ਮੇਰੇ ਖ਼ਿਆਲ ਅੰਦਰ ਉਹ ਸ਼ਾਇਰ, ਸ਼ਾਇਰ ਹੁੰਦਾ,
ਖੰਡ, ਖੰਡ ਨੂੰ, ਜ਼ਹਿਰ ਨੂੰ ਜ਼ਹਿਰ ਆਖੇ ।
ਜੋ ਕੁਝ ਹੁੰਦਾ ਏ ਹੋਵੇ, ਨਾ ਡਰੇ ਹਰਗਿਜ਼,
ਰਹਿਮ, ਰਹਿਮ ਨੂੰ, ਕਹਿਰ ਨੂੰ ਕਹਿਰ ਆਖੇ ।
ਭਾਵੇਂ ਹਸਤੀ ਦੀ, ਬਸਤੀ ਬਰਬਾਦ ਹੋਵੇ,
ਜੰਗਲ, ਜੰਗਲ ਨੂੰ, ਸ਼ਹਿਰ ਨੂੰ ਸ਼ਹਿਰ ਆਖੇ ।
'ਦਾਮਨ' ਦੁੱਖਾਂ ਦੇ ਬਹਿਰ 'ਚ ਜਾਏ ਡੁੱਬਦਾ,
ਨਦੀ, ਨਦੀ ਨੂੰ, ਨਹਿਰ ਨੂੰ ਨਹਿਰ ਆਖੇ ।
ਇਸ ਮੁਲਕ ਦੀ ਵੰਡ ਕੋਲੋਂ ਯਾਰੋ,
ਖੋਏ ਤੁਸੀਂ ਵੀ ਹੋ, ਖੋਏ ਅਸੀਂ ਵੀ ਹਾਂ।
ਭਾਵੇਂ ਮੂੰਹਂੋ ਨਾ ਕਹੀਏ ਪਰ ਵਿਚੋਂ ਵਿੱਚੀ,
ਖੋਏ ਤੁਸੀਂ ਵੀ ਓ, ਖੋਏ ਅਸੀਂ ਵੀ ਆਂ।
ਇਨ੍ਹਾਂ ਆਜ਼ਾਦੀਆਂ ਹੱਥੋਂ ਬਰਬਾਦ ਹੋਣਾ,
ਹੋਏ ਤੁਸੀਂ ਵੀ ਓ, ਹੋਏ ਅਸੀਂ ਵੀ ਆਂ।
ਕੁੱਝ ਉਮੀਦ ਏ ਜਿੰਦਗੀ ਮਿਲ ਜਾਏਗੀ,
ਮੋਏ ਤੁਸੀਂ ਵੀ ਓ, ਮੋਏ ਅਸੀਂ ਵੀ ਆਂ।
ਜਿਉਂਦੀ ਜਾਨ ਈ ਮੌਤ ਦੇ ਮੂੰਹ ਅੰਦਰ,
ਢੋਏ ਤੁਸੀਂ ਵੀ ਓ, ਢੋਏ ਅਸੀਂ ਵੀ ਆਂ।
ਜਾਗਣ ਵਾਲਿਆਂ ਰੱਜ ਕੇ ਲੁੱਟਿਆ ਏ,
ਸੋਏ ਤੁਸੀਂ ਵੀ ਓ, ਸੋਏ ਅਸੀਂ ਵੀ ਆਂ।
ਲਾਲੀ ਅੱਖੀਆਂ ਦੀ ਪਈ ਦਸਦੀ ਏ,
ਰੋਏ ਤੁਸੀਂ ਵੀ ਓ, ਰੋਏ ਅਸੀਂ ਵੀ ਆਂ।
ਘੁੰਡ ਮੁਖੜੇ ਤੋ ਲਾਹ ਓ ਯਾਰ ।
ਘੁੰਡ ਤੇਰੇ ਨੇ ਅੰਨ੍ਹੇ ਕੀਤੇ,
ਕਈ ਫਿਰਦੇ ਨੇ ਚੁੱਪ ਚੁਪੀਤੇ ।
ਕਿੰਨਿਆਂ ਜ਼ਹਿਰ ਪਿਆਲੇ ਪੀਤੇ,
ਕਈਆਂ ਖ਼ੂਨ ਜਿਗਰ ਦੇ ਪੀਤੇ ।
ਕਈਆਂ ਅਪਣੀ ਖੱਲ ਲੁਹਾਈ,
ਕਿੰਨੇ ਚੜ੍ਹੇ ਨੇ ਉੱਤੇ ਦਾਰ ।
ਘੁੰਡ ਮੁਖੜੇ ਤੋ ਲਾਹ ਓ ਯਾਰ ।
ਚਾਰ ਦੀਵਾਰੀ ਇੱਟਾਂ ਦੀ ਏ,
ਬੁਰਜ ਅਟਾਰੀ ਇੱਟਾਂ ਦੀ ਏ ।
ਖੇਡ ਖਿਡਾਰੀ ਇੱਟਾਂ ਦੀ ਏ,
ਸਭ ਉਸਾਰੀ ਇੱਟਾਂ ਦੀ ਏ ।
ਇੱਟਾਂ ਦੇ ਨਾਲ ਇੱਟ ਖੜੱਕਾ,
ਮੈਂ ਮੈਂ ਵਿਚੋਂ ਮੁਕਾ ਓ ਯਾਰ ।
ਘੁੰਡ ਮੁਖੜੇ ਤੋ ਲਾਹ ਓ ਯਾਰ ।
ਵੇਦ ਕਿਤਾਬਾਂ ਪੜ੍ਹ ਪੜ੍ਹ ਥੱਕਾ,
ਕੁਝ ਨਾ ਬਣਿਆਂ ਕੱਚਾ ਪੱਕਾ ।
ਓੜਕ ਰਹਿ ਗਿਆ ਹੱਕਾ ਬੱਕਾ,
ਮੱਕੇ ਗਿਆ ਤੇ ਕੁੱਝ ਨਾ ਮੁੱਕਾ ।
ਐਵੇਂ ਮੁੱਕ ਮੁਕੱਈਏ ਕਾਹਦੇ,
ਮੁੱਕਦੀ ਗੱਲ ਮੁਕਾ ਓ ਯਾਰ ।
ਘੁੰਡ ਮੁਖੜੇ ਤੋ ਲਾਹ ਓ ਯਾਰ ।
ਮਸਜਿਦ ਮੰਦਰ ਤੇਰੇ ਲਈ ਏ,
ਬਾਹਰ ਅੰਦਰ ਤੇਰੇ ਲਈ ਏ ।
ਦਿਲ-ਏ-ਕਲੰਦਰ ਤੇਰੇ ਲਈ ਏ,
ਸਿੱਕ ਇਕ ਅੰਦਰ ਤੇਰੇ ਲਈ ਏ ।
ਮੇਰੇ ਕੋਲ ਤੇ ਦਿਲ ਈ ਦਿਲ ਏ,
ਉਹਦੇ ਵਿਚ ਸਮਾ ਓ ਯਾਰ ।
ਘੁੰਡ ਮੁਖੜੇ ਤੋ ਲਾਹ ਓ ਯਾਰ ।
ਮੁੱਕਦੀ ਗੱਲ ਮੁਕਾ ਓ ਯਾਰ ।
ਮੈਨੂੰ ਪਾਗਲਪਣ ਦਰਕਾਰ ।
ਮੈਨੂੰ ਪਾਗਲਪਣ ਦਰਕਾਰ ।
ਲੱਖਾਂ ਭੇਸ ਵੱਟਾ ਕੇ ਵੇਖੇ,
ਆਸਣ ਕਿਤੇ ਜਮਾ ਕੇ ਵੇਖੇ ।
ਮਿੱਥੇ ਤਿਲਕ ਲੱਗਾ ਕੇ ਵੇਖੇ,
ਕਿਧਰੇ ਮੋਨ ਮਨਾ ਕੇ ਵੇਖੇ ।
ਉਹੀ ਰਸਤੇ, ਉਹੀ ਪੈਂਡੇ,
ਉਹੋ ਹੀ ਹਾਂ ਮੈਂ ਚੱਲਣਹਾਰ ।
ਮੈਨੂੰ ਪਾਗਲਪਣ ਦਰਕਾਰ ।
ਹੱਥ ਕਿਸੇ ਦੇ ਆਉਣਾ ਕੀ ਏ ?
ਮੁੱਲਾਂ ਨੇ ਜਤਲਾਉਣਾ ਕੀ ਏ ?
ਪੰਡਿਤ ਪੱਲੇ ਪਾਉਣਾ ਕੀ ਏ ?
ਰਾਤ ਦਿਨੇ ਬੱਸ ਗੱਲਾਂ ਕਰ ਕਰ,
ਕੁੱਝ ਨਹੀਂ ਬਣ ਦਾ ਆਖ਼ਰਕਾਰ ।
ਮੈਨੂੰ ਪਾਗਲਪਣ ਦਰਕਾਰ ।
ਮੈਂ ਨਹੀਂ ਸਿੱਖਿਆ ਇਲਮ ਰਿਆਜ਼ੀ,
ਨਾਂ ਮੈਂ ਪੰਡਿਤ, ਮੁੱਲਾਂ, ਕਾਜ਼ੀ ।
ਨਾ ਮੈਂ ਦਾਨੀ, ਨਾ ਫ਼ਆਜ਼ੀ,
ਨਾ ਮੈਂ ਝਗੜੇ ਕਰ ਕਰ ਰਾਜ਼ੀ ।
ਨਾ ਮੈਂ ਮੁਨਸ਼ੀ, ਆਲਿਮ ਫ਼ਾਜ਼ਿਲ,
ਨਾ ਮੈਂ ਰਿੰਦ ਤੇ ਨਾ ਹੁਸ਼ਿਆਰ ।
ਮੈਨੂੰ ਪਾਗਲਪਣ ਦਰਕਾਰ ।
ਮੈਂ ਨਹੀਂ ਖਾਂਦਾ ਡੱਕੋ ਡੋਲੇ,
ਰਥ ਜੀਵਨ ਨੂੰ ਲਾ ਹਚਕੋਲੇ ।
ਐਂਵੇਂ ਲੱਭਦਾ ਫਿਰਾਂ ਵਿਚੋਲੇ,
ਕੋਈ ਬੋਲੇ ਤੇ ਕੋਈ ਨਾ ਬੋਲੇ ।
ਮਿਲੇ ਗਿਲੇ ਦਾ ਆਦਰ ਕਰ ਕੇ,
ਕਰਨਾ ਅਪਣਾ ਆਪ ਸੁਧਾਰ ।
ਮੈਨੂੰ ਪਾਗਲਪਣ ਦਰਕਾਰ ।
ਸਭ ਦਿਸਦੇ ਨੇ ਵੰਨ ਸੁਵੰਨੇ,
ਕੋਲ ਜਾਓ ਤਾਂ ਖ਼ਾਲੀ ਛੰਨੇ ।
ਦਿਲ ਨਾ ਮੰਨੇ, ਤੇ ਕੀ ਮੰਨੇ,
ਐਂਵੇਂ ਮਨ ਮਨੌਤੀ ਕਾਹਦੀ,
ਗੱਲ ਨਾ ਹੁੰਦੀ ਹੰਨੇ-ਬੰਨੇ,
ਅੰਦਰ ਖੋਟ ਤੇ ਬਾਹਰ ਸਚਿਆਰ ।
ਮੈਨੂੰ ਪਾਗਲਪਣ ਦਰਕਾਰ ।
ਇਹ ਦੁਨੀਆ ਕੀ ਰੌਲਾ ਗੋਲਾ,
ਕੋਈ ਕਹਿੰਦਾ ਏ ਮੌਲਾ ਮੌਲਾ ।
ਕੋਈ ਕਰਦਾ ਏ ਟਾਲ ਮਟੋਲਾ,
ਕੋਈ ਪਾਉਂਦਾ ਏ ਚਾਲ ਮਚੌਲਾ ।
ਮੈਨੂੰ ਕੁੱਝ ਪਤਾ ਨਹੀਂ ਚਲਦਾ,
ਕੀ ਹੁੰਦਾ ਏ ਵਿਚ ਸੰਸਾਰ ।
ਮੈਨੂੰ ਪਾਗਲਪਣ ਦਰਕਾਰ ।
ਵਲੀ, ਪੀਰ ਮੈਂ ਪਗੜ ਪਗੜ ਕੇ,
ਗਿੱਟੇ ਗੋਡੇ ਰਗੜ ਰਗੜ ਕੇ ।
ਦਿਲ ਨੂੰ ਹੁਣ ਤੇ ਜਕੜ ਜਕੜ ਕੇ,
ਐਂਵੇਂ ਝਗੜੇ ਝਗੜ ਝਗੜ ਕੇ ।
ਛੱਡ ਦਿੱਤੇ ਨੇ ਝਗੜੇ ਝਾਂਜੇ,
ਲੰਮੇ ਚੌੜੇ ਖਿਲ ਖਿਲਾਰ ।
ਮੈਨੂੰ ਪਾਗਲਪਣ ਦਰਕਾਰ ।
ਰੱਬਾ, ਮੈਨੂੰ ਪਾਗਲਪਣ ਦਰਕਾਰ ।
ਕੁਝ ਕਹਿਣ ਨੂੰ ਜੀ ਪਿਆ ਕਰਦਾ ਏ,
ਕੁਝ ਕਹਿਣ ਤੋਂ ਵੀ ਪਿਆ ਡਰਦਾ ਏ ।
ਕੁਝ ਕਹੀਏ ਪਾਗਲ ਕਹਿੰਦੇ ਨੇ,
ਚੁੱਪ ਰਹੀਏ ਸੀਨਾ ਸੜਦਾ ਏ ।
ਕੁਝ ਕਹਿਣ ਨੂੰ ਜੀ ਪਿਆ ਕਰਦਾ ਏ ।
ਕੁਝ ਕਹਿਣ ਤੋਂ ਵੀ ਪਿਆ ਡਰਦਾ ਏ ।
ਏਥੇ ਤਨ ਤੋਂ ਲੀੜੇ ਲਾਹੁੰਦੇ ਨੇ,
ਕਰ ਨੰਗੇ ਜਿਸਮ ਨਚਾਉਂਦੇ ਨੇ ।
ਇੱਜ਼ਤਾਂ ਦੇ ਸਿਰ ਕੋਈ ਕੱਜਦਾ ਨਹੀਂ,
ਲਾਸ਼ਾਂ ਨੂੰ ਖ਼ੂਬ ਸਜਾਉਂਦੇ ਨੇ ।
ਕੁਝ ਕਹਿਣ ਨੂੰ ਜੀ ਪਿਆ ਕਰਦਾ ਏ ।
ਕੁਝ ਕਹਿਣ ਤੋਂ ਵੀ ਪਿਆ ਡਰਦਾ ਏ ।
ਏਥੇ ਬੰਦੇ ਵਿਕਦੇ ਵੇਖੇ ਨੇ,
ਏਥੇ ਹਾੜ੍ਹੇ ਵਿਕਦੇ ਵੇਖੇ ਨੇ ।
ਇਸ ਜੱਗ ਦੀ ਉਲਟੀ ਗੰਗਾ ਵਿਚ,
ਫੁੱਲ ਡੁੱਬਦਾ ਪੱਥਰ ਤਰਦਾ ਏ ।
ਕੁਝ ਕਹਿਣ ਨੂੰ ਜੀ ਪਿਆ ਕਰਦਾ ਏ ।
ਕੁਝ ਕਹਿਣ ਤੋਂ ਵੀ ਪਿਆ ਡਰਦਾ ਏ ।
ਧਨ ਦੌਲਤ ਧਰਮ ਇਮਾਨ ਇਥੇ,
ਗੀਤਾ, ਅੰਜੀਲ, ਕੁਰਾਨ ਇਥੇ ।
ਇਸ ਦੌਲਤ ਬਦਲੇ ਹਰ ਕੋਈ,
ਹੱਸ ਹੱਸ ਕੇ ਸੂਲੀ ਚੜ੍ਹਦਾ ਏ ।
ਕੁਝ ਕਹਿਣ ਨੂੰ ਜੀ ਪਿਆ ਕਰਦਾ ਏ ।
ਕੁਝ ਕਹਿਣ ਤੋਂ ਵੀ ਪਿਆ ਡਰਦਾ ਏ ।
ਕੀ ਰਿਸ਼ਤੇ ਨਾਤੇ ਮਾਣ ਇਥੇ,
ਹੈ ਦੌਲਤ ਰਾਮ ਰਹਿਮਾਨ ਇਥੇ ।
ਏਥੇ ਦਿਨ ਨੂੰ ਘੁੱਪ ਹਨੇਰੇ ਨੇ,
ਰਾਤਾਂ ਨੂੰ ਸੂਰਜ ਚੜ੍ਹਦਾ ਏ ।
ਕੁਝ ਕਹਿਣ ਨੂੰ ਜੀ ਪਿਆ ਕਰਦਾ ਏ ।
ਕੁਝ ਕਹਿਣ ਤੋਂ ਵੀ ਪਿਆ ਡਰਦਾ ਏ ।
ਏਥੇ ਲੀਡਰ ਪਾਣ ਭੁਲੇਖੇ ਜੀ,
ਏਥੇ ਲੁੱਟ ਦੇ ਲੰਮੇ ਲੇਖੇ ਜੀ ।
ਹਰ ਬੰਦਾ ਏਥੇ ਹਰ ਵੇਲੇ,
ਪੈਸੇ ਦਾ ਕਲਮਾ ਪੜ੍ਹਦਾ ਏ ।
ਕੁਝ ਕਹਿਣ ਨੂੰ ਜੀ ਪਿਆ ਕਰਦਾ ਏ ।
ਕੁਝ ਕਹਿਣ ਤੋਂ ਵੀ ਪਿਆ ਡਰਦਾ ਏ ।
ਤੇਰਾ ਇਕ ਦਿਲ ਏ ਜਾਂ ਦੋ ।
ਕਦੇ ਲਾਵੇਂ ਕੋਹਤੂਰ 'ਤੇ ਡੇਰੇ,
ਕਦੇ ਦਿਸੇਂ ਸ਼ਾਹਰਗ ਤੋਂ ਨੇੜੇ ।
ਤੇਰੇ ਘਲ-ਘਲੇਵੇਂ ਮੈਨੂੰ,
ਪਾਂਦੇ ਪਏ ਨੇ ਇਹ ਕਨਸੋਅ ।
ਤੇਰਾ ਇਕ ਦਿਲ ਏ ਜਾਂ ਦੋ ।
ਆਪ ਕਹੇਂ ਤੂੰ ਮੈਨੂੰ ਮੰਨੋ,
ਇਹ ਪੱਥਰ ਨੇ, ਪੱਥਰ ਭੰਨੋ ।
ਆਪੇ ਤੂੰ ਬੁੱਤਖ਼ਾਨੇ ਜਾ ਕੇ,
ਬੁੱਤਾਂ ਅੰਦਰ ਕਰਨਾ ਏਂ ਲੋਅ ।
ਤੇਰਾ ਇਕ ਦਿਲ ਏ ਜਾਂ ਦੋ ।
ਦੋ ਬੰਦੇ ਤੂੰ ਆਪ ਬਣਾਵੇਂ,
ਫਿਰ ਦੋਹਾਂ ਨੂੰ ਆਪ ਸੁਣਾਵੇਂ ।
ਤੂੰ ਮੋਮਿਨ ਤੇ ਇਹ ਹੈ ਕਾਫ਼ਿਰ,
ਏਦੂੰ ਵੱਧ ਕੀ ਹੋਰ ਧਰੋਹ ।
ਤੇਰਾ ਇਕ ਦਿਲ ਏ ਜਾਂ ਦੋ ।
ਇਕ ਪੰਡਿਤ ਤੇ ਇਕ ਹੈ ਕਾਜ਼ੀ,
ਦੋ ਰੰਗੀ ਤੇ ਹੋਵੇਂ ਰਾਜ਼ੀ ।
ਸਾਫ਼ ਸਾਫ਼ ਫਿਰ ਕਹਿੰਦਾ ਕਿਉਂ ਨਹੀਂ,
ਇਹਦੇ ਵਿਚ ਕੀ ਹੋਇਆ ਲਕੋ ।
ਤੇਰਾ ਇਕ ਦਿਲ ਏ ਜਾਂ ਦੋ ।
ਇਹ ਬੰਦੇ ਜਦ ਦੋਵੇਂ ਤੇਰੇ,
ਫਿਰ ਇਹ ਕੀਹ ਨੇ ਹੇਰੇ ਫੇਰੇ ।
ਇਕ ਨੂੰ ਆਖੇਂ ਟੱਲ ਵਜਾ ਲੈ,
ਦੂਜੇ ਨੂੰ ਕਹੇਂ ਚੁੱਪ ਖਲੋ ।
ਤੇਰਾ ਇਕ ਦਿਲ ਏ ਜਾਂ ਦੋ ।
ਕਿਧਰੇ ਮਸਜਿਦ ਵਿਚ ਘਰ ਤੇਰਾ,
ਕਿਧਰੇ ਮੰਦਿਰ ਵਿਚ ਬਸੇਰਾ ।
ਫਿਰਦੀ ਤਸਬੀਹ ਮਾਲਾ ਕਿਧਰੇ,
ਦੋਹਾਂ ਦੇ ਵਿਚ ਰਿਹਾ ਸਮੋ ।
ਤੇਰਾ ਇਕ ਦਿਲ ਏ ਜਾਂ ਦੋ ।
ਤੇਰੀ ਕੁੱਲ ਖ਼ੁਦਾਈ ਇਹ ਵੇ,
ਫਿਰ ਕੀਹ ਲੁੱਟ ਮਚਾਈ ਇਹ ਵੇ ।
ਇਕ ਦੇ ਹੱਥੋਂ ਤੋੜੇਂ ਮੋਤੀ,
ਦੂਜੇ ਨੂੰ ਆਖੇਂ ਹਾਰ ਪਰੋ ।
ਤੇਰਾ ਇਕ ਦਿਲ ਏ ਜਾਂ ਦੋ ।
ਜਿਸ ਦੁਨੀਆਂ ਦੇ ਅੰਦਰ ਰਹਿਨਾ ਏਂ,
ਉਸ ਦੇ ਕੋਲੋਂ ਲੁਕ ਲੁਕ ਬਹਿਨਾ ਏਂ ।
ਮੈਂ ਨਹੀਂ ਖਹਿੜਾ ਛੱਡਣਾ ਤੇਰਾ,
ਭਾਵੇਂ ਹੱਸ ਤੇ ਭਾਵੇਂ ਰੋ ।
ਤੇਰਾ ਇਕ ਦਿਲ ਏ ਜਾਂ ਦੋ ।
ਇਹ ਪੁੱਛਿਆ ਏ ਅੱਗੇ ਹੋਰਾਂ,
ਬੇ-ਜ਼ੋਰਾਂ ਤੇ ਕੀਹ ਸ਼ਹਿਜ਼ੋਰਾਂ ।
ਸਾਡੇ ਕੋਲੋਂ ਦਾਗ਼ ਨਹੀਂ ਜਾਣਾ,
ਇਸ ਧੋਣੇ ਨੂੰ ਆਪ ਹੀ ਧੋ ।
ਤੇਰਾ ਇਕ ਦਿਲ ਏ ਜਾਂ ਦੋ ।
ਜੋ ਕਹਿਣਾ ਏਂ ਤੈਨੂੰ ਕਹਿਣਾ,
ਬਿਨ ਪੁੱਛਿਆਂ ਤੇ ਮੈਂ ਨਹੀਂ ਰਹਿਣਾ ।
ਮੈਂ ਕਹਿੰਦਾ ਹਾਂ ਮਨ ਦੀ ਜੀਭੋਂ,
ਜੋ ਹੋਵੇ ਸੋ ਹੁੰਦਾ ਹੋ ।
ਤੇਰਾ ਇਕ ਦਿਲ ਏ ਜਾਂ ਦੋ ।
ਮੱਕੇ ਪੁੱਜ ਕੇ ਗੰਗਾ ਜਾ ਕੇ,
ਗੇੜੇ ਕੱਢ ਤੇ ਟੁੱਭੇ ਲਾ ਕੇ ।
ਥੱਕਾ ਤੇ ਸਸਕਾਇਆ ਹੋਇਆ,
ਏਥੇ ਹੀ 'ਦਾਮਨ' ਗਿਆ ਖਲੋ ।
ਤੇਰਾ ਇਕ ਦਿਲ ਏ ਜਾਂ ਦੋ ।
ਅਸਮਾਨਾਂ 'ਤੇ ਬੱਦਲ ਹੋਏ,
ਚਿੱਟੇ ਚਿੱਟੇ ਕਾਲੇ ਕਾਲੇ ।
ਹਲਕੇ ਹਲਕੇ ਗੂਹੜੇ ਗੂਹੜੇ,
ਇਕ ਦੂਜੇ ਦੇ ਨਾਲੋ ਨਾਲੇ ।
ਅਸਮਾਨਾਂ 'ਤੇ ਬੱਦਲ ਹੋਏ ।
ਚੜ੍ਹੇ ਬੱਦਲ ਤੇ ਪੈਂਦੇ ਹੌਲ,
ਮਸਤ ਹਾਥੀ ਗੋਲਾਂ ਦੇ ਗੋਲ ।
ਔਹ ਸੰਗਲ ਨੂੰ ਤੋੜੀਂ ਆਉਂਦੇ,
ਹਾਲੋ ਹਾਲ ਤੇ ਪਾਲੋ ਪਾਲੇ ।
ਅਸਮਾਨਾਂ 'ਤੇ ਬੱਦਲ ਹੋਏ ।
ਵੱਡੀਆਂ ਵੱਡੀਆਂ ਹਿੱਕਾਂ ਵਾਲੇ,
ਮੋਟਿਆਂ ਮੋਟਿਆਂ ਡੌਲਿਆਂ ਵਾਲੇ ।
ਇਹ ਟਿੱਲੇ ਦੇ ਜੋਗੀ ਆਏ,
ਕਾਲੀਆਂ ਕਾਲੀਆਂ ਲਿਟਾਂ ਵਾਲੇ ।
ਅਸਮਾਨਾਂ 'ਤੇ ਬੱਦਲ ਹੋਏ ।
ਇਹਨਾਂ ਵਿਚ ਗੜੇ ਬਥੇਰੇ,
ਇਹਨਾਂ ਵਿਚ ਬਿਜਲੀ ਦੇ ਡੇਰੇ ।
ਇਹਨਾਂ ਵਿਚ ਤੂਫ਼ਾਨ ਛੁਪੇ ਨੇ,
ਆਉਂਦੇ ਨੇ ਕਿਣਮਿਣ ਦੀ ਚਾਲੇ ।
ਅਸਮਾਨਾਂ 'ਤੇ ਬੱਦਲ ਹੋਏ ।
ਅੱਗੇ ਈ ਪਾਣੀ ਚਾਰ ਚੁਫ਼ੇਰੇ,
ਉੱਤੋਂ ਬੱਦਲ ਹੋਏ ਘਨੇਰੇ ।
ਹੌਲੀਆਂ ਹੌਲੀਆਂ ਕੰਧਾਂ ਕੋਠੇ,
ਹਲਕੀਆਂ ਹਲਕੀਆਂ ਛੱਤਾਂ ਨਾਲੇ ।
ਅਸਮਾਨਾਂ 'ਤੇ ਬੱਦਲ ਹੋਏ ।
ਕੁਝ ਬੰਦੇ ਬਿਨ ਨਹਾਤੇ ਧੋਤੇ,
ਘਰੋਂ ਨਿਕਲ ਕੇ ਬਾਹਰ ਖਲੋਤੇ ।
ਮੀਂਹ ਆਇਆ ਜੇ ਮੀਂਹ ਆਇਆ ਜੇ,
ਪੁੱਟਣ ਧਰਤੀ ਪਾਣ ਧਮਾਲੇ ।
ਅਸਮਾਨਾਂ 'ਤੇ ਬੱਦਲ ਹੋਏ ।
ਕੁਝ ਖੇਤਾਂ 'ਤੇ ਆਈ ਜਵਾਨੀ,
ਉੱਤੋਂ ਰਚ ਪਈ ਖੇਡ ਅਸਮਾਨੀ ।
ਕੋਈ ਚਾਰਾ ਨਾ ਕਰਦੇ ਦਿਸਦੇ,
ਕੀਹ ਮਾਲਿਕ ਤੇ ਕੀਹ ਰਖਵਾਲੇ ।
ਅਸਮਾਨਾਂ 'ਤੇ ਬੱਦਲ ਹੋਏ ।
ਤੇਰੇ ਦੇਸ਼ ਅੰਦਰ ਦੀਵਾਰਾਂ 'ਚ ਲਾਸ਼ਾਂ,
ਬਾਗ਼ਾਂ 'ਚ ਮੁਰਦੇ, ਬਾਜ਼ਾਰਾਂ 'ਚ ਲਾਸ਼ਾਂ,
ਕਫ਼ਨ ਤੋਂ ਬਿਨਾਂ ਨੀ, ਹਜ਼ਾਰਾਂ 'ਚ ਲਾਸ਼ਾਂ,
ਇਹ ਜਿਉਂਦੇ ਜੋ ਦਿਸਦੇ ਕਤਾਰਾਂ 'ਚ ਲਾਸ਼ਾਂ,
ਇਹ ਜਾਨਾਂ ਜਵਾਨਾਂ, ਤੇਰੇ ਦੇਸ਼ ਦੀਆਂ,
ਇਹ ਸ਼ਾਨਾਂ ਜਵਾਨਾਂ ਤੇਰੇ ਦੇਸ਼ ਦੀਆਂ।
ਦਾਤਾ ਹੀ ਦੇਵੇ ਦਿਲਾਵੇਗਾ ਰੋਟੀ,
ਅੱਲ੍ਹਾ ਦਾ ਪਿਆਰਾ ਪੁਚਾਵੇਗਾ ਰੋਟੀ,
ਭੁੱਖੇ ਨੂੰ ਕੋਈ ਖਿਲਾਵੇਗਾ ਰੋਟੀ,
ਤੇ ਮੌਲਾ ਹੀ ਕਿਧਰੋਂ ਦਿਲਾਵੇਗਾ ਰੋਟੀ,
ਇਹ ਤਾਨਾਂ ਜਵਾਨਾਂ, ਤੇਰੇ ਦੇਸ਼ ਦੀਆਂ,
ਇਹ ਸ਼ਾਨਾਂ ਜਵਾਨਾਂ ਤੇਰੇ ਦੇਸ਼ ਦੀਆਂ।
ਦੁਨੀਆਂ ਹੁਣ ਪੁਰਾਣੀ ਏ, ਨਜ਼ਾਮ ਬਦਲੇ ਜਾਣਗੇ।
ਊਠ ਦੀ ਸਵਾਰੀ ਦੇ, ਮਕਾਮ ਬਦਲੇ ਜਾਣਗੇ।
ਅਮੀਰ ਤੇ ਗਰੀਬ ਦੇ, ਨਾਮ ਬਦਲੇ ਜਾਣਗੇ।
ਆਕਾ ਬਦਲੇ ਜਾਣਗੇ, ਗ਼ੁਲਾਮ ਬਦਲੇ ਜਾਣਗੇ।
ਸੁਲਤਾਨੀ ਬਦਲੀ ਜਾਏਗੀ, ਦਰਬਾਨੀ ਬਦਲੀ ਜਾਏਗੀ ।
ਤਾਜ਼ੀਰਾਤ-ਏ-ਹਿੰਦ ਦੀ, ਕਹਾਣੀ ਬਦਲੀ ਜਾਏਗੀ ।
ਦਾਨਾਈ ਵਿਚ ਹੁਣ ਨਹੀਂ, ਨਾਦਾਨੀ ਬਦਲੀ ਜਾਏਗੀ ।
ਇਕ ਇਕ ਫਰੰਗੀ ਦੀ, ਨਿਸ਼ਾਨੀ ਬਦਲੀ ਜਾਏਗੀ ।
ਕੋਠੀਆਂ 'ਚ ਡਾਕੂਆਂ ਦੇ, ਡੇਰੇ ਬਦਲੇ ਜਾਣਗੇ ।
ਦਿਨੋਂ ਦਿਨੀਂ ਰਿਸ਼ਵਤਾਂ ਦੇ, ਗੇੜੇ ਬਦਲੇ ਜਾਣਗੇ ।
ਆਪੋ ਵਿਚ ਵੰਡੀਆਂ ਦੇ, ਘੇਰੇ ਬਦਲੇ ਜਾਣਗੇ ।
ਕਾਲਖਾਂ ਦੇ ਨਾਲ ਭਰੇ, ਚਿਹਰੇ ਬਦਲੇ ਜਾਣਗੇ ।
ਕਿਤਾਬ ਬਦਲੀ ਜਾਏਗੀ, ਮਜ਼ਮੂਨ ਬਦਲੇ ਜਾਣਗੇ ।
ਅਦਾਲਤ ਬਦਲੀ ਜਾਏਗੀ, ਕਾਨੂੰਨ ਬਦਲੇ ਜਾਣਗੇ।
ਦੌਲਤੇ ਬਦਲੇ ਜਾਣਗੇ ਤੇ ਨੂਨ ਬਦਲੇ ਜਾਣਗੇ ।
ਗਦਾਰਾਂ ਦੀਆਂ ਰਗਾਂ ਵਿੱਚੋਂ, ਖ਼ੂਨ ਬਦਲੇ ਜਾਣਗੇ।
ਚੋਰ ਵੀ ਆਖਣ ਚੋਰ ਓ ਚੋਰ ।
ਚੋਰਾਂ ਦੀ ਪੱਗ ਸਾਧਾਂ ਲਾਹ ਲਈ,
ਚਾਰ ਚੁਫ਼ੇਰੇ ਪੈ ਗਿਆ ਸ਼ੋਰ ।
ਏਥੇ ਏਨੀ ਅੰਨ੍ਹੀ ਪੈ ਗਈ,
ਚੋਰ ਵੀ ਆਖਣ ਚੋਰ ਓ ਚੋਰ ।
ਚੋਰ ਵੀ ਆਖਣ ਚੋਰ ਓ ਚੋਰ ।
ਚਿੱਟੇ ਕਪੜੇ ਸਾਊ ਅਖਵਾਂਦੇ,
ਠੱਗੀ ਲਾ ਲੈਣ ਜਾਂਦੇ ਜਾਂਦੇ ।
ਐਸਾ ਅੱਖੀਂ ਘੱਟਾ ਪਾਂਦੇ,
ਭਿੱਜਿਆ ਇਤਰ ਰੁਮਾਲ ਸੁੰਘਾਂਦੇ ।
ਆ ਜਾਵੇ ਬੰਦੇ ਨੂੰ ਲੋਰ ।
ਚੋਰ ਵੀ ਆਖਣ ਚੋਰ ਓ ਚੋਰ ।
ਲੁੱਟਣ ਜੰਞ ਬਾਰਾਤੀ ਬਣ ਕੇ,
ਵੇਚਣ ਮੌਤ ਹਯਾਤੀ ਬਣ ਕੇ ।
ਕੱਟਣ ਮਾਸ ਇਹ ਕਾਤੀ ਬਣ ਕੇ,
ਦਿਲ ਦੀ ਤਖ਼ਤੀ ਕਾਲੀ ਕਾਲੀ,
ਚਲਦੇ ਨੇ ਵਲੀਆਂ ਦੀ ਟੋਰ ।
ਚੋਰ ਵੀ ਆਖਣ ਚੋਰ ਓ ਚੋਰ ।
ਫਾਵੇ ਹੋ ਗਏ ਪੜ੍ਹ ਪੜ੍ਹ ਮੁੰਡੇ,
ਕੁਝ ਬਣ ਗਏ ਨੇ ਚੋਰ ਤੇ ਗੁੰਡੇ ।
ਕਈ ਭੁੱਖਾਂ ਨੇ ਆਣ ਨੇ ਫੁੰਡੇ,
ਕਈ ਪਏ ਵਿਹਲੇ ਫਿਰਨ ਲਟੋਰ ।
ਚੋਰ ਵੀ ਆਖਣ ਚੋਰ ਓ ਚੋਰ ।
ਗੰਢ ਕਪਿਆਂ ਦੇ ਏਥੇ ਡੇਰੇ,
ਲੁੱਟ ਪੈ ਗਈ ਚਾਰ ਚੁਫ਼ੇਰੇ ।
ਕੰਬਣ ਬੰਦੇ ਸ਼ਾਮ ਸਵੇਰੇ,
ਭੁੱਲ ਜਾਂਦੇ ਘਰ ਜਾਂਦੇ ਟੋਰ ।
ਚੋਰ ਵੀ ਆਖਣ ਚੋਰ ਓ ਚੋਰ ।
ਕਾਲੇ ਕਾਲੇ ਬੱਦਲ ਆਏ,
ਬੱਦਲ ਵੇਖ ਕੇ ਨੱਚਣ ਮੋਰ ।
ਕਾਲੀਆਂ ਇੱਟਾਂ ਕਾਲੇ ਰੋੜ,
ਮੀਂਹ ਵਸਾ ਦੇ ਜ਼ੋਰੋ ਜ਼ੋਰ ।
ਸਾਰੇ ਰਲ ਮਿਲ ਇਹੋ ਆਖੋ
ਚੋਰ ਵੀ ਆਖਣ ਚੋਰ ਓ ਚੋਰ ।
ਮਹਾਤਮਾ ਜੀ ਦੇ ਫ਼ਲਸਫ਼ੇ ਦੇ ਚਰਚੇ,
ਇੰਝ ਨੇ ਵਿਚ ਜਹਾਨ ਹੋ ਗਏ ।
ਤੋਪਾਂ ਉੱਤੇ ਢੰਡੋਰਚੀ ਸਾਂਤੀ ਦੇ,
ਕਦੇ ਮੰਤਰੀ ਕਦੇ ਪਰਧਾਨ ਹੋ ਗਏ ।
ਖੋਹ ਖਿੰਜ ਕੇ ਮੁਲਕੀ ਰਿਆਸਤਾਂ ਨੂੰ,
ਆਪੇ ਏਸ਼ੀਆ ਦੇ ਨਿਗਹਬਾਨ ਹੋ ਗਏ ।
ਐਸੇ ਜ਼ੁਅਮ ਅੰਦਰ ਮੇਰੇ ਦੇਸ ਆਏ,
ਏਥੇ ਆਉਂਦਿਆਂ ਈ ਪਰੇਸ਼ਾਨ ਹੋ ਗਏ ।
ਆ ਗਈ ਜਾਗ ਏਧਰ ਸੁੱਤਿਆਂ ਨੂੰ,
ਉੱਠੇ, ਉੱਠ ਕੇ ਤੇ ਸਾਵਧਾਨ ਹੋ ਗਏ ।
ਬੁੱਢੇ ਬੁੱਢੇ ਨੂੰ ਨਸ਼ੇ ਜਵਾਨੀਆਂ ਦੇ,
ਅਤੇ ਬੱਚੇ ਵੀ ਸ਼ੇਰ ਜਵਾਨ ਹੋ ਗਏ ।
ਬਣ ਗਏ ਮੁਜਾਹਦ ਤੇ ਕੁਝ ਗ਼ਾਜ਼ੀ,
ਆਈਆਂ ਹਿੰਮਤਾਂ ਮਾੜੇ ਭਲਵਾਨ ਹੋ ਗਏ ।
ਵੈਰੀ ਵਿਚ ਮੈਦਾਨ ਦੇ ਠਹਿਰਿਆ ਨਾ,
ਲਲਕਾਰ ਮਾਰ ਕੇ ਰੁਸਤਮ ਜ਼ਮਾਨ ਹੋ ਗਏ ।
ਸਿੰਧੀ ਨਾਲ ਪੰਜਾਬੀ ਬਲੋਚ ਸਾਰੇ,
ਤੇ ਬੰਗਾਲੀਆਂ ਨਾਲ ਪਠਾਨ ਹੋ ਗਏ ।
ਪੰਜੇ ਰਲੇ ਤੇ ਇਕ ਘਸੁੰਨ ਬਣਿਆ,
ਤੇ ਘਸੁੰਨ ਤੋਂ ਫੇਰ ਘਮਸਾਨ ਹੋ ਗਏ ।
ਮੇਰੇ ਦੇਸ ਦੀ ਪਾਕ ਸਰਹੱਦ ਉੱਤੇ,
ਵੇਖੋ ਵੈਰੀਆਂ ਦੇ ਕਬਰਸਤਾਨ ਹੋ ਗਏ ।
ਕਬਰਸਤਾਨ ਤਾਂ ਹੁੰਦੇ ਨੇ ਮੋਮਿਨਾਂ ਦੇ,
ਬੋਲੋ ਰਾਮ ਦੇ ਏਥੇ ਸ਼ਮਸ਼ਾਨ ਹੋ ਗਏ ।
ਏਦੂੰ ਵੱਧ ਕੀ ਮੋਅਜ਼ਜ਼ਾ ਹੋਰ ਹੋਣਾ,
'ਦਾਮਨ' ਜਹੇ ਦਿਲੋਂ ਮੁਸਲਮਾਨ ਹੋ ਗਏ ।
ਕੌਮ ਦੇ ਗ਼ੱਦਾਰੋ ਤੇ ਪੁਕਾਰੋ ਕੁਸਕਾਰੋ ਹੁਣ,
ਗਏ ਹੋਏ ਫ਼ਰੰਗੀਆਂ ਨੂੰ ਮੁੜ ਕੇ ਬੁਲਾਈ ਜਾਓ ।
ਕੌਮਾਂ ਦੀਆਂ ਕੌਮਾਂ ਤੁਸੀਂ ਟੋਟੇ ਟੋਟੇ ਕੀਤੀਆਂ ਨੇ,
ਬੰਦਾ ਬੰਦਾ ਟੋਟੇ ਟੋਟੇ ਹੁੰਦਾ ਤੇ ਕਰਾਈ ਜਾਓ ।
ਖਾਈ ਜਾਓ ਖਾਈ ਜਾਓ ਭੇਤ ਕਿਨ੍ਹੇਂ ਖੋਹਲਣੇ ਨੇ,
ਵਿਚੋਂ ਵਿਚ ਖਾਈ ਜਾਓ ਉੱਤੋਂ ਰੌਲਾ ਪਾਈ ਜਾਓ ।
ਭੁੱਖਾਂ ਕੋਲੋਂ ਹੋ ਕੇ ਤੰਗ ਲੋਕਾਂ ਬਾਂਗਾਂ ਦਿੱਤੀਆਂ ਨੇ,
ਕੋਰਮਾ ਪਿਲਾਓ ਰੱਜ ਘਰਾਂ 'ਚ ਉਡਾਈ ਜਾਓ ।
ਚਾਰੇ ਪਾਸੇ ਕਬਰਾਂ ਨੇ ਉੱਡਦੀ ਪਈ ਹੈ ਮਿੱਟੀ,
ਪੱਖੀਵਾਸ ਪੈਦਾ ਕਰੋ ਕੋਠੀਆਂ ਬਣਾਈ ਜਾਓ ।
ਚਾਚਾ ਦੇ ਭਤੀਜੇ ਨੂੰ ਭਤੀਜਾ ਦੇਵੇ ਚਾਚੇ ਤਾਈਂ,
ਆਪੋ ਵਿਚ ਵੰਡੀ ਜਾਓ, ਆਪੋ ਵਿਚ ਖਾਈ ਜਾਓ ।
ਅੰਨ੍ਹਾ ਮਾਰੇ ਅੰਨ੍ਹੀ ਨੂੰ ਘਸੁੰਨ ਵੱਜੇ ਥੰਮ੍ਹੀ ਨੂੰ,
ਜਿੰਨੀ ਅੰਨ੍ਹੀ ਪੈ ਸਕੇ ਓਨੀ ਅੰਨ੍ਹੀ ਪਾਈ ਜਾਓ ।
ਮਰੀ ਦੀਆਂ ਚੋਟੀਆਂ 'ਤੇ ਛੁੱਟੀਆਂ ਬਤੀਤ ਕਰ,
ਗ਼ਰੀਬਾਂ ਨੂੰ ਕਸ਼ਮੀਰ ਵਾਲੀ ਸੜਕ ਉੱਤੇ ਪਾਈ ਜਾਓ ।
ਢਿੱਡ ਭਰੋ ਆਪਣੇ ਤੇ ਇਹਨਾਂ ਦੀ ਹੈ ਲੋੜ ਕਾਹਦੀ,
ਭੁੱਖਿਆਂ ਨੂੰ ਲੰਮੀਆਂ ਕਹਾਣੀਆਂ ਸੁਣਾਈ ਜਾਓ ।
ਬੰਦ ਜੇ ਸ਼ਰਾਬ ਕੀਤੀ ਵਾਰੇ ਜਾਈਏ ਬੰਦਸ਼ਾਂ ਦੇ,
ਘਰੋ-ਘਰੀ ਪੇਟੀਆਂ ਤੇ ਪੇਟੀਆਂ ਪੁਚਾਈ ਜਾਓ ।
ਤੋਲਾ ਮਾਸਾ ਰੋਲ ਕੇ ਗ਼ਰੀਬਾਂ ਦੀ ਕਮਾਈ ਵਿਚੋਂ,
ਕਾਰਾਂ ਅਤੇ ਕਾਰਾਂ ਅਮਰੀਕਾ ਤੋਂ ਮੰਗਾਈ ਜਾਓ ।
ਖਾਈ ਜਾਓ ਖਾਈ ਜਾਓ ਭੇਤ ਕਿਨ੍ਹੇਂ ਖੋਹਲਣੇ ਨੇ,
ਵਿਚੋਂ ਵਿਚ ਖਾਈ ਜਾਓ ਉੱਤੋਂ ਰੌਲਾ ਪਾਈ ਜਾਓ ।
ਬੁਲਬੁਲ ਵਾਂਗ ਗੁਲਾਬ ਦੇ ਫੁੱਲ ਉੱਤੇ,
ਅਸੀਂ ਮਸਤ ਹੋ ਕੇ ਸਦਾ ਚਹਿਕਨੇ ਹਾਂ ।
ਸਾਡੇ ਚਮਨ ਨੂੰ ਕੋਈ ਬਰਬਾਦ ਕਰ ਦੇ,
ਅਸੀਂ ਗਲੇ ਲੱਗ ਕੇ ਮਰਨਾ ਜਾਣਨੇ ਹਾਂ ।
ਮਿੱਟੀ ਵਤਨ ਦੀ ਹੈ ਸੁਰਮਾ ਅੱਖੀਆਂ ਦਾ,
ਅਸੀਂ ਵਰਤੀਏ ਜਗਹ ਮਮੀਰਿਆਂ ਦੀ ।
ਜੇਕਰ ਅੰਨ੍ਹੇ ਨੂੰ ਕੁਝ ਨਾ ਨਜ਼ਰ ਆਵੇ,
ਨੂਰ ਚਾਨਣਾ ਵੀ ਕਰਨਾ ਜਾਣਨੇ ਹਾਂ ।
ਰੱਬੀ ਨੂਰ ਏ ਵਤਨ ਦੀ ਸ਼ਮ੍ਹਾ ਕੀਤੀ,
ਸਦਾ ਵੇਖੀਏ ਏਸ ਦੇ ਜਲਵਿਆਂ ਨੂੰ ।
ਅਸੀਂ ਵਾਂਗ ਪਰਵਾਨਿਆਂ ਦੀਵਾਨਿਆਂ ਦੇ,
ਧੜ ਧੜ ਆ ਕੇ ਸੜਨਾ ਜਾਣਨੇ ਹਾਂ ।
ਗੰਗਾ ਜਮੁਨਾ ਵੇਖੇ ਨੇ ਤਰ ਤਰ ਕੇ,
ਅਸੀਂ ਤਾਰੂ ਹਾਂ ਸਾਰਿਆਂ ਪਾਣੀਆਂ ਦੇ ।
ਵਗਦੇ ਖ਼ੂਨ ਦੇ ਹੋਣ ਦਰਿਆ ਭਾਵੇਂ,
ਸੁਰਖ਼ਰੂ ਹੋ ਕੇ ਤਰਨਾ ਜਾਣਨੇ ਹਾਂ ।
ਸ਼ੇਰ ਵਤਨ ਦੇ ਬੰਦੇ ਕਿਰਾਏ ਦੇ ਨਹੀਂ,
ਟੁਕੜੇ ਜਿਗਰ ਦੇ ਲੜੇ ਮੈਦਾਨ ਅੰਦਰ ।
ਠੰਡ ਦਿਲਾਂ ਦੀ ਨੂਰ ਹੈ ਅੱਖੀਆਂ ਦਾ,
ਦਮ ਵਤਨ ਦਾ ਭਰਨਾ ਜਾਣਨੇ ਹਾਂ ।
ਪਾਕਿਸਤਾਨ ਇਕ ਸ਼ੇਰਾਂ ਦੀ ਜੂਹ ਸਮਝੋ,
ਕੀ ਚਲਾ ਜਾਏਗਾ ਗਿਦੜ ਭਬਕੀਆਂ ਤੋਂ ।
ਆਪਣੀ ਜ਼ਮੀਂ ਨੂੰ ਖ਼ੂਨ ਦੀ ਨਮੀ ਦੇ ਕੇ,
ਲਾਲੋ ਲਾਲ ਅਸੀਂ ਕਰਨਾ ਜਾਣਨੇ ਹਾਂ ।
ਅਸੀਂ ਯਾਰਾਂ ਦੇ ਯਾਰ ਦਿਲ ਬੰਦ ਵੀ ਹਾਂ,
ਬਾਂਹ 'ਚ ਬਾਂਹ ਪਾ ਕੇ ਟੁਰਨਾ ਆਂਵਦਾ ਏ ।
ਜਦੋਂ ਹੱਥ ਤੋਂ ਕੋਈ ਹਥਿਆਰ ਬਣਦਾ,
ਦੋ ਦੋ ਹੱਥ ਵੀ ਤੇ ਕਰਨਾ ਜਾਣਨੇ ਹਾਂ ।
ਜਿਨ੍ਹਾਂ ਰੰਨਾਂ ਦੇ ਮਰਦ ਕਮਾਊ ਹੁੰਦੇ,
ਖੁੱਲ੍ਹ ਕੇ ਵਿਚ ਸ਼ਰੀਕੇ ਦੇ ਬਹਿੰਦੀਆਂ ਨੇ ।
ਜਿਵੇਂ ਅੱਲੜ੍ਹ ਜਵਾਨੀ ਦੇ ਸਮੇਂ ਅੰਦਰ,
ਚੁੰਨੀਆਂ ਸਿਰਾਂ ਤੋਂ ਲਹਿ ਲਹਿ ਪੈਂਦੀਆਂ ਨੇ ।
ਜਿਹਨਾਂ ਮਾਵਾਂ ਦੇ ਪੁੱਤ ਨਲਾਇਕ ਹੁੰਦੇ,
ਉਹ ਬਾਹਰ ਸ਼ਰੀਕਿਓਂ ਰਹਿੰਦੀਆਂ ਨੇ ।
ਜਿਹੜੀਆਂ ਇੱਟਾਂ ਚੌਬਾਰਿਓਂ ਡਿੱਗਦੀਆਂ ਨੇ,
ਉਹ ਸਿੱਧੀਆਂ ਮੋਰੀ 'ਚ ਪੈਂਦੀਆਂ ਨੇ ।
ਜਦੋਂ ਆਪਣੀ ਜੇਬ ਤੋਂ ਫਾਂਕ ਹੋਈਏ,
ਕਦੋਂ ਯਾਰੀਆਂ ਗੂੜ੍ਹੀਆਂ ਰਹਿੰਦੀਆਂ ਨੇ ।
ਜਿਹਨਾਂ ਟਾਹਣੀਆਂ ਨਾਲ ਨਾ ਫੁੱਲ ਲੱਗਣ,
ਉਹਨਾਂ ਉੱਤੇ ਨਾ ਬੁਲਬੁਲਾਂ ਬਹਿੰਦੀਆਂ ਨੇ ।
ਮਾਲਦਾਰਾਂ ਨੂੰ ਦੁੱਖ ਵਧੀਕ ਹੁੰਦੇ,
ਏਨੀ ਗੱਲ ਨਾ ਖ਼ਲਕਤਾਂ ਵਿੰਹਦੀਆਂ ਨੇ ।
ਜਿਹੜੀ ਬੇਰੀ ਨੂੰ ਲੱਗਦੇ ਬੇਰ ਬਹੁਤੇ,
ਇੱਟਾਂ ਓਸੇ ਨੂੰ ਬਹੁਤੀਆਂ ਪੈਂਦੀਆਂ ਨੇ ।
ਅੱਖਾਂ ਖੁੱਲ੍ਹਦੀਆਂ ਤੇ ਹੋਸ਼ਾਂ ਆਉਂਦੀਆਂ ਨੇ,
ਜਦੋਂ ਆਣ ਸਿਰ 'ਤੇ ਭੀੜਾਂ ਪੈਂਦੀਆਂ ਨੇ ।
ਗਿਰੀਆਂ ਉਦੋਂ ਬਦਾਮਾਂ 'ਚੋਂ ਬਾਹਰ ਆਵਣ,
ਜਦੋਂ ਉਹਨਾਂ ਉੱਤੇ ਸੱਟਾਂ ਪੈਂਦੀਆਂ ਨੇ ।
ਜਦੋਂ ਪਾਣੀ ਦਰਿਆਵਾਂ 'ਚੋਂ ਮੁੱਕ ਜਾਂਦੇ,
ਕਦੋਂ ਮੱਛੀਆਂ ਜਿਊਂਦੀਆਂ ਰਹਿੰਦੀਆਂ ਨੇ ।
ਜਦੋਂ ਆਣ ਮਕਾਨ ਨੂੰ ਕੇਹ ਲੱਗਦੀ,
ਕੰਧਾਂ ਆਪਣੇ ਆਪ ਫਿਰ ਢਹਿੰਦੀਆਂ ਨੇ ।
1.
ਲਹੂ ਨਾ ਮਿਲੇ ਜਦ ਤਕ ਬਹਾਰਾਂ ਦਾ,
ਲਾਲੀ ਕੌਮ ਦੇ ਚਿਹਰੇ 'ਤੇ ਆਉਂਦੀ ਨਹੀਂ ।
2.
ਗੰਦੇ ਦਿਲਾਂ ਨੂੰ ਬਹੁਤੀ ਏ ਮਾਰ ਪੈਂਦੀ,
ਮੈਲੇ ਕੱਪੜੇ ਨੂੰ ਧੋਬੀ ਛੱਟਦੇ ਨੇ ।
ਜੇਕਰ ਛੱਟਿਆਂ ਮੈਲ ਨਾ ਸਾਫ਼ ਹੋਵੇ,
ਰੰਗ ਕਾਟ ਪਾ ਕੇ ਮੈਲ ਕੱਟਦੇ ਨੇ ।
3.
'ਦਾਮਨ' ਚਾਹਨਾਂ ਏਂ ਜੇ ਤੂੰ ਜ਼ਰਬ ਲੱਗੇ,
ਵਿਚ ਜਾਹਿਲਾਂ ਦਨਾਈ ਤਕਸੀਮ ਨਾ ਕਰ ।
4.
ਐਬ ਜੱਗ ਦੇ, ਫੋਲ ਕੇ ਖ਼ੁਸ਼ੀ ਕਰਨਾ ਏਂ,
ਆਪਣੇ ਮਨ 'ਚ ਝਾਤੀ ਕਿਉਂ ਮਾਰਦਾ ਨਹੀਂ ।
ਹਰ ਥਾਂ ਫੂਟਕਾਂ ਦੇ ਤੰਬੂ ਤਾਣਦਾ ਏਂ,
ਕਦੇ ਆਪਣੀ ਹੱਠ ਤੋਂ ਹਾਰਦਾ ਨਹੀਂ ।
5.
ਮਾੜੇ ਕਰਨ ਉਡੀਕ ਕਿਆਮਤਾਂ ਦੀ,
ਵੱਡੇ ਖੋਹਲਦੇ ਇਥੇ ਅਜੰਸੀਆਂ ਨੇ ।
ਜਿਥੇ ਲੱਗਣ ਜੁਮੇ ਬਾਜ਼ਾਰ ਨਾਹੀਂ,
ਸਾਨੂੰ ਮਿਲਣੀਆਂ ਓਥੇ ਕਰੰਸੀਆਂ ਨੇ ।
6.
ਥੁੱਕ ਦਿਓ ਕੌੜਾ ਮੂੰਹ ਕਹੋ ਮਿੱਠਾ,
ਗੱਲਾਂ ਮਿੱਠੀਆਂ ਕਰੋ ਜਹਾਨ ਅੰਦਰ ।
ਇਹ ਵਸਤੀਆਂ ਅਮਨ ਅਮਾਨ ਵੱਸਣ,
ਪੈਦਾ ਕਰੋ ਮਿਠਾਸ ਇਨਸਾਨ ਅੰਦਰ ।
7.
ਮੈਂ ਕਿਧਰੇ ਵਾਂ ਤੂੰ ਵੀ ਕਿਧਰੇ,
ਮੈਂ ਕੋਈ ਹੋਰ ਤੂੰ ਹੋਰ ਤੇ ਨਹੀਂ ।
ਲੁਕ ਲੁਕ ਬਹਿਨਾ ਏਂ, ਇਹ ਗੱਲ ਦੱਸ ਦੇ,
ਮੇਰਾ ਰੱਬ ਏਂ ਚੋਰ ਤੇ ਨਹੀਂ ।
8.
ਸਮਝ ਆਉਂਦੀ ਤੇ ਸਮਝਾਉਂਦੀ ਏ ।
ਇਕ ਭਾਗ ਬੰਦੇ ਨੂੰ ਲਾਉਂਦੀ ਏ ।
ਪਰ ਕੀ ਕਰੀਏ ਬੇ-ਸਮਝੀ ਨੂੰ,
ਸਮਝ ਆਉਂਦੇ ਆਉਂਦੇ ਆਉਂਦੀ ਏ ।
9.
ਜੇਕਰ ਸਾਹਮਣੇ ਹੋਵੇਂ ਤਾਂ ਗੱਲ ਕਰੀਏ,
ਖ਼ੌਰੇ ਅਰਸ਼ 'ਤੇ ਬੈਠਾ ਤੇ ਕੀ ਕਰਦਾ ।
ਇਹ ਦੁਨੀਆਂ ਬਣਾ ਘੁਮੰਡ ਏਡਾ,
ਜਿਥੇ ਡੁੱਬ ਕੇ ਮਰਨ ਨੂੰ ਜੀ ਕਰਦਾ ।
10.
ਸੱਚ ਬੋਲਿਆ ਜਿਹਨੇ ਵੀ, ਦਾਰ ਚੜ੍ਹਿਆ,
ਸੱਚ ਬੋਲ ਕੇ ਹੋਏ ਨੁਕਸਾਨ ਲੱਖਾਂ ।
ਸਿੱਕਾ ਝੂਠ ਦਾ ਏ ਚਮਕਦਾਰ 'ਦਾਮਨ'
ਇਹਨੂੰ ਵੇਖ ਕੇ ਚੁੰਨ੍ਹੀਆਂ ਹੋਣ ਅੱਖਾਂ ।
11.
ਖਾ ਖਾ ਠੋਕਰਾਂ ਰਸਤੇ ਦੇ ਵਾਂਗ ਰੋੜੇ,
ਅਸੀਂ ਗੋਲ ਮਟੋਲ ਜਹੇ ਹੋ ਗਏ ਹਾਂ ।
ਸੁਣ ਸੁਣ ਝੂਠ ਜ਼ਮਾਨੇ ਤੋਂ ਸੱਚ ਭੁੱਲੇ,
ਅਸੀਂ ਆਪ ਅਣਭੋਲ ਜਹੇ ਹੋ ਗਏ ਹਾਂ ।
12.
ਟੋਪੀ ਦੇ ਵਿਚ ਗੰਗਾ ਜਮਨਾ, ਪੈਂਦੇ ਵਿਚ ਸ਼ਿਵਾਲੇ ਜੀ ।
ਏਧਰ ਓਧਰ ਕੀਹ ਭੌਨਾ ਏਂ, ਪਾਸੇ ਬੈਠ ਕੇ ਹੁੱਕਾ ਪੀ ।
13.
ਇੱਕੋ ਬੰਦਾ ਹੈ ਪਾਕਿਸਤਾਨ ਅੰਦਰ,
ਹੋਰ ਸੱਭੇ ਰਾਮ ਕਹਾਣੀਆਂ ਨੇ।
ਭਾਵੇਂ ਭੁੱਟੋ ਹੋਵੇ, ਭਾਵੇਂ ਵੱਟੂ ਹੋਵੇ,
ਸਦਰ ਆਯੂਬ ਦੀਆਂ ਸੱਭੇ ਵੱਟਵਾਣੀਆਂ ਨੇ।
14.
ਕੰਮ ਕਰਦਿਆਂ ਦੇ ਸਾਕ ਮਿਲਦਿਆਂ ਦੇ,
ਖੂਹਾਂ ਵਗਦਿਆਂ ਦਾ ਪਾਣੀ ਸਾਫ਼ ਹੁੰਦਾ ।
ਏਥੇ ਪੁੱਛਦਾ ਕੌਣ ਕਮਜ਼ੋਰਿਆਂ ਨੂੰ,
ਜ਼ੋਰਾਵਰਾਂ ਦੇ ਨਾਲ ਇਨਸਾਫ਼ ਹੁੰਦਾ ।
15.
ਬੇਗ਼ਮ ਕੀ ਕਹਿੰਦੀ, ਗਰਾਰਾ ਕੀ ਕਹਿੰਦਾ ।
ਅਸਾਡੇ ਵਜ਼ੀਰਾਂ ਦਾ ਕੀ ਪੁੱਛ ਰਹੇ ਹੋ,
ਜੋ ਦੌਰਾ ਵੀ ਪੈਂਦਾ, ਅਮਰੀਕਾ ਦਾ ਪੈਂਦਾ ।
16.
ਜ਼ਿੰਦਾਬਾਦ ਅਮਰੀਕਾ
ਹਰ ਮਰਜ਼ ਦਾ ਟੀਕਾ
ਜ਼ਿੰਦਾਬਾਦ ਅਮਰੀਕਾ
17.
ਗੋਲੀ ਮਾਰੀ ਏ ਜਿਹਨੇ ਮਹਾਤਮਾ ਨੂੰ,
ਉਹਨੇ ਜ਼ਿਮੀਂ ਦਾ ਗੋਲਾ ਘੁਮਾ ਛੱਡਿਆ ।
ਚੀਕਾਂ ਵਿਚ ਆਵਾਜ਼ ਇਕ ਅਮਨ ਦੀ ਸੀ,
ਕਿਸੇ ਜ਼ਾਲਿਮ ਨੇ ਗਲਾ ਦਬਾ ਛੱਡਿਆ ।
18.
ਸ਼ਾਨ ਆਪਣੀ ਵਧਾਣ ਦੀ ਖ਼ੁਸ਼ੀ ਕਰਨਾ ਏਂ,
ਕਦੇ ਕਿਸੇ ਦਾ ਕੰਮ ਸੁਆਰਦਾ ਨਹੀਂ ।
'ਦਾਮਨ' ਫੁੱਟ ਦੇ ਬਹਿਰ ਵਿਚ ਜੋ ਡੁੱਬੇ,
ਉਹਨੂੰ ਨਜ਼ਰ ਆਉਂਦਾ ਕੰਢਾ ਪਾਰ ਦਾ ਨਹੀਂ ।
19.
ਕਵਾਨੀਨ ਇਹ ਸਾਰੇ ਨੇ ਮਾੜਿਆਂ ਲਈ,
ਭਾਵੇਂ ਹੋਣ ਕਾਲੇ ਭਾਵੇਂ ਹੋਣ ਗੋਰੇ ।
ਤਗੜਾ ਧੌਣ ਕਨੂੰਨ ਦੀ ਮੋੜ ਲੈਂਦਾ,
ਦੇ ਕੇ ਸੋਨੇ ਦੇ ਦੌਲਤਾਂ ਨਾਲ ਬੋਰੇ ।
20.
ਬਿਹਤਰ ਮੌਤ ਆਜ਼ਾਦੀ ਦੀ ਸਮਝਦੇ ਹਾਂ,
ਅਸੀਂ ਏਸ ਗ਼ੁਲਾਮੀ ਦੀ ਜ਼ਿੰਦਗੀ ਤੋਂ ।
ਸਾਡਾ ਵਤਨ ਹਕੂਮਤ ਹੈ ਗ਼ੈਰ ਵਤਨੀਂ,
ਮਰ ਮਿਟਾਂਗੇ ਏਸ ਸ਼ਰਮਿੰਦਗੀ ਤੋਂ ।
21.
ਖ਼ੌਰੇ ਕਿਉਂ ਨਹੀਂ ਜ਼ਮੀਨ ਦੀ ਗੱਲ ਕਰਦੇ,
ਬੰਦੇ ਇਹ ਜਿਹੜੇ ਪੁਤਲੇ ਖ਼ਾਕ ਦੇ ਨੇ ।
ਰੱਜ ਖਾਂਦਿਆਂ ਨੂੰ ਗੱਲਾਂ ਆਉਂਦੀਆਂ ਨੇ,
ਲੱਗੇ ਆਟਾ ਤੇ ਤਬਲੇ ਪਟਾਕਦੇ ਨੇ ।
22.
ਚੱਲਣ ਲੱਗੇ ਨੇ ਵਹਿਣ ਆਜ਼ਾਦੀਆਂ ਦੇ,
ਹਿੰਦੋਸਤਾਨੀਆਂ ਜ਼ਰਾ ਹੁਸ਼ਿਆਰ ਰਹਿਣਾ ।
ਗੰਦਾ ਹੋਏ ਨਾ ਪਾਣੀ ਧਿਆਨ ਰੱਖਣਾ,
ਭਾਵੇਂ ਆਰ ਰਹਿਣਾ ਭਾਵੇਂ ਪਾਰ ਰਹਿਣਾ ।
23.
ਕਮਲੀ ਅਕਲ ਤੇਰੀ ਸ਼ੱਕ ਕੋਈ ਨਾ,
ਦਾਨਿਸ਼ ਜਾਹਿਲਾਂ ਤੋਂ ਪਿਆ ਵਾਰਨਾ ਏਂ ।
'ਦਾਮਨ' ਸ਼ੇਅਰ ਸੁਣਾ ਕੇ ਮੂਰਖਾਂ ਨੂੰ,
ਮੋਤੀ ਪੱਥਰਾਂ 'ਤੇ ਪਿਆ ਮਾਰਨਾ ਏਂ ।
24.
ਮੇਰੀ ਜਾਨ ਜੁਦਾਈ ਤੇਰੀ, ਕੀ ਹੋਈਆਂ ਤਕਸੀਰਾਂ ।
ਕੰਡਿਆਂ ਉੱਤੇ ਹੰਢਿਆ ਲੀੜਾ, ਜੇ ਲਾਹਵਾਂ ਤੇ ਲੀਰਾਂ ।
25.
ਦਿਲ ਮੇਰੇ ਦਾ ਖ਼ੂਨ ਜੇ ਹੋਇਆ ਕਤਰੇ ਅੱਖੀਂ ਅਪੜੇ ।
ਬੱਦਲਾਂ ਅੱਗੇ ਠਹਿਰ ਨਾ ਸਕਦੇ, ਰੰਗ ਬਰੰਗੇ ਕਪੜੇ ।
26.
ਮੈਥੋਂ ਪੁੱਛਦੇ ਹੋ ਮੈਨੂੰ ਕੀਹ ਮਿਲਿਆ,
ਉਹਦੇ ਹਿਜਰ ਤੇ ਉਹਦੇ ਪਿਆਰ ਵਿਚੋਂ ।
ਦਿਲ ਦੇ ਖਰੀਦਿਆ ਛਨਕਣਾ ਮੈਂ,
ਉਹਦੇ ਹੁਸਨ ਦੇ ਮੀਨਾ ਬਾਜ਼ਾਰ ਵਿਚੋਂ ।
27.
ਤੇਰੀ ਮੁੱਠੀ ਵਿਚ ਬੰਦ ਹੈ ਜਾਨ ਮੇਰੀ,
ਰੰਗ ਮਹਿੰਦੀਆਂ ਦੇ ਗੂੜ੍ਹੇ ਚੜ੍ਹੇ ਹੋਏ ਨੇ ।
ਮੇਰੇ ਕਤਲ ਦਾ ਪੂਰਾ ਸਬੂਤ ਮਿਲਦਾ,
ਤੇਰੇ ਹੱਥ ਜੋ ਲਹੂ ਨਾਲ ਭਰੇ ਹੋਏ ਨੇ ।
28.
ਅਲਗਰਜ਼ ਅੱਗੇ ਗਰਜ਼ ਪੇਸ਼ ਕਰਕੇ,
ਅੰਨ੍ਹੇ ਅੱਗੇ ਮੂਰਖਾ ਰੋਣ ਲੱਗਾ ਏਂ ।
'ਦਾਮਨ' ਸਮਝ ਲੈ ਮਾਰੀ ਗਈ ਮੱਤ ਤੇਰੀ,
ਗਾਂ ਸਮਝ ਕੇ ਝੋਟੇ ਨੂੰ ਚੋਣ ਲੱਗਾ ਏਂ ।
29.
ਆਈ ਜਵਾਨੀ ਗਈ ਜਵਾਨੀ,
ਜਿਉਂ ਬੱਦਲਾਂ ਦੀ ਛਾਂ ।
ਭਾਵੇਂ ਰਹੀ ਇਹ ਚਾਰ ਦਿਹਾੜੇ,
ਤਾਂ ਵੀ ਭੁੱਲੇ ਨਾ ।
30.
ਆਈ ਜਵਾਨੀ ਗਈ ਜਵਾਨੀ,
ਜਿਵੇਂ ਵੱਸਦੇ ਘਰ 'ਚੋਂ ਚੋਰ ।
ਫੜਦਿਆਂ ਜੀਕਰ ਨਿਕਲੇ ਹੱਥੋਂ,
ਕਟੀ ਪਤੰਗ ਦੀ ਡੋਰ ।
31.
ਦਾਰੂ ਘਰ ਦਾ ਬੂਹਾ ਖੁੱਲ੍ਹਿਆ,
ਬੁੱਲੇ ਆਏ ਖ਼ੁਸ਼ਬੂਆਂ ਦੇ ।
ਰਿੰਦਾਂ ਦਾਰੂ ਛੱਡਣਾ ਨਾਹੀਂ,
ਕੀ ਫ਼ਾਇਦੇ ਮੁੱਲਾਂ ਸੂਹਾਂ ਦੇ ।
32.
ਨੱਚੇ ਵਿਚ ਖ਼ਿਆਲ ਸੁਰਾਹੀ,
ਅੱਖਾਂ ਵਿਚ ਪਿਆਲਾ ।
ਜਿਉਂ ਤਿਉਂ ਕਰਕੇ ਗਰਮੀ ਕੱਟ ਲਈ,
ਲੰਘੂ ਕਿਵੇਂ ਸਿਆਲਾ ।
33.
ਮੁੱਲਾਂ ਵਾਅਜ਼ ਮਹਿਰਾਬ 'ਚ ਪਿਆ ਕਰਦਾ,
ਅਸੀਂ ਗੱਲ ਹਾਂ ਦਾਰ 'ਤੇ ਕਹਿਣ ਵਾਲੇ ।
ਜਿਥੇ ਜ਼ਲਜ਼ਲੇ ਆਂਵਦੇ ਦਿਨੇ ਰਾਤੀਂ,
ਅਸੀਂ ਓਸ ਮਕਾਨ ਦੇ ਰਹਿਣ ਵਾਲੇ ।
34.
ਲੱਗਦਾ ਇੰਝ ਹਵਾ ਨੇ ਸੁੰਘੀ, ਕਿਧਰੋਂ ਸ਼ਾਖ਼ ਅੰਗੂਰੀ ।
ਬਾਗ਼ਾਂ ਦੇ ਵਿਚ ਫੁੱਲ ਮਸਤਾਏ, ਹੋ ਗਏ ਅਤਿ ਸੰਧੂਰੀ ।
ਚੱਲੇ ਤੇਜ਼ ਹਵਾ ਹੋ ਜਾਂਦੇ ਇਕ ਦੂਜੇ ਦੇ ਨੇੜੇ,
ਜਦ ਵਿਛੜਣ ਤੇ ਇੰਝ ਲੱਗਦਾ ਏ, ਰਹਿ ਗਈ ਗੱਲ ਅਧੂਰੀ ।
35.
ਮੈਂ ਚਾਹੁੰਨਾ ਹਾਂ ਉਹ ਸ਼ਰਾਬ ਪੀਣੀ,
ਹਸ਼ਰ ਤੀਕ ਨਾ ਜਿਸਦਾ ਸਰੂਰ ਉੱਤਰੇ ।
ਸੂਲੀ ਸਾਹਮਣੇ ਹੋਵੇ ਤਾਂ ਸਾਫ਼ ਆਖਾਂ,
ਉੱਤੇ ਮੈਂ ਚੜ੍ਹਨਾਂ ਤੇ ਮਨਸੂਰ ਉੱਤਰੇ ।
36.
ਬਿਜਲੀ ਦੇ ਲਿਸ਼ਕਾਰੇ ਪੈਂਦੇ, ਝੂਮ ਘਟਾਵਾਂ ਆਈਆਂ ।
ਉੱਤੋਂ ਏਸ ਸਮੇਂ ਵਿਚ ਸੱਜਣਾ, ਅੱਖਾਂ ਨਹੀਂ ਪਰਤਾਈਆਂ ।
ਜ਼ਿੰਦਗੀ ਦੇ ਰਿਸ਼ਤੇ ਵਿਚ ਸਾਕੀ, ਟੋਏ ਟਿੱਬੇ ਖਾਈਆਂ ।
ਐਸੇ ਵੇਲੇ ਤੂੰ ਮੈਅਖ਼ਾਨੇ ਨੂੰ ਕਿਉਂ ਨੇ ਕੁੰਡੀਆਂ ਲਾਈਆਂ ।
37.
ਸਮਝ ਸਮਝ ਕੇ ਹੋਰਾਂ ਤਾਈਂ, ਮੈਂ ਲੈਣਾ ਏ ਕੀਹ ।
ਆਪਣਾ ਆਪ ਬੁਝਾਰਤ ਬਣਿਆਂ, ਲੁਕ ਲੁਕ ਬਹਿੰਦਾ ਜੀ ।
ਹੱਕ ਦੀ ਗੱਲ ਸੁਣਾ ਦੇ ਸਭ ਨੂੰ, ਨਾ ਬੁੱਲ੍ਹਾਂ ਨੂੰ ਸੀ ।
ਸੋਚ ਸਮਝ ਦੀ ਐਸੀ ਤੈਸੀ, ਘੁੱਟ ਘੁੱਟ ਕਰਕੇ ਪੀ ।