ਦੇ ਹੇਠ ਖੜ੍ਹਦੇ
'ਅਮਰਜੀਤ ਸਿਹਾਂ' ਤਲੀ ਤੇ ਸੀਸ ਧਰਕੇ
ਗਲੀ ਯਾਰ ਮਹਿਬੂਬ ਦੀ ਜਾਅ ਵੜਦੇ
ਵਿਰਲੇ ਵਿਰਲੇ ਹੀ ਤਾਣ ਦੇ ਉਦੋਂ ਸੀਨਾ
ਜਦੋਂ ਰਣ ਵਿੱਚ ਸ਼ੂਕਦੇ ਤੀਰ ਹੁੰਦੇ
ਜਦੋਂ ਧਰਮ ਕੁਰਬਾਨੀਆਂ ਮੰਗਦਾ ਹੈ
ਗੈਰਤ ਵਾਲੇ ਹੀ ਪਾਰ ਲਕੀਰ ਹੁੰਦੇ
ਉਹ ਪੂਰੀਆਂ ਪੌਣ ਨਾ ਰਣ ਅੰਦਰ
ਪਿਆਰੇ ਜਿਨ੍ਹਾਂ ਦੇ ਤਾਂਈਂ ਸਰੀਰ ਹੁੰਦੇ
'ਅਮਰਜੀਤ ਸਿਹਾਂ' ਕਹੇ ਜੁਬਾਨ ਵਿੱਚੋਂ
ਬੋਲ ਸਿਰਾਂ ਨਾਲ ਪਾਲਦੇ ਬੀਰ ਹੁੰਦੇ
ਭਾਂਵੇ ਉਮਰਾਂ ਮਸੂਮ ਮਲੂਕ ਹੋਵਨ
ਜਿੱਥੇ ਦੀਨ ਦੀ ਗੱਲ ਫਿਰ ਡੱਟ ਜਾਂਦੇ
ਸਿਖਰ ਛੋਂਹਦੀਆਂ ਜੁਲਮੀ ਅਟਾਰੀਆਂ ਨੂੰ
ਮਾਰ ਸਿੱਦਕ ਵਾਲੇ ਭਾਰੀ ਸੱਟ ਜਾਂਦੇ
ਫਿਰ ਵੈਰੀ ਦੀ ਤੇਗ ਦਾ ਡਰ ਕਾਹਦਾ
ਪੁਰਜਾ ਪੁਰਜਾ ਹਿੱਤ ਧਰਮ ਦੇ ਕੱਟ ਜਾਂਦੇ
'ਅਮਰਜੀਤ ਸਿਹਾਂ' ਆਪਾ ਕੁਰਬਾਨ ਕਰਕੇ
ਟਿੱਕਾ ਜੱਸ ਦਾ ਜੱਗ 'ਚੋਂ ਖੱਟ ਜਾਂਦੇ
|