Harbhajan Singh Bhatia
ਹਰਿਭਜਨ ਸਿੰਘ ਭਾਟੀਆ

Punjabi Writer
  

Punjabi Alochana Harbhajan Singh Bhatia

ਪੰਜਾਬੀ ਆਲੋਚਨਾ-ਹਰਿਭਜਨ ਸਿੰਘ ਭਾਟੀਆ

ਸਾਹਿਤ ਆਲੋਚਨਾ, ਜਿਸ ਵਿੱਚ ਸਾਹਿਤ ਦੀ ਵਿਆਖਿਆ ਅਤੇ ਮੁੱਲਾਂਕਣ ਦਾ ਕਾਰਜ ਕੀਤਾ ਜਾਂਦਾ ਹੈ, ਇੱਕ ਮਹੱਤਵਪੂਰਨ ਅਨੁਸ਼ਾਸਨ ਅਤੇ ਗਿਆਨ ਦੀ ਸ਼ਾਖਾ ਹੈ । ਪੰਜਾਬੀ ਆਲੋਚਨਾ ਦੇ ਮੁੱਢ ਸੰਬੰਧੀ ਵਿਦਵਾਨਾਂ ਵਿੱਚ ਚੋਖ਼ਾ ਮੱਤ-ਭੇਦ ਹੈ । ਇਸ ਦੇ ਮੁੱਢ ਨੂੰ ਨਿਰਧਾਰਿਤ ਕਰਨ ਲਈ ਕਿਧਰੇ ਪ੍ਰਸੰਸਾ ਜਾਂ ਸ਼ਰਧਾ, ਕਿਧਰੇ ਵਿਅਕਤੀ ਪੂਜਾ ਦੀ ਭਾਵਨਾ, ਕਿਧਰੇ ਅਸਲੋਂ ਖੰਡਨਕਾਰੀ ਰੁਚੀ ਅਤੇ ਕਿਧਰੇ ਤਾਰਕਿਕ ਬਿਰਤੀ ਨੇ ਆਪਣੀ ਭੂਮਿਕਾ ਨਿਭਾਈ ਹੈ । ਇਸ ਵਰਤਾਰੇ ਪ੍ਰਤਿ ਮੂਲੋਂ ਖੰਡਨਕਾਰੀ ਰੁਚੀ ਰੱਖਣ ਵਾਲੇ ਅਕਸਰ ਇਹੋ ਜਿਹੀਆਂ ਰਾਵਾਂ ਪੇਸ਼ ਕਰਦੇ ਸੁਣਾਈ ਦਿੰਦੇ ਹਨ ਕਿ ‘ ਪੰਜਾਬੀ ਵਿੱਚ ਤਾਂ ਅਜੇ ਸਾਹਿਤ ਦੀ ਆਲੋਚਨਾ ਨੇ ਪੈਦਾ ਹੋਣਾ ਹੈ । ਕੁਝ ਅਜਿਹੇ ਚਿੰਤਕ ਵੀ ਹਨ ਜਿਹੜੇ ਇਸ ਮੱਤ ਦੇ ਧਾਰਨੀ ਹਨ ਕਿ ਪੰਜਾਬੀ ਵਿੱਚ ਸਾਹਿਤ ਆਲੋਚਨਾ ਦਾ ਜਨਮ ਸੰਤ ਸਿੰਘ ਸੰਤ ਸਿੰਘ ਸੇਖੋਂ ਦੀ ਆਮਦ (ਉਸ ਦੀ ਪਹਿਲੀ ਪੁਸਤਕ ਸਾਹਿਤਿਆਰਥ (1957) ਵਿੱਚ ਪ੍ਰਕਾਸ਼ਿਤ ਹੋਈ ) ਨਾਲ ਹੋਇਆ । ਇਹਨਾਂ ਦੋਵਾਂ ਰਾਵਾਂ ਨੂੰ ਪ੍ਰਵਾਨਗੀ ਪ੍ਰਾਪਤ ਨਹੀਂ ਹੋਈ । ਪੰਜਾਬੀ ਸਾਹਿਤ ਆਲੋਚਨਾ ਦਾ ਇਤਿਹਾਸ ਉਲੀਕਣ ਲਈ ਪਹਿਲੀ ਵਾਰ ਹਰਨਾਮ ਸਿੰਘ ਸ਼ਾਨ ਨੇ ਆਪਣੀ ਸੰਪਾਦਿਤ ਪੁਸਤਕ .ਪਰਖ ਪੜਚੋਲ. (1961) ਵਿੱਚ ਪੰਜਾਬੀ ਆਲੋਚਨਾ ਦੇ ਬੀਜ ਮੱਧਕਾਲੀ ਸਾਹਿਤ ਰਚਨਾਵਾਂ ਵਿੱਚੋਂ ਢੂੰਡਣ ਦਾ ਯਤਨ ਕੀਤਾ । ਉਸ ਨੇ ਪੰਜਾਬੀ ਆਲੋਚਨਾ ਦੇ ਮੁੱਢ ਹੀ ਨਹੀਂ ਬਲਕਿ ਮੁਢਲੇ ਵਿਕਾਸ ਨੂੰ ਵੀ ਪ੍ਰਸੰਸਾ, ਸ਼ਰਧਾ, ਵਿਸ਼ਵਾਸ ਅਤੇ ਵਿਰਸੇ ਪ੍ਰਤਿ ਸਦਭਾਵੀ ਰੁਚੀ ਰਾਹੀਂ ਵੇਖਿਆ । ਉਸ ਨੇ ਇਸ ਪੁਸਤਕ ਦੀ ਭੂਮਿਕਾ ਵਿੱਚ ਬਾਬਾ ਫ਼ਰੀਦ ਦੇ ਸਲੋਕਾਂ ਨਾਲ ਦਰਜ ਗੁਰੂ ਸਾਹਿਬਾਨ ਦੀਆਂ ਟਿੱਪਣੀਆਂ, ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਅਤੇ ਕਿੱਸਾਕਾਰਾਂ ਦੀਆਂ ਦੂਸਰੇ ਕਿੱਸਾਕਾਰਾਂ (ਪੂਰਵਕਾਲੀ ਤੇ ਸਮਕਾਲੀ) ਸੰਬੰਧੀ ਟਿੱਪਣੀਆਂ ਆਦਿ ਨੂੰ ਪੰਜਾਬੀ ਆਲੋਚਨਾ ਦੇ ਮੁੱਢ ਅਤੇ ਮੁਢਲੇ ਵਿਕਾਸ ਨਾਲ ਜੋੜ ਕੇ ਵੇਖਿਆ । ਇਹ ਉਸ ਦੀ ਨਜ਼ਰ ਵਿੱਚ 'ਨਜ਼ਮੀ ਪਰਖ-ਪੜਚੋਲ' ਸੀ । ਬਹੁਤੇ ਪੰਜਾਬੀ ਚਿੰਤਕਾਂ ਨੇ ਇਸ ਰਾਇ ਨੂੰ ਮੁੜ-ਮੁੜ ਦੁਹਰਾਇਆ । ਕੁਝ ਨੇ ਇਹ ਸਵੀਕਾਰ ਕੀਤਾ ਕਿ ਇਹ ਸਭ ਕੁਝ ਆਲੋਚਨਾ ਦੇ ਮਿਆਰੀ ਪੈਮਾਨਿਆਂ ਉੱਪਰ ਪੂਰਾ ਨਹੀਂ ਉੱਤਰਦਾ ਪਰੰਤੂ ਨਾਲ ਹੀ ਨਾਲ ਇਸ ਨੂੰ ਪੰਜਾਬੀ ਆਲੋਚਨਾ ਦਾ ਅਰੰਭਿਕ ਅਵਿਕਸਿਤ ਦੌਰ ਵੀ ਸਵੀਕਾਰ ਕੀਤਾ । ਇੱਥੇ ਇਸ ਅਰੰਭਿਕ 'ਅਨੈਤਿਕ ਅਵਿਕਸਿਤ ਦੌਰ' ਦੇ ਪਹਿਲੇ ਪੜਾਅ ਵਿੱਚ ਇੱਕ ਮਿਸਾਲ ਦੇਣੀ ਉਚਿਤ ਹੈ । ਫ਼ਰੀਦ ਦਾ ਸਲੋਕ ਹੈ :
ਤਨ ਤਪੈ ਤਨੂਰ ਜਿਉ ਬਾਲਣੁ ਹਡ ਬਲੰਨਿ ॥
ਪੈਰੀ ਥਕਾਂ ਸਿਰਿ ਜੁਲਾਂ ਜੇ ਮੂੰ ਪਿਰੀ ਮਿਲੰਨਿ ॥

ਇਸ ਸਲੋਕ ਉੱਪਰ ਟਿੱਪਣੀ ਕਰਦਾ ਗੁਰੂ ਨਾਨਕ ਦੇਵ ਦਾ ਸਲੋਕ ਹੈ :
ਤਨੁ ਨ ਤਪਾਇ ਤਨੂਰ ਜਿਉ ਬਾਲਣੁ ਹਡ ਨ ਬਾਲਿ ॥
ਸਿਰਿ ਪੈਰੀ ਕਿਆ ਫੇੜਿਆ ਅੰਦਰਿ ਪਿਰੀ ਨਿਹਾਲਿ ॥
(ਮਹਲਾ ੧ ॥ ੧੨੦ ॥)

ਹਰਨਾਮ ਸਿੰਘ ਸ਼ਾਨ ਨੇ ਬਾਬਾ ਫ਼ਰੀਦ ਦੇ ਸਲੋਕਾਂ ਨਾਲ ਦਰਜ ਗੁਰੂ ਸਾਹਿਬਾਨ ਦੇ ਕੁੱਲ ਅਠਾਰਾਂ ਸਲੋਕਾਂ ਦੇ ਆਧਾਰ ਉੱਪਰ ਗੁਰੂ ਸਹਿਬਾਨ ਨੂੰ ਆਲੋਚਕ ਹੀ ਸਿੱਧ ਨਹੀਂ ਕੀਤਾ ਬਲਕਿ ਪੰਜਾਬੀ ਆਲੋਚਨਾ ਦੇ ਆਦਿ ਕਾਲ ਦਾ ਭਰਵਾਂ ਮੁਹਾਂਦਰਾ ਉਲੀਕਣ ਲਈ ਗੁਰੂ ਅਰਜਨ ਦੇਵ ਨੂੰ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਦਾ ਮਹਾਨ ਕਾਰਜ ਕਰਨ ਕਰ ਕੇ 'ਆਲੋਚਕ ਤੇ ਪਾਰਖੂ` ਸਿੱਧ ਕੀਤਾ । ਉਹਨਾਂ ਦੀ ਨਿਸ਼ਚਿਤ ਰਾਇ ਹੈ ਕਿ ਗੁਰੂ ਅਰਜਨ ਦੇਵ ਦਾ ਵੱਖ-ਵੱਖ ਭਗਤ ਕਵੀਆਂ ਦੀ ਬਾਣੀ ਸਵੀਕਾਰਨਾ/ਅਸਵੀਕਾਰਨਾ 'ਇੱਕ ਆਲੋਚਕ ਤੇ ਪਾਰਖੂ ਦਿਲ ਦਿਮਾਗ਼' ਦਾ ਹੀ ਸੂਚਕ ਹੈ । 'ਅਰੰਭਲੇ ਅਵਿਕਸਿਤ ਦੌਰ` ਜਾਂ 'ਆਦਿ ਕਾਲ` ਵਿੱਚ ਕੁਝ ਕਿੱਸਾਕਾਰਾਂ ਨੇ ਆਪਣੇ ਪੂਰਬਕਾਲੀਆਂ ਅਤੇ ਸਮਕਾਲੀਆਂ ਬਾਰੇ ਟਿੱਪਣੀਆਂ ਦਰਜ ਕੀਤੀਆਂ ਹਨ । ਇਹ ਟਿੱਪਣੀਆਂ ਕਾਵਿਕ ਤੇ ਭਾਵੁਕ ਕਿਸਮ ਦੀਆਂ ਹਨ । ਵਧੇਰੇ ਟਿੱਪਣੀਆਂ ਹਾਫ਼ਿਜ਼ ਬਰਖ਼ੁਰਦਾਰ ਅਤੇ ਮੀਆਂ ਮੁਹੰਮਦ ਬਖ਼ਸ਼ ਹੋਰਾਂ ਕੀਤੀਆਂ ਹਨ । ਮਿਸਾਲ ਵਜੋਂ :

ੳ. ਯਾਰੋ ਪੀਲੂ ਨਾਲ ਬਰਾਬਰੀ ਸ਼ਾਇਰ ਭੁਲ ਕਰੇਨ ।
ਜਿਹਨੂੰ ਪੰਜਾਂ ਪੀਰਾਂ ਦੀ ਥਾਪਣਾ, ਕੰਧੀ ਦਸਤ ਧਰੇਨ ।
( ਮੌਲਵੀ ਹਾਫ਼ਿਜ਼ ਬਰਖ਼ੁਰਦਾਰ, ਕਿੱਸਾ ਮਿਰਜ਼ਾ ਸਾਹਿਬਾਂ)

ਅ. ਵਾਰਿਸ ਸ਼ਾਹ ਸੁਖ਼ਨ ਦਾ ਵਾਰਸ,
ਕਿਤੇ ਨਾ ਅਟਕਿਆ ਵਲਿਆ,
(ਪਰ) ਮੰਦਰਾਹੀ ਚੱਕੀ ਵਾਂਗੂੰ,
(ਉਸ) ਨਿੱਕਾ ਮੋਟਾ ਦਲਿਆ ।
(ਅਹਿਮਦਯਾਰ, ਕਿੱਸਾ ਯੂਸਫ਼ ਜ਼ੁਲੈਖ਼ਾਂ )

ਇਸੇ ਤਰ੍ਹਾਂ ਕੁਝ ਚਿੰਤਕਾਂ ਨੇ ਪੁਰਾਤਨ ਪੰਜਾਬੀ ਵਾਰਤਕ ਦੇ ਵਿਭਿੰਨ ਰੂਪਾਂ ਵਿੱਚੋਂ ਕੁਝ ਸੂਤਰ ਨਿਤਾਰ-ਨਿਖਾਰ ਕੇ ਉਹਨਾਂ ਨੂੰ ਵੀ ਪੰਜਾਬੀ ਆਲੋਚਨਾ ਦੇ ਮੁਢਲੇ ਵਿਕਾਸ ਨਾਲ ਜੋੜ ਕੇ ਵੇਖਿਆ ਹੈ । ਅਸਲ ਵਿੱਚ ਪੰਜਾਬੀ ਆਲੋਚਨਾ ਦਾ ਜਨਮ ਅਤੇ ਵਿਕਾਸ ਵੀਹਵੀਂ ਸਦੀ ਵਿੱਚ ਹੋਇਆ ਹੈ-ਇਹ ਧਾਰਨਾ ਨਾ ਹਰ ਆਧੁਨਿਕ ਪ੍ਰਾਪਤੀ ਨੂੰ ਅੰਗਰੇਜ਼ਾਂ ਦੀ ਆਮਦ ਨਾਲ ਜੋੜਣ ਦੀ ਭਾਵੁਕਤਾ ਵਿੱਚੋਂ ਪੈਦਾ ਹੋਈ ਹੈ ਅਤੇ ਨਾ ਆਪਣੇ ਸਾਹਿਤਿਕ ਵਿਰਸੇ ਉੱਪਰ ਲੀਕ ਫੇਰਣ ਦੀ ਭੁੱਲ ਵਿੱਚੋਂ । ਮੱਧਕਾਲ ਵਿੱਚ ਹੋਏ ਕਾਰਜਾਂ ਥਾਣੀਂ ਸਾਡੀ ਸਾਹਿਤ ਚੇਤਨਾ ਦੇ ਵਿਕਾਸ ਨੂੰ ਤਾਂ ਪਛਾਣਿਆ ਜਾ ਸਕਦਾ ਹੈ ਪਰ ਇਸ ਨੂੰ ਸਾਹਿਤ ਆਲੋਚਨਾ ਦੇ ਮੁੱਢ ਅਤੇ ਮੁਢਲੇ ਵਿਕਾਸ ਨਾਲ ਜੋੜਣਾ ਉਚਿਤ ਨਹੀਂ ।

ਪੰਜਾਬੀ ਸਾਹਿਤ ਆਲੋਚਨਾ ਨੇ ਆਪਣਾ ਸਫ਼ਰ ਵਿਸ਼ੇਸ਼ ਇਤਿਹਾਸਿਕ ਪਰਿਸਥਿਤੀਆਂ ਵਿੱਚ ਅਤੇ ਉਹਨਾਂ ਦੇ ਪ੍ਰਤਿਕਰਮ ਵਜੋਂ ਵੀਹਵੀਂ ਸਦੀ ਦੇ ਦੂਸਰੇ ਦਹਾਕੇ ਵਿੱਚ ਕੀਤਾ ਸੀ । ਵਿਰਸੇ ਦੀ ਸੰਭਾਲ ਅਤੇ ਉਸ ਦੀ ਗੌਰਵਤਾ ਨੂੰ ਉਜਾਗਰ ਕਰਨਾ ਮੁਢਲੇ ਚਿੰਤਕਾਂ ਦਾ ਮਕਸਦ ਸੀ । ਇਹਨਾਂ ਚਿੰਤਕਾਂ ਨੇ ਵਿਰਸੇ ਨੂੰ ਸੰਭਾਲਣ, ਤਬਾਹ ਹੋਣ ਤੋਂ ਬਚਾਉਣ ਦੇ ਇਲਾਵਾ ਨਵੇਂ ਸਾਹਿਤਕਾਰਾਂ ਦੀ ਹੌਂਸਲਾ ਅਫ਼ਜ਼ਾਈ ਦਾ ਕਾਰਜ ਵੀ ਕੀਤਾ । ਮੌਲਾ ਬਖ਼ਸ਼ ਕੁਸ਼ਤਾ, ਬਾਵਾ ਬੁੱਧ ਸਿੰਘ, ਪੂਰਨ ਸਿੰਘ, ਮੋਹਨ ਸਿੰਘ ਦੀਵਾਨਾ, ਗੋਪਾਲ ਸਿੰਘ ਦਰਦੀ ਅਤੇ ਤੇਜਾ ਸਿੰਘ ਆਦਿ ਪਹਿਲੇ ਪੜਾਅ ਦੇ ਪ੍ਰਮੁਖ ਆਲੋਚਕ ਸਨ । ਇਨ੍ਹਾਂ ਚਿੰਤਕਾਂ ਨੇ ਆਪਣੇ ਕਾਰਜ ਵਿੱਚ ਪ੍ਰਭਾਵਵਾਦੀ ਤੇ ਪ੍ਰਸੰਸਾਵਾਦੀ ਟਿੱਪਣੀਆਂ ਕੀਤੀਆਂ, ਤੱਥਾਂ ਪ੍ਰਤਿ ਪ੍ਰਸੰਨਤਾ ਦਾ ਪ੍ਰਗਟਾਵਾ ਕੀਤਾ ਅਤੇ ਇਕੱਠੇ ਤੱਥਾਂ ਨੂੰ ਕਾਲਕ੍ਰਮ ਵਿੱਚ ਟਿਕਾਇਆ । ਇਹਨਾਂ ਦੇ ਯਤਨਾਂ ਸਦਕਾ ਹੀ ਅਗਲੇਰੇ ਚਿੰਤਨ ਨੂੰ ਮਜ਼ਬੂਤ ਤੱਥਿਕ ਆਧਾਰ ਪ੍ਰਾਪਤ ਹੋਇਆ, ਤੱਥਾਂ ਨੂੰ ਇਤਿਹਾਸ ਦੀ ਅੱਖ ਥਾਣੀਂ ਵੇਖਣ ਦੀ ਨੀਝ ਪੈਦਾ ਹੋਈ, ਬਦਲ ਰਹੇ ਜੀਵਨ ਦੇ ਹਾਣ ਦਾ ਸਾਹਿਤ ਸਿਰਜਣ ਦੀ ਰੁਚੀ ਜਾਗੀ ਅਤੇ ਸਿਧਾਂਤ ਸਿਰਜਣ ਦੀ ਚੇਤਨਾ ਨੇ ਜਨਮ ਲਿਆ । ਨਾਲ ਹੀ ਨਾਲ ਵਿਰਸੇ ਤੋਂ ਪ੍ਰੇਰਨਾ, ਸ਼ਕਤੀ ਅਤੇ ਉਤਸ਼ਾਹ ਹਾਸਲ ਕਰ ਕੇ ਗ਼ੁਲਾਮੀ ਦੀਆਂ ਜੰਜ਼ੀਰਾਂ ਨੂੰ ਤੋੜਨ ਦੇ ਸੁਪਨੇ ਨੂੰ ਵੀ ਸਕਾਰ ਕੀਤਾ ਗਿਆ ।

ਪੰਜਾਬੀ ਆਲੋਚਨਾ ਦੇ ਜਗਤ ਵਿੱਚ ਸੰਤ ਸਿੰਘ ਸੇਖੋਂ (1908 ਈ.) ਦੀ ਆਮਦ ਨਾਲ ਆਧੁਨਿਕ ਪੰਜਾਬੀ ਆਲੋਚਨਾ ਦਾ ਮੁੱਢ ਬੱਝਦਾ ਹੈ । ਕਈ ਚਿੰਤਕ ਉਸ ਨੂੰ ਪੰਜਾਬੀ ਆਲੋਚਨਾ ਦਾ 'ਬਾਨੀ ਅਤੇ ਸੰਚਾਲਕ' ਆਖਣਾ ਪਸੰਦ ਕਰਦੇ ਹਨ । ਉਸ ਨੇ ਸਾਹਿਤਿਆਰਥ, ਪੰਜਾਬੀ ਕਾਵਿ ਸ਼ਿਰੋਮਣੀ, ਭਾਈ ਵੀਰ ਸਿੰਘ ਤੇ ਉਹਨਾਂ ਦਾ ਯੁੱਗ, ਭਾਈ ਗੁਰਦਾਸ, ਪ੍ਰਸਿੱਧ ਪੰਜਾਬੀ ਕਵੀ (ਸੰਪਾ.), ਹੀਰ ਵਾਰਿਸ ਸ਼ਾਹ (ਸੰਪਾ.) ਅਤੇ ਸਮੀਖਿਆ ਪ੍ਰਣਾਲੀਆਂ ਜਿਹੀਆਂ ਪ੍ਰਸਿੱਧ ਅਤੇ ਮਹੱਤਵਪੂਰਨ ਪੁਸਤਕਾਂ ਦੀ ਰਚਨਾ ਕੀਤੀ । ਪ੍ਰਗਤੀ ਦੇ ਸਰੋਕਾਰ ਨੂੰ ਉਸ ਨੇ ਆਪਣੇ ਚਿੰਤਨ- ਕਾਰਜ ਦੇ ਕੇਂਦਰ ਵਿੱਚ ਟਿਕਾਇਆ । ਉਸ ਮੁਤਾਬਕ ਸਾਹਿਤ ਵੀ ਉਸੇ ਪ੍ਰਕਾਰ ਦਾ ਇੱਕ ਸਮਾਜਿਕ ਕਰਮ ਹੈ ਜਿਸ ਪ੍ਰਕਾਰ ਦੀ ਕੋਈ ਹੋਰ ਕਿਰਤ, ਕਿਰਸਾਣੀ ਜਾਂ ਕਾਰੀਗਰੀ । ਉਹ ਸਾਹਿਤ ਦੀ ਵੱਡੀ ਜ਼ੁੰਮੇਵਾਰੀ ਰਾਜਸੀ ਸਮਝਦਾ ਸੀ ਅਤੇ ਸਾਹਿਤਕਾਰਾਂ ਨੂੰ ਆਪਣੀ ਰਾਜਸੀ ਜ਼ੁੰਮੇਵਾਰੀ ਤੋਂ ਕੁਤਾਹੀ ਨਾ ਵਰਤਣ ਲਈ ਆਖਦਾ ਸੀ । ਉਸ ਖ਼ੁਦ ਹੀ ਸਵੀਕਾਰ ਕੀਤਾ ਹੈ ਕਿ ਉਸ ਨੂੰ ਪੁਰਾਤਨ ਸਾਹਿਤਕਾਰਾਂ ਬਾਰੇ ਕਰੜੇ ਨਿਰਣੇ ਦੇਣ ਵਾਲਾ ਸਮਝਿਆ ਗਿਆ । ਉਸ ਨੇ ਸਮੁੱਚੇ ਮੱਧਕਾਲੀਨ ਪੰਜਾਬੀ ਸਾਹਿਤ ਨੂੰ ਅੱਜ ਦੇ ਯੁੱਗ ਲਈ ਪ੍ਰਮਾਣ ਮੰਨਣ ਤੋਂ ਤਾਂ ਸੰਕੋਚ ਕੀਤਾ ਪਰੰਤੂ ਆਧੁਨਿਕ ਸਾਹਿਤਕਾਰਾਂ ਪ੍ਰਤਿ ਉਦਾਰਵਾਦੀ ਰਵੱਈਆ ਅਪਣਾਇਆ । ਉਸੇ ਦਾ ਇੱਕ ਸਮਕਾਲੀ ਕਿਸ਼ਨ ਸਿੰਘ ਹੈ ਜਿਸਨੇ ਮਾਰਕਸਵਾਦੀ ਸਿਧਾਂਤਾਂ ਨੂੰ ਅਪਣਾਇਆ । ਸਾਹਿਤ ਦੇ ਸੋਮੇ, ਸਾਹਿਤ ਦੀ ਸਮਝ, ਸਿਖ ਇਨਕਲਾਬ ਦਾ ਮੋਢੀ ਗੁਰੂ ਨਾਨਕ, ਗੁਰਬਾਣੀ ਦਾ ਸੱਚ ਅਤੇ ਗੁਰਦਿਆਲ ਸਿੰਘ ਦੀ ਨਾਵਲ-ਚੇਤਨਾ ਉਸ ਦੀਆਂ ਮੁੱਖ ਪੁਸਤਕਾਂ ਹਨ । ਉਹ ਬੇਸ਼ੱਕ ਮਾਰਕਸਵਾਦੀ ਸੀ ਪਰੰਤੂ ਉਸ ਨੇ ਮੱਧਕਾਲੀਨ ਸਾਹਿਤ ਬਾਰੇ ਕਰੜੇ ਅਤੇ ਖੰਡਨਮਈ ਨਿਰਣੇ ਪੇਸ਼ ਨਹੀਂ ਕੀਤੇ । ਉਸ ਨੇ ਮੱਧਕਾਲੀਨ ਸਾਹਿਤ ਵਿਚਲੀ ਜਮਾਤੀ ਵਿਚਾਰਧਾਰਾ ਅਤੇ ਕ੍ਰਾਂਤੀਕਾਰੀ ਸੁਨੇਹੇ ਨੂੰ ਨਵੇਂ ਢੰਗ ਨਾਲ ਸਮਝਿਆ । ਉਸ ਨੇ ਆਪਣੇ ਕੁੱਲ ਚਿੰਤਨ ਵਿੱਚ ਸਮੁੱਚੇ ਮੱਧਕਾਲੀਨ ਪੰਜਾਬੀ ਸਾਹਿਤ ਨੂੰ ਹਾਕਮ ਜਮਾਤ ਦੇ ਵਿਰੋਧੀ, ਲੋਕਪੱਖੀ ਅਤੇ ਕ੍ਰਾਂਤੀ ਦਾ ਸੰਦੇਸ਼ ਦੇਣ ਵਾਲਾ ਦੱਸਿਆ । ਮੱਧਕਾਲੀਨ ਸਾਹਿਤ ਤੋਂ ਉਲਟ ਉਸ ਨੇ ਆਧੁਨਿਕ ਸਾਹਿਤ ਨੂੰ ਗ਼ੈਰ- ਯਥਾਰਥਵਾਦੀ, ਨਿਪੁੰਸਕ ਅਤੇ ਅਨੁਭਵਹੀਨ ਆਖਦੇ ਹੋਏ ਮੂਲੋਂ ਰੱਦ ਕਰ ਦਿੱਤਾ । ਉਸ ਦੀ ਆਲੋਚਨਾ ਨਾਲ ਮੇਲ ਖਾਂਦੀ ਆਲੋਚਨਾ ਰਚਣ ਵਾਲਾ ਇੱਕ ਹੋਰ ਚਿੰਤਕ ਨਜਮ ਹੁਸੈਨ ਸੱਯਦ ਹੈ ਜਿਸਨੇ ਸੇਧਾਂ, ਸਾਰਾਂ, ਸਚੁ ਸਦਾ ਅਬਾਦੀ ਕਰਨਾ, ਖਾਕੁ ਜੇਡ ਨ ਕੋਇ ਅਤੇ ਅਕੱਥ ਕਹਾਣੀ ਆਦਿ ਜਿਹੀਆਂ ਪ੍ਰਸਿੱਧ ਪੁਸਤਕਾਂ ਦੀ ਰਚਨਾ ਕੀਤੀ । ਉਸ ਨੇ ਵੀ ਜਮਾਤੀ ਫ਼ਲਸਫ਼ੇ ਤੇ ਮਾਰਕਸਵਾਦੀ ਵਿਚਾਰਧਾਰਾ ਦੀ ਸਹਾਇਤਾ ਲਈ । ਆਪਣੇ ਤਰੱਕੀ ਪਸੰਦ ਵਿਚਾਰਾਂ ਨੂੰ ਉਸ ਨੇ ਅਸਲੋਂ ਸੁਖੈਨ ਲਹਿੰਦੀ ਉਪਬੋਲੀ ਰਾਹੀਂ ਪ੍ਰਗਟ ਕੀਤਾ । ਇਸੇ ਜ਼ਮਾਨੇ ਵਿੱਚ ਅਤਰ ਸਿੰਘ (1932) ਨੇ ਆਪਣੀਆਂ ਪੁਸਤਕਾਂ ਕਾਵਿ ਅਧਿਐਨ ਦ੍ਰਿਸ਼ਟੀਕੋਣ, ਸਮਦਰਸ਼ਨ ਅਤੇ ਸਾਹਿਤ ਸੰਵੇਦਨਾ ਰਾਹੀਂ ਪਹਿਲਾਂ ਸਾਹਿਤ ਨੂੰ ਪ੍ਰਗਤੀਵਾਦੀ, ਮੁੜ ਆਧੁਨਿਕ, ਫਿਰ ਸਾਹਿਤਿਕ ਅਤੇ ਫਿਰ ਮਾਨਵਵਾਦੀ ਪੈਮਾਨਿਆਂ ਉੱਪਰ ਪਰਖਿਆ । ਇਸੇ ਸਮੇਂ ਵਿੱਚ ਜਸਬੀਰ ਸਿੰਘ ਆਹਲੂਵਾਲੀਆ ਨੇ ਇੱਕ ਅਰਥ ਭਰਪੂਰ ਯੋਗਦਾਨ ਦਿੱਤਾ । ਉਸ ਨੇ 'ਪ੍ਰਗਤੀ' ਦੀ ਬਜਾਏ 'ਪ੍ਰਯੋਗ' ਨੂੰ ਪੈਮਾਨੇ ਵਜੋਂ ਵਰਤਿਆ ਅਤੇ ਆਧੁਨਿਕ ਪੰਜਾਬੀ ਰਾਈਟਰ ਸੰਬੰਧੀ ਅਸਲੋਂ ਵੱਖਰੀਆਂ ਧਾਰਨਾਵਾਂ ਪੇਸ਼ ਕੀਤੀਆਂ ।

ਕੁਝ ਨਵਾਂ ਸਿਰਜਣ ਦੀ ਰੀਝ ਅਤੇ ਪੱਛਮੀ ਚਿੰਤਨ ਨਾਲ ਬਰ ਮੇਚਣ ਦੀ ਤੀਬਰ ਇੱਛਾ ਸਦਕਾ ਵੀਹਵੀਂ ਸਦੀ ਦੇ ਸਤਵੇਂ ਅਤੇ ਅਠਵੇਂ ਦਹਾਕੇ ਵਿੱਚ ਹਰਿਭਜਨ ਸਿੰਘ ਅਤੇ ਉਸ ਦੇ ਸਾਥੀਆਂ (ਤਰਲੋਕ ਸਿੰਘ ਕੰਵਰ, ਆਤਮਜੀਤ ਸਿੰਘ) ਅਤੇ ਸ਼ਾਗਿਰਦਾਂ (ਜਗਬੀਰ ਸਿੰਘ, ਸੁਤਿੰਦਰ ਸਿੰਘ ਨੂਰ, ਅਮਰੀਕ ਸਿੰਘ ਪੁੰਨੀ, ਗੁਰਚਰਨ ਸਿੰਘ ਅਰਸ਼ੀ, ਗੁਰਚਰਨ ਸਿੰਘ, ਮਹਿੰਦਰ ਕੌਰ ਗਿੱਲ, ਮਨਜੀਤ ਸਿੰਘ ਅਤੇ ਦੇਵਿੰਦਰ ਕੌਰ ਆਦਿ ) ਰਾਹੀਂ ਸਾਹਿਤ ਦੀ ਸਾਹਿਤਿਕਤਾ ਦੀ ਪਰਖ ਕਰਨ ਦਾ ਸਰੋਕਾਰ ਪੰਜਾਬੀ ਆਲੋਚਨਾ ਦੇ ਕੇਂਦਰ ਵਿੱਚ ਆਣ ਟਿਕਿਆ । ਪੱਛਮੀ ਸਾਹਿਤ ਸਿਧਾਂਤਾਂ ਦੇ ਪ੍ਰਭਾਵ ਹੇਠ ਇਸ ਜ਼ਮਾਨੇ ਵਿੱਚ ਪਾਠ, ਬਣਤਰ, ਅੰਤਰਪਾਠ, ਨਿਕਟ ਪਾਠਗਤ ਵਿਸ਼ਲੇਸ਼ਣ, ਪਾਠ ਦੇ ਅਵਚੇਤਨ, ਉਸ ਅੰਦਰਲੀਆਂ ਚੁੱਪਾਂ, ਖ਼ਮੋਸ਼ੀਆਂ ਅਤੇ 'ਅਣਕਹੇ' ਦੀ ਤਲਾਸ਼ ਜਿਹੇ ਸੰਕਲਪਾਂ ਨਾਲ ਪੰਜਾਬੀ ਪਾਠਕਾਂ ਤੇ ਚਿੰਤਕਾਂ ਦਾ ਪਹਿਲੀ ਵਾਰ ਵਾਹ ਪਿਆ । ਸ਼ੁਰੂ-ਸ਼ੁਰੂ ਵਿੱਚ ਇਹ ਚਿੰਤਕ ਸਾਂਝੇ ਸਿਧਾਂਤਿਕ ਆਧਾਰ ਸਦਕਾ ਇੱਕ-ਦੂਸਰੇ ਨਾਲ ਜੁੜੇ ਹੋਏ ਸਨ ਪਰੰਤੂ ਸਹਿਜੇ- ਸਹਿਜੇ ਇਹਨਾਂ ਦੇ ਸਿਧਾਂਤਿਕ ਚੌਖਟੇ, ਅਧਿਐਨ-ਖੇਤਰ ਅਤੇ ਸਿੱਟੇ ਵੀ ਇੱਕ-ਦੂਸਰੇ ਤੋਂ ਅਲੱਗ ਹੁੰਦੇ ਗਏ । ਇਹਨਾਂ ਚਿੰਤਕਾਂ ਦੇ ਯਤਨਾਂ ਨਾਲ ਨਵਾਂ ਪੱਛਮੀ ਚਿੰਤਨ, ਵਾਦ, ਸੰਕਲਪ ਅਤੇ ਅੰਤਰ-ਦ੍ਰਿਸ਼ਟੀਆਂ ਦਾ ਪ੍ਰਵੇਸ਼ ਪੰਜਾਬੀ ਵਿੱਚ ਸੰਭਵ ਹੋ ਸਕਿਆ ।

ਵੀਹਵੀਂ ਸਦੀ ਦਾ ਨੌਂਵਾਂ ਦਹਾਕਾ ਇੱਕ ਪਾਸੇ ਪੰਜਾਬੀ ਚਿੰਤਕਾਂ ਨੂੰ ਪੱਛਮੀ ਆਲੋਚਨਾ ਦੇ ਨਵੇਂ ਰੁਝਾਨਾਂ ਨਾਲ ਜੋੜਦਾ ਹੈ ਅਤੇ ਦੂਸਰੇ ਪਾਸੇ ਰੂਪਵਾਦੀ, ਸੰਰਚਨਾਵਾਦੀ ਅਤੇ ਉੱਤਰ ਸੰਰਚਨਾਵਾਦੀ ਚਿੰਤਨ ਨਾਲ ਭਰਵੇਂ ਤੇ ਭਖਵੇਂ ਸੰਵਾਦ ਨੂੰ ਜਨਮ ਦਿੰਦਾ ਹੈ । ਪੰਜਾਬੀ ਆਲੋਚਕ ਦਾ ਇੱਕ ਵਰਗ (ਟੀ. ਆਰ. ਵਿਨੋਦ, ਰਵਿੰਦਰ ਸਿੰਘ ਰਵੀ, ਤੇਜਵੰਤ ਸਿੰਘ ਗਿੱਲ, ਗੁਰਬਖ਼ਸ਼ ਸਿੰਘ ਫਰੈਂਕ, ਜੋਗਿੰਦਰ ਸਿੰਘ ਰਾਹੀ, ਕੇਸਰ ਸਿੰਘ ਕੇਸਰ ਅਤੇ ਗੁਰਬਚਨ ਆਦਿ) ਪੰਜਾਬੀ ਰੂਪਵਾਦੀ ਸੰਰਚਨਾਵਾਦੀ ਚਿੰਤਕਾਂ ਦੇ 'ਸਾਹਿਤਿਕਤਾ' ਨੂੰ ਇੱਕ ਪਰਖ ਕਸਵੱਟੀ ਵਜੋਂ ਗ੍ਰਹਿਣ ਕਰਨ; ਪੱਛਮੀ ਚਿੰਤਨ ਪ੍ਰਣਾਲੀਆਂ ਨੂੰ ਅੰਤਿਮ ਸੱਚ ਵਜੋਂ ਗ੍ਰਹਿਣ ਕਰਨ; ਸਾਹਿਤ ਕਿਰਤਾਂ ਨੂੰ ਲੇਖਕ, ਪਾਠਕ ਤੇ ਸਮਾਜ ਤੋਂ ਵਿਜੋਗਣ; ਦੂਸਰੇ ਅਨੁਸ਼ਾਸਨਾਂ ਤੋਂ ਸਹਾਇਤਾ ਲੈਣ ਤੋਂ ਮੁਨਕਰ ਹੋਣ; ਵਿਸ਼ਵ ਦ੍ਰਿਸ਼ਟੀ ਦੀ ਪਛਾਣ ਤੋਂ ਕਿਨਾਰਾ ਕਰਨ; ਸੰਕਲਪਾਂ ਦਾ ਠੁੱਲ੍ਹਾ ਆਰੋਪਣ ਕਰਨ ਅਤੇ ਮੁੱਲਾਂਕਣ ਦਾ ਵਿਰੋਧ ਕਰਨ ਆਦਿ ਮੁੱਦਿਆਂ ਪ੍ਰਤਿ ਅਸਹਿਮਤੀ ਪ੍ਰਗਟ ਕਰਦਾ ਹੈ । ਇਹ ਚਿੰਤਕ 'ਸੰਪੂਰਨ ਆਲੋਚਨਾਤਮਿਕ ਦ੍ਰਿਸ਼ਟੀ` ਨਾਲ ਸਾਹਿਤ ਰਚਨਾਵਾਂ ਨੂੰ ਪਰਖਣ ਲਈ ਆਖਦੇ ਹਨ । ਵੀਹਵੀਂ ਸਦੀ ਦੇ ਅੰਤ ਅਤੇ ਇੱਕ੍ਹੀਵੀਂ ਸਦੀ ਦੇ ਅਰੰਭ ਵਿੱਚ ਬੇਸ਼ੱਕ ਮੱਧਕਾਲੀਨ ਪੰਜਾਬੀ ਸਾਹਿਤ ਦੇ ਅਧਿਐਨ ਪ੍ਰਤਿ ਉਦਾਸੀਨਤਾ ਜਾਂ ਅਰੁਚੀ ਵਧੀ ਹੈ ਪਰੰਤੂ ਵਿਧਾਵਾਂ ਉੱਪਰ ਆਧਾਰਿਤ ਵਿਸ਼ੇਸ਼ੱਗ ਚਿੰਤਕਾਂ ਦਾ ਚੋਖਾ ਵਿਕਾਸ ਹੋਇਆ ਹੈ । ਪੱਛਮੀ ਚਿੰਤਨ ਨਾਲ ਸੰਵਾਦ ਨੇ (ਗੁਰਭਗਤ ਸਿੰਘ) ਪੰਜਾਬੀ ਚਿੰਤਨ ਦੇ ਮੁਹਾਂਦਰੇ ਵਿੱਚ ਨਵੀਨ ਪਸਾਰ ਨੂੰ ਜੋੜਿਆ ਹੈ । ਪੰਜਾਬੀ ਆਲੋਚਨਾ ਦਾ ਘੇਰਾ ਪੂਰਬੀ ਪੰਜਾਬ ਤੋਂ ਬਾਹਰ ਸਰਕ ਕੇ ਪੱਛਮੀ ਪੰਜਾਬ (ਪਾਕਿਸਤਾਨ) ਅਤੇ ਪੱਛਮੀ ਮੁਲਕਾਂ ਤੱਕ ਜਾ ਸਰਕਿਆ ਹੈ ।

ਅਜੋਕੇ ਸਮੇਂ ਵਿੱਚ ਕਰਨੈਲ ਸਿੰਘ ਥਿੰਦ, ਨਾਹਰ ਸਿੰਘ, ਕਰਮਜੀਤ ਸਿੰਘ (ਲੋਕਧਾਰਾ), ਸਤਿੰਦਰ ਸਿੰਘ ਨੂਰ, ਜਗਬੀਰ ਸਿੰਘ, ਅਮਰਜੀਤ ਸਿੰਘ ਕਾਂਗ (ਮੱਧ- ਕਾਲੀਨ ਪੰਜਾਬੀ ਸਾਹਿਤ ), ਜਗਜੀਤ ਸਿੰਘ (ਸੂਫ਼ੀ-ਕਾਵਿ), ਜਸਵਿੰਦਰ ਸਿੰਘ ( ਆਧੁਨਿਕ ਪੰਜਾਬੀ ਰਾਈਟਰ ), ਗੁਰਪਾਲ ਸਿੰਘ ਸੰਧੂ (ਪੰਜਾਬੀ ਨਾਵਲ), ਆਤਮਜੀਤ, ਸਤੀਸ਼ ਵਰਮਾ (ਪੰਜਾਬੀ ਨਾਟਕ), ਸੁਰਜੀਤ ਸਿੰਘ ਭੱਟੀ, ਹਰਿਭਜਨ ਸਿੰਘ ਭਾਟੀਆ ( ਪੰਜਾਬੀ ਆਲੋਚਨਾ ) ਅਤੇ ਧਨਵੰਤ ਕੌਰ (ਪੰਜਾਬੀ ਕਹਾਣੀ) ਆਦਿ ਚਿੰਤਕ ਵਿਭਿੰਨ ਖੇਤਰਾਂ ਵਿੱਚ ਮਹੱਤਵਪੂਰਨ ਕਾਰਜ ਕਰ ਰਹੇ ਹਨ ।