Professor Sharab
ਪ੍ਰੋਫ਼ੈਸਰ ਸ਼ਾਰਬ

Punjabi Writer
  

Punjabi Ghazlan Professor Sharab

ਪੰਜਾਬੀ ਗ਼ਜ਼ਲਾਂ ਪ੍ਰੋਫ਼ੈਸਰ ਸ਼ਾਰਬ

1. ਹੂੰਝੀ ਰੱਖ ਇਹ ਗੰਦੀ-ਗਰਦ ਗੁਨਾਹਵਾਂ ਦੀ

ਹੂੰਝੀ ਰੱਖ ਇਹ ਗੰਦੀ-ਗਰਦ ਗੁਨਾਹਵਾਂ ਦੀ ।
ਜਦ ਤੱਕ ਬੌਕ੍ਹਰ ਸਹੀ-ਸਲਾਮਤ ਸਾਹਵਾਂ ਦੀ ।

ਅੱਖਾਂ ਦੇ ਵਿੱਚ ਪਾ ਕੇ ਨਿੱਤ ਟਮਕਾਈ ਰੱਖ,
ਸੁਰਮਾ ਸਮਝਕੇ ਮਿੱਟੀ ਉਸ ਦੇ ਰਾਹਵਾਂ ਦੀ ।

ਹਾਸਲ ਬਣ ਕੇ ਹਸ਼ਰ ਦਿਹਾੜਾ ਏਥੇ ਈ ਜਾਣ,
ਕਿਸਨੇ ਦਿੱਤੀ ਖ਼ਬਰ ਅਗੇਰੀਆਂ ਥਾਵਾਂ ਦੀ ?

ਪਿਉ ਨੂੰ ਲੋਕੀ ਧੀ ਦੇ ਨਾਂ ਤੋਂ ਜਾਣਦੇ ਨੇ,
ਭੈਣਾਂ ਨਾਲ ਏ ਅੱਜ ਪਛਾਣ ਭਰਾਵਾਂ ਦੀ ।

ਪੁੱਤਰ ਪਾਲਣੇ ਪੈ ਗਏ ਦੂਜਿਆਂ ਦੁੱਧਾਂ ਨਾਲ,
ਭੁੱਖੇ ਮਰਦਿਆਂ ਛਾਤੀ ਸੁੱਕ ਗਈ ਮਾਵਾਂ ਦੀ ।

ਰੋਜ਼ ਰਾਤ ਨੂੰ ਨਵੀਆਂ ਖੇਡਾਂ ਵਿੰਹਦੀ ਏ,
ਪਿੰਡੋਂ ਬਾਹਰ, ਚਿੱਟੀ-ਕੋਠੀ ਸ਼ਾਹਵਾਂ ਦੀ ।

2. ਉਸ ਮੁੱਖੜੇ 'ਤੇ ਗੁੱਸਾ ਏ ਜ਼ਰਾ ਰਵਾਲ ਜਿਹਾ

ਉਸ ਮੁੱਖੜੇ 'ਤੇ ਗੁੱਸਾ ਏ ਜ਼ਰਾ ਰਵਾਲ ਜਿਹਾ ।
ਅੱਜ ਸ਼ੀਸ਼ੇ ਵਿੱਚ ਦਿਸਦਾ ਏ, ਕੁਝ ਵਾਲ ਜਿਹਾ ।

ਅਪਣਾ ਇੱਕ ਸਵਾਦ ਏ ਸੁਹਣਿਆਂ ਹੱਥਾਂ ਦਾ,
ਕੁੱਕੜ ਵੀ ਨਹੀਂ ਉਸ ਦੇ ਘਰ ਦੀ ਦਾਲ ਜਿਹਾ ।

ਕਿਧਰੇ ਸੱਚ ਆਖ ਕੇ, ਮਾਰੇ ਈ ਨਾ ਜਾਈਏ-
ਬਹੁਤਾ ਈ ਏ ਕੁਝ ਸੀਨੇ ਵਿੱਚ ਉਬਾਲ ਜਿਹਾ ।

ਸ਼ਾਇਦ ਉਸ ਦੀ ਯਾਦ ਉਬਾਲਾ ਖਾਧਾ ਏ,
ਅੰਦਰੋ-ਅੰਦਰੀ ਆਇਐ ਇੱਕ ਭੁਚਾਲ ਜਿਹਾ ।

ਦੁੱਧ-ਅਸਲੀ 'ਗੁੱਜਰ' ਜਾਂ ਕੱਟੇ ਪੀਂਦੇ ਨੇ,
ਬਾਕੀ ਦੁਨੀਆਂ ਪੀਂਦੀ ਏ ਘੰਗਾਲ ਜਿਹਾ ।

ਉਹ ਲੋਕੀ ਵੀ ਸ਼ਾਇਦ ਲੱਦ ਕੇ ਟੁਰ ਗਏ ਨੇ,
ਦੂਰੋਂ ਵੱਜਦਾ ਸੁਣਦਾ ਏ ਘੜਿਆਲ ਜਿਹਾ ।

ਹੁਣ ਤੋਂ ਈ ਸਾਕੀ ਪਰ੍ਹਾਂ ਪਰ੍ਹਾਂ ਕਿਉਂ ਹਟਦੇ ਨੇ,
ਅਪੜਿਆ ਏ ਅਜੇ ਤੇ ਵਰ੍ਹਾ ਨਿਕਾਲ ਜਿਹਾ ।

ਆ 'ਸ਼ਾਰਬ' ਫਿਰ ਗ਼ਜ਼ਲਾਂ ਛੁਹੀਏ ਨਵੇਂ–ਸਿਰੇ,
ਆ ਸੀਨੇ ਦਾ ਲਾਹੀਏ ਫਿਰ ਜ਼ੰਗਾਲ ਜਿਹਾ ।

3. ਖੁੱਲ੍ਹੀਆਂ ਜ਼ੁਲਫ਼ਾਂ ਮੁੱਖੜਾ ਲਾਲ-ਗੁਲਾਲ ਜਿਹਾ

ਖੁੱਲ੍ਹੀਆਂ ਜ਼ੁਲਫ਼ਾਂ ਮੁੱਖੜਾ ਲਾਲ-ਗੁਲਾਲ ਜਿਹਾ ।
ਅੱਜ ਉਸ ਵੱਲ ਤੱਕਣਾ ਏ ਜ਼ਰਾ ਮੁਹਾਲ ਜਿਹਾ ।

ਨਰਮ ਬੋਸਕੀ ਵਰਗਾ ਕੂਲਾ ਸੁਹਲ ਸਰੀਰ ।
ਮੁੱਖ 'ਤੇ ਚੁੰਨੀ ਖੀਰ 'ਤੇ ਸੁਰਖ਼ ਰੁਮਾਲ ਜਿਹਾ ।

ਨਸ਼ਾ ਤੇ ਉਸਦੇ ਜਾਵਣ ਬਾਅਦ ਵੀ ਕਾਇਮ ਏ,
ਮੌਸਮ ਵੀ ਏ ਓਸ ਕੁੜੀ ਦੀ ਚਾਲ ਜਿਹਾ ।

ਉਹ ਉਲਾਹਮਾਂ ਦੇ ਕੇ, ਜਾਂਦੀ ਹੱਸੀ ਕਿਉਂ ?
ਦਿਲ ਵਿੱਚ ਉਠਦਾ ਇਹ ਵੀ ਇਕ ਖ਼ਿਆਲ ਜਿਹਾ ।

ਟਾਂਵੇਂ ਟਾਂਵੇਂ ਫੁੱਲ ਤੇ ਨਜ਼ਰੀਂ ਆਉਂਦੇ ਨੇ,
ਪਰ ਉਹ ਕਿੱਥੇ ਮੌਸਮ ਪਿਛਲੇ-ਸਾਲ ਜਿਹਾ ?

ਇਹ 'ਸ਼ਾਰਬ' ਬਚਪਨ ਤੋਂ ਅਪਣਾ ਸਾਥੀ ਏ,
ਦਰਦ ਅਸਾਂ ਲਈ ਘਰ ਦੇ ਜੰਮੇ 'ਬਾਲ' ਜਿਹਾ ।

4. ਫਿਸਦਾ ਰਿਸਦਾ ਰਹਿੰਦਾ ਹਾਂ

ਫਿਸਦਾ ਰਿਸਦਾ ਰਹਿੰਦਾ ਹਾਂ ।
ਨੰਗੇ ਪੈਰ ਦਾ ਛਾਲਾ ਹਾਂ ।

ਸ਼ਾਮ ਪਈ ਆ ਘਰ ਚੱਲੀਏ,
ਝੋਰੇ ਜਿਹੇ ਨੂੰ ਕਹਿੰਦਾ ਹਾਂ ।

ਕੁਝ ਮੋਏ, ਕੁਝ ਵਿਛੜੇ ਲੋਕ,
ਯਾਦ ਆਉਂਦੇ ਨੇ ਰੋਂਦਾ ਹਾਂ ।

ਗੰਦਲਾਂ ਨੂੰ ਫੁੱਲ ਪੈ ਗਏ ਨੇ,
ਖ਼ੌਰੇ ਕਿਸ ਨੂੰ ਲੱਭਦਾ ਹਾਂ ।

ਵਿਹੜਾ ਖਾਣ ਨੂੰ ਆਉਂਦਾ ਏ,
ਜਦ ਵੀ ਘਰ ਵਿੱਚ ਵੜਦਾ ਹਾਂ ।

ਕੌਣ ਉਹਨੂੰ ਜਾ ਕੇ ਆਖੇ,
ਤੇਰੀਆਂ ਨਜ਼ਮਾਂ ਲਿਖਦਾ ਹਾਂ ।

ਮੋਏ ਮਾਰ ਗਏ 'ਸ਼ਾਰਬ',
ਉਂਜ ਆਖਣ ਨੂੰ ਜਿਉਂਦਾ ਹਾਂ ।

5. ਕਿਸ ਜ਼ਾਲਮ ਨੇ ਬੰਨ੍ਹੇ ਪੈਰ ਅਸੀਰਾਂ ਦੇ

ਕਿਸ ਜ਼ਾਲਮ ਨੇ ਬੰਨ੍ਹੇ ਪੈਰ ਅਸੀਰਾਂ ਦੇ ।
ਹਲਕੇ ਪੈ ਗਏ ਸੰਗਲਾਂ ਅਤੇ ਜ਼ੰਜੀਰਾਂ ਦੇ ।

ਹੱਕ ਸੱਚ ਨੂੰ ਇਹ ਤੋੜ ਨਾ ਚੜ੍ਹਨੇ ਦਿੰਦੇ ਨੇ,
ਕੈਦੋ ਖ਼ੂਨ ਤਿਹਾਏ ਅੱਜ ਵੀ ਹੀਰਾਂ ਦੇ ।

ਖ਼ਾਕ ਏ ਉੱਡਦੀ ਅਕਸਰ ਰਾਜ ਮਹੱਲਾਂ ਵਿੱਚ,
ਰੌਣਕ ਉਹੋ ਡੇਰੇ ਪੀਰ ਫ਼ਕੀਰਾਂ ਦੇ ।

ਏਨਾ ਨੰਗ-ਨਮੋਸ਼ ਜੋ ਵੇਚਣ ਨਿਕਲੇ ਨੇ,
ਰੱਬਾ ਬਸ ਨਾ ਪਾਵੀਂ ਬਾਂਝ-ਜਮੀਰਾਂ ਦੇ ।

ਚੰਗੇ ਲੋਕ ਤੇ ਲੈ ਜਾਣੇ ਅਮਵਾਤਾਂ ਨੇ,
ਪਿੱਛੇ ਰਹਿ ਜਾਣੇ ਨੇ ਖਿਦੋ ਲੀਰਾਂ ਦੇ ।

ਦੌਲਤ ਦਾ ਪਰਛਾਵਾਂ ਢਲਦਾ ਰਹਿੰਦਾ ਏ,
ਭਾਗ ਨਾ ਦੇਵਣ ਸਾਥ ਸਦਾ ਅਮੀਰਾਂ ਦੇ ।

ਅਪਣਾ ਅਪਣਾ 'ਕਿਬਲਾ' ਅਪਣਾ 'ਕਾਅਬਾ' ਏ,
ਵੱਖੋ ਵੱਖਰੇ ਢੋਂਗ ਰਚਾਏ ਪੀਰਾਂ ਦੇ ।

ਸਾਇਆ ਪਾ ਦਿੰਦੇ ਨੇ ਸ਼ਾਹ ਹੁਮਾਵਾਂ ਦਾ,
ਬੋਲੇ 'ਸ਼ਾਰਬ' ਮਿਠੜਾ ਨਾਲ ਵਜ਼ੀਰਾਂ ਦੇ ।

(ਅਸੀਰ=ਕੈਦੀ, ਅਮਵਾਤਾਂ=ਮੌਤਾਂ)