ਉਕਤਾਮੋਏ ਖਲਦੋਰੋਵਾ ਦੀ ਕਵਿਤਾ ਅਨੁਵਾਦਕ ਸਵਰਨਜੀਤ ਸਵੀ
ਵਲ਼ ਖਾਂਦੀਆਂ ਸੁੰਦਰੀਆਂ
ਤੇ ਉਨ੍ਹਾਂ ਦੀ ਫੈਲਦੀ ਖੁ਼ਸ਼ਬੂ
ਕੀ ਸੂਰਜ ਦੀ ਆਤਮਾ ਖੁਸ਼ ਹੋਵੇਗੀ
ਫੁੱਲਾਂ ਨੇ ਪੂਰੀ ਜਿ਼ੰਦਗੀ ਦਾਅ 'ਤੇ ਲਾ ਦਿੱਤੀ
ਤੇ ਅੰਤ ਮੈਂ ਤੈਨੂੰ ਲੱਭ ਲਿਆ
ਤੇਰੇ ਬਿਨਾਂ
ਜਿ਼ੰਦਗੀ ਦੀ ਮਚਦੀ ਲਾਟ 'ਤੇ ਕਿਵੇਂ ਰਹਿੰਦੀ
ਆਪਣੇ ਦਿਲ ਦੇ ਧਾਗਿਆਂ ਨਾਲ਼
ਮੈਂ ਟੰਗਣ ਲਈ ਡੋਰ ਬੁਣਾਂਗੀ
ਉਨ੍ਹਾਂ ਸਿਰਾਂ ਲਈ
ਜੋ ਪਿਆਰ ਅੱਗੇ ਨਹੀਂ ਝੁਕੇ
ਕਿੰਨਾ ਅਪਣੱਤ ਭਰਿਆ ਹੈ ਤੇਰਾ ਸਬਰ
ਮੇਰੀਆਂ ਗੁਆਚੀਆਂ ਰਾਤਾਂ ਨੂੰ
ਲੋੜ ਹੈ ਖ਼ੁਦਾ ਨਾਲ਼ ਮਿਲਣ ਦੀ
ਅਪਣੇ ਕਵਚ 'ਚ ਲੁਕੇ ਦਰਦ ਨੂੰ ਪਿਘਲਾ ਲੈ
ਉਨ੍ਹਾਂ ਸੁਭਾਗੇ ਪਲਾਂ 'ਚ
ਮੈਂ ਦਿਲ ਦੀ ਅਗਨ ਨਾਲ਼
ਅਸਮਾਨੀਂ ਲੈ ਉਡਾਂਗੀ
ਤੂੰ ਮੁਹੱਬਤ ਮੰਗੀਂ ਤਾਂ ਸਹੀ
ਮੈਂ ਮੁਹੱਬਤ ਦੇ ਪਹਾੜਾਂ ਦੇ ਅੰਬਾਰ ਲਗਾ ਦੇਵਾਂਗੀ
ਜਿਥੋਂ ਅਦਿਸ ਤੋਂ ਮੰਗਿਆ ਮੈਂ ਪਾਇਆ ਤੈਨੂੰ
ਤਾਂ ਕਿ 'ਕੱਲੀ ਡੁੱਬ ਨਾ ਜਾਵਾਂ
ਤੇਰੀ ਚਾਹਤ ਦੀ ਪਰਛਾਈਂ 'ਚ...
ਨੀਲੀ ਹਵਾ ਦੇ ਪਰਦੇ 'ਚ
ਦਿਨ ਚੜ੍ਹ ਰਿਹਾ ਹੈ
ਧਰਤੀ 'ਤੇ ਅਨੰਤ ਚਮਕੀਲੀਆਂ
ਕਿਰਨਾਂ ਪੈ ਰਹੀਆਂ ਹਨ
ਅੱਖਾਂ ਪੂੰਝਦੀ ਹਵਾ ਚੱਲ ਰਹੀ ਹੈ
ਸੁਸਤ ਨਰਮ ਘਾਹ
ਤ੍ਰੇਲ ਦੀਆਂ ਬੂੰਦਾਂ 'ਚ ਨਹਾ ਰਿਹਾ ਹੈ
ਪੀਲ਼ੇ ਫੁੱਲਾਂ ਦਾ ਬੂਟਾ ਤਿਆਰ ਹੋ ਰਿਹਾ ਹੈ
ਸੁਨਹਿਰੀ ਖਟਮਲ ਗਾ ਰਿਹਾ ਹੈ
ਮੱਖੀਆਂ ਪਾਣੀ 'ਚ ਛੱਲਾਂ ਮਾਰਦੀਆਂ ਹਨ
ਕਿਨਾਰੇ 'ਤੇ ਚਾਲ਼ੀ ਕੁੜੀਆਂ
ਹੱਥਾਂ 'ਚ ਹੱਥ ਪਾਈ ਭੱਜ ਰਹੀਆਂ ਨੇ
ਕੀੜੀ ਇਕੱਲੀ ਬੀਅ ਚੁੱਕੀ
ਤੜਕਸਾਰ ਕਿੱਥੇ ਜਾ ਰਹੀ ਹੈ ?
ਸੱਭ ਨੂੰ ਦੇਖਦਿਆਂ
ਫੁੱਲ ਦੀ ਡੋਡੀ ਮੂੰਹ ਖੋਲ੍ਹ ਰਹੀ ਹੈ
ਹੈਰਾਨ ਜਿਹੀ ਹੈ..................
ਇਹ ਰਾਤ ਜਦ ਚੰਨ ਇੱਕਲਾ ਹੈ ਅਸਮਾਨ ‘ਚ
ਇਸ ਰਾਤ ਜਦ ਮੁਹੱਬਤ ਦੇ ਆਵੇਗ ਦੀ ਬੇਅਦਬੀ ਹੋਈ
ਇਸ ਰਾਤ ਜਦ ਤਰਸਦੇ ਹੱਥ ਕਸਮਸਾ ਕੇ ਥੱਕ ਗਏ
ਮੈਂ ਛੱਡ ਦਿਆਂਗੀ ਤੈਨੂੰ
ਜਿਵੇਂ ਤਾਰਾ ਟੁੱਟਦਾ ਹੈ ਅਸਮਾਨ ‘ਚ
ਬਿਨਾਂ ਕੋਈ ਨਿਸ਼ਾਨ ਛੱਡਿਆਂ
ਸੰਤਾਪ ਦੀਆਂ ਅੱਖਾਂ ‘ਚ ਜਿਉਂ
ਖੂ਼ਨ ਉਬਲੇ
ਜਦ ਕਿਸੇ ਵੀ ਪਲ ਵਿਛੜਨਾ ਤਹਿ ਹੋਵੇ
ਮੈਂ ਛੱਡ ਦਿਆਂਗੀ ਤੈਨੂੰ
ਪਿਆਰ ਦੇ ਖ਼ਜ਼ਾਨੇ ਦੇ ਗੁੰਮ ਜਾਣ ‘ਤੇ
ਮੇਰੇ ਸੀਨੇ ‘ਚੋਂ ਉਡਦੇ ਪੰਛੀ ਮਰ ਗਏ
ਤੇਰੀ ਹੋਰ ਪ੍ਰਵਾਹ ਨਹੀਂ ਕਰਦੀ
ਮੈਂ ਛੱਡ ਦਿਆਂਗੀ ਤੈਨੂੰ
ਜੰਗਲੀ ਹਵਾ ਖੇਡਦੀ ਲੰਘ ਜਾਵੇਗੀ
ਜਾਲ਼ ਜੋ ਮੈਂ ਵਿਛਾਇਆ ਸੀ
ਉਸ ‘ਚ ਕੋਈ ਸ਼ੇਰ ਨਹੀਂ ਫਸਿਆ
ਕਿੰਨੇ ਬਦਕਿਸਮਤ ਨੇ ਸਾਡੇ ਦਿਲ
ਮੈਂ ਛੱਡ ਦਿਆਂਗੀ ਤੈਨੂੰ
ਨਜ਼ਰਾਂ ਸਿਆਹ ਹੋ ਗਈਆਂ ਨੇ
ਝਾੜੀਆਂ ‘ਚ ਖੂ਼ਬਸੂਰਤ ਗੁਨਾਹ ਸੁੱਕ ਗਏ
ਅਸਮਾਨ ‘ਚ ਦੁੱਖਾਂ ਦੇ ਬੱਦਲ ਗਰਜ ਰਹੇ ਹਨ
ਮੈਂ ਛੱਡ ਦਿਆਂਗੀ ਤੈਨੂੰ
ਬਗਲਿਆਂ ਦੀਆਂ ਡਾਰਾਂ
ਬਹਿਸਤ ਦੇ ਅਥਰੂ ਨੇ
ਇੱਕ ਸੂਫੈਦ ਸਾਂਤੀ ‘ਚ ਘਿਰ ਜਾਵਾਂਗੀ
ਮੇਰੇ ਬਿਨ੍ਹਾਂ ਗੁਨਾਹ ਤੇਰੇ ਦਿਨਾਂ ‘ਚ ਲਿਖ ਜਾਣਗੇ
ਮੈਂ ਛੱਡ ਦਿਆਂਗੀ ਤੈਨੂੰ
|