Hardam Singh Maan
ਹਰਦਮ ਸਿੰਘ ਮਾਨ

Punjabi Writer
  

Punjabi Ghazlan Hardam Singh Maan

ਪੰਜਾਬੀ ਗ਼ਜ਼ਲਾਂ ਹਰਦਮ ਸਿੰਘ ਮਾਨ

1. ਸੁਪਨਿਆਂ ਦੀ ਧਰਤ ਬੰਜਰ ਅੱਜ ਸਮੇਂ ਦੀ ਅੱਖ ਵਿਚ

ਸੁਪਨਿਆਂ ਦੀ ਧਰਤ ਬੰਜਰ ਅੱਜ ਸਮੇਂ ਦੀ ਅੱਖ ਵਿਚ।
ਦੂਰ ਤਕ ਖੰਡਰ ਹੀ ਖੰਡਰ ਅੱਜ ਸਮੇਂ ਦੀ ਅੱਖ ਵਿਚ।

ਉਪਜਦੇ ਨੇ ਜ਼ਖ਼ਮ, ਪੀੜਾਂ, ਦਰਦ, ਹਉਕੇ ਨਿਤ ਨਵੇਂ,
ਬੀਜ ਦਿੱਤੇ ਕਿਸ ਨੇ ਕੰਕਰ ਅੱਜ ਸਮੇਂ ਦੀ ਅੱਖ ਵਿਚ।

ਮੋਤੀਆਂ ਦੇ ਢੇਰ ਉੱਤੇ ਕਾਵਾਂ ਰੌਲੀ ਪੈ ਰਹੀ,
ਚੁਗ ਰਹੇ ਨੇ ਹੰਸ ਪੱਥਰ ਅੱਜ ਸਮੇਂ ਦੀ ਅੱਖ ਵਿਚ।

ਕਿਸ ਹਵਾ ਨੇ ਡਸ ਲਿਆ ਹੈ ਇਨ੍ਹਾਂ ਦਾ ਅਣਖੀ ਜਲੌਅ,
ਸ਼ਾਂਤ ਨੇ ਸਾਰੇ ਹੀ ਅੱਖਰ ਅੱਜ ਸਮੇਂ ਦੀ ਅੱਖ ਵਿਚ।

ਹੁਣ ਤਾਂ ਚਿਹਰੇ ਨਿਕਲਦੇ ਨੇ ਪਹਿਨ ਕੇ ਹਰ ਪਲ ਨਕਾਬ,
ਗ਼ੈਰ ਵੀ ਲਗਦੇ ਨੇ ਮਿੱਤਰ ਅੱਜ ਸਮੇਂ ਦੀ ਅੱਖ ਵਿਚ।

ਉਹ ਮਨਾਉਂਦੇ ਨੇ ਜਸ਼ਨ, ਕਹਿੰਦੇ ਨਵਾਂ ਇਹ ਦੌਰ ਹੈ,
ਵਿਛ ਰਹੇ ਨੇ ਥਾਂ-ਥਾਂ ਸੱਥਰ ਅੱਜ ਸਮੇਂ ਦੀ ਅੱਖ ਵਿਚ।

ਆਓ ਰਲ ਮਿਲ ਡੀਕ ਜਾਈਏ ਇਹਦਾ ਕਤਰਾ-ਕਤਰਾ 'ਮਾਨ',
ਦਰਦ ਦਾ ਵਗਦਾ ਸਮੁੰਦਰ ਅੱਜ ਸਮੇਂ ਦੀ ਅੱਖ ਵਿਚ।

2. ਸੋਚਾਂ ਦੇ ਨੈਣਾਂ ਵਿਚ ਜੇਕਰ ਚਾਨਣ ਦੀ ਲੋਅ ਪਾਉਂਦੇ

ਸੋਚਾਂ ਦੇ ਨੈਣਾਂ ਵਿਚ ਜੇਕਰ ਚਾਨਣ ਦੀ ਲੋਅ ਪਾਉਂਦੇ।
ਫਿਰ ਨਾ ਅੰਨ੍ਹੀ ਭੀੜ ਦੇ ਪਾਤਰ ਯਾਰੋ ਅਸੀਂ ਕਹਾਉਂਦੇ।

ਤਪਦੇ ਥਲ 'ਤੇ ਵਰਖਾ ਹੋਣ ਦਾ ਲੋਕੀਂ ਭਰਮ ਸਜਾਉਂਦੇ।
ਫਿਰ ਬੁੱਲ੍ਹਾਂ 'ਤੇ ਜੀਭ ਫੇਰ ਕੇ ਆਪਣੀ ਪਿਆਸ ਬੁਝਾਉਂਦੇ।

ਆਪਣੇ ਸ਼ਹਿਰ 'ਚ ਥਾਂ-ਥਾਂ ਐਸੇ ਵੇਖਾਂ ਰੋਜ਼ 'ਮਸੀਹੇ'
ਜੋ ਨੇ ਬਾਲ ਮਨਾਂ ਦੇ ਸੁਪਨੇ ਬੁੱਤ ਦੀ ਭੇਟ ਚੜ੍ਹਾਉਂਦੇ।

ਆਪਣਾ ਦਰਦ ਛੁਪਾ ਕੇ ਤਾਂ ਹੀ ਸੀਨੇ ਅੰਦਰ ਰਖਦਾਂ,
ਅਕਸਰ ਲੋਕੀਂ ਜ਼ਖ਼ਮ ਕੁਰੇਦਣ ਮਰਹਮ ਲਾਉਂਦੇ ਲਾਉਂਦੇ।

ਤੇਰੇ ਸ਼ਹਿਰ 'ਚ ਥਾਂ ਥਾਂ ਯਾਰਾ ਬੁੱਤਾਂ ਦੀ ਸੀ ਮਹਿਮਾ
ਆਪਣੇ ਦਿਲ ਦਾ ਹਾਲ ਅਸੀਂ ਫਿਰ ਕਿਸ ਨੂੰ ਦੱਸ ਸੁਣਾਉਂਦੇ?

3. ਜਦੋਂ ਉਹ ਹਾਲ ਪੁੱਛਦੇ ਨੇ ਤਾਂ ਦੁਨੀਆਂ ਚੰਗੀ ਲਗਦੀ ਹੈ

ਜਦੋਂ ਉਹ ਹਾਲ ਪੁੱਛਦੇ ਨੇ ਤਾਂ ਦੁਨੀਆਂ ਚੰਗੀ ਲਗਦੀ ਹੈ।
ਦਿਲਾਂ ਦੀ ਬਾਤ ਪਾਉਂਦੇ ਨੇ ਤਾਂ ਦੁਨੀਆਂ ਚੰਗੀ ਲਗਦੀ ਹੈ।

ਜਦੋਂ ਦਰ ਸੱਚ ਦੇ ਖੁਲ੍ਹਦੇ ਨੇ ਤਾਂ ਦੁਨੀਆਂ ਚੰਗੀ ਲਗਦੀ ਹੈ।
ਹਨ੍ਹੇਰੇ, ਕੂੜ ਨਸਦੇ ਨੇ ਤਾਂ ਦੁਨੀਆਂ ਚੰਗੀ ਲਗਦੀ ਹੈ।

ਚੁਫ਼ੇਰੇ ਪਸਰਿਆ ਨ੍ਹੇਰਾ ਕਦੇ ਵੀ ਸਹਿਣ ਨਾ ਕਰਦੇ,
ਇਹ ਜੁਗਨੂੰ ਟਿਮਟਿਮਾਉਂਦੇ ਨੇ ਤਾਂ ਦੁਨੀਆਂ ਚੰਗੀ ਲਗਦੀ ਹੈ।

ਕਿਤੇ ਕੰਡੇ ਵਿਛਾਏ ਨੇ, ਕਿਤੇ ਕੰਕਰ ਨੇ ਰਾਹਾਂ ਵਿਚ,
ਮੁਸਾਫ਼ਿਰ ਚਲਦੇ ਰਹਿੰਦੇ ਨੇ ਤਾਂ ਦੁਨੀਆਂ ਚੰਗੀ ਲਗਦੀ ਹੈ।

ਘਰਾਂ ਅੰਦਰ, ਬਨੇਰੇ 'ਤੇ, ਮਨਾਂ ਅੰਦਰ ਜਾਂ ਮੱਥੇ 'ਤੇ
ਜਦੋਂ ਵੀ ਦੀਪ ਜਗਦੇ ਨੇ ਤਾਂ ਦੁਨੀਆਂ ਚੰਗੀ ਲਗਦੀ ਹੈ।

4. ਕਿਰਦਾਰ ਨੇ ਵਿਕਾਊ, ਈਮਾਨ ਵਿਕ ਰਹੇ ਨੇ

ਕਿਰਦਾਰ ਨੇ ਵਿਕਾਊ, ਈਮਾਨ ਵਿਕ ਰਹੇ ਨੇ।
ਹੁਣ ਤਾਂ ਸ਼ਰੇ-ਬਾਜ਼ਾਰੀਂ ਇਨਸਾਨ ਵਿਕ ਰਹੇ ਨੇ।

ਨਾ ਦਰਦ ਕੋਈ ਜਾਣੇ, ਨਾ ਰੋਗ ਨੂੰ ਪਛਾਣੇ,
ਇਸ ਸ਼ਹਿਰ ਵਿਚ ਮਸੀਹੇ, ਲੁਕਮਾਨ ਵਿਕ ਰਹੇ ਨੇ।

ਹਵਸਾਂ ਦੇ ਦੌਰ ਅੰਦਰ ਇਹ ਹਾਦਸਾ ਸੀ ਹੋਣਾ,
ਦਿਲ, ਜਾਨ, ਰੀਝਾਂ, ਸੱਧਰਾਂ, ਅਰਮਾਨ ਵਿਕ ਰਹੇ ਨੇ।

ਇਹ ਸ਼ਹਿਰ ਪੱਥਰਾਂ ਦਾ, ਪੱਥਰ ਹੀ ਪੂਜਦਾ ਹੈ,
ਏਥੇ ਗਲੀ-ਗਲੀ ਵਿਚ ਭਗਵਾਨ ਵਿਕ ਰਹੇ ਨੇ।

ਤੂੰ, ਮੈਂ ਤਾਂ ਆਮ ਵਸਤੂ, ਕੀ ਆਪਣੀ ਹੈ ਹਸਤੀ,
ਚਾਂਦੀ ਦੇ ਪੰਨਿਆਂ 'ਤੇ ਵਿਦਵਾਨ ਵਿਕ ਰਹੇ ਨੇ।

ਸਿਰਤਾਜ, ਤਖ਼ਤ, ਸ਼ੁਹਰਤ, ਸਨਮਾਨ 'ਮਾਨ' ਕੀ-ਕੀ,
ਥਾਂ-ਥਾਂ ਟਕੇ-ਟਕੇ ਵਿਚ ਧਨਵਾਨ ਵਿਕ ਰਹੇ ਨੇ।

5. ਕਿਸ਼ਤੀ ਡਾਵਾਂਡੋਲ ਕਿਨਾਰਾ ਦਿਸਦਾ ਨਹੀਂ

ਕਿਸ਼ਤੀ ਡਾਵਾਂਡੋਲ ਕਿਨਾਰਾ ਦਿਸਦਾ ਨਹੀਂ।
ਤਿਣਕੇ ਜਿਹਾ ਵੀ ਕੋਈ ਸਹਾਰਾ ਦਿਸਦਾ ਨਹੀਂ।

ਕੇਹੀ ਗਰਦ ਚੜ੍ਹੀ ਹੈ ਅੱਜ ਅਸਮਾਨ ਉੱਤੇ,
ਧੁੰਦਲਾ ਜਿਹਾ ਵੀ ਕੋਈ ਤਾਰਾ ਦਿਸਦਾ ਨਹੀਂ।

ਟੁਕੜੇ ਟੁਕੜੇ ਹੋਇਆ ਫਿਰਦਾ ਹਰ ਬੰਦਾ,
ਕੋਈ ਵੀ ਸਾਰੇ ਦਾ ਸਾਰਾ ਦਿਸਦਾ ਨਹੀਂ।

ਸੀਸ ਤਲੀ 'ਤੇ ਆ ਕੇ ਖ਼ੁਦ ਹੀ ਬੋਲ ਪਿਆ,
ਬਹੁਤਾ ਚਿਰ ਹੁਣ ਹੋਰ ਗੁਜ਼ਾਰਾ ਦਿਸਦਾ ਨਹੀਂ।

ਸਭ ਦੇ ਅੰਦਰ ਭੀੜ ਹੈ ਸੰਸੇ, ਫਿਕਰਾਂ ਦੀ
ਸ਼ਖ਼ਸ ਕੋਈ ਵੀ ਕੱਲਾ ਕਾਰਾ ਦਿਸਦਾ ਨਹੀਂ।

ਕਿੱਧਰ ਜਾਈਏ, ਸੋਚਾਂ ਵਿਚ ਹੈ ਧੁੰਦ ਬੜੀ
ਆਸੇ ਪਾਸੇ ਕੋਈ ਇਸ਼ਾਰਾ ਦਿਸਦਾ ਨਹੀਂ।

ਸਾਰੇ ਮੰਜ਼ਰ ਵੇਖ ਲਏ ਨੇ ਤੁਰ ਫਿਰ ਕੇ
ਰੂਹ ਦਾ ਹਾਣੀ ਕੋਈ ਨਜ਼ਾਰਾ ਦਿਸਦਾ ਨਹੀਂ।

ਭਰੇ ਬਜ਼ਾਰ ‘ਚ ਬੰਦੇ ਵਸਤਾਂ ਵਰਗੇ ਬਹੁਤ
ਦਿਲਬਰ, ਜਾਨੀ, ਯਾਰ, ਪਿਆਰਾ ਦਿਸਦਾ ਨਹੀਂ।

ਕੈਸੀ ਹੱਥ ਸਫਾਈ ਸ਼ਾਤਰ ਲੋਕਾਂ ਦੀ
ਜੰਗਲ ਵੱਢ ਲਿਆ ਹੈ, ਆਰਾ ਦਿਸਦਾ ਨਹੀਂ।

6. ਫੁੱਲ ਵਾਂਗੂੰ ਓਸ ਨੇ ਹੀ ਟਹਿਕਣਾ ਇਸ ਦੌਰ ਵਿਚ

ਫੁੱਲ ਵਾਂਗੂੰ ਓਸ ਨੇ ਹੀ ਟਹਿਕਣਾ ਇਸ ਦੌਰ ਵਿਚ।
ਜਾਣਦੈ ਜੋ ਸੂਲੀਆਂ ਨੂੰ ਚੁੰਮਣਾ ਇਸ ਦੌਰ ਵਿਚ।

ਹਰ ਕਦਮ 'ਤੇ ਲਟਕਦੇ ਨੇ ਖੂਬਸੂਰਤ ਪਿੰਜਰੇ,
ਭੁੱਲ ਗਿਆ ਪੰਛੀ ਵਿਚਾਰਾ ਆਲ੍ਹਣਾ ਇਸ ਦੌਰ ਵਿਚ।

ਸਿਦਕ ਹੈ, ਈਮਾਨ ਹੈ, ਸਾਡੀ ਤਲੀ 'ਤੇ ਜਾਨ ਹੈ,
ਪਰਖ ਲੈ, ਜੋ ਪਰਖਣੈ ਤੂੰ ਦੁਸ਼ਮਣਾ ਇਸ ਦੌਰ ਵਿਚ।

ਦੋਸ਼ ਪੱਥਰ ਦਾ ਨਹੀਂ ਤੇ ਨਾ ਕਿਸੇ ਵੀ ਫੁੱਲ ਦਾ
ਸ਼ੀਸ਼ਿਆਂ ਤਾਂ ਤਿੜਕਣਾ ਹੀ ਤਿੜਕਣਾ ਇਸ ਦੌਰ ਵਿਚ।

ਕੀ ਭਰੋਸਾ ਏਸ ਜੰਗਲ ਦੇ ਸਦੀਵੀ ਹੋਣ ਦਾ
ਝੂਮਦੇ ਬਿਰਖਾਂ ਅਚਾਨਕ ਡਿੱਗਣਾ ਇਸ ਦੌਰ ਵਿਚ।

ਕੌਣ ਹੈ ਇਹ,ਕਿਸ ਨੇ ਸਾਡੇ ਮੱਥਿਆਂ ਤੇ ਉਕਰਿਐ?
ਗਿੱਲੇ ਗੋਹੇ ਵਾਂਗ ਹਰ ਪਲ ਸੁਲਘਣਾ ਇਸ ਦੌਰ ਵਿਚ।

ਹੂਕ ਹੈ, ਵੈਰਾਗ ਹੈ, ਇਕ ਰਾਗ ਹੈ ਪਰ ਸਾਜ਼ ਨਾ,
ਗੀਤ ਦਾ ਇਹ ਦਰਦ ਕਿਸ ਨੇ ਸਮਝਣਾ ਇਸ ਦੌਰ ਵਿਚ।

ਮੌਸਮਾਂ ਦਾ ਕਹਿਰ ਹੈ, ਸੂਲਾਂ ਦੀ ਤਿੱਖੀ ਜ਼ਹਿਰ ਹੈ,
ਫੇਰ ਵੀ ਫੁੱਲਾਂ ਨੇ ਹਰਦਮ ਮਹਿਕਣਾ ਇਸ ਦੌਰ ਵਿਚ।

7. ਪੱਥਰ ਅੱਗੇ ਸੀਸ ਨਿਵਾਉਣਾ ਆਉਂਦਾ ਨਈਂ

ਪੱਥਰ ਅੱਗੇ ਸੀਸ ਨਿਵਾਉਣਾ ਆਉਂਦਾ ਨਈਂ।
ਲੋਕੀਂ ਆਖਣ ਰੱਬ ਧਿਆਉਣਾ ਆਉਂਦਾ ਨਈਂ।

ਅਸੀਂ ਤਾਂ ਦਰਦ ਹੰਢਾਇਆ ਪੂਰੀ ਸ਼ਿੱਦਤ ਨਾਲ,
ਝੂਠੀ ਮੂਠੀ ਦਿਲ ਪਰਚਾਉਣਾ ਆਉਂਦਾ ਨਈਂ।

ਉਸ ਨੇ ਫੁੱਲਾਂ ਵਾਂਗੂੰ ਕਾਹਦਾ ਖਿੜਣਾ ਹੈ,
ਕੰਡਿਆਂ ਨੂੰ ਤਾਂ ਗਲੇ ਲਗਾਉਣਾ ਆਉਂਦਾ ਨਈਂ।

ਤੇਰੇ ਤਮਗ਼ੇ ਹੋਣ ਮੁਬਾਰਕ ਤੈਨੂੰ ਹੀ,
ਸਾਨੂੰ ਸ਼ਾਹੀ-ਰਾਗ 'ਚ ਗਾਉਣਾ ਆਉਂਦਾ ਨਈਂ।

ਯਾਰਾਂ ਖ਼ਾਤਰ ਹੋਏ ਹਾਂ ਨੀਲਾਮ ਅਸੀਂ,
ਦੁਨੀਆਂ ਆਖੇ ਮੁੱਲ ਪਵਾਉਣਾ ਆਉਂਦਾ ਨਈਂ।

ਲੋਕ-ਰੰਗ ਵਿਚ ਰੰਗੀ 'ਮਾਨ' ਗ਼ਜ਼ਲ ਤੇਰੀ,
ਤੈਨੂੰ ਸ਼ਬਦੀ ਜਾਲ ਵਿਛਾਉਣਾ ਆਉਂਦਾ ਨਈਂ।

ਸਾਰੇ ਵੇਦ ਕਤੇਬਾਂ ਪੜ੍ਹ ਪੜ੍ਹ ਵਾਚ ਲਏ
ਦਿਲ ਤੇ ਲਿਖਿਆ ਹਰਫ਼ ਉਠਾਉਣਾ ਆਉਂਦਾ ਨਈਂ।

ਮਾਲ ਖਜ਼ਾਨੇ ਸਾਂਭ ਲਏ ਕੁੱਲ ਧਰਤੀ ਦੇ
ਪਰ ਮਿੱਟੀ ਦਾ ਕਰਜ਼ ਚੁਕਾਉਣਾ ਆਉਂਦਾ ਨਈਂ।

ਸਿੱਖ ਲਿਆ ਰੁਸ਼ਨਾਉਣਾ ਕਾਲੀਆਂ ਰਾਤਾਂ ਨੂੰ
ਸੀਨੇ ਵਿਚ ਇਕ ਦੀਪ ਜਗਾਉਣਾ ਆਉਂਦਾ ਨਈਂ।

ਸਾਰੀ ਰਾਤ ਉਲਾਂਭੇ ਦੇਵਾਂ ਨੇਰ੍ਹੇ ਨੂੰ
ਸੂਰਜ ਦਾ ਕੁੰਡਾ ਖੜਕਾਉਣਾ ਆਉਂਦਾ ਨਈਂ।

8. ਸ਼ੀਸ਼ੇ ਸਾਹਵੇਂ ਜਾਣ ਤੋਂ ਮੈਂ ਘਬਰਾਉਂਦਾ ਹਾਂ

ਸ਼ੀਸ਼ੇ ਸਾਹਵੇਂ ਜਾਣ ਤੋਂ ਮੈਂ ਘਬਰਾਉਂਦਾ ਹਾਂ।
ਵੈਸੇ ਤਾਂ ਮੈਂ ਸੱਜਣ ਪੁਰਸ਼ ਕਹਾਉਂਦਾ ਹਾਂ।

ਮੇਰੇ ਮਨ ਦਾ ਨੇਤਾ ਨੱਚ ਨੱਚ ਕਰੇ ਕਮਾਲ,
ਕਾਗ਼ਜ਼ ਉੱਤੇ ਜਦ ਵੀ ਕੁਰਸੀ ਵਾਹੁੰਦਾ ਹਾਂ।

ਮੇਰੇ ਖ਼ਾਬਾਂ ਵਿਚ ਨਫ਼ਰਤ ਕਿਉਂ ਹਰ ਪਾਸੇ,
ਮੈਂ ਤਾਂ ਗੀਤ ਮੁਹੱਬਤ ਦੇ ਨਿਤ ਗਾਉਂਦਾ ਹਾਂ।

ਘੁੱਪ ਹਨੇਰਾ ਅਕਸਰ ਮੈਨੂੰ ਕਰੇ ਸਵਾਲ,
ਚਾਨਣ ਚਾਨਣ ਚਾਨਣ ਕਿਉਂ ਕੁਰਲਾਉਂਦਾ ਹਾਂ।

ਕਮਰੇ ਵਿਚਲੇ ਫੁੱਲ ਬਣਾਉਟੀ ਹਸਦੇ ਖੂਬ,
ਮੈਂ ਖੁਸ਼ਬੂ ਦੀ ਰੀਝ ਜਦੋਂ ਦਫ਼ਨਾਉਂਦਾ ਹਾਂ।

ਗ਼ਰਜ਼ਾਂ, ਰਿਸ਼ਤੇ, ਪੈਸਾ, ਦੁਨੀਆਂ, ਰਸਮ ਰਿਵਾਜ
ਮੈਂ ਇਸ ਭੀੜ ‘ਚ ਆਪਾ ਕਤਲ ਕਰਾਉਂਦਾ ਹਾਂ।

ਰੋਜ਼ ਮੁਖਾਲਿਫ਼ ਪੌਣ ਉਸੇ ਨੂੰ ਤੋੜ ਲਵੇ
ਜਿਸ ਪੱਤੇ ‘ਤੇ ਅਪਣਾ ਨਾਂ ਲਿਖਵਾਉਂਦਾ ਹਾਂ।

ਆਪਣੇ ਆਪ ਗ਼ਜ਼ਲ ਮੇਰੀ ਵਿਚ ਆ ਜਾਂਦੇ
ਜ਼ਿਹਨ ‘ਚ ਸੁੱਤੇ ਜਿਹੜੇ ਹਰਫ਼ ਜਗਾਉਂਦਾ ਹਾਂ।

9. ਮਨਾਂ ਅੰਦਰ, ਘਰਾਂ ਅੰਦਰ ਤੇ ਹਰ ਥਾਂ ਫੈਲਿਆ ਪਰਦਾ

ਮਨਾਂ ਅੰਦਰ, ਘਰਾਂ ਅੰਦਰ ਤੇ ਹਰ ਥਾਂ ਫੈਲਿਆ ਪਰਦਾ।
ਇਵੇਂ ਲਗਦੈ ਕਿ ਅੱਜ ਕਲ੍ਹ ਆਦਮੀ ਵੀ ਹੈ ਨਿਰਾ ਪਰਦਾ।

ਬੜਾ ਹੀ ਫ਼ਖ਼ਰ ਸੀ ਉਸ 'ਤੇ ਕਿ ਕੱਜਦੈ ਆਬਰੂ ਸਭ ਦੀ,
ਗਏ ਜਾਂ ਵਿਹੜੇ ਫ਼ੈਸ਼ਨ ਦੇ ਤਾਂ ਪਾਣੀ ਹੋ ਗਿਆ ਪਰਦਾ।

ਰਤਾ ਵੀ ਨਾ ਰਿਹਾ ਈਮਾਨ ਸਾਡੇ ਰਿਸ਼ਤਿਆਂ ਅੰਦਰ,
ਚੁਰਾਹੇ ਵਿਚ ਹੈ ਲੀਰੋ ਲੀਰ ਨਿੱਤ ਦਿਨ ਹੋ ਰਿਹਾ ਪਰਦਾ।

ਤੇਰੇ ਪਰਦੇ 'ਚ ਕਿੰਨੇ ਹੋਰ ਪਰਦੇ ਜਾਣਦਾ ਹਾਂ ਮੈਂ,
ਜਦੋਂ ਪਰਦੇ 'ਚ ਆਪਾ ਫੋਲਿਆ ਤਾਂ ਬੋਲਿਆ ਪਰਦਾ।

ਲਕੀਰਾਂ ਹੱਥ ਦੀਆਂ ਚੁੰਮਦੇ ਰਹੇ ਹਰ ਪਲ ਸੀ ਜਿਹੜੇ 'ਮਾਨ'
ਹਮੇਸ਼ਾ ਜ਼ਿੰਦਗੀ ਨੇ ਵੀ ਉਨ੍ਹਾਂ ਤੋਂ ਰੱਖਿਆ ਪਰਦਾ।

10. ਰਾਹਬਰੀ ਦੇ ਪੂਜ ਕੇ ਨਿੱਤ ਪੱਥਰ ਨਵੇਂ-ਨਵੇਂ

ਰਾਹਬਰੀ ਦੇ ਪੂਜ ਕੇ ਨਿੱਤ ਪੱਥਰ ਨਵੇਂ-ਨਵੇਂ।
ਗਾਹੁਣਾ ਚਾਹੇ ਆਦਮੀ ਨਿੱਤ ਅੰਬਰ ਨਵੇਂ-ਨਵੇਂ।

ਸੁਪਨਿਆਂ ਵਿਚ ਵੇਖਦਾ ਹਾਂ ਮੰਜ਼ਰ ਨਵੇਂ-ਨਵੇਂ।
ਅੱਖ ਖੁੱਲ੍ਹੇ ਨਜ਼ਰ ਆਵਣ ਖੰਡਰ ਨਵੇਂ-ਨਵੇਂ।

ਹੁਣ ਪੁਰਾਣੇ ਯਾਰ ਦਾ ਖ਼ਤ ਮਿਲਦਾ ਜਦੋਂ ਕਦੇ,
ਮੇਰੀਆਂ ਅੱਖਾਂ 'ਚ ਚੁਭਦੇ ਅੱਖਰ ਨਵੇਂ-ਨਵੇਂ।

ਤੂੰ ਹੀ ਦੱਸ ਕਿ ਕਿਹੜੇ ਦਰ 'ਤੇ ਯਾਰ ਮੈਂ ਦਸਤਕ ਦਿਆਂ
ਉੱਗੇ ਨੇ ਹਰ ਦੇਹਲੀ ਉਤੇ ਖੰਜਰ ਨਵੇਂ ਨਵੇਂ।

ਭਟਕਣਾ ਦੇ ਦੌਰ ਦਾ ਅੰਤ ਦਿਸਦਾ ਨਹੀਂ ਕਿਤੇ,
ਹਰ ਕਦਮ 'ਤੇ ਬਣ ਰਹੇ ਨੇ ਰਾਹਬਰ ਨਵੇਂ-ਨਵੇਂ।

ਸ਼ੀਸ਼ਿਆਂ ਦੇ ਪਹਿਨ ਵਸਤਰ ਤੁਰਦਾਂ ਜਦੋਂ ਵੀ 'ਮਾਨ',
ਜ਼ਿਹਨ ਵਿਚ ਵਜਦੇ ਬੜੇ ਨੇ ਪੱਥਰ ਨਵੇਂ-ਨਵੇਂ।

11. ਮਨਾਂ ਵਿਚ ਬਾਲੀਏ ਦੀਵੇ ਕਿ ਘਰ-ਘਰ ਰੌਸ਼ਨੀ ਹੋਵੇ

ਮਨਾਂ ਵਿਚ ਬਾਲੀਏ ਦੀਵੇ ਕਿ ਘਰ-ਘਰ ਰੌਸ਼ਨੀ ਹੋਵੇ।
ਦਿਲਾਂ ਵਿਚ ਹਰ ਘੜੀ ਹਰ ਪਲ ਮੁਹੱਬਤ ਧੜਕਦੀ ਹੋਵੇ।

ਤੇਰੇ ਸਾਹਾਂ ਦੀ ਖ਼ੁਸ਼ਬੂ ਹਰ ਘੜੀ ਮਹਿਸੂਸ ਕਰਦਾ ਹਾਂ,
ਸਦਾ ਚਾਹਾਂ ਤੇਰੇ ਵਿਹੜੇ 'ਚ ਨੱਚਦੀ ਜ਼ਿੰਦਗੀ ਹੋਵੇ।

ਨਾ ਤੇਰੀ ਪੀੜ ਵੱਖਰੀ ਹੈ, ਨਾ ਮੇਰੀ ਵੇਦਨਾ ਹੈ ਹੋਰ,
ਜੇ ਇਕ ਦੇ ਘਰ 'ਚ ਖੇੜੇ ਨੇ ਤਾਂ ਦੂਜੇ ਘਰ ਖੁਸ਼ੀ ਹੋਵੇ।

ਸੁਬ੍ਹਾ ਉਠ ਕੇ ਹਮੇਸ਼ਾ ਹੀ ਮੈਂ ਬੁੱਲ੍ਹੇ ਸ਼ਾਹ ਨੂੰ ਇਹ ਆਖਾਂ,
ਕਿਸੇ ਦੇ ਬੋਲ ਨਾ ਡੁਸਕਣ, ਨਾ ਸਿੱਲੀ ਅੱਖ ਕੋਈ ਹੋਵੇ।

ਪੁਜਾਰੀ ਇਸ਼ਕ ਦਾ ਹਾਂ ਮੈਂ ਤੇ ਮਹਿਕਾਂ ਦਾ ਹਾਂ ਵਣਜਾਰਾ,
ਸਦਾ ਲੋਚਾਂ ਕਿ ਏਥੇ ਪਿਆਰ ਦੀ ਵਗਦੀ ਨਦੀ ਹੋਵੇ।

12. ਡਲਕਦੇ ਨੈਣਾਂ ਦੇ ਵਿਚ ਸੁਪਨੇ ਲਈ ਫਿਰਦੇ ਰਹੇ

ਡਲਕਦੇ ਨੈਣਾਂ ਦੇ ਵਿਚ ਸੁਪਨੇ ਲਈ ਫਿਰਦੇ ਰਹੇ।
ਆਪਣੀ ਹੀ ਲਾਸ਼ ਦੇ ਟੁਕੜੇ ਲਈ ਫਿਰਦੇ ਰਹੇ।

ਵਰ ਸਕੇ ਨਾ ਜ਼ਿੰਦਗੀ ਨੂੰ, ਵਕਤ ਦੀ ਸਾਜ਼ਿਸ਼ ਸੀ ਇਹ,
ਉਮਰ ਭਰ ਹੱਥਾਂ ਦੇ ਵਿਚ ਸਿਹਰੇ ਲਈ ਫਿਰਦੇ ਰਹੇ।

ਰੌਸ਼ਨੀ ਦੀ ਝਲਕ ਮਾਤਰ ਵੀ ਨਹੀਂ ਹੋਈ ਨਸੀਬ,
ਸੁੰਨੀਆਂ ਮੜ੍ਹੀਆਂ 'ਚ ਉਹ ਦੀਵੇ ਲਈ ਫਿਰਦੇ ਰਹੇ।

ਜ਼ਿੰਦਗੀ ਦੀ ਭੂਮਿਕਾ ਵੀ ਹਾਇ ਨਿਭਾਈ ਇਸ ਤਰ੍ਹਾਂ,
ਦਰਦ ਦਿਲ ਵਿਚ ਬੁੱਲ੍ਹਾਂ 'ਤੇ ਹਾਸੇ ਲਈ ਫਿਰਦੇ ਰਹੇ।

ਜ਼ਖ਼ਮ, ਪੀੜਾਂ, ਹਉਕੇ, ਹੰਝੂ, ਰੋਸੇ, ਰੋਣੇ, ਦਰਦ, ਗ਼ਮ,
ਇਸ ਤਰ੍ਹਾਂ ਦੇ ਕੁਝ ਅਸੀਂ ਤੋਹਫ਼ੇ ਲਈ ਫਿਰਦੇ ਰਹੇ।

ਨਾ ਕੋਈ ਗਾਹਕ ਹੀ ਮਿਲਿਆ ਸੱਚੇ ਸੁੱਚੇ ਮਾਲ ਦਾ
ਸਾਰਾ ਦਿਨ ਮੰਡੀ ‘ਚ ਉਹ ਜਜ਼ਬੇ ਲਈ ਫਿਰਦੇ ਰਹੇ।

ਇਹ ਕਿਸੇ ਅਸਮਾਨ ਨੇ ਕੀਤੇ ਕਦੇ ਮਨਜ਼ੂਰ ਨਾ
ਜੇਬ ਵਿਚ ਪਾ ਕੇ ਅਸੀਂ ਤਾਰੇ ਲਈ ਫਿਰਦੇ ਰਹੇ।

ਦੋਸ਼ ਕੀ ਦੇਈਏ ਕਿਸੇ ਨੂੰ ਆਪਣੀ ਹੀ ਭੁੱਲ ਸੀ 'ਮਾਨ',
ਪੱਥਰਾਂ ਦੇ ਸ਼ਹਿਰ ਵਿਚ ਸ਼ੀਸ਼ੇ ਲਈ ਫਿਰਦੇ ਰਹੇ।

13. ਦਰਦ ਦਾ ਮੈਂ ਗੀਤ ਹਾਂ ਤੇ ਪੀੜ ਦਾ ਨਗਮਾ ਹਾਂ ਮੈਂ

ਦਰਦ ਦਾ ਮੈਂ ਗੀਤ ਹਾਂ ਤੇ ਪੀੜ ਦਾ ਨਗਮਾ ਹਾਂ ਮੈਂ।
ਨੀਝ ਲਾ ਕੇ ਪੜ੍ਹ ਲਵੋ ਹਰ ਸ਼ਖ਼ਸ ਦਾ ਚਿਹਰਾ ਹਾਂ ਮੈਂ।

ਆਪਣਾ ਸਭ ਕੁਝ ਲੁਟਾ ਕੇ ਮੰਡੀ ਵਿਚ ਚੁਪ ਚਾਪ ਹੀ,
ਘਰ ਨੂੰ ਵਾਪਸ ਪਰਤਦੇ ਕਿਰਸਾਨ ਦਾ ਹਉਕਾ ਹਾਂ ਮੈਂ।

ਸ਼ਹਿਰ ਦੇ ਇਸ ਚੌਕ ਵਿਚ ਅੱਜ ਗੂੰਜਦੇ ਨੇ ਕਹਿਕਹੇ,
ਏਸ ਥਾਂ ਹੋਇਆ ਦਫ਼ਨ ਮਜ਼ਲੂਮ ਦਾ ਹਾਸਾ ਹਾਂ ਮੈਂ।

ਜ਼ਖ਼ਮ ਮੇਰੇ ਜਿਸਮ ਦੇ ਤੂੰ ਵੇਖ ਕੇ ਨਾ ਮੁਸਕਰਾ,
ਕਾਤਿਲਾਂ ਦੇ ਇਸ ਨਗਰ ਵਿਚ ਇਸ਼ਕ ਦਾ ਜਜ਼ਬਾ ਹਾਂ ਮੈਂ।

ਕੂੜ ਦਾ ਵਿਓਪਾਰ ਕਰਦੇ ਜਲਸਿਆਂ ਦੇ ਰਾਹਬਰੋ!
ਭੀੜ ਦੇ ਹਰ ਜ਼ਿਹਨ ਵਿਚ ਜੋ ਸੁਲਘਦਾ ਨਾਅਰਾ ਹਾਂ ਮੈਂ।

ਮੈਂ ਨਹੀਂ ਸੂਰਜ ਤੇ ਨਾ ਹੀ ਮੈਂ ਕਦੇ ਦਾਅਵਾ ਕਰਾਂ,
ਘੁੱਪ ਹਨੇਰੀ ਰਾਤ ਵਿਚ ਚਾਨਣ ਦਾ ਇਕ ਕਤਰਾ ਹਾਂ ਮੈਂ।

14. ਹੋਣ ਚੱਲੇ ਸੀ ਅਸੀਂ ਤਾਂ ਅੱਖਰਾਂ ਦੇ ਰੂਬਰੂ

ਹੋਣ ਚੱਲੇ ਸੀ ਅਸੀਂ ਤਾਂ ਅੱਖਰਾਂ ਦੇ ਰੂਬਰੂ।
ਕੌਣ ਸਾਨੂੰ ਕਰ ਗਿਆ ਸੰਗਮਰਮਰਾਂ ਦੇ ਰੂਬਰੂ।

ਯਾਦ ਰੱਖੀਂ, ਪੱਥਰਾਂ ਦੇ ਸ਼ਹਿਰ ਦਾ ਦਸਤੂਰ ਹੈ
ਸ਼ੀਸ਼ਿਆਂ ਨੇ ਹੋ ਹੀ ਜਾਣਾ ਠੋਕਰਾਂ ਦੇ ਰੂਬਰੂ।

ਮਹਿਲ ਵਿਚ ਸੁੱਤਾ ਪਿਆ ਸੀ, ਡਾਲਰਾਂ ਦੇ ਦੇਸ਼ ਵਿਚ
ਹੋ ਰਿਹਾ ਸੁਪਨੇ ‘ਚ ਸੀ ਕੱਚੇ ਘਰਾਂ ਦੇ ਰੂਬਰੂ।

ਪਿੰਜਰੇ ਦੀ ਚੋਗ ਦਾ ਮੋਹ ਜਾਲ ਲੈ ਕੇ ਬਹਿ ਗਿਆ
ਕਿਸ ਤਰ੍ਹਾਂ ਹੁੰਦਾ ਪਰਿੰਦਾ ਅੰਬਰਾਂ ਦੇ ਰੂਬਰੂ।

ਜਿਸਮ ‘ਤੇ ਸੀ ਜ਼ਖ਼ਮ ਡੂੰਘੇ, ਭਰ ਗਏ ਸਭ ਵਕਤ ਨਾਲ
ਰੂਹ ਤਾਂ ਹਾਲੇ ਵੀ ਹੈ ਰਹਿੰਦੀ ਨਸ਼ਤਰਾਂ ਦੇ ਰੂਬਰੂ।

15. ਹਾਮੀ ਭਾਵੇਂ ਸ਼ੀਸ਼ਿਆਂ ਦੀ ਹਰ ਸਮੇਂ ਭਰਦੇ ਨੇ ਲੋਕ

ਹਾਮੀ ਭਾਵੇਂ ਸ਼ੀਸ਼ਿਆਂ ਦੀ ਹਰ ਸਮੇਂ ਭਰਦੇ ਨੇ ਲੋਕ।
ਪਰ ਕਲੋਲਾਂ ਪੱਥਰਾਂ ਦੇ ਨਾਲ ਹੀ ਕਰਦੇ ਨੇ ਲੋਕ।

ਗ਼ੈਰ ਜੇ ਹਉਕਾ ਭਰੇ ਤਾਂ ਉਹ ਵੀ ਲਗਦਾ ਜੁਰਮ ਹੈ
ਖ਼ੁਦ ਗੁਨਾਹ ਕਰਕੇ ਹਜਾਰਾਂ ਪਾਂਵਦੇ ਪਰਦੇ ਨੇ ਲੋਕ।

ਹੰਝੂਆਂ ਦਾ ਖਾਰਾ ਸਾਗਰ ਨਾ ਰਤਾ ਵੀ ਛਲਕਦਾ
ਹਾਸਿਆਂ ਨੂੰ ਬੁੱਲ੍ਹੀਆਂ 'ਤੇ ਬੋਚ ਕੇ ਧਰਦੇ ਨੇ ਲੋਕ।

ਛਾਂਗਦੇ ਛਾਵਾਂ ਸੀ ਜਦ ਉਹ, ਰੁੱਖ ਨੂੰ ਪੁੱਛਿਆ ਕਿਸੇ
ਰੁੱਖ ਨੇ ਹੱਸ ਕੇ ਕਿਹਾ ਕਿ ਆਪਣੇ ਘਰ ਦੇ ਨੇ ਲੋਕ।

ਮੋਹ-ਮੁਹੱਬਤ, ਪਿਆਰ ਹੁਣ ਤਾਂ ਬਣ ਗਏ ਰਸਮਾਂ ਜਨਾਬ !
ਰਿਸ਼ਤਿਆਂ ਤੋਂ ਅੱਖ ਬਚਾ ਕੇ ਚੁਗਲੀਆਂ ਕਰਦੇ ਨੇ ਲੋਕ।

'ਮਾਨ' ਤੇਰੇ ਸ਼ਹਿਰ ਦਾ ਦਸਤੂਰ ਹੀ ਇਹ ਬਣ ਗਿਆ
ਊਣਿਆਂ ਨੂੰ ਹੋਰ ਊਣਾ, ਭਰਿਆਂ ਨੂੰ ਭਰਦੇ ਨੇ ਲੋਕ।

16. ਉਨ੍ਹਾਂ ਨੇ ਇਸ ਤਰ੍ਹਾਂ ਪਾਈ ਮੇਰੇ ਵਿਸ਼ਵਾਸ ਦੀ ਕੀਮਤ

ਉਨ੍ਹਾਂ ਨੇ ਇਸ ਤਰ੍ਹਾਂ ਪਾਈ ਮੇਰੇ ਵਿਸ਼ਵਾਸ ਦੀ ਕੀਮਤ।
ਸਮੁੰਦਰ ਲਈ ਜਿਵੇਂ ਹੁੰਦੀ ਕਿਸੇ ਵੀ ਲਾਸ਼ ਦੀ ਕੀਮਤ।

ਤੁਸੀਂ ਫੁੱਲਾਂ ਦੀ ਵਰਖਾ ਕਰ ਲਵੋ ਲੱਖ ਵਾਰ ਇਹਨਾਂ 'ਤੇ
ਭਲਾ ਪੱਥਰ ਕੀ ਸਮਝਣਗੇ ਕਿਸੇ ਅਹਿਸਾਸ ਦੀ ਕੀਮਤ।

ਪਟਾਖ਼ੇ, ਫੁੱਲਝੜੀਆਂ ਤੇ ਆਤਿਸ਼ਬਾਜੀਆਂ ਨੇ, ਇਹ
ਅਸਾਡੇ ਵੱਲੋਂ ਹਾਜਰ ਹੈ ਤੇਰੇ ਬਨਵਾਸ ਦੀ ਕੀਮਤ।

ਤੁਹਾਡੇ ਵਾਸਤੇ ਸ਼ਾਇਦ ਹੈ ਡਾਲਰ, ਪੌਂਡ ਜਾਂ ਸੋਨਾ
ਕਿਸੇ ਪੰਛੀ ਦਾ ਦਿਲ ਹੀ ਜਾਣਦੈ ਪਰਵਾਸ ਦੀ ਕੀਮਤ।

ਥਲਾਂ ਦੀ ਰੇਤ ਪੈਰਾਂ ਹੇਠ ਸਾਡੇ ਬੁੱਲ੍ਹਾਂ 'ਤੇ ਸਿੱਕਰੀ
ਉਹ ਦਰਿਆ ਦੇ ਕਿਨਾਰੇ ਬੈਠ ਲਾਉਂਦੇ ਪਿਆਸ ਦੀ ਕੀਮਤ।

ਜਦੋਂ ਨੈਣਾਂ ਦੇ ਸਾਵਣ ਦੀ ਝੜੀ ਰੁਕਦੀ ਨਾ ਇਕ ਪਲ ਵੀ
ਉਦੋਂ ਮਹਿਸੂਸ ਹੁੰਦੀ ਹੈ ਕਿਸੇ ਧਰਵਾਸ ਦੀ ਕੀਮਤ।

17. ਆਪਣੇ ਘਰ ਦੀ ਪਤਝੜ ਏਦਾਂ ਦੂਰ ਭਜਾਵਾਂ ਮੈਂ

ਆਪਣੇ ਘਰ ਦੀ ਪਤਝੜ ਏਦਾਂ ਦੂਰ ਭਜਾਵਾਂ ਮੈਂ।
ਮਨ ਦੇ ਵਿਹੜੇ ਨਿੱਤ ਨਵੇਂ ਕੁਝ ਫੁੱਲ ਸਜਾਵਾਂ ਮੈਂ।

ਰੋਜ਼ ਸਵੇਰੇ ਉਗ ਪੈਂਦੇ ਨੇ, ਦਸ ਸਿਰ ਹੋਰ ਨਵੇਂ
ਆਪਣੇ ਮਨ ਦਾ ਰਾਵਣ ਸ਼ਾਮੀਂ ਰੋਜ਼ ਜਲਾਵਾਂ ਮੈਂ।

ਤਨ ਧਰਤੀ ਦਾ ਕੋਨਾ ਕੋਨਾ ਲੈਨਾਂ ਪਲ ਵਿਚ ਗਾਹ
ਮਨ ਅੰਬਰ ਦੀ ਪਰਕਰਮਾ ਦੀ ਥਾਹ ਨਾ ਪਾਵਾਂ ਮੈਂ।

ਉਸ ਪੱਥਰ ਦਾ ਮਨ ਵੀ ਸ਼ਾਇਦ ਕਦੇ ਤਾਂ ਪਿਘਲ ਪਵੇ
ਸ਼ਾਮ ਸਵੇਰੇ ਕਿੰਨੇ ਹੀ ਫੁੱਲ ਬਲੀ ਚੜ੍ਹਾਵਾਂ ਮੈਂ।

ਭਟਕੇ ਸੁਪਨੇ ਜਿੱਥੇ ਬਹਿ ਕੇ ਕੁਝ ਪਲ ਕਰਨ ਆਰਾਮ
ਮਨ ਦੀ ਦੁਨੀਆਂ ਅੰਦਰ ਲੱਭਾਂ ਉਹ ਸਿਰਨਾਵਾਂ ਮੈਂ।

ਸ਼ੀਸ਼ਾ ਮੈਨੂੰ ਮੁਜਰਿਮ ਮੁਜਰਿਮ ਆਖੇ ਅਕਸਰ 'ਮਾਨ'
ਨ੍ਹੇਰੇ ਦੀ ਸੱਥ ਅੰਦਰ ਬਹਿ ਕੇ ਜੱਜ ਕਹਾਵਾਂ ਮੈਂ।

ਇਨਸਾਨਾਂ ਦੀ ਖੁਸ਼ਬੂ ਲੱਭਦੈ ਇਸ ਨਗਰੀ ਚੋਂ 'ਮਾਨ'
ਭੋਲ਼ਾ ਮਨ ਹੈ ਬੱਚਿਆਂ ਵਰਗਾ, ਕਿੰਜ ਸਮਝਾਵਾਂ ਮੈਂ?

18.

ਬਣੇ ਖ਼ੁਦਾ ਨੇ ਪੱਥਰ ਸ਼ਹਿਰ ਦੀ ਜੂਹ ਅੰਦਰ।
ਰੁਲਦੇ ਫਿਰਦੇ ਅੱਖਰ ਸ਼ਹਿਰ ਦੀ ਜੂਹ ਅੰਦਰ।

ਕਿੱਥੇ ਜਾਵਣ ਭੋਲੇ-ਭਾਲੇ ਇਹ ਇਨਸਾਨ
ਥਾਂ ਥਾਂ ਮਸਜਿਦ ਮੰਦਰ ਸ਼ਹਿਰ ਦੀ ਜੂਹ ਅੰਦਰ।

ਲਿਸ਼ਕੇ ਪੁਸ਼ਕੇ ਜਿਸਮਾਂ ਦੇ ਮਨਮੋਹਣੇ ਮਹਿਲ
ਰੂਹਾਂ ਦੇ ਨੇ ਖੰਡਰ ਸ਼ਹਿਰ ਦੀ ਜੂਹ ਅੰਦਰ।

ਲੂਣ ਤੇਲ ਦੀ ਬਾਜ਼ੀ ਜਿੱਤ ਕੇ ਬਣੇ ਮਹਾਨ
ਘਰ ਘਰ ਕਈ ਸਿਕੰਦਰ ਸ਼ਹਿਰ ਦੀ ਜੂਹ ਅੰਦਰ।

ਉਚੇ ਬੰਗਲੇ, ਦੌਲਤ, ਰੁਤਬੇ, ਵੱਡੇ ਲੋਕ
ਨਿੱਕੇ ਨਿੱਕੇ ਅੰਬਰ ਸ਼ਹਿਰ ਦੀ ਜੂਹ ਅੰਦਰ।

ਨਾ ਸੁਪਨੇ, ਨਾ ਰੀਝਾਂ ਤੇ ਨਾ ਰੰਗ ਤਰੰਗ
ਵਿਛੇ ਮਨਾਂ ਵਿਚ ਸੱਥਰ ਸ਼ਹਿਰ ਦੀ ਜੂਹ ਅੰਦਰ।

ਸਿੱਧੇ ਚਲਦੇ ਚਲਦੇ ਰਾਹੀ ਭਟਕ ਗਏ
ਆਏ ਏਨੇ ਰਹਿਬਰ ਸ਼ਹਿਰ ਦੀ ਜੂਹ ਅੰਦਰ।

ਪੈਰਾਂ ਦੀ ਥਾਂ ਲੋਕੀਂ ਤੁਰਦੇ ਸਿਰ ਦੇ ਭਾਰ
ਦੇਖੇ ਕੀ ਕੀ ਮੰਜ਼ਰ ਸ਼ਹਿਰ ਦੀ ਜੂਹ ਅੰਦਰ।

ਸ਼ਾਇਰ ਦੇ ਤਾਂ ਕੋਮਲ ਜਜ਼ਬੇ, ਕੋਮਲ ਮਨ
ਲੋਕ ਨਿਰੇ ਨੇ ਪੱਥਰ ਸ਼ਹਿਰ ਦੀ ਜੂਹ ਅੰਦਰ।

19. ਪਰਦੇਸਾਂ ਵਿਚ ਦੇਸਾਂ ਦਾ ਸਿਰਨਾਵਾਂ ਲੱਭਦੇ ਨੇ

ਪਰਦੇਸਾਂ ਵਿਚ ਦੇਸਾਂ ਦਾ ਸਿਰਨਾਵਾਂ ਲੱਭਦੇ ਨੇ!
ਇਹ ਪੰਛੀ ਤਾਂ ਅੰਬਰ ‘ਤੇ ਪਰਛਾਵਾਂ ਲੱਭਦੇ ਨੇ!

ਯਾਦਾਂ ਦੀ ਧਰਤੀ ਨੇ ਤਾਂ ਇਉਂ ਹੀ ਸੜਦੇ ਰਹਿਣਾ
ਡਾਲਰ ਦੇ ਜੰਗਲ ‘ਚੋਂ ਕਿੱਥੋਂ ਛਾਵਾਂ ਲੱਭਦੇ ਨੇ!

ਸੜਕਾਂ ਉੱਤੇ ਤੁਰਦੇ ਤੁਰਦੇ ਪੈਰ ਗੁਆਚ ਗਏ
ਮਖ਼ਮਲ ਵਰਗੀ ਰੇਤ ਵਾਲੀਆਂ ਰਾਹਵਾਂ ਲੱਭਦੇ ਨੇ!

ਪੂਰਬ ਪੱਛਮ ਇਕਮਿਕ ਹੋ ਗਏ ਅੱਖੀਂ ਦੇਖਦਿਆਂ
ਆਪਣੀ ਹੋਂਦ ਗੁਆ ਕੇ ਲੋਕ ਦਿਸ਼ਾਵਾਂ ਲੱਭਦੇ ਨੇ!

ਹਾਲੇ ਵੀ ਇਸ ਸ਼ਹਿਰ ‘ਚ ਵਸਦੇ ਭੋਲੇ ਲੋਕ ਬੜੇ
ਜੋ ਗਲਵੱਕੜੀ ਪਾਉਣ ਵਾਸਤੇ ਬਾਹਵਾਂ ਲੱਭਦੇ ਨੇ।

ਭਾਵੇਂ ਰੰਗਲੀ ਦੁਨੀਆਂ ਦੇਖ ਰਹੇ ਨੇ ‘ਮਾਨ’ ਜਿਹੇ
ਫਿਰ ਵੀ ਦਿਲ ਦੇ ਚੈਨ ਲਈ ਕੁਝ ਥਾਵਾਂ ਲੱਭਦੇ ਨੇ!